ਬੋਤਲਾਂ 'ਚ ਬੰਦ ਕਰ ਜ਼ਹਿਰੀਲੇ ਸੱਪਾਂ ਅਤੇ ਕਿਰਲੀਆਂ ਨਾਲ ਭਰਿਆ ਸੂਟਕੇਸ ਲੈ ਕੇ ਜਾਂਦਾ ਸ਼ਖ਼ਸ ਹਵਾਈ ਅੱਡੇ 'ਤੇ ਇਓਂ ਫੜਿਆ ਗਿਆ

ਤਸਵੀਰ ਸਰੋਤ, German Customs
- ਲੇਖਕ, ਪੌਲੀਨ ਕੋਲਾ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਜਰਮਨੀ ਦੇ ਕੋਲੋਨ ਬੌਨ ਹਵਾਈ ਅੱਡੇ 'ਤੇ ਇੱਕ ਸ਼ਖ਼ਸ ਕੋਲੋਂ ਜ਼ਹਿਰੀਲੇ ਸੱਪ ਅਤੇ ਕਈ ਕਿਰਲੀਆਂ ਮਿਲਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।
ਅਧਿਕਾਰੀਆਂ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ, ਉਹ ਵਿਅਕਤੀ 90 ਤੋਂ ਵੱਧ ਕਿਰਲੀਆਂ ਅਤੇ ਜ਼ਹਿਰੀਲੇ ਸੱਪਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਦੀ ਉਮਰ 45 ਸਾਲ ਹੈ। ਉਨ੍ਹਾਂ ਦੱਸਿਆ ਕਿ ਇਹ ਮੈਕਸੀਕਨ ਫਾਇਰਫਾਈਟਰ (ਮੈਕਸੀਕਨ ਦਮਕਲ ਕਰਮਚਾਰੀ) ਹਵਾਈ ਅੱਡੇ 'ਤੇ 'ਗ੍ਰੀਨ ਐਗਜ਼ਿਟ' ਵਿੱਚੋਂ ਲੰਘਦੇ ਸਮੇਂ ਕਾਫ਼ੀ ਘਬਰਾਇਆ ਹੋਇਆ ਲੱਗ ਰਿਹਾ ਸੀ।
ਹਵਾਈ ਅੱਡੇ 'ਤੇ ਗ੍ਰੀਨ ਐਗਜ਼ਿਟ ਦਾ ਮਤਲਬ ਹੈ - ਜਦੋਂ ਅਤੇ ਜਿੱਥੇ ਤੁਹਾਨੂੰ ਕਿਸੇ ਚੀਜ਼ ਦਾ ਐਲਾਨ ਕਰਨ ਦੀ ਲੋੜ ਨਹੀਂ ਹੁੰਦੀ।
ਸ਼ੈਂਪੂ ਅਤੇ ਕਰੀਮ ਦੀਆਂ ਬੋਤਲਾਂ 'ਚ ਮਿਲੇ ਸੱਪ ਤੇ ਕਿਰਲੀਆਂ

ਤਸਵੀਰ ਸਰੋਤ, Getty Images
ਸ਼ੱਕ ਪੈਣ 'ਤੇ ਅਧਿਕਾਰੀਆਂ ਨੇ ਉਸ ਵਿਅਕਤੀ ਦਾ ਡਰੱਗ ਟੈਸਟ ਕਰਵਾਇਆ, ਜਿਸ ਦਾ ਨਤੀਜਾ ਕੋਕੀਨ ਲਈ ਪਾਜ਼ੀਟਿਵ ਆਇਆ। ਇਸ ਤੋਂ ਬਾਅਦ ਉਨ੍ਹਾਂ ਨੇ ਵਿਅਕਤੀ ਦੇ ਸੂਟਕੇਸ ਦੀ ਤਲਾਸ਼ੀ ਲਈ।
