You’re viewing a text-only version of this website that uses less data. View the main version of the website including all images and videos.
ਯੂਕੇ ਵਿੱਚ ਸ਼ਰਨ ਲੈਣ ਲਈ ਇਹ ਗ਼ੈਰ-ਕਾਨੂੰਨੀ ਤਰੀਕਾ ਵੱਡੇ ਪੱਧਰ ਉੱਤੇ ਵਰਤਿਆ ਜਾ ਰਿਹਾ, ਬੀਬੀਸੀ ਦੀ ਗੁਪਤ ਜਾਂਚ 'ਚ ਖੁਲਾਸਾ ਹੋਇਆ
- ਲੇਖਕ, ਬਿਲੀ ਕੇਨਬਰ
- ਰੋਲ, ਰਾਜਨੀਤਕ ਜਾਂਚ ਸੰਬੰਧੀ ਪੱਤਰਕਾਰ
- ਲੇਖਕ, ਫਿਲ ਕੈਂਪ
- ਰੋਲ, ਰਾਜਨੀਤਿਕ ਰਿਪੋਰਟਰ
- ਪੜ੍ਹਨ ਦਾ ਸਮਾਂ: 18 ਮਿੰਟ
ਬੀਬੀਸੀ ਨੇ ਪਤਾ ਲਗਾਇਆ ਹੈ ਕਿ ਕਾਨੂੰਨੀ ਫਰਮਾਂ ਅਤੇ ਸਲਾਹਕਾਰਾਂ ਦੀ ਇੱਕ ਲੁਕੀ ਹੋਈ ਇੰਡਸਟ੍ਰੀ ਪਰਵਾਸੀਆਂ ਤੋਂ ਹਜ਼ਾਰਾਂ ਪੌਂਡ ਲੈ ਕੇ ਉਨ੍ਹਾਂ ਨੂੰ ਸਮਲਿੰਗੀ ਬਣ ਕੇ ਦਿਖਾਉਣ ਵਿੱਚ ਮਦਦ ਕਰ ਰਹੀ ਹੈ ਤਾਂ ਜੋ ਉਹ ਯੂਕੇ ਵਿੱਚ ਰਹਿ ਸਕਣ।
ਇੱਕ ਵੱਡੀ ਗੁਪਤ ਜਾਂਚ ਦੇ ਪਹਿਲੇ ਹਿੱਸੇ ਵਿੱਚ ਅਸੀਂ ਦੱਸਦੇ ਹਾਂ ਕਿ ਜਿਨ੍ਹਾਂ ਪਰਵਾਸੀਆਂ ਦੇ ਵੀਜ਼ੇ ਖ਼ਤਮ ਹੋਣ ਵਾਲੇ ਹੁੰਦੇ ਹਨ, ਉਨ੍ਹਾਂ ਨੂੰ ਨਕਲੀ ਕਹਾਣੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਇਹ ਵੀ ਸਿਖਾਇਆ ਜਾਂਦਾ ਹੈ ਕਿ ਝੂਠੇ ਸਬੂਤ ਕਿਵੇਂ ਬਣਾਉਣੇ ਹਨ, ਜਿਸ ਵਿੱਚ ਸਹਾਇਕ ਚਿੱਠੀਆਂ, ਫੋਟੋਆਂ ਅਤੇ ਮੈਡੀਕਲ ਰਿਪੋਰਟਾਂ ਸ਼ਾਮਲ ਹਨ।
ਫਿਰ ਉਹ ਆਪਣੇ ਆਪ ਨੂੰ ਗੇਅ ਦੱਸ ਕੇ ਸ਼ਰਨ ਲਈ ਅਰਜ਼ੀ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਜੇ ਉਹ ਪਾਕਿਸਤਾਨ ਜਾਂ ਬੰਗਲਾਦੇਸ਼ ਵਾਪਸ ਗਏ ਤਾਂ ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰਾ ਹੈ।
ਸਾਡੀ ਜਾਂਚ ਦੇ ਨਤੀਜਿਆਂ ਦੇ ਜਵਾਬ ਵਿੱਚ, ਗ੍ਰਹਿ ਮੰਤਰਾਲੇ ਨੇ ਕਿਹਾ, "ਜੋ ਵੀ ਵਿਅਕਤੀ ਸਿਸਟਮ ਦਾ ਗ਼ਲਤ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦਾ ਪਾਇਆ ਗਿਆ, ਉਸ ਨੂੰ ਕਾਨੂੰਨ ਦੀ ਪੂਰੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ, ਜਿਸ ਵਿੱਚ ਯੂਕੇ ਤੋਂ ਬਾਹਰ ਕੱਢਣਾ ਵੀ ਸ਼ਾਮਲ ਹੈ।"
ਯੂਕੇ ਦੀ ਸ਼ਰਨ ਪ੍ਰਕਿਰਿਆ ਉਨ੍ਹਾਂ ਲੋਕਾਂ ਨੂੰ ਸੁਰੱਖਿਆ ਦਿੰਦੀ ਹੈ ਜੋ ਆਪਣੇ ਦੇਸ਼ ਵਾਪਸ ਨਹੀਂ ਜਾ ਸਕਦੇ ਕਿਉਂਕਿ ਉੱਥੇ ਉਨ੍ਹਾਂ ਨੂੰ ਖ਼ਤਰਾ ਹੈ, ਜਿਵੇਂ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਵਿੱਚ ਜਿੱਥੇ ਸਮਲਿੰਗੀ ਹੋਣਾ ਗ਼ੈਰ-ਕਾਨੂੰਨੀ ਹੈ।
ਪਰ ਬੀਬੀਸੀ ਨਿਊਜ਼ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਪ੍ਰਕਿਰਿਆ ਦਾ ਗ਼ਲਤ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿੱਥੇ ਕਾਨੂੰਨੀ ਸਲਾਹਕਾਰ ਉਨ੍ਹਾਂ ਪਰਵਾਸੀਆਂ ਤੋਂ ਫੀਸ ਲੈ ਰਹੇ ਹਨ ਜੋ ਦੇਸ਼ ਵਿੱਚ ਰਹਿਣਾ ਚਾਹੁੰਦੇ ਹਨ।
ਇਹ ਅਕਸਰ ਉਹ ਲੋਕ ਹੁੰਦੇ ਹਨ ਜਿਨ੍ਹਾਂ ਦੇ ਸਟੂਡੈਂਟ, ਵਰਕ ਜਾਂ ਟੂਰਿਸਟ ਵੀਜ਼ੇ ਖ਼ਤਮ ਹੋ ਚੁੱਕੇ ਹੁੰਦੇ ਹਨ, ਨਾ ਕਿ ਉਹ ਜੋ ਹਾਲ ਹੀ ਵਿੱਚ ਛੋਟੀਆਂ ਕਿਸ਼ਤੀਆਂ ਜਾਂ ਹੋਰ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਦੇਸ਼ ਵਿੱਚ ਪਹੁੰਚੇ ਹਨ।
ਇਹ ਗਰੁੱਪ ਹੁਣ ਸਾਰੇ ਸ਼ਰਨ ਦਾਅਵਿਆਂ ਵਿੱਚੋਂ 35% ਬਣਦਾ ਹੈ, ਜੋ 2025 ਵਿੱਚ 100,000 ਤੋਂ ਵੱਧ ਹੋ ਗਏ ਸਨ।
ਸ਼ੁਰੂਆਤੀ ਸਬੂਤ ਇਕੱਠੇ ਕਰਨ ਤੋਂ ਬਾਅਦ, ਜਿਸ ਵਿੱਚ ਸੂਚਨਾਵਾਂ ਵੀ ਸ਼ਾਮਲ ਸਨ, ਅਸੀਂ ਗੁਪਤ ਰਿਪੋਰਟਰਾਂ ਨੂੰ ਭੇਜਿਆ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਮੀਗ੍ਰੇਸ਼ਨ ਸਲਾਹਕਾਰ ਝੂਠੇ ਸ਼ਰਨ ਦੇ ਦਾਅਵੇ ਬਣਾਉਣ ਵਿੱਚ ਕਿੰਨੇ ਕਾਬਿਲ ਹਨ।
ਰਿਪੋਰਟਰਾਂ ਨੇ ਆਪਣੇ ਆਪ ਨੂੰ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਵਜੋਂ ਪੇਸ਼ ਕੀਤਾ, ਜਿਨ੍ਹਾਂ ਦੇ ਵੀਜ਼ੇ ਖ਼ਤਮ ਹੋਣ ਵਾਲੇ ਸਨ।
ਜਾਂਚ ਵਿੱਚ ਇਹ ਸਾਹਮਣੇ ਆਇਆ
- ਇੱਕ ਕਾਨੂੰਨੀ ਫਰਮ ਨੇ ਨਕਲੀ ਸ਼ਰਨ ਦਾਅਵਾ ਕਰਨ ਲਈ 7,000 ਪੌਂਡ ਤੱਕ ਫੀਸ ਲਈ ਅਤੇ ਕਿਹਾ ਕਿ ਗ੍ਰਹਿ ਮੰਤਰਾਲੇ ਵੱਲੋਂ ਇਨਕਾਰ ਹੋਣ ਦੀ ਸੰਭਾਵਨਾ "ਬਹੁਤ ਘੱਟ" ਹੈ
- ਨਕਲੀ ਸ਼ਰਨ ਮੰਗਣ ਵਾਲੇ ਲੋਕ ਡਾਕਟਰਾਂ ਕੋਲ ਡਿਪ੍ਰੈਸ਼ਨ ਦਾ ਨਾਟਕ ਕਰਦੇ ਹੋਏ ਗਏ ਤਾਂ ਜੋ ਮੈਡੀਕਲ ਸਬੂਤ ਮਿਲ ਸਕਣ, ਇੱਕ ਨੇ ਤਾਂ ਝੂਠ ਬੋਲ ਕੇ ਆਪਣੇ ਆਪ ਨੂੰ ਐੱਚਆਈਵੀ ਪੋਜ਼ੀਟਿਵ ਦੱਸਿਆ
