ਕੀ ਤੁਸੀਂ ਵੀ ਆਪਣੀ ਭੁੱਖ ਕੰਟਰੋਲ ਨਹੀਂ ਕਰ ਪਾਉਂਦੇ, ਜਾਣੋ ਖ਼ੁਦ ਨੂੰ ਜ਼ਿਆਦਾ ਖਾਣ ਤੋਂ ਕਿਵੇਂ ਰੋਕੀਏ?

ਆਲੂ ਫਰਾਈਜ਼ ਨਾਲ ਘਿਰਿਆ ਹੋਇਆ ਮੂੰਹ ਅਤੇ ਮੂੰਹ ਵਿੱਚ ਚੀਜ਼ ਬਰਗਰ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਐਸ ਵਿੱਚ 1980 ਤੋਂ ਪੋਰਸ਼ਨ ਸਾਈਜ਼ ਵਧਣਾ ਸ਼ੁਰੂ ਹੋ ਗਿਆ।
    • ਲੇਖਕ, ਸਾਰਾਹ ਬੈੱਲ
    • ਰੋਲ, ਬੀਬੀਸੀ ਵਰਲਡ ਸਰਵਿਸ ਗਲੋਬਲ ਹੈਲਥ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਬਹੁਤ ਵੱਡੇ ਸਾਈਜ਼ ਦੇ ਸੋਢੇ, ਵੱਡੇ ਬਰਗਰ ਅਤੇ ਠੂਸ-ਠੂਸ ਕੇ ਪਲੇਟਾਂ ਵਿੱਚ ਭਰਿਆ ਖਾਣਾ। ਪਿਛਲੇ 50 ਸਾਲਾਂ ਵਿੱਚ ਦੁਨੀਆਂ ਦੇ ਕੁਝ ਹਿੱਸਿਆਂ ਵਿੱਚ ਖਾਣੇ ਦੀ ਮਾਤਰਾ ਲਗਾਤਰ ਵਧਦੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਮੋਟਾਪੇ ਦੀ ਦਰ ਵੀ ਵਧ ਰਹੀ ਹੈ।

ਪਰ ਫੂਡ ਇੰਡਸਟਰੀ ਵੱਲੋਂ ਆਉਣ ਵਾਲੇ ਲਗਾਤਾਰ ਮਨ-ਭਾਉਂਦੇ ਖਾਣਿਆਂ 'ਤੇ ਅਸੀਂ ਇਹ ਕਿਵੇਂ ਯਕੀਨੀ ਬਣਾ ਸਕਦੇ ਹਾਂ ਕਿ ਅਸੀਂ ਸਿਹਤਮੰਦ ਰਹੀਏ ਅਤੇ ਜ਼ਰੂਰਤ ਤੋਂ ਜ਼ਿਆਦਾ ਨਾ ਖਾਈਏ?

ਇਹ ਬਦਲਾਅ ਖਾਸ ਤੌਰ 'ਤੇ ਅਮਰੀਕਾ ਵਿੱਚ ਦੇਖਣ ਨੂੰ ਮਿਲਿਆ ਜਿੱਥੇ 1980 ਦੇ ਦਹਾਕੇ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੀ ਮਾਤਰਾ (ਪੋਰਸ਼ਨ ਸਾਈਜ਼) ਵਧਣ ਲੱਗੀ ਸੀ ਜਿਸ ਦੀ ਵਜ੍ਹਾ ਬਾਹਰ ਖਾਣ ਦਾ ਵਧਦਾ ਰੁਝਾਨ ਅਤੇ ਉਸ ਤੋਂ ਬਾਅਦ ਭੋਜਨ ਬਣਾਉਣ ਵਾਲੀਆਂ ਅਲੱਗ ਅਲੱਗ ਥਾਵਾਂ ਵਿਚਕਾਰ ਵਧਦੇ ਮੁਕਾਬਲੇ ਸਨ।

