ਇਸ ਇਨਫਲੁਐਂਸਰ ਕੋਲ ਰੋਜ਼ਾਨਾ ਆਈਫ਼ੋਨ, ਟੀਵੀ ਅਤੇ ਫ਼ਰਿੱਜ ਵਰਗੇ ਮਹਿੰਗੇ ਪਾਰਸਲ ਕਿਉਂ ਪਹੁੰਚ ਰਹੇ ਹਨ

ਤਸਵੀਰ ਸਰੋਤ, Veeramani/Instagram
- ਲੇਖਕ, ਸਿਰਾਜ
- ਰੋਲ, ਬੀਬੀਸੀ ਤਾਮਿਲ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਸੁਮੰਗਲੀ ਵੀਰਮਣੀ ਕਹਿੰਦੇ ਹਨ, "ਦਿਨ ਵਿੱਚ ਘੱਟੋ ਘੱਟ 30-40 ਵਾਰ ਸਾਡੇ ਘਰ 'ਕੈਸ਼ ਆਨ ਡਿਲਿਵਰੀ' ਜ਼ਰੀਏ ਸਮਾਨ ਪਹੁੰਚਾਇਆ ਜਾਂਦਾ ਹੈ। ਮਕਾਨ ਮਾਲਿਕ ਅਤੇ ਗੁਆਂਢੀਆਂ ਸਮੇਤ ਸਾਰੇ ਲੋਕ ਨਰਾਜ਼ ਹਨ। ਹੁਣ ਅਸੀਂ ਘਰ ਖਾਲੀ ਕਰਨ ਜਾ ਰਹੇ ਹਨ। ਕ੍ਰਿਪਾ ਕਰਕੇ ਆਪਣੀ ਨਿੱਜੀ ਜਾਣਕਾਰੀ ਜਨਤਕ ਰੂਪ ਵਿੱਚ ਸਾਂਝੀ ਨਾ ਕਰੋ।"
ਮਦੁਰਾਈ ਦੇ ਰਹਿਣ ਵਾਲੇ ਇੰਸਟਾਗ੍ਰਾਮ ਇਨਫਲੂਐਂਸਰ ਵੀਰਮਣੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਘਰ ਦਾ ਪਤਾ ਅਤੇ ਨਿੱਜੀ ਫੋਨ ਨੰਬਰ ਸਾਂਝਾ ਕਰਨ ਬਾਅਦ ਪਿਛਲੇ ਕੁਝ ਦਿਨਾਂ ਤੋਂ ਐਮੇਜ਼ਾਨ ਅਤੇ ਸਵਿਗੀ ਜਿਹੇ ਆਨਲਾਈਨ ਐਪ ਜ਼ਰੀਏ ਘਰੇਲੂ ਸਮਾਨ, ਭੋਜਨ ਅਤੇ ਹੋਰ ਚੀਜ਼ਾਂ ਦੀ ਡਿਲਿਵਰੀ ਲਈ ਹੈ।
ਕਿਉਂਕਿ ਸਾਰਾ ਸਮਾਨ ਕੈਸ਼ ਆਨ ਡਿਲਿਵਰੀ ਜ਼ਰੀਏ ਭੇਜਿਆ ਜਾਂਦਾ ਹੈ, ਇਸ ਲਈ ਵੀਰਮਣੀ ਪਰਿਵਾਰ ਭੁਗਤਾਨ ਕਰਨ ਵਿੱਚ ਅਸਮਰਥ ਹੈ ਅਤੇ ਉਨ੍ਹਾਂ ਨੂੰ ਵਾਪਸ ਭੇਜ ਰਿਹਾ ਹੈ।
