ਗਰਭਨਿਰੋਧਕਾਂ ਦਾ ਪ੍ਰਚਾਰ ਅਤੇ ਜਿਨਸੀ ਸਿੱਖਿਆ: ਰਘੂਨਾਥ ਧੋਂਡੋ ਕਰਵੇ 'ਅਸ਼ਲੀਲਤਾ' ਨੂੰ ਇਸ ਤਰ੍ਹਾਂ ਕਰਦੇ ਸਨ ਖਾਰਜ

ਰਘੁਨਾਥ ਧੋਂਡੋ ਕਰਵੇ ਅਤੇ 'ਸਮਾਜ ਸਿਹਤ' ਰਸਾਲੇ ਦੇ ਇੱਕ ਅੰਕ ਦਾ ਪਹਿਲਾ ਪੰਨਾ
ਤਸਵੀਰ ਕੈਪਸ਼ਨ, ਰਘੁਨਾਥ ਧੋਂਡੋ ਕਰਵੇ ਅਤੇ 'ਸਮਾਜ ਸਿਹਤ' ਰਸਾਲੇ ਦੇ ਇੱਕ ਅੰਕ ਦਾ ਪਹਿਲਾ ਪੰਨਾ
    • ਲੇਖਕ, ਤੁਸ਼ਾਰ ਕੁਲਕਰਨੀ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

"ਅਸ਼ਲੀਲਤਾ ਕਿਸੇ ਲੇਖ, ਤਸਵੀਰ ਜਾਂ ਹੋਰ ਚੀਜ਼ ਦੀ ਖ਼ੂਬੀ ਨਹੀਂ ਹੁੰਦੀ। ਇਹ ਸਿਰਫ਼ ਉਸ ਵਿਅਕਤੀ ਦੇ ਮਨ ਵਿੱਚ ਹੁੰਦੀ ਹੈ, ਜੋ ਉਸ ਉੱਤੇ ਅਸ਼ਲੀਲ ਹੋਣ ਦਾ ਇਲਜ਼ਾਮ ਲਗਾਉਂਦਾ ਹੈ।"

ਰਘੂਨਾਥ ਧੋਂਡੋ ਕਰਵੇ ਦੀ ਪੱਤ੍ਰਿਕਾ ਜਾਂ ਰਸਾਲੇ 'ਸਮਾਜਸਵਾਸਥਿਆ' ਵਿੱਚ ਇਹ ਗੱਲ ਇੱਕ ਬਾਕਸ ਵਿੱਚ ਲਿਖੀ ਹੁੰਦੀ ਸੀ। ਇਸ ਦੇ ਹੇਠਾਂ ਪੱਤ੍ਰਿਕਾ ਦਾ ਬਾਕੀ ਲੇਖ ਹੁੰਦਾ ਸੀ।

ਇਸ ਬਾਕਸ ਨੂੰ ਦੇਖ ਕੇ ਵੀ ਜੇ ਪਾਠਕ ਨੂੰ ਇਹ ਅੰਦਾਜ਼ਾ ਨਹੀਂ ਹੁੰਦਾ ਸੀ ਕਿ ਅੱਗੇ ਉਸ ਦੇ ਸਾਹਮਣੇ ਕੀ ਆਉਣ ਵਾਲਾ ਹੈ, ਤਾਂ ਇਸ ਵਿੱਚ ਕਸੂਰ ਕਿਸ ਦਾ ਸੀ?

ਸਿਹਤ ਨਾਲ ਜੁੜੇ ਰਸਾਲੇ 'ਸਮਾਜਸਵਾਸਥਿਆ' ਉੱਤੇ ਇਹ ਸੁਨੇਹਾ ਲਿਖਿਆ ਹੁੰਦਾ ਸੀ। ਕਰਵੇ ਲੋਕਾਂ ਨੂੰ ਖ਼ੁਸ਼ ਕਰਨ ਦੀ ਚਿੰਤਾ ਕੀਤੇ ਬਿਨ੍ਹਾਂ ਉਹੀ ਛਾਪਦੇ ਸਨ, ਜਿਸ ਨੂੰ ਉਹ ਸਮਾਜ ਲਈ ਜ਼ਰੂਰੀ ਮੰਨਦੇ ਸਨ।

ਪਿਤਾ ਵਾਂਗ ਗਣਿਤ ਦੇ ਪ੍ਰੋਫ਼ੈਸਰ ਸਨ ਕਰਵੇ

ਰਘੁਨਾਥ ਧੋਂਡੋ ਕਰਵੇ (ਫ਼ਾਈਲ ਫੋਟੋ)
ਤਸਵੀਰ ਕੈਪਸ਼ਨ, ਰਘੁਨਾਥ ਧੋਂਡੋ ਕਰਵੇ (ਫ਼ਾਈਲ ਫੋਟੋ)

ਕਿਹਾ ਜਾਂਦਾ ਹੈ ਕਿ ਸੁੰਦਰਤਾ ਦੇਖਣ ਵਾਲੇ ਦੀ ਨਜ਼ਰ ਵਿੱਚ ਹੁੰਦੀ ਹੈ। ਇਸੇ ਤਰ੍ਹਾਂ ਇਹ ਵਾਕ ਯਾਦ ਦਿਵਾਉਂਦਾ ਸੀ ਕਿ ਅਸ਼ਲੀਲਤਾ ਵੀ ਕਿਸੇ ਵਿਅਕਤੀ ਦੀ ਆਪਣੀ ਸੋਚ ਅਤੇ ਨਜ਼ਰੀਏ ਤੋਂ ਪੈਦਾ ਹੁੰਦੀ ਹੈ।

ਇਸ ਦੇ ਬਾਵਜੂਦ 'ਸਮਾਜਸਵਾਸਥਿਆ' ਉੱਤੇ ਅਸ਼ਲੀਲਤਾ ਫੈਲਾਉਣ ਦੇ ਇਲਜ਼ਾਮ ਲੱਗੇ ਅਤੇ ਇਸ ਦੇ ਖ਼ਿਲਾਫ਼ ਮੁਕੱਦਮੇ ਵੀ ਚੱਲੇ।

ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ 'ਸਮਾਜਸਵਾਸਥਿਆ' ਰਸਾਲੇ 27 ਸਾਲਾਂ ਤੱਕ ਚੱਲਦੀ ਰਹੀ।

ਅੱਜ ਵੀ ਜਿਨ੍ਹਾਂ ਵਿਸ਼ਿਆਂ ਬਾਰੇ ਲੋਕਾਂ ਵਿਚਕਾਰ ਖੁੱਲ੍ਹ ਕੇ ਗੱਲ ਕਰਨਾ 'ਪਾਪ' ਸਮਝਿਆ ਜਾਂਦਾ ਹੈ, ਉਨ੍ਹਾਂ ਦੀ ਸਥਿਤੀ ਲਗਭਗ ਸੌ ਸਾਲ ਪਹਿਲਾਂ ਕਿਹੋ-ਜਿਹੀ ਰਹੀ ਹੋਵੇਗੀ, ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸ ਦੇ ਬਾਵਜੂਦ ਕਰਵੇ ਨੇ ਇਹ ਮੁਸ਼ਕਿਲ ਕੰਮ ਪੂਰੀ ਤਾਕਤ ਨਾਲ ਕੀਤਾ।

