ਵਿਰਾਟ ਕੋਹਲੀ ਵੱਲੋਂ ਭਾਰਤੀ ਹਾਕੀ ਖਿਡਾਰੀਆਂ ਦੀ ਫਿਟਨੈੱਸ ਦੀਆਂ ਸਿਫ਼ਤਾਂ, ਇੱਕ ਕੌਮਾਂਤਰੀ ਹਾਕੀ ਖਿਡਾਰੀ ਕਿਹੜੇ ਔਖੇ ਪੜਾਵਾਂ 'ਚੋਂ ਲੰਘਦਾ ਤੇ ਕੀ-ਕੀ ਖਾਣਾ ਪੈਂਦਾ

ਤਸਵੀਰ ਸਰੋਤ, Getty Images
- ਲੇਖਕ, ਬਰਿੰਦਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਜੇ ਕਹੀਏ ਕਿ ਭਾਰਤੀ ਕ੍ਰਿਕਟ ਵਿੱਚ ਫਿਟਨੈੱਸ ਦੀ ਚਿਣਗ ਲਗਾਉਣ ਦਾ ਸਿਹਰਾ ਵਿਰਾਟ ਕੋਹਲੀ ਸਿਰ ਜਾਂਦਾ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਦਾ ਨਾਮ ਇੰਟਰਨੈਸ਼ਨਲ ਪੱਧਰ 'ਤੇ ਫਿੱਟ ਖਿਡਾਰੀਆਂ ਵਿੱਚ ਆਉਂਦਾ ਹੈ ਤੇ ਕਈ ਕ੍ਰਿਕਟ ਖਿਡਾਰੀ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਹੀ ਫਿਟਨੈੱਸ ਨੂੰ ਗੰਭੀਰਤਾ ਨਾਲ ਲੈਣ ਲੱਗੇ ਪਰ ਵਿਰਾਟ ਕੋਹਲੀ ਭਾਰਤ ਦੀ ਇਸ ਟੀਮ ਦੇ ਖਿਡਾਰੀਆਂ ਅੱਗੇ ਆਪਣੀ ਫਿਟਨੈੱਸ ਨੂੰ 'ਫਿੱਕਾ' ਮੰਨਦੇ ਹਨ।
ਉਹ ਖਿਡਾਰੀ ਹਨ ਭਾਰਤੀ ਹਾਕੀ ਟੀਮ ਦੇ ਖਿਡਾਰੀ, ਜਿਨ੍ਹਾਂ ਬਾਰੇ ਵਿਰਾਟ ਕੋਹਲੀ ਵੱਲੋਂ ਦਿੱਤੇ ਬਿਆਨ ਨੇ ਹਾਕੀ ਖਿਡਾਰੀਆਂ ਦੀ ਫਿਟਨੈੱਸ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਵਿਰਾਟ ਕੋਹਲੀ ਦਾ ਇਹ ਵੀ ਕਹਿਣਾ ਕਿ ਜੇ ਹਾਕੀ ਖਿਡਾਰੀ ਉਨ੍ਹਾਂ ਦੇ ਅਭਿਆਸ ਸੈਸ਼ਨ ਦੇਖਣਗੇ ਤਾਂ ਹੱਸਣਗੇ।
ਕ੍ਰਿਕਟ ਸਟਾਰ ਵੱਲੋਂ ਦਿੱਤੇ ਇਸ ਬਿਆਨ ਨੇ ਹਾਕੀ ਖਿਡਾਰੀਆਂ ਦੇ ਅਭਿਆਸ ਵੱਲ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ ਕਿ ਆਖਿਰ ਹਾਕੀ ਖਿਡਾਰੀ ਹੋਰ ਖੇਡਾਂ ਨਾਲੋਂ ਵੱਖਰੀ ਕਿਹੋ ਜਿਹੀ ਤਿਆਰੀ ਕਰਦੇ ਹਨ।
'ਅਸੀਂ ਹਾਕੀ ਖਿਡਾਰੀਆਂ ਦੀ ਫਿਟਨੈੱਸ ਅੱਗੇ 15 ਫ਼ੀਸਦ ਵੀ ਨਹੀਂ'

ਤਸਵੀਰ ਸਰੋਤ, Getty Images
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ ਆਰਸੀਬੀ ਇਨੋਵੇਸ਼ਨ ਲੈਬ ਇੰਡੀਅਨ ਸਪੋਰਟਸ ਸਮਿਟ ਦੇ ਤੀਜੇ ਐਡੀਸ਼ਨ ਦੌਰਾਨ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦੀ ਫਿਟਨੈੱਸ ਬਾਰੇ ਬਿਆਨ ਦਿੱਤਾ।
