You’re viewing a text-only version of this website that uses less data. View the main version of the website including all images and videos.
ਕਿਵੇਂ ਇਸ ਸ਼ਖਸ ਦੇ ਖ਼ੁਰਾਫ਼ਾਤ ਦਿਮਾਗ ਨੇ ਕੈਲੀਫੋਰਨੀਆ ਅੰਦਰ ਇੱਕ ਨਵਾਂ ਮੁਲਕ ਹੀ ਬਣਾ ਦਿੱਤਾ, ਜਿਸਦਾ ਆਪਣਾ ਪਾਸਪੋਰਟ, ਕਰੰਸੀ ਤੇ ਰੂਲ ਹਨ
- ਲੇਖਕ, ਮੈਗੀ ਡਾਊਨਜ਼
- ਰੋਲ, ਬੀਬੀਸੀ ਟ੍ਰੈਵਲ
- ਪੜ੍ਹਨ ਦਾ ਸਮਾਂ: 9 ਮਿੰਟ
ਕੈਲੀਫੋਰਨੀਆ ਦੀ ਕੋਚੇਲਾ ਵੈਲੀ 'ਚ ਸਥਿਤ ਖਜੂਰਾਂ ਦੇ ਬਾਗਾਂ ਅਤੇ ਮੈਕਸੀਕੋ ਬਾਰਡਰ ਵਿਚਾਲੇ ਜਿੱਥੇ ਤੱਕ ਨਜ਼ਰ ਜਾਂਦੀ ਹੈ, ਰੇਗੀਸਤਾਨ ਹੀ ਨਜ਼ਰ ਆਉਂਦਾ ਹੈ। ਇਹ ਇਲਾਕਾ ਕੰਡਿਆਲੀ ਝਾੜੀਆਂ ਨਾਲ ਘਿਰਿਆ ਹੋਇਆ, ਹਵਾ 'ਚ ਕੀੜਿਆਂ ਦੀ ਆਵਾਜ਼ ਸੁਣਾਈ ਦਿੰਦੀ ਹੈ ਅਤੇ ਦੂਰ ਇੱਕ ਪਨਡੁੱਬੀ ਨਜ਼ਰ ਆਉਂਦੀ ਹੈ।
ਇਹ ਹੈ ਰਿਪਬਲਿਕ ਆਫ ਸਲੋਜਮਾਸਤਾਨ ਜੋ ਦੁਨੀਆ ਦਾ ਸਭ ਤੋਂ ਨਵਾਂ ਬਣਿਆ ਮਾਈਕ੍ਰੋਨੇਸ਼ਨ ਹੈ। ਕਰੀਬ ਸਾਢੇ ਚਾਰ ਹੈਕਟੇਅਰ 'ਚ ਫੈਲਿਆ ਇਹ ਇੱਕ ਅਜਿਹਾ ਇਲਾਕਾ ਹੈ, ਜਿਸਨੂੰ ਇੱਥੋਂ ਲੰਘਣ ਵਾਲੇ ਡਰਾਈਵਰ ਅਕਸਰ ਨਜ਼ਰਅੰਦਾਜ਼ ਕਰ ਜਾਂਦੇ ਹਨ।
ਹਾਲਾਂਕਿ ਜਦੋਂ ਤੁਸੀਂ ਇਸ ਅੰਦਰ ਕਦਮ ਰੱਖਦੇ ਹੋ ਤਾਂ ਮੰਨੋ ਅਸਲ ਦੁਨੀਆ ਜਿਵੇਂ ਗਾਇਬ ਹੀ ਹੋ ਜਾਂਦੀ ਹੈ। ਇਸ 'ਮੁਲਕ' 'ਚ ਕ੍ਰੋਕਸ (ਪਲਾਸਟਿਕ ਦੀਆਂ ਚੱਪਲਾਂ ਦਾ ਬ੍ਰਾਂਡ) ਨੂੰ ਸੰਵਿਧਾਨਕ ਤੌਰ 'ਤੇ ਬੈਨ ਕੀਤਾ ਗਿਆ ਹੈ।
ਇੱਕ ਤੋਂ ਵੱਧ ਲੋਕਾਂ ਨੂੰ ਮੇਲ ਭੇਜਣਾ ਗੈਰ-ਕਾਨੂੰਨੀ ਹੈ। ਤੇਜ਼ ਗੱਡੀ ਚਲਾਉਣ ਦੀ ਇਜਾਜ਼ਤ ਹੈ ਪਰ ਸਿਰਫ਼ ਉਦੋਂ ਜਦੋਂ ਤੁਸੀਂ ਟਾਕੋਸ (ਮੈਕਸੀਕਨ ਡਿਸ਼) ਲੈਕੇ ਘਰ ਜਾ ਰਹੇ ਹੋਵੋ। ਇਸ ਦੇਸ਼ ਦਾ ਕੌਮੀ ਜਾਨਵਰ ਰਕੂਨ ਹੈ।
ਅਤੇ ਇਸ ਸਭ ਦਾ ਕੇਂਦਰ ਹੈ ਰੈਂਡੀ ਵਿਲੀਅਮਜ਼, ਜਿਸ ਨੂੰ "ਸੁਲਤਾਨ ਆਫ ਸਲੋਜਮਾਸਤਾਨ" ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।
ਜਦੋਂ ਉਹ ਕੋਯੋਟ, ਇਗੁਆਨਾ ਅਤੇ ਲਗਭਗ 25,000 "ਨਾਗਰਿਕਾਂ" 'ਤੇ ਆਪਣਾ ਰਾਜ ਨਹੀਂ ਕਰ ਰਹੇ ਹੁੰਦੇ, ਜੋ ਇਸ ਰੇਗਿਸਤਾਨੀ ਤਾਨਾਸ਼ਾਹੀ ਨੂੰ ਆਪਣਾ ਘਰ ਮੰਨਦੇ ਹਨ ਤਾਂ ਉਹ ਸੈਨ ਡਿਏਗੋ ਦੇ ਰੇਡੀਓ ਸਟੇਸ਼ਨਾਂ Z90 ਅਤੇ Magic 92.5 ਦੇ ਪ੍ਰੋਗਰਾਮ ਡਾਇਰੈਕਟਰ ਹੁੰਦੇ ਹਨ, ਜਿੱਥੇ ਉਹ "ਆਰ ਡੱਬ" ਦੇ ਨਾਮ ਨਾਲ ਮਸ਼ਹੂਰ ਹਨ।
