ਆਈਪੀਐੱਲ: ਪੰਜਾਬ ਕਿੰਗਜ਼ ਦੀ ਪਲੇਆਫ਼ 'ਚ ਜਾਣ ਦੀ ਉਮੀਦ ਬਰਕਰਾਰ, ਸ਼੍ਰੇਅਸ ਦੇ ਸੈਂਕੜੇ ਸਦਕਾ ਮਿਲੀ ਜਿੱਤ ਤੋਂ ਬਾਅਦ ਵੀ ਇਸ ਗੱਲ ਦੀ ਹੈ ਵੱਡੀ ਚਿੰਤਾ

ਤਸਵੀਰ ਸਰੋਤ, Reuters
ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ 101 ਦੌੜਾਂ ਨਾਲ ਨਾਬਾਦ, ਟੀਮ ਨੇ 7 ਵਿਕਟਾਂ ਨਾਲ ਜਿੱਤਿਆ ਮੈਚ... ਇਹ ਉਹ ਜਿੱਤ ਹੈ ਜਿਸ ਦਾ ਪੰਜਾਬ ਕਿੰਗਜ਼ ਦੇ ਫੈਨਜ਼ ਨੂੰ ਪਿਛਲੇ ਕਈ ਮੈਚਾਂ ਤੋਂ ਇੰਤਜ਼ਾਰ ਸੀ, ਤੇ ਆਖਿਰਕਾਰ ਟੀਮ ਨੇ ਹਾਰ ਦਾ ਸਿਲਸਿਲਾ ਤੋੜਦੇ ਹੋਏ ਇੱਕ ਸ਼ਾਨਦਾਰ ਜਿੱਤ ਦਰਜ ਕਰ ਦਿੱਤੀ ਹੈ।
ਪਰ ਇਹ ਜਿੱਤ ਸਿਰਫ਼ ਇੱਕ ਆਮ ਜਿੱਤ ਨਹੀਂ, ਸਗੋਂ ਉਸ ਉਮੀਦ ਨੂੰ ਬਰਕਰਾਰ ਰੱਖਣ ਦੀ ਕੜੀ ਹੈ ਜੋ ਪੰਜਾਬ ਦੀ ਟੀਮ ਨੂੰ ਆਈਪੀਐੱਲ ਦੇ ਇਸ ਸੀਜ਼ਨ ਦੇ ਪਲੇਆਫ਼ ਤੱਕ ਪਹੁੰਚਾ ਸਕਦੀ ਹੈ।
ਸ਼ਨੀਵਾਰ ਨੂੰ ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ।
ਇਸ ਮੈਚ ਵਿੱਚ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ 101 ਦੌੜਾਂ ਦੀ ਸ਼ਾਨਦਾਰ ਕਪਤਾਨੀ ਪਾਰੀ ਖੇਡੀ ਅਤੇ ਆਈਪੀਐੱਲ ਵਿੱਚ ਆਪਣਾ ਪਹਿਲਾ ਸੈਂਕੜਾਂ ਜੜਿਆ।
ਹਾਲਾਂਕਿ ਟੀਮ ਪਲੇਆਫ਼ ਵਿੱਚ ਪਹੁੰਚੇਗੀ ਜਾਂ ਨਹੀਂ, ਇਸ ਦਾ ਪੱਕਾ ਫੈਸਲਾ ਹੋਣਾ ਅਜੇ ਵੀ ਬਾਕੀ ਹੈ।
'ਸਰਪੰਚ ਸਾਬ੍ਹ' ਦਾ ਸ਼ਾਨਦਾਰ ਸੈਂਕੜਾ

ਤਸਵੀਰ ਸਰੋਤ, Reuters
ਸ਼੍ਰੇਅਸ ਅਈਅਰ ਨੇ ਇਸ ਮੈਚ ਵਿੱਚ ਸ਼ਾਨਦਾਰ ਸੈਂਕੜਾ ਜੜ ਕੇ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਮਹਿਜ਼ 51 ਗੇਂਦਾਂ ਵਿੱਚ ਆਪਣੇ ਆਈਪੀਐੱਲ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ। ਇਸ ਦੌਰਾਨ ਉਹ 11 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 101 ਦੌੜਾਂ ਬਣਾ ਕੇ ਨਾਬਾਦ ਰਹੇ।