ਨਿਊਯਾਰਕ ਯੂਨੀਵਰਸਿਟੀ ਦੀ ਡਾ. ਲੀਜ਼ਾ ਯੰਗ ਨੇ 'ਦਿ ਫੂਡ ਚੇਨ' ਪ੍ਰੋਗਰਾਮ ਨੂੰ ਦੱਸਿਆ, ''ਜੇ ਕੋਈ ਇੱਕ ਪਾਸਤਾ ਵੇਚਣ ਵਾਲੀ ਕੰਪਨੀ ਪਾਸਤੇ ਦੀ ਇੱਕ ਛੋਟੀ ਡਿਸ਼ ਵੇਚਦੀ ਹੈ ਅਤੇ ਦੂਜੀ ਕੰਪਨੀ ਉਸ ਤੋਂ ਜ਼ਿਆਦਾ ਵੱਡੇ ਸਾਈਜ਼ ਦੀ ਡਿਸ਼ ਵੇਚਦੀ ਹੈ ਤਾਂ ਲੋਕ ਉਸ ਕੰਪਨੀ ਕੋਲ ਜਾਣਾ ਚਾਹੁਣਗੇ ਜੋ ਵੱਡੀ ਡਿਸ਼ ਵੇਚ ਰਹੀ ਹੈ।''

ਉਨ੍ਹਾਂ ਨੇ ਅੱਗੇ ਸਮਝਾਉਂਦੇ ਹੋਏ ਦੱਸਿਆ, ''ਭੋਜਨ ਵੀ ਬੇਹੱਦ ਸਸਤਾ ਪੈਂਦਾ ਹੈ। ਜਦੋਂ ਭੋਜਨ ਸਸਤਾ ਹੁੰਦਾ ਹੈ, ਤਾਂ ਇਹ ਬਣਾਉਣ ਵਾਲਿਆਂ ਲਈ ਦੋਵੇਂ ਪਾਸੇ ਤੋਂ ਫਾਇਦੇ ਵਾਲਾ ਸੌਦਾ ਹੁੰਦਾ ਹੈ, ਉਹ ਤੁਹਾਨੂੰ ਦੁੱਗਣੀ ਮਾਤਰਾ ਦਿੰਦੇ ਹਨ ਅਤੇ ਤੁਹਾਡੇ ਤੋਂ ਬਸ ਇੱਕ ਚੌਥਾਈ ਪੈਸੇ ਵਸੂਲਦੇ ਹਨ। ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਵਧੀਆ ਸੌਦਾ ਮਿਲ ਗਿਆ ਹੈ ਅਤੇ ਉਨ੍ਹਾਂ ਨੂੰ ਜ਼ਿਆਦਾ ਮੁਨਾਫ਼ਾ ਹੁੰਦਾ ਹੈ।''

ਸਾਓ ਪਾਓਲੋ ਯੂਨੀਵਰਸਿਟੀ ਦੇ ਡਾ. ਮਾਰਲੇ ਅਲਵਾਰੇਂਗਾ ਦਾ ਕਹਿਣਾ ਹੈ ਕਿ ਇਹ ਰੁਝਾਨ ਬ੍ਰਾਜ਼ੀਲ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲਦੇ ਹਨ।

ਉਹ ਕਹਿੰਦੇ ਹਨ, ''ਇਹ ਜ਼ਿਆਦਾਤਰ ਪੈਕਟ ਵਾਲੇ ਅਤੇ ਪ੍ਰੋਸੈਸਡ ਖਾਣੇ ਨਾਲ ਹੁੰਦਾ ਹੈ। ਤੁਹਾਨੂੰ ਚੌਲ ਅਤੇ ਬੀਨਜ਼ ਜਾਂ ਮੱਛੀ ਅਤੇ ਮੈਨੀਓਕ ਦੇ ਆਟੇ (ਮੈਨੀਓਕ ਆਟਾ, ਜਿਸ ਨੂੰ ਆਮ ਤੌਰ 'ਤੇ ਕਸਾਵਾ ਆਟਾ ਕਿਹਾ ਜਾਂਦਾ ਹੈ, ਗਲੂਟਨ-ਮੁਕਤ ਅਤੇ ਅਨਾਜ-ਮੁਕਤ ਪਾਊਡਰ ਹੈ ਜੋ ਕਸਾਵਾ ਪੌਦੇ ਦੀ ਜੜ੍ਹ ਤੋਂ ਬਣਾਇਆ ਹੁੰਦਾ ਹੈ।) ਦੀ ਵੱਡੀ ਮਾਤਰਾ ਨਹੀਂ ਦਿਖੇਗੀ ਜੋ ਸਾਡੇ ਰਵਾਇਤੀ ਭੋਜਨ ਹਨ।''

