ਪੀਐੱਮ ਮੋਦੀ ਨੂੰ ਸਵਾਲ ਪੁੱਛਣ ਵਾਲੀ ਪੱਤਰਕਾਰ ਨੇ ਬੀਬੀਸੀ ਨੂੰ ਦੱਸਿਆ, ਆਖਿਰ ਉਸ ਨੇ ਮੋਦੀ ਤੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕਿਉਂ ਕੀਤੀ

ਤਸਵੀਰ ਸਰੋਤ, @HELLELYNGSVENDS AND ANI
- ਲੇਖਕ, ਨਿਤਿਨ ਸ਼੍ਰੀਵਾਸਤਵ
- ਰੋਲ, ਸੰਪਾਦਕ, ਬੀਬੀਸੀ ਹਿੰਦੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਪੰਜ ਦੇਸ਼ਾਂ ਦੇ ਦੌਰੇ 'ਤੇ ਹਨ। ਪੀਐੱਮ ਮੋਦੀ ਦੇ ਨਾਰਵੇ ਦੌਰੇ ਦੌਰਾਨ ਇੱਕ ਮਹਿਲਾ ਪੱਤਰਕਾਰ ਦੀ ਟਿੱਪਣੀ ਕਾਫ਼ੀ ਚਰਚਾ ਵਿੱਚ ਹੈ।
ਦਰਅਸਲ, ਨਾਰਵੇ ਦੇ ਪ੍ਰਧਾਨ ਮੰਤਰੀ ਯੋਨਾਸ ਸਟੋਰੇ ਨਾਲ ਸਾਂਝੇ ਬਿਆਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਹਿਲਾ ਪੱਤਰਕਾਰ ਹੇਲਾ ਲਿੰਗ ਸਵਾਲ ਪੁੱਛਣਾ ਚਾਹੁੰਦੀ ਸੀ, ਜਦਕਿ ਪ੍ਰਧਾਨ ਮੰਤਰੀ ਉੱਥੋਂ ਜਾਂਦੇ ਦਿਖਾਈ ਦੇ ਰਹੇ ਹਨ।
ਹੇਲਾ ਲਿੰਗ ਨੇ ਬੀਬੀਸੀ ਨਿਊਜ਼ ਹਿੰਦੀ ਨਾਲ ਗੱਲਬਾਤ ਵਿੱਚ ਕਿਹਾ ਕਿ ਪੱਤਰਕਾਰ ਹੋਣ ਦੇ ਨਾਤੇ ਸਵਾਲ ਪੁੱਛਣਾ ਉਨ੍ਹਾਂ ਦਾ ਕੰਮ ਹੈ ਅਤੇ ਜਦੋਂ ਕੋਈ ਤਾਕਤਵਰ ਦੇਸ਼ ਉਨ੍ਹਾਂ ਦੇ ਛੋਟੇ ਜਿਹੇ ਦੇਸ਼ ਵਿੱਚ ਆਉਂਦਾ ਹੈ ਤੇ ਉਨ੍ਹਾਂ ਨਾਲ ਸਬੰਧ ਮਜ਼ਬੂਤ ਕਰਨਾ ਚਾਹੁੰਦਾ ਹੈ ਤਾਂ ਸਵਾਲ ਪੁੱਛਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
ਸੋਮਵਾਰ ਨੂੰ ਨਾਰਵੇ ਦੀ ਰਾਜਧਾਨੀ ਓਸਲੋ ਦੇ ਇੱਕ ਵੀਡੀਓ ਵਿੱਚ ਪੱਤਰਕਾਰ ਹੇਲਾ ਲਿੰਗ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, "ਪ੍ਰਧਾਨ ਮੰਤਰੀ ਮੋਦੀ, ਤੁਸੀਂ ਦੁਨੀਆਂ ਦੀ ਸਭ ਤੋਂ ਅਜ਼ਾਦ ਪ੍ਰੈਸ ਦੇ ਸਵਾਲ ਕਿਉਂ ਨਹੀਂ ਲੈਂਦੇ?"