ਉਨ੍ਹਾਂ ਕਿਹਾ, "ਮੈਨੂੰ ਪਤਾ ਹੈ ਕਿ ਲੋਕ ਕਦੇ-ਕਦੇ ਫਿਟਨੈੱਸ ਨੂੰ ਬਹੁਤ ਹੀ ਅਸਾਧਾਰਨ ਚੀਜ਼ ਮੰਨਦੇ ਹਨ ਪਰ ਮੇਰੇ ਲਈ ਇਹ ਬਸ ਉਹੀ ਹੈ ਜਿਸਦੀ ਇਸ ਕੰਮ 'ਚ ਜ਼ਰੂਰਤ ਹੁੰਦੀ ਹੈ। ਇਹ ਇੱਕ ਆਮ ਗੱਲ ਹੋਣੀ ਚਾਹੀਦੀ ਹੈ ਨਾ ਕਿ ਕੋਈ ਅਜਿਹੀ ਚੀਜ਼ ਜਿਸ ਨੂੰ ਖਾਸ ਮੰਨ ਉਸ ਦੀ ਤਾਰੀਫ਼ ਕੀਤੀ ਜਾਵੇ। ਸਾਡੇ ਦੇਸ਼ ਵਿੱਚ ਕ੍ਰਿਕਟ 'ਤੇ ਇੰਨਾ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਕਿ ਅਸੀਂ ਅਕਸਰ ਦੂਜੀਆਂ ਖੇਡਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ।"
ਵਿਰਾਟ ਨੇ ਅੱਗੇ ਕਿਹਾ, "ਜੇ ਮੈਂ ਪੂਰੀ ਇਮਾਨਦਾਰੀ ਨਾਲ ਕਹਾਂ ਤਾਂ ਸਾਡੀ ਫਿਟਨੈੱਸ ਭਾਰਤੀ ਹਾਕੀ ਖਿਡਾਰੀਆਂ ਦੀ ਫਿਟਨੈੱਸ ਦੇ ਮੁਕਾਬਲੇ 15 ਫ਼ੀਸਦ ਵੀ ਨਹੀਂ ਹੈ। ਜੇ ਹਾਕੀ ਖਿਡਾਰੀ ਸਾਡੇ ਟਰੇਨਿੰਗ ਸੈਸ਼ਨ ਦੇਖਣ ਤਾਂ ਸ਼ਾਇਦ ਉਹ ਹੱਸਣਗੇ ਕਿਉਂਕਿ ਉਨ੍ਹਾਂ ਦੀ ਖੇਡ ਵਿੱਚ ਸਰੀਰਕ ਤੌਰ 'ਤੇ ਕਿਤੇ ਜ਼ਿਆਦਾ ਮਿਹਨਤ ਦੀ ਜ਼ਰੂਰਤ ਹੁੰਦੀ ਹੈ।"

ਤਸਵੀਰ ਸਰੋਤ, Getty Images
ਮਾਡਰਨ ਹਾਕੀ 'ਚ ਕਿਹੋ ਜਿਹੀ ਤਿਆਰੀ ਕਰਦੇ ਨੇ ਖਿਡਾਰੀ
ਵਿਰਾਟ ਕੋਹਲੀ ਵੱਲੋਂ ਹਾਕੀ ਖਿਡਾਰੀਆਂ ਦੀ ਫਿਟਨੈੱਸ ਬਾਰੇ ਦਿੱਤੇ ਬਿਆਨ ਮਗਰੋਂ ਲੋਕਾਂ ਦਾ ਧਿਆਨ ਭਾਰਤੀ ਹਾਕੀ ਦੇ ਅੰਦਰ ਅਸਾਧਾਰਨ ਫਿਟਨੈੱਸ ਵੱਲ ਵਧਿਆ ਹੈ।
ਭਾਰਤੀ ਹਾਕੀ ਟੀਮ ਦੇ ਖਿਡਾਰੀ ਕੌਮਾਂਤਰੀ ਟੂਰਨਾਮੈਂਟਾਂ ਤੋਂ ਪਹਿਲਾਂ ਕਿੰਨੀ ਕੁ ਸਖ਼ਤ ਮਿਹਨਤ ਕਰਦੇ ਹਨ, ਕੀ ਖਾਂਦੇ ਹਨ, ਇਨ੍ਹਾਂ ਸਭ ਬਾਰੇ ਜਾਣਨ ਲਈ ਬੀਬੀਸੀ ਪੰਜਾਬੀ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨਾਲ ਖਾਸ ਗੱਲਬਾਤ ਕੀਤੀ ਹੈ।
ਓਲੰਪੀਅਨ ਸ਼ਮਸ਼ੇਰ ਸਿੰਘ 2019 ਤੋਂ ਲੈ ਕੇ 2025 ਤੱਕ ਭਾਰਤੀ ਹਾਕੀ ਟੀਮ ਦਾ ਹਿੱਸਾ ਰਹੇ ਹਨ।
ਉਨ੍ਹਾਂ ਨੇ ਓਲੰਪਿਕ ਵਿੱਚ ਦੋ ਕਾਂਸੀ ਦੇ ਤਗਮੇ, ਏਸ਼ੀਆ ਖੇਡਾਂ ਵਿੱਚ ਗੋਲਡ, ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਇੱਕ ਗੋਲਡ ਤੇ ਇੱਕ ਕਾਂਸੀ ਅਤੇ ਕਾਮਨਵੈਲਥ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ।