1994 ਤੋਂ, ਉਹ "ਸੰਡੇ ਨਾਈਟ ਸਲੋ ਜੈਮਸ" ਨਾਮਕ ਰੇਡੀਓ ਪ੍ਰੋਗਰਾਮ ਕਰਦੇ ਹਨ, ਜੋ ਦੁਨੀਆ ਭਰ ਦੇ 250 ਤੋਂ ਵੱਧ ਸਟੇਸ਼ਨਾਂ 'ਤੇ ਪ੍ਰਸਾਰਿਤ ਹੁੰਦਾ ਹੈ।
ਵਿਲੀਅਮਜ਼, ਜਿਨ੍ਹਾਂ ਨੂੰ ਟ੍ਰੈਵਲ ਕਰਨ ਦਾ ਜਨੂੰਨ ਹੈ, ਉਨ੍ਹਾਂ ਨੇ ਸੰਯੁਕਤ ਰਾਸ਼ਟਰ ਵੱਲੋਂ ਮਾਨਤਾ ਪ੍ਰਾਪਤ ਹਰ ਇੱਕ ਮੁਲਕ ਘੁੰਮਣ ਦਾ ਟੀਚਾ ਮਿੱਥਿਆ ਹੋਇਆ ਸੀ। 2020 ਤੱਕ ਸਿਰਫ਼ ਇੱਕ ਮੁਲਕ ਦੀ ਯਾਤਰਾ ਕਰਨੀ ਬਾਕੀ ਸੀ ਪਰ ਉਸ ਸਮੇਂ ਪੂਰੀ ਦੁਨੀਆ 'ਚ ਲੌਕਡਾਊਨ ਲੱਗ ਗਿਆ।
ਦੁਨੀਆ ਭਰ 'ਚ ਫੈਲੀ ਮਹਾਮਾਰੀ ਦੌਰਾਨ ਹੋਰਨਾਂ ਫਸੇ ਹੋਏ ਲੋਕਾਂ ਦੀ ਤਰ੍ਹਾਂ ਵਿਲੀਅਮਜ਼ ਵੀ ਬੇਚੈਨ ਸਨ। ਉਨ੍ਹਾਂ ਕੋਲ ਬਹੁਤ ਸਮਾਂ ਸੀ ਪਰ ਉਹ ਕਿਤੇ ਜਾ ਨਹੀਂ ਸਕਦੇ ਸਨ ਪਰ ਉਨ੍ਹਾਂ ਦਾ ਦਿਮਾਗ ਤੇਜ਼ੀ ਨਾਲ ਦੌੜ ਰਿਹਾ ਸੀ।
ਉਦੋਂ ਉਨ੍ਹਾਂ ਦੇ ਦਿਮਾਗ 'ਚ ਖਿਆਲ ਆਇਆ, "ਜੇ ਮੈਂ ਕਿਸੇ ਹੋਰ ਮੁਲਕ ਨਹੀਂ ਜਾ ਸਕਦਾ ਤਾਂ ਕਿਉਂ ਨਾ ਇੱਕ ਨਵਾਂ ਮੁਲਕ ਬਣਾ ਲਵਾਂ।"
ਨਕਲੀ ਤਾਨਾਸ਼ਾਹ ਕਿਵੇਂ ਬਣਿਆ ਜਾਵੇ
"ਬਚਪਨ ਤੋਂ ਹੀ ਮੈਨੂੰ ਰਚਨਾਤਮਕ ਕੰਮ ਕਰਨ ਦਾ ਸ਼ੌਕ ਸੀ, ਚਾਹੇ ਉਹ ਲਿਖਣਾ ਹੋਵੇ, ਚਿੱਤਰ ਬਣਾਉਣਾ ਹੋਵੇ, ਫੋਟੋਗ੍ਰਾਫੀ ਕਰਨੀ ਹੋਵੇ ਜਾਂ ਸਕੂਲ ਦੇ ਪ੍ਰੋਜੈਕਟ ਬਣਾਉਣੇ ਹੋਣ। ਇਸ ਲਈ ਇਹ ਮੈਨੂੰ ਸਭ ਤੋਂ ਵਧੀਆ ਲੱਗਿਆ।"
ਸੁਲਤਾਨ ਨੇ ਮੈਨੂੰ ਆਪਣੇ ਦਫ਼ਤਰ (ਰੇਡੀਓ ਸਟੇਸ਼ਨ ਵਿੱਚ ਉਸਦਾ ਕੌਂਸੁਲੇਟ) ਵਿੱਚ ਦੱਸਿਆ, ਜਿੱਥੇ ਉਸ ਕੋਲ ਦੁਨੀਆ ਭਰ ਦੀਆਂ ਮੌਜੂਦਾ ਤਾਨਾਸ਼ਾਹੀਆਂ ਦੀ ਪ੍ਰਚਾਰ ਸਮੱਗਰੀ ਦਾ ਸੰਗ੍ਰਹਿ ਹੈ। "ਮੈਂ ਆਪਣੀ ਸਾਰੀ ਰਚਨਾਤਮਕ ਊਰਜਾ ਇਸ 'ਤੇ ਕੇਂਦਰਿਤ ਕਰ ਸਕਦਾ ਸੀ।"
ਉਨ੍ਹਾਂ ਨੇ ਆਪਣੇ ਸਭ ਤੋਂ ਕਰੀਬੀ ਦੋਸਤ ਮਾਰਕ ਕੋਰੋਨਾ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦੇ ਦਿਮਾਗ 'ਚ ਕੀ ਚੱਲ ਰਿਹਾ। ਕੋਰੋਨਾ ਹੱਸ ਪਏ।
ਉਹ ਕਹਿੰਦੇ ਹਨ, "ਮੇਰੇ ਮਨ ਵਿੱਚ ਸਿਰਫ਼ 'ਫੈਮਿਲੀ ਗਾਏ' (ਇੱਕ ਵਿਅੰਗਾਤਮਕ ਐਨੀਮੇਟਿਡ ਸੀਰੀਜ਼) ਦਾ ਇੱਕ ਐਪੀਸੋਡ ਆਇਆ, ਜਿਸ ਵਿੱਚ ਪੀਟਰ (ਮੁੱਖ ਪਾਤਰ) ਆਪਣਾ ਦੇਸ਼ 'ਪੇਟੋਰੀਆ' ਬਣਾਉਂਦਾ ਹੈ। "ਮੈਂ ਅੱਖਾਂ ਘੁਮਾਈਆਂ ਅਤੇ ਕਿਹਾ, 'ਠੀਕ ਹੈ ਯਾਰ, ਇਹ ਦੇਸ਼ ਹੋਵੇਗਾ ਕਿੱਥੇ? ਤੇਰੇ ਘਰ ਵਿੱਚ?'"