ਹੇਲਾ ਲਿੰਗ ਨੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਆਪਣੀ ਰਾਇ ਰੱਖੀ ਜਿਸ ਤੋਂ ਬਾਅਦ ਨਾਰਵੇ ਵਿੱਚ ਭਾਰਤੀ ਦੂਤਾਵਾਸ ਨੇ ਬਿਆਨ ਜਾਰੀ ਕੀਤਾ ਅਤੇ ਭਾਰਤੀ ਵਿਦੇਸ਼ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਵਿੱਚ ਆ ਕੇ ਸਵਾਲ ਪੁੱਛਣ ਨੂੰ ਕਿਹਾ।
ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਦੀ ਅਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਵਿਚਕਾਰ ਹੋਈ ਤਿੱਖੀ ਬਹਿਸ ਦੀਆਂ ਵੀ ਚਰਚਾਵਾਂ ਹਨ। ਹੇਲਾ ਨੇ ਇਨ੍ਹਾਂ ਸਾਰੇ ਮੁੱਦਿਆਂ 'ਤੇ ਬੀਬੀਸੀ ਨਿਊਜ਼ ਹਿੰਦੀ ਨਾਲ ਵਿਸਥਾਰ 'ਚ ਗੱਲ ਕੀਤੀ ਹੈ।
ਪੀਐਮ ਮੋਦੀ ਤੋਂ ਸਵਾਲ ਪੁੱਛਣ ਵੇਲੇ ਕੀ-ਕੀ ਹੋਇਆ ਸੀ ?

ਸਭ ਤੋਂ ਪਹਿਲਾਂ ਹੇਲਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੀ ਪੂਰੀ ਪਛਾਣ ਕੀ ਹੈ ? ਇਸ ਸਵਾਲ 'ਤੇ ਉਨ੍ਹਾਂ ਨੇ ਕਿਹਾ, "ਸੰਖੇਪ ਵਿੱਚ ਕਹਾਂ ਤਾਂ ਪਿਛਲੇ ਪੰਜ ਸਾਲ ਤੋਂ ਜ਼ਿਆਦਾ ਸਮੇਂ ਤੋਂ ਪੱਤਰਕਾਰ ਵਜੋਂ ਕੰਮ ਕਰ ਰਹੀ ਹਾਂ। ਮੈਂ ਨਾਰਵੇ ਦੇ ਕੌਮੀ ਅਖਬਾਰਾਂ ਨਾਲ ਕੰਮ ਕੀਤਾ ਹੈ। ਆਪਣੇ ਪਿਛਲੇ ਅਖਬਾਰ ਲਈ ਮੈਨੂੰ ਅਮਰੀਕਾ ਚੋਣ ਕਵਰ ਕਰਨ ਲਈ ਵੀ ਭੇਜਿਆ ਗਿਆ ਸੀ ਅਤੇ ਹੁਣ ਮੈਂ ਵਾਪਸ ਨਾਰਵੇ ਵਿੱਚ ਹਾਂ। ਜਿੱਥੇ ਰਾਜਨੀਤੀ ਅਤੇ ਕੌਮਾਂਤਰੀ ਰਾਜਨੀਤੀ ਕਵਰ ਕਰਦੀ ਹਾਂ। ਪਰ ਹੁਣ ਇੱਕ ਕਮੈਂਟੇਟਰ ਦੀ ਭੂਮਿਕਾ ਵਿੱਚ ਹਾਂ।"
ਹੇਲਾ ਲਿੰਗ ਉਸ ਪ੍ਰੋਗਰਾਮ ਵਿੱਚ ਮੌਜੂਦ ਸਨ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਾਰਵੇ ਦੇ ਪ੍ਰਧਾਨ ਮੰਤਰੀ ਨਾਲ ਮੌਜੂਦ ਸੀ ਅਤੇ ਦੋਨਾਂ ਨੇ ਸਾਂਝਾ ਬਿਆਨ ਦਿੱਤਾ ਸੀ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਸ ਸਮੇਂ ਉੱਥੇ ਕੀ-ਕੀ ਹੋਇਆ ਸੀ?