- ਇੱਕ ਇਮੀਗ੍ਰੇਸ਼ਨ ਸਲਾਹਕਾਰ ਨੇ ਦਾਅਵਾ ਕੀਤਾ ਕਿ ਉਹ 17 ਸਾਲਾਂ ਤੋਂ ਵੱਧ ਸਮੇਂ ਤੋਂ ਨਕਲੀ ਦਾਅਵੇ ਬਣਾਉਣ ਵਿੱਚ ਮਦਦ ਕਰ ਰਹੀ ਹੈ ਅਤੇ ਕਿਹਾ ਕਿ ਉਹ ਕਿਸੇ ਨੂੰ ਕਲਾਇੰਟ ਨਾਲ ਗੇਅ ਸੈਕਸ਼ੁਅਲ ਰਿਸ਼ਤਾ ਦਿਖਾਉਣ ਲਈ ਵੀ ਤਿਆਰ ਕਰ ਸਕਦੀ ਹੈ
- ਸਾਡੇ ਗੁਪਤ ਰਿਪੋਰਟਰ ਨੂੰ ਇਹ ਵੀ ਕਿਹਾ ਗਿਆ ਕਿ ਜਦੋਂ ਉਹ ਯੂਕੇ ਵਿੱਚ ਸ਼ਰਨ ਲੈ ਲਵੇਗਾ, ਤਾਂ ਉਹ ਆਪਣੀ ਪਤਨੀ ਨੂੰ ਪਾਕਿਸਤਾਨ ਤੋਂ ਬੁਲਾ ਸਕਦਾ ਹੈ ਅਤੇ ਉਹ ਫਿਰ ਆਪਣੇ ਆਪ ਨੂੰ ਲੈਸਬੀਅਨ ਦੱਸ ਕੇ ਨਕਲੀ ਦਾਅਵਾ ਕਰ ਸਕਦੀ ਹੈ
- ਇੱਕ ਹੋਰ ਫਰਮ ਨਾਲ ਜੁੜੇ ਵਕੀਲ ਨੇ ਗੁਪਤ ਰਿਪੋਰਟਰ ਨੂੰ ਕਿਹਾ ਕਿ ਉਸ ਨੇ ਲੋਕਾਂ ਨੂੰ ਆਪਣੇ ਆਪ ਨੂੰ ਗੇਅ ਜਾਂ ਨਾਸਤਿਕ ਦੱਸ ਕੇ ਸਫ਼ਲਤਾਪੂਰਵਕ ਸ਼ਰਨ ਲੈਣ ਵਿੱਚ ਮਦਦ ਕੀਤੀ ਹੈ। ਉਸ ਨੇ 1,500 ਪੌਂਡ ਦੀ ਫੀਸ ਲਈ ਨਕਲੀ ਦਾਅਵਾ ਬਣਾਉਣ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਸਬੂਤ ਬਣਾਉਣ ਲਈ ਹੋਰ 2,000-3,000 ਪੌਂਡ ਲੱਗਣਗੇ
'ਇੱਥੇ ਕੋਈ ਵੀ ਸਮਲਿੰਗੀ ਨਹੀਂ ਹੈ'
ਪੂਰਬੀ ਲੰਡਨ ਦੇ ਬੈਕਟਨ ਦੇ ਇੱਕ ਸ਼ਾਂਤ ਕੋਨੇ ਵਿੱਚ ਸਥਿਤ ਕਮਿਊਨਿਟੀ ਸੈਂਟਰ ਵਿੱਚ ਮੰਗਲਵਾਰ ਦੀ ਸ਼ਾਮ (14 ਅਪ੍ਰੇਲ) ਨੂੰ 175 ਤੋਂ ਵੱਧ ਲੋਕ ਇੱਕ ਪ੍ਰੋਗਰਾਮ ਲਈ ਇਕੱਠੇ ਹੋਏ ਹਨ।
ਕੁਝ ਲੋਕ ਸਾਊਥ ਵੇਲਜ਼, ਬਰਮਿੰਘਮ ਅਤੇ ਆਕਸਫੋਰਡ ਤੋਂ ਵੀ ਇੱਥੇ ਆਏ ਹਨ, ਜੋ ਵੌਰਸਟਰ ਐੱਲਜੀਬੀਟੀ ਵੱਲੋਂ ਕਰਵਾਈ ਗਈ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਨ। ਇਹ ਸੰਸਥਾ ਆਪਣੇ ਆਪ ਨੂੰ ਗੇਅ ਅਤੇ ਲੈਸਬੀਅਨ ਸ਼ਰਨ ਮੰਗਣ ਵਾਲਿਆਂ ਲਈ ਸਹਾਇਤਾ ਸਮੂਹ ਦੱਸਦੀ ਹੈ।
ਗਰੁੱਪ ਦੀ ਵੈੱਬਸਾਈਟ ਕਹਿੰਦੀ ਹੈ ਕਿ ਇੱਥੇ ਸਿਰਫ਼ ਅਸਲੀ ਸਮਲਿੰਗੀ ਸ਼ਰਨ ਮੰਗਣ ਵਾਲਿਆਂ ਦਾ ਹੀ ਸਵਾਗਤ ਹੈ।
ਪਰ ਸੈਂਟਰ ਦੇ ਦਰਵਾਜ਼ਿਆਂ ਤੋਂ ਬਾਹਰ ਸੜਕ 'ਤੇ ਖੜ੍ਹੇ ਲੋਕ ਸਾਡੇ ਗੁਪਤ ਰਿਪੋਰਟਰ ਨੂੰ ਸਿੱਧਾ ਦੱਸਦੇ ਹਨ ਕਿ ਹਕੀਕਤ ਕੁਝ ਹੋਰ ਹੈ।
ਫਹਾਰ ਨਾਮ ਦੇ ਇੱਕ ਵਿਅਕਤੀ ਨੇ ਕਿਹਾ, "ਇੱਥੇ ਜ਼ਿਆਦਾਤਰ ਲੋਕ ਗੇਅ ਨਹੀਂ ਹਨ।"
ਇੱਕ ਹੋਰ ਵਿਅਕਤੀ, ਜਿਸ ਨੇ ਆਪਣਾ ਨਾਮ ਜ਼ੀਸ਼ਾਨ ਦੱਸਿਆ, ਇਸ ਤੋਂ ਵੀ ਅੱਗੇ ਗਿਆ ਅਤੇ ਕਿਹਾ, "ਇੱਥੇ ਕੋਈ ਵੀ ਗੇਅ ਨਹੀਂ ਹੈ। 0.01% ਵੀ ਗੇਅ ਨਹੀਂ ਹਨ।"
ਸਾਡੇ ਗੁਪਤ ਰਿਪੋਰਟਰ ਦਾ ਇਸ ਗਰੁੱਪ ਦੀ ਮੀਟਿੰਗ ਦਾ ਸਫ਼ਰ ਫਰਵਰੀ ਦੇ ਅਖ਼ੀਰ ਵਿੱਚ ਸ਼ੁਰੂ ਹੋਇਆ, ਜਦੋਂ ਉਸ ਨੇ ਬਰਮਿੰਘਮ ਅਤੇ ਲੰਡਨ ਵਿੱਚ ਸਥਿਤ ਇਮੀਗ੍ਰੇਸ਼ਨ ਕਾਨੂੰਨੀ ਫਰਮ ਲਾਅ ਐਂਡ ਜਸਟਿਸ ਸੋਲਿਸਟਰਸ ਦੇ ਪੈਰਾਲੀਗਲ ਮਾਜੇਦੁਲ ਹਸਨ ਸ਼ਕੀਲ ਨਾਲ ਸੰਪਰਕ ਕੀਤਾ।
ਆਪਣੇ ਕਾਨੂੰਨੀ ਕੰਮ ਦੇ ਨਾਲ-ਨਾਲ, ਸ਼ਕੀਲ ਵੌਰਸਟਰ ਐੱਲਜੀਬੀਟੀ ਦੇ ਸੰਸਥਾਪਕ ਅਤੇ ਚੇਅਰਮੈਨ ਵੀ ਹਨ। ਹੁਣ ਤੱਕ, ਉਹ ਕਮਿਊਨਿਟੀ ਗਰੁੱਪ ਦੀ ਵੈੱਬਸਾਈਟ ਰਾਹੀਂ ਆਪਣੇ ਕਾਨੂੰਨੀ ਕੰਮ ਦੀ ਪ੍ਰਚਾਰ ਕਰਦੇ ਸਨ।
ਇੱਕ ਛੋਟੀ ਫੋਨ ਕਾਲ ਦੌਰਾਨ, ਸ਼ਕੀਲ ਨੇ ਗੁਪਤ ਰਿਪੋਰਟਰ ਨੂੰ ਕਿਹਾ ਕਿ ਸ਼ਰਨ ਲਈ ਅਰਜ਼ੀ ਦੇਣ ਲਈ ਉਸ ਨੂੰ ਜ਼ੁਲਮ ਦਾ ਡਰ ਹੋਣਾ ਚਾਹੀਦਾ ਹੈ ਅਤੇ ਉਸ ਦੇ ਕੋਲ ਅਜਿਹਾ ਕੋਈ ਅਧਾਰ ਨਹੀਂ ਦਿੱਸਦਾ।
ਪਰ ਕੁਝ ਘੰਟਿਆਂ ਦੇ ਅੰਦਰ ਹੀ, ਅਚਾਨਕ, ਰਿਪੋਰਟਰ ਨੂੰ ਇੱਕ ਫੋਨ ਕਾਲ ਆਈ ਜਿਸ ਵਿੱਚ ਇੱਕ ਔਰਤ ਨੇ ਆਪਣੇ ਆਪ ਨੂੰ ਤਨੀਸ਼ਾ ਦੱਸਿਆ।
ਹੁਣ ਗੱਲਬਾਤ ਉਰਦੂ ਵਿੱਚ ਹੋ ਰਹੀ ਸੀ ਅਤੇ ਉਹ ਸਾਡੇ ਰਿਪੋਰਟਰ ਨੂੰ ਦੇਸ਼ ਵਿੱਚ ਰਹਿਣ ਵਿੱਚ ਮਦਦ ਕਰਨ ਲਈ ਕਾਫ਼ੀ ਉਤਸ਼ਾਹੀ ਲੱਗ ਰਹੀ ਸੀ, ਉਹ ਇਹ ਵੀ ਦੱਸ ਰਹੀ ਸੀ ਕਿ ਉਹ ਆਪਣੇ ਆਪ ਨੂੰ ਗੇਅ ਦੱਸ ਕੇ ਸ਼ਰਨ ਲਈ ਕਿਵੇਂ ਅਰਜ਼ੀ ਦੇ ਸਕਦਾ ਹੈ।
ਜਦੋਂ ਉਸ ਨੇ ਉਸ ਨੂੰ ਦੱਸਿਆ ਕਿ ਉਹ ਸਮਲਿੰਗੀ ਨਹੀਂ ਹੈ, ਤਾਂ ਉਸ ਨੇ ਕਿਹਾ, "ਮੇਰੀ ਗੱਲ ਸੁਣੋ। ਇੱਥੇ ਕੋਈ ਵੀ ਅਸਲੀ ਨਹੀਂ ਹੈ। ਇੱਥੇ ਰਹਿਣ ਲਈ ਹੁਣ ਸਿਰਫ਼ ਇੱਕ ਹੀ ਤਰੀਕਾ ਹੈ ਅਤੇ ਹਰ ਕੋਈ ਉਹੀ ਤਰੀਕਾ ਅਪਣਾ ਰਿਹਾ ਹੈ।"
ਉਸ ਨੇ ਇਹ ਨਹੀਂ ਦੱਸਿਆ ਕਿ ਉਸ ਨੂੰ ਉਸਦਾ ਨੰਬਰ ਕਿਸ ਨੇ ਦਿੱਤਾ, ਪਰ ਅਸੀਂ ਉਸਦੀ ਵਟਸਐਪ ਪ੍ਰੋਫਾਈਲ ਤਸਵੀਰ ਅਤੇ ਪਹਿਲੇ ਨਾਮ ਦੇ ਆਧਾਰ 'ਤੇ ਉਸਦੀ ਪਛਾਣ ਤਨੀਸ਼ਾ ਖਾਨ ਵਜੋਂ ਲਿਖੀ ਹੋਈ ਸੀ, ਜੋ ਵੌਰਸਟਰ ਐੱਲਜੀਬੀਟੀ ਲਈ ਸਲਾਹਕਾਰ ਵਜੋਂ ਕੰਮ ਕਰਦੀ ਹੈ।
'ਵਿਆਪਕ ਪੈਕੇਜ'
ਉਸੇ ਸ਼ਾਮ ਗੁਪਤ ਰਿਪੋਰਟਰ ਪੂਰਬੀ ਲੰਡਨ ਦੇ ਫੋਰੈਸਟ ਗੇਟ ਵਿੱਚ ਤਨੀਸ਼ਾ ਨਾਲ ਪਹਿਲੀ ਮੀਟਿੰਗ ਲਈ ਗਿਆ।
ਪਹਿਲੀ ਮੀਟਿੰਗ ਉਸ ਕਾਨੂੰਨੀ ਦਫ਼ਤਰ ਵਿੱਚ ਨਹੀਂ ਹੋਈ ਜਿੱਥੇ ਉਹ ਬਾਅਦ ਵਿੱਚ ਮਿਲਣ ਵਾਲੀ ਸੀ, ਸਗੋਂ ਉਸਦੇ ਆਪਣੇ ਘਰ ਵਿੱਚ ਹੋਈ। ਉਸਨੂੰ ਅੰਦਰ ਬੁਲਾਇਆ ਗਿਆ ਅਤੇ ਉੱਪਰ ਇੱਕ ਬੈੱਡਰੂਮ ਵਿੱਚ ਬਿਠਾਇਆ ਗਿਆ।