ਪਰ ਵਿਲੀਅਮਜ਼ ਡਟੇ ਰਹੇ। ਉਨ੍ਹਾਂ ਨੇ ਇੱਕ ਰੀਅਲ ਐਸਟੇਟ ਵੈਬਸਾਈਟ 'ਤੇ ਆਪਣੀਆਂ ਲੋੜਾਂ ਦੇ ਮੁਤਾਬਕ ਜ਼ਮੀਨ ਲੱਭਣੀ ਸ਼ੁਰੂ ਕੀਤੀ। ਜ਼ਮੀਨ 2 ਹੈਕਟੇਅਰ ਤੋਂ ਵੱਧ ਹੋਣੀ ਚਾਹੀਦੀ ਸੀ ਜੋ ਪੱਕੀ ਸੜਕ ਨਾਲ ਜੁੜੀ ਹੋਵੇ ਅਤੇ ਸੈਨ ਡਿਏਗੋ ਸਥਿਤ ਉਸ ਦੇ ਘਰ ਤੋਂ ਉੱਥੇ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕੇ।
ਸਿਰਫ਼ ਇੱਕ ਪਲਾਟ ਨਜ਼ਰ ਆਇਆ ਜੋ ਝਾੜੀਆਂ ਅਤੇ ਚੱਟਾਨਾਂ ਨਾਲ ਭਰਿਆ ਇੱਕ ਅੱਧ-ਵਿਕਸਿਤ ਰੇਤੀਲਾ ਇਲਾਕਾ ਸੀ ਜਿਸ ਦੀ ਕੀਮਤ 19,500 ਅਮਰੀਕੀ ਡਾਲਰ ਸੀ।
ਵਿਲੀਅਮਜ਼ ਨੇ ਕਿਹਾ, "ਪਹਿਲੀ ਨਜ਼ਰ 'ਚ ਹੀ ਇਹ ਜ਼ਮੀਨ ਪਸੰਦ ਆ ਗਈ।" ਜਿਸ ਤੋਂ ਬਾਅਦ 2021 'ਚ ਉਨ੍ਹਾਂ ਨੇ ਇਹ ਜ਼ਮੀਨ ਖਰੀਦ ਲਈ।
ਵਿਲੀਅਮਜ਼ ਨੇ ਆਪਣੇ ਦੋਸਤ ਕੋਰੋਨਾ ਨੂੰ ਕਿਹਾ ਕਿ ਉਹ ਇੱਕ ਅਜਿਹਾ ਫਰਨੀਚਰ ਲੈਕੇ ਆਵੇ ਜਿਹੋ ਜਿਹਾ ਰਾਸ਼ਟਰਪਤੀ ਇਸਤੇਮਾਲ ਕਰਦੇ ਹਨ ਅਤੇ ਇਸਨੂੰ ਖਰੀਦ ਕੇ ਦੱਖਣੀ ਕੈਲੀਫੋਰਨੀਆ ਭੇਜੇ।
ਉਨ੍ਹਾਂ ਨੇ ਰੇਗਿਸਤਾਨ ਦੇ ਬਿਲਕੁੱਲ ਮੱਧ 'ਚ ਇਹ ਫਰਨੀਚਰ ਲਗਾਇਆ ਅਤੇ ਆਪਣੀ ਜ਼ਮੀਨ ਦੀ ਹੱਦਬੰਦੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਵੱਲੋਂ ਕੈਲੀਫੋਰਨੀਆ ਸਟੇਟ ਹਾਈਵੇ 78 'ਤੇ ਬੋਰਡ ਲਗਾਏ ਗਏ, ਜਿਨ੍ਹਾਂ 'ਤੇ ਉਨ੍ਹਾਂ ਨੇ ਆਪਣੇ ਨਵੇਂ ਦੇਸ਼ ਦਾ ਨਾਮ ਲਿਖਿਆ: "ਰਿਪਬਲਿਕ ਆਫ਼ ਸਲੋਜਮਾਸਤਾਨ।"
ਸ਼ੁਰੂਆਤ 'ਚ ਵਿਲੀਅਮਜ਼ ਨੇ ਇਹ ਨਾਂਅ ਮਜ਼ਾਕ 'ਚ ਸੋਚਿਆ ਸੀ ਪਰ ਬਾਅਦ 'ਚ ਇਸਨੂੰ ਹੀ ਸਥਾਈ ਨਾਂਅ ਰੱਖ ਲਿਆ।
ਹਾਲਾਂਕਿ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਣ 'ਚ ਜ਼ਿਆਦਾ ਸਮਾਂ ਨਹੀਂ ਲੱਗਿਆ। ਬੋਰਡ ਸੜਕ ਦੇ ਬਹੁਤ ਨੇੜੇ ਲਗਾਉਣ ਕਾਰਨ ਉਨ੍ਹਾਂ 'ਤੇ ਜੁਰਮਾਨਾ ਵੀ ਲਾਇਆ ਗਿਆ। ਵਿਲੀਅਮਜ਼ ਨੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਬੋਰਡਾਂ ਨੂੰ ਥੋੜ੍ਹਾ ਪਿੱਛੇ ਕਰ ਦਿੱਤਾ ਪਰ ਉਨ੍ਹਾਂ ਨੇ ਆਪਣੇ ਨਵੇਂ ਮਾਈਕ੍ਰੋਨੇਸ਼ਨ ਦਾ ਦਾਅਵਾ ਕਾਇਮ ਰੱਖਿਆ।