ਇਸ ਸਵਾਲ 'ਤੇ ਉਨ੍ਹਾਂ ਨੇ ਕਿਹਾ, " ਜਦੋਂ ਵੀ ਕੋਈ ਰਾਸ਼ਟਰ ਮੁਖੀ ਨਾਰਵੇ ਆਉਂਦਾ ਹੈ ਤਾਂ ਸੜਕਾਂ 'ਤੇ ਕਾਫ਼ੀ ਪੁਲਿਸ ਤੈਨਾਤ ਰਹਿੰਦੀ ਹੈ ਅਤੇ ਕੁਝ ਸੜਕਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਪੂਰਾ ਸਿਸਟਮ ਬਹੁਤ ਸਖਤ ਹੁੰਦਾ ਹੈ। ਤੁਹਾਨੂੰ ਇਹ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਐਕ੍ਰਿਡਿਏਸ਼ਨ ਲਈ ਕਿਵੇਂ ਬੇਨਤੀ ਕਰਨੀ ਹੈ ਅਤੇ ਉੱਥੇ ਦਾਖਲਾ ਕਿਵੇਂ ਮਿਲੇਗਾ।"
ਕੱਲ ਅਸੀਂ ਪ੍ਰਧਾਨ ਮੰਤਰੀ ਦਫ਼ਤਰ ਨਾਲ ਜੁੜੇ ਇੱਕ ਦਫ਼ਤਰ ਗਏ। ਪਰ ਉਸ ਥਾਂ ਪਹੁੰਚੇ ਜਿੱਥੇ ਪ੍ਰੈਸ ਬ੍ਰੀਫਿੰਗ ਹੋ ਰਹੀ ਸੀ। ਫਿਰ ਦੋਨੇਂ ਨੇਤਾ ਕਮਰੇ ਵਿੱਚ ਆਏ ਅਤੇ ਬੋਲਣਾ ਸ਼ੁਰੂ ਕੀਤਾ।
"ਸਭ ਤੋਂ ਪਹਿਲਾਂ ਨਾਰਵੇ ਨੇ ਭਾਰਤ ਅਤੇ ਨਾਰਵੇ ਦੇ ਰਿਸ਼ਤੇ ਅਤੇ ਦੋਹਾਂ ਦੇਸਾਂ ਦੇ ਸਬੰਧ ਮਜ਼ਬੂਤ ਕਰਨ ਦੇ ਏਜੰਡੇ 'ਤੇ ਗੱਲ ਕੀਤੀ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵੀ ਆਪਣੀ ਸੋਚ ਅਤੇ ਇਸ ਦੌਰੇ ਦੇ ਮਕਸਦ ਬਾਰੇ ਗੱਲ ਕੀਤੀ।"
"ਨਾਰਵੇ ਵਿੱਚ ਆਮ ਤੌਰ ਤੇ ਅਜਿਹੀ ਪ੍ਰੈਸ ਕਾਨਫਰੰਸ ਵਿੱਚ ਇਵੇਂ ਹੀ ਹੁੰਦਾ ਹੈ। ਨੇਤਾ ਪ੍ਰੈਸ ਨਾਲ ਗੱਲ ਕਰਦੇ ਹਨ ਅਤੇ ਫਿਰ ਕੁਝ ਸਵਾਲ ਵੀ ਲੈਂਦੇ ਹਨ। ਉਦਾਹਰਨ ਵਜੋਂ, ਪਿਛਲੇ ਸਾਲ ਜਦੋਂ ਫਰਾਂਸ ਦੇ ਰਾਸ਼ਟਰਪਤੀ ਇੱਥੇ ਆਏ ਸੀ, ਉਦੋਂ ਉਨ੍ਹਾਂ ਨੇ ਨਾਰਵੇ ਦੇ ਪੱਤਰਕਾਰਾਂ ਦੇ ਸਵਾਲ ਲਏ ਸੀ।"