ਡਾ. ਯੰਗ ਦਾ ਕਹਿਣਾ ਹੈ ਕਿ ਇਹ ਜ਼ਿਆਦਾਤਰ ਭੋਜਨ ਪ੍ਰਣਾਲੀ ਦੇ ਅਮਰੀਕੀਕਰਨ ਦੇ ਕਾਰਨ ਹੋਇਆ ਹੈ।

''ਜਿਵੇਂ-ਜਿਵੇਂ ਮੈਕਡੋਨਲਡ ਜਾਂ ਕੁਝ ਖਾਸ ਕੈਂਡੀ ਬਾਰ ਵਰਗੇ ਅਮਰੀਕੀ ਸਟਾਈਲ ਦੇ ਭੋਜਨ ਦੂਜੇ ਦੇਸ਼ਾਂ ਵਿੱਚ ਪਹੁੰਚਦੇ ਹਨ, ਤਾਂ ਉਨ੍ਹਾਂ ਦਾ ਸਾਈਜ਼ ਵੀ ਵੱਡਾ ਹੋਣ ਲੱਗਦਾ ਹੈ। ਜਦੋਂ ਤੁਸੀਂ ਬਹੁਤ ਜ਼ਿਆਦਾ (ਅਲਟਰਾ)-ਪ੍ਰੋਸੈਸਡ ਭੋਜਨ ਖਾਂਦੇ ਹੋ ਤਾਂ ਤੁਸੀਂ 500 ਵਾਧੂ ਕੈਲੋਰੀਆਂ ਲੈ ਲੈਂਦੇ ਹੋ।''

ਕੀ ਵੱਡੇ ਸਾਈਜ਼ ਦਾ ਮਤਲਬ ਹੈ ਕਿ ਤੁਸੀਂ ਜ਼ਿਆਦਾ ਖਾਓਗੇ?

ਨੂਡਲਜ਼ ਖਾ ਰਹੀ ਮਹਿਲਾ, ਜਿਸ ਦਾ ਚਿਹਰਾ ਧੁੰਦਲਾ ਦਿਸ ਰਿਹਾ ਹੈ। ਉਹ ਹੱਸ ਰਹੀ ਹੈ, ਨੀਲਾ ਕਮੀਜ਼ ਪਹਿਨਿਆ ਹੈ ਅਤੇ ਉਸ ਦੇ ਵਾਲਾਂ ਦਾ ਰੰਗ ਭੂਰਾ ਹੈ। ਉਸ ਨੇ ਕਰੀਮ ਰੰਗ ਦੇ ਬਰਤਨ ਵਿੱਚੋਂ ਚੌਪ ਸਟਿੱਕ ਨਾਲ ਨੂਡਲ ਚੁੱਕੇ ਹੋਏ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਹਿਲਾਂ ਇਹ ਸੋਚਿਆ ਜਾਂਦਾ ਸੀ ਕਿ ਛੋਟੀਆਂ ਪਲੇਟਾਂ ਵਰਤਣਾ ਅਸਾਨ ਹੱਲ ਸੀ।