ਸ਼੍ਰੇਅਸ ਅਈਅਰ ਹੁਣ ਪੰਜਾਬ ਕਿੰਗਜ਼ ਲਈ ਸੈਂਕੜਾ ਬਣਾਉਣ ਵਾਲੇ ਤੀਜੇ ਕਪਤਾਨ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਇਹ ਕਾਰਨਾਮਾ ਸਿਰਫ਼ ਕੇਐੱਲ ਰਾਹੁਲ ਅਤੇ ਐਡਮ ਗਿਲਕ੍ਰਿਸਟ ਨੇ ਕੀਤਾ ਸੀ।
ਦਰਅਸਲ, ਪੰਜਾਬ ਦੀ ਬੱਲੇਬਾਜ਼ੀ ਵਾਲੀ ਪਾਰੀ ਦੀ ਸ਼ੁਰੂਆਤ ਚੰਗੀ ਨਹੀਂ ਸੀ। ਪ੍ਰਿਆਂਸ਼ ਆਰਿਆ (0) ਅਤੇ ਕੂਪਰ ਕੋਨੋਲੀ (18) ਦੇ ਛੇਤੀ ਆਊਟ ਹੋਣ ਤੋਂ ਬਾਅਦ ਲੱਗਿਆ ਸੀ ਜਿਵੇਂ ਇਸ ਮੈਚ ਦਾ ਹਾਲ ਵੀ ਪਿਛਲੇ ਕੁਝ ਮੈਚਾਂ ਵਾਂਗ ਹੀ ਹੋਵੇਗਾ।
ਪਰ ਇਸ ਵੇਲੇ ਮੈਦਾਨ 'ਤੇ ਆਏ ਪੰਜਾਬ ਦੇ ਕਪਤਾਨ ਸ਼੍ਰੇਅਸ ਅਈਅਰ ਅਜਿਹੇ ਆਏ ਕਿ ਫਿਰ ਕੋਈ ਗੇਂਦਬਾਜ਼ ਉਨ੍ਹਾਂ ਨੂੰ ਪਵੇਲੀਅਨ ਵਾਪਸ ਨਹੀਂ ਭੇਜ ਸਕਿਆ।
ਇਸ ਦੌਰਾਨ ਉਨ੍ਹਾਂ ਦਾ ਸਾਥ ਦਿੱਤਾ ਪ੍ਰਭਸਿਮਰਨ ਸਿੰਘ ਨੇ। ਦੋਵਾਂ ਵਿਚਕਾਰ ਤੀਜੇ ਵਿਕਟ ਲਈ 76 ਗੇਂਦਾਂ ਵਿੱਚ 140 ਦੌੜਾਂ ਦੀ ਸਾਂਝੇਦਾਰੀ ਬਣੀ।
ਪ੍ਰਭਸਿਮਰਨ ਨੇ ਵੀ ਅਰਧ ਸੈਂਕੜਾਂ ਜੜਿਆ। ਉਨ੍ਹਾਂ ਨੇ 39 ਗੇਂਦਾਂ 'ਤੇ 69 ਦੌੜਾਂ ਬਣਾਈਆਂ। ਲਖਨਊ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਅਰਜੁਨ ਤੇਂਦੁਲਕਰ ਨੇ ਇਸ ਸਾਂਝੇਦਾਰੀ ਨੂੰ ਤੋੜਿਆ ਅਤੇ ਇੱਕ ਸ਼ਾਨਦਾਰ ਯਾਰਕਰ ਨਾਲ ਉਨ੍ਹਾਂ ਦੀ ਪਾਰੀ ਦਾ ਅੰਤ ਕੀਤਾ।
ਅਰਸ਼ਦੀਪ ਫਿਰ ਮਹਿੰਗੇ ਸਾਬਿਤ ਹੋਏ

ਤਸਵੀਰ ਸਰੋਤ, Pankaj Nangia/Getty Images
ਹਾਲਾਂਕਿ ਪਿਛਲੇ ਮੈਚ ਤੋਂ ਬਾਅਦ ਪੰਜਾਬ ਕਿੰਗਜ਼ ਦੇ ਗੇਂਦਬਾਜ਼ੀ ਕੋਚ ਨੇ ਕਿਹਾ ਸੀ ਕਿ ਅਰਸ਼ਦੀਪ ਸਿੰਘ ਬਿਲਕੁਲ ਫਿੱਟ ਹਨ ਅਤੇ ਚੰਗੀ ਤਰ੍ਹਾਂ ਪ੍ਰੈਕਟਿਸ ਵੀ ਕਰ ਰਹੇ ਹਨ ਪਰ ਉਨ੍ਹਾਂ ਦੇ ਪ੍ਰਦਰਸ਼ਨ ਨੇ ਇੱਕ ਵਾਰ ਫਿਰ ਦਰਸ਼ਕਾਂ ਨੂੰ ਨਿਰਾਸ਼ ਕੀਤਾ ਹੈ।