ਸ਼ਮਸ਼ੇਰ ਸਿੰਘ ਨੇ ਹਾਕੀ ਟੀਮ ਦੇ ਟਰੇਨਿੰਗ ਸੈਸ਼ਨਾਂ ਬਾਰੇ ਗੱਲਬਾਤ ਕਰਦਿਆਂ ਦੱਸਿਆ, "ਜਦੋਂ ਵੱਡੇ ਟੂਰਨਾਮੈਂਟਾਂ ਵਿੱਚ ਇੱਕ-ਡੇਢ ਮਹੀਨੇ ਦਾ ਸਮਾਂ ਰਹਿ ਜਾਂਦਾ ਉਦੋਂ ਟਰੇਨਿੰਗ ਸਖ਼ਤ ਹੋ ਜਾਂਦੀ ਹੈ। ਸਵੇਰ ਸਮੇਂ ਕੰਡੀਸ਼ਨਿੰਗ ਤੇ ਇੰਡੋਰੈਂਸ ਵਰਕ 'ਤੇ ਕੰਮ ਹੁੰਦਾ। ਇੰਡੋਰੈਂਸ ਯਾਨੀ ਲੰਬੀ ਦੌੜ ਅਤੇ ਲੰਬੇ ਸਮੇਂ ਲਈ ਦੌੜਣਾ ਸ਼ਾਮਲ ਹੈ। ਹਫਤੇ ਵਿੱਚ ਇੱਕ ਵਾਰ 800-1600 ਮੀਟਰ ਦੀ ਦੌੜ ਲਗਾਈ ਜਾਂਦੀ ਹੈ। ਜਿਵੇਂ 400 ਦਾ ਚੱਕਰ ਲਗਾ ਕੇ ਫਿਰ ਥੌੜਾ ਆਰਾਮ, ਇਸ ਤਰ੍ਹਾਂ ਦੇ 5-6 ਸੈੱਟ, ਫਿਰ 400-400 ਦੇ ਚਾਰ ਚੱਕਰ ਲਗਾਉਣੇ, ਇਸ ਤਰ੍ਹਾਂ ਦੇ 2-3 ਸੈੱਟ ਹੋ ਜਾਂਦੇ ਹਨ। ਜਦੋਂ ਟੂਰਨਾਮੈਂਟ ਵਿੱਚ 1-2 ਹਫ਼ਤਾ ਰਹਿ ਜਾਂਦਾ, ਉਸ ਸਮੇਂ ਲੋਡ ਘਟਾ ਦਿੱਤਾ ਜਾਂਦਾ ਤੇ ਹਲਕੀ ਟਰੇਨਿੰਗ ਹੁੰਦੀ ਹੈ।"
ਮੌਜੂਦਾ ਭਾਰਤੀ ਹਾਕੀ ਟੀਮ ਦੇ ਖਿਡਾਰੀ ਨੇ ਦੱਸਿਆ ਕਿ ਹਫ਼ਤੇ ਦੇ ਛੇ ਦਿਨ ਵੱਖ-ਵੱਖ ਸੈਸ਼ਨ ਹੁੰਦੇ ਹਨ।
ਕਿਹੜੇ ਪੜਾਵਾਂ ਵਿੱਚ ਹੁੰਦੀ ਹੈ ਟਰੇਨਿੰਗ

ਤਸਵੀਰ ਸਰੋਤ, Getty Images
ਸਮਸ਼ੇਰ ਸਿੰਘ ਦੱਸਦੇ ਹਨ ਕਿ ਟੀਮ ਨੂੰ ਐਤਵਾਰ ਦੀ ਰੈਸਟ ਹੁੰਦੀ ਹੈ ਅਤੇ ਬੁੱਧਵਾਰ ਤੇ ਸ਼ਨੀਵਾਰ ਦੀ ਸ਼ਾਮ ਛੱਡ ਕੇ ਬਾਕੀ ਦਿਨ ਸਵੇਰੇ-ਸ਼ਾਮ ਅਭਿਆਸ ਕਰਨਾ ਹੁੰਦਾ ਹੈ।
ਉਹ ਦੱਸਦੇ ਹਨ, "ਦਿਨ ਵਿੱਚ ਇੱਕ ਵਾਰ ਹਾਕੀ ਬਾਲ ਨਾਲ ਟਰੇਨਿੰਗ ਹੁੰਦੀ ਹੈ ਤੇ ਇੱਕ ਸਮੇਂ ਜਿਮ ਹੁੰਦੀ ਹੈ। ਟੂਰਨਾਮੈਂਟਾਂ ਤੋਂ ਪਹਿਲਾਂ ਖਾਸ ਫਿਟਨੈੱਸ ਕੈਂਪ ਲੱਗਦੇ ਹਨ, ਜਿਨ੍ਹਾਂ ਵਿੱਚ ਦੌੜ ਜ਼ਿਆਦਾ ਹੁੰਦੀ ਹੈ।"
ਭਾਰਤੀ ਹਾਕੀ ਟੀਮ ਦੇ ਮੌਜੂਦਾ ਇੱਕ ਖਿਡਾਰੀ ਨੇ ਪਛਾਣ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਭਾਰਤੀ ਹਾਕੀ ਟੀਮ ਦਾ ਤਿੰਨ ਸੈਸ਼ਨਾਂ ਵਿੱਚ ਅਭਿਆਸ ਹੁੰਦਾ ਹੈ, ਰੈੱਡ, ਗਰੀਨ ਅਤੇ ਆਰੇਂਜ।
ਸ਼ਮਸ਼ੇਰ ਸਿੰਘ ਵੀ ਦੱਸਦੇ ਹਨ ਕਿ ਟਰੇਨਿੰਗ ਨੂੰ ਕੁਝ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
