You’re viewing a text-only version of this website that uses less data. View the main version of the website including all images and videos.
ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਈਡੀ ਦਾ ਛਾਪਾ, ਹੁਣ ਤੱਕ ਕੀ-ਕੀ ਪਤਾ ਹੈ
ਪੰਜਾਬ ਦੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਦੇ ਘਰ ਇੰਫੋਰਸਮੈਂਟ ਡਾਇਰੈਕਟੋਰੇਟ ਨੇ ਛਾਪਾ ਮਾਰਿਆ ਹੈ। ਇਸਦੀ ਪੁਸ਼ਟੀ ਖੁਦ ਸੰਜੀਵ ਅਰੋੜਾ ਨੇ ਕੀਤੀ ਹੈ।
ਉਨ੍ਹਾਂ ਨੇ ਆਪਣੇ ਐੱਕਸ ਅਕਾਊਂਟ 'ਤੇ ਲਿਖਿਆ, ''ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੇਰੇ ਪਰਿਸਰ 'ਤੇ ਕਾਰਵਾਈ ਕੀਤੀ ਗਈ ਹੈ। ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਮੈਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਾਂਗਾ ਅਤੇ ਮੈਨੂੰ ਵਿਸ਼ਵਾਸ ਹੈ ਕਿ ਸੱਚਾਈ ਦੀ ਜਿੱਤ ਹੋਵੇਗੀ।''
ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਸ਼ੁੱਕਰਵਾਰ ਸਵੇਰ ਤੋਂ ਹੀ ਸੰਜੀਵ ਅਰੋੜਾ ਦੇ ਲੁਧਿਆਣਾ ਸਥਿਤ ਘਰ 'ਤੇ ਈਡੀ ਦੀ ਛਾਪੇਮਾਰੀ ਜਾਰੀ ਹੈ। ਏਐੱਨਆਈ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਸੰਜੀਵ ਅਰੋੜਾ ਨਾਲ ਜੁੜੀਆਂ ਕਈ ਹੋਰ ਥਾਵਾਂ 'ਤੇ ਵੀ ਇੱਕੋ ਸਮੇਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਅਸ਼ੋਕ ਮਿੱਤਲ ਨਾਲ ਜੁੜੇ ਟਿਕਾਣਿਆਂ 'ਤੇ ਵੀ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਅਸ਼ੋਕ ਮਿੱਤਲ ਨੂੰ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਰਾਘਵ ਚੱਢਾ ਦੀ ਥਾਂ ਰਾਜ ਸਭਾ ਵਿੱਚ ਡਿਪਟੀ ਲੀਡਰ ਬਣਾਇਆ ਗਿਆ ਹੈ।
ਸੰਜੀਵ ਅਰੋੜਾ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਰਹੇ ਹਨ। ਉਨ੍ਹਾਂ ਨੇ ਲੁਧਿਆਣਾ ਪੱਛਮੀ ਹਲਕੇ ਤੋਂ ਵਿਧਾਨ ਸਭਾ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ 1 ਜੁਲਾਈ, 2025 ਨੂੰ ਆਪਣੀ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।
ਮੁੱਖ ਮੰਤਰੀ ਭਗਵੰਤ ਮਾਨ ਬੋਲੇ - 'ਅਸੀਂ ਡਰਨ ਵਾਲੇ ਨਹੀਂ'
ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਛਾਪੇਮਾਰੀ ਸੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਖ਼ਤਰੇ ਵਿੱਚ ਹੈ ਅਤੇ ਇਸ ਨੂੰ ਬਚਾਉਣ ਲਈ ਸਭ ਨੂੰ ਅੱਗੇ ਆਉਣਾ ਪਵੇਗਾ।
