'ਮੇਰੇ ਬੱਚੇ ਭੁੱਖ ਨਾਲ ਮਰ ਜਾਣਗੇ', ਇਸ ਮੁਲਕ ਵਿੱਚ ਭੁੱਖ ਅਤੇ ਬੇਬਸੀ ਕਾਰਨ ਮਾਪੇ ਬੱਚੇ ਵੇਚਣ ਨੂੰ ਮਜਬੂਰ

ਤਸਵੀਰ ਸਰੋਤ, Imogen Anderson/BBC
- ਲੇਖਕ, ਯੋਗਿਤਾ ਲਿਮਾਏ
- ਰੋਲ, ਦੱਖਣੀ ਏਸ਼ੀਆ ਅਤੇ ਅਫ਼ਗਾਨਿਸਤਾਨ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਸਵੇਰ ਹੋਣ ਨਾਲ ਹੀ, ਅਫ਼ਗਾਨਿਸਤਾਨ ਦੇ ਘੋਰ ਸੂਬੇ ਦੀ ਰਾਜਧਾਨੀ ਚਘਚਰਾਨ ਵਿੱਚ ਸੈਂਕੜੇ ਮਰਦ ਇੱਕ ਧੂੜ-ਭਰੇ ਚੌਕ ਵਿੱਚ ਇਕੱਠੇ ਹੋ ਜਾਂਦੇ ਹਨ।
ਉਹ ਥੱਕੇ ਹੋਏ ਚਿਹਰਿਆਂ ਨਾਲ ਸੜਕ ਕਿਨਾਰੇ ਖੜ੍ਹੇ ਹੁੰਦੇ ਹਨ, ਇਸ ਆਸ ਵਿੱਚ ਕਿ ਕੋਈ ਆ ਕੇ ਉਨ੍ਹਾਂ ਨੂੰ ਕੋਈ ਵੀ ਕੰਮ ਦੇਵੇ। ਇਹ ਇਸ ਗੱਲ ਦਾ ਫ਼ੈਸਲਾ ਕਰੇਗਾ ਕਿ ਉਸ ਦਿਨ ਉਨ੍ਹਾਂ ਦੇ ਪਰਿਵਾਰ ਨੂੰ ਖਾਣਾ ਮਿਲੇਗਾ ਜਾਂ ਨਹੀਂ।
ਹਾਲਾਂਕਿ, ਕਾਮਯਾਬੀ ਦੀ ਸੰਭਾਵਨਾ ਬਹੁਤ ਘੱਟ ਹੈ।
45 ਸਾਲਾ ਜੁਮਾ ਖਾਨ ਨੂੰ ਪਿਛਲੇ ਛੇ ਹਫ਼ਤਿਆਂ ਵਿੱਚ ਸਿਰਫ਼ ਤਿੰਨ ਦਿਨ ਲਈ ਕੰਮ ਮਿਲਿਆ, ਜਿਸ ਲਈ ਉਸ ਨੂੰ ਪ੍ਰਤੀ ਦਿਨ 150 ਤੋਂ 200 ਅਫ਼ਗਾਨੀ (2.35-3.13 ਅਮਰੀਕੀ ਡਾਲਰ) ਮਿਲੇ।
ਉਹ ਕਹਿੰਦੇ ਹਨ, "ਮੇਰੇ ਬੱਚੇ ਲਗਾਤਾਰ ਤਿੰਨ ਰਾਤਾਂ ਭੁੱਖੇ ਸੁੱਤੇ ਹਨ। ਮੇਰੀ ਪਤਨੀ ਰੋ ਰਹੀ ਸੀ, ਮੇਰੇ ਬੱਚੇ ਵੀ ਰੋ ਰਹੇ ਸਨ। ਇਸ ਲਈ ਮੈਂ ਆਟਾ ਖਰੀਦਣ ਲਈ ਇੱਕ ਗੁਆਂਢੀ ਕੋਲੋਂ ਪੈਸੇ ਮੰਗੇ।"
"ਮੈਂ ਇਸ ਡਰ ਵਿੱਚ ਜੀ ਰਿਹਾ ਹਾਂ ਕਿ ਮੇਰੇ ਬੱਚੇ ਭੁੱਖ ਨਾਲ ਮਰ ਜਾਣਗੇ।"
ਉਨ੍ਹਾਂ ਦੀ ਕਹਾਣੀ ਕਿਸੇ ਵੀ ਤਰ੍ਹਾਂ ਅਨੋਖੀ ਨਹੀਂ ਹੈ।
ਚੇਤਾਵਨੀ: ਇਸ ਲੇਖ ਵਿੱਚ ਪਰੇਸ਼ਾਨ ਕਰਨ ਵਾਲੇ ਵੇਰਵੇ ਹਨ।
ਸੰਯੁਕਤ ਰਾਸ਼ਟਰ ਦੇ ਅਨੁਸਾਰ, “ਅੱਜ ਦੇ ਅਫ਼ਗਾਨਿਸਤਾਨ ਵਿੱਚ ਹਰ ਚਾਰ ਵਿੱਚੋਂ ਤਿੰਨ ਲੋਕ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਕਰ ਸਕਦੇ। ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ, ਸਿਹਤ ਸੇਵਾਵਾਂ ਸੰਘਰਸ਼ ਕਰ ਰਹੀਆਂ ਹਨ ਅਤੇ ਉਹ ਮਦਦ, ਜੋ ਕਦੇ ਲੱਖਾਂ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਦੀ ਸੀ, ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਰਹਿ ਗਈ ਹੈ।”
