ਕੀ ਤੁਹਾਡਾ ਡਿਜੀਟਲ ਜੁੜਵਾ ਰੂਪ ਤੁਹਾਡੇ ਸਾਰੇ ਕੰਮਕਾਜ ਕਰ ਸਕਦਾ ਹੈ ਅਤੇ ਤੁਹਾਨੂੰ 'ਸੁਪਰਵਰਕਰ' ਬਣਾ ਸਕਦਾ ਹੈ?

    • ਲੇਖਕ, ਮੇਰੀਲੂ ਕੋਸਟਾ
    • ਰੋਲ, ਟੈਕਨੋਲੋਜੀ ਪੱਤਰਕਾਰ
  • ਪੜ੍ਹਨ ਦਾ ਸਮਾਂ: 8 ਮਿੰਟ

"ਡਿਜੀਟਲ ਰਿਚਰਡ" ਉਹ ਏਆਈ ਟਵਿਨ ਹੈ ਜਿਸਨੂੰ ਰਿਚਰਡ ਸਕੇਲੇਟ ਪਿਛਲੇ ਤਿੰਨ ਸਾਲਾਂ ਤੋਂ ਤਿਆਰ ਕਰ ਰਹੇ ਹਨ। ਡਿਜੀਟਲ ਰਿਚਰਡ ਸਕ੍ਰੀਨ ਦੀਆਂ ਹੱਦਾਂ ਵਿੱਚ ਰਹਿੰਦਾ ਹੈ ਮੋਟੇ ਤੌਰ 'ਤੇ 2ਡੀ ਦਿਖਾਈ ਦਿੰਦਾ ਹੈ, ਪਰ ਇਹ ਕੋਈ ਆਮ ਚੈਟਬੋਟ ਨਹੀਂ ਹੈ।

ਡਿਜੀਟਲ ਰਿਚਰਡ ਉਹ ਸਭ ਕੁਝ ਜਾਣਦਾ ਹੈ ਜੋ ਸਕੇਲੇਟ ਜਾਣਦੇ ਹਨ। ਇਸਨੂੰ ਇੱਕ ਛੋਟੇ ਭਾਸ਼ਾ ਮਾਡਲ ਵਜੋਂ ਤਿਆਰ ਕੀਤਾ ਗਿਆ ਸੀ, ਜਿਸਨੇ ਚੈਟ ਜੀਪੀਟੀ ਦੀ ਮਦਦ ਨਾਲ ਰਿਚਰਡ ਦੀਆਂ ਸਾਰੀਆਂ ਮੀਟਿੰਗਾਂ, ਕਾਲਾਂ, ਦਸਤਾਵੇਜ਼ਾਂ, ਪ੍ਰੇਜ਼ੈਨਟੇਸ਼ਨਾਂ ਅਤੇ ਹੋਰ ਚੀਜ਼ਾਂ ਨੂੰ ਸਮਝਿਆ ਅਤੇ ਸਿੱਖਿਆ। ਫਿਰ ਇਸਨੂੰ ਹੋਰ ਸੁਧਾਰਿਆ ਗਿਆ ਤਾਂ ਜੋ ਇਹ ਸਕੇਲੇਟ ਦੇ ਸੋਚਣ ਦੇ ਢੰਗ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੇ ਤਰੀਕੇ ਨੂੰ ਸਮਝ ਸਕੇ।

ਨਤੀਜਾ ਵਜੋਂ ਇੱਕ ਟੈਕਸਟ-ਆਧਾਰਿਤ ਵਿੰਡੋ ਤਿਆਰ ਹੋਈ, ਜਿਸ ਤੋਂ ਸਕੇਲੇਟ ਸਲਾਹ ਲੈ ਸਕਦੇ ਹਨ। ਇਹ ਉਨ੍ਹਾਂ ਨੂੰ ਕਾਰੋਬਾਰ ਸਬੰਧੀ ਫੈਸਲੇ ਲੈਣ ਅਤੇ ਕਲਾਇੰਟਸ ਨੂੰ ਪ੍ਰੇਜ਼ੈਨਟੇਸ਼ਨ ਦੇਣ ਵਿੱਚ ਮਦਦ ਕਰਦੀ ਹੈ। ਇਹ ਸਭ ਸਕੇਲੇਟ ਦੇ ਉਸ ਕੰਮ ਦਾ ਹਿੱਸਾ ਹੈ, ਜਿਸ ਵਿੱਚ ਉਹ ਟੈਕਨੋਲੋਜੀ ਕਨਸਲਟੈਂਸੀ ਕੰਪਨੀ ਬਲੂਰ ਰਿਸਰਚ ਵਿੱਚ ਖੋਜ ਅਤੇ ਡਿਜ਼ਾਇਨ ਦੇ ਮੁੱਖ ਵਿਸ਼ਲੇਸ਼ਕ ਵਜੋਂ ਕੰਮ ਕਰਦੇ ਹਨ।