ਕੋਰੋਨਾ ਨੇ ਦੱਸਿਆ, "ਲੋਕ ਇਹ ਵੇਖ ਕੇ ਹੈਰਾਨ ਸਨ ਕਿ ਆਖਿਰ ਇਹ ਹੋ ਕੀ ਰਿਹਾ ਹੈ। ਸ਼ਾਇਦ ਉਨ੍ਹਾਂ ਨੂੰ ਲੱਗਿਆ ਕਿ ਅਸੀਂ ਦਹਿਸ਼ਤਗਰਦ ਹਾਂ ਅਤੇ ਮੇਰੇ ਮੁਤਾਬਕ ਇਸ ਸੋਚ ਨੇ ਅੱਗ 'ਚ ਤੇਲ ਪਾਉਣ ਵਰਗਾ ਕੰਮ ਕੀਤਾ। ਸਾਡੇ ਵੱਲ ਲੋਕਾਂ ਦਾ ਹੋਰ ਧਿਆਨ ਖਿੱਚਿਆ ਗਿਆ।"
ਪਰ ਸੜਕਾਂ ਵਾਲੇ ਬੋਰਡ ਤਾਂ ਸਿਰਫ਼ ਸ਼ੁਰੂਆਤ ਸੀ। ਸਭ ਤੋਂ ਪਹਿਲਾਂ ਇੱਕ ਅਸਥਾਈ ਬਾਰਡਰ ਚੌਂਕੀ ਬਣੀ। ਫਿਰ ਝੰਡੇ ਅਤੇ ਪਾਸਪੋਰਟ ਬਣਾਏ ਗਏ। ਥੋੜ੍ਹੇ ਹੀ ਸਮੇਂ ਵਿੱਚ ਇਹ ਮਾਈਕ੍ਰੋਨੇਸ਼ਨ ਇੱਕ ਅਸਲੀ ਮੁਲਕ ਵਾਂਗ ਦਿਸਣ ਲੱਗ ਪਿਆ।
ਵਿਲੀਅਮਜ਼ ਨੇ ਕਿਹਾ, "ਅਚਾਨਕ ਮੈਂ ਆਪਣੇ ਆਪ ਨੂੰ ਪੁਲਿਸ ਪੈਟਰੋਲ ਕਾਰ, ਸਿੱਕੇ ਅਤੇ ਇਮੀਗ੍ਰੇਸ਼ਨ ਬੂਥ ਖਰੀਦਦੇ ਹੋਏ ਪਾਇਆ।"
ਵਿਲੀਅਮਜ਼ ਨੇ ਆਪਣੇ ਆਪ ਨੂੰ ਸੁਲਤਾਨ ਐਲਾਨਿਆ ਅਤੇ ਸੁਲਤਾਨ ਵਰਗੀ ਹੀ ਪੌਸ਼ਾਕ ਪਾਉਣ ਲੱਗਾ। ਕਾਲੇ ਚਸ਼ਮੇ, ਪ੍ਰੈਸ ਕੀਤੀ ਹੋਈ ਵਰਦੀ ਜਿਸ 'ਤੇ ਬਰੀਕੀ ਨਾਲ ਕੰਮ ਕੀਤਾ ਗਿਆ ਸੀ, ਵਿਲੀਅਮਜ਼ ਮੁਤਾਬਕ ਇਹ ਵਰਦੀ ਤਾਨਾਸ਼ਾਹ ਆਗੂ ਮੁਆਮਰ ਗੱਦਾਫੀ ਦੀ ਫੌਜੀ ਵਰਦੀ ਵਾਂਗ ਸੀ।
ਇਸ ਭੂਮਿਕਾ ਲਈ, ਸੁਲਤਾਨ ਦੀ ਆਵਾਜ਼ ਵੀ ਬਦਲ ਜਾਂਦੀ ਹੈ, ਜਿਸਨੂੰ ਉਹ 'AGE' ਕਹਿੰਦੇ ਹਨ- ਇੱਕ ਵਿਦੇਸ਼ੀ ਜਨਰਲ ਵਾਲਾ ਲਹਿਜ਼ਾ—ਜਿਸ ਵਿੱਚ ਸ਼ਬਦਾਂ ਦਾ ਉਚਾਰਨ ਵੀ ਵੱਖਰੇ ਅੰਦਾਜ਼ 'ਚ ਕੀਤਾ ਜਾਂਦਾ ਹੈ।
ਪੰਜ ਸਾਲਾਂ ਬਾਅਦ, ਸਲੋਜਮਾਸਤਾਨ ਉਨ੍ਹਾਂ ਯਾਤਰੀਆਂ ਨੂੰ ਪਾਸਪੋਰਟ ਜਾਰੀ ਕਰਦਾ ਹੈ ਜੋ ਅਣਅਧਿਕਾਰਤ ਤੌਰ 'ਤੇ ਇਸ ਦੇ ਨਾਗਰਿਕ ਬਣਨਾ ਚਾਹੁੰਦੇ ਹਨ, ਆਪਣੀ ਕਰੰਸੀ ਜਾਰੀ ਕਰਦਾ ਅਤੇ ਝੰਡਾ ਲਹਿਰਾਉਣ ਵਾਲੇ ਸਮਾਗਮ ਕਰਵਾਉਂਦਾ ਹੈ।
ਇਸ ਇਲਾਕੇ ਨੂੰ ਵੱਖ-ਵੱਖ ਰਾਜਾਂ ਵਿੱਚ ਵੰਡਿਆ ਗਿਆ ਹੈ, ਜਿਵੇਂ ਡਬਲੈਂਡੀਆ, ਬਕਸਿਲਵੇਨੀਆ ਅਤੇ ਕਿੰਗਡਮ ਆਫ਼ ਹੋਟਡੈਮਨਸਤਾਨ।