ਇੱਕ ਮਨੋਵਿਗਿਆਨੀ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ, ਉਨ੍ਹਾਂ ਦਾ ਕਹਿਣਾ ਹੈ ਕਿ ਸਭ ਤੋਂ ਠੋਸ ਖੋਜ ਨਤੀਜਿਆਂ ਵਿੱਚੋਂ ਇੱਕ ਇਹ ਹੈ ਕਿ ਜਦੋਂ ਲੋਕਾਂ ਨੂੰ ਖਾਣ ਦੀ ਵੱਡੀ ਮਾਤਰਾ ਪਰੋਸੀ ਜਾਂਦੀ ਹੈ ਤਾਂ ਉਹ ਜ਼ਿਆਦਾ ਖਾਂਦੇ ਹਨ। ਇੱਕ ਵਿਸ਼ਲੇਸ਼ਣ ਦੇ ਅਨੁਸਾਰ ਜਦੋਂ ਤੁਸੀਂ ਖਾਣੇ ਦੀ ਮਾਤਰਾ ਨੂੰ ਦੁੱਗਣਾ ਕਰ ਲੈਂਦੇ ਹੋ ਤਾਂ ਲੋਕ 35% ਜ਼ਿਆਦਾ ਖਾਂਦੇ ਹਨ।

ਆਸਟ੍ਰੇਲੀਆ ਦੇ ਸਿਡਨੀ ਵਿੱਚ ਸਥਿਤ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਪ੍ਰੋਫੈਸਰ ਲੈਨੀ ਵਰਟਾਨਿਯਨ ਕਹਿੰਦੇ ਹਨ, ''ਇਹ ਸਿਰਫ਼ ਇਸ ਗੱਲ ਦਾ ਮਾਮਲਾ ਨਹੀਂ ਹੈ ਕਿ ਲੋਕ ਆਪਣੀ ਪਲੇਟ ਵਿੱਚ ਰੱਖਿਆ ਸਾਰਾ ਖਾਣਾ ਖਾ ਲੈਣ, ਕਿਉਂਕਿ ਅਕਸਰ ਲੋਕ ਸਾਰਾ ਖਾਣਾ ਖਤਮ ਨਹੀਂ ਕਰਦੇ, ਪਰ ਅਸੀਂ ਜਾਣਦੇ ਹਾਂ ਕਿ ਜਿਵੇਂ-ਜਿਵੇਂ ਖਾਣੇ ਦੀ ਮਾਤਰਾ ਵਧਦੀ ਹੈ, ਉਵੇਂ ਹੀ ਲੋਕ ਕੁੱਲ ਮਿਲਾ ਕੇ ਜ਼ਿਆਦਾ ਖਾਣਾ ਖਾ ਲੈਂਦੇ ਹਨ।''

ਪ੍ਰੋਫੈਸਰ ਅੱਗੇ ਕਹਿੰਦੇ ਹਨ ਕਿ ਇਸ ਸਮੱਸਿਆ ਦਾ ਇੱਕ ਵੱਡਾ ਹਿੱਸਾ ਇਹ ਹੈ ਕਿ ਇਹ ਜਾਣਨਾ ਸੱਚਮੁੱਚ ਬਹੁਤ ਮੁਸ਼ਕਲ ਹੈ ਕਿ ਖਾਣੇ ਦੀ ਸਹੀ ਮਾਤਰਾ ਕਿੰਨੀ ਹੈ ਕਿਉਂਕਿ ਸਾਡੀਆਂ ਅੰਤੜੀਆਂ ਇੰਨੀਆਂ ਭਰੋਸੇਯੋਗ ਨਹੀਂ ਹੁੰਦੀਆਂ। ਫਿਰ ਜਦੋਂ ਅਸੀਂ ਅਨਿਸ਼ਚਿਤ ਹੁੰਦੇ ਹਾਂ, ਤਾਂ ਅਸੀਂ ਖਾਣੇ ਦੀ ਮਾਤਰਾ ਨੂੰ ਇੱਕ ਸੰਕੇਤ ਦੇ ਤੌਰ 'ਤੇ ਮੰਨਦੇ ਹਾਂ।