ਰਘੂਨਾਥ ਧੋਂਡੋ ਕਰਵੇ, ਮਹਾਰਿਸ਼ੀ ਧੋਂਡੋ ਕੇਸ਼ਵ ਕਰਵੇ ਦੇ ਪੁੱਤਰ ਸਨ। ਮਹਾਰਿਸ਼ੀ ਕਰਵੇ ਨੇ ਆਪਣਾ ਪੂਰਾ ਜੀਵਨ ਮਹਿਲਾਵਾਂ ਦੀ ਸਿੱਖਿਆ ਲਈ ਸਮਰਪਿਤ ਕਰ ਦਿੱਤਾ ਸੀ। ਇਸੇ ਤਰ੍ਹਾਂ ਰਘੂਨਾਥ ਧੋਂਡੋ ਕਰਵੇ ਨੇ ਜਿਨਸੀ ਸਿੱਖਿਆ ਨੂੰ ਆਪਣੇ ਜੀਵਨ ਦਾ ਮਕਸਦ ਬਣਾਇਆ।

ਆਪਣੇ ਪਿਤਾ ਵਾਂਗ ਉਹ ਵੀ ਗਣਿਤ ਦੇ ਪ੍ਰੋਫ਼ੈਸਰ ਸਨ।

ਜੇ ਕਰਵੇ ਗਣਿਤ ਦੇ ਪ੍ਰੋਫ਼ੈਸਰ ਵਜੋਂ ਆਪਣਾ ਕਰੀਅਰ ਜਾਰੀ ਰੱਖਦੇ, ਤਾਂ ਇਸ ਵਿੱਚ ਸ਼ਾਇਦ ਹੀ ਕੋਈ ਸ਼ੱਕ ਹੈ ਕਿ ਉਹ ਇੱਕ ਮੰਨੇ-ਪ੍ਰਮੰਨੇ ਪ੍ਰੋਫ਼ੈਸਰ ਅਤੇ ਸਿੱਖਿਆ ਸ਼ਾਸਤਰੀ ਬਣਦੇ। ਪਰ ਉਨ੍ਹਾਂ ਨੇ ਆਪਣੇ ਲਈ ਇੱਕ ਵੱਖਰਾ ਰਾਹ ਚੁਣਿਆ।

ਰਘੂਨਾਥ ਧੋਂਡੋ ਕਰਵੇ ਦੀ ਪੜ੍ਹਾਈ

ਰਘੁਨਾਥ ਧੋਂਡੋ ਕਰਵੇ ਨੇ ਪੁਣੇ ਦੇ ਫਰਗਿਊਸਨ ਕਾਲਜ ਤੋਂ ਬੀਏ ਤੱਕ ਦੀ ਪੜ੍ਹਾਈ ਕੀਤੀ ਸੀ (ਫ਼ਾਈਲ ਫੋਟੋ)
ਤਸਵੀਰ ਕੈਪਸ਼ਨ, ਰਘੁਨਾਥ ਧੋਂਡੋ ਕਰਵੇ ਨੇ ਪੁਣੇ ਦੇ ਫਰਗਿਊਸਨ ਕਾਲਜ ਤੋਂ ਬੀਏ ਤੱਕ ਦੀ ਪੜ੍ਹਾਈ ਕੀਤੀ ਸੀ (ਫ਼ਾਈਲ ਫੋਟੋ)

ਰਘੂਨਾਥ ਧੋਂਡੋ ਕਰਵੇ ਦਾ ਜਨਮ 14 ਜਨਵਰੀ 1882 ਨੂੰ ਹੋਇਆ ਸੀ। ਜਦੋਂ ਉਹ ਛੋਟੇ ਸਨ, ਉਦੋਂ ਹੀ ਉਨ੍ਹਾਂ ਦੀ ਮਾਂ ਰਾਧਾਬਾਈ ਦਾ ਦੇਹਾਂਤ ਹੋ ਗਿਆ ਸੀ।

ਕਰਵੇ ਬਚਪਨ ਤੋਂ ਹੀ ਘੱਟ ਬੋਲਣ ਵਾਲੇ ਅਤੇ ਆਪਣੇ ਆਪ ਵਿੱਚ ਰਹਿਣ ਵਾਲੇ ਸੁਭਾਅ ਦੇ ਸਨ। ਉਹ ਗਣਿਤ ਵਿੱਚ ਬਹੁਤ ਚੰਗੇ ਸਨ, ਪਰ ਇਤਿਹਾਸ ਅਤੇ ਭੂਗੋਲ ਵਿੱਚ ਉਨ੍ਹਾਂ ਦੀ ਪਕੜ ਇੰਨੀ ਮਜ਼ਬੂਤ ਨਹੀਂ ਸੀ।

ਇਸ ਲਈ ਉਨ੍ਹਾਂ ਨੂੰ ਇਤਿਹਾਸ ਅਤੇ ਭੂਗੋਲ ਦੀ ਤਿਆਰੀ ਕਰਵਾਈ ਗਈ। ਗਣਿਤ ਉੱਤੇ ਖ਼ਾਸ ਧਿਆਨ ਦਿੰਦਿਆਂ ਉਨ੍ਹਾਂ ਤੋਂ ਪਿਛਲੇ 10 ਤੋਂ 12 ਸਾਲਾਂ ਦੇ ਪ੍ਰਸ਼ਨ-ਪੱਤਰ ਵੀ ਹੱਲ ਕਰਵਾਏ ਗਏ।

ਇਸ ਦਾ ਨਤੀਜਾ ਇਹ ਨਿਕਲਿਆ ਕਿ 1899 ਵਿੱਚ ਕਰਵੇ ਨੇ ਦਸਵੀਂ ਦੀ ਪ੍ਰੀਖਿਆ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।

ਕਰਵੇ ਦੱਸਦੇ ਸਨ ਕਿ ਇਸਦੇ ਇਨਾਮ ਵਜੋਂ ਉਨ੍ਹਾਂ ਨੂੰ ਫ਼ਰਗਿਊਸਨ ਕਾਲਜ ਦੇ ਹੋਸਟਲ ਵਿੱਚ ਰਹਿਣ ਦੀ ਇਜਾਜ਼ਤ ਮਿਲੀ ਸੀ।

ਅਗਲੇ ਪੰਜ ਸਾਲਾਂ ਤੱਕ ਉਨ੍ਹਾਂ ਨੇ ਫ਼ਰਗਿਊਸਨ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਬੀਏ ਦੀ ਡਿਗਰੀ ਹਾਸਿਲ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਐੱਮਏ ਵਿੱਚ ਦਾਖ਼ਲਾ ਲੈ ਲਿਆ, ਪਰ ਵਜ਼ੀਫ਼ਾ ਬੰਦ ਹੋ ਜਾਣ ਕਾਰਨ ਉਨ੍ਹਾਂ ਦੀ ਪੜ੍ਹਾਈ ਵਿਚਕਾਰ ਹੀ ਰੁਕ ਗਈ।

