You’re viewing a text-only version of this website that uses less data. View the main version of the website including all images and videos.
ਕੈਨੇਡਾ 'ਚ ਪੰਜਾਬੀ ਮੂਲ ਦੀ ਰੇਡੀਓ ਅਤੇ ਟੀਵੀ ਹੋਸਟ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਹੋਈ ਸਜ਼ਾ, ਕੌਣ ਹੈ ਸੁਖਵਿੰਦਰ ਕੌਰ ਸੰਘਾ
ਕੈਨੇਡਾ ਵਿੱਚ ਇੱਕ ਪੰਜਾਬੀ ਮੂਲ ਦੀ ਮਹਿਲਾ ਸੁਖਵਿੰਦਰ ਕੌਰ ਸੰਘਾ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸਾਢੇ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੰਘਾ, ਕੈਨੇਡਾ ਦੇ ਪੰਜਾਬੀ ਮੀਡੀਆ ਅਦਾਰਿਆਂ ਵਿੱਚ ਕੰਮ ਕਰਦੀ ਰਹੀ ਹੈ।
ਉਸ ਨੂੰ 108 ਕਿਲੋ ਗ੍ਰਾਮ ਮੈਥਾਫੈਂਟੇਮਾਈਨ ਦੀ ਯੂਐਸ ਤੋਂ ਕੈਨੇਡਾ ਵਿੱਚ ਤਸਕਰੀ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ। ਕੈਨੇਡਾ ਦੇ ਮੀਡੀਆ ਅਦਾਰੇ ਸੀਬੀਸੀ ਦੀ ਰਿਪੋਰਟ ਮੁਤਾਬਕ, ਸੰਘਾ ਨੂੰ 10 ਅਪ੍ਰੈਲ ਨੂੰ ਨਿਊ ਵੈਸਟਮਿੰਸਟਰ ਵਿੱਚ ਬੀ.ਸੀ ਸੁਪਰੀਮ ਨੇ ਸਜ਼ਾ ਸੁਣਾਈ ਹੈ।
ਅਦਾਲਤ ਨੇ ਫ਼ੈਸਲੇ ਵਿੱਚ ਕਿਹਾ ਕਿ ਸੰਘਾ ਨੇ ਇਹ ਦਾਅਵਾ ਕਰਕੇ 'ਝੂਠਾ ਬਿਆਨ' ਦਿੱਤਾ ਸੀ ਕਿ ਉਸ ਨੂੰ ਡਰੱਗ ਤਸਕਰੀ ਕਰਨ ਲਈ ਧਮਕਾਇਆ ਗਿਆ ਅਤੇ ਮਜਬੂਰ ਕੀਤਾ ਗਿਆ ਸੀ।
ਕੌਣ ਹੈ ਸੁਖਵਿੰਦਰ ਕੌਰ ਸੰਘਾ?
ਕੈਨੇਡੀਅਨ ਮੀਡੀਆ ਤੋਂ ਆਈਆਂ ਰਿਪੋਰਟਾਂ ਮੁਤਾਬਕ, ਪੰਜਾਬੀ ਮੂਲ ਦੀ ਸੁਖਵਿੰਦਰ ਕੌਰ ਸੰਘਾ ਬ੍ਰਿਟਿਸ਼ ਕੋਲੰਬੀਆ ਦੀ ਰਹਿਣ ਵਾਲੀ ਹੈ ਅਤੇ ਕੈਨੇਡਾ ਵਿੱਚ ਪੰਜਾਬੀ ਮੀਡੀਆ ਹੋਸਟ ਰਹੀ ਹੈ।।