"ਰੈੱਡ ਸੈਸ਼ਨ ਦਾ ਮਤਲਬ ਬਹੁਤ ਜ਼ਿਆਦਾ ਸਖ਼ਤ ਮਿਹਨਤ, ਇਸ ਵਿੱਚ ਹਾਕੀ ਨਾਲ ਜ਼ਿਆਦਾ ਅਭਿਆਸ ਹੁੰਦਾ ਹੈ। ਜਿਵੇਂ ਇੱਕ ਬਨਾਮ ਇੱਕ, ਦੋ ਬਨਾਮ ਦੋ ਖਿਡਾਰੀ ਹਾਕੀ ਨਾਲ ਵੱਖ-ਵੱਖ ਡਰਿੱਲਜ਼ ਕਰਦੇ ਹਨ, ਜਿਵੇਂ ਕਿ ਤੇਜ਼ ਪਾਸਿੰਗ ਕਰਨਾ, ਟਾਇਟ ਡਰਿੰਬਲਿੰਗ ਕਰਨਾ। ਇਸ ਵਿੱਚ ਛੋਟੇ ਮੈਚ ਵੀ ਲੱਗਦੇ ਹਨ। ਇਹ ਅਜਿਹਾ ਸੈਸ਼ਨ ਹੁੰਦਾ ਕਿ ਪੂਰੇ ਦੋ ਘੰਟੇ ਵਿੱਚ ਖਿਡਾਰੀ ਆਪਣੀ ਸਭ ਤੋਂ ਵੱਧ ਤਾਕਤ ਲਗਾਉਂਦਾ ਹੈ ਤੇ ਉਸ ਉਪਰ ਪੂਰਾ ਲੋਡ ਦਿੱਤਾ ਜਾਂਦਾ ਹੈ।"

ਤਸਵੀਰ ਸਰੋਤ, Getty Images
ਅਭਿਆਸ ਦੌਰਾਨ ਖਿਡਾਰੀਆਂ ਦੀ ਵਿੱਬ ਉਪਰ ਇੱਕ ਸੈਂਸਰ ਵਰਗੀ ਡਿਵਾਈਸ ਲਗਾਈ ਜਾਂਦੀ ਹੈ, ਜੋ ਉਨ੍ਹਾਂ ਦੀ ਸਰੀਰਕ ਸਮਰੱਥਾ ਨੂੰ ਮਾਪਦੀ ਹੈ ਤੇ ਲੋਡ ਚੈੱਕ ਕਰਦੀ ਹੈ।
ਸਮਸ਼ੇਰ ਦੱਸਦੇ ਹਨ ਕਿ ਰੈੱਡ ਸੈਸ਼ਨ ਵਿੱਚ ਖਿਡਾਰੀ ਉਪਰ ਪੂਰਾ ਲੋਡ ਦਿੱਤਾ ਜਾਂਦਾ ਹੈ ਤੇ ਹਰ ਖਿਡਾਰੀ ਨੂੰ 800 ਤੋਂ 900 ਪੁਆਇੰਟ ਤੱਕ ਦੇ ਲੋਡ ਤੱਕ ਪਹੁੰਚਣਾ ਹੁੰਦਾ ਹੈ।
ਆਰੇਂਜ ਸੈਸ਼ਨ ਬਾਰੇ ਉਹ ਦੱਸਦੇ ਹਨ ਕਿ ਇਸ ਵਿੱਚ ਖਿਡਾਰੀ ਉਪਰ ਲੋਡ ਘੱਟਾ ਦਿੱਤਾ ਜਾਂਦਾ ਤੇ ਇਹ ਲੋਡ ਘੱਟ ਕੇ 400-500 ਤੱਕ ਆ ਜਾਂਦਾ ਹੈ ਅਤੇ ਗਰੀਨ ਸੈਸ਼ਨ ਵਿੱਚ ਕੇਵਲ ਬੇਸਿਕ ਚੀਜ਼ਾਂ ਉਪਰ ਧਿਆਨ ਦਿੱਤਾ ਜਾਂਦਾ।
"ਇਸੇ ਤਰ੍ਹਾਂ ਹਫ਼ਤੇ 'ਚ ਤਿੰਨ ਤੋਂ ਚਾਰ ਵਾਰ ਜਿਮ ਹੁੰਦੀ ਹੈ ਤੇ ਖਿਡਾਰੀ ਡੇਢ ਤੋਂ ਦੋ ਘੰਟੇ ਤੱਕ ਮਿਹਨਤ ਲਾਉਂਦੇ ਹਨ। ਟੂਰਨਾਮੈਂਟ ਤੋਂ ਪਹਿਲਾਂ ਜਿਮ ਵਿੱਚ ਹੈਵੀ ਲਿਫਟ ਕਰਨਾ ਹੁੰਦਾ ਯਾਨੀ ਜ਼ਿਆਦਾ ਭਾਰ ਚੁੱਕਣਾ ਤੇ ਟੂਰਨਾਮੈਂਟ ਦੇ ਨੇੜੇ ਆ ਕੇ ਰੈਪਸ ਵਧ ਜਾਂਦੇ ਹਨ ਤੇ ਲੋਡ ਘਟਾ ਦਿੱਤਾ ਜਾਂਦਾ। ਇਸ ਦੌਰਾਨ ਸਰੀਰ ਦੇ ਉਪਰਲੇ ਹਿੱਸੇ ਦਾ ਅਭਿਆਸ ਘੱਟ ਤੇ ਸਰੀਰ ਦੇ ਹੇਠਲੇ ਹਿੱਸੇ ਦਾ ਅਭਿਆਸ ਜ਼ਿਆਦਾ ਹੁੰਦਾ।"
'ਯੋ-ਯੋ ਟੈਸਟ 'ਚ ਸਾਡੇ ਖਿਡਾਰੀ 22-23 ਸਕੋਰ ਆਰਾਮ ਨਾਲ ਲੈਂਦੇ ਨੇ'
ਸਮਸ਼ੇਰ ਸਿੰਘ ਦੱਸਦੇ ਹਨ ਕਿ ਜਦੋਂ ਖਿਡਾਰੀ ਕੈਂਪ ਤੋਂ ਛੁੱਟੀ ਦੌਰਾਨ ਘਰਾਂ ਤੋਂ ਵਾਪਸ ਆਉਂਦੇ ਹਨ ਤਾਂ ਉਸ ਸਮੇਂ ਵੀ ਉਨ੍ਹਾਂ ਦੇ ਯੋ-ਯੋ ਟੈਸਟ ਹੁੰਦੇ ਹਨ।