ਡਿਜੀਟਲ ਰਿਚਰਡ, ਸਕੇਲੇਟ ਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਵੀ ਮਦਦ ਕਰਦਾ ਹੈ। ਇਸ ਵਿੱਚ "ਪਰਿਵਾਰ" ਅਤੇ "ਐਡਮਿਨ" ਨਾਮ ਦੇ ਟੈਬ ਹਨ, ਜਿਨ੍ਹਾਂ ਤੱਕ ਸਹਿਕਰਮੀਆਂ ਦੀ ਪਹੁੰਚ ਨਹੀਂ ਹੁੰਦੀ। ਹਾਲਾਂਕਿ, ਸਕੇਲੇਟ ਦੇ ਸਹਿਕਰਮੀ ਡਿਜੀਟਲ ਰਿਚਰਡ ਦੀ ਵਰਤੋਂ ਕਰਕੇ ਕਾਰੋਬਾਰ ਸਬੰਧੀ ਸਵਾਲ ਪੁੱਛ ਸਕਦੇ ਹਨ।

ਯੂਕੇ, ਯੂਐਸ, ਯੂਰਪ ਤੇ ਭਾਰਤ ਵਿੱਚ 50 ਲੋਕਾਂ ਲਈ ਡਿਜੀਟਲ ਟਵਿਨ

ਡਿਜੀਟਲ ਰਿਚਰਡ ਇੱਕ ਬਲੂਪ੍ਰਿੰਟ (ਨਮੂਨੇ) ਵਜੋਂ ਕੰਮ ਕਰ ਰਿਹਾ ਹੈ ਅਤੇ ਇਸ ਦੇ ਆਧਾਰ 'ਤੇ ਯੂਕੇ, ਯੂਐਸ, ਯੂਰਪ ਤੇ ਭਾਰਤ ਵਿੱਚ ਫੈਲੀ ਬਲੂਰ ਰਿਸਰਚ ਦੀ 50 ਲੋਕਾਂ ਦੀ ਟੀਮ ਲਈ ਡਿਜੀਟਲ ਟਵਿਨ ਬਣਾਏ ਗਏ ਹਨ।

ਮਿਸਾਲ ਵਜੋਂ, ਇੱਕ ਵਿਸ਼ਲੇਸ਼ਕ ਜੋ ਸੇਵਾਮੁਕਤ ਹੋਣ ਬਾਰੇ ਸੋਚ ਰਿਹਾ ਸੀ, ਹੁਣ ਹੌਲੀ-ਹੌਲੀ ਰਿਟਾਇਰ ਹੋ ਸਕਦਾ ਹੈ। ਉਹ ਆਪਣੇ ਡਿਜੀਟਲ ਟਵਿਨ ਦੀ ਵਰਤੋਂ ਕਰਕੇ ਆਪਣੇ ਕੰਮ ਦਾ ਕੁਝ ਭਾਰ ਉਸ ਨੂੰ ਸੌਂਪ ਦਿੰਦਾ ਹੈ।

ਇਸੇ ਤਰ੍ਹਾਂ, ਜਦੋਂ ਕੰਪਨੀ ਦੀ ਮਾਰਕੀਟਿੰਗ ਟੀਮ ਦੇ ਇੱਕ ਮਹਿਲਾ ਮੈਂਬਰ ਜਣੇਪੇ ਲਈ ਛੁੱਟੀ 'ਤੇ ਗਏ ਤਾਂ ਉਸ ਵੇਲੇ ਕੰਪਨੀ ਨੇ ਉਨ੍ਹਾਂ ਦੇ ਡਿਜੀਟਲ ਟਵਿਨ ਦੀ ਵਰਤੋਂ ਕੀਤੀ। ਇਸ ਤਰ੍ਹਾਂ ਕਰਨ ਨਾਲ ਕੰਪਨੀ ਨੂੰ ਉਨ੍ਹਾਂ ਦੀ ਥਾਂ ਥੋੜ੍ਹੇ ਸਮੇਂ ਲਈ ਕਿਸੇ ਹੋਰ ਵਿਅਕਤੀ ਨੂੰ ਰੱਖਣ ਦੀ ਲੋੜ ਨਹੀਂ ਪਈ।

ਬਲੂਰ ਰਿਸਰਚ ਇਸਨੂੰ "ਡਿਜੀਟਲ ਮੀ" ਕਹਿੰਦੀ ਹੈ। ਹੁਣ ਜੋ ਵੀ ਵਿਅਕਤੀ ਕੰਪਨੀ ਵਿੱਚ ਸ਼ਾਮਲ ਹੁੰਦਾ ਹੈ, ਉਸਨੂੰ ਆਮ ਤੌਰ 'ਤੇ ਇਹ ਸਹੂਲਤ ਦਿੱਤੀ ਜਾਂਦੀ ਹੈ।

20 ਹੋਰ ਕੰਪਨੀਆਂ ਵੀ ਇਸ ਤਕਨੀਕ ਨੂੰ ਪਹਿਲਾਂ ਹੀ ਟੈਸਟ ਕਰ ਰਹੀਆਂ ਹਨ। ਇਸ ਸਾਲ ਦੇ ਅਖੀਰ ਤੱਕ ਇਹ ਤਕਨੀਕ ਹੋਰਾਂ ਲਈ ਵੀ ਵੱਡੇ ਪੱਧਰ 'ਤੇ ਉਪਲੱਬਧ ਕਰਵਾ ਦਿੱਤੀ ਜਾਵੇਗੀ।