ਬਾਅਦ ਵਿੱਚ ਉਨ੍ਹਾਂ ਨੇ ਮੁੰਬਈ ਵਿੱਚ ਐੱਮਏ ਵਿੱਚ ਦਾਖ਼ਲਾ ਲਿਆ ਅਤੇ 1911 ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਫ਼ਰਾਂਸੀਸੀ ਭਾਸ਼ਾ ਉੱਤੇ ਵੀ ਚੰਗੀ ਪਕੜ ਬਣਾ ਲਈ ਸੀ।

ਸਾਲ 1919 ਵਿੱਚ ਉਹ ਗਣਿਤ ਦੀ ਅੱਗੇ ਦੀ ਪੜ੍ਹਾਈ ਕਰਨ ਲਈ ਪੈਰਿਸ ਗਏ। ਉੱਥੋਂ 1921 ਵਿੱਚ ਆਪਣੀ ਡਿਗਰੀ ਪੂਰੀ ਕਰਕੇ ਵਾਪਸ ਆਏ।

ਫ਼ਰਗਿਊਸਨ ਕਾਲਜ ਵਿੱਚ ਪੜ੍ਹਾਈ ਦੌਰਾਨ ਹੀ ਉਨ੍ਹਾਂ ਦੀ ਦਿਲਚਸਪੀ ਜਿਨਸੀ ਸਿੱਖਿਆ ਅਤੇ ਗਰਭਨਿਰੋਧ ਦੇ ਵਿਸ਼ਿਆਂ ਵਿੱਚ ਹੋਣ ਲੱਗੀ ਸੀ। ਉਹ ਕਾਲਜ ਦੀ ਲਾਇਬ੍ਰੇਰੀ ਵਿੱਚ ਬੈਠ ਕੇ ਇਨ੍ਹਾਂ ਵਿਸ਼ਿਆਂ ਦਾ ਅਧਿਐਨ ਕਰਨ ਲੱਗੇ।

ਉਸ ਦੌਰ ਵਿੱਚ ਉਨ੍ਹਾਂ ਨੇ ਅਜਿਹੇ ਨੌਜਵਾਨਾਂ ਨੂੰ ਦੇਖਿਆ ਸੀ, ਜਿਨ੍ਹਾਂ ਦੇ ਘਰ ਹਰ ਸਾਲ ਬੱਚੇ ਪੈਦਾ ਹੁੰਦੇ ਸਨ ਜਾਂ ਜੋ ਜਿਨਸੀ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਸਨ।

ਕਰਵੇ ਨੇ ਸਮਾਜ ਵਿੱਚ ਜਿਨਸੀ ਸਿੱਖਿਆ ਦੀ ਕਮੀ ਨੂੰ ਸਮਝਿਆ

‘ਸਮਾਜਸਵਾਸਥਿਆ’ ਰਸਾਲੇ ਦਾ ਪਹਿਲਾ ਪੰਨਾ
ਤਸਵੀਰ ਕੈਪਸ਼ਨ, 'ਸਮਾਜਸਵਾਸਥਿਆ' ਰਸਾਲੇ ਦਾ ਪਹਿਲਾ ਪੰਨਾ

ਕਰਵੇ ਦੇ ਜੀਵਨੀਕਾਰ ਡਾਕਟਰ ਅਨੰਤ ਦੇਸ਼ਮੁਖ ਮੁਤਾਬਕ, ਇਸ ਤੋਂ ਕਰਵੇ ਨੂੰ ਸਮਝ ਆਇਆ ਕਿ ਇਹ ਸਮੱਸਿਆਵਾਂ ਜਿਨਸੀ ਸਿੱਖਿਆ ਦੀ ਘਾਟ ਅਤੇ ਗਰਭਨਿਰੋਧਕ ਸਾਧਨਾਂ ਦੀ ਵਰਤੋਂ ਬਾਰੇ ਜਾਣਕਾਰੀ ਨਾ ਹੋਣ ਕਾਰਨ ਪੈਦਾ ਹੋ ਰਹੀਆਂ ਸਨ।

ਕਰਵੇ ਨੇ ਸੋਲਾਪੁਰ ਹਾਈ ਸਕੂਲ ਵਿੱਚ ਨੌਕਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਐਲਫ਼ਿੰਸਟਨ ਕਾਲਜ ਅਤੇ ਧਾਰਵਾੜ ਦੇ ਕਰਨਾਟਕ ਕਾਲਜ ਸਣੇ ਵੱਖ-ਵੱਖ ਥਾਵਾਂ ਉੱਤੇ ਕੰਮ ਕੀਤਾ।

ਸਾਲ 1921 ਵਿੱਚ ਉਨ੍ਹਾਂ ਨੇ ਮੁੰਬਈ ਦੇ ਭਟਵਾੜੀ ਇਲਾਕੇ ਵਿੱਚ 'ਰਾਈਟ ਏਜੰਸੀ' ਨਾਂ ਨਾਲ ਗਰਭਨਿਰੋਧ ਬਾਰੇ ਸਲਾਹ ਦੇਣ ਵਾਲਾ ਇੱਕ ਕੇਂਦਰ ਵੀ ਸ਼ੁਰੂ ਕੀਤਾ। ਇਸ ਕੰਮ ਵਿੱਚ ਉਨ੍ਹਾਂ ਦੇ ਪਤਨੀ ਮਾਲਤੀਬਾਈ ਨੇ ਉਨ੍ਹਾਂ ਦਾ ਸਾਥ ਦਿੱਤਾ।

ਉਸ ਦੌਰ ਵਿੱਚ ਗਰਭਨਿਰੋਧ ਬਾਰੇ ਜਾਗਰੂਕਤਾ ਫੈਲਾਉਣਾ ਅਨੈਤਿਕ, ਗੈਰ-ਧਾਰਮਿਕ ਅਤੇ ਅਸ਼ਲੀਲ ਮੰਨਿਆ ਜਾਂਦਾ ਸੀ। ਇਸ ਦੇ ਬਾਵਜੂਦ ਮਾਲਤੀਬਾਈ ਇਸ ਕੰਮ ਵਿੱਚ ਕਰਵੇ ਦੇ ਨਾਲ ਡਟ ਕੇ ਖੜ੍ਹੇ ਰਹੇ।

ਦਿਵਾਕਰ ਬਾਪਟ ਨੇ ਕਰਵੇ ਬਾਰੇ ਲਿਖੀ ਆਪਣੀ ਕਿਤਾਬ 'ਉਪੇਕਸ਼ਿਤ ਦ੍ਰਸ਼ਟਾ' ਵਿੱਚ ਇਸ ਦਾ ਜ਼ਿਕਰ ਕੀਤਾ ਹੈ।