ਉਨ੍ਹਾਂ ਨੇ ਤਿੰਨ ਓਵਰਾਂ ਵਿੱਚ 52 ਦੌੜਾਂ ਦਿੱਤੀਆਂ ਅਤੇ ਇੱਕ ਵੀ ਵਿਕਟ ਨਹੀਂ ਲਈ।
ਮਾਰਕੋ ਯਾਨਸਨ ਅਤੇ ਯੁਜ਼ਵੇਂਦਰ ਚਹਿਲ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ ਅਤੇ ਪੰਜਾਬ ਲਈ ਸਭ ਤੋਂ ਸਫਲ ਗੇਂਦਬਾਜ਼ ਰਹੇ।
ਉਨ੍ਹਾਂ ਤੋਂ ਇਲਾਵਾ, ਅਜ਼ਮਤੁੱਲਾਹ ਓਮਰਜ਼ਈ ਅਤੇ ਸ਼ਸ਼ਾਂਕ ਸਿੰਘ ਨੇ ਵੀ ਇੱਕ-ਇੱਕ ਵਿਕਟ ਹਾਸਲ ਕੀਤੀ।
ਪਲੇਆਫ਼ 'ਚ ਪਹੁੰਚਣ ਦੀਆਂ ਉਮੀਦਾਂ ਜ਼ਿੰਦਾ ਪਰ ਇਹ ਹੈ ਵੱਡੀ ਚਿੰਤਾ

ਤਸਵੀਰ ਸਰੋਤ, Pankaj Nangia/Getty Images
ਇਸ ਮੈਚ ਵਿੱਚ ਜਿੱਤ ਦੇ ਨਾਲ ਹੀ ਪੰਜਾਬ ਕਿੰਗਜ਼ ਦੇ ਪਲੇਆਫ਼ ਵਿੱਚ ਪਹੁੰਚਣ ਦੀਆਂ ਉਮੀਦਾਂ ਵੀ ਬਰਕਰਾਰ ਹਨ। ਪਰ ਨਾਲ ਹੀ ਚਿੰਤਾ ਵੀ ਬਣੀ ਹੋਈ ਹੈ ਕਿਉਂਕਿ ਪੰਜਾਬ ਕਿੰਗਜ਼ ਦੇ ਲੀਗ ਸਟੇਜ ਦੇ ਸਾਰੇ ਮੈਚ ਖਤਮ ਹੋ ਚੁੱਕੇ ਹਨ ਅਤੇ ਹੁਣ ਮੁੰਬਈ ਇੰਡੀਅਨਜ਼ ਤੇ ਰਾਜਸਥਾਨ ਰਾਇਲਜ਼ ਦਾ ਮੈਚ ਇਹ ਤੈਅ ਕਰੇਗਾ ਕਿ ਪੰਜਾਬ ਪਲੇਆਫ਼ 'ਚ ਜਾਵੇਗਾ ਜਾਂ ਨਹੀਂ।
ਇਸ ਵੇਲੇ ਪੁਆਇੰਟ ਟੇਬਲ ਵਿੱਚ ਪੰਜਾਬ ਟੀਮ ਆਪਣੀ ਤਾਜ਼ਾ ਜਿੱਤ ਦੇ ਨਾਲ ਚੌਥੇ ਨੰਬਰ 'ਤੇ ਆ ਗਈ ਹੈ ਅਤੇ ਟੀਮ ਕੋਲ 7 ਮੈਚਾਂ ਵਿੱਚ ਜਿੱਤ ਦੇ ਨਾਲ 15 ਅੰਕ ਹਨ ਅਤੇ ਨੈੱਟ ਰਨ ਰੇਟ +0.309 ਹੈ, ਜੋ ਕਿ ਕਾਫ਼ੀ ਮਜ਼ਬੂਤ ਹੈ।। ਜਦਕਿ ਬੈਂਗਲੁਰੂ, ਗੁਜਰਾਤ ਅਤੇ ਹੈਦਰਾਬਾਦ ਦੀਆਂ ਟੀਮਾਂ 18-18 ਅੰਕਾਂ ਦੇ ਨਾਲ ਟਾਪ 3 'ਚ ਹਨ।
ਹੁਣ ਮੁਕਾਬਲਾ ਹੋਣਾ ਹੈ ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼ ਦੇ ਵਿਚਕਾਰ। ਐਤਵਾਰ ਨੂੰ ਹੋਣ ਵਾਲੇ ਇਸ ਮੁਕਾਬਲੇ ਦਾ ਨਤੀਜਾ ਪੰਜਾਬ ਕਿੰਗਜ਼ ਦੇ ਭਵਿੱਖ ਦਾ ਫੈਸਲਾ ਕਰੇਗਾ।