ਸੁਲਤਾਨ ਨੇ ਇੱਕ ਕੌਮੀ ਗੀਤ ਵੀ ਲਿਖਿਆ ਹੈ—"ਸਲੋਜਮਾਸਤਾਨ - ਮੈਨੂੰ ਲੱਗਦਾ ਹੈ ਇਹ ਇੱਕ ਸ਼ਾਨਦਾਰ ਜਗ੍ਹਾ ਬਣੇਗੀ" ਅਤੇ ਇਸਨੂੰ ਐਲਟਨ ਜੌਹਨ ਦੇ ਗੀਤ ਰੌਕੇਟ ਮੈਨ ਦੀ ਧੁਨ 'ਤੇ ਗਾਇਆ ਵੀ ਜਾਂਦਾ ਹੈ।
ਜਿਹੜੇ ਲੋਕ ਇਸ ਰਿਸ਼ਤੇ ਨੂੰ ਹੋਰ ਅਧਿਕਾਰਤ ਬਣਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਅਹੁਦੇ ਵੀ ਉਪਲਬਧ ਹਨ।
ਵਿਲੀਅਮਜ਼ ਕਹਿੰਦੇ ਹਨ, "ਮੰਨ ਲਓ ਤੁਸੀਂ ਉੱਤਰੀ ਕੈਰੋਲੀਨਾ ਵਿੱਚ ਰਹਿੰਦੇ ਹੋ ਅਤੇ ਆਪਣੀ ਲਿੰਕਡਇਨ ਪ੍ਰੋਫ਼ਾਈਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਚਾਹੁੰਦੇ ਹੋ। ਤੁਸੀਂ ਕੋਈ ਵੀ ਇੱਕ ਅਹੁਦਾ ਬਣਾ ਸਕਦੇ ਹੋ, ਥੋੜ੍ਹੀ ਫੀਸ ਭਰੋ ਅਤੇ ਲਓ ਜੀ! ਤੁਸੀਂ ਹੁਣ ਇੱਕ ਸੰਸਦ ਮੈਂਬਰ ਬਣ ਗਏ ਹੋ।"
ਹਾਲਾਂਕਿ ਇਸ ਤਾਨਾਸ਼ਾਹੀ ਮੁਲਕ 'ਚ ਅਹੁਦੇ ਲੈਣ ਲਈ ਪੈਸਾ ਦੇਣਾ ਪੈਂਦਾ ਹੈ, ਰਾਜਦੂਤ ਹਰ ਮਹੀਨੇ 10 ਤੋਂ 25 ਅਮਰੀਕੀ ਡਾਲਰ ਭਰਦੇ ਹਨ ਪਰ ਨਾਗਰਿਕਤਾ ਹਰ ਕਿਸੇ ਲਈ ਖੁੱਲ੍ਹੀ ਅਤੇ ਮੁਫ਼ਤ ਹੈ। ਇਸ ਵੇਲੇ ਇਸ ਮਾਈਕ੍ਰੋਨੇਸ਼ਨ ਦੇ 120 ਵੱਖ-ਵੱਖ ਦੇਸ਼ਾਂ ਤੋਂ 25,000 "ਨਾਗਰਿਕ" ਹਨ, ਜੋ ਮਾਨਤਾ ਪ੍ਰਾਪਤ ਮੁਲਕਾਂ ਤੋਂ ਵੀ ਵੱਧ ਹਨ ਜਿਵੇਂ ਵੈਟੀਕਨ ਸਿਟੀ, ਤੁਵਾਲੂ ਅਤੇ ਪਲਾਓ।
ਜਦੋਂ ਕਿ ਕਈ ਲੋਕ ਸਲੋਜਮਾਸਤਾਨ ਨਾਲ ਸਿਰਫ਼ ਇਸਦੇ ਸੋਸ਼ਲ ਮੀਡੀਆ 'ਤੇ ਹਾਸ-ਰਸ ਨਾਲ ਭਰੇ ਸੁਨੇਹਿਆਂ ਰਾਹੀਂ ਜੁੜਦੇ ਹਨ ਪਰ ਇਹ ਕਮਿਊਨਿਟੀ ਅਸਲ ਵਿੱਚ ਵੀ ਇਕੱਠੀ ਵੀ ਹੁੰਦੀ ਹੈ।
ਇੱਥੇ ਹੋਣ ਵਾਲੇ ਸਮਾਰੋਹ ਜਿਵੇਂ ਦੇਸ਼ ਦੇ ਪਹਿਲੇ ਸਮੁੰਦਰੀ ਜਹਾਜ਼ ਦੀ ਸ਼ੁਰੂਆਤ, ਇੱਕ ਪੁਰਾਣੀ ਪਨਡੂਬੀ "ਐਸਐਸ ਬੈਡਾਸਿਨ", ਜੋ "ਇਲਾਕੇ ਨੂੰ ਸਮੁੰਦਰੀ ਲੁੱਟਮਾਰ ਤੋਂ ਬਚਾਉਣ" ਲਈ ਬਣਾਈ ਗਈ ਹੈ, ਹਰ ਕਿਸੇ ਲਈ ਖੁੱਲ੍ਹੀਆਂ ਹਨ।
ਹਾਲਾਂਕਿ ਲੋਕਾਂ ਲਈ ਇਹ ਤਜ਼ਰਬਾ ਹੋਰ ਅਸਲ ਬਣਾਉਣ ਲਈ ਸਥਾਈ ਨਾਗਰਿਕਤਾ ਦਾ ਵੀ ਪ੍ਰਬੰਧ ਹੈ ਜਿਸ ਵਾਸਤੇ ਇੱਕ ਆਸਾਨ ਆਨਲਾਈਨ ਅਰਜ਼ੀ ਭਰਨੀ ਹੁੰਦੀ ਹੈ।
ਸਲੋਜਮਾਸਤਾਨ ਦਾ ਹਿੱਸਾ ਕਿਉਂ ਬਣਨਾ ਚਾਹੁੰਦੇ ਲੋਕ