ਸਾਲ 1922 ਵਿੱਚ ਕਰਵੇ ਨੇ ਮੁੰਬਈ ਦੇ ਵਿਲਸਨ ਕਾਲਜ ਵਿੱਚ ਨੌਕਰੀ ਸ਼ੁਰੂ ਕੀਤੀ।

ਇਸ ਨੌਕਰੀ ਨਾਲ ਜੁੜਨ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਗਰਭਨਿਰੋਧ ਬਾਰੇ ਇੱਕ ਕਿਤਾਬ ਲਿਖੀ ਸੀ। ਪਰ ਕੋਈ ਵੀ ਪ੍ਰਕਾਸ਼ਕ ਇਸ ਨੂੰ ਛਾਪਣ ਲਈ ਤਿਆਰ ਨਹੀਂ ਹੋਇਆ।

ਇਸ ਤੋਂ ਬਾਅਦ ਕਰਵੇ ਨੇ ਆਪਣੇ ਕੋਲ ਮੌਜੂਦ ਪੈਸੇ ਇਸ ਕੰਮ ਵਿੱਚ ਲਾ ਦਿੱਤੇ ਅਤੇ 1923 ਵਿੱਚ ਉਹ ਪੁਸਤਿਕਾ ਖ਼ੁਦ ਪ੍ਰਕਾਸ਼ਿਤ ਕੀਤੀ।

ਕਰਵੇ ਦਾ ਇਹ ਕੰਮ ਕਾਲਜ ਪ੍ਰਬੰਧਨ ਦੀ ਨਜ਼ਰ ਵਿੱਚ ਆਉਣਾ ਸੁਭਾਵਿਕ ਸੀ।

ਸ਼ੁਰੂ ਵਿੱਚ ਪ੍ਰਬੰਧਨ ਨੂੰ ਇਸ ਗੱਲ ਉੱਤੇ ਕੋਈ ਇਤਰਾਜ਼ ਨਹੀਂ ਸੀ ਕਿ ਕਰਵੇ ਆਪਣੀ ਨੌਕਰੀ ਦੇ ਸਮੇਂ ਤੋਂ ਇਲਾਵਾ ਕੀ ਕੰਮ ਕਰਦੇ ਹਨ। ਪਰ ਉਨ੍ਹਾਂ ਦੇ ਕੰਮ ਦਾ ਵਿਰੋਧ ਕਰਨ ਵਾਲੇ ਲੋਕਾਂ ਨੇ ਕਾਲਜ ਪ੍ਰਬੰਧਨ ਕੋਲ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਆਖ਼ਰਕਾਰ ਪ੍ਰਬੰਧਨ ਨੇ ਕਰਵੇ ਨੂੰ ਕਿਹਾ ਕਿ ਉਹ ਜਾਂ ਤਾਂ ਇਹ ਕੰਮ ਛੱਡ ਦੇਣ ਜਾਂ ਨੌਕਰੀ ਛੱਡ ਦੇਣ।

ਕਰਵੇ ਨੇ 1925 ਵਿੱਚ ਨੌਕਰੀ ਛੱਡ ਦਿੱਤੀ।

ਨੌਕਰੀ ਛੱਡਣ ਤੋਂ ਬਾਅਦ ਮੁਸ਼ਕਿਲ ਹਾਲਾਤ ਵਿੱਚ ਘਰ ਚਲਾਇਆ

ਨੌਕਰੀ ਛੱਡਣ ਤੋਂ ਬਾਅਦ ਕਰਵੇ ਕੋਲ ਕਮਾਈ ਦਾ ਕੋਈ ਪੱਕਾ ਸਾਧਨ ਨਹੀਂ ਸੀ।

ਘਰ ਚਲਾਉਣ ਲਈ ਉਨ੍ਹਾਂ ਨੇ ਟੈਕਸੀ ਚਲਾਈ, ਟਿਊਸ਼ਨ ਪੜ੍ਹਾਈ ਅਤੇ ਕੰਘੀਆਂ ਤੇ ਸਾਬਣ ਵਰਗੀਆਂ ਚੀਜ਼ਾਂ ਵੀ ਵੇਚੀਆਂ।

ਕਰਵੇ ਨਾਲ ਕੰਮ ਕਰ ਚੁੱਕੇ ਸ਼ਕੁੰਤਲਾਬਾਈ ਪਰਾਂਜਪੇ ਨੇ ਇਸ ਬਾਰੇ ਲਿਖਿਆ ਹੈ।

ਇਹ ਸਭ ਕਰਦਿਆਂ ਵੀ ਕਰਵੇ ਨੇ ਗਰਭਨਿਰੋਧ ਦੇ ਵਿਸ਼ੇ ਉੱਤੇ ਕੰਮ ਕਰਨਾ ਬੰਦ ਨਹੀਂ ਕੀਤਾ।

ਉਹ ਲੋਕਾਂ ਨੂੰ ਸਿਰਫ਼ ਸਲਾਹ ਹੀ ਨਹੀਂ ਦਿੰਦੇ ਸਨ, ਸਗੋਂ ਉਨ੍ਹਾਂ ਨੂੰ ਗਰਭਨਿਰੋਧ ਨਾਲ ਜੁੜੀਆਂ ਚੀਜ਼ਾਂ ਵੀ ਮੁਹੱਈਆ ਕਰਵਾਉਂਦੇ ਸਨ।

ਕਰਵੇ ਆਪਣੇ ਨਿੱਜੀ ਜੀਵਨ ਵਿੱਚ ਵੀ ਇਨ੍ਹਾਂ ਗੱਲਾਂ ਦੀ ਪਾਲਣਾ ਕਰਦੇ ਸਨ। ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਹੋਣ। ਇਸ ਲਈ ਉਹ ਆਪਣੀ ਨਸਬੰਦੀ ਕਰਵਾਉਣਾ ਚਾਹੁੰਦੇ ਸਨ।

ਉਸ ਸਮੇਂ ਭਾਰਤ ਵਿੱਚ ਕੋਈ ਵੀ ਡਾਕਟਰ ਇਹ ਆਪਰੇਸ਼ਨ ਕਰਨ ਲਈ ਤਿਆਰ ਨਹੀਂ ਸੀ।

ਕਰਵੇ ਦੇ ਭਰਾ ਨੈਰੋਬੀ ਵਿੱਚ ਡਾਕਟਰ ਸਨ। ਕਰਵੇ ਉੱਥੇ ਗਏ ਅਤੇ ਆਪਣੀ ਨਸਬੰਦੀ ਦਾ ਆਪਰੇਸ਼ਨ ਕਰਵਾਇਆ।

ਉਨ੍ਹਾਂ ਦੇ ਪਿਤਾ ਮਹਾਰਿਸ਼ੀ ਕਰਵੇ ਵਿਧਵਾ ਪੁਨਰ-ਵਿਆਹ ਦੇ ਸਮਰਥਕ ਸਨ ਅਤੇ ਇਸਦੇ ਲਈ ਕੰਮ ਕਰਦੇ ਸਨ। ਆਪਣੀ ਪਹਿਲੀ ਪਤਨੀ, ਯਾਨੀ ਰਘੂਨਾਥ ਧੋਂਡੋ ਕਰਵੇ ਦੀ ਮਾਂ ਦੇ ਦੇਹਾਂਤ ਤੋਂ ਬਾਅਦ, ਮਹਾਰਿਸ਼ੀ ਕਰਵੇ ਨੇ ਇੱਕ ਵਿਧਵਾ ਨਾਲ ਵਿਆਹ ਕੀਤਾ ਸੀ।