(ਕੈਸ਼ ਆਨ ਡਿਲਿਵਰੀ ਦੇ ਵਿਕਲਪ ਨਾਲ ਤੁਸੀਂ ਆਨਲਾਈਨ ਆਰਡਰ ਕੀਤੇ ਗਏ ਸਮਾਨ ਦਾ ਭੁਗਤਾਨ ਸਮਾਨ ਦੇ ਘਰ ਪਹੁੰਚਣ ਬਾਅਦ ਕਰ ਸਕਦੇ ਹੋ। ਇਸ ਲਈ ਪਹਿਲਾਂ ਤੋਂ ਆਨਲਾਈਨ ਭੁਗਤਾਨ ਕਰਨ ਦੀ ਕੋਈ ਲੋੜ ਨਹੀਂ ਹੈ।)
ਵੀਰਮਣੀ ਦੀ ਪਤਨੀ ਸੁਮੰਗਲੀ ਵੀਰਮਣੀ ਕਹਿੰਦੀ ਹੈ, " ਡਿਲਿਵਰੀ ਲਈ ਹਰ ਸਮੇਂ ਕੋਈ ਨਾ ਕੋਈ ਦਰਵਾਜ਼ਾ ਖੜਕਾਉਂਦਾ ਰਹਿੰਦਾ ਹੈ। ਮੈਨੂੰ ਦਰਵਾਜ਼ਾ ਖੋਲ੍ਹਣ ਤੋਂ ਡਰ ਲਗਦਾ ਹੈ। ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਆਰਡਰ ਨਹੀਂ ਦਿੱਤਾ ਤਾਂ ਵੀ ਉਹ ਨਹੀਂ ਸੁਣਦੇ। ਇਸੇ ਕਾਰਨ ਮੇਰੇ ਪਤੀ ਵਿਦੇਸ਼ ਚਲੇ ਗਏ ਹਨ ਅਤੇ ਪਰਿਵਾਰ ਦੀ ਆਮਦਨੀ 'ਤੇ ਵੀ ਅਸਰ ਪਿਆ ਹੈ।"
ਨਾਲ ਹੀ ਸਾਈਬਰ ਸੁਰੱਖਿਆ ਮਾਹਿਰ ਸੋਸ਼ਲ ਮੀਡੀਆ 'ਤੇ ਘਰ ਦਾ ਪਤਾ ਅਤੇ ਫੋਨ ਨੰਬਰ ਜਿਹੀਆਂ ਵਿਅਕਤੀਗਤ ਜਾਣਕਾਰੀਆਂ ਸਾਂਝੀਆਂ ਕਰਨ ਖ਼ਿਲਾਫ਼ ਚੇਤਾਵਨੀ ਦਿੰਦੇ ਹਨ।
ਇਸ ਦਾ ਅਧਾਰ ਕੀ ਹੈ ?

ਤਸਵੀਰ ਸਰੋਤ, Veeramani/Instagram
ਮਦੁਰਾਈ ਦੇ ਰਹਿਣ ਵਾਲੇ ਵੀਰਮਣੀ ਸੋਸ਼ਲ ਮੀਡੀਆ 'ਤੇ ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਇੰਸਟਾਗ੍ਰਾਮ 'ਤੇ ਤਕਰੀਬਨ ਤਿੰਨ ਲੱਖ ਫੌਲੋਅਰ ਹਨ।
ਪਿਛਲੇ ਮਹੀਨੇ ਪੋਸਟ ਕੀਤੀ ਵੀਡੀਓ ਵਿੱਚ ਉਸ ਨੇ ਆਪਣਾ ਫੋਨ ਨੰਬਰ ਸਾਂਝਾ ਕੀਤਾ ਸੀ ਅਤੇ ਆਪਣੇ ਫੌਲੋਅਰਜ਼ ਨੂੰ ਕੇਰਲ ਘੁੰਮਣ ਵਿੱਚ ਉਸ ਦੀ ਮਦਦ ਕਰਨ ਦੀ ਬੇਨਤੀ ਕੀਤੀ ਸੀ। ਇੱਕ ਹੋਰ ਵੀਡੀਓ ਵਿੱਚ ਉਸ ਨੇ ਦਾਅਵਾ ਕੀਤਾ ਕਿ ਇਸ ਰਾਹੀਂ ਉਸ ਨੂੰ ਛੇ ਹਜ਼ਾਰ ਰੁਪਏ ਮਿਲੇ ਸਨ।