ਸੁਲਤਾਨ ਦੇ ਮੁਤਾਬਕ, ਲੋਕ ਵੱਖ-ਵੱਖ ਕਾਰਨਾਂ ਕਰਕੇ ਸਲੋਜਮਾਸਤਾਨ ਦੇ ਨਾਗਰਿਕ ਬਣਦੇ ਹਨ। ਕੁਝ ਜਿਗਿਆਸਾ ਵਾਸਤੇ, ਕੁਝ ਮਨੋਰੰਜਨ ਲਈ ਅਤੇ ਕੁਝ ਸਿਰਫ਼ ਦੁਨੀਆ ਦੇ ਤਣਾਅ ਤੋਂ ਥੋੜ੍ਹਾ ਬਚਣ ਲਈ।
ਸੁਲਤਾਨ ਕਹਿੰਦੇ ਹਨ, "ਮੈਨੂੰ ਤੁਹਾਨੂੰ ਯਾਦ ਦਿਵਾਉਣ ਦੀ ਲੋੜ ਨਹੀਂ ਕਿ ਦੁਨੀਆ ਕਿੰਨੀ ਵੰਡੀ ਹੋਈ ਹੈ। ਹਰ ਵਾਰ ਤੁਸੀਂ ਫੇਸਬੁੱਕ ਖੋਲ੍ਹਦੇ ਹੋ, ਲੋਕ ਰਾਜਨੀਤਿਕ ਮਸਲਿਆਂ ਕਰਕੇ ਦੋਸਤਾਂ ਅਤੇ ਪਰਿਵਾਰਾਂ ਨੂੰ ਗਵਾ ਰਹੇ ਹਨ। ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਸਲੋਜਮਾਸਤਾਨ ਇਸ ਸਭ ਤੋਂ ਬਚਣ ਦਾ ਇਕ ਰਾਹ ਦਿੰਦਾ ਹੈ। ਸਾਡੀਆਂ ਨੀਤੀਆਂ ਨੂੰ ਛੱਡ ਕੇ ਅਸੀਂ ਸਿਆਸਤ ਨਾਲ ਜੁੜੀਆਂ ਬਾਕੀ ਚਰਚਾਵਾਂ 'ਤੇ ਪਾਬੰਦੀ ਲਗਾਈ ਹੋਈ ਹੈ।"
ਇੱਕ ਅਜਿਹੇ ਸਮੇਂ 'ਚ, ਜਦੋਂ ਵੱਡੀ ਗਿਣਤੀ ਵਿੱਚ ਅਮਰੀਕੀ ਆਪਣੇ ਦੇਸ਼ ਦੀ ਰਾਜਨੀਤੀ ਤੋਂ ਨਿਰਾਸ਼ ਹੋ ਰਹੇ ਹਨ ਅਤੇ ਹੋਰ ਪਾਸਪੋਰਟ ਹਾਸਲ ਕਰਨ ਦੇ ਵਿਕਲਪ ਲੱਭ ਰਹੇ ਹਨ, ਵਿਲੀਅਮਜ਼ ਦੱਸਦੇ ਹਨ ਕਿ ਸਲੋਜਮਾਸਤਾਨ ਦੇ ਲਗਭਗ 50% ਲੋਕ ਅਮਰੀਕੀ ਨਾਗਰਿਕ ਹੀ ਹਨ।
ਸੁਲਤਾਨ ਨੇ ਦੇਸ਼ ਦੇ ਵਾਧੇ ਨੂੰ ਰਾਜਨੀਤਿਕ ਨਹੀਂ, ਸਗੋਂ ਵਿਸ਼ਵ ਪੱਧਰ 'ਤੇ ਦੇਖਿਆ। ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਤੋਂ ਆਈਆਂ ਹਾਲੀਆ ਅਰਜ਼ੀਆਂ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ ਕਿ ਸਲੋਜਮਾਸਤਾਨ ਪ੍ਰਤੀ ਖਿੱਚ "ਕੋਈ ਸਰਹੱਦ ਨਹੀਂ ਜਾਣਦੀ।"
ਸਟੈਫਨੀ ਹੈੱਡਨ ਨੇ ਪਹਿਲੀ ਵਾਰ ਸਲੋਜਮਾਸਤਾਨ ਬਾਰੇ ਉਸ ਵੇਲੇ ਸੁਣਿਆ ਜਦੋਂ ਟੀਵੀ ਗੇਮ ਸ਼ੋਅ 'ਜੈਪਰਡੀ' ਵਿੱਚ ਇੱਕ ਪ੍ਰਤੀਯੋਗੀ ਨੇ ਇਸਦਾ ਜ਼ਿਕਰ ਕੀਤਾ। ਫਿਰ ਉਹ 'ਦਿ ਲੌਂਗ ਬੀਚ ਟ੍ਰੈਵਲ ਐਂਡ ਐਡਵੇਂਚਰ ਸ਼ੋਅ' ਵਿੱਚ ਵਿਲੀਅਮਜ਼ ਨੂੰ ਮਿਲਣ ਗਈ।
ਹੈੱਡਨ, ਜੋ ਹੁਣ ਇੱਕ ਨਾਗਰਿਕ ਹਨ, ਕਹਿੰਦੇ ਹਨ, "ਮੈਂ ਸਿਰਫ਼ ਸੁਲਤਾਨ ਦਾ ਧੰਨਵਾਦ ਕਰਨਾ ਚਾਹੁੰਦੀ ਸੀ, ਜਿਸਨੇ ਮੇਰੀ ਜ਼ਿੰਦਗੀ 'ਚ ਖੁਸ਼ੀ ਲਿਆਂਦੀ ਹੈ।"