ਉਨ੍ਹਾਂ ਨੇ ਜੋ ਕਿਹਾ, ਉਸ 'ਤੇ ਆਪਣੇ ਜੀਵਨ ਵਿੱਚ ਅਮਲ ਕਰਕੇ ਵੀ ਦਿਖਾਇਆ।

ਰਘੂਨਾਥ ਧੋਂਡੋ ਕਰਵੇ ਵੀ ਆਪਣੇ ਪਿਤਾ ਵਾਂਗ ਆਪਣੀਆਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਸਨ।

'ਸਮਾਜਸਵਾਸਥਿਆ' ਦੀ ਸ਼ੁਰੂਆਤ

ਰਘੁਨਾਥ ਧੋਂਡੋ ਕਰਵੇ ਦੇ ਸੰਪਾਦਨ ਹੇਠ ਪ੍ਰਕਾਸ਼ਿਤ ‘ਸਮਾਜਸਵਾਸਥਿਆ’ ਰਸਾਲੇ ਦਾ ਇੱਕ ਅੰਕ
ਤਸਵੀਰ ਕੈਪਸ਼ਨ, ਰਘੁਨਾਥ ਧੋਂਡੋ ਕਰਵੇ ਦੇ ਸੰਪਾਦਨ ਹੇਠ ਪ੍ਰਕਾਸ਼ਿਤ 'ਸਮਾਜਸਵਾਸਥਿਆ' ਰਸਾਲੇ ਦਾ ਇੱਕ ਅੰਕ

'ਸਮਾਜਸਵਾਸਥਿਆ' ਸ਼ੁਰੂ ਕਰਨ ਤੋਂ ਪਹਿਲਾਂ ਕਰਵੇ ਵੱਖ-ਵੱਖ ਰਸਾਲਿਆਂ ਵਿੱਚ ਲੇਖ ਲਿਖਿਆ ਕਰਦੇ ਸਨ।

ਪਰ ਉਨ੍ਹਾਂ ਦੇ ਵਿਚਾਰ ਉਸ ਸਮੇਂ ਦੇ ਹਿਸਾਬ ਨਾਲ ਇੰਨੇ ਅਗਾਂਹਵਧੂ ਸਨ ਕਿ ਕਈ ਰਸਾਲੇ ਉਨ੍ਹਾਂ ਦੇ ਲੇਖ ਵਾਪਸ ਭੇਜ ਦਿੰਦੇ ਸਨ।

ਉਸ ਸਮੇਂ 'ਕਿਰਲੋਸਕਰ ਖ਼ਬਰ' ਨੂੰ ਇੱਕ ਅਗਾਂਹਵਧੂ ਰਸਾਲਾ ਮੰਨਿਆ ਜਾਂਦਾ ਸੀ।

ਕਰਵੇ ਦਾ ਲਿਖਿਆ ਲੇਖ 'ਅਮਰਿਯਾਦ ਸੰਤਤੀ' ਇਸ ਰਸਾਲੇ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਵਿਨਯ ਕਯਾ ਹੈ' ਨਾਂ ਦਾ ਇੱਕ ਲੇਖ ਭੇਜਿਆ, ਪਰ ਸੰਪਾਦਕ ਨੇ ਉਸ ਨੂੰ ਵਾਪਸ ਕਰ ਦਿੱਤਾ।

ਕਰਵੇ ਲਈ ਇਹ ਕੋਈ ਨਵਾਂ ਤਜਰਬਾ ਨਹੀਂ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਰਸਾਲਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ।

ਰਸਾਲਾ ਸ਼ੁਰੂ ਕਰਨ ਲਈ ਕਈ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਸਨ। ਕਰਵੇ ਨੇ ਲੋੜੀਂਦੇ ਸਾਧਨ ਇਕੱਠੇ ਕਰਨੇ ਸ਼ੁਰੂ ਕੀਤੇ ਅਤੇ 15 ਜੁਲਾਈ 1927 ਨੂੰ 'ਸਮਾਜਸਵਾਸਥਿਆ' ਦੀ ਸ਼ੁਰੂਆਤ ਹੋਈ।

ਰਸਾਲੇ ਦੇ ਉਦੇਸ਼ ਬਾਰੇ ਕਰਵੇ ਨੇ ਲਿਖਿਆ ਸੀ, "ਇਸ ਰਸਾਲੇ ਦਾ ਉਦੇਸ਼ ਵਿਅਕਤੀ ਅਤੇ ਸਮਾਜ ਦੀ ਸਰੀਰਕ ਤੇ ਮਾਨਸਿਕ ਸਿਹਤ ਅਤੇ ਇਨ੍ਹਾਂ ਨਾਲ ਜੁੜੇ ਉਪਾਵਾਂ ਬਾਰੇ ਚਰਚਾ ਕਰਨਾ ਹੈ।''

"ਖ਼ਾਸ ਤੌਰ 'ਤੇ ਉਨ੍ਹਾਂ ਵਿਸ਼ਿਆਂ ਉੱਤੇ ਜਿਨ੍ਹਾਂ 'ਤੇ ਲੇਖ ਛਾਪਣ ਤੋਂ ਦੂਜੇ ਪੱਤਰਕਾਰ ਸ਼ਰਮਾਉਂਦੇ ਜਾਂ ਡਰਦੇ ਹਨ। ਇਹ ਵਿਸ਼ੇ ਭਾਵੇਂ ਕਿੰਨੇ ਵੀ ਮਹੱਤਵਪੂਰਨ ਕਿਉਂ ਨਾ ਹੋਣ, ਆਮ ਪਾਠਕਾਂ ਲਈ ਇਨ੍ਹਾਂ ਬਾਰੇ ਜਾਣਕਾਰੀ ਹਾਸਿਲ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਸਾਡਾ ਮਕਸਦ ਇਸ ਮੁਸ਼ਕਿਲ ਨੂੰ ਦੂਰ ਕਰਨਾ ਹੈ।

"ਇਸ ਵਿੱਚ ਸਿਰਫ਼ ਵਿਚਾਰਾਂ ਉੱਤੇ ਚਰਚਾ ਨਹੀਂ ਕੀਤੀ ਜਾਵੇਗੀ, ਸਗੋਂ ਰੋਜ਼ਮਰ੍ਹਾ ਦੇ ਕੰਮਾਂ ਨਾਲ ਜੁੜੀ ਜਾਣਕਾਰੀ ਵੀ ਦਿੱਤੀ ਜਾਵੇਗੀ।"

ਰਸਾਲੇ ਦੇ ਪਹਿਲੇ ਅੰਕ ਦਾ ਪਹਿਲਾ ਲੇਖ ਸੀ - 'ਵਿਨਯ ਕਯਾ ਹੈ'।

ਇਸੇ ਲੇਖ ਦੇ ਵਾਪਸ ਆਉਣ ਤੋਂ ਬਾਅਦ ਕਰਵੇ ਨੇ ਆਪਣਾ ਰਸਾਲਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਲਈ ਇਸ ਨੂੰ ਪ੍ਰਕਾਸ਼ਿਤ ਕਰਨ ਨਾਲ ਇੱਕ ਤਰ੍ਹਾਂ ਨਾਲ ਉਹ ਸਿਲਸਿਲਾ ਪੂਰਾ ਹੋ ਗਿਆ।

'ਸਮਾਜਸਵਾਸਥਿਆ' ਵਿੱਚ ਕਿਹੜੇ ਵਿਸ਼ਿਆਂ ਬਾਰੇ ਲਿਖਿਆ ਜਾਂਦਾ ਸੀ?

