ਸੰਗਰੂਰ ਵਿੱਚ ਸੜਕ ਕੰਢੇ ਬੈਠੇ ਮਨਰੇਗਾ ਮਜ਼ਦੂਰਾਂ ਉੱਤੇ ਚੜ੍ਹੀ ਕਾਰ, ਘੱਟੋ-ਘੱਟ 8 ਲੋਕਾਂ ਦੀ ਮੌਤ, ਰੋਸ ਕਰ ਰਹੇ ਲੋਕਾਂ ਨੇ ਹਾਦਸੇ ਵਾਲੀ ਥਾਂ 'ਤੇ ਲਾਇਆ ਧਰਨਾ

ਸੜਕ ਹਾਦਸਾ
ਤਸਵੀਰ ਕੈਪਸ਼ਨ, ਹਾਦਸੇ ਵਿੱਚ ਕਰੀਬ 9 ਲੋਕਾਂ ਦੀ ਮੌਤ ਹੋ ਗਈ ਹੈ
    • ਲੇਖਕ, ਕੁਲਵੀਰ ਸਿੰਘ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

(ਚੇਤਾਵਨੀ: ਕਹਾਣੀ ਦੇ ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ।)

ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿੱਚ ਇੱਕ ਸੜਕ ਹਾਦਸੇ ਦੌਰਾਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਹਾਦਸਾ ਲਹਿਰਾਗਾਗਾ-ਜਾਖਲ ਰੋਡ 'ਤੇ ਉਸ ਸਮੇਂ ਵਾਪਰ ਗਿਆ, ਜਦੋਂ ਮਨਰੇਗਾ ਤਹਿਤ ਸੜਕ 'ਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਆਪਣੀ ਲਪੇਟ ਵਿੱਚ ਲੈ ਲਿਆ।

ਇੱਥੇ ਦੱਸ ਦਈਏ ਕਿ ਮਨਰੇਗਾ ਯੋਜਨਾ ਦਾ ਨਾਂ ਬਦਲ ਕੇ ਹੁਣ 'ਵਿਕਸਿਤ ਭਾਰਤ–ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ (ਗ੍ਰਾਮੀਣ)' (ਵੀਬੀ, ਜੀ ਰਾਮ ਜੀ) ਕਰ ਦਿੱਤਾ ਹੈ।

ਹਾਦਸੇ ਬਾਰੇ ਸੰਗਰੂਰ ਦੇ ਐੱਸਪੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ, "ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਤਹਿਤ ਕੰਮ ਕਰ ਰਹੇ ਮਜ਼ਦੂਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।''

ਐੱਸਪੀ ਪਲਵਿੰਦਰ ਸਿੰਘ ਚੀਮਾ ਨੇ ਕਿਹਾ,"ਅਸੀਂ ਪਿੰਡ ਵਾਸੀਆਂ ਅਤੇ ਹੋਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕਾਂ ਦੀਆਂ ਦੇਹਾਂ ਨੂੰ ਪਹਿਲਾਂ ਮੋਰਚਰੀ ਵਿੱਚ ਲੈ ਕੇ ਜਾਣ ਦਿੱਤਾ ਜਾਵੇ। ਇਸ ਤੋਂ ਬਾਅਦ ਬਿਆਨ ਦਰਜ ਕਰਕੇ ਪਿੰਡ ਦੇ ਮੋਹਤਬਰ ਵਿਅਕਤੀਆਂ ਦੇ ਸਹਿਯੋਗ ਨਾਲ ਬਣਦੀ ਐੱਫਆਈਆਰ ਦਰਜ ਕੀਤੀ ਜਾਵੇਗੀ।

''ਪੂਰੀ ਜਾਂਚ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ ਅਤੇ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਈ ਜਾਵੇਗੀ।"

ਐੱਸਪੀ ਪਲਵਿੰਦਰ ਸਿੰਘ ਚੀਮਾ
ਤਸਵੀਰ ਕੈਪਸ਼ਨ, ਐੱਸਪੀ ਪਲਵਿੰਦਰ ਸਿੰਘ ਚੀਮਾ ਮੁਤਾਬਕ, ਮੁੱਢਲੀ ਜਾਣਕਾਰੀ ਅਨੁਸਾਰ, ਹਾਦਸੇ ਸਮੇਂ ਮੌਕੇ 'ਤੇ ਕਰੀਬ 24 ਤੋਂ 25 ਮਜ਼ਦੂਰ ਕੰਮ ਕਰ ਰਹੇ ਸਨ