ਪ੍ਰੋਫੈਸਰ ਵਰਟਾਨਿਯਨ ਕਹਿੰਦੇ ਹਨ, ''ਅਸੀਂ ਅਕਸਰ ਅਜਿਹੀਆਂ ਸਥਿਤੀਆਂ ਵਿੱਚ ਨਹੀਂ ਹੁੰਦੇ, ਜਦੋਂ ਸਾਨੂੰ ਬਹੁਤ ਜ਼ਿਆਦਾ ਭੁੱਖ ਲੱਗ ਰਹੀ ਹੋਵੇ ਜਾਂ ਸਾਡਾ ਪੇਟ ਬਹੁਤ ਜ਼ਿਆਦਾ ਭਰਿਆ ਹੋਇਆ ਹੋਵੇ- ਅਸੀਂ ਆਮ ਤੌਰ 'ਤੇ ਇਨ੍ਹਾਂ ਦੋਵਾਂ ਵਿਚਕਾਰ ਦੀ ਸਥਿਤੀ ਵਿੱਚ ਹੁੰਦੇ ਹਾਂ ਅਤੇ ਇਹੀ ਉਹ ਸਥਿਤੀ ਹੈ, ਜਿੱਥੇ ਅਸੀਂ ਵੱਖ-ਵੱਖ ਤਰ੍ਹਾਂ ਦੇ ਅਲੱਗ-ਅਲੱਗ ਸੰਕੇਤਾਂ ਤੋਂ ਪ੍ਰਭਾਵਿਤ ਹੋ ਸਕਦੇ ਹਾਂ।''

ਕੀ ਛੋਟੀਆਂ ਪਲੇਟਾਂ ਦੀ ਵਰਤੋਂ ਕਰਨ ਨਾਲ ਮਦਦ ਮਿਲ ਸਕਦੀ ਹੈ?

ਇੱਕ ਸਮੇਂ ਅਜਿਹਾ ਮੰਨਿਆ ਜਾਂਦਾ ਸੀ ਕਿ ਪਲੇਟ ਦਾ ਆਕਾਰ ਛੋਟਾ ਕਰਨਾ ਇੱਕ ਆਸਾਨ ਹੱਲ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ ਉਨ੍ਹਾਂ ਵਿੱਚ ਸਿਰਫ਼ ਘੱਟ ਖਾਣਾ ਪੈਂਦਾ ਹੈ ਅਤੇ ਨਾਲ ਹੀ ਉਹ ਦੇਖਣ ਵਿੱਚ ਇੱਕ ਭਰਮ ਵੀ ਪੈਦਾ ਕਰਦੀਆਂ ਹਨ-ਜੇਕਰ ਤੁਸੀਂ ਓਨੀ ਹੀ ਮਾਤਰਾ ਵਿੱਚ ਖਾਣਾ ਇੱਕ ਛੋਟੀ ਪਲੇਟ ਵਿੱਚ ਪਾਉਂਦੇ ਹੋ, ਤਾਂ ਉਹ ਜ਼ਿਆਦਾ ਭੋਜਨ ਵਰਗਾ ਦਿਖਾਈ ਦਿੰਦਾ ਹੈ, ਇਸ ਨਾਲ ਤੁਹਾਨੂੰ ਪੇਟ ਭਰਿਆ ਹੋਇਆ ਮਹਿਸੂਸ ਹੋ ਸਕਦਾ ਹੈ ਅਤੇ ਤੁਸੀਂ ਘੱਟ ਖਾਣੇ ਵੱਲ ਪ੍ਰੇਰਿਤ ਹੋ ਸਕਦੇ ਹੋ।

ਆਸਟ੍ਰੇਲੀਆ ਦੇ ਸਿਡਨੀ ਵਿੱਚ ਸਥਿਤ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਪ੍ਰੋਫੈਸਰ ਲੈਨੀ ਵਰਟਾਨਿਯਨ ਦਾ ਬਿਆਨ