ਦੇਸ਼ ਇਸ ਵੇਲੇ ਭੁੱਖਮਰੀ ਦੇ ਰਿਕਾਰਡ ਪੱਧਰ ਦਾ ਸਾਹਮਣਾ ਕਰ ਰਿਹਾ ਹੈ। ਅੰਦਾਜ਼ੇ ਮੁਤਾਬਕ 47 ਲੱਖ ਲੋਕ, ਜੋ ਅਫ਼ਗਾਨਿਸਤਾਨ ਦੀ ਆਬਾਦੀ ਦਾ ਦਸਵਾਂ ਹਿੱਸਾ ਤੋਂ ਵੀ ਵੱਧ ਹਨ, ਕਾਲ ਦੇ ਇੱਕ ਕਦਮ ਨੇੜੇ ਹਨ।
ਘੋਰ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਵਿੱਚੋਂ ਇੱਕ ਹੈ।
ਇੱਥੇ ਦੇ ਮਰਦ ਬੇਹੱਦ ਬੇਬਸ ਹਨ।
ਰਬਾਨੀ ਕਹਿੰਦੇ ਹਨ, "ਮੈਨੂੰ ਫੋਨ ਆਇਆ ਕਿ ਮੇਰੇ ਬੱਚਿਆਂ ਨੇ ਦੋ ਦਿਨਾਂ ਤੋਂ ਕੁਝ ਨਹੀਂ ਖਾਧਾ।" ਇਹ ਕਹਿੰਦਿਆਂ ਉਨ੍ਹਾਂ ਦਾ ਗਲ਼ਾ ਭਰ ਆਉਂਦਾ ਹੈ।
"ਮੈਨੂੰ ਲੱਗਿਆ ਕਿ ਮੈਨੂੰ ਖੁਦਕੁਸ਼ੀ ਕਰ ਲੈਣੀ ਚਾਹੀਦੀ ਹੈ। ਪਰ ਫਿਰ ਮੈਂ ਸੋਚਿਆ ਕਿ ਇਸ ਨਾਲ ਮੇਰੇ ਪਰਿਵਾਰ ਦੀ ਕੀ ਮਦਦ ਹੋਵੇਗੀ? ਇਸ ਲਈ ਮੈਂ ਇੱਥੇ ਕੰਮ ਲੱਭਣ ਆਇਆ ਹਾਂ।"
ਖ਼ਵਾਜਾ ਅਹਿਮਦ ਕੁਝ ਸ਼ਬਦ ਹੀ ਬੋਲਦੇ ਹਨ ਕਿ ਉਹ ਰੋਣ ਲੱਗ ਪੈਂਦੇ ਹਨ।
ਉਹ ਕਹਿੰਦੇ ਹਨ, "ਅਸੀਂ ਭੁੱਖੇ ਮਰ ਰਹੇ ਹਾਂ। ਮੇਰੇ ਵੱਡੇ ਬੱਚਿਆਂ ਦੀ ਮੌਤ ਹੋ ਗਈ, ਇਸ ਲਈ ਮੈਨੂੰ ਆਪਣੇ ਪਰਿਵਾਰ ਨੂੰ ਪਾਲਣ ਲਈ ਕੰਮ ਕਰਨਾ ਹੈ। ਪਰ ਮੈਂ ਬੁੱਢਾ ਹਾਂ, ਇਸ ਲਈ ਕੋਈ ਮੈਨੂੰ ਕੰਮ ਨਹੀਂ ਦਿੰਦਾ।"

ਤਸਵੀਰ ਸਰੋਤ, Imogen Anderson/BBC
'ਬਾਬਾ, ਸਾਨੂੰ ਰੋਟੀ ਦਿਓ'
ਜਦੋਂ ਚੌਕ ਦੇ ਨੇੜੇ ਇੱਕ ਸਥਾਨਕ ਬੇਕਰੀ ਖੁਲ੍ਹਦੀ ਹੈ ਤਾਂ ਮਾਲਕ ਭੀੜ ਵਿੱਚ ਬਾਸੀ ਰੋਟੀ ਵੰਡਦਾ ਹੈ। ਕੁਝ ਹੀ ਸਕਿੰਟਾਂ ਵਿੱਚ ਰੋਟੀਆਂ ਖਿੱਚ ਕੇ ਵੰਡ ਲਈਆਂ ਜਾਂਦੀਆਂ ਹਨ ਅਤੇ ਅੱਧਾ ਦਰਜਨ ਮਰਦ ਉਨ੍ਹਾਂ ਦੇ ਟੁਕੜਿਆਂ ਨੂੰ ਮਜ਼ਬੂਤੀ ਨਾਲ ਫੜ ਲੈਂਦੇ ਹਨ।
ਅਚਾਨਕ ਫਿਰ ਹੜਕੰਪ ਮਚ ਜਾਂਦਾ ਹੈ। ਇੱਕ ਮੋਟਰਸਾਈਕਲ ਸਵਾਰ ਆਦਮੀ ਇੱਟਾਂ ਢੋਣ ਲਈ ਇੱਕ ਮਜ਼ਦੂਰ ਨੂੰ ਕੰਮ 'ਤੇ ਰੱਖਣਾ ਚਾਹੁੰਦਾ ਹੈ। ਦਰਜਨਾਂ ਮਰਦ ਉਸ ਵੱਲ ਦੌੜ ਪੈਂਦੇ ਹਨ।
ਜਿਨ੍ਹਾਂ ਦੋ ਘੰਟਿਆਂ ਦੌਰਾਨ ਅਸੀਂ ਉੱਥੇ ਰਹੇ, ਸਿਰਫ਼ ਤਿੰਨ ਮਰਦਾਂ ਨੂੰ ਹੀ ਕੰਮ ਮਿਲਿਆ।