ਐੱਸਪੀ ਚੀਮਾ ਨੇ ਕਿਹਾ, "ਮੁੱਢਲੀ ਜਾਣਕਾਰੀ ਅਨੁਸਾਰ, ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਅਸੀਂ ਉਸ ਦੀ ਭਾਲ ਕਰ ਰਹੇ ਹਾਂ। ਸਾਡੀ ਸੀਆਈ ਟੀਮ ਇਸ ਮਾਮਲੇ ਵਿੱਚ ਲੱਗੀ ਹੋਈ ਹੈ। ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।"

"ਮੁੱਢਲੀ ਜਾਣਕਾਰੀ ਅਨੁਸਾਰ, ਹਾਦਸੇ ਸਮੇਂ ਮੌਕੇ 'ਤੇ ਕਰੀਬ 24 ਤੋਂ 25 ਮਜ਼ਦੂਰ ਕੰਮ ਕਰ ਰਹੇ ਸਨ। ਇੱਕ ਮੋਟਰਸਾਈਕਲ ਸਵਾਰ ਦੇ ਵੀ ਹਾਦਸੇ ਦੀ ਲਪੇਟ ਵਿੱਚ ਆਉਣ ਸਬੰਧੀ ਜਾਣਕਾਰੀ ਮਿਲੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਸਾਰੇ ਤੱਥਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।"

ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਛੇ ਔਰਤਾਂ ਅਤੇ ਦੋ ਪੁਰਸ਼ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਕਰਮਜੀਤ ਕੌਰ, ਨਿੱਕੀ, ਸਰਬਜੀਤ ਕੌਰ, ਰਣਜੀਤ ਕੌਰ, ਕਰਮਜੀਤ, ਰਾਣੀ ਕੌਰ, ਦੇਸ ਰਾਜ ਅਤੇ ਜੀਵਨ ਸਿੰਘ ਦੱਸੀ ਗਈ ਹੈ। ਸਾਰੇ ਮ੍ਰਿਤਕ ਪਿੰਡ ਅਲੀਸ਼ੇਰ ਦੇ ਵਸਨੀਕ ਦੱਸੇ ਗਏ ਹਨ।

ਹਾਦਸੇ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਹਾਲਾਂਕਿ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਐਂਬੂਲੈਂਸ ਦੀ ਵਿਵਸਥਾ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ।

ਸਿਵਲ ਸਰਜਨ ਨੇ ਹਾਲਾਤਾਂ ਬਾਰੇ ਕੀ ਦੱਸਿਆ

ਸੰਗਰੂਰ ਦੀ ਸਿਵਲ ਸਰਜਨ ਡਾ. ਅਮਰਜੀਤ ਕੌਰ
ਤਸਵੀਰ ਕੈਪਸ਼ਨ, ਸੰਗਰੂਰ ਦੀ ਸਿਵਲ ਸਰਜਨ ਡਾ. ਅਮਰਜੀਤ ਕੌਰ ਨੇ ਹਾਲਾਤ ਬਾਰੇ ਜਾਣਕਾਰੀ ਦਿੱਤੀ

ਸੰਗਰੂਰ ਦੀ ਸਿਵਲ ਸਰਜਨ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਲਹਿਰਾਗਾਗਾ ਨੇੜੇ ਵਾਪਰੇ ਸੜਕ ਹਾਦਸੇ ਤੋਂ ਬਾਅਦ ਕੁੱਲ 15 ਮਰੀਜ਼ ਲਹਿਰਾਗਾਗਾ ਦੇ ਸਿਵਲ ਹਸਪਤਾਲ ਵਿੱਚ ਲਿਆਂਦੇ ਗਏ ਸਨ। ਇਨ੍ਹਾਂ ਵਿੱਚੋਂ ਦੋ ਮਰੀਜ਼ਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਜਦਕਿ ਬਾਕੀ 13 ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸੰਗਰੂਰ ਰੈਫ਼ਰ ਕੀਤਾ ਗਿਆ।