ਤਨੀਸ਼ਾ ਨੇ ਬਿਸਤਰੇ ਦੇ ਕੋਨੇ 'ਤੇ ਬੈਠ ਕੇ ਕਿਹਾ, "ਇਸ ਵੇਲੇ ਸਿਰਫ਼ ਇੱਕ ਹੀ ਰਸਤਾ ਖੁੱਲ੍ਹਾ ਹੈ ਜਿਸ ਨਾਲ ਤੁਸੀਂ ਵੀਜ਼ਾ ਲੈ ਸਕਦੇ ਹੋ।"
"ਇਹ ਸ਼ਰਨ ਵੀਜ਼ਾ ਹੈ... ਇਹ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਹੈ ਅਤੇ ਇਸਨੂੰ ਗੇਅ ਕੇਸ ਜਾਂ ਸਮਲਿੰਗੀ ਕਿਹਾ ਜਾਂਦਾ ਹੈ। ਹੋਰ ਕਿਸੇ ਵੀ ਵੀਜ਼ੇ ਦੀ ਕੋਈ ਉਮੀਦ ਨਹੀਂ ਹੈ।"
ਤਨੀਸ਼ਾ ਨੇ ਜ਼ੋਰ ਦੇ ਕੇ ਕਿਹਾ ਕਿ ਜੋ ਉਹ ਦੱਸ ਰਹੀ ਹੈ, ਉਸ ਲਈ ਮਿਹਨਤ ਕਰਨੀ ਪਵੇਗੀ, ਕਿਉਂਕਿ ਰਿਪੋਰਟਰ ਨੂੰ ਗ੍ਰਹਿ ਮੰਤਰਾਲੇ ਨਾਲ ਇੰਟਰਵਿਊ ਲਈ ਇੱਕ ਬਣਾਈ ਹੋਈ ਕਹਾਣੀ ਯਾਦ ਕਰਨੀ ਪਵੇਗੀ।
ਉਸ ਨੇ ਕਿਹਾ, "ਜਾਣਾ ਤੇ ਤੁਹਾਨੂੰ ਹੀ ਹੈ ਅਤੇ ਇਮਤਿਹਾਨ ਵੀ ਤੁਹਾਨੂੰ ਹੀ ਦੇਣਾ ਹੈ। ਮੈਂ ਇੱਥੇ ਤੁਹਾਡੀ ਤਿਆਰੀ ਕਰਵਾ ਸਕਦੀ ਹਾਂ, ਪਰ ਅਖ਼ੀਰ ਵਿੱਚ ਉੱਥੇ ਜਾਣਾ ਤੁਹਾਨੂੰ ਹੀ ਪਵੇਗਾ।"
ਤਨੀਸ਼ਾ ਦੇ ਬੈੱਡਰੂਮ ਵਿੱਚ 45 ਮਿੰਟ ਦੌਰਾਨ ਜੋ ਕੁਝ ਹੋਇਆ, ਉਸ ਨੇ ਦਿਖਾਇਆ ਕਿ ਕੁਝ ਨਕਲੀ ਸ਼ਰਨ ਦਾਅਵਿਆਂ ਵਿੱਚ ਧੋਖਾਧੜੀ ਕਿੰਨੀ ਸੋਚੀ-ਸਮਝੀ ਹੋ ਸਕਦੀ ਹੈ ਅਤੇ ਇਸ ਨੂੰ ਪਛਾਣਨਾ ਅਧਿਕਾਰੀਆਂ ਲਈ ਕਿੰਨਾ ਮੁਸ਼ਕਲ ਹੋ ਸਕਦਾ ਹੈ।
ਸ਼ਰਨ ਮੰਗਣ ਵਾਲਿਆਂ ਨਾਲ ਪਹਿਲਾਂ ਗ੍ਰਹਿ ਮੰਤਰਾਲੇ ਵੱਲੋਂ ਇੱਕ ਸ਼ੁਰੂਆਤੀ ਇੰਟਰਵਿਊ ਕੀਤਾ ਜਾਂਦਾ ਹੈ ਅਤੇ ਫਿਰ ਇੱਕ ਲੰਬਾ "ਸਬਸਟੈਂਟਿਵ ਇੰਟਰਵਿਊ" ਹੁੰਦਾ ਹੈ ਜੋ ਕਈ ਘੰਟਿਆਂ ਤੱਕ ਚੱਲਦਾ ਹੈ, ਜਿਸ ਵਿੱਚ ਉਨ੍ਹਾਂ ਦੇ ਦਾਅਵਿਆਂ ਦੀ ਜਾਂਚ ਕੀਤੀ ਜਾਂਦੀ ਹੈ।
ਗ੍ਰਹਿ ਮੰਤਰਾਲੇ ਵੱਲੋਂ ਸ਼ਰਨ ਦੀ ਅਰਜ਼ੀ ਰੱਦ ਕਰਨ ਦੇ ਫ਼ੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਕਈ ਵਾਰ ਇਹ ਫ਼ੈਸਲਾ ਬਦਲਿਆ ਵੀ ਜਾ ਸਕਦਾ ਹੈ।
ਤਨੀਸ਼ਾ ਨੇ ਸਾਡੇ ਗੁਪਤ ਰਿਪੋਰਟਰ ਨੂੰ ਕਿਹਾ, "ਇਹ ਪਤਾ ਲਗਾਉਣ ਲਈ ਕੋਈ ਜਾਂਚ ਨਹੀਂ ਹੁੰਦੀ ਕਿ ਵਿਅਕਤੀ ਗੇਅ ਹੈ ਜਾਂ ਨਹੀਂ।"
"ਮੁੱਖ ਗੱਲ ਇਹ ਹੈ ਕਿ ਤੁਸੀਂ ਕੀ ਕਹਿੰਦੇ ਹੋ। ਤੁਹਾਨੂੰ ਸਿਰਫ਼ ਇਹ ਕਹਿਣਾ ਹੈ ਕਿ 'ਮੈਂ ਗੇਅ ਹਾਂ ਅਤੇ ਇਹ ਮੇਰੀ ਹਕੀਕਤ ਹੈ'।"
ਉਸ ਨੇ ਉਸ ਨੂੰ ਭਰੋਸਾ ਦਿਵਾਇਆ, "ਇੱਥੇ ਬਹੁਤ ਸਾਰੀਆਂ ਸੰਸਥਾਵਾਂ ਹਨ ਜਿੱਥੇ ਤੁਹਾਡੇ ਵਰਗੇ ਲੋਕ ਹਨ ਜੋ ਗੇਅ ਨਹੀਂ ਹਨ ਪਰ ਵੀਜ਼ੇ ਲਈ ਅਰਜ਼ੀ ਕਰ ਰਹੇ ਹਨ। ਤੁਸੀਂ ਇਕੱਲੇ ਨਹੀਂ ਹੋ।"
ਫਿਰ ਉਸ ਨੇ ਸਮਝਾਇਆ ਕਿ ਇਹ ਸਾਰਾ ਤਰੀਕਾ ਕਿਵੇਂ ਕੰਮ ਕਰੇਗਾ।
"ਅਸੀਂ ਇਹ ਤਰੀਕਾ ਅਪਨਾਵਾਂਗੇ, ਮੈਂ ਤੁਹਾਨੂੰ ਇੰਟਰਵਿਊ ਲਈ ਪੂਰੀ ਤਿਆਰੀ ਕਰਵਾ ਦਿਆਂਗੀ, ਤੁਹਾਡੇ ਲਈ ਇੱਕ ਵਿਆਪਕ ਪੈਕੇਜ ਤਿਆਰ ਕਰਾਂਗੀ, ਜਿਸ ਵਿੱਚ ਕਲੱਬਾਂ ਵਿੱਚ ਤੁਹਾਡੀਆਂ ਤਸਵੀਰਾਂ, ਹੋਰ ਸਬੂਤ, ਸੰਸਥਾ ਦੀ ਚਿੱਠੀ ਅਤੇ ਹੋਰ ਸਹਾਇਕ ਚਿੱਠੀਆਂ ਸ਼ਾਮਲ ਹੋਣਗੀਆਂ, ਤਾਂ ਜੋ ਜਦੋਂ ਮੈਂ ਤੁਹਾਨੂੰ ਭੇਜਾਂ ਤਾਂ ਤੁਸੀਂ ਪੂਰੀ ਤਰ੍ਹਾਂ ਤਿਆਰ ਹੋਵੋਗੇ।"
ਤਨੀਸ਼ਾ ਮੁਤਾਬਕ ਉਹ 17 ਸਾਲ ਤੋਂ ਵੱਧ ਸਮੇਂ ਤੋਂ ਨਕਲੀ ਦਾਅਵੇ ਬਣਾਉਣ ਵਿੱਚ ਮਦਦ ਕਰ ਰਹੀ ਹੈ। ਉਸ ਨੇ ਅੱਗੇ ਸਮਝਾਇਆ ਕਿ ਐੱਲਜੀਬੀਟੀ ਸਮਾਗਮਾਂ ਵਿੱਚ ਸਾਡੇ ਰਿਪੋਰਟਰ ਦੀਆਂ ਤਸਵੀਰਾਂ ਅਤੇ ਉਨ੍ਹਾਂ ਲਈ ਖਰੀਦੇ ਟਿਕਟ ਉਸਦੀ ਅਰਜ਼ੀ ਦੇ ਹਿੱਸੇ ਵਜੋਂ ਸਬੂਤ ਬਣਨਗੇ।
ਉਸ ਨੇ ਕਿਹਾ, "ਮੈਂ ਤੁਹਾਨੂੰ ਕਿਸੇ ਵਿਅਕਤੀ ਵੱਲੋਂ ਇੱਕ ਚਿੱਠੀ ਦਿਆਂਗੀ ਅਤੇ ਅਸੀਂ ਕੁਝ ਤਸਵੀਰਾਂ ਵੀ ਲਵਾਂਗੇ ਅਤੇ ਉਹ ਵਿਅਕਤੀ ਇਹ ਲਿਖੇਗਾ ਕਿ ਉਸਦਾ ਤੁਹਾਡੇ ਨਾਲ ਸਰੀਰਕ ਸੰਬੰਧ ਰਿਹਾ ਹੈ।"
ਤਨੀਸ਼ਾ ਦੀ ਇਸ ਸੇਵਾ ਦੀ ਕੀਮਤ 2,500 ਪੌਂਡ ਸੀ, ਨਾਲ ਹੀ ਉਸ ਨੇ ਚੇਤਾਵਨੀ ਦਿੱਤੀ ਕਿ ਜੇ ਗ੍ਰਹਿ ਮੰਤਰਾਲੇ ਵੱਲੋਂ ਰਿਪੋਰਟਰ ਦੀ ਅਰਜ਼ੀ ਰੱਦ ਹੋ ਜਾਂਦੀ ਹੈ ਅਤੇ ਮਾਮਲਾ ਅਦਾਲਤ ਵਿੱਚ ਅਪੀਲ ਲਈ ਜਾਂਦਾ ਹੈ ਤਾਂ ਖਰਚ ਵੱਧ ਸਕਦਾ ਹੈ।
ਉਸ ਨੇ ਕਿਹਾ ਕਿ ਜੇ ਅਰਜ਼ੀ ਸਫ਼ਲ ਰਹਿੰਦੀ ਹੈ ਤਾਂ ਇਹ ਸਾਰੀ ਮਿਹਨਤ ਯੋਗ ਹੋਵੇਗੀ।
"ਤੁਸੀਂ ਇੱਥੇ ਰਹਿ ਸਕਦੇ ਹੋ ਅਤੇ ਕੰਮ ਕਰ ਸਕਦੇ ਹੋ ਅਤੇ ਤੁਹਾਨੂੰ ਸਰਕਾਰੀ ਮਦਦ ਲੈਣ ਦਾ ਹੱਕ ਵੀ ਮਿਲੇਗਾ।"
ਪਰ ਜੇ ਉਸ ਦੀ ਸ਼ਰਨ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ, ਤਾਂ ਪਾਕਿਸਤਾਨ ਵਿੱਚ ਰਹਿੰਦੀ ਉਸ ਦੀ ਪਤਨੀ ਲਈ ਇਸਦਾ ਕੀ ਮਤਲਬ ਹੋਵੇਗਾ, ਰਿਪੋਰਟਰ ਨੇ ਪੁੱਛਿਆ, ਜਦਕਿ ਉਹ ਪਹਿਲਾਂ ਹੀ ਗ੍ਰਹਿ ਮੰਤਰਾਲੇ ਨੂੰ ਕਹਿ ਚੁੱਕਾ ਹੋਵੇਗਾ ਕਿ ਉਹ ਗੇਅ ਹੈ?