ਹਾਲਾਂਕਿ ਉਸਦੇ ਸੂਟਕੇਸ ਵਿੱਚੋਂ ਕੋਈ ਨਸ਼ੀਲਾ ਪਦਾਰਥ ਤਾਂ ਨਹੀਂ ਮਿਲਿਆ, ਪਰ ਜੋ ਮਿਲਿਆ ਉਸਨੂੰ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ।
ਦਰਅਸਲ ਉਸਦੇ ਸੂਟਕੇਸ ਵਿੱਚ ਰੱਖੀਆਂ ਸ਼ੈਂਪੂ ਅਤੇ ਕਰੀਮ ਦੀਆਂ ਬੋਤਲਾਂ, ਪਲਾਸਟਿਕ ਦੇ ਡੱਬਿਆਂ ਅਤੇ ਜੁਰਾਬਾਂ ਅੰਦਰ ਵਾਈਪਰ, ਰੈਟਲਸਨੇਕ ਅਤੇ ਹੋਰ ਪ੍ਰਜਾਤੀਆਂ ਦੇ ਸੱਪ ਤੇ ਕਿਰਲੀਆਂ (ਜਿਨ੍ਹਾਂ ਵਿੱਚ ਇਗੁਆਨਾ ਵੀ ਸ਼ਾਮਿਲ ਸਨ) ਲੁਕਾ ਕੇ ਰੱਖੇ ਗਏ ਸਨ।
ਕੋਲੋਨ ਕਸਟਮ ਦਫ਼ਤਰ ਦੇ ਬੁਲਾਰੇ ਜੇਂਸ ਆਹਲੈਂਡ ਨੇ ਕਿਹਾ, "ਹਵਾਈ ਅੱਡੇ 'ਤੇ ਮੇਰੇ ਸਾਥੀਆਂ ਨੂੰ ਸੂਟਕੇਸਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦੇਖਣ ਦੀ ਆਦਤ ਹੈ, ਪਰ ਮੈਕਸੀਕੋ ਤੋਂ 37 ਜ਼ਿੰਦਾ ਜ਼ਹਿਰੀਲੇ ਸੱਪ ਅਤੇ 55 ਕਿਰਲੀਆਂ ਮਿਲਣਾ, ਸਾਡੇ ਲਈ ਪਹਿਲੀ ਵਾਰ ਹੈ।"
ਆਹਲੈਂਡ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕੁਝ ਜਾਨਵਰਾਂ ਨੂੰ "ਬਹੁਤ ਹੀ ਅਣਮਨੁੱਖੀ ਹਾਲਾਤ ਵਿੱਚ" ਰੱਖਿਆ ਗਿਆ ਸੀ।
ਜਦਕਿ, ਮੈਕਸੀਕੋ ਸਿਟੀ ਤੋਂ ਇਸਤਾਂਬੁਲ ਹੁੰਦੇ ਹੋਏ ਜਰਮਨੀ ਤੱਕ ਦੇ ਸਫ਼ਰ ਦੌਰਾਨ ਕੁਝ ਜਾਨਵਰਾਂ ਦੀ ਤਾਂ ਮੌਤ ਵੀ ਹੋ ਗਈ ਸੀ।
ਫੜੇ ਗਏ ਵਿਅਕਤੀ ਨੇ ਕੀ ਦੱਸਿਆ
ਫੜੇ ਗਏ ਵਿਅਕਤੀ ਨੇ, ਜਿਸ ਦਾ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ, ਅਧਿਕਾਰੀਆਂ ਨੂੰ ਦੱਸਿਆ ਕਿ ਉਹ ਬ੍ਰਾਜ਼ੀਲ ਵਿੱਚ ਰਹਿੰਦੇ ਆਪਣੇ ਇੱਕ ਜਾਣਕਾਰ ਦੀ ਮਦਦ ਕਰਨ ਲਈ ਇਨ੍ਹਾਂ ਜਾਨਵਰਾਂ ਨੂੰ ਲੈ ਕੇ ਆਇਆ ਸੀ।
ਜਰਮਨੀ ਦੇ ਅਧਿਕਾਰੀਆਂ ਨੇ ਉਸ ਨੂੰ ਜਰਮਨੀ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਅਤੇ ਵਾਪਸ ਇਸਤਾਂਬੁਲ ਭੇਜ ਦਿੱਤਾ ਹੈ।