ਉਨ੍ਹਾਂ ਦੱਸਿਆ, "ਸੰਗਰੂਰ ਵਿੱਚ ਹੁਣ ਤੱਕ ਅੱਠ ਮਰੀਜ਼ ਪਹੁੰਚੇ ਹਨ। ਇਨ੍ਹਾਂ ਵਿੱਚੋਂ ਇੱਕ ਮਰੀਜ਼ ਦੀ ਮੌਤ ਹੋ ਗਈ ਹੈ, ਜਦਕਿ ਦੋ ਮਰੀਜ਼ਾਂ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫ਼ਰ ਕੀਤਾ ਗਿਆ ਹੈ। ਬਾਕੀ ਪੰਜ ਮਰੀਜ਼ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ। ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ ਅਤੇ ਐਕਸ-ਰੇ, ਅਲਟਰਾਸਾਊਂਡ ਤੇ ਸੀਟੀ ਸਕੈਨ ਸਮੇਤ ਹੋਰ ਜਾਂਚਾਂ ਕੀਤੀਆਂ ਜਾ ਰਹੀਆਂ ਹਨ।"

ਸਿਵਲ ਸਰਜਨ ਨੇ ਪੁਸ਼ਟੀ ਕੀਤੀ ਕਿ ਇਸ ਹਾਦਸੇ ਵਿੱਚ ਹੁਣ ਤੱਕ ਕੁੱਲ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹਾਲਾਂਕਿ, ਮ੍ਰਿਤਕਾਂ ਵਿੱਚ ਮਰਦਾਂ ਅਤੇ ਔਰਤਾਂ ਦੀ ਗਿਣਤੀ ਬਾਰੇ ਉਨ੍ਹਾਂ ਕਿਹਾ ਕਿ ਉਸ ਸਮੇਂ ਉਨ੍ਹਾਂ ਕੋਲ ਪੂਰਾ ਰਿਕਾਰਡ ਉਪਲਬਧ ਨਹੀਂ ਸੀ।

ਹਾਦਸੇ ਵਾਲੀ ਥਾਂ 'ਤੇ ਐਂਬੂਲੈਂਸ ਦੇਰੀ ਨਾਲ ਪਹੁੰਚਣ ਸਬੰਧੀ ਪਿੰਡ ਵਾਸੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਬਾਰੇ ਡਾ. ਅਮਰਜੀਤ ਕੌਰ ਨੇ ਕਿਹਾ ਕਿ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਲਿਆਂਦੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਲਹਿਰਾਗਾਗਾ ਵਿੱਚ ਇੱਕ ਐਂਬੂਲੈਂਸ ਅਤੇ 108 ਐਂਬੂਲੈਂਸ ਦੀ ਸਹੂਲਤ ਮੌਜੂਦ ਹੈ। ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੇ ਮੂਨਕ, ਸੁਨਾਮ ਅਤੇ ਹੋਰ ਨੇੜਲੇ ਸਟੇਸ਼ਨਾਂ ਤੋਂ ਤਿੰਨ ਵਾਧੂ ਐਂਬੂਲੈਂਸਾਂ ਡਾਕਟਰੀ ਸਟਾਫ਼ ਸਣੇ ਭੇਜੀਆਂ ਸਨ ਅਤੇ 108 ਸੇਵਾ ਨੂੰ ਵੀ ਸੂਚਿਤ ਕੀਤਾ ਗਿਆ ਸੀ।

ਹਾਲਾਂਕਿ, ਐਂਬੂਲੈਂਸ ਦੇ ਡੇਢ ਘੰਟਾ ਦੇਰੀ ਨਾਲ ਪਹੁੰਚਣ ਦੇ ਇਲਜ਼ਾਮਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਤਾਬਕ ਇੰਨੀ ਦੇਰੀ ਹੋਣ ਦੀ ਸੰਭਾਵਨਾ ਨਹੀਂ ਹੈ। ਮਰੀਜ਼ਾਂ ਨੂੰ ਪਹਿਲਾਂ ਹੀ ਹਸਪਤਾਲਾਂ ਵਿੱਚ ਸ਼ਿਫ਼ਟ ਕੀਤਾ ਜਾ ਚੁੱਕਾ ਸੀ, ਜਦੋਂ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ।

ਹਸਪਤਾਲ ਵਿੱਚ ਮਰੀਜ਼ਾਂ ਨੂੰ ਕਥਿਤ ਤੌਰ 'ਤੇ ਹੋ ਰਹੀ ਪਰੇਸ਼ਾਨੀ ਅਤੇ ਮਾੜੇ ਵਿਹਾਰ ਸਬੰਧੀ ਸਵਾਲ 'ਤੇ ਸਿਵਲ ਸਰਜਨ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੇ ਇੱਕੋ ਸਮੇਂ ਪਹੁੰਚਣ ਕਾਰਨ ਐਮਰਜੈਂਸੀ ਵਿੱਚ ਪ੍ਰਬੰਧ ਕਰਨੇ ਪੈਂਦੇ ਹਨ, ਪਰ ਸਾਰੇ ਮਰੀਜ਼ਾਂ ਨੂੰ ਸੰਭਾਲਿਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਅਲੀਸ਼ੇਰ ਵਿੱਚ ਸਵੇਰੇ 8 ਵਜੇ ਪਿੰਡ ਵਾਸੀਆਂ ਦਾ ਇਕੱਠ