"ਸਾਡੇ ਖਿਡਾਰੀ ਯੋ-ਯੋ ਟੈਸਟ 'ਚੋਂ ਔਸਤਨ 22 ਸਕੋਰ ਲੈ ਹੀ ਲੈਂਦੇ ਹਨ ਪਰ ਜਦੋਂ ਓਲੰਪਿਕ ਟੂਰਨਾਮੈਂਟ ਵਰਗੇ ਵੱਡੇ ਕੰਪੀਟੀਸ਼ਨ ਆਉਂਦੇ ਹਨ ਤਾਂ ਉਸ ਸਮੇਂ ਤਾਂ ਇੱਕ-ਦੋ ਨੂੰ ਛੱਡ ਕੇ ਬਾਕੀ ਸਾਰੇ 23 ਤੱਕ ਵੀ ਸਕੋਰ ਲੈਂਦੇ ਹਨ ਕਿਉਂਕਿ ਖਿਡਾਰੀ ਫਿੱਟ ਇੰਨੇ ਜ਼ਿਆਦਾ ਹੁੰਦੇ ਹਨ। ਜਦੋਂ ਅਸੀਂ ਟੋਕਿਓ ਓਲੰਪਿਕ ਗਏ ਸੀ ਤਾਂ ਕਰੀਬ 16 ਜਣਿਆਂ ਨੇ 23.8 ਸਕੋਰ ਟੱਚ ਕਰ ਲਿਆ ਸੀ। ਗੋਲਕੀਪਰਾਂ ਦਾ ਸਕੋਰ ਘੱਟ ਹੁੰਦਾ ਪਰ ਉਹ ਵੀ 20 ਤੱਕ ਸਕੋਰ ਹਾਸਲ ਕਰ ਲੈਂਦੇ ਹਨ।"
ਸ਼ਮਸ਼ੇਰ ਦੱਸਦੇ ਹਨ ਕਿ ਛੁੱਟੀ 'ਤੇ ਆਉਣ ਤੋਂ ਇੱਕ-ਦੋ ਦਿਨ ਬਾਅਦ ਯੋ-ਯੋ ਟੈਸਟ ਕਰਕੇ ਚੈੱਕ ਕੀਤਾ ਜਾਂਦਾ ਕਿ ਖਿਡਾਰੀ ਕਿਸ ਲੈਵਲ 'ਤੇ ਹੈ ਤੇ ਉਸ ਦੇ ਆਧਾਰ 'ਤੇ ਟਰੇਨਿੰਗ ਕਰਵਾਈ ਜਾਂਦੀ ਹੈ।
ਯੋ-ਯੋ ਟੈਸਟ ਇੱਕ ਫਿਟਨੈੱਸ ਟੈਸਟ ਹੈ, ਜਿਸ ਰਾਹੀਂ ਖਿਡਾਰੀਆਂ ਦੇ ਸਟੈਮਿਨਾ ਯਾਨੀ ਸਰੀਰਕ ਤਾਕਤ ਅਤੇ ਸਹਿਣਸ਼ੀਲਤਾ ਨੂੰ ਮਾਪਿਆ ਜਾਂਦਾ ਹੈ।
ਭਾਰਤੀ ਹਾਕੀ ਖਿਡਾਰੀ ਕੀ-ਕੀ ਖਾਂਦੇ ਹਨ

ਤਸਵੀਰ ਸਰੋਤ, Getty Images
ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਲਈ ਚੰਗੀ ਖੁਰਾਕ ਵੀ ਉਨੀ ਹੀ ਜ਼ਰੂਰੀ ਹੈ, ਜਿੰਨਾ ਕਿ ਉਨ੍ਹਾਂ ਦਾ ਅਭਿਆਸ।
ਕੌਮਾਂਤਰੀ ਮੁਕਾਬਲਿਆਂ ਲਈ ਸਖ਼ਤ ਮਿਹਨਤ ਕਰਦੇ ਖਿਡਾਰੀਆਂ ਦੀ ਖੁਰਾਕ ਵੱਲ ਵੀ ਉੱਚਿਤ ਧਿਆਨ ਦਿੱਤਾ ਜਾਂਦਾ।
ਭਾਰਤੀ ਹਾਕੀ ਟੀਮ ਦੇ ਖਿਡਾਰੀ ਆਪਣੀ ਟਰੇਨਿੰਗ ਦੌਰਾਨ ਕਿਸ ਸਮੇਂ ਤੇ ਕਿਵੇਂ ਦੀ ਖੁਰਾਕ ਲੈਂਦੇ ਹਨ, ਇਸ ਬਾਰੇ ਵੀ
ਓਲੰਪੀਅਨ ਸ਼ਮਸ਼ੇਰ ਸਿੰਘ ਨੇ ਵਿਸਥਾਰ ਨਾਲ ਦੱਸਿਆ ਹੈ।
ਉਹ ਦੱਸਦੇ ਹਨ, "ਟਰੇਨਿੰਗ ਦੌਰਾਨ ਹਰ ਤਰ੍ਹਾਂ ਦਾ ਖਾਣਾ ਉਪਲਬਧ ਹੁੰਦਾ ਤੇ ਹਰ ਖਿਡਾਰੀ ਨੂੰ ਪਤਾ ਹੁੰਦਾ ਕਿ ਉਸ ਨੂੰ ਆਪਣੀ ਸਿਹਤ ਦੇ ਹਿਸਾਬ ਨਾਲ ਕਿਸਦੀ ਜ਼ਿਆਦਾ ਜ਼ਰੂਰਤ ਹੈ। ਸਾਡੀ ਜ਼ਿਆਦਾਤਰ ਸਵੇਰੇ 9 ਵਜੇ ਪ੍ਰੈਕਟਿਸ ਹੁੰਦੀ ਸੀ ਤੇ ਅਸੀਂ ਟਰੇਨਿੰਗ ਤੋਂ ਕਰੀਬ ਡੇਢ ਘੰਟਾ ਪਹਿਲਾਂ ਬ੍ਰੈਕਫਾਸਟ ਕਰ ਲੈਂਦੇ ਸੀ। ਜਿਸ ਵਿੱਚ ਆਂਡੇ, ਬਰੈੱਡ, ਪੀਨਟ ਬਟਰ, ਓਟਸ, ਫਲ਼, ਜਿਸ 'ਚ ਤਰਬੂਜ਼, ਖਰਬੂਜਾ ਤੇ ਅਨਾਨਾਸ ਪੱਕਾ ਹੀ ਹੁੰਦਾ, ਪੁੰਗਰੀਆਂ ਦਾਲਾਂ ਤੇ ਛੋਲੇ, ਚੀਆ ਤੇ ਪੰਪਕਿਨ ਸਣੇ ਤਿੰਨ-ਚਾਰ ਤਰ੍ਹਾਂ ਦੇ ਸੀਡਜ਼, ਦੁੱਧ, ਜੂਸ ਆਦਿ ਸ਼ਾਮਲ ਹੁੰਦਾ।"