ਇਸ ਮਾਮਲੇ ਦੇ ਫ਼ੈਸਲੇ ਵਿੱਚ ਵੀ ਸੰਘਾ ਬਾਰੇ ਦੱਸਿਆ ਗਿਆ ਹੈ ਕਿ ਸੰਘਾ ਦੀ ਉਮਰ 47 ਸਾਲ ਹੈ। ਉਸ ਦਾ ਜਨਮ ਪ੍ਰਿੰਸ ਜੌਰਜ ਵਿੱਚ ਹੋਇਆ ਸੀ। ਉਸ ਕੋਲ ਵੈਸਟ ਕੋਸਟ ਕਾਲਜ ਆਫ ਹੈਲਥ ਕੇਅਰ ਤੋਂ ਫਾਰਮੇਸੀ ਟੈਕਨੀਸ਼ੀਅਨ ਦਾ ਡਿਪਲੋਮਾ ਹੈ, ਪਰ ਇਸ ਖੇਤਰ ਵਿਚ ਉਹ ਹੁਣ ਕੰਮ ਨਹੀਂ ਕਰਦੀ।
ਫ਼ੈਸਲੇ ਵਿੱਚ ਦੱਸਿਆ ਗਿਆ ਹੈ ਕਿ ਉਸ ਨੇ ਤਕਰੀਬਨ ਦਸ ਸਾਲ ਤੱਕ ਪੰਜਾਬੀ ਰੇਡੀਓ ਅਤੇ ਟੀਵੀ ਵਿੱਚ ਕੰਮ ਕੀਤਾ ਹੈ। ਫ਼ੈਸਲੇ ਵਿੱਚ ਲਿਖਿਆ ਹੈ ਕਿ ਸੰਘਾ ਦੀ ਗਵਾਹੀ ਮੁਤਾਬਕ, ਉਸ ਨੇ ਜੁਰਮ ਸਬੰਧੀ ਖ਼ਬਰਾਂ ਕਵਰ ਕੀਤੀਆਂ ਹਨ ਜਿਨ੍ਹਾਂ ਵਿੱਚ ਗੈਂਗਾਂ ਅਤੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਸਮੱਸਿਆ ਬਾਰੇ ਖ਼ਬਰਾਂ ਸ਼ਾਮਲ ਹਨ। ਉਸ ਨੇ ਕਈ ਮੰਤਰੀਆਂ, ਸਿਤਾਰਿਆਂ, ਪੁਲਿਸ ਅਫਸਰਾਂ ਦੀਆਂ ਇੰਟਰਵਿਊਜ਼ ਵੀ ਕੀਤੀਆਂ। ਫ਼ੈਸਲੇ ਦੀ ਕਾਪੀ ਵਿੱਚ ਲਿਖਿਆ ਗਿਆ ਹੈ ਕਿ ਸੰਘਾ ਮੁਤਾਬਕ ਉਸ ਨੇ ਭਾਈਚਾਰੇ ਵਿੱਚ ਨੌਜਵਾਨਾਂ ਸਬੰਧੀ ਜੁਰਮ ਅਤੇ ਨਸ਼ੇ ਦੇ ਮਸਲੇ 'ਤੇ ਜਾਗਰੂਕਤਾ ਲਿਆਉਣ ਲਈ ਰੈਲੀ ਦਾ ਪ੍ਰਬੰਧ ਕਰਨ ਵਿੱਚ ਵੀ ਮਦਦ ਕੀਤੀ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਸੰਘਾ ਨੂੰ ਸਾਲ 2002 ਵਿੱਚ 5000 ਡਾਲਰ ਤੋਂ ਘੱਟ ਦੀ ਚੋਰੀ ਦੇ ਇੱਕ ਮਾਮਲੇ ਵਿੱਚ ਵੀ ਦੋਸ਼ੀ ਪਾਇਆ ਗਿਆ ਸੀ ਜਦੋਂ ਉਹ 23 ਸਾਲ ਦੀ ਸੀ। ਪ੍ਰੀ-ਸੈਂਟੈਂਸ ਰਿਪੋਰਟ ਮੁਤਾਬਕ, ਉਸ ਨੇ ਆਪਣੇ ਪਿਛਲੇ ਜੁਰਮ ਦਾ ਕਾਰਨ ਫ਼ੈਸਲੇ ਲੈਣ ਦੀ ਮਾੜੀ ਯੋਗਤਾ, ਸਾਥੀਆਂ ਦੇ ਦਬਾਅ ਅਤੇ 'ਬੁਲਿੰਗ' ਨੂੰ ਦੱਸਿਆ।
ਸੰਘਾ, ਤਲਾਕਸ਼ੁਦਾ ਹੈ ਅਤੇ ਉਸ ਦੇ ਤਿੰਨ ਬੇਟੇ ਹਨ ਜੋ ਕਿ ਸਾਰੇ ਹੀ ਹੁਣ ਉਮਰ ਦੇ ਵੀਹਵਿਆਂ ਵਿੱਚ ਹਨ।
ਕਿਸ ਮਾਮਲੇ ਵਿੱਚ ਅਤੇ ਕਿਵੇਂ ਫੜੀ ਗਈ ਸੰਘਾ ?