ਤਨੀਸ਼ਾ ਨੇ ਜਵਾਬ ਦਿੱਤਾ, "ਜੇ ਤੁਸੀਂ ਉਸ ਨੂੰ ਇੱਥੇ ਬੁਲਾਉਂਦੇ ਹੋ, ਤਾਂ ਅਸੀਂ ਉਸ ਲਈ ਵੀ ਸ਼ਰਨ ਦੀ ਅਰਜ਼ੀ ਕਰਾਂਗੇ। ਜਦੋਂ ਉਹ ਇੱਥੇ ਆ ਜਾਵੇਗੀ, ਅਸੀਂ ਉਸਨੂੰ ਲੈਸਬੀਅਨ ਦਿਖਾ ਸਕਦੇ ਹਾਂ।"
ਸਬੂਤ ਬਣਾਉਣੇ
ਤਨੀਸ਼ਾ ਇੱਕ ਰਜਿਸਟਰਡ ਇਮੀਗ੍ਰੇਸ਼ਨ ਸਲਾਹਕਾਰ ਨਹੀਂ ਹੈ ਅਤੇ ਇਸ ਕਰਕੇ ਉਸ ਵੱਲੋਂ ਇਮੀਗ੍ਰੇਸ਼ਨ ਸਲਾਹ ਦੇਣਾ ਗ਼ੈਰ-ਕਾਨੂੰਨੀ ਹੈ।
ਉਹ ਸਵੇਰੇ ਜਿਸ ਪੈਰਾਲੀਗਲ ਨਾਲ ਅਸੀਂ ਗੱਲ ਕੀਤੀ ਸੀ, ਉਸ ਨਾਲ ਆਪਣੇ ਸੰਬੰਧ ਬਾਰੇ ਸਪਸ਼ਟ ਨਹੀਂ ਸੀ ਅਤੇ ਸਿਰਫ਼ ਇਹ ਕਹਿੰਦੀ ਰਹੀ ਕਿ ਉਹ ਉਸ ਨਾਲ ਕੰਮ ਕਰਦੀ ਹੈ।
ਉਸ ਨੇ ਕਿਹਾ, "ਵਕੀਲ ਆਦਿ ਤੁਹਾਨੂੰ ਰਾਹ ਦਿਖਾਉਣ ਲਈ ਹੁੰਦੇ ਹਨ, ਪਰ ਅਸਲੀ ਕੰਮ ਉਹ ਨਹੀਂ ਕਰਦੇ", ਜਿਵੇਂ ਕਿ ਉਹ ਸਬੂਤ ਤਿਆਰ ਕਰਨ ਵਾਲੇ ਕੰਮ ਬਾਰੇ ਗੱਲ ਕਰ ਰਹੀ ਹੋਵੇ।
"ਇਹ ਗਰਾਊਂਡ ਵਰਕ ਅਸੀਂ ਕਰਦੇ ਹਾਂ।"
ਪਰ ਉਸਦੇ ਸ਼ਕੀਲ ਨਾਲ ਸੰਬੰਧ ਦੋ ਅਗਲੀਆਂ ਮੀਟਿੰਗਾਂ ਦੌਰਾਨ ਹੋਰ ਸਪਸ਼ਟ ਹੋ ਗਏ, ਜੋ ਲਾਅ ਐਂਡ ਜਸਟਿਸ ਦੇ ਇਲਫੋਰਡ ਦਫ਼ਤਰ ਵਿੱਚ ਹੋਈਆਂ, ਜਿੱਥੇ ਸ਼ਕੀਲ ਕੰਮ ਕਰਦਾ ਹੈ।
ਉਸ ਨੇ ਕਿਹਾ, "ਮੈਂ ਇੱਕ ਵਕੀਲ ਨਾਲ ਕੰਮ ਕਰਦੀ ਹਾਂ, ਇਸ ਲਈ ਮੈਂ ਉਸਦਾ ਦਫ਼ਤਰ ਵਰਤਦੀ ਹਾਂ।"
ਇੱਕ ਮੀਟਿੰਗ ਦੌਰਾਨ, ਸਾਡੇ ਗੁਪਤ ਰਿਪੋਰਟਰ ਨੇ ਸ਼ਕੀਲ ਨਾਲ ਮਿਲਣ ਦੀ ਬੇਨਤੀ ਕੀਤੀ ਤਾਂ ਜੋ ਉਸ ਦਾ ਧੰਨਵਾਦ ਕਰ ਸਕੇ ਕਿ ਉਸ ਨੇ ਉਸਦੀ ਤਨੀਸ਼ਾ ਨਾਲ ਜਾਣ-ਪਛਾਣ ਕਰਵਾਈ ਸੀ। ਉਸ ਨੂੰ ਨਾਲ ਵਾਲੇ ਕਮਰੇ ਵਿੱਚ ਲੈ ਕੇ ਗਏ ਜਿੱਥੇ ਉਸ ਨੇ ਸ਼ਕੀਲ ਨਾਲ ਹੱਥ ਮਿਲਾਇਆ।
ਤਨੀਸ਼ਾ ਨੇ ਵੌਰਸਟਰ ਐੱਲਜੀਬੀਟੀ ਦੀ ਭੂਮਿਕਾ ਵੀ ਸਮਝਾਈ, ਜਿਸਨੂੰ ਉਸ ਨੇ "ਸਾਡੀ ਸੰਸਥਾ" ਦੱਸਿਆ। ਇਸ ਸੰਸਥਾ ਦੀ ਵੈੱਬਸਾਈਟ 'ਤੇ ਕਿਹਾ ਗਿਆ ਹੈ ਕਿ ਇਸਨੂੰ "ਗ੍ਰਹਿ ਮੰਤਰਾਲੇ ਵੱਲੋਂ ਆਧਿਕਾਰਕ ਤੌਰ 'ਤੇ ਮਾਨਤਾ ਦਿੱਤੀ ਗਈ ਹੈ... ਜੋ ਕਿ ਪੂਰੇ ਯੂਕੇ ਵਿੱਚ ਐੱਲਜੀਬੀਟੀ+ ਸ਼ਰਨ ਮੰਗਣ ਵਾਲਿਆਂ ਦੀ ਮਦਦ ਵਿੱਚ ਸਾਡੇ ਲਗਾਤਾਰ ਯੋਗਦਾਨ ਨੂੰ ਸਵੀਕਾਰ ਕਰਦਾ ਹੈ।"
ਉਸ ਨੇ ਰਿਪੋਰਟਰ ਨੂੰ ਕਿਹਾ ਕਿ ਉਹ ਅਪ੍ਰੈਲ ਦੀ ਸ਼ੁਰੂਆਤ ਵਿੱਚ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਜ਼ਰੂਰ ਹਾਜ਼ਰ ਹੋਵੇ ਅਤੇ ਦੱਸਿਆ ਕਿ ਉੱਥੇ ਕੁਝ ਲੋਕ ਉਸ ਵਰਗੇ ਹੋਣਗੇ ਜੋ ਨਕਲੀ ਕੇਸ ਕਰ ਰਹੇ ਹਨ ਅਤੇ "ਕੁਝ ਅਸਲੀ ਵੀ ਹੋਣਗੇ"।
ਉਸ ਨੇ ਕਿਹਾ, "ਇਹ ਮੀਟਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਗ੍ਰਹਿ ਮੰਤਰਾਲੇ ਨੂੰ ਇਹ ਸਬੂਤ ਦੇਣਾ ਪਵੇਗਾ ਕਿ ਜੇ ਤੁਸੀਂ ਸਮਲਿੰਗੀ ਹੋ, ਤਾਂ ਤੁਸੀਂ ਅਸਲ ਵਿੱਚ ਕਿਸੇ ਸਮਲਿੰਗੀ ਸੰਸਥਾ ਨਾਲ ਜੁੜੇ ਹੋ।"
ਉਸ ਨੇ ਕਿਹਾ ਕਿ ਵੌਰਸਟਰ ਐੱਲਜੀਬੀਟੀ ਉਸਨੂੰ ਇੱਕ ਚਿੱਠੀ ਜਾਰੀ ਕਰ ਸਕਦੀ ਹੈ ਜੋ ਉਹ ਆਪਣੀ ਅਰਜ਼ੀ ਵਿੱਚ ਸਬੂਤ ਵਜੋਂ ਵਰਤ ਸਕਦਾ ਹੈ।
ਉਸ ਨੇ ਦੱਸਿਆ, "ਅਸੀਂ ਆਪਣੀ ਤਰਫੋਂ ਇੱਕ ਚਿੱਠੀ ਜਾਰੀ ਕਰਾਂਗੇ ਜਿਸ ਵਿੱਚ ਲਿਖਿਆ ਹੋਵੇਗਾ ਕਿ ਤੁਸੀਂ ਸਾਡੇ ਮੈਂਬਰ ਹੋ, ਅਸਲੀ ਹੋ, ਸਾਡੇ ਨਾਲ ਜੁੜੇ ਹੋ ਅਤੇ ਅਸੀਂ ਤੁਹਾਨੂੰ ਨਿੱਜੀ ਤੌਰ 'ਤੇ ਜਾਣਦੇ ਹਾਂ। ਇਸ ਤਰ੍ਹਾਂ ਦਾ ਸਬੂਤ ਬਹੁਤ ਮਜ਼ਬੂਤ ਹੁੰਦਾ ਹੈ।"
ਅਸੀਂ ਆਪਣੀ ਵੀਡੀਓ ਐਨਾ ਗੋਂਜ਼ਾਲੇਜ਼ ਨੂੰ ਦਿਖਾਈ, ਜੋ 30 ਸਾਲਾਂ ਦੇ ਤਜਰਬੇ ਵਾਲੀ ਇਮੀਗ੍ਰੇਸ਼ਨ ਮਾਹਰ ਵਕੀਲ ਹੈ। ਉਨ੍ਹਾਂ ਨੇ ਕਿਹਾ ਕਿ ਤਨੀਸ਼ਾ ਸਾਫ਼ ਤੌਰ 'ਤੇ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ ਅਤੇ "ਇਸ ਵਿਅਕਤੀ ਲਈ ਦਾਅਵਾ ਬਣਾ ਕੇ ਧੋਖਾਧੜੀ ਕਰ ਰਹੀ ਹੈ। "
ਗੋਂਜ਼ਾਲੇਜ਼ ਨੇ ਕਿਹਾ, "ਇਸ ਤਰ੍ਹਾਂ ਦੇ ਲੋਕ ਅਸਲੀ ਸ਼ਰਨ ਮੰਗਣ ਵਾਲਿਆਂ ਅਤੇ ਸ਼ਰਨਾਰਥੀਆਂ ਲਈ ਹਾਲਾਤ ਹੋਰ ਮੁਸ਼ਕਲ ਬਣਾ ਰਹੇ ਹਨ।"
"ਖ਼ਾਸ ਕਰਕੇ ਐੱਲਜੀਬੀਟੀ ਹੋਣ ਵਰਗੀਆਂ ਗੱਲਾਂ ਨੂੰ ਸਾਬਤ ਕਰਨਾ ਔਖਾ ਹੁੰਦਾ ਹੈ, ਕਿਉਂਕਿ ਜਦੋਂ ਤੁਸੀਂ ਜ਼ੁਲਮ ਦਾ ਸ਼ਿਕਾਰ ਹੁੰਦੇ ਹੋ, ਤਾਂ ਜੋ ਕੁਝ ਤੁਹਾਡੇ ਨਾਲ ਹੁੰਦਾ ਹੈ, ਉਸਦਾ ਸਬੂਤ ਅਕਸਰ ਇੱਕ ਸਿੱਧੇ ਅਤੇ ਸਪਸ਼ਟ ਤਰੀਕੇ ਨਾਲ ਦਿੱਤਾ ਜਾ ਸਕਦਾ ਹੈ।"
"ਜਦੋਂ ਗੱਲ ਕਵੀਰ ਕਮਿਊਨਿਟੀ ਦੀ ਆਉਂਦੀ ਹੈ, ਤਾਂ ਇਹ ਇਸ ਤਰ੍ਹਾਂ ਨਹੀਂ ਹੁੰਦਾ। ਇਹ ਸਿਰਫ਼ ਸੰਪਰਕ 'ਤੇ ਨਿਰਭਰ ਕਰਦਾ ਹੈ ਅਤੇ ਤੁਸੀਂ ਆਪਣੇ ਆਪ ਨੂੰ ਅਸਲ ਵਿੱਚ ਕਿਵੇਂ ਪੇਸ਼ ਕਰਦੇ ਹੋ ਅਤੇ ਉਸ ਖ਼ਾਸ ਦਿਨ ਤੁਸੀਂ ਕਿੰਨੇ ਯਕੀਨੀ ਲੱਗ ਸਕਦੇ ਹੋ, ਭਾਵੇਂ ਤੁਸੀਂ ਸੱਚ ਬੋਲ ਰਹੇ ਹੋ ਜਾਂ ਨਹੀਂ।"