ਸਕੇਲੇਟ ਕਹਿੰਦੇ ਹਨ, "ਅੱਜ ਦੇ ਸਮੇਂ ਵਿੱਚ, ਜੇ ਤੁਸੀਂ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ 'ਡਿਜੀਟਲ ਮੀ' ਹੋਣਾ ਕੋਈ ਅਜਿਹੀ ਚੀਜ਼ ਨਹੀਂ ਜਿਸਨੂੰ ਤੁਸੀਂ ਅਣਗੌਲਿਆ ਕਰ ਦੇਵੋ। ਇਹ ਤੁਹਾਡੇ ਕੰਮ ਕਰਨ ਦੇ ਢੰਗ ਦਾ ਹੀ ਇੱਕ ਹਿੱਸਾ ਬਣ ਜਾਂਦਾ ਹੈ।"

ਤਕਨੀਕੀ ਵਿਸ਼ਲੇਸ਼ਕ ਕੰਪਨੀ ਗਾਰਟਨਰ ਵੀ ਸਕੇਲੇਟ ਦੇ ਇਸ ਨਜ਼ਰੀਏ ਦਾ ਸਮਰਥਨ ਕਰਦੀ ਹੈ। ਕੰਪਨੀ ਦਾ ਅੰਦਾਜ਼ਾ ਹੈ ਕਿ ਇਸ ਸਾਲ ਤੋਂ 'ਨੋਲੇਜ ਵਰਕਰਜ਼' (ਜਾਣਕਾਰੀ-ਆਧਾਰਿਤ ਕੰਮ ਕਰਨ ਵਾਲਿਆਂ) ਦੇ ਡਿਜੀਟਲ ਰੂਪ ਮੁੱਖ-ਧਾਰਾ ਵਿੱਚ ਆਉਣ ਲੱਗ ਪੈਣਗੇ। ਇਹ ਉਸ ਟ੍ਰੈਂਡ ਨੂੰ ਅੱਗੇ ਵਧਾਏਗਾ ਜਿਸ ਵਿੱਚ ਏਆਈ ਨੂੰ ਆਵਾਜ਼ ਰਿਕਾਰਡ ਕਰਨ ਵਾਲੇ ਕਲਾਕਾਰਾਂ ਦੀ ਸ਼ੈਲੀ ਅਤੇ ਆਵਾਜ਼ ਦੀ ਨਕਲ ਕਰਨ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਅਜੇ ਵੀ ਕਈ ਸਵਾਲਾਂ ਦੇ ਜਵਾਬ ਮਿਲਣੇ ਬਾਕੀ

ਇਸ ਤੋਂ ਇਲਾਵਾ, ਕੁਝ ਅਜਿਹੀਆਂ ਰਿਪੋਰਟਾਂ ਵੀ ਆਈਆਂ ਹਨ ਜਿਨ੍ਹਾਂ ਨਾਲ ਇਸ ਤਕਨੀਕ ਵਿੱਚ ਲੋਕਾਂ ਦੀ ਦਿਲਚਸਪੀ ਹੋਰ ਵਧ ਸਕਦੀ ਹੈ।

ਇਨ੍ਹਾਂ ਰਿਪੋਰਟਾਂ ਮੁਤਾਬਕ, ਮੇਟਾ ਕੰਪਨੀ ਦੇ ਮੁਖੀ ਮਾਰਕ ਜ਼ਕਰਬਰਗ ਦਾ ਇੱਕ ਏਆਈ ਵਰਜ਼ਨ (ਰੂਪ) ਬਣਾਇਆ ਜਾ ਰਿਹਾ ਹੈ।

ਜਿਹੜੀਆਂ ਕੰਪਨੀਆਂ ਡਿਜੀਟਲ ਟਵਿਨ ਵਾਲੇ ਕਰਮਚਾਰੀ ਦੀ ਵਧੀ ਹੋਈ ਉਤਪਾਦਕਤਾ ਤੋਂ ਲਾਭ ਦੀ ਉਮੀਦ ਕਰਦੀਆਂ ਹਨ, ਉਨ੍ਹਾਂ ਲਈ ਇਹ ਕਿਸੇ ਸੁਪਨੇ ਵਰਗਾ ਲੱਗ ਸਕਦਾ ਹੈ।