ਗੁਰਸੇਵਕ ਗੁਰੀ ਚਹਿਲ
ਤਸਵੀਰ ਕੈਪਸ਼ਨ, ਅਲੀਸ਼ੇਰ ਪਿੰਡ ਦੇ ਵਸਨੀਕ ਗੁਰਸੇਵਕ ਸਿੰਘ ਗੁਰੀ ਚਹਿਲ ਨੇ ਦੱਸਿਆ ਸੋਮਵਾਰ ਸਵੇਰੇ 8 ਵਜੇ ਪਿੰਡ ਇਕੱਠ ਹੋਵੇਗਾ

ਗੁਰਸੇਵਕ ਸਿੰਘ ਗੁਰੀ ਚਹਿਲ ਨੇ ਦੱਸਿਆ ਕਿ ਸੜਕ ਹਾਦਸੇ ਨੂੰ ਲੈ ਕੇ ਅਗਲੀ ਰਣਨੀਤੀ ਤੈਅ ਕਰਨ ਲਈ ਸੋਮਵਾਰ ਸਵੇਰੇ 8 ਵਜੇ ਅਲੀਸ਼ੇਰ ਪਿੰਡ ਦੇ ਸਟੇਡੀਅਮ ਵਿੱਚ ਪਿੰਡ ਵਾਸੀਆਂ ਦਾ ਇਕੱਠ ਸੱਦਿਆ ਗਿਆ ਹੈ।

ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਦੀ ਰਿਪੋਰਟ ਮੁਤਾਬਕ, ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਜਾਨਾਂ ਗੁਆਉਣ ਵਾਲੇ ਮਜ਼ਦੂਰ ਇਸੇ ਪਿੰਡ ਦੇ ਸਨ, ਜਿਸ ਕਰਕੇ ਪਿੰਡ ਵਿੱਚ ਹੀ ਇਕੱਠ ਰੱਖਿਆ ਗਿਆ ਹੈ। ਇਕੱਠ ਤੋਂ ਬਾਅਦ ਜੋ ਵੀ ਰਣਨੀਤੀ ਬਣੇਗੀ, ਉਸ ਮੁਤਾਬਕ ਅਗਲਾ ਕਦਮ ਚੁੱਕਿਆ ਜਾਵੇਗਾ।

ਮੰਤਰੀਆਂ ਦੇ ਪਰਿਵਾਰਾਂ ਦੇ ਦੌਰੇ ਬਾਰੇ ਗੱਲ ਕਰਦਿਆਂ ਗੁਰਸਿੰਘ ਗੁਰੀ ਚਹਿਲ ਨੇ ਕਿਹਾ ਕਿ ਹਾਦਸੇ ਤੋਂ ਚਾਰ-ਪੰਜ ਘੰਟੇ ਬਾਅਦ ਉਨ੍ਹਾਂ ਦੇ ਪਹੁੰਚਣ ਕਾਰਨ ਲੋਕਾਂ ਵਿੱਚ ਕਾਫ਼ੀ ਰੋਸ ਸੀ। ਉਨ੍ਹਾਂ ਦੱਸਿਆ ਕਿ ਗੁੱਸੇ ਵਿੱਚ ਆਏ ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਵਾਪਸ ਜਾਣ ਲਈ ਕਿਹਾ।

ਦੱਸ ਦਈਏ ਕਿ ਹਾਦਸੇ ਵਾਲੀ ਥਾਂ ਉੱਤੇ ਲਹਿਰਾਗਾਗਾ ਹਲਕੇ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਵਰਿੰਦਰ ਕੁਮਾਰ ਗੋਇਲ ਦੇ ਬੇਟੇ ਗੌਰਵ ਗੋਇਲ ਹਾਦਸੇ ਵਾਲੀ ਥਾਂ 'ਤੇ ਪਹੁੰਚੇ, ਜਿੱਥੇ ਮੌਜੂਦ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ।

ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਗੌਰਵ ਗੋਇਲ ਨੂੰ ਵਾਪਸ ਜਾਣ ਲਈ ਕਿਹਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੌਕੇ ਤੋਂ ਪਰਤਣਾ ਪਿਆ। ਉਨ੍ਹਾਂ ਦੇ ਪਿੱਛੇ ਲੋਕਾਂ ਵੱਲੋਂ 'ਮੁਰਦਾਬਾਦ' ਦੇ ਨਾਅਰੇ ਵੀ ਲਗਾਏ ਗਏ।

ਚਸ਼ਮਦੀਦਾਂ ਨੇ ਕੀ ਦੱਸਿਆ

ਹਰਵਿੰਦਰ ਸਿੰਘ
ਤਸਵੀਰ ਕੈਪਸ਼ਨ, ਹਰਵਿੰਦਰ ਸਿੰਘ ਤੁਰੰਤ ਕਾਰਵਾਈ ਨਾ ਕਰਨ ਉੱਤੇ ਸਵਾਲ ਚੁੱਕਦੇ ਹਨ

ਮੌਕੇ 'ਤੇ ਮੌਜੂਦ ਹਰਵਿੰਦਰ ਸਿੰਘ ਉਰਫ਼ ਲਵੀ ਨੇ ਦੱਸਿਆ, "ਮੈਂ ਨੇੜੇ ਫੈਕਟਰੀ ਵਿੱਚ ਕੰਮ ਕਰਦਾ ਹਾਂ। ਹਾਦਸੇ ਵਾਲੀ ਥਾਂ ਸਾਡੀ ਫੈਕਟਰੀ ਤੋਂ ਕਰੀਬ ਤਿੰਨ-ਚਾਰ ਕਿਲੋਮੀਟਰ ਦੀ ਦੂਰੀ 'ਤੇ ਹੈ। ਜਦੋਂ ਮੈਨੂੰ ਇਸ ਹਾਦਸੇ ਬਾਰੇ ਪਤਾ ਲੱਗਿਆ ਅਤੇ ਮੈਂ ਮੌਕੇ 'ਤੇ ਪਹੁੰਚਿਆ ਤਾਂ ਉੱਥੇ ਮਨਰੇਗਾ ਤਹਿਤ ਕੰਮ ਕਰਨ ਵਾਲੇ ਮਜ਼ਦੂਰ ਜ਼ਖ਼ਮੀ ਹਾਲਤ ਵਿੱਚ ਪਏ ਸਨ।"

"ਘੱਟੋ-ਘੱਟ 22 ਤੋਂ 23 ਮਜ਼ਦੂਰ ਹਾਦਸੇ ਵਿੱਚ ਜ਼ਖ਼ਮੀ ਹੋਏ ਹਨ। ਉਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਬੇਹੱਦ ਗੰਭੀਰ ਸੀ। ਮੌਕੇ 'ਤੇ ਪੰਜ-ਛੇ ਲਾਸ਼ਾਂ ਪਈਆਂ ਸਨ ਅਤੇ ਕੁਝ ਜ਼ਖ਼ਮੀਆਂ ਦੇ ਸਾਹ ਚੱਲ ਰਹੇ ਸਨ। ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਸੀ।"

ਉਨ੍ਹਾਂ ਨੇ ਅੱਗੇ ਦੱਸਿਆ, "ਅਸੀਂ ਐਂਬੂਲੈਂਸ ਨੂੰ ਫੋਨ ਕੀਤਾ, ਐਂਬੂਲੈਂਸ ਸਮੇਂ ਸਿਰ ਨਹੀਂ ਪਹੁੰਚੀ। ਜਦੋਂ ਲੋਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਨ, ਉਸ ਸਮੇਂ ਪ੍ਰਸ਼ਾਸਨ ਵੱਲੋਂ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਸੀ।"

"ਜੇਕਰ ਜ਼ਖ਼ਮੀਆਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਸ਼ਾਇਦ ਕੁਝ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਆਖ਼ਰਕਾਰ, ਅਸੀਂ ਜ਼ਖ਼ਮੀਆਂ ਨੂੰ ਆਪਣੇ ਪੱਧਰ 'ਤੇ ਕੈਂਟਰਾਂ ਅਤੇ ਛੋਟੇ ਹਾਥੀਆਂ ਰਾਹੀਂ ਹਸਪਤਾਲ ਪਹੁੰਚਾਇਆ।"