ਬੀਬੀਸੀ ਨਿਊਜ਼ ਵੱਲੋਂ ਉਸ ਦੀਆਂ ਗੁਪਤ ਰਿਪੋਰਟਰ ਨਾਲ ਕੀਤੀਆਂ ਗੱਲਾਂ ਬਾਰੇ ਪੁੱਛੇ ਜਾਣ 'ਤੇ, ਤਨੀਸ਼ਾ ਨੇ ਸੰਚਾਰ ਦੀਆਂ ਮੁਸ਼ਕਲਾਂ ਨੂੰ "ਗ਼ਲਤਫਹਿਮੀ" ਲਈ ਜ਼ਿੰਮੇਵਾਰ ਦੱਸਿਆ ਅਤੇ ਕਿਹਾ ਕਿ ਉਹ ਉਰਦੂ ਫ਼ਲੂਐਂਟ ਨਹੀਂ ਬੋਲਦੀ।
ਉਸ ਨੇ ਇਹ ਵੀ ਇਨਕਾਰ ਕੀਤਾ ਕਿ ਉਸ ਨੇ ਰਿਪੋਰਟਰ ਨੂੰ ਝੂਠਾ ਦਾਅਵਾ ਕਰਨ ਦੀ ਸਲਾਹ ਦਿੱਤੀ ਜਾਂ ਨਕਲੀ ਸਬੂਤ ਬਣਾਉਣ ਦੀ ਪੇਸ਼ਕਸ਼ ਕੀਤੀ।
ਸ਼ਕੀਲ ਨੇ ਕਿਹਾ ਕਿ ਉਸ ਨੇ ਗੁਪਤ ਰਿਪੋਰਟਰ ਦੇ ਵੇਰਵੇ ਤਨੀਸ਼ਾ ਨੂੰ ਦੇ ਦਿੱਤੇ ਸਨ, ਬਿਨਾਂ ਇਹ ਜਾਣੇ ਜਾਂ ਸ਼ੱਕ ਕੀਤੇ ਕਿ ਉਹ ਨਕਲੀ ਸ਼ਰਨ ਦਾਅਵਾ ਬਣਾਉਣ ਦੀ ਪੇਸ਼ਕਸ਼ ਕਰੇਗੀ।
ਉਸ ਨੇ ਕਿਹਾ ਕਿ ਵੌਰਸਟਰ ਐੱਲਜੀਬੀਟੀ ਨਾ ਤਾਂ ਨਕਲੀ ਸਬੂਤ ਬਣਾਉਂਦੀ ਹੈ ਅਤੇ ਨਾ ਹੀ ਉਨ੍ਹਾਂ ਦਾ ਸਮਰਥਨ ਕਰਦੀ ਹੈ ਅਤੇ ਇਹ ਸੰਸਥਾ ਦਾ ਕੰਮ ਨਹੀਂ ਹੈ ਕਿ ਉਹ ਇਹ ਫ਼ੈਸਲਾ ਕਰੇ ਕਿ ਕੋਈ ਵਿਅਕਤੀ ਅਸਲ ਵਿੱਚ ਗੇਅ ਹੈ ਜਾਂ ਨਹੀਂ।
ਸ਼ਕੀਲ ਨੇ ਇਹ ਵੀ ਕਿਹਾ ਕਿ ਵੌਰਸਟਰ ਐੱਲਜੀਬੀਟੀ ਤਨੀਸ਼ਾ ਦੇ ਵਿਹਾਰ ਦੀ ਜਾਂਚ ਕਰ ਰਹੀ ਹੈ ਅਤੇ ਗਰੁੱਪ ਵਿੱਚ ਉਸਦੇ ਕੋਲ ਕੋਈ ਫ਼ੈਸਲਾ ਕਰਨ ਦਾ ਅਧਿਕਾਰ ਨਹੀਂ ਹੈ।
ਲਾਅ ਐਂਡ ਜਸਟਿਸ ਸਾਲਿਸਟਰਸ ਨੇ ਕਿਹਾ ਕਿ ਤਨੀਸ਼ਾ ਦਾ ਫਰਮ ਨਾਲ ਕੋਈ ਪੇਸ਼ੇਵਰ ਸੰਬੰਧ ਨਹੀਂ ਹੈ ਅਤੇ ਉਹ ਲੰਡਨ ਦਫ਼ਤਰ ਵਿੱਚ "ਕਿਸੇ ਵੀ ਸੰਭਾਵਿਤ ਗ਼ੈਰ-ਅਧਿਕਾਰਤ ਪਹੁੰਚ" ਦੀ ਜਾਂਚ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਸਾਡਾ ਗੁਪਤ ਰਿਪੋਰਟਰ ਕਦੇ ਵੀ ਫਰਮ ਦਾ ਕਲਾਇੰਟ ਨਹੀਂ ਬਣਾਇਆ ਗਿਆ।
ਉਸੇ ਸਮੇਂ ਜਦੋਂ ਰਿਪੋਰਟਰ ਤਨੀਸ਼ਾ ਨਾਲ ਮਿਲ ਰਿਹਾ ਸੀ, ਉਸ ਨੇ ਕਨੌਟ ਲਾਅ ਨਾਮ ਦੀ ਕਾਨੂੰਨੀ ਫਰਮ ਵਿੱਚ ਵੀ ਇੱਕ ਸਲਾਹਕਾਰ ਨਾਲ ਮੀਟਿੰਗ ਲਈ ਸਮਾਂ ਲਿਆ ਸੀ, ਜਿਸਦੇ ਦਫ਼ਤਰ ਲੰਡਨ ਦੇ ਕਾਨੂੰਨੀ ਇਲਾਕੇ ਦੇ ਕੇਂਦਰ ਵਿੱਚ ਹਨ।
ਉੱਥੇ ਉਸ ਦੀ ਮੁਲਾਕਾਤ ਕਨੌਟ ਦੇ ਸੀਨੀਅਰ ਕਾਨੂੰਨੀ ਸਲਾਹਕਾਰ ਅਕੀਲ ਅੱਬਾਸੀ ਨਾਲ ਹੋਈ।
ਅੱਬਾਸੀ ਨੇ ਰਿਪੋਰਟਰ ਨੂੰ ਕਿਹਾ ਕਿ ਉਹ ਉਸ ਨੂੰ ਦੇਸ਼ ਵਿੱਚ ਰਹਿਣ ਵਿੱਚ ਮਦਦ ਕਰ ਸਕਦਾ ਹੈ ਅਤੇ ਉਹ ਨਕਲੀ ਦਾਅਵੇ ਲਈ ਸਬੂਤ ਬਣਾਉਣ ਦੇ ਤਰੀਕੇ ਦੱਸਣ ਲਈ ਵੀ ਤਿਆਰ ਦਿੱਸਦਾ ਸੀ।
ਉਸ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਵੱਲੋਂ ਇਨਕਾਰ ਹੋਣ ਦੀ ਸੰਭਾਵਨਾ "ਬਹੁਤ ਘੱਟ" ਹੈ।
ਉਸ ਨੇ ਕਿਹਾ ਕਿ ਉਸਦੀ ਫੀਸ 7,000 ਪੌਂਡ ਹੋਵੇਗੀ ਅਤੇ ਜਦੋਂ ਇਹ ਭੁਗਤਾਨ ਹੋ ਜਾਵੇਗਾ, ਉਸਦਾ ਦਫ਼ਤਰ ਗੁਪਤ ਰਿਪੋਰਟਰ ਨਾਲ ਸੰਪਰਕ ਕਰੇਗਾ ਅਤੇ ਪੂਰੀ ਪ੍ਰਕਿਰਿਆ ਅਤੇ ਲੋੜੀਂਦੇ ਸਬੂਤਾਂ ਬਾਰੇ ਦਿਸ਼ਾ-ਨਿਰਦੇਸ਼ ਦੇਵੇਗਾ।
ਇਸ ਵਿੱਚ ਇਹ ਵੀ ਸ਼ਾਮਲ ਹੋਵੇਗਾ ਕਿ "ਕਿੱਥੇ ਜਾਣਾ ਹੈ ਜਾਂ ਕਿਹੜੀਆਂ ਖ਼ਾਸ ਕਾਰਵਾਈਆਂ ਕਰਨੀਆਂ ਹਨ।"
ਅੱਬਾਸੀ ਨੇ ਕਿਹਾ, "ਸਬੂਤ ਦੇਣਾ ਲਾਜ਼ਮੀ ਹੁੰਦਾ ਹੈ ਅਤੇ ਉਹ ਉਨ੍ਹਾਂ ਦੀਆਂ ਸੰਸਥਾਵਾਂ ਅਤੇ ਕਲੱਬਾਂ ਵੱਲੋਂ ਜਮ੍ਹਾਂ ਕਰਵਾਇਆ ਜਾਣਾ ਚਾਹੀਦਾ ਹੈ।"
"ਉਹ ਕਿੱਥੇ ਜਾਂਦੇ ਹਨ, ਉਨ੍ਹਾਂ ਦੇ ਗੇਅ ਕਲੱਬ ਕਿੱਥੇ ਹਨ।"
ਇੱਕ ਸਮੇਂ ਰਿਪੋਰਟਰ ਨੇ ਪੁੱਛਿਆ ਕਿ ਕੀ ਉਸਨੂੰ ਗੇਅ ਕਲੱਬ ਜਾਣਾ ਪਵੇਗਾ।
ਅੱਬਾਸੀ ਨੇ ਕਿਹਾ, "ਹਾਂ, ਤੁਹਾਨੂੰ ਜਾਣਾ ਪਵੇਗਾ।"
ਰਿਪੋਰਟਰ ਨੇ ਜਵਾਬ ਦਿੱਤਾ, "ਪਰ ਮੈਂ ਇਸ ਤਰ੍ਹਾਂ ਦਾ ਨਹੀਂ ਹਾਂ।"
ਇਸ 'ਤੇ ਅੱਬਾਸੀ ਹੱਸਦਾ ਹੈ ਅਤੇ ਕਹਿੰਦਾ ਹੈ, "ਮੈਂ ਉੱਥੋਂ ਕੁਝ ਤਸਵੀਰਾਂ ਲੈ ਲਵਾਂਗਾ।"
ਕਾਨੂੰਨੀ ਸਲਾਹਕਾਰ ਨੇ ਇਹ ਵੀ ਕਿਹਾ ਕਿ ਗੁਪਤ ਰਿਪੋਰਟਰ ਨੂੰ ਕਿਸੇ ਅਜਿਹੇ ਵਿਅਕਤੀ ਨੂੰ ਲੱਭਣਾ ਪਵੇਗਾ ਜੋ ਉਸਦਾ ਪੁਰਸ਼ ਸਾਥੀ ਬਣ ਕੇ ਦਿਖਾਵੇ।
ਜਦੋਂ ਰਿਪੋਰਟਰ ਨੇ ਕਿਹਾ ਕਿ ਉਸ ਦੀ ਪਾਕਿਸਤਾਨ ਵਿੱਚ ਪਤਨੀ ਹੈ, ਤਾਂ ਅੱਬਾਸੀ ਨੇ ਤੁਰੰਤ ਇੱਕ ਕਹਾਣੀ ਸੁਝਾਈ, ਜਿਸ ਵਿੱਚ ਕਿਹਾ ਗਿਆ ਕਿ ਯੂਕੇ ਵਿੱਚ ਪਾਕਿਸਤਾਨ ਦੇ ਮੁਕਾਬਲੇ ਚੀਜ਼ਾਂ "ਜ਼ਿਆਦਾ ਖੁੱਲ੍ਹੀਆਂ" ਹਨ ਅਤੇ ਹੁਣ ਉਸ ਦਾ ਇੱਕ ਪੁਰਸ਼ ਸਾਥੀ ਹੈ।
ਅੱਬਾਸੀ ਨੇ ਕਿਹਾ, "ਅਸੀਂ ਤੁਹਾਡੇ ਲਈ ਇੱਕ ਬਿਆਨ ਤਿਆਰ ਕਰਾਂਗੇ ਅਤੇ ਜਦੋਂ ਤੁਸੀਂ ਇਸਨੂੰ ਪੜ੍ਹੋਗੇ, ਤਾਂ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਜਾਵੇਗੀ ਕਿ ਇਹ ਕਿਵੇਂ ਹੈ।"
ਕਨੌਟ ਲਾਅ ਨਾਲ ਸੰਪਰਕ ਕਰਨ ਤੋਂ ਬਾਅਦ, ਫਰਮ ਨੇ ਕਿਹਾ ਕਿ ਉਸ ਨੇ ਅੰਦਰੂਨੀ ਜਾਂਚ ਦੌਰਾਨ ਅੱਬਾਸੀ ਦਾ ਕਾਨਟ੍ਰੈਕਟ ਮੁਅੱਤਲ ਕਰ ਦਿੱਤਾ ਹੈ ਅਤੇ ਇਸ ਮਾਮਲੇ ਨੂੰ ਸਾਲਿਸਟਰਸ ਰੇਗੂਲੇਸ਼ਨ ਅਥੋਰਿਟੀ ਨੂੰ ਰਿਪੋਰਟ ਕਰ ਦਿੱਤਾ ਹੈ।