ਪਰ ਅਜੇ ਵੀ ਕਈ ਅਜਿਹੇ ਸਵਾਲ ਹਨ, ਜਿਨ੍ਹਾਂ ਦੇ ਜਵਾਬ ਮਿਲਣੇ ਬਾਕੀ ਹਨ।

ਏਆਈ ਡਿਜੀਟਲ ਟਵਿਨ ਦਾ ਮਾਲਕ ਕੌਣ ਹੈ - ਕੰਮ ਦੇਣ ਵਾਲਾ ਜਾਂ ਕਰਮਚਾਰੀ? ਕਿਉਂਕਿ ਇਸਦੀ ਵਰਤੋਂ ਕਰਨ ਵਾਲੇ ਜ਼ਿਆਦਾ ਕੰਮ ਕਰ ਸਕਦੇ ਹਨ ਤਾਂ ਕੀ ਇਸਦੀ ਵਰਤੋਂ ਕਰਨ ਵਾਲਿਆਂ ਨੂੰ ਵੱਧ ਤਨਖਾਹ ਮਿਲਣੀ ਚਾਹੀਦੀ ਹੈ? ਕਿਸੇ ਦੇ ਡਿਜੀਟਲ ਟਵਿਨ ਦੇ ਅੰਦਰ ਕਿਸ ਨੂੰ ਕੀ ਐਕਸੈੱਸ ਕਰਨ (ਕਿੱਥੋਂ ਤੱਕ ਪਹੁੰਚ) ਦੀ ਇਜਾਜ਼ਤ ਹੋਣੀ ਚਾਹੀਦੀ ਹੈ? ਅਤੇ ਜੇ ਡਿਜੀਟਲ ਟਵਿਨ ਕੋਈ ਗਲਤੀ ਕਰਦਾ ਹੈ, ਤਾਂ ਉਸ ਲਈ ਜ਼ਿੰਮੇਵਾਰ ਕੌਣ ਹੋਵੇਗਾ?

ਕੈਲੈਨ ਲੋਮਾਸਟਰ, ਗਾਰਟਨਰ ਦੇ ਐਚਆਰ ਪ੍ਰੈਕਟਿਸ ਵਿਭਾਗ ਵਿੱਚ ਰਿਸਰਚ ਡਾਇਰੈਕਟਰ ਹਨ ਜੋ ਕੰਮ ਅਤੇ ਵਰਕਫੋਰਸ 'ਤੇ ਪੈਣ ਵਾਲੇ ਏਆਈ ਦੇ ਪ੍ਰਭਾਵ 'ਤੇ ਧਿਆਨ ਰੱਖਦਾ ਹੈ।

ਉਹ ਕਹਿੰਦੇ ਹਨ, "ਨਿਸ਼ਚਿਤ ਤੌਰ 'ਤੇ ਇਸਦੇ ਵਾਕਈ ਸੰਭਾਵੀ ਫਾਇਦੇ ਹੋ ਸਕਦੇ ਹਨ, ਪਰ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇਸਦਾ ਗਵਰਨੈਂਸ ਠੀਕ ਹੋਵੇ, ਖਾਲੀ ਸਮੇਂ ਦਾ ਸਹੀ ਇਸਤੇਮਾਲ ਹੋਵੇ, ਇਨ੍ਹਾਂ ਏਜੰਟਾਂ ਨੂੰ ਖੁਦਮੁਖਤਿਆਰੀ ਮਿਲੇ, ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਭਾਵੇਂ ਮੈਨੂੰ ਕੰਮ ਦੇਣ ਵਾਲਾ (ਕੰਪਨੀ/ਮਾਲਕ) ਇਸ ਤੋਂ ਲਾਭ ਲੈ ਰਿਹਾ ਹੋਵੇ ਪਰ ਮੇਰਾ ਨਾਮ, ਮੇਰਾ ਅਕਸ ਅਤੇ ਮੇਰੀ ਪਛਾਣ ਮੇਰੀ ਹੀ ਰਹੇ।"

ਕੈਲੈਨ ਮੁਤਾਬਕ, "ਮੈਨੂੰ ਲੱਗਦਾ ਹੈ ਕਿ ਇਸਦਾ ਸਕਾਰਾਤਮਕ ਪੱਖ ਦੇਖਣ ਤੋਂ ਪਹਿਲਾਂ, ਸ਼ਾਇਦ ਅਸੀਂ ਇਸਦਾ ਨਕਾਰਾਤਮਕ ਪੱਖ ਦੇਖਾਂਗੇ।"

ਸਕੇਲੇਟ ਕਹਿੰਦੇ ਹਨ ਕਿ ਮਾਲਕੀ ਹੱਕ ਅਤੇ ਤਨਖਾਹ ਦੇ ਮਾਮਲੇ ਵਿੱਚ ਬਲੂਰ ਰਿਸਰਚ "ਬਿਲਕੁਲ ਸਪਸ਼ਟ" ਹੈ। ਵਿਅਕਤੀਆਂ ਨੂੰ ਆਪਣੇ ਏਆਈ ਡਿਜੀਟਲ ਟਵਿਨ ਦਾ ਮਾਲਕ ਹੋਣਾ ਚਾਹੀਦਾ ਹੈ, ਤਾਂ ਜੋ ਉਹ ਇਸ ਤੋਂ ਮਿਲਣ ਵਾਲੇ ਕਿਸੇ ਵੀ ਲਾਭ ਦਾ ਫਾਇਦਾ ਲੈ ਸਕਣ। ਇਸ ਤੋਂ ਬਾਅਦ, ਕੰਪਨੀਆਂ ਨੂੰ ਇਸ ਨੂੰ ਐਕਸੈੱਸ ਕਰਨ ਲਈ ਭੁਗਤਾਨ ਕਰਨਾ ਚਾਹੀਦਾ ਹੈ।