ਉਸ ਤੋਂ ਬਾਅਦ ਕੁਝ ਫੌਲੋਅਰਜ਼ ਨੇ ਮਦੁਰਾਈ ਵਿੱਚ ਉਸ ਦੇ ਘਰ ਦਾ ਪਤਾ ਇਹ ਕਹਿ ਕੇ ਸਾਂਝਾ ਕਰ ਦਿੱਤਾ ਕਿ ਉਨ੍ਹਾਂ ਨੇ ਉਸ ਨੂੰ ਤੋਹਫ਼ਾ ਭੇਜਣ ਲਈ ਘਰ ਦਾ ਪਤਾ ਮੰਗਿਆ ਸੀ।
ਵੀਰਾਮਣੀ ਦੀ ਪਤਨੀ ਸੁਮੰਗਲੀ ਵੀਰਾਮਣੀ ਨੇ ਬੀਬੀਸੀ ਤਾਮਿਲ ਨੂੰ ਦੱਸਿਆ, "ਉਹ ਲੱਖਾਂ ਰੁਪਏ ਦੀਆਂ ਚੀਜ਼ਾਂ ਭੇਜ ਰਹੇ ਹਨ, ਆਈਫ਼ੋਨ 17, ਟੈਲੀਵਿਜ਼ਨ, ਫ਼ਰਿੱਜ, ਵਾਸ਼ਿੰਗ ਮਸ਼ੀਨ, ਫਰਨੀਚਰ, ਕੱਪੜੇ ਅਤੇ ਰਾਸ਼ਨ। ਕੁਝ ਦਿਨ ਪਹਿਲਾਂ ਕਿਸ ਨੇ ਵੀਹ ਕਿੱਲੋ ਬਿਰਿਆਨੀ ਕੈਸ਼ ਆਨ ਡਿਲਿਵਰੀ 'ਤੇ ਭੇਜ ਦਿੱਤੀ।"
ਇਸ ਤੋਂ ਬਾਅਦ ਵੀਰਾਮਣੀ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਵੀਡੀਓ ਪੋਸਟ ਕੀਤੀ। ਇਸ ਵਿੱਚ ਉਸ ਨੇ ਬੇਨਤੀ ਕੀਤੀ, " ਮੈਨੂੰ ਚੀਜ਼ਾਂ ਪ੍ਰਾਪਤ ਹੁੰਦੀਆਂ ਰਹਿੰਦੀਆਂ ਹਨ। ਮੈਂ ਇਨ੍ਹਾਂ ਨੂੰ ਲਿਆਉਣ ਵਾਲੇ ਡਿਲਿਵਰੀ ਏਜੰਟਾਂ ਨਾਲ ਗੱਲ ਨਹੀਂ ਕਰ ਸਕਦਾ। ਕ੍ਰਿਪਾ ਕਰਕੇ ਕੋਈ ਵੀ ਸਮਾਨ ਨਾ ਭੇਜੋ।"
ਇਸ ਤੋਂ ਬਾਅਦ ਇੱਕ ਹੋਰ ਵੀਡੀਓ ਵਿੱਚ ਉਸ ਨੇ ਕਿਹਾ, "ਉਹ ਮੇਰੇ ਘਰ ਕੈਸ਼ ਆਨ ਡਲਿਵਰੀ 'ਤੇ ਸਮਾਨ ਭੇਜਦੇ ਰਹਿੰਦੇ ਹਨ। ਉਨ੍ਹਾਂ ਨੇ ਮੇਰਾ ਨੰਬਰ ਕਿਡਨੀ ਡੋਨੇਸ਼ਨ ਵਾਲਿਆਂ ਨੂੰ ਦੇ ਦਿੱਤਾ ਹੈ। ਮੈਂ ਵਿਦੇਸ਼ ਜਾ ਰਿਹਾ ਹਾਂ। ਕ੍ਰਿਪਾ ਕਰਕੇ ਸਮਾਨ ਨਾ ਭੇਜੋ।"
ਸੌ ਤੋਂ ਜ਼ਿਆਦਾ ਪਾਰਸਲ