ਸੁਰੇਸ਼ ਕੁਮਾਰ
ਤਸਵੀਰ ਕੈਪਸ਼ਨ, ਸੁਰੇਸ਼ ਮੁਤਾਬਕ ਲੋਕ ਸੜਕ ਕਿਨਾਰੇ ਥੋੜ੍ਹੀ ਦੇਰ ਲਈ ਬੈਠੇ ਸਨ

ਮੌਕੇ 'ਤੇ ਮੌਜੂਦ ਸੁਰੇਸ਼ ਕੁਮਾਰ ਨੇ ਦੱਸਿਆ, "ਮਨਰੇਗਾ ਤਹਿਤ ਕੰਮ ਕਰਨ ਵਾਲੇ ਮਜ਼ਦੂਰ ਸੜਕ ਕਿਨਾਰੇ ਕੰਮ ਕਰ ਰਹੇ ਸਨ। ਇਸੇ ਦੌਰਾਨ ਕਰੀਬ ਸਾਢੇ ਤਿੰਨ ਵਜੇ ਇੱਕ ਗੱਡੀ ਆਈ ਅਤੇ ਸਿੱਧੀ ਮਜ਼ਦੂਰਾਂ 'ਤੇ ਚੜ੍ਹਾ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਕਈ ਲੋਕ ਇਸ ਦੀ ਲਪੇਟ ਵਿੱਚ ਆ ਗਏ।"

"ਸਾਡੇ ਪਿੰਡ ਦਾ ਇੱਕ ਨੌਜਵਾਨ ਜੀਵਨ ਵੀ ਮੋਟਰਸਾਈਕਲ 'ਤੇ ਆ ਰਿਹਾ ਸੀ, ਉਹ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ। ਮੌਕੇ 'ਤੇ ਕਈ ਔਰਤਾਂ ਸਣੇ ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਪਈਆਂ ਸਨ। ਕੁਝ ਜ਼ਖ਼ਮੀਆਂ ਦੀ ਹਾਲਤ ਵੀ ਬਹੁਤ ਗੰਭੀਰ ਸੀ।"

ਸੜਕ ਹਾਦਸਾ
ਤਸਵੀਰ ਕੈਪਸ਼ਨ, ਗੱਡੀ ਜਿਸ ਨਾਲ ਹਾਦਸਾ ਵਾਪਰਿਆ

ਹਾਦਸੇ ਵਿੱਚ ਆਪਣੀ ਜਠਾਣੀ ਨੂੰ ਗੁਆਉਣ ਵਾਲੀ ਔਰਤ ਨੇ ਕਿਹਾ, "ਸਾਨੂੰ ਇਨਸਾਫ਼ ਕੌਣ ਦਿਵਾਏਗਾ? ਕੌਣ ਸਾਡੀ ਗੱਲ ਸੁਣੇਗਾ? ਕੋਈ ਤਾਂ ਸਾਨੂੰ ਦੱਸੇ ਕਿ ਸਾਡੇ ਪਰਿਵਾਰਾਂ ਨਾਲ ਹੋਏ ਇਸ ਨੁਕਸਾਨ ਦਾ ਜਵਾਬ ਕੌਣ ਦੇਵੇਗਾ।"

"ਜੇਕਰ ਸੜਕ 'ਤੇ ਵਾਹਨ ਚਲਾਉਣ ਵਾਲਿਆਂ ਦੀ ਲਾਪਰਵਾਹੀ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਪੁਲਿਸ ਕਿਸ ਲਈ ਹੈ ਅਤੇ ਆਪਣੀ ਡਿਊਟੀ ਕਿਉਂ ਨਿਭਾ ਰਹੀ ਹੈ, ਜੇਕਰ ਸਾਨੂੰ ਇਨਸਾਫ਼ ਹੀ ਨਹੀਂ ਮਿਲਣਾ?

"ਅਸੀਂ ਵੀ ਮਨਰੇਗਾ ਤਹਿਤ ਮਜ਼ਦੂਰੀ ਕਰਕੇ ਆਪਣੇ ਘਰਾਂ ਦਾ ਗੁਜ਼ਾਰਾ ਚਲਾਉਂਦੇ ਹਾਂ। ਸਾਡੇ ਪਰਿਵਾਰਾਂ ਦੀ ਰੋਜ਼ੀ-ਰੋਟੀ ਇਸੇ ਕੰਮ ਨਾਲ ਜੁੜੀ ਹੋਈ ਹੈ। ਅੱਜ ਇਸ ਹਾਦਸੇ ਨੇ ਸਾਡੇ ਘਰਾਂ ਨੂੰ ਉਜਾੜ ਦਿੱਤਾ ਹੈ।"