'ਸਮਾਜਸਵਾਸਥਿਆ' ਵਿੱਚ ਪ੍ਰਕਾਸ਼ਿਤ ਲੇਖਾਂ ਦੀ ਸੂਚੀ ਦੇਖਣ ਤੋਂ ਪਤਾ ਲੱਗਦਾ ਹੈ ਕਿ ਪੱਤ੍ਰਿਕਾ ਭਾਵੇਂ ਆਕਾਰ ਵਿੱਚ ਛੋਟੀ ਸੀ, ਪਰ ਇਸ ਵਿੱਚ ਕਈ ਤਰ੍ਹਾਂ ਦੇ ਵਿਸ਼ਿਆਂ ਬਾਰੇ ਬਹੁਤ ਡੂੰਘਾਈ ਨਾਲ ਲਿਖਿਆ ਜਾਂਦਾ ਸੀ।

ਆਮ ਲੋਕਾਂ ਦੀ ਸਿਹਤ ਲਈ ਫ਼ਾਇਦੇਮੰਦ ਰਸੋਈ ਦੀ ਸਾਫ਼-ਸਫ਼ਾਈ ਤੋਂ ਲੈ ਕੇ ਕੌਮਾਂਤਰੀ ਮੈਡੀਕਲ ਰਸਾਲਿਆਂ ਵਿੱਚ ਪ੍ਰਕਾਸ਼ਿਤ ਖੋਜ ਤੱਕ, ਇਸ ਵਿੱਚ ਹਰ ਤਰ੍ਹਾਂ ਦੀ ਜਾਣਕਾਰੀ ਹੁੰਦੀ ਸੀ।

ਕਰਵੇ ਕਿਸੇ ਮੁੱਦੇ ਨੂੰ ਸਿਰਫ਼ ਸਿਹਤ ਦੇ ਨਜ਼ਰੀਏ ਤੋਂ ਨਹੀਂ ਦੇਖਦੇ ਸਨ। ਉਹ ਉਸ ਨੂੰ ਪੂਰੇ ਸਮਾਜ ਨੂੰ ਜਾਗਰੂਕ ਕਰਨ ਦੇ ਨਜ਼ਰੀਏ ਤੋਂ ਦੇਖਦੇ ਸਨ।

ਉਨ੍ਹਾਂ ਦੇ ਪੂਰੇ ਕੰਮ ਦੀ ਬੁਨਿਆਦ ਤਰਕ ਅਤੇ ਸਮਝ ਉੱਤੇ ਆਧਾਰਿਤ ਸੀ।

ਉਨ੍ਹਾਂ ਨੇ ਆਪਣੇ ਜੀਵਨ ਅਤੇ ਲੇਖਣੀ ਰਾਹੀਂ ਇਹ ਸੁਨੇਹਾ ਦਿੱਤਾ ਕਿ ਕਿਸੇ ਵੀ ਗੱਲ ਨੂੰ ਵਿਗਿਆਨ ਅਤੇ ਤਰਕ ਦੀ ਕਸੌਟੀ ਉੱਤੇ ਪਰਖੇ ਬਿਨ੍ਹਾਂ ਸਵੀਕਾਰ ਨਹੀਂ ਕਰਨਾ ਚਾਹੀਦਾ।

ਦਿਵਾਕਰ ਬਾਪਟ ਆਪਣੀ ਕਿਤਾਬ ਵਿੱਚ ਲਿਖਦੇ ਹਨ, "ਇਸ ਦੇ ਬਾਵਜੂਦ 'ਸਮਾਜਸਵਾਸਥਿਆ' ਸਿਰਫ਼ ਇੱਕ ਵਿਅਕਤੀ ਦੇ ਸਹਾਰੇ ਚੱਲਣ ਵਾਲਾ ਕੰਮ ਸੀ।

"ਰਸਾਲੇ ਦੇ ਲੇਖ ਲਿਖਣਾ, ਦੂਜਿਆਂ ਤੋਂ ਲੇਖ ਲਿਖਵਾਉਣਾ, ਛਪਾਈ ਲਈ ਪ੍ਰਤੀ ਤਿਆਰ ਕਰਨਾ, ਪਰੂਫ਼ ਦੇਖਣਾ, ਅੰਕ ਤਿਆਰ ਹੋਣ ਤੋਂ ਬਾਅਦ ਗਾਹਕਾਂ ਦੇ ਨਾਂ ਵਾਲੀਆਂ ਪਰਚੀਆਂ ਲਾ ਕੇ ਉਨ੍ਹਾਂ ਨੂੰ ਡਾਕਖ਼ਾਨੇ ਵਿੱਚ ਪਾਉਣਾ ਅਤੇ ਵੱਖ-ਵੱਖ ਵਿਕਰੇਤਾਵਾਂ ਤੱਕ ਉਨ੍ਹਾਂ ਦੀਆਂ ਕਾਪੀਆਂ ਪਹੁੰਚਾਉਣਾ - ਇਹ ਸਾਰੇ ਕੰਮ ਕਰਵੇ ਤੈਅ ਸਮੇਂ ਮੁਤਾਬਕ ਕਰਦੇ ਸਨ।

"ਲਗਾਤਾਰ ਇਹ ਕੰਮ ਕਰਦੇ ਰਹਿਣ ਕਾਰਨ ਉਨ੍ਹਾਂ ਨੂੰ ਇਨ੍ਹਾਂ ਸਾਰੇ ਕੰਮਾਂ ਦੀ ਆਦਤ ਪੈ ਗਈ ਸੀ।"