ਹੇਲਾ ਨੇ ਕਿਹਾ, " ਮੈਂ ਇਹ ਮੰਨਦੀ ਹਾਂ ਕਿ ਪੱਤਰਕਾਰ ਹੋਣ ਦੇ ਨਾਤੇ ਸਵਾਲ ਪੁੱਛਣਾ ਸਾਡਾ ਕੰਮ ਹੈ। ਜਦੋਂ ਕੋਈ ਤਾਕਤਵਰ ਦੇਸ਼ ਸਾਡੇ ਛੋਟੇ ਦੇਸ਼ ਵਿੱਚ ਆਉਂਦਾ ਹੈ ਅਤੇ ਸਾਡੇ ਨਾਲ ਸਬੰਧ ਮਜ਼ਬੂਤ ਕਰਨਾ ਚਾਹੁੰਦਾ ਹੈ ਤਾਂ ਸਵਾਲ ਪੁੱਛਣਾ ਸਾਡੀ ਜ਼ਿੰਮੇਵਾਰੀ ਹੈ। ਮੈਨੂੰ ਪਤਾ ਹੈ ਕਿ ਤੁਹਾਡੇ ਪ੍ਰਧਾਨ ਮੰਤਰੀ ਸਵਾਲ ਲੈਣਾ ਪਸੰਦ ਨਹੀਂ ਕਰਦੇ, ਪਰ ਸਵਾਲ ਪੁੱਛਣਾ ਮੇਰਾ ਫਰਜ਼ ਸੀ।"
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੰਦੀ ਜਦੋਂ ਵਿਦੇਸ਼ ਦੌਰੇ 'ਤੇ ਜਾਂਦੇ ਹਨ ਤਾਂ ਬਹੁਤ ਘੱਟ ਮੌਕਿਆਂ 'ਤੇ ਉਨ੍ਹਾਂ ਨੂੰ ਸਵਾਲ ਲੈਂਦੇ ਦੇਖਿਆ ਗਿਆ ਹੈ। ਵਿਦੇਸ਼ ਵਿੱਚ ਹੁਣ ਤੱਕ ਸਿਰਫ਼ ਦੋ ਮੌਕਿਆਂ 'ਤੇ (ਅਮਰੀਕਾ ਦੌਰਾ-ਜੂਨ 2023 ਅਤੇ ਫ਼ਰਵਰੀ 2025) ਹੀ ਉਨ੍ਹਾਂ ਨੇ ਸਵਾਲ ਲਏ ਹਨ। ਅਜਿਹਾ ਅਕਸਰ ਨਹੀਂ ਹੁੰਦਾ।
ਅਸੀਂ ਹੇਲਾ ਨੂੰ ਪੁੱਛਿਆ ਕਿ, ਕੀ ਉੱਥੇ ਪਹਿਲਾਂ ਤੋਂ ਹੀ ਦੱਸਿਆ ਗਿਆ ਸੀ ਕਿ ਦੋਹੇਂ ਪ੍ਰਧਾਨ ਮੰਤਰੀ ਸਵਾਲ ਲੈਣਗੇ?
ਇਸ 'ਤੇ ਹੇਲਾ ਨੇ ਕਿਹਾ, "ਨਹੀਂ, ਸਾਨੂੰ ਪਹਿਲਾਂ ਤੋਂ ਪਤਾ ਸੀ ਕਿ ਸਵਾਲ ਨਹੀਂ ਲਏ ਜਾਣਗੇ। ਅਤੇ ਇਹੀ ਗੱਲ ਮੇਰੇ ਕੰਮ ਨੂੰ ਹੋਰ ਜ਼ਿਆਦਾ ਅਹਿਮ ਬਣਾ ਦਿੰਦੀ ਹੈ। ਕਿਉਂਕਿ ਅਸੀਂ ਕਿਸੇ ਵਿਦੇਸ਼ੀ ਨੇਤਾ ਨੂੰ ਇੱਥੇ ਆ ਕੇ ਲੋਕਤੰਤਰ ਦੀ ਪਰਿਭਾਸ਼ਾ ਤੈਅ ਕਰਨ ਦੀ ਛੂਟ ਨਹੀਂ ਦੇ ਸਕਦੇ।"
"ਲੋਕਤੰਤਰ ਕੀ ਹੈ? ਤੁਹਾਡੇ ਪ੍ਰਧਾਨ ਮੰਤਰੀ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦੀ ਗੱਲ ਕਰਦੇ ਹਨ। ਪਰ ਲੋਕਤੰਤਰ ਕੀ ਹੋਏਗਾ, ਜੇ ਤੁਹਾਡੇ ਦੇਸ਼ ਦੇ ਸਭ ਤੋਂ ਤਾਕਤਵਰ ਵਿਅਕਤੀ ਤੋਂ ਸਵਾਲ ਪੁੱਛਣ ਦੀ ਗੁੰਜਾਇਸ਼ ਹੀ ਨਾ ਹੋਵੇ?"