"ਹਾਦਸੇ ਵਿੱਚ ਮੇਰੀ ਜਠਾਣੀ ਦੀ ਮੌਤ ਹੋ ਗਈ ਹੈ। ਅਸੀਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਹਾਦਸੇ ਲਈ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ਼ ਦਿਵਾਇਆ ਜਾਵੇ।"

ਸਿਆਸੀ ਪ੍ਰਤੀਕਿਰਿਆਵਾਂ

ਵਰਿੰਦਰ ਗੋਇਲ

ਕੈਬਨਿਟ ਮੰਤਰੀ ਵਰਿੰਦਰ ਗੋਇਲ ਨੇ ਹਾਦਸੇ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮਨਰੇਗਾ ਤਹਿਤ ਕੰਮ ਕਰ ਰਹੀਆਂ ਮਜ਼ਦੂਰ ਔਰਤਾਂ ਸੜਕ ਕਿਨਾਰੇ ਬੈਠ ਕੇ ਪਾਣੀ ਪੀ ਰਹੀਆਂ ਸਨ, ਜਦੋਂ ਇੱਕ ਕਾਰ ਉਨ੍ਹਾਂ 'ਤੇ ਚੜ੍ਹ ਗਈ।

ਉਨ੍ਹਾਂ ਨੇ ਕਿਹਾ, "ਇਹ ਬੇਹੱਦ ਦੁਖਦਾਈ ਘਟਨਾ ਹੈ। ਇਹ ਸਾਰੀਆਂ ਔਰਤਾਂ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੀਆਂ ਸਨ। ਬੜੀ ਮੁਸ਼ਕਲ ਨਾਲ ਮਨਰੇਗਾ ਦਾ ਕੰਮ ਸ਼ੁਰੂ ਹੋਇਆ ਸੀ ਅਤੇ ਇਹ ਮਜ਼ਦੂਰ ਆਪਣੀ ਦਿਹਾੜੀ ਕਰ ਰਹੀਆਂ ਸਨ, ਪਰ ਇਸ ਹਾਦਸੇ ਨੇ ਕਈ ਪਰਿਵਾਰਾਂ ਨੂੰ ਉਜਾੜ ਦਿੱਤਾ ਹੈ।"

"ਸਾਡੇ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਪ੍ਰਸ਼ਾਸਨ ਨੂੰ ਲੋੜੀਂਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸਰਕਾਰ ਵੱਲੋਂ ਮ੍ਰਿਤਕ ਔਰਤਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਦੀ ਹਰ ਸੰਭਵ ਮਦਦ ਸਰਕਾਰੀ ਨਿਯਮਾਂ ਅਨੁਸਾਰ ਕੀਤੀ ਜਾਵੇਗੀ।"

"ਇਸ ਹਾਦਸੇ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਇਹ ਅਜਿਹਾ ਦੁੱਖ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।"

ਵਿਜੇਂਦਰ ਸਿੰਗਲਾ
ਤਸਵੀਰ ਕੈਪਸ਼ਨ, ਕਾਂਗਰਸੀ ਅਗੂ ਵਿਜੇਂਦਰ ਸਿੰਗਲਾ ਨੇ ਹਸਪਤਾਲ ਪਹੁੰਚ ਮਰੀਜ਼ਾਂ ਦਾ ਹਾਲ ਜਾਣਿਆ

ਉਧਰ ਕਾਂਗਰਸੀ ਆਗੂ ਵਿਜੇਂਦਰ ਸਿੰਗਲਾ ਸਿਵਲ ਹਸਪਤਾਲ ਪਹੁੰਚੇ ਅਤੇ ਮਰੀਜ਼ਾਂ ਨਾਲ ਹਾਲ ਜਾਣਿਆ। ਉਨ੍ਹਾਂ ਨੇ ਕਿਹਾ, "ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰਾਂ ਨੇ ਕਾਫ਼ੀ ਦੇਰ ਤੱਕ ਮਦਦ ਦੀ ਗੁਹਾਰ ਲਗਾਈ ਅਤੇ ਲਗਭਗ ਡੇਢ ਘੰਟੇ ਬਾਅਦ ਐਂਬੂਲੈਂਸ ਮੌਕੇ 'ਤੇ ਪਹੁੰਚੀ, ਜਿਸ ਤੋਂ ਬਾਅਦ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਹੋ ਸਕਿਆ।"