ਸੁਖਵਿੰਦਰ ਕੌਰ ਸੰਘਾ ਨੂੰ ਅਕਤੂਬਰ 2021 ਵਿੱਚ ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
10 ਅਪ੍ਰੈਲ ਨੂੰ ਸੁਣਾਏ ਫ਼ੈਸਲੇ 'ਚ ਸਜ਼ਾ ਦੇ ਕਾਰਨਾਂ ਵਿੱਚ ਜਸਟਿਸ ਜੌਹਨ ਗਿਬ-ਕਾਰਸਲੇ ਨੇ ਕਿਹਾ ਹੈ ਕਿ ਸੁਖਵਿੰਦਰ ਕੌਰ ਸੰਘਾ ਨੂੰ 18 ਅਕਤੂਬਰ, 2021 ਨੂੰ ਫਲੋਰਿਡਾ ਨੰਬਰ ਦੀ ਇੱਕ ਕਿਰਾਏ ਦੀ ਗੱਡੀ ਵਿੱਚ ਪੈਸਿਫਿਕ ਬਾਰਡਰ ਕਰੌਸਿੰਗ 'ਤੇ ਰੋਕਿਆ ਗਿਆ, ਜਿੱਥੇ ਉਸ ਨੇ ਸੁਰੱਖਿਆ ਮੁਲਾਜ਼ਮਾਂ ਨੂੰ ਆਪਣਾ ਕੈਨੇਡੀਅਨ ਪਾਸਪੋਰਟ ਦਿਖਾਇਆ ਅਤੇ ਦੱਸਿਆ ਕਿ ਉਹ ਆਪਣੀ ਕਿਸੇ ਰਿਸ਼ਤੇਦਾਰ ਦੀਆਂ ਅੰਤਿਮ ਰਸਮਾਂ ਲਈ ਕੱਲ੍ਹ ਵਾਸ਼ਿੰਗਟਨ ਸਟੇਟ ਗਈ ਸੀ।
"ਜਦੋਂ ਸੰਘਾ ਨੂੰ ਕਾਰ ਦੀ ਸੈਕੰਡਰੀ ਸਰਚ ਲਈ ਸੂਚਿਤ ਕੀਤਾ ਗਿਆ ਤਾਂ ਥੋੜ੍ਹਾ ਸਹਿਯੋਗ ਕਰਨ ਬਾਅਦ ਉਹ ਤੇਜ਼ ਰਫਤਾਰ ਵਿੱਚ ਗੱਡੀ ਉੱਥੋਂ ਭਜਾ ਕੇ ਲੈ ਗਈ। ਸੰਘਾ ਦਾ ਪਿੱਛਾ ਕਰਦਿਆਂ ਉਸ ਨੂੰ ਸਰੀ ਦੀ 16 ਐਵੀਨਿਊ ਤੋਂ ਫੜ੍ਹ ਲਿਆ ਗਿਆ ਸੀ।"
ਅਦਾਲਤ ਮੁਤਾਬਕ, ਫੜ੍ਹੇ ਜਾਣ ਬਾਅਦ ਗੱਡੀ ਦੀ ਤਲਾਸ਼ੀ ਦੌਰਾਨ ਚਾਰ ਬੈਗਾਂ ਵਿੱਚੋਂ 108 ਕਿਲੋਗ੍ਰਾਮ ਮੈਥਾਫੈਂਟੇਮਾਈਨ ਬਰਾਮਦ ਹੋਈ ਜਿਸ ਦੀ ਅਨੁਮਾਨਿਤ ਕੀਮਤ ਇੱਕ ਮਿਲੀਅਨ ਡਾਲਰ ਤੋਂ 10 ਮਿਲੀਅਨ ਡਾਲਰ ਤੱਕ ਦੱਸੀ ਗਈ।
ਅਦਾਲਤ ਮੁਤਾਬਕ,ਸਾਲ 2024 ਵਿੱਚ ਉਸ ਨੂੰ ਗੁਨਾਹ ਕਬੂਲ ਕਰ ਲਿਆ ਸੀ।
ਫ਼ੈਸਲਾ ਸੁਣਾਉਣ ਵੇਲੇ ਅਦਾਲਤ ਦੀਆਂ ਟਿੱਪਣੀਆਂ