"ਬਲੂਰ ਰਿਸਰਚ ਦੇ ਮਾਮਲੇ ਵਿੱਚ, ਉਨ੍ਹਾਂ ਦੇ ਮੁਲਾਜ਼ਮਾਂ ਨੂੰ ਕੰਮ 'ਤੇ ਲਗਾਏ ਸਮੇਂ ਦੇ ਆਧਾਰ 'ਤੇ ਨਹੀਂ, ਸਗੋਂ ਉਨ੍ਹਾਂ ਵੱਲੋਂ ਦਿੱਤੇ ਨਤੀਜਿਆਂ ਦੇ ਆਧਾਰ 'ਤੇ ਭੁਗਤਾਨ ਕੀਤਾ ਜਾਂਦਾ ਹੈ - ਇਸ ਲਈ ਉਹ ਆਪਣੇ ਡਿਜੀਟਲ ਟਵਿਨ ਦੀ ਮਦਦ ਨਾਲ ਵੱਧ ਕਮਾ ਸਕਦੇ ਹਨ, ਕਿਉਂਕਿ ਇਹ ਉਨ੍ਹਾਂ ਨੂੰ ਵੱਧ ਕੰਮ ਕਰਨ ਵਿੱਚ ਮਦਦ ਕਰਦਾ ਹੈ।"

ਸਕੇਲੇਟ ਕਹਿੰਦੇ ਹਨ, "ਇਹੀ ਕਾਰਨ ਹੈ ਕਿ ਹੁਣ ਮਹਿਨਤਾਨਾ ਸਿਰਫ਼ ਤਨਖਾਹ ਅਤੇ ਬੋਨਸ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਨਤੀਜਿਆਂ, ਮਾਪਣਯੋਗ ਕਾਰੋਬਾਰੀ ਪ੍ਰਭਾਵ ਅਤੇ ਮੁੱਲ ਸਿਰਜਣ ਨੂੰ ਦਰਸਾਉਂਦਾ ਹੈ। ਏਆਈ ਸਮੇਂ ਅਤੇ ਗਤੀ ਨੂੰ ਬਦਲ ਦਿੰਦਾ ਹੈ, ਇਸ ਲਈ ਪ੍ਰਤੀ ਘੰਟਾ ਦੀ ਦਰ ਨਾਲ ਕੰਮ ਕਰਨ ਦਾ ਭਵਿੱਖ ਘੱਟ ਹੈ।''

"ਸੁਪਰਵਰਕਰ" ਕਿਵੇਂ ਸਾਬਿਤ ਹੋ ਸਕਦਾ

ਜੋਸ਼ ਬਰਸਿਨ, ਦਿ ਜੋਸ਼ ਬਰਸਿਨ ਕੰਪਨੀ ਦੇ ਸੰਸਥਾਪਕ ਅਤੇ ਸੀਈਓ ਹਨ। ਇਹ ਕੰਪਨੀ ਐਚਆਰ ਲੀਡਰਾਂ ਲਈ ਇੱਕ ਕਨਸਲਟੈਂਸੀ ਫਰਮ ਹੈ।

ਬਰਸਿਨ ਨੇ ਲਗਭਗ ਇੱਕ ਸਾਲ ਪਹਿਲਾਂ ਸੈਨ ਫ੍ਰਾਂਸਿਸਕੋ ਸਥਿਤ ਇੱਕ ਸਟਾਰਟਅਪ ਵੀਵੇਨ ਦੁਆਰਾ ਵਿਕਸਿਤ ਤਕਨੀਕ ਦੀ ਵਰਤੋਂ ਕਰਕੇ ਆਪਣੇ ਅਤੇ ਕੰਪਨੀ ਦੇ ਲਗਭਗ 50 ਹੋਰ ਮੁਲਾਜ਼ਮਾਂ ਲਈ ਡਿਜੀਟਲ ਟਵਿਨ ਬਣਾਉਣਾ ਸ਼ੁਰੂ ਕੀਤਾ ਸੀ।

ਹੁਣ ਕਿਸੇ ਖਾਸ ਪ੍ਰੋਜੈਕਟ ਜਾਂ ਕਲਾਇੰਟ ਅਕਾਊਂਟ ਦੀ ਸਥਿਤੀ ਜਾਣਨ ਲਈ ਮੀਟਿੰਗ, ਕਾਲ ਜਾਂ ਈਮੇਲ ਕਰਨ ਦੀ ਲੋੜ ਨਹੀਂ ਪੈਂਦੀ। ਇਸ ਦੀ ਬਜਾਏ, ਸੰਬੰਧਤ ਵਿਅਕਤੀ ਦੇ ਡਿਜੀਟਲ ਟਵਿਨ ਨੂੰ ਸਿਰਫ਼ ਇੱਕ ਛੋਟਾ ਜਿਹਾ ਸਵਾਲ ਪੁੱਛ ਕੇ ਇਹ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਏਆਈ ਜਿਸ ਢੰਗ ਨਾਲ ਕਿਸੇ ਵਿਅਕਤੀ ਦੀ ਕੰਮ ਕਰਨ ਦੀ ਸਮਰੱਥਾ ਨੂੰ ਕਈ ਗੁਣਾ ਵਧਾ ਰਿਹਾ ਹੈ, ਉਸਨੂੰ ਦੇਖਦੇ ਹੋਏ ਬਰਸਿਨ ਨੇ ਇਸ ਲਈ "ਸੁਪਰਵਰਕਰ" ਸ਼ਬਦ ਘੜਿਆ ਹੈ।