"ਭਾਰਤ ਵਿੱਚ ਪ੍ਰੈਸ ਦੀ ਅਜ਼ਾਦੀ ਅਤੇ ਮਨੁੱਖੀ ਅਧਿਕਾਰ ਉਲੰਘਣਾ ਦੀ ਸਥਿਤੀ ਨੂੰ ਦੇਖਦਿਆਂ, ਇਹ ਮੇਰਾ ਫਰਜ਼ ਸੀ ਕਿ ਮੈਂ ਇੰਨੇ ਵੱਡੇ ਦੇਸ਼ ਦੇ ਸਭ ਤੋਂ ਤਾਕਤਵਰ ਵਿਅਕਤੀ ਤੋਂ ਸਵਾਲ ਪੁੱਛਾਂ।"

ਤਸਵੀਰ ਸਰੋਤ, X/@Narendramodi
ਨਾਰਵੇ ਪ੍ਰੈੱਸ ਫ੍ਰੀਡਮ ਇੰਡੈਕਸ ਵਿੱਚ ਸਭ ਤੋਂ ਉੱਪਰ ਰਹਿੰਦਾ ਹੈ ਅਤੇ ਭਾਰਤ ਪਿਛਲੇ ਕੁਝ ਸਾਲ ਵਿੱਚ ਡਿੱਗ ਕੇ 157ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਨਾਰਵੇ ਵਿੱਚ ਕੰਮ ਕਰਨ ਵਾਲੇ ਇੱਕ ਪੱਤਰਕਾਰ ਲਈ ਪ੍ਰੈਸ ਫ੍ਰੀਡਮ ਇੰਡੈਕਸ ਕਿੰਨਾ ਅਹਿਮ ਹੈ, ਉਹ ਵੀ ਉਦੋਂ ਜਦੋਂ ਤੁਹਾਡੇ ਦੇਸ਼ ਆਏ ਕਿਸੇ ਵਿਦੇਸ਼ੀ ਰਾਸ਼ਟਰ ਦੇ ਮੁਖੀ ਤੋਂ ਸਵਾਲ ਪੁੱਛਦਾ ਹੈ?
ਇਸ ਸਵਾਲ 'ਤੇ ਹੇਲਾ ਨੇ ਕਿਹਾ, "ਨਾਰਵੇ ਵਿੱਚ ਸਾਨੂੰ ਆਪਣੇ ਸਮਾਜ ਦੇ ਕੰਮ ਕਰਨ ਦੇ ਤਰੀਕੇ 'ਤੇ ਮਾਣ ਹੈ। ਸਾਨੂੰ ਇਸ ਗੱਲ 'ਤੇ ਮਾਣ ਹੈ ਕਿ ਸਾਡੇ ਪ੍ਰਧਾਨ ਮੰਤਰੀ ਜਦੋਂ ਨਾਰਵੇ ਤੋਂ ਛੋਟੇ ਇਲਾਕਿਆਂ ਵਿੱਚ ਵੀ ਜਾਂਦੇ ਹਨ, ਜਿੱਥੇ ਸਿਰਫ਼ ਕੁਝ ਹਜ਼ਾਰ ਲੋਕ ਰਹਿੰਦੇ ਹੋਣ, ਤਾਂ ਵੀ ਉਹ ਸਥਾਨਕ ਅਖਬਾਰਾਂ ਅਤੇ ਨਿਊਜ਼ ਚੈਨਲਾਂ ਨਾਲ ਗੱਲ ਕਰਦੇ ਹਨ।"
"ਸਾਨੂੰ ਇਸ ਗੱਲ 'ਤੇ ਮਾਣ ਹੈ ਕਿ ਸਾਡੀ ਪ੍ਰੈਸ ਅਜ਼ਾਦ ਅਤੇ ਨਿਰਪੱਖ ਹੈ। ਅਸੀਂ ਉਹੀ ਸਵਾਲ ਪੁੱਛਦੇ ਹਾਂ ਜੋ ਅਸੀਂ ਪੁੱਛਣਾ ਚਾਹੁੰਦੇ ਹਾਂ ਅਤੇ ਸੱਤਾ ਤੋਂ ਜਵਾਬ ਮੰਗਦੇ ਹਾਂ। ਇਹੀ ਸਾਡਾ ਕੰਮ ਹੈ। ਅਤੇ ਇਹੀ ਕੰਮ ਉਦੋਂ ਵੀ ਹੁੰਦਾ ਹੈ ਜਦੋਂ ਅਸੀਂ ਅਜਿਹੇ ਵਿਦੇਸ਼ੀ ਨੇਤਾਵਾਂ ਨੂੰ ਮਿਲਦੇ ਹਾਂ ਜੋ ਸ਼ਾਇਦ ਪੱਤਰਕਾਰਤਾ ਨੂੰ ਸਾਡੇ ਵਾਂਗ ਮਹੱਤਵ ਨਹੀਂ ਦਿੰਦੇ।"
ਅਜਿਹਾ ਕਿਹਾ ਗਿਆ ਹੈ ਕਿ ਇਸ ਘਟਨਾਕ੍ਰਮ ਤੋਂ ਬਾਅਦ ਨਾਰਵੇ ਦੇ ਪ੍ਰਧਾਨ ਮੰਤਰੀ ਵਾਪਸ ਉੱਥੇ ਆਏ ਅਤੇ ਮੀਡੀਆ ਦੇ ਸਵਾਲ ਲਏ। ਕੀ ਤੁਸੀਂ ਉੱਥੇ ਮੌਜੂਦ ਸੀ ?