ਫ਼ੈਸਲਾ ਸੁਣਾਉਂਦਿਆਂ ਜੱਜ ਨੇ ਕੁਝ ਸਖਤ ਟਿੱਪਣੀਆਂ ਵੀ ਕੀਤੀਆਂ। ਜਿਵੇਂ ਕਿ ਉਨ੍ਹਾਂ ਕਿਹਾ ਕਿ ਸੰਘਾ ਦਾ ਝੂਠਾ ਬਿਆਨ, ਉਨ੍ਹਾਂ ਦੇ ਪਛਤਾਵੇ ਨੂੰ ਰੱਦ ਕਰਦਾ ਹੈ ਜੋ ਕਿ ਉਨ੍ਹਾਂ ਦੇ ਗੁਨਾਹ ਕਬੂਲਣ ਨਾਲ ਜ਼ਾਹਿਰ ਹੁੰਦਾ ਸੀ।
ਜੱਜ ਨੇ ਆਪਣੇ ਫ਼ੈਸਲੇ ਵਿੱਚ ਲਿਖਿਆ,"ਮੈਂ ਉਮੀਦ ਕਰਦਾ ਹਾਂ ਕਿ ਸੰਘਾ ਨੂੰ ਪਛਤਾਵਾ ਹੈ ਕਿਉਂਕਿ ਹੁਣ ਉਹ ਫੜੀ ਗਈ ਹੈ ਅਤੇ ਉਸ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ, ਪਰ ਇਹ ਆਪਣੇ ਅਪਰਾਧਿਕ ਵਿਹਾਰ ਲਈ ਪਛਤਾਵਾ ਹੋਣ ਤੋਂ ਵੱਖਰਾ ਹੈ।"
ਫੋਨ ਦੇ ਟੈਕਸਟ ਮੈਸੇਜਾਂ ਨੂੰ ਸਬੂਤ ਵਜੋਂ ਦੇਖਦਿਆਂ ਜੱਜ ਨੂੰ ਭਰੋਸਾ ਹੋਇਆ ਕਿ ਸੰਘਾ ਇਸ ਨਸ਼ਾ ਤਸਕਰੀ ਵਿੱਚ 'ਭਰੋਸੇਮੰਦ ਅਤੇ ਸਵੈ-ਇਛੁੱਕ' ਹਿੱਸੇਦਾਰ ਸੀ, ਨਾ ਕਿ 'ਪੀੜਤ' ਜਿਸ ਨੂੰ ਜ਼ਬਰਦਸਤੀ ਅਜਿਹਾ ਕਰਨ ਲਈ ਕਿਹਾ ਗਿਆ ਹੋਵੇ।
ਫ਼ੈਸਲੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ,"ਸੰਘਾ ਦੀ ਆਪਣੇ ਭਾਈਚਾਰੇ ਵਿੱਚ ਪੰਜਾਬੀ ਰੇਡੀਓ ਅਤੇ ਟੀਵੀ ਹੋਸਟ ਵਜੋਂ ਕੁਝ ਸੈਲੇਬ੍ਰਿਟੀ ਪ੍ਰੋਫਾਈਲ ਵੀ ਹੈ। ਤੁਹਾਨੂੰ ਸਜ਼ਾ ਦੇਣ ਵਿੱਚ ਮੈਨੂੰ ਕੋਈ ਖੁਸ਼ੀ ਨਹੀਂ ਮਿਲ ਰਹੀ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਹ ਸੁਣਿਆ ਅਤੇ ਸਮਝਿਆ ਹੋਵੇਗਾ ਕਿ ਗੈਰ-ਕਾਨੂੰਨੀ ਨਸ਼ਿਆਂ ਦੀ ਤਸਕਰੀ ਨਾਲ ਬਹੁਤ ਵੱਡੇ ਖ਼ਤਰੇ, ਡਰ ਅਤੇ ਨਤੀਜੇ ਜੁੜੇ ਹੋਏ ਹਨ। ਇਹ ਕੋਈ ਅਜਿਹਾ ਅਪਰਾਧ ਨਹੀਂ ਜਿਸ ਵਿੱਚ ਪੀੜਤ ਨਾ ਹੋਣ।"