ਭਗਵੰਤ ਮਾਨ ਨੇ ਕਿਹਾ, "ਅਸੀਂ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ, ਜਿਸ ਤਰੀਕੇ ਨਾਲ ਲੋਕਤੰਤਰ ਦਾ ਘਾਣ ਹੋ ਰਿਹਾ ਹੈ।"
ਉਨ੍ਹਾਂ ਕਿਹਾ, "ਪੰਜਾਬ ਵਿੱਚ ਇਨ੍ਹਾਂ ਨੂੰ ਇੱਕ ਜਾਂ ਦੋ ਸੀਟਾਂ ਆਉਂਦੀਆਂ ਹਨ, ਉਸ ਨੂੰ ਵਧਾਉਣ ਲਈ ਈਡੀ ਦੀਆਂ ਰੇਡਾਂ ਕੀਤੀਆਂ ਜਾ ਰਹੀਆਂ ਹਨ।"
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਸਾਡੀ ਪਾਰਟੀ ਦੇ 90 ਫੀਸਦੀ ਆਗੂਆਂ ਨੂੰ ਇਨ੍ਹਾਂ ਨੇ ਜੇਲ੍ਹ ਦਿਖਾ ਦਿੱਤੀ ਹੈ। ਹਾਲਾਂਕਿ, ਉਨ੍ਹਾਂ ਨੇ ਕੁਝ ਨਹੀਂ ਕੀਤਾ ਸੀ।"
ਉਨ੍ਹਾਂ ਕਿਹਾ ਕਿ ਉਹ ਡਰਨ ਵਾਲੇ ਨਹੀਂ ਹਨ।
ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਆਗੂ ਰਵਨੀਤ ਬਿੱਟੂ ਨੇ ਇਸ ਰੇਡ ਦੀ ਖ਼ਬਰ ਨੂੰ ਸ਼ੇਅਰ ਕਰਦੇ ਹੋਏ ਆਮ ਆਦਮੀ ਪਾਰਟੀ ਉੱਤੇ ਤੰਜ ਕੱਸਿਆ ਹੈ।
'ਪੂਰਾ ਦੇਸ਼ ਦੇਖ ਰਿਹਾ ਹੈ' - ਅਰਵਿੰਦ ਕੇਜਰੀਵਾਲ
'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਇਸ ਕਾਰਵਾਈ ਦੀ ਨਿੰਦਾ ਕੀਤੀ ਅਤੇ ਐਕਸ 'ਤੇ ਲਿਖਿਆ, ''ਤਿੰਨ ਦਿਨਾਂ ਦੇ ਅੰਦਰ ਇਹ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਦੇ ਘਰ 'ਤੇ ਈਡੀ ਦਾ ਦੂਜਾ ਛਾਪਾ ਹੈ।''
''ਕੀ ਪ੍ਰਧਾਨ ਮੰਤਰੀ ਸਾਨੂੰ ਦੱਸਣਗੇ ਕਿ "ਆਪ" ਆਗੂਆਂ ਦੇ ਘਰਾਂ 'ਤੇ ਹੁਣ ਤੱਕ ਕੀਤੇ ਗਏ ਅਣਗਿਣਤ ਛਾਪਿਆਂ ਤੋਂ ਕਿੰਨਾ ਕਾਲਾ ਧਨ ਬਰਾਮਦ ਹੋਇਆ ਹੈ? ਇੱਕ ਵੀ ਰੁੱਪਈਆ ਨਹੀਂ?''
''ਪੂਰਾ ਦੇਸ਼ ਦੇਖ ਰਿਹਾ ਹੈ ਕਿ ਤੁਸੀਂ ਸਿਰਫ਼ ਸੱਤਾ ਵਾਸਤੇ ਕਿੰਨੀ ਘਟੀਆ ਸਿਆਸਤ ਕਰ ਰਹੇ ਹੋ।''
'ਆਪ' ਆਗੂਆਂ ਦੀ ਪ੍ਰਤੀਕਿਰਿਆ
'ਆਪ' ਆਗੂ ਡਾਕਟਰ ਬਲਬੀਰ ਸਿੰਘ ਨੇ ਐਕਸ 'ਤੇ ਲਿਖਿਆ, ''ਕੈਬਿਨੇਟ ਮੰਤਰੀ ਸੰਜੀਵ 'ਤੇ ਈਡੀ ਦੀ ਰੇਡ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਕੁਚਲਣ ਦੀ ਕੋਸ਼ਿਸ਼ ਵਿੱਚ ਭਾਜਪਾ ਵੱਲੋਂ ਏਜੰਸੀਆਂ ਦੀ ਇੱਕ ਹੋਰ ਦੁਰਵਰਤੋਂ ਹੈ।''
''ਅਜਿਹੀਆਂ ਚਾਲਾਂ ਸਾਨੂੰ ਖਤਮ ਕਰਨ ਵਿੱਚ ਹਮੇਸ਼ਾ ਨਾਕਾਮ ਰਹੀਆਂ ਹਨ। ਇਸ ਨਾਲ ਅਸੀਂ ਹੋਰ ਵੀ ਮਜ਼ਬੂਤ ਹੁੰਦੇ ਹਾਂ। ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਹੀ ਭਾਜਪਾ ਦਾ ਅਸਲ ਕੌਮੀ ਵਿਰੋਧੀ ਦਲ ਅਤੇ ਬਦਲ ਹੈ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