'ਸਮਾਜਸਵਾਸਥਿਆ' ਦੇ ਖ਼ਿਲਾਫ਼ ਮੁਕੱਦਮੇ

‘ਸਮਾਜਸਵਾਸਥਿਆ’ ਨਾਟਕ ਦਾ ਇੱਕ ਦ੍ਰਿਸ਼। ਡਾ. ਬਾਬਾਸਾਹਿਬ ਅੰਬੇਡਕਰ ਦੀ ਭੂਮਿਕਾ ਵਿੱਚ ਅਜਿਤ ਸਾਬਲੇ ਅਤੇ ਰਘੁਨਾਥ ਧੋਂਡੋ ਕਰਵੇ ਦੀ ਭੂਮਿਕਾ ਵਿੱਚ ਅਤੁਲ ਪੇਠੇ।
ਤਸਵੀਰ ਕੈਪਸ਼ਨ, 'ਸਮਾਜਸਵਾਸਥਿਆ' ਨਾਟਕ ਦਾ ਇੱਕ ਦ੍ਰਿਸ਼। ਡਾ. ਬਾਬਾ ਸਾਹਿਬ ਅੰਬੇਡਕਰ ਦੀ ਭੂਮਿਕਾ ਵਿੱਚ ਅਜੀਤ ਸਾਬਲੇ ਅਤੇ ਰਘੂਨਾਥ ਧੋਂਡੋ ਕਰਵੇ ਦੀ ਭੂਮਿਕਾ ਵਿੱਚ ਅਤੁਲ ਪੇਠੇ।

ਕਰਵੇ ਨੂੰ ਅਜਿਹੇ ਬਹੁਤ ਸਾਰੇ ਪੱਤਰ ਮਿਲਦੇ ਸਨ, ਜਿਨ੍ਹਾਂ ਵਿੱਚ ਲੋਕ ਦੱਸਦੇ ਸਨ ਕਿ ਉਨ੍ਹਾਂ ਨੂੰ 'ਸਮਾਜਸਵਾਸਥਿਆ' ਤੋਂ ਫ਼ਾਇਦਾ ਹੋ ਰਿਹਾ ਹੈ।

ਲੋਕ ਚਾਹੁੰਦੇ ਸਨ ਕਿ ਉਨ੍ਹਾਂ ਦੇ ਖਦਸ਼ਿਆਂ ਦੇ ਜਵਾਬ ਰਸਾਲੇ ਵਿੱਚ ਦਿੱਤੇ ਜਾਣ।

ਪਰ 'ਸਮਾਜਸਵਾਸਥਿਆ' ਵਿੱਚ ਇੱਕ ਸੂਚਨਾ ਲਿਖੀ ਹੁੰਦੀ ਸੀ ਕਿ ਕਾਨੂੰਨੀ ਮੁਸ਼ਕਿਲਾਂ ਕਾਰਨ ਸਾਰੀਆਂ ਗੱਲਾਂ ਰਸਾਲੇ ਵਿੱਚ ਨਹੀਂ ਲਿਖੀਆਂ ਜਾ ਸਕਦੀਆਂ। ਇਸ ਲਈ ਲੋਕ ਆਪਣੀ ਸਮੱਸਿਆ ਬਾਰੇ ਦਫ਼ਤਰ ਦੇ ਪਤੇ 'ਤੇ ਵੱਖਰੇ ਤੌਰ 'ਤੇ ਪੱਤਰ ਭੇਜਣ।

ਉਸ ਦੌਰ ਦੇ ਲੇਖਕ ਅਤੇ ਸਮਾਜ ਸੁਧਾਰਕ ਮਾਮਾ ਵਰੇਰਕਰ, ਇਤਿਹਾਸਕਾਰ ਗੋਵਿੰਦ ਸਖਾਰਾਮ ਸਰਦੇਸਾਈ, ਸ਼੍ਰੀਪਾਦ ਕ੍ਰਿਸ਼ਣ ਕੋਲਹਟਕਰ ਅਤੇ ਰੈਂਗਲਰ ਪਰਾਂਜਪੇ ਨੇ ਕਰਵੇ ਦੇ ਕੰਮ ਦਾ ਸਮਰਥਨ ਕੀਤਾ ਸੀ।

ਪਰ ਉਸ ਸਮੇਂ ਦੇ ਰੂੜ੍ਹੀਵਾਦੀ ਲੋਕਾਂ ਨੇ ਕਰਵੇ ਦਾ ਸਖ਼ਤ ਵਿਰੋਧ ਕੀਤਾ।

ਉਨ੍ਹਾਂ ਦੇ ਖ਼ਿਲਾਫ਼ ਅਸ਼ਲੀਲਤਾ ਦੇ ਮੁਕੱਦਮੇ ਦਰਜ ਕੀਤੇ ਗਏ।

'ਵਿਅਭਿਚਾਰ ਦੇ ਪ੍ਰਸ਼ਨ' ਨਾਂ ਦੇ ਲੇਖ ਨੂੰ ਲੈ ਕੇ ਪਹਿਲੀ ਵਾਰ ਉਨ੍ਹਾਂ ਉੱਤੇ ਮੁਕੱਦਮਾ ਚਲਾਇਆ ਗਿਆ। ਇਸ ਮਾਮਲੇ ਵਿੱਚ ਉਨ੍ਹਾਂ ਉੱਤੇ 100 ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ।

ਇਸ ਤੋਂ ਬਾਅਦ ਕਰਵੇ ਦੇ ਖ਼ਿਲਾਫ਼ ਇੱਕ ਹੋਰ ਮੁਕੱਦਮਾ ਦਰਜ ਹੋਇਆ।

ਦੂਜੇ ਮੁਕੱਦਮੇ ਵਿੱਚ ਡਾਕਟਰ ਬਾਬਾਸਾਹਿਬ ਅੰਬੇਡਕਰ ਨੇ ਉਨ੍ਹਾਂ ਦੇ ਵਕੀਲ ਵਜੋਂ ਕੇਸ ਲੜਿਆ ਸੀ। ਇਸ ਵਾਰ ਕਰਵੇ ਉੱਤੇ 200 ਰੁਪਏ ਦਾ ਜੁਰਮਾਨਾ ਲਾਇਆ ਗਿਆ।

ਇਸ ਮੁਕੱਦਮੇ ਬਾਰੇ ਅਜੀਤ ਦਲਵੀ ਨੇ ਇੱਕ ਨਾਟਕ ਵੀ ਲਿਖਿਆ ਸੀ, ਜਿਸ ਦਾ ਨਿਰਦੇਸ਼ਨ ਅਤੁਲ ਪੇਠੇ ਨੇ ਕੀਤਾ। ਇਸ ਨਾਟਕ ਦਾ ਮੰਚਨ ਵੀ ਹੋ ਚੁੱਕਾ ਹੈ।

ਮਹਿਲਾਵਾਂ ਦੀ ਆਜ਼ਾਦੀ ਅਤੇ ਅਧਿਕਾਰਾਂ ਦੀ ਵਕਾਲਤ

ਕਰਵੇ ਨੇ ਮਹਿਲਾਵਾਂ ਦੀ ਆਜ਼ਾਦੀ ਦਾ ਸਮਰਥਨ ਕੀਤਾ।

ਉਹ ਮੰਨਦੇ ਸਨ ਕਿ ਮਹਿਲਾਵਾਂ ਨੂੰ ਪੁਰਸ਼ ਪ੍ਰਧਾਨ ਸੱਭਿਆਚਾਰ ਨੂੰ ਅੱਗੇ ਵਧਾਉਣ ਵਾਲੀਆਂ ਨਹੀਂ ਬਣਨਾ ਚਾਹੀਦਾ।