ਸ਼ਮਸ਼ੇਰ ਦੱਸਦੇ ਹਨ ਕਿ ਜਦੋਂ ਟਰੇਨਿੰਗ ਖਤਮ ਹੋ ਜਾਂਦੀ ਹੈ ਤਾਂ ਬਾਅਦ ਵਿੱਚ ਖਿਡਾਰੀ ਇੱਕ ਸਕੂਪ (25-30 ਗ੍ਰਾਮ) ਪ੍ਰੋਟੀਨ ਲੈਂਦੇ ਹਨ।
"ਲੰਚ ਵਿੱਚ ਜ਼ਿਆਦਾ ਹਰੀਆਂ ਸਬਜ਼ੀਆਂ, ਦਾਲਾਂ, ਮੀਟ, ਚੌਲ, ਦਹੀ, ਰੋਟੀ, ਫਲ ਤੇ ਉਬਲੀਆਂ ਸਬਜ਼ੀਆਂ ਜਿਵੇਂ ਪਾਲਕ, ਬਰੋਕਲੀ, ਗਾਜਰ ਆਦਿ। ਸ਼ਾਮ ਦੇ ਸੈਸ਼ਨ ਮਗਰੋਂ ਵੀ ਜਿਸ ਨੇ ਪ੍ਰੋਟੀਨ ਲੈਣਾ ਹੁੰਦਾ ਉਹ ਲੈਂਦਾ ਤੇ ਫਿਰ ਡਿਨਰ ਕੀਤਾ ਜਾਂਦਾ।"
ਭਾਰਤੀ ਹਾਕੀ ਟੀਮ ਦੇ ਖਿਡਾਰੀ ਨੇ ਇਹ ਵੀ ਦੱਸਿਆ ਕਿ ਉਹ ਮੈਚ ਤੋਂ ਪਹਿਲਾਂ ਪੀਨਟ ਬਟਰ, ਖੰਜੂਰ, ਕੇਲਾ ਜਾਂ ਕੌਫੀ ਪੀਂਦੇ ਹਨ।
"ਕੁਝ ਖਿਡਾਰੀ ਪ੍ਰੀ ਵਰਕਆਊਟ ਵੀ ਲੈਂਦੇ ਹਨ ਤੇ ਮੈਚ ਵਿਚਾਲੇ ਐਨਰਜੀ ਡਰਿੰਕ, ਓਆਰਐੱਸ ਵਗੈਰਾ ਲੈਂਦੇ ਹਨ।"
ਤੇਜ਼ ਹੁੰਦੀ ਹਾਕੀ ਖੇਡ ਲਈ ਅਨੁਸ਼ਾਸਨ ਤੇ ਫਿਟਨੈੱਸ ਕਿੰਨੀ ਜ਼ਰੂਰੀ

ਤਸਵੀਰ ਸਰੋਤ, Getty Images
ਫੀਲਡ ਹਾਕੀ ਖੇਡ ਦਾ ਮੈਚ ਕੁੱਲ 60 ਮਿੰਟ ਦਾ ਹੁੰਦਾ ਹੈ, ਜਿਸ ਵਿੱਚ 15-15 ਮਿੰਟ ਦੇ ਚਾਰ ਕੁਆਰਟਰ ਹੁੰਦੇ ਹਨ। ਇਨ੍ਹਾਂ ਵਿੱਚ ਛੋਟੇ ਬ੍ਰੇਕ ਅਤੇ 10 ਮਿੰਟ ਦਾ ਹਾਫ ਟਾਇਮ ਸ਼ਾਮਲ ਹੁੰਦਾ ਹੈ।
ਐਸਟ੍ਰੋਟਰਫ ਮੈਦਾਨ ਉਪਰ ਖੇਡੀ ਜਾਂਦੀ ਮਾਡਰਨ ਹਾਕੀ ਦੀ ਰਫ਼ਤਾਰ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਤੇਜ਼ ਹੋਈ ਹੈ।
ਹਾਕੀ ਇੰਡੀਆ ਵੱਲੋਂ ਪ੍ਰਕਾਸ਼ਿਤ ਹੋਏ ਬਿਆਨ ਵਿੱਚ ਮਿਡਫਿਲਡਰ ਮਨਪ੍ਰੀਤ ਸਿੰਘ ਨੇ ਕਿਹਾ, "ਅੱਜ ਹਾਕੀ ਬਹੁਤ ਤੇਜ਼ ਖੇਡ ਬਣ ਗਈ ਹੈ। ਗੇਂਦ ਕੁਝ ਹੀ ਸੈਕਿੰਡ ਵਿੱਚ ਮੈਦਾਨ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਪਹੁੰਚ ਜਾਂਦੀ ਹੈ ਅਤੇ ਖਿਡਾਰੀ ਲਗਾਤਾਰ ਭੱਜਦੇ ਰਹਿੰਦੇ ਹਨ, ਵਿਰੋਧੀ ਟੀਮ ਉਪਰ ਦਬਾਅ ਬਣਾਉਂਦੇ ਹਨ ਅਤੇ ਆਪਣੀ ਸਥਿਤੀ ਬਦਲਦੇ ਰਹਿੰਦੇ ਹਨ। ਇਸ ਖੇਡ ਲਈ ਬਿਹਤਰੀਨ ਫਿਟਨੈੱਸ ਦੀ ਜ਼ਰੂਰਤ ਹੁੰਦੀ ਹੈ ਕਿਉਂਕੀ ਖੇਡ ਗਤੀ, ਸਹਿਣਸ਼ਕਤੀ ਅਤੇ ਲਗਾਤਾਰ ਦੌੜਣ 'ਤੇ ਅਧਾਰਿਤ ਹੈ।"