ਪਰ, ਇਸ ਸਿਧਾਂਤ ਨੂੰ ਖੋਜ ਸਬੂਤਾਂ ਦਾ ਸਮਰਥਨ ਪ੍ਰਾਪਤ ਨਹੀਂ ਹੈ।

ਭੋਜਨ ਅਤੇ ਵਜ਼ਨ ਦੇ ਮਨੋਵਿਗਿਆਨ ਦੇ ਮਾਹਿਰ ਪ੍ਰੋਫੈਸਰ ਵਰਟਾਨਿਯਨ ਕਹਿੰਦੇ ਹਨ, ''ਪਲੇਟ ਦਾ ਆਕਾਰ ਆਪਣੇ ਆਪ ਵਿੱਚ ਲੋਕਾਂ ਦੇ ਭੋਜਨ ਦੀ ਮਾਤਰਾ 'ਤੇ ਕੋਈ ਅਸਰ ਨਹੀਂ ਪਾਉਂਦਾ, ਅਸਲ ਗੱਲ ਇਹ ਹੈ ਕਿ ਕੀ ਵਾਧੂ ਭੋਜਨ ਉਪਲੱਬਧ ਹੈ।''

ਇਸ ਦਾ ਮਤਲਬ ਹੈ ਕਿ ਜੇਕਰ ਪਰੋਸਣ ਵਾਲਾ ਬਰਤਨ ਮੇਜ਼ 'ਤੇ ਆਸਾਨ ਪਹੁੰਚ ਦੇ ਅੰਦਰ ਹੈ, ਤਾਂ ਲੋਕ ਆਪਣੀ ਪਲੇਟ ਦੀ ਪਰਵਾਹ ਕੀਤੇ ਬਿਨਾਂ, ਜੇਕਰ ਉਹ ਚਾਹੁਣ ਤਾਂ ਉਹ ਖੁਦ ਹੀ ਜ਼ਿਆਦਾ ਖਾਣਾ ਲੈ ਲੈਣਗੇ।

ਲੋਕਾਂ ਨੂੰ ਅਸਲ ਵਿੱਚ ਇਹ ਕਰਨਾ ਚਾਹੀਦਾ ਹੈ ਕਿ ਉਹ ਖਾਣੇ ਦਾ ਇੱਕ ਹਿੱਸਾ ਲੈਣ ਅਤੇ ਬਾਕੀ ਨੂੰ ਨਜ਼ਰਾਂ ਤੋਂ ਦੂਰ ਕਰਕੇ ਰੱਖ ਦੇਣ।

ਪ੍ਰੋਫੈਸਰ ਕਹਿੰਦੇ ਹਨ, ਖਾਣੇ ਨੂੰ ਦੂਰ ਰੱਖ ਦਿਓ ਤਾਂ ਜੋ ਤੁਸੀਂ ਦੁਬਾਰਾ ਖਾਣ ਲਈ ਇਸ ਨੂੰ ਲੈ ਨਾ ਸਕੋ।''

ਤੁਹਾਨੂੰ ਆਪਣੇ ਹਿੱਸੇ ਦੀ ਮਾਤਰਾ ਨੂੰ ਕਿਵੇਂ ਨਿਯੰਤ੍ਰਿਤ ਕਰਨਾ ਚਾਹੀਦਾ ਹੈ?

ਲੱਕੜੀ ਦੇ ਇੱਕ ਮੇਜ਼ ਦੀ ਉੱਪਰੋਂ ਲਈ ਗਈ ਤਸਵੀਰ ਜਿਸ ਵਿੱਚ ਵੱਖ ਵੱਖ ਤਰ੍ਹਾਂ ਦੇ ਭੋਜਨ ਪਏ ਹੋਏ ਹਨ ਅਤੇ ਕਈ ਲੋਕਾਂ ਦੇ ਹੱਥਾਂ ਵਿੱਚ ਚੌਪ ਸਟਿੱਕਾਂ ਫੜੀਆਂ ਹੋਈਆਂ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਿਰਾਂ ਮੁਤਾਬਕ, ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਉਹ ਕਿੰਨਾ ਖਾ ਰਹੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਲੋਕ ਜੋ ਸਭ ਤੋਂ ਜ਼ਰੂਰੀ ਕੰਮ ਕਰ ਸਕਦੇ ਹਨ, ਉਹ ਹੈ ਆਪਣੀ ਭੁੱਖ 'ਤੇ ਧਿਆਨ ਦੇਣਾ ਅਤੇ ਇਸ ਗੱਲ ਪ੍ਰਤੀ ਜ਼ਿਆਦਾ ਜਾਗਰੂਕ ਹੋਣਾ ਕਿ ਉਹ ਕੀ ਖਾ ਰਹੇ ਹਨ।