ਓਕਲੈਂਡ, ਕੈਲੀਫ਼ੋਰਨੀਆ ਵਿੱਚ ਰਹਿਣ ਵਾਲੇ ਬਰਸਿਨ ਕਹਿੰਦੇ ਹਨ, "ਲੋਕਾਂ ਕੋਲ ਹੁਣ ਇੰਨੀ ਊਰਜਾ ਨਹੀਂ ਬਚਦੀ ਕਿ ਉਹ ਛੋਟੀ-ਛੋਟੀ ਗੱਲ ਕਰਨ ਲਈ ਇੱਕ ਹੋਰ ਕਾਨਫਰੰਸ ਕਾਲ ਕਰਨ। ਪਰ ਤੁਸੀਂ ਅੱਧੀ ਰਾਤ ਨੂੰ ਵੀ ਡਿਜੀਟਲ ਟਵਿਨ ਨੂੰ ਜਗਾ ਕੇ ਉਸ ਨਾਲ ਇੱਕ ਘੰਟੇ ਤੱਕ ਗੱਲ ਕਰ ਸਕਦੇ ਹੋ, ਉਸਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਇਹ ਬਹੁਤ ਅਹਿਮ ਹੈ।"

ਹਾਲਾਂਕਿ ਕੰਪਨੀ ਹਰ ਸਾਲ ਲਗਭਗ 30% ਦੀ ਦਰ ਨਾਲ ਵਧ ਰਹੀ ਹੈ, ਫਿਰ ਵੀ ਬਰਸਿਨ ਨੂੰ ਸਾਲ ਵਿੱਚ ਸਿਰਫ਼ ਦੋ ਨਵੇਂ ਲੋਕਾਂ ਨੂੰ ਹੀ ਨੌਕਰੀ 'ਤੇ ਰੱਖਣ ਦੀ ਲੋੜ ਪੈਂਦੀ ਹੈ, ਕਿਉਂਕਿ ਹਰ ਕਿਸੇ ਦਾ 'ਡਿਜੀਟਲ ਟਵਿਨ' ਉਨ੍ਹਾਂ ਲਈ ਕਾਫੀ ਫਾਇਦੇਮੰਦ ਸਾਬਤ ਹੋ ਰਿਹਾ ਹੈ। ਇਸਦਾ ਨਤੀਜਾ ਇਹ ਹੋਇਆ ਹੈ ਕਿ ਉਹ ਹਰ ਸਾਲ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਬੋਨਸ ਦੀ ਰਕਮ ਵਧਾ ਸਕੇ ਹਨ।

ਬਰਸਿਨ ਕਹਿੰਦੇ ਹਨ, "ਹਰ ਵਿਅਕਤੀ ਦੀ ਆਰਥਿਕ ਕੀਮਤ ਵਧ ਜਾਂਦੀ ਹੈ। ਜੇ ਤੁਸੀਂ ਕੰਪਨੀ ਦਾ ਇੱਕ ਕੀਮਤੀ ਡਿਜੀਟਲ ਹਿੱਸਾ ਹੋ, ਤਾਂ ਕੰਪਨੀ ਤੁਹਾਨੂੰ ਵੱਧ ਪੈਸੇ ਕਿਉਂ ਨਹੀਂ ਦੇਵੇਗੀ?"

ਸਵਾਲ 'ਮਾਲਕੀ ਹੱਕ' ਦਾ

ਪਰ, ਬਰਸਿਨ ਅਤੇ ਸਕੇਲੇਟ ਦੇ ਵਿਚਾਰਾਂ ਵਿੱਚ ਇੱਕ ਥਾਂ ਫਰਕ ਹੈ - 'ਮਾਲਕੀ ਹੱਕ' ਦੇ ਮਾਮਲੇ 'ਚ।

ਬਰਸਿਨ ਕਹਿੰਦੇ ਹਨ, "ਮੈਨੂੰ ਪੂਰਾ ਯਕੀਨ ਹੈ ਕਿ ਜ਼ਿਆਦਾਤਰ ਦੇਸ਼ਾਂ ਵਿੱਚ ਨੌਕਰੀ ਦੇ ਕੰਟ੍ਰੈਕਟ ਜਿਸ ਤਰ੍ਹਾਂ ਕੰਮ ਕਰਦੇ ਹਨ, ਉਸ ਮੁਤਾਬਕ ਤੁਸੀਂ ਜੋ ਵੀ ਆਈਪੀ ਜਾਂ ਜਾਣਕਾਰੀ ਬਣਾਉਂਦੇ ਹੋ, ਉਹ ਬਿਜ਼ਨਸ ਦੀ ਜਾਇਦਾਦ ਹੁੰਦੀ ਹੈ, ਤੁਹਾਡੀ ਨਿੱਜੀ ਜਾਇਦਾਦ ਨਹੀਂ।"