ਜਿਹੜੇ ਜਾਨਵਰ ਜ਼ਿੰਦਾ ਬਚ ਗਏ ਹਨ, ਉਨ੍ਹਾਂ ਦੀ ਦੇਖਭਾਲ ਜਰਮਨੀ ਦੇ ਇੱਕ 'ਸਨੇਕ ਫਾਰਮ' (ਸੱਪਾਂ ਦੀ ਦੇਖਭਾਲ ਕਰਨ ਵਾਲੇ ਕੇਂਦਰ) ਵਿੱਚ ਕੀਤੀ ਜਾ ਰਹੀ ਹੈ।
ਕਸਟਮ ਵਿਭਾਗ ਦੇ ਬੁਲਾਰੇ ਨੇ ਦੱਸਿਆ, "ਪਿਛਲੇ ਸਾਲ ਪੂਰੇ ਦੇਸ਼ ਵਿੱਚ 1,300 ਤੋਂ ਵੱਧ ਮਾਮਲਿਆਂ ਵਿੱਚ 56,600 ਤੋਂ ਵੱਧ ਸੁਰੱਖਿਅਤ ਜਾਨਵਰਾਂ, ਪੌਦਿਆਂ ਜਾਂ ਉਨ੍ਹਾਂ ਤੋਂ ਬਣੀਆਂ ਚੀਜ਼ਾਂ ਨੂੰ ਜ਼ਬਤ ਕੀਤਾ ਗਿਆ ਸੀ।"
ਪਹਿਲਾਂ ਵੀ ਸਾਹਮਣੇ ਆਇਆ ਅਜਿਹਾ ਮਾਮਲਾ

ਤਸਵੀਰ ਸਰੋਤ, Presseportal.de
ਛੇ ਸਾਲ ਪਹਿਲਾਂ ਵੀ ਕੋਲੋਨ ਬੌਨ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਸਾਹਮਣੇ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ।
ਉਸ ਸਮੇਂ ਮੈਕਸੀਕੋ ਤੋਂ ਖਿਡੌਣਿਆਂ ਅਤੇ ਮਠਿਆਈਆਂ ਦੇ ਪਾਰਸਲਾਂ ਵਿੱਚ ਲੁਕਾ ਕੇ ਤਸਕਰੀ ਰਾਹੀਂ ਲਿਆਂਦੇ ਗਏ 26 ਦੁਰਲੱਭ ਸਰੀਸ੍ਰਪ (ਰੇਪਟਾਈਲਜ਼) ਫੜੇ ਗਏ ਸਨ, ਜਿਨ੍ਹਾਂ ਵਿੱਚੋਂ 10 ਦੀ ਮੌਤ ਹੋ ਚੁੱਕੀ ਸੀ।
ਉਸ ਵੇਲੇ ਕੋਲੋਨ ਬੌਨ ਹਵਾਈ ਅੱਡੇ ਦੇ ਕਸਟਮ ਵਿਭਾਗ ਦੇ ਇੱਕ ਬਿਆਨ 'ਚ ਦੱਸਿਆ ਗਿਆ ਸੀ ਕਿ ਕੁਝ ਮਰੇ ਹੋਏ ਜਾਨਵਰਾਂ ਦੀ ਮੌਤ ਦਮ ਘੁਟਣ ਕਾਰਨ ਹੋਈ ਸੀ, ਕਿਉਂਕਿ ਉਨ੍ਹਾਂ ਨੂੰ ਕੱਪੜੇ ਦੀਆਂ ਗੁੱਡੀਆਂ ਦੇ ਅੰਦਰ ਪਾ ਕੇ ਸਿਊਂ ਦਿੱਤਾ ਗਿਆ ਸੀ।
ਇਹ ਜਾਨਵਰ ਜਰਮਨੀ ਵਿੱਚ ਕੁਝ ਨਿੱਜੀ ਖਰੀਦਦਾਰਾਂ ਕੋਲ ਭੇਜੇ ਜਾ ਰਹੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