ਸ਼ਮਸ਼ੇਰ ਸਿੰਘ ਵੀ ਮੰਨਦੇ ਹਨ ਕਿ ਹਾਕੀ ਖੇਡ ਪਹਿਲਾਂ ਦੇ ਮੁਕਾਬਲੇ ਪਿਛਲੇ 8-10 ਸਾਲਾਂ ਤੋਂ ਬਹੁਤ ਤੇਜ਼ ਹੋ ਗਈ ਹੈ।
ਉਹ ਦੱਸਦੇ ਹਨ, "ਮੈਚ ਦੌਰਾਨ ਹਰ ਖਿਡਾਰੀ ਦੋ ਤੋਂ ਤਿੰਨ ਮਿੰਟ ਬਾਅਦ ਬਦਲਿਆ ਜਾਂਦਾ ਤੇ ਉਹ ਰੀਕਵਰ ਕਰਕੇ ਆਉਂਦਾ, ਇਸ ਨਾਲ ਗੇਮ ਬਹੁਤ ਤੇਜ਼ ਹੋ ਜਾਂਦੀ ਹੈ। ਸੈਲਫ ਨਿਯਮ ਆਉਣ ਨਾਲ ਖੇਡ ਦੀ ਗਤੀ ਵਧੀ ਹੈ ਤੇ ਖਿਡਾਰੀਆਂ ਨੂੰ ਵੀ ਸਾਈਡਾਂ ਬਦਲਣੀਆਂ ਪੈਂਦੀਆਂ ਹਨ।"
ਸ਼ਮਸ਼ੇਰ ਦੱਸਦੇ ਹਨ ਕਿ ਖਿਡਾਰੀ ਲਈ ਖਾਣੇ ਵਿੱਚ ਬਹੁਤ ਕੁਝ ਕੰਟਰੋਲ ਕਰਨਾ ਪੈਂਦਾ।
"ਸਾਨੂੰ ਮੈਦਾ, ਸ਼ੂਗਰ ਤੇ ਫਰਾਈ ਖਾਣੇ ਨੂੰ ਪੂਰੀ ਤਰ੍ਹਾਂ ਛੱਡਣਾ ਹੁੰਦਾ। ਇਸੇ ਕਰਕੇ ਕੈਂਪ ਦੌਰਾਨ ਵੀ ਜ਼ਿਆਦਾਤਰ ਉਬਲਿਆ ਖਾਣਾ ਹੀ ਮਿਲਦਾ। "
ਸ਼ਮਸ਼ੇਰ ਦੱਸਦੇ ਹਨ ਕਿ ਆਪਣੀ ਸਿਹਤ ਨੂੰ ਲੈ ਕੇ ਖਿਡਾਰੀ ਅਨੁਸ਼ਾਸਨ ਭੰਗ ਨਹੀਂ ਕਰਦੇ ਤੇ ਛੁੱਟੀ 'ਤੇ ਜਾ ਕੇ ਵੀ ਉਨ੍ਹਾਂ ਨੂੰ ਖਾਣੇ ਦਾ ਪੂਰਾ ਧਿਆਨ ਰੱਖਣਾ ਪੈਂਦਾ।
ਹਾਕੀ ਖੇਡ ਲਈ ਅਨੁਸ਼ਾਸਨ ਕਿੰਨਾ ਜ਼ਰੂਰੀ ਹੈ ਇਸ ਬਾਰੇ ਉਹ ਕਹਿੰਦੇ ਹਨ ਕਿ ਜੇ ਖਿਡਾਰੀ ਅਨੁਸ਼ਾਸਨ ਵਿੱਚ ਰਹੇਗਾ ਤਾਂ ਹੀ ਕੌਮਾਂਤਰੀ ਪੱਧਰ 'ਤੇ ਪ੍ਰਦਰਸ਼ਨ ਕਰ ਸਕਦਾ।
"ਫਿੱਟ ਰਹਿਣ ਲਈ ਤੁਹਾਨੂੰ ਸਮੇਂ ਸਿਰ ਸੌਣਾ ਪੈਣਾ, ਘੱਟੋ-ਘੱਟ 8 ਘੰਟੇ ਨੀਂਦ ਲੈਣੀ ਪੈਣੀ ਹੈ। ਸਮੇਂ ਸਿਰ ਭੋਜਣ ਖਾਣਾ ਪੈਣਾ। ਰਾਤ ਕਰੀਬ 10 ਵਜੇ ਸਾਰੇ ਖਿਡਾਰੀ ਸੌ ਹੀ ਜਾਂਦੇ ਹਨ ਕਿਉਂਕਿ ਕੈਂਪ ਦੌਰਾਨ ਇੱਕ-ਇੱਕ ਦਿਨ ਬਹੁਤ ਅਹਿਮ ਹੁੰਦਾ ਤੇ ਜੇ ਇਹ ਸਭ ਕੀਤਾ ਜਾਵੇ ਤਾਂ ਹੀ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਸਕਦਾ।"
ਵਿਰਾਟ ਕੋਹਲੀ ਦਾ ਬਿਆਨ ਹਾਕੀ ਖਿਡਾਰੀਆਂ ਲਈ ਕਿੰਨਾ ਮਹੱਤਵ

ਤਸਵੀਰ ਸਰੋਤ, Getty Images
ਦਿੱਗਜ ਕ੍ਰਿਕਟਰ ਵਿਰਾਟ ਕੋਹਲੀ ਦੇ ਇਸ ਬਿਆਨ ਦਾ ਭਾਰਤੀ ਹਾਕੀ ਜਗਤ 'ਤੇ ਡੂੰਘਾ ਅਸਰ ਹੋਇਆ ਹੈ।
ਕੋਹਲੀ ਦੀ ਟਿੱਪਣੀਆਂ 'ਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਸਣੇ ਹੋਰ ਕਈ ਖਿਡਾਰੀਆਂ ਨੇ ਪ੍ਰਤੀਕਿਰਿਆ ਦਿੱਤੀ ਹੈ।