"ਪਰ ਜੇ ਤੁਸੀਂ ਇਸ ਬਾਰੇ ਤਰਕਸੰਗਤ ਹੋਕੇ ਸੋਚੋ, ਤਾਂ ਜੇ ਕੋਈ ਵਿਅਕਤੀ ਕੰਪਨੀ ਛੱਡ ਦਿੰਦਾ ਹੈ, ਤਾਂ ਸਮੇਂ ਦੇ ਨਾਲ ਉਸਦੇ 'ਡਿਜੀਟਲ ਟਵਿਨ' ਦੀ ਕੀਮਤ ਘਟਦੀ ਜਾਵੇਗੀ, ਕਿਉਂਕਿ ਕੰਪਨੀ ਵਿੱਚ ਚੱਲ ਰਹੀਆਂ ਚੀਜ਼ਾਂ ਲਗਾਤਾਰ ਬਦਲਦੀਆਂ ਰਹਿੰਦੀਆਂ ਹਨ ਜਦਕਿ ਉਹ ਵਿਅਕਤੀ ਉੱਥੇ ਨਹੀਂ ਹੁੰਦਾ ਅਤੇ ਇਸ ਕਰਕੇ ਨਵੀਆਂ ਚੀਜ਼ਾਂ ਮੁਤਾਬਕ ਉਸਦਾ ਟਵਿਨ ਨਹੀਂ ਬਦਲਦਾ। ਇਸ ਲਈ, ਕੁਝ ਸਮੇਂ ਬਾਅਦ, ਮੈਨੂੰ ਨਹੀਂ ਪਤਾ ਕਿ ਉਹ 'ਡਿਜੀਟਲ ਟਵਿਨ' ਕਿੰਨਾ ਲਾਭਕਾਰੀ ਰਹੇਗਾ।"

ਵਕੀਲ ਵੀ ਅਜੇ ਤੱਕ ਇਸ ਗੱਲ 'ਤੇ ਇੱਕ ਮਤ ਨਹੀਂ ਬਣਾ ਸਕੇ ਹਨ ਕਿ ਨੌਕਰੀ ਨਾਲ ਸੰਬੰਧਿਤ ਕਾਨੂੰਨਾਂ ਨੂੰ ਕਿਸ ਤਰ੍ਹਾਂ ਅਪਡੇਟ ਕੀਤਾ ਜਾਵੇ, ਤਾਂ ਜੋ 'ਡਿਜੀਟਲ ਟਵਿਨ' ਨਾਲ ਜੁੜੇ ਮਾਮਲਿਆਂ ਨੂੰ ਇਕਸਾਰ ਨਿਯਮਾਂ ਹੇਠ ਲਿਆਂਦਾ ਜਾ ਸਕੇ।

ਰੁਜ਼ਗਾਰ ਕਾਨੂੰਨ ਅਤੇ ਵਪਾਰਕ ਝਗੜਿਆਂ ਦੇ ਮਸਲਿਆਂ ਵਿੱਚ ਮਾਹਿਰ ਬੈਲਵਿਊ ਲਾਅ ਦੀ ਐਸੋਸੀਏਟ ਅੰਜਲੀ ਮਲਿਕ ਕਹਿੰਦੇ ਹਨ, "ਜਿਸ ਪਲ ਕਿਸੇ ਏਆਈ ਟੂਲ ਨੂੰ ਕਿਸੇ ਵਿਅਕਤੀ ਦੇ ਈਮੇਲ, ਮੀਟਿੰਗਾਂ ਅਤੇ ਕੰਮ ਨਾਲ ਜੁੜੀਆਂ ਚੀਜ਼ਾਂ ਲਈ ਟ੍ਰੇਨ ਕੀਤਾ ਜਾਂਦਾ ਹੈ, ਉਸੇ ਪਲ ਤੁਸੀਂ ਉਨ੍ਹਾਂ ਮਸਲਿਆਂ ਨਾਲ ਨਜਿੱਠ ਰਹੇ ਹੁੰਦੇ ਹੋ ਜੋ ਰੁਜ਼ਗਾਰ ਸਬੰਧਾਂ ਦੇ ਬਿਲਕੁਲ ਕੇਂਦਰ ਵਿੱਚ ਹੁੰਦੇ ਹਨ: ਸਹਿਮਤੀ, ਨਿੱਜੀ ਡੇਟਾ 'ਤੇ ਕੰਟਰੋਲ, ਪਰਫਾਰਮੈਂਸ, ਕਿਸੇ ਮੁਲਾਜ਼ਮ ਦਾ ਬਦਲ ਕੀ ਹੁੰਦਾ ਹੈ ਜਦੋਂ ਕੋਈ ਵਿਅਕਤੀ ਨੌਕਰੀ ਛੱਡ ਦਿੰਦਾ ਹੈ"