ਅੱਬਾਸੀ ਨੇ ਬੇਈਮਾਨੀ ਅਤੇ ਗ਼ਲਤ ਕੰਮ ਕਰਨ ਦੇ ਇਲਜ਼ਾਮਾਂ ਨੂੰ ਨਕਾਰ ਦਿੱਤਾ। ਉਸ ਨੇ ਕਿਹਾ ਕਿ ਅਰਜ਼ੀਆਂ ਸਖ਼ਤੀ ਨਾਲ ਕਲਾਇੰਟ ਦੇ ਨਿਰਦੇਸ਼ਾਂ 'ਤੇ ਆਧਾਰਿਤ ਹੁੰਦੀਆਂ ਹਨ ਅਤੇ ਉਹ ਨਾ ਤਾਂ ਕਹਾਣੀਆਂ ਬਣਾਉਂਦਾ ਹੈ ਅਤੇ ਨਾ ਹੀ ਸਬੂਤ ਘੜਦਾ ਹੈ।
'ਇਹ ਇੱਕ ਵੱਡੀ ਸਮੱਸਿਆ ਹੈ'
ਵੌਰਸਟਰ ਐੱਲਜੀਬੀਟੀ ਹਰ ਮਹੀਨੇ ਮੀਟਿੰਗਾਂ ਕਰਦਾ ਹੈ, ਜਿਸ ਵਿੱਚ ਦੇਸ਼ ਭਰ ਤੋਂ ਲੋਕ ਸ਼ਾਮਲ ਹੁੰਦੇ ਹਨ ਅਤੇ ਉਨ੍ਹਾਂ ਵਿੱਚੋਂ ਕਈ ਨਕਲੀ ਸ਼ਰਨ ਦਾਅਵੇ ਕਰਨ ਵਾਲੇ ਦਿੱਸਦੇ ਹਨ।
ਪਰ ਇਹ ਇਕੱਲਾ ਕਮਿਊਨਿਟੀ ਗਰੁੱਪ ਨਹੀਂ ਹੈ ਜਿਸਦਾ ਇਸਤੇਮਾਲ ਆਪਣੇ ਆਪ ਨੂੰ ਗੇਅ ਦੱਸਣ ਵਾਲੇ ਸ਼ਰਨ ਮੰਗਣ ਵਾਲੇ ਕਰ ਰਹੇ ਹਨ।
ਲੂਟਨ ਵਿੱਚ ਸਥਿਤ ਮੁਸਲਿਮ ਐੱਲਜੀਬੀਟੀ ਨੈਟਵਰਕ ਦੇ ਸੰਸਥਾਪਕ, ਬ੍ਰਿਟੇਨ ਵਿੱਚ ਜੰਮੇ ਏਜਲ ਖ਼ਾਨ ਨੇ ਕਿਹਾ, "ਇਹ ਇੱਕ ਵੱਡੀ ਸਮੱਸਿਆ ਹੈ।"
"ਲੋਕ ਮੈਨੂੰ ਪੈਸੇ ਦੇਣ ਦੀ ਪੇਸ਼ਕਸ਼ ਕਰਦੇ ਹਨ ਤਾਂ ਜੋ ਮੈਂ ਆਪਣੀ ਸੰਸਥਾ ਵੱਲੋਂ ਉਨ੍ਹਾਂ ਨੂੰ ਸਿਫ਼ਾਰਸ਼ੀ ਚਿੱਠੀ ਦੇ ਦਿਆਂ, ਪਰ ਮੈਂ ਕਦੇ ਇਹ ਨਹੀਂ ਲੈਂਦਾ। ਮੇਰਾ ਸਾਰਾ ਕੰਮ ਸੇਵਾ ਭਾਵ ਨਾਲ ਹੁੰਦਾ ਹੈ।"
ਉਸ ਨੇ ਕਿਹਾ ਕਿ ਕੁਝ ਲੋਕ ਉਸਨੂੰ ਇਹ ਵੀ ਕਹਿੰਦੇ ਹਨ, "ਮੈਂ ਗੇਅ ਨਹੀਂ ਹਾਂ ਪਰ ਮੈਂ ਇਸ ਦੇਸ਼ ਵਿੱਚ ਰਹਿਣਾ ਚਾਹੁੰਦਾ ਹਾਂ।"
ਇਹ ਪਤਾ ਲਗਾਉਣਾ ਮੁਸ਼ਕਲ ਹੈ ਕਿ ਸ਼ਰਨ ਲਈ ਪਾਈਆਂ ਅਰਜ਼ੀਆਂ ਵਿੱਚੋਂ ਕਿੰਨੀਆਂ ਨਕਲੀ ਹੋ ਸਕਦੀਆਂ ਹਨ।
ਪਰ ਗ੍ਰਹਿ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਪਾਕਿਸਤਾਨੀ ਨਾਗਰਿਕ ਲਿੰਗਕਤਾ ਦੇ ਆਧਾਰ 'ਤੇ ਕੀਤੀਆਂ ਅਰਜ਼ੀਆਂ ਵਿੱਚ ਅਨੁਪਾਤਕ ਤੌਰ 'ਤੇ ਵੱਧ ਹਨ।
2023 ਵਿੱਚ, ਜੋ ਹਾਲ ਦਾ ਸਾਲ ਹੈ, ਜਿਸਦਾ ਡਾਟਾ ਉਪਲਬਧ ਹੈ, ਐੱਲਜੀਬੀਟੀ ਸ਼ਰਨ ਦਾਅਵਿਆਂ 'ਤੇ 3,430 ਸ਼ੁਰੂਆਤੀ ਫ਼ੈਸਲੇ ਕੀਤੇ ਗਏ ਸਨ ਅਤੇ ਲਗਭਗ 1,400 ਨਵੀਆਂ ਅਰਜ਼ੀਆਂ ਲਿੰਗਕ ਰੁਝਾਨ ਦੇ ਆਧਾਰ 'ਤੇ ਦਿੱਤੀਆਂ ਗਈਆਂ ਸਨ।
ਇਨ੍ਹਾਂ ਵਿੱਚੋਂ ਲਗਭਗ 42% ਪਾਕਿਸਤਾਨੀ ਨਾਗਰਿਕਾਂ ਵੱਲੋਂ ਕੀਤੀਆਂ ਗਈਆਂ ਸਨ ਅਤੇ ਪਿਛਲੇ ਪੰਜ ਸਾਲਾਂ ਵਿੱਚ ਹਰ ਸਾਲ ਇਸ ਤਰ੍ਹਾਂ ਦੇ ਦਾਅਵਿਆਂ ਵਿੱਚ ਉਹ ਸਭ ਤੋਂ ਵੱਧ ਰਹੇ ਹਨ।
ਉਸੇ ਸਾਲ, ਪਾਕਿਸਤਾਨੀ ਨਾਗਰਿਕ ਸਾਰੀਆਂ ਸ਼ਰਨ ਅਰਜ਼ੀਆਂ ਵਿੱਚ ਸਿਰਫ਼ ਚੌਥੀ ਸਭ ਤੋਂ ਆਮ ਰਾਸ਼ਟਰੀਤਾ ਸਨ ਅਤੇ ਉਹ ਕੁੱਲ ਸ਼ਰਨ ਅਰਜ਼ੀਆਂ ਦਾ ਕੇਵਲ 6% ਹੀ ਬਣਦੇ ਸਨ
ਲਿੰਗਤਾ ਦੇ ਆਧਾਰ 'ਤੇ ਕੀਤੀਆਂ ਸ਼ਰਨ ਅਰਜ਼ੀਆਂ ਬਾਰੇ ਹੋਰ ਕੋਈ ਨਵਾਂ ਡਾਟਾ ਉਪਲਬਧ ਨਹੀਂ ਹੈ।
ਪਰ ਗ੍ਰਹਿ ਮੰਤਰਾਲੇ ਦੇ ਅੰਕੜਾ ਵਿਦਵਾਨਾਂ ਨੇ ਧਿਆਨ ਦਿੱਤਾ ਹੈ ਕਿ ਹਾਲੀਆ ਸਾਲਾਂ ਵਿੱਚ ਪਾਕਿਸਤਾਨੀ ਨਾਗਰਿਕਾਂ ਵੱਲੋਂ ਅਤੇ ਨਾਲ ਹੀ ਬੰਗਲਾਦੇਸ਼ ਅਤੇ ਭਾਰਤ ਤੋਂ ਸਟੱਡੀ ਜਾਂ ਵਰਕ ਵੀਜ਼ਿਆਂ 'ਤੇ ਆਏ ਪਰਵਾਸੀਆਂ ਵੱਲੋਂ, ਆਮ ਤੌਰ 'ਤੇ ਸ਼ਰਨ ਅਰਜ਼ੀਆਂ ਵਿੱਚ ਤੇਜ਼ ਵਾਧਾ ਹੋਇਆ ਹੈ।
2023 ਵਿੱਚ, ਲਿੰਗਕ ਰੁਝਾਨ ਦੇ ਆਧਾਰ 'ਤੇ ਜ਼ੁਲਮ ਦਾ ਦਾਅਵਾ ਕਰਨ ਵਾਲੇ ਲਗਭਗ ਦੋ-ਤਿਹਾਈ ਸ਼ਰਨ ਮੰਗਣ ਵਾਲਿਆਂ ਦੀਆਂ ਅਰਜ਼ੀਆਂ ਸ਼ੁਰੂਆਤੀ ਪੜਾਅ 'ਤੇ ਹੀ ਮਨਜ਼ੂਰ ਕਰ ਲਈਆਂ ਗਈਆਂ ਸਨ।
ਅਲੀ, ਜੋ ਉਸਦਾ ਅਸਲੀ ਨਾਮ ਨਹੀਂ ਹੈ, 2011 ਵਿੱਚ ਪਾਕਿਸਤਾਨ ਤੋਂ ਵਿਦਿਆਰਥੀ ਵਜੋਂ ਯੂਕੇ ਆਇਆ ਸੀ।
ਤਿੰਨ ਸਾਲ ਬਾਅਦ ਜਦੋਂ ਉਸਦਾ ਵੀਜ਼ਾ ਖਤਮ ਹੋਣ ਵਾਲਾ ਸੀ, ਉਹ ਸਲਾਹ ਲਈ ਇੱਕ ਵਕੀਲ ਕੋਲ ਗਿਆ ਅਤੇ ਉਸਦਾ ਕਹਿਣਾ ਹੈ ਕਿ ਉਸ ਵਕੀਲ ਨੇ ਉਸਨੂੰ ਦੇਸ਼ ਵਿੱਚ ਰਹਿਣ ਲਈ ਸ਼ਰਨ ਦੀ ਅਰਜ਼ੀ ਕਰਨ ਵਾਸਤੇ ਆਪਣੇ ਆਪ ਨੂੰ ਗੇਅ ਦੱਸਣ ਦੀ ਕਹਾਣੀ ਬਣਾਉਣ ਦੀ ਸਲਾਹ ਦਿੱਤੀ।
ਉਸ ਨੇ ਕਿਹਾ ਕਿ ਉਸ ਨੇ "ਮੈਨੂੰ ਆਪਣੇ ਡਾਕਟਰ ਕੋਲ ਜਾਣ ਅਤੇ ਇਹ ਦਿਖਾਉਣ ਦੀ ਸਲਾਹ ਦਿੱਤੀ ਕਿ ਮੈਂ ਡਿਪ੍ਰੈਸ਼ਨ ਦਾ ਸ਼ਿਕਾਰ ਹਾਂ, ਖ਼ਾਸ ਕਰਕੇ ਇਸ ਵੀਜ਼ਾ ਸਥਿਤੀ ਕਾਰਨ।"
ਉਸ ਨੇ ਅੱਗੇ ਕਿਹਾ, "ਮੈਂ ਅਸਲ ਵਿੱਚ ਦਵਾਈਆਂ ਨਹੀਂ ਲਈਆਂ, ਪਰ ਉਸ ਨੇ ਜ਼ੋਰ ਦਿੱਤਾ ਕਿ ਮੈਂ ਦਵਾਈ ਲਵਾਂ ਤਾਂ ਜੋ ਅਸੀਂ ਗ੍ਰਹਿ ਮੰਤਰਾਲੇ ਨੂੰ ਇਹ ਸਬੂਤ ਦੇ ਸਕੀਏ ਕਿ ਮੈਂ ਡਿਪ੍ਰੈਸ਼ਨ ਦੀ ਹਾਲਤ ਵਿੱਚ ਚਲਾ ਗਿਆ ਸੀ।"
ਗ੍ਰਹਿ ਮੰਤਰਾਲੇ ਨਾਲ ਸ਼ੁਰੂਆਤੀ ਇੰਟਰਵਿਊ ਠੀਕ ਨਹੀਂ ਗਿਆ ਅਤੇ ਲੰਬੇ ਚੱਲਦੇ ਅਪੀਲ ਪ੍ਰਕਿਰਿਆ ਕਾਰਨ ਉਸ ਦੇ ਖਰਚੇ 10,000 ਪੌਂਡ ਤੋਂ ਵੱਧ ਹੋ ਗਏ।