ਨੇੜਲੇ ਇਲਾਕਿਆਂ ਵਿੱਚ, ਜਿੱਥੇ ਬੰਜਰ ਭੂਰੇ ਟੀਬਿਆਂ 'ਤੇ ਖਾਲੀ ਘਰ ਹਨ ਅਤੇ ਪਿੱਛੇ ਸਿਆਹ ਕੋਹ ਪਹਾੜੀ ਲੜੀ ਦੀਆਂ ਬਰਫ਼ੀਲੀਆਂ ਚੋਟੀਆਂ ਦਿਖਾਈ ਦਿੰਦੀਆਂ ਹਨ, ਬੇਰੁਜ਼ਗਾਰੀ ਦਾ ਤਬਾਹਕੁਨ ਅਸਰ ਸਾਫ਼ ਦਿਖਾਈ ਦਿੰਦਾ ਹੈ।
ਅਬਦੁਲ ਰਸ਼ੀਦ ਅਜ਼ੀਮੀ ਸਾਨੂੰ ਆਪਣੇ ਘਰ ਅੰਦਰ ਲੈ ਜਾਂਦੇ ਹਨ ਅਤੇ ਆਪਣੇ ਦੋ ਬੱਚਿਆਂ - ਸੱਤ ਸਾਲਾ ਜੌੜੀਆਂ ਰੋਕੀਆ ਅਤੇ ਰੋਹੀਲਾ, ਨੂੰ ਸਾਹਮਣੇ ਲਿਆਉਂਦੇ ਹਨ। ਉਹ ਉਨ੍ਹਾਂ ਨੂੰ ਆਪਣੇ ਨੇੜੇ ਲਾ ਲੈਂਦੇ ਹਨ ਅਤੇ ਦੱਸਣ ਲਈ ਬੇਚੈਨ ਦਿਖਾਈ ਦਿੰਦੇ ਹਨ ਕਿ ਉਹ ਇੰਨੇ ਦਰਦਨਾਕ ਫ਼ੈਸਲੇ ਕਿਉਂ ਕਰਨ ਲਈ ਮਜਬੂਰ ਹਨ।
ਉਹ ਰੋਂਦੇ ਹੋਏ ਕਹਿੰਦੇ ਹਨ, "ਮੈਂ ਆਪਣੀਆਂ ਧੀਆਂ ਨੂੰ ਵੇਚਣ ਲਈ ਤਿਆਰ ਹਾਂ। ਮੈਂ ਗਰੀਬ ਹਾਂ, ਕਰਜ਼ੇ ਵਿੱਚ ਡੁੱਬਿਆ ਹੋਇਆ ਹਾਂ ਅਤੇ ਬੇਬਸ ਹਾਂ।"
"ਮੈਂ ਕੰਮ ਤੋਂ ਸੁੱਕੇ ਹੋਏ ਬੁੱਲ਼ਾਂ, ਭੁੱਖਾ, ਪਿਆਸਾ, ਪਰੇਸ਼ਾਨ ਅਤੇ ਉਲਝਣ ਵਿੱਚ ਘਰ ਆਉਂਦਾ ਹਾਂ। ਮੇਰੇ ਬੱਚੇ ਮੇਰੇ ਕੋਲ ਆ ਕੇ ਕਹਿੰਦੇ ਹਨ, 'ਬਾਬਾ, ਸਾਨੂੰ ਰੋਟੀ ਦਿਓ।' ਪਰ ਮੈਂ ਕੀ ਦਿਆਂ? ਕੰਮ ਕਿੱਥੇ ਹੈ?"

ਤਸਵੀਰ ਸਰੋਤ, Imogen Anderson/BBC
ਅਬਦੁਲ ਸਾਨੂੰ ਦੱਸਦੇ ਹਨ ਕਿ ਉਹ ਆਪਣੀਆਂ ਧੀਆਂ ਨੂੰ ਵਿਆਹ ਲਈ ਜਾਂ ਘਰੇਲੂ ਕੰਮ ਲਈ ਵੇਚਣ ਨੂੰ ਤਿਆਰ ਹਨ। ਉਹ ਕਹਿੰਦੇ ਹਨ, "ਜੇ ਮੈਂ ਇੱਕ ਧੀ ਨੂੰ ਵੇਚ ਦਿਆਂ ਤਾਂ ਮੈਂ ਆਪਣੇ ਬਾਕੀ ਬੱਚਿਆਂ ਨੂੰ ਘੱਟੋ-ਘੱਟ ਚਾਰ ਸਾਲਾਂ ਤੱਕ ਖਾਣਾ ਖਵਾ ਸਕਦਾ ਹਾਂ।"
ਉਹ ਰੋਹੀਲਾ ਨੂੰ ਗਲੇ ਲਾ ਕੇ ਚੁੰਮਦੇ ਹਨ ਅਤੇ ਰੋਂਦੇ ਹੋਏ ਕਹਿੰਦੇ ਹਨ, "ਇਸ ਨਾਲ ਮੇਰਾ ਦਿਲ ਟੁੱਟ ਜਾਂਦਾ ਹੈ, ਪਰ ਇਹੀ ਇਕੱਲਾ ਰਸਤਾ ਹੈ।"
ਉਨ੍ਹਾਂ ਦੀ ਮਾਤਾ ਕੈਹਾਨ ਕਹਿੰਦੀ ਹਨ, "ਸਾਡੇ ਕੋਲ ਖਾਣ ਲਈ ਸਿਰਫ਼ ਰੋਟੀ ਅਤੇ ਗਰਮ ਪਾਣੀ ਹੈ, ਚਾਹ ਵੀ ਨਹੀਂ।"
ਧੀਆਂ ਨੂੰ ਪੁੱਤਰਾਂ ਦੇ ਮੁਕਾਬਲੇ ਵੇਚਣ ਦੀ ਚੋਣ ਇਸ ਕਰਕੇ ਕੀਤੀ ਜਾਂਦੀ ਹੈ ਕਿਉਂਕਿ ਸੱਭਿਆਚਾਰਕ ਤੌਰ 'ਤੇ ਪੁੱਤਰਾਂ ਨੂੰ ਭਵਿੱਖ ਵਿੱਚ ਕਮਾਈ ਕਰਨ ਵਾਲਾ ਮੰਨਿਆ ਜਾਂਦਾ ਹੈ। ਅਫ਼ਗਾਨਿਸਤਾਨ ਵਿੱਚ ਔਰਤਾਂ ਅਤੇ ਕੁੜੀਆਂ ਦੀ ਸਿੱਖਿਆ ਅਤੇ ਕੰਮ 'ਤੇ ਤਾਲਿਬਾਨ ਦੀਆਂ ਪਾਬੰਦੀਆਂ ਕਾਰਨ ਇਹ ਸੋਚ ਹੋਰ ਵੀ ਡੂੰਘੀ ਹੋ ਗਈ ਹੈ।