ਅਦਾਲਤ ਨੇ ਫ਼ੈਸਲੇ ਦੇ ਕਾਰਨਾਂ ਵਿੱਚ ਇਹ ਵੀ ਕਿਹਾ ਹੈ ਕਿ ਸੁਖਵਿੰਦਰ ਕੌਰ ਸੰਘਾ ਨੂੰ ਸੁਣਾਈ ਗਈ ਸਜ਼ਾ ਇਨ੍ਹਾਂ ਅਪਰਾਧਾਂ ਲਈ ਇਸ ਅਦਾਲਤ ਵੱਲੋਂ ਦਿੱਤੀਆਂ ਜਾਂਦੀਆਂ ਸਜ਼ਾਵਾਂ ਦੇ ਦਾਇਰੇ ਤੋਂ ਥੋੜ੍ਹੀ ਹੈ, ਕਿਉਂਕਿ ਹਰ ਸਜ਼ਾ ਵਿਅਕਤੀਗਤ ਕੇਸ ਮੁਤਾਬਕ ਤੈਅ ਕੀਤੀ ਜਾਂਦੀ ਹੈ।
ਅਦਾਲਤ ਨੇ ਮਹਿਸੂਸ ਕੀਤਾ ਕਿ ਸੰਘਾ ਦੇ ਨਿੱਜੀ ਹਾਲਾਤ ਅਜਿਹੀ ਸਜ਼ਾ ਦੀ ਮੰਗ ਕਰਦੇ ਹਨ ਜੋ ਨਿਰਧਾਰਤ ਸੀਮਾ ਦੇ ਹੇਠਲੇ ਪੱਧਰ ਤੋਂ ਵੀ ਥੋੜ੍ਹੀ ਹੋਵੇ। ਜੱਜ ਨੇ ਇਹ ਵੀ ਕਿਹਾ, "ਮੈਂ ਇਸ ਨੂੰ ਮੁੱਖ ਤੌਰ 'ਤੇ ਨਸ਼ਾ ਤਸਕਰੀ ਸੰਗਠਨ ਵਿੱਚ ਉਸ ਦੀ ਘੱਟ ਮਹੱਤਵਪੂਰਨ ਭੂਮਿਕਾ ਅਤੇ ਉਸ ਦੀ ਕੈਦ ਕਾਰਨ ਉਸ ਦੇ ਪਰਿਵਾਰ ਅਤੇ ਭਵਿੱਖ 'ਤੇ ਪੈਣ ਵਾਲੀ ਮੁਸ਼ਕਲ ਦੇ ਅਧਾਰ 'ਤੇ ਦੇਖਦਾ ਹਾਂ। "
ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਇਹ ਵੀ ਕਿਹਾ, "ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀ ਕੈਦ ਦੇ ਸਮੇਂ ਨੂੰ ਉਸਾਰੂ ਅਤੇ ਸਕਰਾਤਮਕਤਾ ਨਾਲ ਵਰਤੋਗੇ ਤਾਂ ਕਿ ਅਪਰਾਧਿਕ ਨਿਆਂ ਪ੍ਰਣਾਲੀ ਨਾਲ ਇਹ ਤੁਹਾਡਾ ਆਖ਼ਰੀ ਵਾਸਤਾ ਹੋਵੇ "
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