ਨਿਊਯਾਰਕ ਯੂਨੀਵਰਸਿਟੀ ਦੀ ਡਾ. ਲੀਜ਼ਾ ਯੰਗ ਕਹਿੰਦੇ ਹਨ,''ਲੋਕ ਇਸ ਗੱਲ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਕਿ ਉਨ੍ਹਾਂ ਦੀ ਪਲੇਟ ਵਿੱਚ ਕੀ ਹੈ, ਉਹ ਆਪਣੀ ਭੁੱਖ 'ਤੇ ਵੀ ਧਿਆਨ ਨਹੀਂ ਦਿੰਦੇ। ਉਹ ਇਸ ਗੱਲ 'ਤੇ ਵੀ ਗੌਰ ਨਹੀਂ ਕਰਦੇ ਕਿ ਉਨ੍ਹਾਂ ਦਾ ਪੇਟ ਭਰ ਗਿਆ ਹੈ ਜਾਂ ਨਹੀਂ।''

'ਪੋਰਸ਼ਨ ਡਿਸਟੌਰਸ਼ਨ' ਯਾਨੀ ਮਾਤਰਾ ਨੂੰ ਵਿਗਾੜਨਾ ਇੱਕ ਅਜਿਹੀ ਚੀਜ਼ ਹੈ ਜਿਸ ਬਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਜ਼ਿਆਦਾ ਮਾਤਰਾ ਵਿੱਚ ਖਾਣੇ ਦੀ ਉਪਲੱਬਧਤਾ ਲੋਕਾਂ ਦੀ 'ਆਮ' ਦੀ ਧਾਰਨਾ ਨੂੰ ਬਦਲ ਦਿੰਦੀ ਹੈ।

ਬ੍ਰਾਜ਼ੀਲ ਦੀ ਸਾਓ ਪਾਓਲੋ ਯੂਨੀਵਰਸਿਟੀ ਦੇ ਡਾ. ਮਾਰਲੇ ਅਲਵਾਰੇਂਗਾ ਜੋ ਖਾਣ-ਪੀਣ ਦੇ ਵਿਵਹਾਰ ਦੇ ਮਾਹਿਰ ਹਨ, ਕਹਿੰਦੇ ਹਨ, ''ਮੇਰੀ ਸਲਾਹ ਇਹ ਹੋਵੇਗੀ ਕਿ ਧਿਆਨ ਦਿਓ। ਲੇਬਲ ਦੇਖੋ, ਇਸ ਦੇ ਸਾਈਜ਼ ਨੂੰ ਦੇਖੋ। ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਇੰਡਸਟਰੀ ਮਾਰਕੀਟਿੰਗ ਅਤੇ ਬਾਕੀ ਸਭ ਚੀਜ਼ਾਂ ਜ਼ਰੀਏ ਕੀ ਕਰ ਰਹੀ ਹੈ।''

ਸਨੈਕਸ ਬਾਰੇ ਕੀ ਖ਼ਿਆਲ ਹੈ?

ਡਾ. ਯੰਗ ਕਹਿੰਦੇ ਹਨ, ''ਜੇਕਰ ਤੁਸੀਂ ਸੇਬ ਜਾਂ ਕੋਈ ਫਲ ਵਰਗੀ ਪੂਰੀ ਚੀਜ਼ ਖਾਂਦੇ ਹੋ ਯਾਨੀ ਅਜਿਹੀ ਕੋਈ ਚੀਜ਼ ਜੋ ਪੈਕਟ ਵਿੱਚ ਬੰਦ ਨਾ ਹੋਵੇ, ਤਾਂ ਤੁਸੀਂ ਇਹ ਕਿੰਨੀ ਮਾਤਰਾ ਵਿੱਚ ਖਾਂਦੇ ਹੋ, ਇਸ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ ਕਿਉਂਕਿ ਇਹ ਸਿਹਤ ਲਈ ਚੰਗੀ ਹੁੰਦੀ ਹੈ।''