ਇਸ ਤੋਂ ਇਲਾਵਾ, ਇੱਥੇ ਇੱਕ ਰਿਵਾਜ ਵੀ ਹੈ ਜਿਸ ਵਿੱਚ ਵਿਆਹ ਦੌਰਾਨ ਮੁੰਡੇ ਦੇ ਪਰਿਵਾਰ ਵੱਲੋਂ ਕੁੜੀ ਦੇ ਪਰਿਵਾਰ ਨੂੰ ਤੋਹਫ਼ਾ ਦਿੱਤਾ ਜਾਂਦਾ ਹੈ।
ਅਬਦੁਲ ਅਤੇ ਕੈਹਾਨ ਦੇ ਦੋ ਕਿਸ਼ੋਰ ਪੁੱਤਰ ਸ਼ਹਿਰ ਦੇ ਕੇਂਦਰ ਵਿੱਚ ਜੁੱਤੀਆਂ ਪਾਲਿਸ਼ ਕਰਨ ਦਾ ਕੰਮ ਕਰਦੇ ਹਨ। ਇੱਕ ਹੋਰ ਪੁੱਤਰ ਕੂੜਾ ਇਕੱਠਾ ਕਰਦਾ ਹੈ, ਜਿਸ ਨੂੰ ਕੈਹਾਨ ਖਾਣਾ ਬਣਾਉਣ ਲਈ ਇੰਧਨ ਵਜੋਂ ਵਰਤਦੀ ਹਨ।
ਸਈਦ ਅਹਿਮਦ ਸਾਨੂੰ ਦੱਸਦੇ ਹਨ ਕਿ ਉਹ ਪਹਿਲਾਂ ਹੀ ਆਪਣੀ ਪੰਜ ਸਾਲਾ ਧੀ ਸ਼ਾਇਕਾ ਨੂੰ ਵੇਚਣ ਲਈ ਮਜਬੂਰ ਹੋ ਚੁੱਕੇ ਹਨ, ਕਿਉਂਕਿ ਉਸ ਨੂੰ ਅਪੈਂਡਿਸਾਈਟਿਸ ਅਤੇ ਜਿਗਰ ਵਿੱਚ ਰਸੌਲੀ (ਸਿਸਟ) ਹੋ ਗਈ ਸੀ।
ਉਹ ਕਹਿੰਦੇ ਹਨ, "ਮੇਰੇ ਕੋਲ ਇਲਾਜ ਦਾ ਖਰਚਾ ਭਰਨ ਲਈ ਪੈਸੇ ਨਹੀਂ ਸਨ। ਇਸ ਲਈ ਮੈਂ ਆਪਣੀ ਧੀ ਨੂੰ ਇੱਕ ਰਿਸ਼ਤੇਦਾਰ ਨੂੰ ਵੇਚ ਦਿੱਤਾ।"

ਸ਼ਾਇਕਾ ਦੀ ਸਰਜਰੀ ਸਫ਼ਲ ਰਹੀ। ਇਸ ਲਈ ਪੈਸੇ ਉਹਨਾਂ 200,000 ਅਫ਼ਗਾਨੀ (3,200 ਅਮਰੀਕੀ ਡਾਲਰ) ਵਿੱਚੋਂ ਆਏ, ਜਿਨ੍ਹਾਂ ਵਿੱਚ ਉਸ ਨੂੰ ਵੇਚਿਆ ਗਿਆ ਸੀ।
ਸਈਦ ਸਮਝਾਉਂਦੇ ਹਨ, "ਜੇ ਮੈਂ ਉਸ ਵੇਲੇ ਪੂਰੀ ਰਕਮ ਲੈ ਲੈਂਦਾ ਤਾਂ ਉਹ ਉਸ ਨੂੰ ਆਪਣੇ ਨਾਲ ਲੈ ਜਾਂਦਾ। ਇਸ ਲਈ ਮੈਂ ਉਸ ਨੂੰ ਕਿਹਾ ਕਿ ਹੁਣ ਮੈਨੂੰ ਉਸ ਦੇ ਇਲਾਜ ਲਈ ਜਿੰਨੇ ਪੈਸਿਆਂ ਦੀ ਲੋੜ ਹੈ, ਉਨ੍ਹਾਂ ਹੀ ਦੇ ਦਿਓ ਅਤੇ ਅਗਲੇ ਪੰਜ ਸਾਲਾਂ ਵਿੱਚ ਬਾਕੀ ਰਕਮ ਦੇ ਦਿਓ, ਜਿਸ ਤੋਂ ਬਾਅਦ ਤੁਸੀਂ ਉਸ ਨੂੰ ਲੈ ਕੇ ਜਾ ਸਕਦੇ ਹੋ। ਉਹ ਉਸ ਦੀ ਨੂੰਹ ਬਣੇਗੀ।"
ਸ਼ਾਇਕਾ ਆਪਣੀਆਂ ਨਿੱਕੀਆਂ ਬਾਹਾਂ ਉਨ੍ਹਾਂ ਦੇ ਗਲ ਵਿੱਚ ਪਾ ਲੈਂਦੀ ਹੈ। ਦੋਵਾਂ ਦਾ ਡੂੰਘਾ ਪਿਆਰ ਸਾਫ਼ ਦਿਖਾਈ ਦਿੰਦਾ ਹੈ, ਪਰ ਪੰਜ ਸਾਲਾਂ ਬਾਅਦ ਉਸ ਨੂੰ ਉਨ੍ਹਾਂ ਦਾ ਘਰ ਛੱਡ ਕੇ ਉਸ ਰਿਸ਼ਤੇਦਾਰ ਦੇ ਘਰ ਜਾਣਾ ਪਵੇਗਾ, ਜਿੱਥੇ ਉਸ ਦਾ ਵਿਆਹ ਉਸ ਦੇ ਇੱਕ ਪੁੱਤਰ ਨਾਲ ਕਰ ਦਿੱਤਾ ਜਾਵੇਗਾ।
ਸਈਦ ਕਹਿੰਦੇ ਹਨ, "ਜੇ ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਕਦੇ ਇਹ ਫ਼ੈਸਲਾ ਨਾ ਲੈਂਦਾ। ਪਰ ਫਿਰ ਮੈਂ ਸੋਚਿਆ, ਜੇ ਸਰਜਰੀ ਤੋਂ ਬਿਨਾਂ ਉਸ ਦੀ ਮੌਤ ਹੋ ਜਾਂਦੀ ਤਾਂ?"