'ਰ. ਧੋਂ. ਕਰਵੇ ਅਤੇ ਇਸਤਰੀ ਲਿੰਗਕਤਾ' ਨਾਂ ਦੇ ਲੇਖ ਵਿੱਚ ਲੇਖਿਕਾ ਡਾਕਟਰ ਅੰਜਲੀ ਜੋਸ਼ੀ ਲਿਖਦੇ ਹਨ, "ਕਰਵੇ ਨੇ ਮਹਿਲਾ ਨੂੰ ਇੱਕ 'ਵਿਅਕਤੀ' ਮੰਨਦਿਆਂ ਉਸ ਬਾਰੇ ਮਨੁੱਖੀ ਨਜ਼ਰੀਏ ਤੋਂ ਸੋਚਿਆ। ਉਨ੍ਹਾਂ ਦੀ ਇਹੀ ਸੋਚ ਉਨ੍ਹਾਂ ਨੂੰ ਹੋਰ ਉੱਚਾ ਦਰਜਾ ਦਿੰਦੀ ਹੈ।"

"ਉਨ੍ਹਾਂ ਨੇ ਲਿੰਗਕਤਾ ਦੇ ਮਾਮਲੇ ਵਿੱਚ ਮਹਿਲਾ ਅਤੇ ਪੁਰਸ਼ ਵਿਚਕਾਰ ਕੋਈ ਭੇਦ ਨਹੀਂ ਕੀਤਾ। ਉਨ੍ਹਾਂ ਨੇ ਦੋਵਾਂ ਨੂੰ ਇੱਕ ਵਿਅਕਤੀ ਅਤੇ ਇਨਸਾਨ ਵਜੋਂ ਦੇਖਿਆ।"

ਡਾਕਟਰ ਜੋਸ਼ੀ ਲਿਖਦੇ ਹਨ, "ਇਸੇ ਕਾਰਨ ਕਰਵੇ ਨੇ ਮਹਿਲਾਵਾਂ ਦੀ ਲਿੰਗਕਤਾ ਬਾਰੇ ਜਾਣਬੁਝ ਕੇ ਵੱਖਰੇ ਤੌਰ 'ਤੇ ਨਹੀਂ ਲਿਖਿਆ।"

"ਉਨ੍ਹਾਂ ਨੂੰ ਮਹਿਲਾਵਾਂ ਦਾ ਆਪਣਾ ਵੱਖਰਾ ਸਮੂਹ ਬਣਾਉਣਾ ਅਤੇ ਉਸ ਸਮੂਹ ਲਈ ਵੱਖਰੀਆਂ ਮੰਗਾਂ ਰੱਖਣਾ ਪਸੰਦ ਨਹੀਂ ਸੀ।"

"ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਮਹਿਲਾਵਾਂ ਵਿੱਚ ਦੂਜਿਆਂ ਦੀ ਹਮਦਰਦੀ ਹਾਸਿਲ ਕਰਨ ਅਤੇ ਆਪਣੇ ਆਪ ਨੂੰ ਸ਼ੋਸ਼ਿਤ ਸਮਝਣ ਦੀ ਸੋਚ ਵਧਦੀ ਹੈ। ਇਸ ਨਾਲ ਉਨ੍ਹਾਂ ਦੇ ਕਮਜ਼ੋਰ ਹੋਣ ਦੀ ਭਾਵਨਾ ਨੂੰ ਹੋਰ ਹੱਲਾਸ਼ੇਰੀ ਮਿਲਦੀ ਹੈ।"

ਕਰਵੇ ਦੇ ਵਿਚਾਰ ਅੱਜ ਕਿੰਨੇ ਜ਼ਰੂਰੀ ਹਨ, ਇਸ ਬਾਰੇ ਡਾਕਟਰ ਜੋਸ਼ੀ ਕਹਿੰਦੇ ਹਨ, "ਅਸੀਂ ਅੱਜ ਵੀ ਉਸੇ ਥਾਂ 'ਤੇ ਹਾਂ, ਜਿੱਥੇ ਸੌ ਸਾਲ ਪਹਿਲਾਂ ਸੀ। ਸਗੋਂ ਅਸੀਂ ਕੁਝ ਕਦਮ ਪਿੱਛੇ ਹੀ ਚਲੇ ਗਏ ਹਾਂ।"

"ਅੱਜ ਵੀ ਪਹਿਲਾਂ ਵਾਂਗ ਹੀ ਹਨ੍ਹੇਰਾ ਹੈ। ਸਗੋਂ ਇਹ ਹਨ੍ਹੇਰਾ ਪਹਿਲਾਂ ਨਾਲੋਂ ਵੀ ਜ਼ਿਆਦਾ ਡੂੰਘਾ ਹੋ ਗਿਆ ਹੈ।"

"ਇਸ ਹਨ੍ਹੇਰੇ ਵਿੱਚ ਰਾਹ ਲੱਭ ਕੇ ਅੱਗੇ ਵਧਣ ਲਈ ਕਰਵੇ ਦੀ ਤਾਕਤਵਰ ਲੇਖਣੀ ਅੱਜ ਸਾਡੇ ਵਿਚਕਾਰ ਮੌਜੂਦ ਨਹੀਂ ਹੈ।"

"ਤਰਕ ਅਤੇ ਵਿਵੇਕ ਦੀ ਮਸ਼ਾਲ ਹਰ ਰੋਜ਼ ਕਮਜ਼ੋਰ ਹੁੰਦੀ ਜਾ ਰਹੀ ਹੈ। ਇਸ ਨੂੰ ਜਗਦਾ ਰੱਖਣ ਲਈ ਸੌ ਸਾਲ ਪਹਿਲਾਂ ਦੇ ਸਮਾਜ ਨੂੰ ਕਰਵੇ ਦੀ ਜਿੰਨੀ ਲੋੜ ਸੀ, ਉਸ ਤੋਂ ਕਿਤੇ ਵੱਧ ਅੱਜ ਦੇ ਸਮਾਜ ਨੂੰ ਹੈ।"

14 ਅਕਤੂਬਰ 1953 ਨੂੰ 71 ਸਾਲ ਦੀ ਉਮਰ ਵਿੱਚ ਰਘੂਨਾਥ ਧੋਂਡੋ ਕਰਵੇ ਦਾ ਦੇਹਾਂਤ ਹੋ ਗਿਆ।

ਉਨ੍ਹਾਂ ਦੇ ਦੇਹਾਂਤ ਤੋਂ ਬਾਅਦ 'ਸਮਾਜਸਵਾਸਥਿਆ' ਦਾ ਪ੍ਰਕਾਸ਼ਨ ਬੰਦ ਹੋ ਗਿਆ। ਪਰ ਉਨ੍ਹਾਂ ਨੇ ਵੱਡੀ ਮਾਤਰਾ ਵਿੱਚ ਜੋ ਸਾਹਿਤ ਲਿਖਿਆ, ਉਹ ਸਮਾਜ ਦੀ ਸਿਹਤ ਦਾ ਇੱਕ ਦਸਤਾਵੇਜ਼ ਬਣ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)