ਪਰ ਜੇ ਤੁਸੀਂ ਕੋਈ ਅਜਿਹੀ ਚੀਜ਼ ਲੈ ਰਹੇ ਹੋ ਜਿਸ 'ਤੇ ਲੇਬਲ ਲੱਗਿਆ ਹੈ ਤਾਂ ਉਹ ਤੁਹਾਨੂੰ ਦੱਸੇਗੀ ਕਿ ਇੱਕ ਮਿਆਰੀ ਸਰਵਿੰਗ ਕਿੰਨੀ ਹੈ - ਉਦਾਹਰਣ ਵਜੋਂ ਇੱਕ ਡੱਬੇ ਵਿੱਚ ਚਾਰ ਸਰਵਿੰਗ ਹਨ। ਤੁਹਾਨੂੰ ਉਸ ਚੀਜ਼ ਨੂੰ ਪੈਕਟ ਤੋਂ ਬਾਹਰ ਕੱਢ ਕੇ ਦੇਖਣਾ ਚਾਹੀਦਾ ਹੈ ਕਿ ਉਹ ਤੁਹਾਡੇ ਵੱਲੋਂ ਖਾਧੇ ਜਾਣ ਵਾਲੇ ਭੋਜਨ ਪਦਾਰਥ ਦੇ ਮੁਕਾਬਲੇ ਕਿਹੋ ਜਿਹੀ ਦਿਖਾਈ ਦਿੰਦੀ ਹੈ।

ਉਹ ਕਹਿੰਦੇ ਹਨ, ''ਲੋਕ ਕਹਿੰਦੇ ਹਨ, 'ਮੈਂ ਨਾਸ਼ਤੇ ਵਿੱਚ ਬਸ ਇੱਕ ਛੋਟਾ ਜਿਹਾ ਕਟੋਰਾ ਭਰਕੇ ਸੀਰੀਅਲ ਖਾਂਦਾ ਹਾਂ।'' ਪਰ ਜਦੋਂ ਤੁਸੀਂ ਉਨ੍ਹਾਂ ਨੂੰ ਕਹਿੰਦੇ ਹੋ ਕਿ ਉਹ ਓਨਾ ਹੀ ਸੀਰੀਅਲ ਕੱਢਣ ਜਿੰਨਾ ਉਹ ਖਾਂਦੇ ਹਨ ਅਤੇ ਫਿਰ ਉਸ ਦੀ ਤੁਲਨਾ ਲੇਬਲ 'ਤੇ ਦਰਜ 'ਸਟੈਂਡਰਡ ਸਰਵਿੰਗ' ਨਾਲ ਕਰਨ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਉਹ ਅਸਲ ਵਿੱਚ ਤਿੰਨ ਗੁਣਾ ਜ਼ਿਆਦਾ ਮਾਤਰਾ ਖਾ ਰਹੇ ਹੁੰਦੇ ਹਨ।''

''ਉਹ ਮਿਆਰੀ ਸਰਵਿੰਗ ਕੱਢੋ ਅਤੇ ਉਸ ਨੂੰ ਇੱਕ ਅਨੁਮਾਨ ਨਾਲ ਦੇਖੋ ਅਤੇ ਫਿਰ ਖੁਦ ਨੂੰ ਪੁੱਛੋ, 'ਮੇਰੀ ਪਲੇਟ ਜਾਂ ਮੇਰੀ ਕਟੋਰੀ ਵਿੱਚ ਕਿੰਨੇ ਕੱਪ ਦੇ ਬਰਾਬਰ ਖਾਣਾ ਹੈ?' ਅਜਿਹਾ ਕਰਨ ਨਾਲ ਤੁਹਾਨੂੰ ਮਦਦ ਮਿਲਦੀ ਹੈ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)