"ਇੰਨੀ ਛੋਟੀ ਉਮਰ ਵਿੱਚ ਆਪਣੇ ਬੱਚੇ ਨੂੰ ਦੇ ਦੇਣਾ ਬਹੁਤ ਚਿੰਤਾ ਵਾਲੀ ਗੱਲ ਹੈ। ਘੱਟ ਉਮਰ ਦੇ ਵਿਆਹਾਂ ਨਾਲ ਕਈ ਸਮੱਸਿਆਵਾਂ ਹੁੰਦੀਆਂ ਹਨ ਪਰ ਕਿਉਂਕਿ ਮੈਂ ਉਸ ਦਾ ਇਲਾਜ ਨਹੀਂ ਕਰਵਾ ਸਕਦਾ ਸੀ, ਮੈਂ ਸੋਚਿਆ ਕਿ ਘੱਟੋ-ਘੱਟ ਉਹ ਜ਼ਿੰਦਾ ਤਾਂ ਰਹੇਗੀ।"
ਸਿਰਫ਼ ਦੋ ਸਾਲ ਪਹਿਲਾਂ ਸਈਦ ਨੂੰ ਕੁਝ ਮਦਦ ਮਿਲ ਰਹੀ ਸੀ।
ਹੋਰ ਲੱਖਾਂ ਅਫ਼ਗਾਨਾਂ ਵਾਂਗ ਉਸ ਵੇਲੇ ਉਹ ਅਤੇ ਉਨ੍ਹਾਂ ਦੇ ਪਰਿਵਾਰ ਖਾਣ-ਪੀਣ ਦੀ ਮਦਦ ਮਿਲਦੀ ਸੀ, ਜਿਸ ਵਿੱਚ ਆਟਾ, ਖਾਣਾ ਬਣਾਉਣ ਵਾਲਾ ਤੇਲ, ਦਾਲਾਂ ਅਤੇ ਬੱਚਿਆਂ ਲਈ ਪੋਸ਼ਣ ਵਾਲੀਆਂ ਚੀਜ਼ਾਂ।
ਪਰ ਪਿਛਲੇ ਕੁਝ ਸਾਲਾਂ ਵਿੱਚ ਮਦਦ ਵਿੱਚ ਕੀਤੀਆਂ ਗਈਆਂ ਵੱਡੀਆਂ ਕਟੌਤੀਆਂ ਕਾਰਨ ਬਹੁਤ ਵੱਡੀ ਗਿਣਤੀ ਵਿੱਚ ਲੋਕ ਇਸ ਜੀਵਨ ਬਚਾਉਣ ਵਾਲੀ ਮਦਦ ਤੋਂ ਵਾਂਝੇ ਹੋ ਗਏ ਹਨ।
ਅਮਰੀਕਾ, ਜੋ ਕਦੇ ਅਫ਼ਗਾਨਿਸਤਾਨ ਨੂੰ ਸਭ ਤੋਂ ਵੱਧ ਮਦਦ ਦੇਣ ਵਾਲਾ ਦੇਸ਼ ਸੀ, ਨੇ ਪਿਛਲੇ ਸਾਲ ਦੇਸ਼ ਲਈ ਲਗਭਗ ਸਾਰੀ ਮਦਦ ਬੰਦ ਕਰ ਦਿੱਤੀ। ਬ੍ਰਿਟੇਨ ਸਮੇਤ ਹੋਰ ਕਈ ਮੁੱਖ ਦਾਨੀ ਦੇਸ਼ਾਂ ਨੇ ਵੀ ਆਪਣਾ ਯੋਗਦਾਨ ਕਾਫ਼ੀ ਘਟਾ ਦਿੱਤਾ ਹੈ।

ਤਸਵੀਰ ਸਰੋਤ, Imogen Anderson/BBC
'ਸਾਨੂੰ ਕਿਸੇ ਤੋਂ ਮਦਦ ਨਹੀਂ ਮਿਲੀ'
ਸੰਯੁਕਤ ਰਾਸ਼ਟਰ ਦੇ ਮੌਜੂਦਾ ਅੰਕੜੇ ਦਿਖਾਉਂਦੇ ਹਨ ਕਿ ਇਸ ਸਾਲ ਹੁਣ ਤੱਕ ਮਿਲੀ ਮਦਦ 2025 ਦੇ ਮੁਕਾਬਲੇ 70% ਘੱਟ ਹੈ।
ਗੰਭੀਰ ਸੋਕਾ, ਜਿਸ ਨੇ ਦੇਸ਼ ਦੇ ਅੱਧ ਤੋਂ ਵੱਧ ਸੂਬਿਆਂ ਨੂੰ ਪ੍ਰਭਾਵਿਤ ਕੀਤਾ ਹੈ, ਅਜਿਹੀਆਂ ਸਮੱਸਿਆਵਾਂ ਨੂੰ ਹੋਰ ਵਧਾ ਰਿਹਾ ਹੈ।
ਪਿੰਡ ਵਾਸੀ ਅਬਦੁਲ ਮਲਿਕ ਕਹਿੰਦੇ ਹਨ, "ਸਾਨੂੰ ਕਿਸੇ ਤੋਂ ਵੀ ਮਦਦ ਨਹੀਂ ਮਿਲੀ, ਨਾ ਸਰਕਾਰ ਤੋਂ, ਨਾ ਹੀ ਕਿਸੇ ਐੱਨਜੀਓ ਤੋਂ।"
2021 ਵਿੱਚ ਸੱਤਾ 'ਤੇ ਕਾਬਜ਼ ਹੋਈ ਤਾਲਿਬਾਨ ਸਰਕਾਰ ਇਸ ਦਾ ਇਲਜ਼ਾਮ ਅਫ਼ਗਾਨਿਸਤਾਨ ਦੀ ਪਿਛਲੀ ਸਰਕਾਰ 'ਤੇ ਵੀ ਲਗਾਉਂਦੀ ਹੈ, ਜਿਸ ਨੂੰ ਵਿਦੇਸ਼ੀ ਫੌਜਾਂ ਦੇ ਦੇਸ਼ ਛੱਡਣ ਤੋਂ ਬਾਅਦ ਹਟਾ ਦਿੱਤਾ ਗਿਆ ਸੀ।
ਤਾਲਿਬਾਨ ਸਰਕਾਰ ਦੇ ਉਪ ਬੁਲਾਰੇ ਹਮਦੁੱਲਾ ਫ਼ਿਤਰਤ ਨੇ ਬੀਬੀਸੀ ਨੂੰ ਦੱਸਿਆ, "20 ਸਾਲਾਂ ਦੇ ਹਮਲੇ ਦੌਰਾਨ ਅਮਰੀਕੀ ਡਾਲਰਾਂ ਦੇ ਆਉਣ ਕਾਰਨ ਇੱਕ ਬਣਾਵਟੀ ਅਰਥਵਿਵਸਥਾ ਤਿਆਰ ਹੋ ਗਈ ਸੀ।"
ਉਹ ਕਹਿੰਦੇ ਹਨ, "ਹਮਲੇ ਦੇ ਖ਼ਤਮ ਹੋਣ ਤੋਂ ਬਾਅਦ ਸਾਨੂੰ ਗਰੀਬੀ, ਮੁਸ਼ਕਲਾਂ, ਬੇਰੁਜ਼ਗਾਰੀ ਅਤੇ ਹੋਰ ਸਮੱਸਿਆਵਾਂ ਵਿਰਾਸਤ ਵਿੱਚ ਮਿਲੀਆਂ ਹਨ।"
ਹਾਲਾਂਕਿ, ਤਾਲਿਬਾਨ ਦੀਆਂ ਆਪਣੀਆਂ ਨੀਤੀਆਂ, ਖ਼ਾਸ ਕਰਕੇ ਔਰਤਾਂ 'ਤੇ ਲਗਾਈਆਂ ਪਾਬੰਦੀਆਂ, ਵੀ ਇਸ ਗੱਲ ਦਾ ਇੱਕ ਵੱਡਾ ਕਾਰਨ ਹਨ ਕਿ ਦਾਨੀ ਦੇਸ਼ ਮਦਦ ਤੋਂ ਪਿੱਛੇ ਹਟ ਰਹੇ ਹਨ।
ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਤਾਲਿਬਾਨ ਸਰਕਾਰ ਨੇ ਦਾਨੀ ਦੇਸ਼ਾਂ ਦੇ ਹਟਣ ਲਈ ਕਿਸੇ ਵੀ ਜ਼ਿੰਮੇਵਾਰੀ ਨੂੰ ਨਕਾਰ ਦਿੱਤਾ ਅਤੇ ਕਿਹਾ ਕਿ "ਮਾਨਵਤਾਵਾਦੀ ਮਦਦ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ।"
ਫ਼ਿਤਰਤ ਨੇ ਤਾਲਿਬਾਨ ਦੀਆਂ ਉਹ ਯੋਜਨਾਵਾਂ ਵੀ ਗਿਣਵਾਈਆਂ, ਜਿਨ੍ਹਾਂ ਦਾ ਮਕਸਦ "ਵੱਡੇ ਆਰਥਿਕ ਪ੍ਰੋਜੈਕਟਾਂ ਨੂੰ ਲਾਗੂ ਕਰਕੇ ਗਰੀਬੀ ਘਟਾਉਣਾ ਅਤੇ ਰੋਜ਼ਗਾਰ ਪੈਦਾ ਕਰਨਾ" ਹੈ। ਉਨ੍ਹਾਂ ਨੇ ਕੁਝ ਬੁਨਿਆਦੀ ਢਾਂਚੇ ਅਤੇ ਖਾਣ ਪ੍ਰੋਜੈਕਟਾਂ ਦਾ ਜ਼ਿਕਰ ਵੀ ਕੀਤਾ।
ਪਰ ਭਾਵੇਂ ਲੰਬੇ ਸਮੇਂ ਵਾਲੇ ਪ੍ਰੋਜੈਕਟ ਕਿਸੇ ਦਿਨ ਮਦਦਗਾਰ ਸਾਬਤ ਹੋ ਸਕਦੇ ਹਨ, ਇਹ ਸਾਫ਼ ਹੈ ਕਿ ਲੱਖਾਂ ਲੋਕ ਤੁਰੰਤ ਮਦਦ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਣਗੇ।
ਮੁਹੰਮਦ ਹਾਸ਼ਿਮ ਵਾਂਗ, ਜਿਨ੍ਹਾਂ ਦੀ 14 ਮਹੀਨੇ ਦੀ ਧੀ ਕੁਝ ਹਫ਼ਤੇ ਪਹਿਲਾਂ ਮਰ ਗਈ ਸੀ।
ਉਹ ਕਹਿੰਦੇ ਹਨ, "ਮੇਰੀ ਬੱਚੀ ਭੁੱਖ ਅਤੇ ਦਵਾਈਆਂ ਦੀ ਕਮੀ ਕਾਰਨ ਮਰ ਗਈ... ਜਦੋਂ ਕੋਈ ਬੱਚਾ ਬਿਮਾਰ ਅਤੇ ਭੁੱਖਾ ਹੋਵੇ ਤਾਂ ਇਹ ਸਪੱਸ਼ਟ ਹੈ ਕਿ ਉਹ ਮਰ ਜਾਵੇਗਾ।"
ਇੱਕ ਸਥਾਨਕ ਬਜ਼ੁਰਗ ਕਹਿੰਦੇ ਹਨ ਕਿ ਪਿਛਲੇ ਦੋ ਸਾਲਾਂ ਵਿੱਚ, ਖ਼ਾਸ ਕਰਕੇ ਕੁਪੋਸ਼ਣ ਕਾਰਨ ਬੱਚਿਆਂ ਦੀ ਮੌਤ ਦਰ "ਵਾਕਈ ਬਹੁਤ ਵੱਧ ਗਈ ਹੈ।"

ਤਸਵੀਰ ਸਰੋਤ, Imogen Anderson/BBC
ਇੱਥੇ ਮੌਤਾਂ ਦੇ ਕੋਈ ਸਰਕਾਰੀ ਰਿਕਾਰਡ ਨਹੀਂ ਹਨ। ਬੱਚਿਆਂ ਦੀਆਂ ਵਧਦੀਆਂ ਮੌਤਾਂ ਦਾ ਸਬੂਤ ਸਿਰਫ਼ ਕਬਰਿਸਤਾਨ ਵਿੱਚ ਹੀ ਮਿਲਦਾ ਹੈ। ਇਸ ਲਈ, ਜਿਵੇਂ ਅਸੀਂ ਪਹਿਲਾਂ ਵੀ ਕੀਤਾ ਹੈ, ਅਸੀਂ ਛੋਟੀਆਂ ਅਤੇ ਵੱਡੀਆਂ ਕਬਰਾਂ ਨੂੰ ਵੱਖ-ਵੱਖ ਗਿਣਿਆ। ਉੱਥੇ ਵੱਡੀਆਂ ਕਬਰਾਂ ਦੇ ਮੁਕਾਬਲੇ ਛੋਟੀਆਂ ਕਬਰਾਂ ਲਗਭਗ ਦੁਗਣੀਆਂ ਸਨ, ਜੋ ਇਹ ਦਰਸਾਉਂਦੀਆਂ ਹਨ ਕਿ ਮਰਨ ਵਾਲੇ ਬੱਚਿਆਂ ਦੀ ਗਿਣਤੀ ਬਾਲਗਾਂ ਨਾਲੋਂ ਦੁਗਣੀ ਸੀ।
ਚਘਚਰਾਨ ਦੇ ਮੁੱਖ ਸੂਬਾਈ ਹਸਪਤਾਲ ਵਿੱਚ ਵੀ ਇਸ ਦੇ ਹੋਰ ਸਬੂਤ ਮਿਲੇ।
ਨਵਜਨਮੇ ਬੱਚਿਆਂ ਵਾਲਾ ਵਾਰਡ ਸਭ ਤੋਂ ਵੱਧ ਰੁਝਿਆ ਹੋਇਆ ਹੈ। ਹਰ ਬਿਸਤਰਾ ਭਰਿਆ ਹੋਇਆ ਹੈ, ਕੁਝ 'ਤੇ ਤਾਂ ਦੋ-ਦੋ ਬੱਚੇ ਪਏ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਵਜ਼ਨ ਘੱਟ ਹੈ ਅਤੇ ਬਹੁਤੇ ਆਪਣੇ ਆਪ ਸਾਹ ਲੈਣ ਲਈ ਸੰਘਰਸ਼ ਕਰ ਰਹੇ ਹਨ।
ਇੱਕ ਨਰਸ ਇੱਕ ਛੋਟਾ ਪੰਘੂੜਾ ਧੱਕ ਕੇ ਲਿਆਉਂਦੀ ਹੈ, ਜਿਸ ਵਿੱਚ ਨਵਜਨਮੀਆਂ ਜੌੜੀਆਂ ਧੀਆਂ ਹਨ। ਉਹ ਦੋ ਮਹੀਨੇ ਪਹਿਲਾਂ ਹੀ ਜਨਮੀਆਂ ਹਨ। ਇੱਕ ਦਾ ਵਜ਼ਨ 2 ਕਿਲੋਗ੍ਰਾਮ ਹੈ, ਜਦਕਿ ਦੂਜੀ ਦਾ ਸਿਰਫ਼ 1 ਕਿਲੋਗ੍ਰਾਮ।
ਉਨ੍ਹਾਂ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਤੁਰੰਤ ਆਕਸੀਜਨ 'ਤੇ ਰੱਖਿਆ ਗਿਆ।
ਉਨ੍ਹਾਂ ਦੀ 22 ਸਾਲਾ ਮਾਤਾ ਸ਼ਕੀਲਾ ਜੱਚਾ ਵਾਰਡ ਵਿੱਚ ਸਿਹਤਯਾਬ ਹੋ ਰਹੀ ਹਨ।
ਜੌੜੀਆਂ ਬੱਚੀਆਂ ਦੀ ਦਾਦੀ ਗੁਲਬਦਨ ਸਮਝਾਉਂਦੀ ਹਨ, "ਉਹ ਕਮਜ਼ੋਰ ਹੈ ਕਿਉਂਕਿ ਗਰਭ ਦੌਰਾਨ ਉਸ ਨੂੰ ਖਾਣ ਲਈ ਲਗਭਗ ਕੁਝ ਵੀ ਨਹੀਂ ਮਿਲਿਆ, ਸਿਰਫ਼ ਰੋਟੀ ਅਤੇ ਚਾਹ। ਇਸੇ ਕਰਕੇ ਬੱਚੀਆਂ ਦੀ ਇਹ ਹਾਲਤ ਹੈ।"
ਜਿਸ ਦਿਨ ਅਸੀਂ ਹਸਪਤਾਲ ਤੋਂ ਨਿਕਲੇ, ਉਸ ਤੋਂ ਕੁਝ ਘੰਟਿਆਂ ਬਾਅਦ ਹੀ ਵੱਧ ਵਜ਼ਨ ਵਾਲੀ ਬੱਚੀ ਦੀ ਮੌਤ ਹੋ ਗਈ, ਉਸ ਦਾ ਨਾਮ ਵੀ ਨਹੀਂ ਰੱਖਿਆ ਜਾ ਸਕਿਆ ਸੀ।
ਅਗਲੇ ਦਿਨ ਦੁਖੀ ਦਾਦੀ ਕਹਿੰਦੀ ਹਨ, "ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਮਰ ਗਈ।"
"ਮੈਂ ਉਸ ਦੇ ਨਿੱਕੇ ਜਿਹੇ ਸਰੀਰ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਘਰ ਲੈ ਆਈ। ਜਦੋਂ ਉਸ ਦੀ ਮਾਤਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਬੇਹੋਸ਼ ਹੋ ਗਈ।"
ਗੁਲਬਦਨ ਬਚੀ ਹੋਈ ਬੱਚੀ ਵੱਲ ਇਸ਼ਾਰਾ ਕਰਦਿਆਂ ਹੋਇਆਂ ਕਹਿੰਦੀ ਹੈ, "ਮੈਂ ਆਸ ਕਰਦੀ ਹਾਂ ਕਿ ਘੱਟੋ-ਘੱਟ ਇਹ ਤਾਂ ਬਚ ਜਾਵੇ।"

ਤਸਵੀਰ ਸਰੋਤ, Imogen Anderson/BBC
ਨਰਸ ਫਾਤਿਮਾ ਹੁਸੈਨੀ ਕਹਿੰਦੀ ਹਨ ਕਿ ਕਈ ਦਿਨ ਅਜਿਹੇ ਹੁੰਦੇ ਹਨ ਜਦੋਂ ਤਿੰਨ ਤੱਕ ਬੱਚਿਆਂ ਦੀ ਮੌਤ ਹੋ ਜਾਂਦੀ ਹੈ।
ਉਹ ਕਹਿੰਦੀ ਹਨ, "ਸ਼ੁਰੂ ਵਿੱਚ ਜਦੋਂ ਮੈਂ ਬੱਚਿਆਂ ਨੂੰ ਮਰਦੇ ਦੇਖਦੀ ਸੀ ਤਾਂ ਇਹ ਮੇਰੇ ਲਈ ਬਹੁਤ ਮੁਸ਼ਕਲ ਹੁੰਦਾ ਸੀ। ਪਰ ਹੁਣ ਇਹ ਸਾਡੇ ਲਈ ਲਗਭਗ ਆਮ ਜਿਹਾ ਬਣ ਗਿਆ ਹੈ।"
ਨਵਜਨਮੇ ਬੱਚਿਆਂ ਵਾਲੇ ਵਾਰਡ ਦੇ ਮੁਖੀ ਡਾਕਟਰ ਮੁਹੰਮਦ ਮੂਸਾ ਓਲਦਾਤ ਕਹਿੰਦੇ ਹਨ ਕਿ ਮੌਤ ਦਰ 10% ਤੱਕ ਪਹੁੰਚ ਜਾਂਦੀ ਹੈ, ਜੋ ਕਿ "ਕਬੂਲਯੋਗ ਨਹੀਂ" ਹੈ।
ਉਹ ਕਹਿੰਦੇ ਹਨ, "ਪਰ ਗਰੀਬੀ ਕਾਰਨ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ ਅਤੇ ਇੱਥੇ ਸਾਡੇ ਕੋਲ ਬੱਚਿਆਂ ਦਾ ਢੰਗ ਨਾਲ ਇਲਾਜ ਕਰਨ ਲਈ ਲੋੜੀਂਦੇ ਸਰੋਤ ਵੀ ਨਹੀਂ ਹਨ।"
ਬੱਚਿਆਂ ਦੇ ਇੰਟੈਂਸਿਵ ਕੇਅਰ ਵਾਰਡ ਵਿੱਚ ਛੇ ਹਫ਼ਤਿਆਂ ਦਾ ਜ਼ਮੀਰ ਮੈਨਿੰਜਾਈਟਿਸ ਅਤੇ ਨਿਮੋਨੀਆ ਨਾਲ ਪੀੜਤ ਹੈ। ਦੋਵੇਂ ਬਿਮਾਰੀਆਂ ਦਾ ਇਲਾਜ ਸੰਭਵ ਹੈ, ਪਰ ਡਾਕਟਰਾਂ ਨੂੰ ਐੱਮਆਰਆਈ ਸਕੈਨ ਕਰਨਾ ਪਵੇਗਾ ਅਤੇ ਉਨ੍ਹਾਂ ਕੋਲ ਇਸ ਲਈ ਢੰਗ ਦਾ ਸਾਜ਼ੋ-ਸਾਮਾਨ ਨਹੀਂ ਹੈ।
ਪਰ ਡਾਕਟਰਾਂ ਵੱਲੋਂ ਦੱਸੀ ਗਈ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਰਕਾਰੀ ਹਸਪਤਾਲ ਵਿੱਚ ਜ਼ਿਆਦਾਤਰ ਮਰੀਜ਼ਾਂ ਲਈ ਦਵਾਈਆਂ ਹੀ ਨਹੀਂ ਹਨ ਅਤੇ ਪਰਿਵਾਰਾਂ ਨੂੰ ਬਾਹਰਲੀਆਂ ਦਵਾਈਆਂ ਦੀਆਂ ਦੁਕਾਨਾਂ ਤੋਂ ਦਵਾਈ ਖਰੀਦਣੀ ਪੈਂਦੀ ਹੈ।
ਫਾਤਿਮਾ ਕਹਿੰਦੀ ਹਨ, "ਕਈ ਵਾਰ ਜੇ ਕਿਸੇ ਚੰਗੀ ਹਾਲਤ ਵਾਲੇ ਪਰਿਵਾਰ ਦੇ ਬੱਚੇ ਦੀ ਦਵਾਈ ਬਚ ਜਾਂਦੀ ਹੈ ਤਾਂ ਅਸੀਂ ਉਹ ਉਨ੍ਹਾਂ ਬੱਚਿਆਂ ਲਈ ਵਰਤ ਲੈਂਦੇ ਹਾਂ, ਜਿਨ੍ਹਾਂ ਦੇ ਪਰਿਵਾਰ ਇਸ ਨੂੰ ਖਰੀਦ ਨਹੀਂ ਸਕਦੇ।"
ਪੈਸਿਆਂ ਦੀ ਕਮੀ ਕਈ ਪਰਿਵਾਰਾਂ ਨੂੰ ਮੁਸ਼ਕਲ ਫ਼ੈਸਲੇ ਕਰਨ ਲਈ ਮਜਬੂਰ ਕਰ ਰਹੀ ਹੈ।
ਗੁਲਬਦਨ ਦੀ ਬਚੀ ਹੋਈ ਪੋਤੀ ਦਾ ਵਜ਼ਨ ਕੁਝ ਵਧਿਆ ਅਤੇ ਉਸ ਦੀ ਸਾਹ ਲੈਣ ਦੀ ਹਾਲਤ ਵੀ ਸਥਿਰ ਹੋ ਗਈ। ਪਰ ਕੁਝ ਦਿਨਾਂ ਬਾਅਦ ਉਸ ਦਾ ਪਰਿਵਾਰ ਉਸ ਨੂੰ ਘਰ ਲੈ ਗਿਆ। ਉਹ ਹਸਪਤਾਲ ਦਾ ਖਰਚਾ ਬਰਦਾਸ਼ਤ ਹੀ ਨਹੀਂ ਕਰ ਸਕਦੇ ਸਨ।
ਬੱਚੇ ਜ਼ਮੀਰ ਨੂੰ ਵੀ ਉਸ ਦੇ ਮਾਤਾ-ਪਿਤਾ ਇਸੇ ਕਾਰਨ ਘਰ ਲੈ ਗਏ।
ਹੁਣ ਉਨ੍ਹਾਂ ਦੇ ਨਿੱਕੇ-ਨਿੱਕੇ ਸਰੀਰਾਂ ਨੂੰ ਜ਼ਿੰਦਾ ਰਹਿਣ ਲਈ ਇਹ ਲੜਾਈ ਆਪਣੇ ਆਪ ਲੜਨੀ ਪਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