ਉਨ੍ਹਾਂ ਲਈ, ਇਹ ਖੁਸ਼ੀ ਸਲੋਜਮਾਸਤਾਨ ਦੇ ਸੋਸ਼ਲ ਮੀਡੀਆ 'ਤੇ ਆਉਣ ਵਾਲੇ ਸੁਨੇਹਿਆਂ ਨਾਲ ਜੁੜੀ ਹੈ, ਜੋ ਦੇਸ਼ ਦੇ ਅਜੀਬ ਕਾਨੂੰਨਾਂ ਬਾਰੇ ਮਜ਼ਾਕੀਆ ਢੰਗ ਨਾਲ ਯਾਦ ਕਰਵਾਉਣ ਤੋਂ ਲੈ ਕੇ ਨਵੇਂ ਨਾਗਰਿਕਾਂ ਵੱਲੋਂ ਆਪਣੇ ਪਾਸਪੋਰਟ ਦਿਖਾਉਣ ਤੱਕ ਨਾਲ ਜੁੜੇ ਹੁੰਦੇ ਹਨ।
ਉਹ ਕਹਿੰਦੇ ਹਨ, "ਇਸ ਨਾਲ ਜੁੜੀ ਹਰ ਚੀਜ਼ ਮੈਨੂੰ ਖੁਸ਼ ਕਰਦੀ ਹੈ ਅਤੇ ਮੇਰੇ ਖ਼ਿਆਲ 'ਚ ਹਜ਼ਾਰਾਂ ਸਲੋਜਮਾਸਤਾਨ ਦੇ ਨਾਗਰਿਕ ਵੀ ਇਹੀ ਕਹਿਣਗੇ। ਇਹ ਸਾਡੇ ਲਈ (ਅਮਰੀਕਾ ਵਿੱਚ) ਬਹੁਤ ਮੁਸ਼ਕਿਲ ਸਮਾਂ ਹੈ ਪਰ ਇੱਥੇ ਖੁਸ਼ ਹੋਣ ਲਈ ਕੁਝ ਤਾਂ ਹੈ।"
ਰੇਗਿਸਤਾਨ ਤੋਂ ਲੈਕੇ ਵਿਸ਼ਵ ਮੰਚ ਤੱਕ
ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਦੁਨੀਆ ਵਿੱਚ ਸੈਂਕੜਿਆਂ ਦੀ ਗਿਣਤੀ 'ਚ ਮਾਈਕ੍ਰੋਨੇਸ਼ਨ ਹਨ। ਕੁਝ ਅੰਤਰਰਾਸ਼ਟਰੀ ਪਾਣੀਆਂ ਦੇ ਵਿਚਕਾਰ ਸਥਿ ਹਨ ਜਦਕਿ ਕੁਝ ਸ਼ਾਂਤ ਰਿਹਾਇਸ਼ੀ ਇਲਾਕਿਆਂ ਵਿੱਚ ਸਥਿਤ ਹਨ।
ਅਗਲੇ ਸਾਲ, ਸਲੋਜਮਾਸਤਾਨ ਮਾਈਕ੍ਰੋਕੋਨ2027 (MicroCon2027) ਦੀ ਮੇਜ਼ਬਾਨੀ ਕਰੇਗਾ, ਜੋ ਮਾਈਕ੍ਰੋਨੇਸ਼ਨਾਂ ਦਾ ਇੱਕ ਵੱਡਾ ਇਕੱਠ ਹੈ।
43 ਤੋਂ ਵੱਧ ਖੁਦ-ਮੁਖਤਿਆਰ ਸੂਬਿਆਂ, ਬੰਬਾਰਡੀਅਰ ਰਿਪਬਲਿਕ ਤੋਂ ਲੈ ਕੇ ਡਰੈਗਨ ਆਇਲੈਂਡ ਤੱਕ, ਦੇ ਨੁਮਾਇੰਦੇ ਇੱਥੇ ਇਕੱਠੇ ਹੋਣਗੇ ਅਤੇ ਭੂ-ਰਾਜਨੀਤਿਕ ਖੁਦਮੁਖਤਿਆਰੀ ਤੋਂ ਲੈ ਕੇ ਰਾਸ਼ਟਰੀ ਚਿੰਨ੍ਹ ਬਣਾਉਣ ਵਰਗੇ ਮੁੱਦਿਆਂ 'ਤੇ ਚਰਚਾ ਕਰਨਗੇ।
ਜਿਵੇਂ ਕਿ ਇਸ ਸਮਾਗਮ ਦੀ ਵੈਬਸਾਈਟ 'ਤੇ ਦਰਸਾਇਆ ਗਿਆ ਹੈ: "ਇਹ 'ਕੋਸਪਲੇ' ਅਤੇ ਸ਼ਾਸਨ ਦੀ ਕਲਾ ਦਾ ਮਿਲਾਪ ਹੈ।"
ਹਾਲਾਂਕਿ ਸੁਲਤਾਨ ਦਾ ਕਹਿਣਾ ਹੈ ਕਿ ਸਲੋਜਮਾਸਤਾਨ ਦੇ ਰੇਗਿਸਤਾਨੀ ਇਲਾਕੇ ਵਿੱਚ ਆਉਣ ਵਾਲਿਆਂ ਦਾ ਸਵਾਗਤ ਹੈ ਪਰ ਇਸ ਵੇਲੇ ਉੱਥੇ ਰਾਤ ਰਹਿਣ ਲਈ ਕੋਈ ਵੀ ਸਹੂਲਤ ਉਪਲਬਧ ਨਹੀਂ ਹੈ (ਹਾਲਾਂਕਿ ਇੱਕ ਰਨਵੇ 'ਤੇ ਜਹਾਜ਼ ਦਾ ਬੋਰਡ ਲੱਗਾ ਹੋਇਆ ਹੈ, ਜਿਸ 'ਤੇ ਵਿਲੀਅਮਜ਼ ਦੀ ਹੱਥ ਹਿਲਾਉਂਦੇ ਹੋਏ ਦੀ ਤਸਵੀਰ ਹੈ ਅਤੇ ਨਾਲ ਲਿਖਿਆ ਹੈ: "ਰੈਂਡੀ ਵਿਲੀਅਮਜ਼ ਇੰਟਰਨੈਸ਼ਨਲ ਏਅਰਪੋਰਟ ਜਲਦੀ ਆ ਰਿਹਾ ਹੈ")।