ਐਵਰਸ਼ੈਡਸ ਸਦਰਲੈਂਡਸ ਵਿੱਚ ਨੌਕਰੀ ਨਾਲ ਸੰਬੰਧਿਤ ਕਾਨੂੰਨਾਂ ਦੇ ਪਾਰਟਨਰ ਕਲੋਈ ਥਮੇਸਟੀਕਲੀਅਸ ਦਾ ਮੰਨਣਾ ਹੈ ਕਿ "ਕਾਨੂੰਨ ਵੱਲੋਂ ਸਪਸ਼ਟ ਦਿਸ਼ਾ-ਨਿਰਦੇਸ਼" ਮਿਲਣਾ ਬਹੁਤ ਜ਼ਰੂਰੀ ਹੋਵੇਗਾ, ਨਹੀਂ ਤਾਂ 'ਡਿਜੀਟਲ ਟਵਿਨ' ਦੇ ਇਸਤੇਮਾਲ ਨਾਲ ਜੁੜੇ ਮਾਮਲਿਆਂ ਨੂੰ ਸੁਲਝਾਉਣ ਵਿੱਚ ਮਾਲਕਾਂ ਅਤੇ ਕਰਮਚਾਰੀਆਂ ਦੋਹਾਂ ਨੂੰ ਹੀ ਕਾਨੂੰਨੀ ਖ਼ਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਹ ਅੱਗੇ ਕਹਿੰਦੇ ਹਨ, "ਇਸ ਸਮੇਂ ਨੌਕਰੀ ਨਾਲ ਸੰਬੰਧਿਤ ਕਾਨੂੰਨਾਂ ਵਿੱਚ ਪਹਿਲਾਂ ਹੀ ਕਈ ਬਦਲਾਅ ਹੋ ਰਹੇ ਹਨ ਅਤੇ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਏਆਈ ਨਾਲ ਜੁੜੇ ਬਦਲਾਅ ਇੰਨੀ ਜਲਦੀ ਹੋ ਸਕਣਗੇ। ਇਸ ਲਈ, ਇਹ ਸੰਭਾਵਨਾ ਜ਼ਿਆਦਾ ਹੈ ਕਿ ਇਸ ਦਰਮਿਆਨ ਇਨ੍ਹਾਂ ਮਾਮਲਿਆਂ ਨੂੰ ਸੁਲਝਾਉਣ ਦਾ ਕੰਮ ਟ੍ਰਿਬਿਊਨਲਾਂ (ਵਿਸ਼ੇਸ਼ ਅਦਾਲਤਾਂ/ਅਰਧ ਸਰਕਾਰੀ ਕਮੇਟੀਆਂ) ਦੇ ਹਵਾਲੇ ਰਹੇਗਾ।"

ਸਕੁਏਰ ਵਨ ਲਾਅ ਵਿੱਚ ਪਾਰਟਨਰ ਅਤੇ ਨੌਕਰੀ ਨਾਲ ਸੰਬੰਧਿਤ ਮਾਮਲਿਆਂ ਦੇ ਮੁਖੀ ਜੀਨ ਪੀਅਰ ਵੈਨ ਸਾਇਲ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਭਵਿੱਖ ਲਈ ਮਿਸਾਲਾਂ ਤੈਅ ਕਰਨ ਵਿੱਚ ਟ੍ਰਬਿਊਨਲਾਂ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।

ਉਨ੍ਹਾਂ ਕਿਹਾ, "ਜੇ ਭਵਿੱਖ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿੱਚ ਕਿਸੇ ਮੁਲਾਜ਼ਮ ਨੂੰ ਉਸਦੇ ਏਆਈ ਟਵਿਨ ਵੱਲੋਂ ਕੀਤੇ ਕਿਸੇ ਕੰਮ ਕਾਰਨ ਅਨੁਸ਼ਾਸਿਤ ਕੀਤਾ ਜਾਂਦਾ ਹੈ (ਝਾੜ ਪਾਈ ਜਾਂਦੀ ਹੈ) ਜਾਂ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ, ਤਾਂ ਸੰਭਵ ਹੈ ਕਿ ਕਾਨੂੰਨ ਵਿੱਚ ਬਦਲਾਅ ਆਵੇ। ਟ੍ਰਿਬਿਊਨਲ ਨੂੰ ਇਹ ਫ਼ੈਸਲਾ ਕਰਨ ਲਈ ਕਿਹਾ ਜਾਵੇਗਾ ਕਿ ਕੀ ਕੰਮ ਦੇਣ ਵਾਲੇ (ਐਮਪਲੋਇਰ) ਨੇ ਨਿਰਪੱਖਤਾ ਨਾਲ ਕੰਮ ਕੀਤਾ ਹੈ ਜਾਂ ਨਹੀਂ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)