ਹਾਕੀ ਇੰਡੀਆ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਹਾਕੀ ਖਿਡਾਰੀਆਂ ਦੀ ਪ੍ਰਤੀਕਿਰਿਆਵਾਂ ਨੂੰ ਪ੍ਰਕਾਸ਼ਿਤ ਕੀਤਾ।
ਹਰਮਨਪ੍ਰੀਤ ਸਿੰਘ ਨੇ ਕਿਹਾ, "ਕੁਝ ਸਮੇਂ ਪਹਿਲਾਂ ਇੱਕ ਪ੍ਰੋਗਰਾਮ ਵਿੱਚ ਸਾਡੀ ਫਿਟਨੈੱਸ ਨੂੰ ਲੈ ਕੇ ਬਹੁਤ ਚੰਗੀ ਗੱਲਬਾਤ ਹੋਈ ਸੀ। ਅਸੀਂ ਯੋ-ਯੋ ਟੈਸਟ ਬਾਰੇ ਗੱਲ ਕੀਤੀ ਤਾਂ ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਸਾਡੇ ਗੋਲਕੀਪਰ ਵੀ 20 ਤੋਂ ਜ਼ਿਆਦਾ ਸਕੋਰ ਕਰਦੇ ਹਨ ਤਾਂ ਉਹ ਸੱਚਮੁੱਚ ਹੈਰਾਨ ਰਹਿ ਗਏ।"
ਉਨ੍ਹਾਂ ਕਿਹਾ, "ਮੈਂ ਇਸ ਗੱਲ ਲਈ ਸ਼ੁਕਰਗੁਜ਼ਾਰ ਹਾਂ ਕਿ ਵਿਰਾਟ ਕੋਹਲੀ ਵਰਗੇ ਕਿਸੇ ਵਿਅਕਤੀ ਨੇ ਹਾਕੀ ਖਿਡਾਰੀਆਂ ਦੇ ਫਿਟਨੈੱਸ ਪੱਧਰ 'ਤੇ ਧਿਆਨ ਦਿਵਾਇਆ ਕਿਉਂਕਿ ਸਾਡੀ ਖੇਡ ਦੁਨੀਆ ਦੇ ਸਭ ਤੋਂ ਤੇਜ਼ ਤੇ ਸਰੀਰਕ ਰੂਪ ਵਿੱਚ ਸਭ ਤੋਂ ਜ਼ਿਆਦਾ ਮਿਹਨਤ ਮੰਗਣ ਵਾਲੀ ਖੇਡਾਂ ਵਿੱਚੋਂ ਇੱਕ ਹੈ। ਇਸ ਤਰ੍ਹਾਂ ਦੀ ਪਹਿਚਾਣ ਹਾਕੀ ਭਾਈਚਾਰੇ ਲਈ ਬਹੁਤ ਮਾਇਨੇ ਰੱਖਦੀ ਹੈ।"
ਤਜਰਬੇਕਾਰ ਮਿਡਫਿਲਡਰ ਮਨਪ੍ਰੀਤ ਸਿੰਘ ਨੇ ਕਿਹਾ, "ਵਿਰਾਟ ਕੋਹਲੀ ਦੁਨੀਆ ਦੇ ਸਭ ਤੋਂ ਫਿੱਟ ਐਥਲੀਟਾਂ ਵਿੱਚੋਂ ਇੱਕ ਹਨ। ਉਨ੍ਹਾਂ ਵਰਗਾ ਕੋਈ ਵਿਅਕਤੀ ਜਦੋਂ ਸਾਡੀ ਸਖ਼ਤ ਮਿਹਨਤ ਅਤੇ ਫਿਟਨੈੱਸ ਦੇ ਪੱਧਰ ਦੀ ਸ਼ਲਾਘਾ ਕਰਦਾ ਹੈ ਤਾਂ ਇਹ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ ਅਤੇ ਅਸੀਂ ਉਨ੍ਹਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਇਸ ਵਿਸ਼ੇ ਉਪਰ ਰੋਸ਼ਨੀ ਪਾਉਣ ਦਾ ਫੈਸਲਾ ਕੀਤਾ।"
ਹਾਰਦਿਕ ਸਿੰਘ ਨੇ ਕਿਹਾ, "ਅਸੀਂ ਪ੍ਰੋ ਲੀਗ ਅਤੇ ਓਲੰਪਿਕ ਵਰਗੇ ਟੂਰਨਾਮੈਂਟ ਵਿੱਚ ਲਗਾਤਾਰ ਮੈਚ ਖੇਡਦੇ ਹਾਂ, ਅਜਿਹੇ ਵਿੱਚ ਬਿਹਤਰੀਨ ਫਿਟਨੈੱਸ ਤੇ ਰਿਕਵਰੀ ਦੀ ਜ਼ਰੂਰਤ ਹੁੰਦੀ ਹੈ। ਵਿਰਾਟ ਵਰਗੇ ਦਿੱਗਜ ਤੋਂ ਇਹ ਸ਼ਬਦ ਸੁਣਨਾ ਸਾਡੇ ਸਾਰਿਆਂ ਲਈ ਬਹੁਤ ਵੱਡੀ ਗੱਲ ਹੈ ਅਤੇ ਬਹੁਤ ਮਹੱਤਵਪੂਰਨ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ














