ਇਸ ਦੇਸ਼ ਵਿੱਚ ਸਮੁੰਦਰ ਹੇਠੋਂ ਮਿਲੇ ਹਜ਼ਾਰਾਂ ਸਾਲ ਪੁਰਾਣੇ ਜਹਾਜ਼ ਦੇ ਅਵਸ਼ੇਸ਼ਾਂ ਨੇ ਕਿਹੜੇ ਰਾਜ਼ ਖੋਲ੍ਹੇ

ਸਮੁੰਦਰ ਦੀ ਸਤ੍ਹਾ ਤੋਂ ਮਿਲੇ ਅਵਸ਼ੇਸ਼ਾਂ ਨੂੰ ਕੱਢਦੇ ਹੋਏ ਗੋਤਾਖੋਰ ਦੀ ਤਸਵੀਰ
ਤਸਵੀਰ ਕੈਪਸ਼ਨ, ਗੋਤਾਖੋਰਾਂ ਨੇ ਸਮੁੰਦਰ ਦੀ ਸਤ੍ਹਾ ਤੋਂ ਪੁਰਾਤੱਤਵ ਵਸਤਾਂ ਨੂੰ ਬੜੀ ਸਾਵਧਾਨੀ ਨਾਲ ਖੁਦਾਈ ਕਰਕੇ ਬਾਹਰ ਕੱਢਿਆ ਹੈ
    • ਲੇਖਕ, ਐਲੀਸਨ ਫਰਾਂਸਿਸ, ਰੈਬੇਕਾ ਮੋਰੇਲੇ ਅਤੇ ਕੇਵਿਨ ਚਰਚ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਪੁਰਾਤੱਤਵ ਵਿਗਿਆਨੀਆਂ ਦੀ ਇੱਕ ਟੀਮ ਮੁਤਾਬਕ, ਤੁਰਕੀ ਦੇ ਤੱਟ ਨੇੜੇ ਦੁਨੀਆ ਦਾ ਸਭ ਤੋਂ ਪੁਰਾਣਾ ਸਮੁੰਦਰੀ ਜਹਾਜ਼ ਮਿਲਿਆ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਇਹ ਜਹਾਜ਼ 4400 ਤੋਂ 4700 ਸਾਲ ਪੁਰਾਣਾ ਹੈ। ਇਹ ਸਮਾਂ ਕਾਂਸੀ ਯੁੱਗ ਦੇ ਮੁੱਢਲੇ ਦੌਰ ਨਾਲ ਸਬੰਧਤ ਹੈ ਅਤੇ ਲਗਭਗ ਉਹੀ ਸਮਾਂ ਹੈ, ਜਦੋਂ ਮਿਸਰ ਦੇ ਗੀਜ਼ਾ ਵਿੱਚ ਗ੍ਰੇਟ ਪਿਰਾਮਿਡ ਦੀ ਉਸਾਰੀ ਹੋਈ ਸੀ।

ਜਹਾਜ਼ ਦਾ ਲੱਕੜੀ ਦਾ ਢਾਂਚਾ ਤਾਂ ਸੁਰੱਖਿਅਤ ਨਹੀਂ ਰਹਿ ਸਕਿਆ ਪਰ ਇਸ ਵਿੱਚ ਲੱਦੇ ਮਿੱਟੀ ਦੇ ਭਾਂਡੇ ਸਮੁੰਦਰ ਦੀ ਤਹਿ ਵਿੱਚ ਪਏ ਰਹੇ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਕੁਝ ਭਾਂਡਿਆਂ ਵਿੱਚ ਅਜੇ ਵੀ ਉਨ੍ਹਾਂ ਵਿੱਚ ਰੱਖੀਆਂ ਚੀਜ਼ਾਂ ਦੇ ਨਿਸ਼ਾਨ ਮਿਲਦੇ ਹਨ।

ਜਹਾਜ਼ ਦੀ ਖੋਜ ਕਰਨ ਵਾਲੇ ਪੁਰਾਤੱਤਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਲਗਭਗ 10 ਮੀਟਰ ਲੰਬਾ ਸੀ ਅਤੇ ਇਹ ਇੱਕ ਵਪਾਰਕ ਜਹਾਜ਼ ਸੀ, ਜੋ ਭੂ-ਮੱਧ ਸਾਗਰ ਦੇ ਆਸ-ਪਾਸ ਸਮਾਨ ਢੋਹਣ ਦਾ ਕੰਮ ਕਰਦਾ ਸੀ।

ਤੁਰਕੀ ਦੀ ਐਕਦੇਨੀਜ਼ ਯੂਨੀਵਰਸਿਟੀ ਦੇ ਪ੍ਰੋਫੈਸਰ ਹਾਕਾਨ ਓਨਿਜ਼, ਜਿਨ੍ਹਾਂ ਨੇ ਮੈਡੀਟੇਰੀਅਨ ਆਰਕੀਓਲੋਜੀ ਐਸੋਸੀਏਸ਼ਨ ਵੱਲੋਂ ਇਸ ਖੋਜ ਮੁਹਿੰਮ ਦੀ ਅਗਵਾਈ ਕੀਤੀ, ਉਨ੍ਹਾਂ ਨੇ ਕਿਹਾ, "ਇਸ ਸਮੁੰਦਰੀ ਜਹਾਜ਼ ਦਾ ਮਲਬਾ ਸਮੁੰਦਰ ਦੀ ਤਹਿ ਵਿੱਚ ਇੱਕ ਟਾਈਮ ਕੈਪਸੂਲ ਵਾਂਗ ਹੈ।"

ਕੀ-ਕੀ ਮਿਲਿਆ ?

ਸਮੁੰਦਰ ਦੀ ਸਤ੍ਹਾ ਵਿੱਚੋਂ ਮਿਲੇ ਅਵਸ਼ੇਸ਼ਾਂ ਦੀ ਤਸਵੀਰ
ਤਸਵੀਰ ਕੈਪਸ਼ਨ, ਐਂਫੋਰਾ ਭਾਂਡਿਆਂ ਨੂੰ ਸਮੁੰਦਰ ਵਿੱਚੋਂ ਕੱਢ ਕੇ ਜਹਾਜ਼ 'ਤੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ

ਜਹਾਜ਼ ਦੇ ਮਲਬੇ ਦੇ ਅਵਸ਼ੇਸ਼ ਤੁਰਕੀ ਦੇ ਅੰਤਾਲਿਆ ਸੂਬੇ ਵਿੱਚ ਸਥਿਤ ਕੇਕੋਵਾ ਟਾਪੂ ਕੰਢੇ ਮਿਲੇ ਹਨ। ਸਮੁੰਦਰ ਦੀ ਸਤ੍ਹਾ ਤੋਂ ਸਿਰਫ਼ 30 ਮੀਟਰ ਹੇਠਾਂ, ਇਸ ਨਾਲ ਸਬੰਧਤ ਪੁਰਾਤੱਤਵ ਵਸਤਾਂ ਪਾਣੀ ਅੰਦਰ ਇੱਕ ਢਲਾਣ ਉੱਤੇ ਖਿੰਡੀਆਂ ਹੋਈਆਂ ਹਨ।

ਇੱਥੇ ਪੱਥਰ ਦੇ ਬਣੇ ਤਿੰਨ ਵੱਡੇ ਢਾਂਚਿਆਂ ਤੋਂ ਇਲਾਵਾ, ਖਾਣ-ਪੀਣ ਦੀਆਂ ਚੀਜ਼ਾਂ ਰੱਖਣ ਲਈ ਵਰਤੇ ਜਾਂਦੇ ਮਿੱਟੀ ਦੇ 30 ਤੋਂ ਵੱਧ ਵੱਡੇ ਭਾਂਡੇ ਵੀ ਮਿਲੇ ਹਨ, ਜਿਨ੍ਹਾਂ ਨੂੰ ਐਂਫੋਰਾ ਕਿਹਾ ਜਾਂਦਾ ਹੈ।

ਜਹਾਜ਼ ਦੀ ਲੱਕੜ ਦਾ ਕੋਈ ਅਵਸ਼ੇਸ਼ ਨਾ ਮਿਲਣ ਕਾਰਨ ਇਸ ਦੀ ਉਮਰ ਪਤਾ ਕਰਨ ਲਈ ਰੇਡੀਓਕਾਰਬਨ ਡੇਟਿੰਗ ਵਰਗੀਆਂ ਤਕਨੀਕਾਂ ਦੀ ਵਰਤੋਂ ਨਹੀਂ ਕੀਤੀ ਜਾ ਸਕੀ। ਇਸ ਤਕਨੀਕ ਰਾਹੀਂ ਜੈਵਿਕ ਪਦਾਰਥਾਂ ਵਿੱਚ ਮੌਜੂਦ ਕਾਰਬਨ ਦੇ ਇੱਕ ਵਿਸ਼ੇਸ਼ ਰੂਪ ਨੂੰ ਮਾਪ ਕੇ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।

ਇਸ ਦੇ ਉਲਟ, ਪੁਰਾਤੱਤਵ ਵਿਗਿਆਨੀਆਂ ਨੇ ਇਨ੍ਹਾਂ ਐਂਫੋਰਾ ਭਾਂਡਿਆਂ ਦੀ ਬਣਤਰ ਦਾ ਵਿਸ਼ਲੇਸ਼ਣ ਕੀਤਾ। ਮਿੱਟੀ ਦੇ ਭਾਂਡੇ ਬਣਾਉਣ ਦੀਆਂ ਸ਼ੈਲੀਆਂ ਸਮੇਂ ਦੇ ਨਾਲ ਬਦਲਦੀਆਂ ਰਹਿੰਦੀਆਂ ਹਨ ਜੋ ਖ਼ਾਸ ਇਤਿਹਾਸਕ ਦੌਰ ਨੂੰ ਦਰਸਾਉਂਦੀਆਂ ਹਨ।

ਕੇਕੋਵਾ ਦੇ ਮਿੱਟੀ ਦੇ ਭਾਂਡਿਆਂ ਦੀ ਬਣਤਰ ਵਿਲੱਖਣ ਹੈ। ਇਨ੍ਹਾਂ ਦੇ ਦੋ ਹੱਥੇ, ਵਿਚਕਾਰ ਇੱਕ ਉੱਭਰੀ ਹੋਈ ਧਾਰੀ ਅਤੇ ਸਮਤਲ ਤਲ ਹੁੰਦਾ ਹੈ।

ਓਨਿਜ਼ ਨੇ ਦੱਸਿਆ ਕਿ ਇਹ ਬਣਤਰ ਮਿਸਰ ਅਤੇ ਮੱਧ ਪੂਰਬ ਵਿੱਚੋਂ ਮਿਲੇ ਹੋਰ ਐਂਫੋਰਾ ਭਾਂਡਿਆਂ ਨਾਲ ਮੇਲ ਖਾਂਦੀ ਹੈ। ਇਨ੍ਹਾਂ ਭਾਂਡਿਆਂ ਦੀ ਉਮਰ 4400 ਤੋਂ 4700 ਸਾਲ ਦੇ ਵਿਚਕਾਰ ਮੰਨੀ ਗਈ ਹੈ।

ਉਨ੍ਹਾਂ ਕਿਹਾ, "ਸਜਾਵਟ ਦੀਆਂ ਤਕਨੀਕਾਂ ਦੀ ਤੁਲਨਾ ਕਰਕੇ ਅਸੀਂ ਬਿਨ੍ਹਾਂ ਕਿਸੇ ਸ਼ੱਕ ਦੇ ਕਹਿ ਸਕਦੇ ਹਾਂ ਕਿ ਇਹ ਅਵਸ਼ੇਸ਼ ਕਾਂਸੀ ਯੁੱਗ ਦੇ ਮੁੱਢਲੇ ਦੌਰ ਦੇ ਹਨ। ਇਸ ਬਾਰੇ 100 ਫ਼ੀਸਦੀ ਯਕੀਨ ਹੈ।"

ਮਾਹਰ ਕੀ ਜਾਂਚ ਰਹੇ ਹਨ?

ਸਮੁੰਦਰ ਅੰਦਰ ਗੋਤਾਖੋਰਾਂ ਵੱਲੋਂ ਲੱਭੇ ਗਏ ਅਵਸ਼ੇਸ਼ ਦੀ ਤਸਵੀਰ
ਤਸਵੀਰ ਕੈਪਸ਼ਨ, ਗੋਤਾਖੋਰਾਂ ਨੂੰ ਪੱਥਰ ਦੇ ਬਣੇ ਤਿੰਨ ਐਂਕਰ ਮਿਲੇ ਹਨ, ਜੋ ਲੰਬੇ ਸਮੁੰਦਰੀ ਸਫ਼ਰ ਦੌਰਾਨ ਜਹਾਜ਼ਾਂ ਵਿੱਚ ਵਾਧੂ ਸਾਮਾਨ ਵਜੋਂ ਰੱਖੇ ਜਾਂਦੇ ਸਨ

ਮੁਹਿੰਮ ਵਿੱਚ ਸ਼ਾਮਿਲ ਗੋਤਾਖੋਰ ਇਨ੍ਹਾਂ ਭਾਂਡਿਆਂ ਨੂੰ ਸਮੁੰਦਰ ਦੀ ਸਤ੍ਹਾ ਉੱਤੇ ਲੈ ਕੇ ਆਏ। ਹਜ਼ਾਰਾਂ ਸਾਲਾਂ ਤੱਕ ਪਾਣੀ ਵਿੱਚ ਰਹਿਣ ਤੋਂ ਬਾਅਦ ਹੁਣ ਇਨ੍ਹਾਂ ਨੂੰ ਬੜੀ ਸਾਵਧਾਨੀ ਨਾਲ ਸੰਭਾਲਿਆ ਜਾ ਰਿਹਾ ਹੈ।

ਆਸਟ੍ਰੇਲੀਆ ਦੀ ਮੈਕਕੁਆਰੀ ਯੂਨੀਵਰਸਿਟੀ ਦੀ ਪੁਰਾਤੱਤਵ ਵਿਗਿਆਨੀ ਕੈਰਿਨ ਸੋਵਾਡਾ ਨੇ ਇਨ੍ਹਾਂ ਭਾਂਡਿਆਂ ਨੂੰ ਸਮੁੰਦਰ ਵਿੱਚੋਂ ਕੱਢੇ ਜਾਣ ਤੋਂ ਬਾਅਦ ਜਾਂਚਿਆ। ਕੁਝ ਭਾਂਡੇ ਪੂਰੀ ਤਰ੍ਹਾਂ ਸਹੀ ਸਲਾਮਤ ਸਨ। ਉਨ੍ਹਾਂ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਇਨ੍ਹਾਂ ਵਿੱਚ ਅਜੇ ਵੀ ਇੱਕ ਗਾੜ੍ਹਾ ਅਤੇ ਚਮਕਦਾਰ ਪਦਾਰਥ ਮੌਜੂਦ ਸੀ।

ਉਨ੍ਹਾਂ ਕਿਹਾ, "ਮੈਂ ਅੰਦਰ ਦੇਖਿਆ ਤਾਂ ਲਗਭਗ ਬੇਹੋਸ਼ ਹੁੰਦੀ-ਹੁੰਦੀ ਬਚੀ। ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਨ੍ਹਾਂ ਵਿੱਚ ਇੰਨੀ ਮਾਤਰਾ ਵਿੱਚ ਰਹਿੰਦ-ਖੂੰਹਦ ਮੌਜੂਦ ਸੀ। ਇਹ ਸਿਰਫ਼ ਧੱਬੇ ਨਹੀਂ ਸਨ... ਸਗੋਂ ਅੰਦਰ ਅਜੇ ਵੀ ਕਾਫ਼ੀ ਰਹਿੰਦ-ਖੂੰਹਦ ਮੌਜੂਦ ਸੀ।"

ਪ੍ਰੋ. ਹਾਕਾਨ ਓਨਿਜ਼ ਦੀ ਟਿੱਪਣੀ

ਹੁਣ ਖੋਜ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਐਂਫੋਰਾ ਭਾਂਡਿਆਂ ਵਿੱਚ ਅਸਲ ਵਿੱਚ ਕਿਹੜੀਆਂ ਚੀਜ਼ਾਂ ਲਿਜਾਈਆਂ ਜਾ ਰਹੀਆਂ ਸਨ।

ਸੋਵਾਡਾ ਨੇ ਕਿਹਾ, "ਇਹ ਜੈਤੂਨ ਦਾ ਤੇਲ, ਵਾਈਨ ਜਾਂ ਦਰੱਖਤਾਂ ਤੋਂ ਪ੍ਰਾਪਤ ਹੋਣ ਵਾਲਾ ਪਦਾਰਥ ਹੋ ਸਕਦਾ ਹੈ।"

ਉਨ੍ਹਾਂ ਕਿਹਾ, "ਇਹ ਵੀ ਸੰਭਵ ਹੈ ਕਿ ਇਹ ਬਚਿਆ ਹੋਇਆ ਪਦਾਰਥ ਅਸਲ ਵਿੱਚ ਭਾਂਡਿਆਂ ਦੀ ਮੁੜ ਵਰਤੋਂ ਦਾ ਨਤੀਜਾ ਹੋਵੇ। ਮੇਰਾ ਮਤਲਬ ਹੈ ਕਿ ਇਹ ਭਾਂਡੇ ਬਹੁਤ ਵੱਡੇ ਹਨ। ਇਨ੍ਹਾਂ ਨੂੰ ਸਿਰਫ਼ ਇੱਕ ਵਾਰ ਭੇਜ ਕੇ ਫਿਰ ਸੁੱਟ ਨਹੀਂ ਦਿੱਤਾ ਜਾਂਦਾ ਹੋਵੇਗਾ। ਜਦੋਂ ਲੋਕਾਂ ਨੂੰ ਇਹ ਮਿਲਦੇ ਹੋਣਗੇ ਤਾਂ ਉਹ ਇਨ੍ਹਾਂ ਨੂੰ ਖਾਲੀ ਕਰ ਲੈਂਦੇ ਹੋਣਗੇ ਅਤੇ ਸੰਭਵ ਹੈ ਕਿ ਕਈ-ਕਈ ਸਾਲਾਂ ਤੱਕ ਇਨ੍ਹਾਂ ਦੀ ਮੁੜ ਵਰਤੋਂ ਕਰਦੇ ਹੋਣਗੇ।"

ਪ੍ਰਾਚੀਨ ਸਮੇਂ ਦੇ ਵਪਾਰ ਬਾਰੇ ਕੀ ਜਾਣਕਾਰੀ ਮਿਲੀ ?

ਪੁਰਾਤੱਤਵ ਵਿਗਿਆਨੀ ਮਿਲੇ ਹੋਏ ਅਵਸ਼ੇਸ਼ਾਂ ਦੀ ਜਾਂਚ ਕਰਦੇ ਹੋਏ
ਤਸਵੀਰ ਕੈਪਸ਼ਨ, ਹਜ਼ਾਰਾਂ ਸਾਲਾਂ ਤੱਕ ਸਮੁੰਦਰ ਵਿੱਚ ਰਹਿਣ ਤੋਂ ਬਾਅਦ, ਇਨ੍ਹਾਂ ਨਾਜ਼ੁਕ ਪੁਰਾਤੱਤਵ ਵਸਤਾਂ ਦੀ ਬਹੁਤ ਸਾਵਧਾਨੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਸੁਰੱਖਿਅਤ ਰੱਖਿਆ ਜਾ ਰਿਹਾ ਹੈ

ਜਹਾਜ਼ ਦੇ ਮਲਬੇ ਅਤੇ ਇਸ ਵਿੱਚ ਲੱਦੇ ਸਾਮਾਨ ਤੋਂ ਪ੍ਰਾਚੀਨ ਦੁਨੀਆ ਵਿੱਚ ਵਪਾਰ ਬਾਰੇ ਵੀ ਨਵੀਂ ਜਾਣਕਾਰੀ ਮਿਲ ਰਹੀ ਹੈ।

ਪੁਰਾਤੱਤਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਜਹਾਜ਼ ਭੂ-ਮੱਧ ਸਾਗਰ ਦੇ ਪੂਰਬੀ ਤੱਟ ਉੱਤੇ ਸਥਿਤ ਕਿਸੇ ਥਾਂ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਨਿਕਲਿਆ ਸੀ।

ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਾਮਾਨ ਅਜੋਕੇ ਤੁਰਕੀ ਦੇ ਉੱਤਰ-ਪੱਛਮੀ ਹਿੱਸੇ ਵਿੱਚ ਸਥਿਤ ਪ੍ਰਾਚੀਨ ਸ਼ਹਿਰ ਟਰੌਏ ਜਾਂ ਕ੍ਰੀਟ ਟਾਪੂ ਦੇ ਮਿਨੋਆਨ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਸੀ।

ਸਮੁੰਦਰ ਰਾਹੀਂ ਸਫ਼ਰ ਕਰਨਾ ਖ਼ਤਰਿਆਂ ਨਾਲ ਭਰਿਆ ਹੁੰਦਾ ਸੀ। ਖ਼ਾਸ ਤੌਰ 'ਤੇ ਕੇਕੋਵਾ ਟਾਪੂ ਦੇ ਆਲੇ-ਦੁਆਲੇ, ਜਿੱਥੇ ਤੇਜ਼ ਸਮੁੰਦਰੀ ਲਹਿਰਾਂ ਅਤੇ ਹਵਾਵਾਂ ਕਾਰਨ ਕਈ ਜਹਾਜ਼ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ।

ਇਸ ਇਲਾਕੇ ਵਿੱਚ ਅਜਿਹੇ ਜਹਾਜ਼ਾਂ ਦੇ ਸੈਂਕੜੇ ਅਵਸ਼ੇਸ਼ ਮੌਜੂਦ ਹਨ। ਮੈਡੀਟੇਰੀਅਨ ਆਰਕੀਓਲੋਜੀ ਐਸੋਸੀਏਸ਼ਨ ਇਨ੍ਹਾਂ ਦੀ ਖੋਜ ਕਰਨ ਅਤੇ ਅਧਿਐਨ ਕਰਨ ਵਿੱਚ ਮਾਹਰ ਹੈ।

ਓਨਿਜ਼ ਦਾ ਕਹਿਣਾ ਹੈ ਕਿ ਜਦੋਂ ਉਹ ਇਸ ਜਹਾਜ਼ ਦੇ ਮਲਬੇ ਵਿੱਚ ਗੋਤਾਖੋਰੀ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਮਨ ਵਿੱਚ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਦਾ ਖ਼ਿਆਲ ਆਉਂਦਾ ਹੈ, ਜਿਨ੍ਹਾਂ ਦਾ ਇਸ ਜਹਾਜ਼ ਨਾਲ ਕਿਸੇ ਨਾ ਕਿਸੇ ਤਰ੍ਹਾਂ ਸਬੰਧ ਸੀ।

ਉਨ੍ਹਾਂ ਕਿਹਾ, "5,000 ਸਾਲਾਂ ਵਿੱਚ ਅਸੀਂ ਪਹਿਲੇ ਇਨਸਾਨ ਹਾਂ, ਜਿਨ੍ਹਾਂ ਨੇ ਇਨ੍ਹਾਂ ਵਸਤਾਂ ਨੂੰ ਛੂਹਿਆ ਹੈ।"

ਉਨ੍ਹਾਂ ਕਿਹਾ, "ਅਸੀਂ ਹਮੇਸ਼ਾ ਮਲਾਹਾਂ ਬਾਰੇ ਸੋਚਦੇ ਹਾਂ... ਉਨ੍ਹਾਂ ਲੋਕਾਂ ਬਾਰੇ, ਜਿਨ੍ਹਾਂ ਨੇ ਇਹ ਐਂਫੋਰਾ ਭਾਂਡੇ ਬਣਾਏ, ਅਤੇ ਉਸ ਵਿਅਕਤੀ ਬਾਰੇ, ਜਿਸ ਨੇ ਇਨ੍ਹਾਂ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਜਹਾਜ਼ ਤੱਕ ਪਹੁੰਚਾਇਆ। ਅਸੀਂ ਉਨ੍ਹਾਂ ਔਰਤਾਂ ਬਾਰੇ ਵੀ ਸੋਚਦੇ ਹਾਂ, ਜੋ ਆਪਣੇ ਪਤੀਆਂ ਦੀ ਉਡੀਕ ਕਰਦੀਆਂ ਰਹੀਆਂ ਅਤੇ ਅਫ਼ਸੋਸ ਦੀ ਗੱਲ ਹੈ ਕਿ ਉਹ ਕਦੇ ਵਾਪਸ ਨਹੀਂ ਆ ਸਕੇ।"

ਸਮੁੰਦਰ ਅੰਦਰ ਗੋਤਾਖੋਰਾਂ ਦੀ ਤਸਵੀਰ
ਤਸਵੀਰ ਕੈਪਸ਼ਨ, ਸਮੁੰਦਰ ਦੀ ਡੂੰਘਾਈ ਕਾਰਨ ਗੋਤਾਖੋਰ ਇੱਕ ਵਾਰ ਵਿੱਚ ਸਿਰਫ਼ 30 ਮਿੰਟ ਤੱਕ ਹੀ ਇਸ ਥਾਂ ਦੀ ਖੋਜ ਕਰ ਸਕਦੇ ਸਨ

ਇਸ ਸਮੁੰਦਰੀ ਜਹਾਜ਼ ਦੇ ਮਲਬੇ ਦੀ ਮਾਲਕੀ ਤੁਰਕੀ ਦੇ ਸੱਭਿਆਚਾਰਕ ਮੰਤਰਾਲੇ ਕੋਲ ਹੈ।

ਤੁਰਕੀ ਦੇ ਸੱਭਿਆਚਾਰ ਮੰਤਰੀ ਮਹਿਮਤ ਨੂਰੀ ਅਰਸੋਏ ਨੇ ਦੱਸਿਆ ਕਿ ਸਮੁੰਦਰ ਵਿੱਚੋਂ ਕੱਢੀਆਂ ਗਈਆਂ ਵਸਤਾਂ ਨੂੰ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਖੁੱਲ੍ਹਣ ਵਾਲੇ ਅੰਤਾਲਿਆ ਸਥਿਤ ਨਵੇਂ ਮੈਡੀਟੇਰੀਅਨ ਅੰਡਰਵਾਟਰ ਆਰਕੀਓਲੋਜੀ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।

ਕੇਕੋਵਾ ਵਿੱਚ ਹੋਈ ਇਸ ਖੋਜ ਨੇ ਹੁਣ ਦੁਨੀਆ ਦੇ ਸਭ ਤੋਂ ਪੁਰਾਣੇ ਸਮੁੰਦਰੀ ਜਹਾਜ਼ਾਂ ਦੇ ਮਲਬੇ ਦੀ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ।

ਇਸ ਤੋਂ ਪਹਿਲਾਂ ਇਹ ਰਿਕਾਰਡ ਦੱਖਣੀ ਗ੍ਰੀਸ ਦੇ ਡੋਕੋਸ ਟਾਪੂ ਕੰਢੇ ਮਿਲੇ ਇੱਕ ਸਮੁੰਦਰੀ ਜਹਾਜ਼ ਦੇ ਮਲਬੇ ਦੇ ਨਾਂ ਸੀ, ਜੋ ਲਗਭਗ 4200 ਸਾਲ ਪੁਰਾਣਾ ਹੈ।

ਦੁਨੀਆ ਦਾ ਸਭ ਤੋਂ ਪੁਰਾਣਾ ਜਾਣਿਆ ਜਾਂਦਾ ਸਹੀ ਸਲਾਮਤ ਸਮੁੰਦਰੀ ਜਹਾਜ਼, ਜਿਸ ਦੀ ਲੱਕੜ ਅਜੇ ਵੀ ਸੁਰੱਖਿਅਤ ਹੈ, ਕਾਲੇ ਸਾਗਰ ਵਿੱਚ ਬੁਲਗਾਰੀਆ ਦੇ ਤੱਟ ਨੇੜੇ ਮਿਲਿਆ ਸੀ। ਇਹ ਲਗਭਗ 2400 ਸਾਲ ਪੁਰਾਣਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)