ਤਸਵੀਰ ਸਰੋਤ, Getty Images
ਹਾਲਾਂਕਿ ਉਸ ਦੀ ਪਤਨੀ ਸੁਮੰਗਲੀ ਵੀਰਾਮਣੀ ਕਹਿੰਦੀ ਹੈ ਕਿ ਉਨ੍ਹਾਂ ਦੇ ਘਰ ਫਿਰ ਵੀ ਕੈਸ਼ ਆਨ ਡਿਲਿਵਰੀ 'ਤੇ ਸਮਾਨ ਆਉਣਾ ਜਾਰੀ ਹੈ।
ਉਹ ਕਹਿੰਦੀ ਹੈ, " ਮੇਰੇ ਪਤੀ ਹਾਲੇ ਤਕ ਮਦੁਰਾਈ ਨਹੀਂ ਪਰਤੇ ਹਨ। ਉਹ ਘਰ ਪਰਤਣ ਤੋਂ ਡਰਦੇ ਹਨ। ਜੋ ਏਜੰਟ ਘਰੇ ਸਮਾਨ ਲੈ ਕੇ ਪਹੁੰਚਦੇ ਹਨ ਓਟੀਪੀ ਮੰਗਦੇ ਹਨ ਅਤੇ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਸਮਾਨ ਕੌਣ ਭੇਜ ਰਿਹਾ ਹੈ। ਜਦੋਂ ਮੈਂ ਉਨ੍ਹਾਂ ਨੂੰ ਦੱਸਦੀ ਹਾਂ ਕੁਝ ਸਮਝਦੇ ਹਨ ਅਤੇ ਜਦਕਿ ਕੁਝ ਗੁੱਸਾ ਹੋ ਜਾਂਦੇ ਹਨ। ਇਸ ਨਾਲ ਮੈਨੂੰ ਘਰੋਂ ਬਾਹਰ ਜਾਣ ਤੋਂ ਵੀ ਡਰ ਲਗਦਾ ਹੈ।"
ਸੁਮੰਗਲੀ ਦੱਸਦੀ ਹੈ ਕਿ ਉਸ ਦਾ ਪਤਾ ਵੀਰਾਮਣੀ ਮਦੁਰਾਈ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਉਹ ਕਹਿੰਦੀ ਹੈ, "ਹੁਣ ਉਹ ਬੇਰੁਜ਼ਗਾਰ ਹੈ। ਉਹ ਹਰ ਸਮੇਂ ਇੰਸਟਾਗ੍ਰਾਮ 'ਤੇ ਵੀਡੀਓਜ਼ ਪੋਸਟ ਕਰਦਾ ਰਹਿੰਦਾ ਸੀ। ਅਸੀਂ ਕਦੇ ਨਹੀਂ ਸੀ ਸੋਚਿਆ ਕਿ ਇਸ ਤਰ੍ਹਾਂ ਦੀ ਸਮੱਸਿਆ ਪੈਦਾ ਹੋ ਜਾਵੇਗੀ। ਮਕਾਨ ਮਾਲਕ ਅਤੇ ਗੁਆਂਢੀ ਵੀ ਇਸ ਕਾਰਨ ਗੁੱਸੇ ਹੋ ਜਾਂਦੇ ਹਨ। ਅਸੀਂ ਜਲਦੀ ਹੀ ਇਹ ਘਰ ਖਾਲੀ ਕਰ ਦੇਵਾਂਗੇ।"
ਪ੍ਰਾਈਵੇਟ ਡਿਲੀਵਰੀ ਕੰਪਨੀ ਦੇ ਮੁਲਾਜ਼ਮ ਅਰੁਣ(ਬਦਲਿਆ ਹੋਇਆ ਨਾਮ) ਕਹਿੰਦੇ ਹਨ ਕਿ ਵੀਰਾਮਣੀ ਦੇ ਨਾਮ 'ਤੇ ਸੌ ਤੋਂ ਜ਼ਿਆਦਾ ਪਾਰਸਲ ਆ ਚੁੱਕੇ ਹਨ ਅਤੇ ਹਾਲੇ ਡਲਿਵਰ ਨਹੀਂ ਹੋਏ ਹਨ।