ਉਸ ਨੇ ਪ੍ਰਾਈਡ ਮਾਰਚਾਂ ਵਿੱਚ ਹਿੱਸਾ ਲਿਆ ਅਤੇ 10 ਤੋਂ ਵੱਧ ਵਾਰ ਗੇਅ ਕਲੱਬਾਂ ਵਿੱਚ ਗਿਆ, ਜਿੱਥੇ ਉਸ ਨੇ ਆਪਣੇ ਵਕੀਲ ਦੇ ਨਿਰਦੇਸ਼ਾਂ 'ਤੇ ਸਬੂਤ ਵਜੋਂ ਤਸਵੀਰਾਂ ਖਿੱਚੀਆਂ।
ਬੀਬੀਸੀ ਨਿਊਜ਼ ਨੇ ਇਹ ਵੀ ਸਬੂਤ ਵੇਖੇ ਹਨ ਕਿ ਉਸ ਨੇ ਐੱਚਆਈਵੀ ਨਾਲ ਜੀਅ ਰਹੇ ਲੋਕਾਂ ਲਈ ਇੱਕ ਚੈਰਿਟੀ ਤੋਂ ਸਹਾਇਤਾ ਚਿੱਠੀ ਲੈਣ ਦੀ ਕੋਸ਼ਿਸ਼ ਕੀਤੀ, ਜਿੱਥੇ ਉਹ ਮੀਟਿੰਗਾਂ ਵਿੱਚ ਸ਼ਾਮਲ ਹੋਇਆ ਅਤੇ ਝੂਠ ਬੋਲਿਆ ਕਿ ਉਹ ਇਸ ਵਾਇਰਸ ਨਾਲ ਪੀੜਤਾ ਹੈ ਪਰ ਉਹ ਇਸ ਵਿੱਚ ਸਫ਼ਲ ਨਹੀਂ ਹੋਇਆ।
ਆਖ਼ਿਰਕਾਰ, ਵਧ ਰਹੇ ਕਾਨੂੰਨੀ ਖਰਚਿਆਂ ਕਰਕੇ ਯੂਕੇ ਆਉਣ ਤੋਂ ਅੱਠ ਸਾਲ ਬਾਅਦ ਉਹ 2019 ਵਿੱਚ ਪਾਕਿਸਤਾਨ ਵਾਪਸ ਚਲਾ ਗਿਆ।
ਜਦੋਂ ਉਸਦੀ ਪਤਨੀ 2022 ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਯੂਕੇ ਆਈ, ਤਾਂ ਉਸੇ ਸ਼ਰਨ ਦਾਅਵੇ ਵਿੱਚ ਅਸਫ਼ਲ ਕੋਸ਼ਿਸ਼ ਕਰਕੇ ਉਸ ਰੋਕ ਦਿੱਤਾ ਗਿਆ।
ਪਰ ਉਸ ਨੇ ਸਾਨੂੰ ਦੱਸਿਆ ਕਿ ਉਸ ਦੇ ਤਿੰਨ ਦੋਸਤਾਂ ਨੇ ਵੀ ਆਪਣੀ ਲਿੰਗਤਾ ਬਾਰੇ ਝੂਠ ਬੋਲ ਕੇ ਸ਼ਰਨ ਲੈਣ ਵਿੱਚ ਕਾਮਯਾਬੀ ਹਾਸਲ ਕੀਤੀ।
ਉਸ ਨੇ ਕਿਹਾ, "ਉਨ੍ਹਾਂ ਨੇ ਪਾਕਿਸਤਾਨ ਵਿੱਚ ਵਿਆਹ ਵੀ ਕੀਤਾ ਅਤੇ ਆਪਣੀਆਂ ਪਤਨੀਆਂ ਨੂੰ ਇੱਥੇ ਲਿਆਏ ਅਤੇ ਹੁਣ ਉਨ੍ਹਾਂ ਦੇ ਬੱਚੇ ਵੀ ਹਨ।"
ਸਖ਼ਤ ਇਮੀਗ੍ਰੇਸ਼ਨ ਨਿਯਮ
ਹੋਮ ਅਫੇਅਰਜ਼ ਸਿਲੈਕਟ ਕਮੇਟੀ ਦੀ ਮੈਂਬਰ ਅਤੇ ਲੇਬਰ ਸੰਸਦ ਮੈਂਬਰ ਜੋਅ ਵ੍ਹਾਈਟ ਨੇ ਕਿਹਾ ਕਿ ਸਰਕਾਰ ਨੂੰ ਬੀਬੀਸੀ ਵੱਲੋਂ ਸਾਹਮਣੇ ਲਿਆਂਦੇ ਕਾਨੂੰਨੀ ਫਰਮਾਂ ਅਤੇ ਸਲਾਹਕਾਰਾਂ 'ਤੇ "ਕੜੀ ਕਾਰਵਾਈ" ਕਰਨੀ ਚਾਹੀਦੀ ਹੈ।
ਬੈਸੇਟਲਾਅ ਦੀ ਸੰਸਦ ਮੈਂਬਰ ਨੇ ਬੀਬੀਸੀ ਰੇਡੀਓ 4 ਟੂਡੇ ਪ੍ਰੋਗਰਾਮ ਵਿੱਚ ਕਿਹਾ ਕਿ ਉਹ ਉਮੀਦ ਕਰਦੀ ਹੈ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰੇਗੀ।
ਉਸ ਨੇ ਕਿਹਾ, "ਇਹ ਬਿਲਕੁਲ ਜ਼ਰੂਰੀ ਹੈ ਕਿ ਸਰਕਾਰ ਉਨ੍ਹਾਂ 'ਤੇ ਕਾਰਵਾਈ ਕਰੇ। ਇਸ ਤਰ੍ਹਾਂ ਦੇ ਸਬੂਤ ਸਿੱਧੇ ਪੁਲਿਸ ਤੱਕ ਜਾਣੇ ਚਾਹੀਦੇ ਹਨ ਅਤੇ ਪੁਲਿਸ ਆਪਣੀ ਕਾਰਵਾਈ ਸ਼ੁਰੂ ਕਰਕੇ ਇਸਨੂੰ ਖ਼ਤਮ ਕਰੇ।"
ਉਨ੍ਹਾਂ ਨੇ ਗ੍ਰਹਿ ਮੰਤਰਾਲੇ ਨੂੰ ਇਹ ਵੀ ਕਿਹਾ ਕਿ ਉਹ ਪਾਕਿਸਤਾਨ ਤੋਂ ਆਉਣ ਵਾਲੇ ਲੋਕਾਂ ਨੂੰ ਸਟੱਡੀ ਵੀਜ਼ਾ ਦੇਣਾ ਬੰਦ ਕਰੇ, ਜਿਵੇਂ ਕਿ ਪਿਛਲੇ ਮਹੀਨੇ ਅਫ਼ਗਾਨਿਸਤਾਨ, ਕੈਮਰੂਨ, ਮਿਆਂਮਾਰ ਅਤੇ ਸੁਡਾਨ ਦੇ ਲੋਕਾਂ ਲਈ ਕੀਤਾ ਗਿਆ ਸੀ, ਕਿਉਂਕਿ ਉਨ੍ਹਾਂ ਦੇ ਮੁਤਾਬਕ ਵੀਜ਼ੇ ਦਾ ਵੱਡੇ ਪੱਧਰ 'ਤੇ ਗ਼ਲਤ ਇਸਤੇਮਾਲ ਹੋ ਰਿਹਾ ਸੀ।
ਕਨਜ਼ਰਵੇਟਿਵ ਸ਼ੈਡੋ ਹੋਮ ਸਕੱਤਰ ਕ੍ਰਿਸ ਫਿਲਿਪ ਨੇ ਕਿਹਾ ਕਿ ਬੀਬੀਸੀ ਦੀ ਜਾਂਚ "ਕਈ ਸ਼ਰਨ ਦਾਅਵਿਆਂ ਦੇ ਕੇਂਦਰ ਵਿੱਚ ਚੱਲ ਰਹੇ ਧੋਖੇ ਨੂੰ ਬੇਨਕਾਬ ਕਰਦੀ ਹੈ" ਅਤੇ ਪਛਾਣੇ ਗਏ ਕਾਨੂੰਨੀ ਸਲਾਹਕਾਰਾਂ 'ਤੇ "ਇਮੀਗ੍ਰੇਸ਼ਨ ਧੋਖਾਧੜੀ ਦੇ ਕੇਸ ਚਲਾਏ ਜਾਣੇ ਚਾਹੀਦੇ ਹਨ।"
ਉਨ੍ਹਾਂ ਨੇ ਕਿਹਾ, "ਪੂਰਾ ਸਿਸਟਮ ਖ਼ਰਾਬ ਹੋ ਚੁੱਕਾ ਹੈ।"
"ਸ਼ਰਨ ਲੈਣ ਦੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲਣਾ ਚਾਹੀਦਾ ਹੈ ਤਾਂ ਜੋ ਸਿਰਫ਼ ਥੋੜ੍ਹੇ ਜਿਹੇ ਉਹ ਲੋਕ ਜਿਨ੍ਹਾਂ ਨੂੰ ਅਸਲ ਨਿੱਜੀ ਜ਼ੁਲਮ ਦਾ ਖ਼ਤਰਾ ਹੈ ਅਤੇ ਜਿਸਦਾ ਅਸਲ ਸਬੂਤ ਹੈ, ਉਨ੍ਹਾਂ ਨੂੰ ਹੀ ਸ਼ਰਨ ਦਿੱਤੀ ਜਾਵੇ।"
"ਗ਼ੈਰ-ਕਾਨੂੰਨੀ ਤਰੀਕੇ ਨਾਲ ਆਏ ਪਰਵਾਸੀਆਂ ਨੂੰ ਸ਼ਰਨ ਮੰਗਣ ਤੋਂ ਪੂਰੀ ਤਰ੍ਹਾਂ ਰੋਕਿਆ ਜਾਣਾ ਚਾਹੀਦਾ ਹੈ।"
ਰਿਫਿਊਜੀ ਕਾਊਂਸਲ ਦੇ ਵਿਦੇਸ਼ ਮਾਮਲਿਆਂ ਦੇ ਡਾਇਰੈਕਟਰ ਇਮਰਾਨ ਹੁਸੈਨ ਨੇ ਕਿਹਾ, "ਇਹ ਬਹੁਤ ਹੀ ਨਿੰਦਣਯੋਗ ਹੈ ਕਿ ਬੇਇਮਾਨ ਸਲਾਹਕਾਰ ਮੁਨਾਫ਼ੇ ਲਈ ਹਤਾਸ਼ ਅਤੇ ਕਮਜ਼ੋਰ ਲੋਕਾਂ ਦਾ ਫਾਇਦਾ ਚੁੱਕ ਰਹੇ ਹਨ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਸਾਡੀਆਂ ਫਰੰਟਲਾਈਨ ਸੇਵਾਵਾਂ ਵਿੱਚ ਹਰ ਰੋਜ਼ ਅਸੀਂ ਯੂਗਾਂਡਾ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਤੋਂ ਆਏ ਐੱਲਜੀਬੀਟੀਕਿਊ+ ਸ਼ਰਨਾਰਥੀਆਂ ਨਾਲ ਕੰਮ ਕਰਦੇ ਹਾਂ, ਜਿਨ੍ਹਾਂ ਨੇ ਸਿਰਫ਼ ਆਪਣੀ ਹੋਂਦ ਕਰਕੇ ਕੈਦ, ਹਿੰਸਾ ਅਤੇ ਜ਼ੁਲਮ ਦਾ ਸਾਹਮਣਾ ਕੀਤਾ ਹੈ ਅਤੇ ਜੋ ਬ੍ਰਿਟੇਨ ਇਸ ਲਈ ਆਏ ਹਨ ਤਾਂ ਜੋ ਉਹ ਸੁਰੱਖਿਅਤ ਅਤੇ ਖੁੱਲ੍ਹੇ ਤੌਰ 'ਤੇ ਜੀਅ ਸਕਣ।"
"ਇਸ ਤਰ੍ਹਾਂ ਦੇ ਦੁਰਵਰਤੋਂ ਦੇ ਮਾਮਲਿਆਂ ਨੂੰ ਅਸਲੀ ਸ਼ਰਨ ਦੀ ਲੋੜ ਵਾਲੇ ਲੋਕਾਂ ਦੀ ਭਰੋਸੇਯੋਗਤਾ ਨੂੰ ਘਟਾਉਣ ਲਈ ਵਰਤਿਆ ਨਹੀਂ ਜਾਣਾ ਚਾਹੀਦਾ।"