ਜੇ ਇਸ ਮੈਚ ਵਿੱਚ ਮੁੰਬਈ ਟੀਮ ਜਿੱਤ ਜਾਂਦੀ ਹੈ ਤਾਂ ਪੰਜਾਬ ਦਾ ਪਲੇਆਫ਼ 'ਚ ਪਹੁੰਚਣਾ ਕਾਫੀ ਹੱਦ ਤੱਕ ਤੈਅ ਹੋ ਜਾਵੇਗਾ ਪਰ ਇਸ ਦੇ ਉਲਟ ਜੇ ਰਾਜਸਥਾਨ ਟੀਮ ਜਿੱਤਦੀ ਹੈ ਤਾਂ ਪੰਜਾਬ ਟੀਮ ਮੁਕਾਬਲੇ ਤੋਂ ਬਾਹਰ ਹੋ ਜਾਵੇਗੀ।
ਰਿਸ਼ਭ ਪੰਤ ਦਾ ਬੱਲਾ ਫਿਰ ਨਹੀਂ ਚੱਲਿਆ

ਤਸਵੀਰ ਸਰੋਤ, Reuters
ਲਖਨਊ ਦੀ ਪਾਰੀ ਦੀ ਗੱਲ ਕਰੀਏ ਤਾਂ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਦੇ ਸਾਹਮਣੇ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ 'ਤੇ 196 ਦੌੜਾਂ ਬਣਾਈਆਂ ਸਨ।
ਸ਼ੁਰੂਆਤ ਲਖਨਊ ਦੀ ਪਾਰੀ ਦੀ ਵੀ ਮਾੜੀ ਹੀ ਰਹੀ। ਸ਼ੁਰੂ ਵਿੱਚ ਹੀ ਟੀਮ ਨੇ ਅਰਸ਼ਿਨ ਕੁਲਕਰਨੀ ਅਤੇ ਨਿਕੋਲਸ ਪੂਰਨ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ।
ਹਾਲਾਂਕਿ ਇਸ ਤੋਂ ਬਾਅਦ ਜੋਸ਼ ਇੰਗਲਿਸ ਅਤੇ ਆਯੁਸ਼ ਬਡੋਨੀ ਦੀ 23 ਗੇਂਦਾਂ 'ਤੇ 49 ਦੌੜਾਂ ਦੀ ਸਾਂਝੇਦਾਰੀ ਨੇ ਪਾਰੀ ਨੂੰ ਸੰਭਾਲਿਆ। ਬਡੋਨੀ 18 ਗੇਂਦਾਂ 'ਤੇ 43 ਦੌੜਾਂ ਬਣਾ ਕੇ ਪਵੇਲੀਅਨ ਪਰਤੇ।
ਫਿਰ ਟੀਮ ਦੇ ਕਪਤਾਨ ਰਿਸ਼ਭ ਪੰਤ ਅਤੇ ਜੋਸ਼ ਇੰਗਲਿਸ ਨੇ ਚੌਥੀ ਵਿਕਟ ਲਈ 43 ਗੇਂਦਾਂ 'ਤੇ 65 ਦੌੜਾਂ ਜੋੜੀਆਂ। ਹਾਲਾਂਕਿ ਪੰਤ ਦਾ ਬੱਲਾ ਕੋਈ ਖਾਸ ਕਮਾਲ ਨਹੀਂ ਦਿਖਾ ਸਕਿਆ ਅਤੇ ਉਨ੍ਹਾਂ ਨੇ ਸਿਰਫ਼ 26 ਦੌੜਾਂ ਹੀ ਬਣਾਈਆਂ।
ਅਬਦੁਲ ਸਮਦ ਨੇ ਵੀ 37 ਦੌੜਾਂ ਦਾ ਯੋਗਦਾਨ ਪਾਇਆ ਪਰ ਪੰਜਾਬ ਨੇ ਇਸ ਸਕੋਰ ਨੂੰ ਚੇਜ਼ ਕਰਕੇ ਮੈਚ ਆਪਣੇ ਨਾਮ ਕਰ ਲਿਆ।
ਲਖਨਊ ਲਈ ਜੋਸ਼ ਇੰਗਲਿਸ ਨੇ 44 ਗੇਂਦਾਂ ਵਿੱਚ 72 ਦੌੜਾਂ ਬਣਾਈਆਂ ਅਤੇ ਆਪਣੀ ਸ਼ਾਨਦਾਰ ਪਾਰੀ ਵਿੱਚ 9 ਚੌਕੇ ਅਤੇ 2 ਛੱਕੇ ਲਗਾਏ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