ਉਹ ਕਹਿੰਦੇ ਹਨ, " ਜਦੋਂ ਕੈਸ਼ ਆਨ ਡਿਲਿਵਰੀ ਵਾਲੇ ਆਰਡਰ ਸਾਨੂੰ ਮੋੜੇ ਜਾਂਦੇ ਹਨ ਤਾਂ ਇਸ ਨਾਲ ਸਾਡਾ ਕੰਮ ਪ੍ਰਭਾਵਿਤ ਹੁੰਦਾ ਹੈ। ਉਸ ਡਿਲੀਵਰੀ ਲਈ ਲੱਗੀ ਮਿਹਨਤ ਅਤੇ ਦੋਪਹੀਆ ਵਾਹਨ ਦੇ ਤੇਲ ਦਾ ਖ਼ਰਚਾ ਇੱਕ ਨੁਕਸਾਨ ਹੈ। ਜਦੋਂ ਇੱਕੋ ਦਿਨ ਵਿੱਚ ਕਿਸੇ ਪਤੇ 'ਤੇ 30-40 ਚੀਜ਼ਾਂ ਹੁੰਦੀਆਂ ਹਨ ਤਾਂ ਕਰਮਚਾਰੀ ਉਨ੍ਹਾਂ ਨੂੰ ਵੀਰਾਮਣੀ ਦੇ ਘਰ ਲੈ ਜਾਣ ਤੋਂ ਮਨ੍ਹਾ ਕਰ ਦਿੰਦੇ ਹਨ ਜਾਂ ਕਤਰਾਉਂਦੇ ਹਨ।"
ਮਸ਼ੂਹਰੀ ਲਈ ਕੀਤੀ ਗਈਆਂ ਗਲਤੀਆਂ

ਤਸਵੀਰ ਸਰੋਤ, Getty Images
ਸਾਈਬਰ ਸਕਿਉਰਟੀ ਮਾਹਿਰ ਅਤੇ ਵਕੀਲ ਬਾਲੂ ਕਹਿੰਦੇ ਹਨ, "ਉਹ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਲਈ ਬਿਨ੍ਹਾਂ ਸੋਚੇ ਸਮਝੇ ਅਜਿਹਾ ਕਰ ਦਿੰਦੇ ਹਨ। ਅੱਜ ਦੀ ਆਨਲਾਈਨ ਦੁਨੀਆਂ ਵਿਚ ਸਾਡੇ ਵੱਲੋਂ ਅਣਜਾਣੇ ਵਿੱਚ ਦਿੱਤੀ ਗਈ ਛੋਟੀ ਜਿਹੀ ਜਾਣਕਾਰੀ ਵੀ ਵੱਡੇ ਜੁਰਮ ਨੂੰ ਜਨਮ ਦੇ ਸਕਦੀ ਹੈ।"
ਉਹ ਕਹਿੰਦੇ ਹਨ, "ਸਾਡੇ ਲੋਕਾਂ ਵਿੱਚ ਡਾਟਾ ਅਤੇ ਇਨਫਰਮੇਸ਼ਨ ਨਿੱਜਤਾ ਅਤੇ ਇਸ ਦਾ ਕੀ ਅਸਰ ਹੋ ਸਕਦਾ ਹੈ, ਬਾਰੇ ਜਾਣਕਾਰੀ ਦੀ ਘਾਟ ਹੈ ਅਤੇ ਇਸੇ ਕਾਰਨ ਸਮੱਸਿਆਵਾਂ ਆਉਂਦੀਆਂ ਹਨ।"