ਇਸੇ ਕਾਰਨ, ਮਾਈਕ੍ਰੋਕੋਨ2027 ਸੈਨ ਡਿਏਗੋ ਦੇ ਇੱਕ ਗਗਨਚੁੰਬੀ ਇਮਾਰਤ ਦੀ ਸਿਖਰਲੀ ਮੰਜ਼ਿਲ 'ਤੇ ਕਰਵਾਇਆ ਜਾਵੇਗਾ।
ਵਿਲੀਅਮਜ਼ ਲਈ, ਇਹ ਮਾਈਕ੍ਰੋਨੇਸ਼ਨ ਹਮੇਸ਼ਾ ਯਾਤਰਾ ਨਾਲ ਜੁੜਿਆ ਰਿਹਾ ਹੈ। ਉਸਨੇ ਉਜ਼ਬੇਕਿਸਤਾਨ ਦੇ ਇੱਕ ਨਾਗਰਿਕ ਵੱਲੋਂ ਆਇਆ ਹਾਲੀਆ ਸੰਦੇਸ਼ ਦਿਖਾਇਆ।
ਉਨ੍ਹਾਂ ਨੇ ਕਿਹਾ, "ਮੈਂ ਉਸਨੂੰ ਕਿਹਾ, 'ਮੈਂ ਤੁਹਾਡੇ ਮੁਲਕ ਦਾ ਸਫ਼ਰ ਕੀਤਾ ਹੋਇਆ ਹੈ,' ਅਤੇ ਉਸਨੂੰ ਆਪਣੀ ਤਸਵੀਰ ਦਿਖਾਈ। ਇਸੇ ਤਰ੍ਹਾਂ ਮੈਂ ਲੋਕਾਂ ਨਾਲ ਤੁਰੰਤ ਜੁੜ ਜਾਂਦਾ ਹੈ।"
ਉਹ ਉਮੀਦ ਕਰਦੇ ਹਨ ਕਿ ਸਲੋਜਮਾਸਤਾਨ ਵੀ ਇਸੇ ਭਾਵਨਾ 'ਤੇ ਅੱਗੇ ਵਧੇਗਾ—ਇੱਕ ਅਜਿਹੀ ਜਗ੍ਹਾ ਵਜੋਂ, ਜਿੱਥੇ ਆਪਣੇ ਅਜੀਬ ਸੁਭਾਅ ਦੇ ਬਾਵਜੂਦ ਦੁਨੀਆ ਭਰ ਦੇ ਲੋਕ ਇੱਥੇ ਇਕੱਠੇ ਹੋ ਸਕਣ ਅਤੇ ਆਖ਼ਿਰਕਾਰ ਇਸਨੂੰ ਵੇਖਣ ਆ ਸਕਣ।
ਮਈ 2023 ਵਿੱਚ, ਵਿਲੀਅਮਜ਼ ਆਖ਼ਿਰਕਾਰ ਆਪਣੇ ਆਖ਼ਰੀ ਬਾਕੀ ਰਹਿ ਗਏ ਦੇਸ਼ ਤੁਰਕਮੇਨਿਸਤਾਨ ਦਾ ਦੌਰਾ ਕਰਨ ਵਿੱਚ ਸਫਲ ਰਹੇ, ਇਸ ਤਰ੍ਹਾਂ ਉਨ੍ਹਾਂ ਨੇ ਆਪਣਾ ਸਾਲਾਂ ਪੁਰਾਣਾ ਮਿਸ਼ਨ ਪੂਰਾ ਕੀਤਾ।
ਉਸ ਸਮੇਂ ਤੱਕ, ਸਲੋਜਮਾਸਤਾਨ ਮਹਿਜ਼ ਖਾਲੀਪਨ ਨੂੰ ਪੂਰਾ ਕਰਨ ਵਾਲਾ ਇੱਕ ਵਿਕਲਪ ਨਹੀਂ ਸੀ ਰਹਿ ਗਿਆ, ਸਗੋਂ ਇੱਕ ਅਜਿਹਾ ਪ੍ਰੋਜੈਕਟ ਬਣ ਗਿਆ ਸੀ ਜੋ ਨਾਲ-ਨਾਲ ਵਿਕਸਤ ਹੋਇਆ ਜੋ ਲੋਕਾਂ ਨੂੰ ਵੱਖ-ਵੱਖ ਸਭਿਆਚਾਰਾਂ ਅਤੇ ਸਰਹੱਦਾਂ ਤੋਂ ਪਾਰ ਜੋੜਨ ਦਾ ਇੱਕ ਹੋਰ ਢੰਗ ਬਣਿਆ।
ਉਨ੍ਹਾਂ ਨੇ ਕਿਹਾ, "ਸਲੋਜਮਾਸਤਾਨ ਸਿਰਫ਼ ਮੇਰਾ ਨਹੀਂ ਹੈ," ਫਿਰ ਥੋੜ੍ਹਾ ਰੁਕ ਕੇ ਉਨ੍ਹਾਂ ਨੇ ਆਪਣੇ ਸ਼ਬਦ ਠੀਕ ਕੀਤੇ। "ਹਾਂ, ਮੈਂ ਡਿਕਟੇਟਰ ਹਾਂ, ਪਰ ਇਹ ਅਸਲ ਵਿੱਚ ਹਰ ਕਿਸੇ ਦਾ ਹੈ। ਹਰ ਵਿਅਕਤੀ ਲਈ ਇਸਦਾ ਮਤਲਬ ਵੱਖਰਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