ਬੀਬੀਸੀ ਦੀ ਜਾਂਚ ਦੇ ਜਵਾਬ ਵਿੱਚ ਰਿਫੌਰਮ ਯੂਕੇ ਦੇ ਹੋਮ ਅਫੇਅਰਜ਼ ਬੁਲਾਰੇ ਜ਼ਿਆ ਯੂਸਫ਼ ਨੇ ਕਿਹਾ, "ਇਹ ਬਹੁਤ ਹੀ ਸ਼ਰਮਨਾਕ ਸਕੈਂਡਲ ਹੈ ਜਿਸਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ। ਕੋਈ ਵੀ ਵਕੀਲ ਜੋ ਝੂਠੇ ਸ਼ਰਨ ਦਾਅਵਿਆਂ ਵਿੱਚ ਮਦਦ ਕਰਦਾ ਮਿਲੇ, ਉਸ 'ਤੇ ਕੇਸ ਚਲਾਇਆ ਜਾਣਾ ਚਾਹੀਦਾ ਹੈ।"
"ਟੋਰੀ ਸਰਕਾਰ ਨੇ ਇੱਕ ਟੁੱਟੀ ਹੋਈ ਸ਼ਰਨ ਪ੍ਰਣਾਲੀ ਬਣਾਈ ਹੈ, ਜਿਸ ਵਿੱਚ ਕਈ ਖ਼ਾਮੀਆਂ ਹਨ, ਜਿਸ ਕਰਕੇ ਲੱਖਾਂ ਲੋਕ ਦੇਸ਼ ਵਿੱਚ ਆ ਸਕੇ ਹਨ। ਇਹ ਖ਼ਾਮੀਆਂ ਝੂਠੇ ਦਾਅਵਿਆਂ ਰਾਹੀਂ ਵਰਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਰਾਜਨੀਤਕ ਮਕਸਦ ਵਾਲੇ ਵਕੀਲ ਚਲਾ ਰਹੇ ਹਨ।"
"ਰਿਫੌਰਮ ਯੂਕੇ ਇਸ ਮਜ਼ਾਕ ਨੂੰ ਖ਼ਤਮ ਕਰੇਗੀ। ਅਸੀਂ ਈਸੀਐੱਚਆਰ ਤੋਂ ਬਾਹਰ ਆਵਾਂਗੇ, ਸ਼ਰਨ ਪ੍ਰਣਾਲੀ ਨੂੰ ਬਦਲਾਂਗੇ ਅਤੇ ਜੋ ਲੋਕ ਇਸਦਾ ਗ਼ਲਤ ਫਾਇਦਾ ਚੁੱਕਦੇ ਹਨ ਉਨ੍ਹਾਂ 'ਤੇ ਕਾਨੂੰਨ ਦੀ ਪੂਰੀ ਕਾਰਵਾਈ ਕਰਾਂਗੇ।"
ਲਿਬਰਲ ਡੈਮੋਕ੍ਰੈਟ ਸੰਸਦ ਮੈਂਬਰ ਐਨਾ ਸਬੀਨ ਨੇ ਬੀਬੀਸੀ ਦੇ ਪੌਲੀਟਿਕਸ ਲਾਈਵ ਵਿੱਚ ਕਿਹਾ ਕਿ ਜੋ ਵੀ ਵਿਅਕਤੀ ਸ਼ਰਨ ਪ੍ਰਣਾਲੀ ਦੇ ਗ਼ਲਤ ਇਸਤੇਮਾਲ ਵਿੱਚ ਸ਼ਾਮਲ ਹੈ, ਉਸ ਨੂੰ "ਕਾਨੂੰਨ ਦੀ ਪੂਰੀ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਇਹ ਗੱਲ ਸਵਾਲ ਖੜ੍ਹੇ ਕਰਦੀ ਹੈ ਕਿ ਜੇ ਇਹ ਵੱਡੇ ਪੱਧਰ 'ਤੇ ਹੋ ਰਿਹਾ ਹੈ ਤਾਂ ਗ੍ਰਹਿ ਮੰਤਰਾਲੇ ਵਿੱਚ ਕੀ ਹੋ ਰਿਹਾ ਹੈ ਅਤੇ ਕੁਝ ਐੱਲਜੀਬੀਟੀ ਗਰੁੱਪ ਅਸਲ ਵਿੱਚ ਉਨ੍ਹਾਂ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਇਸ ਕਾਰਨ ਇੱਥੇ ਆਉਣਾ ਚਾਹੁੰਦੇ ਹਨ।"
ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਧੋਖੇ ਨਾਲ ਪਾਈ ਗਈ ਸ਼ਰਨ ਅਰਜ਼ੀ ਇੱਕ ਅਪਰਾਧ ਹੈ ਅਤੇ ਜੇ ਕੋਈ ਵਿਅਕਤੀ ਅਦਾਲਤ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਕੈਦ ਹੋ ਸਕਦੀ ਹੈ, ਜਿਸ ਤੋਂ ਬਾਅਦ ਉਸ ਨੂੰ ਦੇਸ਼ ਤੋਂ ਬਾਹਰ ਕੱਢਿਆ ਵੀ ਜਾ ਸਕਦਾ ਹੈ।
ਬੀਬੀਸੀ ਨਾਲ ਗੱਲ ਕਰਦੇ ਹੋਏ ਇੱਕ ਬੁਲਾਰੇ ਨੇ ਕਿਹਾ, "ਜਿਨ੍ਹਾਂ ਲੋਕਾਂ ਨੂੰ ਆਪਣੀ ਲਿੰਗਕਤਾ ਕਰਕੇ ਅਸਲ ਜ਼ੁਲਮ ਤੋਂ ਬਚਣ ਲਈ ਸੁਰੱਖਿਆ ਦਿੱਤੀ ਜਾਂਦੀ ਹੈ, ਉਸਦਾ ਗ਼ਲਤ ਇਸਤੇਮਾਲ ਕਰਨ ਦੀ ਕੋਈ ਵੀ ਕੋਸ਼ਿਸ਼ ਨਿੰਦਣਯੋਗ ਹੈ।"
"ਸ਼ਰਨ ਪ੍ਰਣਾਲੀ ਮਜ਼ਬੂਤ ਸੁਰੱਖਿਆ ਉਪਾਅ 'ਤੇ ਆਧਾਰਿਤ ਹੈ ਤਾਂ ਜੋ ਹਰ ਅਰਜ਼ੀ ਦੀ ਸਖ਼ਤੀ ਅਤੇ ਨਿਆਂਸੰਗਤ ਤਰੀਕੇ ਨਾਲ ਜਾਂਚ ਹੋ ਸਕੇ।"
"ਸੁਰੱਖਿਆ ਸਿਰਫ਼ ਉਨ੍ਹਾਂ ਨੂੰ ਹੀ ਦਿੱਤੀ ਜਾਂਦੀ ਹੈ ਜੋ ਤੈਅ ਮਾਪਦੰਡਾਂ 'ਤੇ ਖਰੇ ਉਤਰਦੇ ਹਨ। ਗ਼ਲਤ ਇਸਤੇਮਾਲ ਨੂੰ ਸਰਗਰਮੀ ਨਾਲ ਬੇਨਕਾਬ ਕੀਤਾ ਜਾਂਦਾ ਹੈ ਅਤੇ ਪ੍ਰਕਿਰਿਆਵਾਂ ਦੀ ਲਗਾਤਾਰ ਸਮੀਖਿਆ ਕੀਤੀ ਜਾਂਦੀ ਹੈ ਤਾਂ ਜੋ ਇਸਨੂੰ ਰੋਕਿਆ ਜਾ ਸਕੇ।"
ਮਾਰਚ ਵਿੱਚ, ਹੋਮ ਸਕੱਤਰ ਸ਼ਬਾਨਾ ਮਹਿਮੂਦ ਨੇ ਯੂਕੇ ਦੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਵੱਡੇ ਬਦਲਾਅ ਦਾ ਐਲਾਨ ਕੀਤਾ, ਜਿਸ ਦੇ ਤਹਿਤ ਹੁਣ ਯੂਕੇ ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਸਿਰਫ਼ ਅਸਥਾਈ ਸੁਰੱਖਿਆ ਹੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਕੇਸਾਂ ਦੀ ਹਰ 30 ਮਹੀਨੇ ਬਾਅਦ ਸਮੀਖਿਆ ਕੀਤੀ ਜਾਵੇਗੀ।
ਇੱਕ ਦਿਨ ਬਾਅਦ, ਸਾਡੇ ਗੁਪਤ ਰਿਪੋਰਟਰ ਨਾਲ ਮੀਟਿੰਗ ਦੌਰਾਨ, ਤਨੀਸ਼ਾ ਨੇ ਭਰੋਸੇ ਨਾਲ ਕਿਹਾ ਕਿ ਇਹ ਬਦਲਾਅ ਨਕਲੀ ਸਬੂਤਾਂ ਦੇ ਆਧਾਰ 'ਤੇ ਸ਼ਰਨ ਲੈਣ ਨੂੰ ਹੋਰ ਔਖਾ ਨਹੀਂ ਬਣਾਉਣਗੇ।
ਪਰ ਉਸ ਨੇ ਇਹ ਗੱਲ ਇਸ ਤਰ੍ਹਾਂ ਕਹੀ ਜਿਵੇਂ ਉਹ ਰਿਪੋਰਟਰ ਨੂੰ ਆਪਣੀ ਅਰਜ਼ੀ ਵਿੱਚ ਦੇਰੀ ਨਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ।
ਉਸ ਨੇ ਚੇਤਾਵਨੀ ਦਿੱਤੀ, "ਉਹ ਹੁਣ ਇਹ ਕਰ ਚੁੱਕੇ ਹਨ। ਕੌਣ ਜਾਣਦਾ ਹੈ ਕਿ ਕੱਲ੍ਹ ਜਾਂ ਪਰਸੋਂ ਉਹ ਹੋਰ ਕੀ ਕਰ ਸਕਦੇ ਹਨ?"
ਮੀਟਿੰਗ ਦੇ ਅਖ਼ੀਰ ਵਿੱਚ ਜਦੋਂ ਮਾਹੌਲ ਹਲਕਾ ਹੋ ਗਿਆ, ਤਾਂ ਉਸ ਨੇ ਆਪਣੇ ਕਲਾਇੰਟ ਨੂੰ ਇੱਕ ਬੇਨਤੀ ਵੀ ਕੀਤੀ।
"ਜੇ ਤੁਹਾਨੂੰ ਭਵਿੱਖ ਵਿੱਚ ਕਿਸੇ ਨੂੰ ਮਦਦ ਦੀ ਲੋੜ ਹੋਵੇ, ਤਾਂ ਤੁਸੀਂ ਉਸਨੂੰ ਮੇਰੇ ਕੋਲ ਲਿਆਓਗੇ, ਹੈ ਨਾ?"
ਸੰਪਰਕ ਕਰੋ – politicsinvestigations@bbc.co.uk
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