"ਅੱਜ ਅਲੀਸ਼ੇਰ ਪਿੰਡ ਦੇ ਤਿੰਨ ਮਰੀਜ਼ ਸੰਗਰੂਰ ਹਸਪਤਾਲ ਵਿੱਚ ਦਾਖ਼ਲ ਹਨ, ਜਦਕਿ ਦੋ ਮਰੀਜ਼ਾਂ ਨੂੰ ਪਟਿਆਲਾ ਰੈਫ਼ਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਲਗਭਗ ਛੇ ਮਰੀਜ਼ਾਂ ਨੂੰ ਮੂਨਕ ਹਸਪਤਾਲ ਦੀ ਮੋਰਚਰੀ ਵਿੱਚ ਰੱਖੇ ਜਾਣ ਦੀ ਜਾਣਕਾਰੀ ਹੈ। ਇੱਕ ਹੋਰ ਮਰੀਜ਼ ਦੀ ਹਸਪਤਾਲ ਪਹੁੰਚਣ ਤੋਂ ਬਾਅਦ ਮੌਤ ਹੋ ਗਈ।"

ਉਨ੍ਹਾਂ ਨੇ ਅੱਗੇ ਕਿਹਾ, "ਜਾਣਕਾਰੀ ਮਿਲੀ ਹੈ ਕਿ ਪਟਿਆਲਾ ਰੈਫ਼ਰ ਕੀਤੇ ਗਏ ਕੁਝ ਮਰੀਜ਼ਾਂ ਨੂੰ ਦਾਖ਼ਲ ਕਰਵਾਉਣ ਵਿੱਚ ਮੁਸ਼ਕਲ ਆ ਰਹੀ ਹੈ। ਇਸ ਲਈ ਮੈਂ ਸਿਹਤ ਮੰਤਰੀ ਅਤੇ ਸਿਹਤ ਵਿਭਾਗ ਨੂੰ ਅਪੀਲ ਕਰਦਾ ਹਾਂ ਕਿ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦਿੱਤਾ ਜਾਵੇ ਅਤੇ ਕਿਸੇ ਵੀ ਜ਼ਖ਼ਮੀ ਨੂੰ ਇਲਾਜ ਲਈ ਖੱਜਲ-ਖੁਆਰ ਨਾ ਹੋਣਾ ਪਵੇ।"

"ਕੰਮ ਵਾਲੀ ਥਾਂ 'ਤੇ ਚਿਤਾਵਨੀ ਸੰਕੇਤ ਅਤੇ ਹੋਰ ਲੋੜੀਂਦੇ ਸੁਰੱਖਿਆ ਪ੍ਰਬੰਧ ਹੋਣੇ ਚਾਹੀਦੇ ਹਨ, ਤਾਂ ਜੋ ਸੜਕ 'ਤੇ ਤੇਜ਼ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਦੇ ਚਾਲਕਾਂ ਨੂੰ ਪਹਿਲਾਂ ਹੀ ਪਤਾ ਲੱਗ ਸਕੇ ਕਿ ਅੱਗੇ ਕੰਮ ਚੱਲ ਰਿਹਾ ਹੈ।"

ਅਮਰਿੰਦਰ ਸਿੰਘ ਰਾਜਾ ਵੜਿੰਗ
ਤਸਵੀਰ ਕੈਪਸ਼ਨ, ਰਾਜਾ ਵੜਿੰਗ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜ਼ਖ਼ਮੀਆਂ ਨੂੰ ਤੁਰੰਤ ਅਤੇ ਢੁੱਕਵਾਂ ਇਲਾਜ ਮੁਹੱਈਆ ਕਰਵਾਇਆ ਜਾਵੇ

ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਦਸੇ 'ਤੇ ਦੁੱਖ ਪ੍ਰਗਟਾਇਆ ਹੈ ਅਤੇ ਆਪਣੇ ਐਕਸ ਹੈਂਡਲ ਲਿਖਿਆ ਹੈ, "ਇਹ ਬੇਹੱਦ ਦੁਖਦਾਈ ਘਟਨਾ ਹੈ। ਮਜ਼ਦੂਰ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਸਖ਼ਤ ਮਿਹਨਤ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਹਨ।"

ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜ਼ਖ਼ਮੀਆਂ ਨੂੰ ਤੁਰੰਤ ਅਤੇ ਢੁੱਕਵਾਂ ਇਲਾਜ ਮੁਹੱਈਆ ਕਰਵਾਇਆ ਜਾਵੇ, ਹਾਦਸੇ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)