ਵੀ.ਬਾਲੂ ਕਹਿੰਦੇ ਹਨ, "ਕਿਸੇ ਨੂੰ ਲਗਾਤਾਰ ਲੱਖਾਂ ਦਾ ਸਮਾਨ ਕੈਸ਼ ਆਨ ਡਿਲੀਵਰੀ ਭੇਜਣਾ ਇੱਕ ਮਨੋਵਿਗਿਆਨਕ ਸੋਸ਼ਣ ਹੈ। ਇਹ ਰੋਕਣ ਲਈ ਪੁਲਿਸ ਨੂੰ ਸ਼ਿਕਾਇਤ ਕਰਾਈ ਜਾ ਸਕਦੀ ਹੈ। ਹਾਲਾਂਕਿ ਇਸ ਨਾਲ ਸਾਰੇ ਆਰਡਰ ਇੱਕੋ ਦਮ ਨਹੀਂ ਰੁਕ ਸਕਦੇ। ਪਰ ਅਸੀਂ ਪਤਾ ਕਰ ਸਕਦੇ ਹਾਂ ਕਿ ਪਾਰਸਲ ਕਿਸ ਨੇ ਭੇਜੇ ਹਨ।"
ਆਨਲਾਈਨ ਫੈਕਟ ਚੈਕਿੰਗ ਮਾਹਿਰ ਮੁਰਲੀਕ੍ਰਿਸ਼ਨਣ ਚਿੰਦੁਰਾਈ ਕਹਿੰਦੇ ਹਨ, "ਜਨਤਕ ਤੌਰ 'ਤੇ ਘਰ ਦਾ ਪਤਾ ਅਤੇ ਫੋਨ ਨੰਬਰ ਦੇਣ ਨਾਲ ਵਿੱਤੀ ਧੋਖਾਧੜੀ ਹੋ ਸਕਦੀ ਹੈ। ਇੱਥੋਂ ਤੱਕ ਕਿ ਜਾਅਲੀ ਪਛਾਣ ਪੱਤਰ ਵੀ ਬਣਾਏ ਜਾ ਸਕਦੇ ਹਨ।"
ਉਹ ਕਹਿੰਦੇ ਹਨ, " ਅਸੀਂ ਕਿਸ ਨਾਲ ਕਿਹੜੀ ਜਾਣਕਾਰੀ ਸਾਂਝੀ ਕਰਦੇ ਹਾਂ ਇਹ ਬੁਨਿਆਦੀ ਗੱਲ ਹੈ। ਸਾਨੂੰ ਇਹ ਵੀ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਹ ਕਿਸ ਮਕਸਦ ਨਾਲ ਵਰਤੀ ਜਾ ਰਹੀ ਹੈ ਅਤੇ ਕੀ ਅਸੀਂ ਜਿਸ ਲਈ ਸਾਂਝੀ ਕਰ ਰਹੇ ਹਾਂ ਇਹ ਉਸੇ ਮਕਸਦ ਲਈ ਵਰਤੀ ਜਾ ਰਹੀ ਹੈ।"
ਉਹ ਕਹਿੰਦੇ ਹਨ, " ਜਦੋਂ ਤੁਸੀਂ ਸੋਸ਼ਲ ਮੀਡੀਆ 'ਤੇ ਆਪਣੇ ਬਾਰੇ ਬਹੁਤ ਜਾਣਕਾਰੀ ਸਾਂਝੀ ਕਰ ਦਿੰਦੇ ਹੋ ਤਾਂ ਹਰ ਤਰ੍ਹਾਂ ਦੇ ਨੁਕਸਾਨ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਸਾਨੂੰ ਸੋਸ਼ਲ ਮੀਡੀਆ 'ਤੇ ਕੀ ਕਹਿਣਾ ਚਾਹੀਦਾ ਹੈ ਅਤੇ ਕੀ ਨਹੀਂ ਕਹਿਣਾ ਚਾਹੀਦਾ ਇਸ ਬਾਰੇ ਖੁਦ 'ਤੇ ਸੈਂਸਰਸ਼ਿਪ ਰੱਖਣ ਦੀ ਲੋੜ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