ਉਨ੍ਹਾਂ ਨੇ ਜਵਾਬ ਦਿੱਤਾ, "ਮੇਰੇ ਪ੍ਰਧਾਨ ਮੰਤਰੀ ਨੇ, ਜੋ ਕੱਲ੍ਹ ਕਾਫ਼ੀ ਰੁੱਝੇ ਹੋਏ ਸੀ, ਪ੍ਰਧਾਨ ਮੰਤਰੀ ਮੋਦੀ ਦੇ ਜਾਣ ਬਾਅਦ ਨਾਰਵੇ ਦੇ ਵੱਡੇ ਮੀਡੀਆ ਘਰਾਣਿਆਂ ਦੇ ਸਵਾਲਾਂ ਦੇ ਜਵਾਬ ਲਏ। ਮੈਂ ਉਸ ਕਤਾਰ ਵਿੱਚ ਨਹੀਂ ਸੀ। ਮੈਂ ਪੁੱਛਿਆ ਸੀ ਕਿ, ਕੀ ਉਨ੍ਹਾਂ ਕੋਲ ਸਮਾਂ ਹੈ, ਪਰ ਉਨ੍ਹਾਂ ਕੋਲ ਸਮਾਂ ਨਹੀਂ ਸੀ ਅਤੇ ਮੇਰੇ ਲਈ ਇਹ ਠੀਕ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਜੇ ਮੈਂ ਚਾਹਾਂ ਤਾਂ ਇਸ ਹਫਤੇ ਕਿਸੇ ਵੀ ਸਮੇਂ ਉਨ੍ਹਾਂ ਨਾਲ ਗੱਲ ਕਰ ਸਕਦੀ ਹਾਂ।"
ਕੀ ਹੇਲਾ ਨੂੰ ਇਹ ਦੇਖ ਕੇ ਅਜੀਬ ਲੱਗਿਆ ਕਿ ਭਾਰਤੀ ਮੀਡੀਆ ਨਾਰਵੇ ਦੇ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛ ਰਿਹਾ ਸੀ ਪਰ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਨਹੀਂ ?
ਹੇਲਾ ਨੇ ਜਵਾਬ ਦਿੱਤਾ, "ਮੈਨੂੰ ਹੈਰਾਨੀ ਨਹੀਂ ਹੋਈ ਕਿਉਂਕਿ ਇਹ ਚੌਂਕਾਉਣ ਵਾਲੀ ਗੱਲ ਨਹੀਂ ਹੈ। ਬਲਕਿ ਚਿੰਤਾਜਨਕ ਹੈ। ਮੈਨੂੰ ਚਿੰਤਾ ਇਸ ਗੱਲ ਦੀ ਹੈ ਕਿ ਭਾਰਤ ਵਿੱਚ ਤੁਸੀਂ ਕਿਸ ਤਰ੍ਹਾਂ ਚਰਚਾ ਨੂੰ ਅੱਗੇ ਵਧਾਉਂਦੇ ਹੋ, ਜੇ ਤੁਸੀਂ ਤੁਹਾਡੇ ਨੇਤਾ ਅਤੇ ਉਨ੍ਹਾਂ ਦੀਆਂ ਨੀਤੀਆਂ ਬਾਰੇ ਸਿੱਧੇ ਸਵਾਲ ਨਹੀਂ ਪੁੱਛ ਸਕਦੇ।"

ਨਾਰਡਿਕ ਦੇਸ਼ ਜਿਵੇਂ ਨਾਰਵੇ, ਸਵੀਡਨ, ਡੈਨਮਾਰਕ ਅਤੇ ਫਿਨਲੈਂਡ ਕਈ ਦਹਾਕਿਆਂ ਤੋਂ ਮਨੁੱਖੀ ਵਿਕਾਸ ਸੂਚਕ ਅੰਕਾਂ ਵਿੱਚ ਟੌਪ 'ਤੇ ਰਹੇ। ਪ੍ਰੈਸ ਦੀ ਅਜ਼ਾਦੀ 'ਤੇ ਉੱਥੇ ਲਗਾਤਾਰ ਚਰਚਾ ਹੁੰਦੀ ਰਹੀ ਹੈ।
ਭਾਰਤ ਹਮੇਸ਼ਾ ਕਹਿੰਦਾ ਹੈ ਕਿ ਉਹ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਦਾ ਹੈ। ਦੇਸ਼ ਵਿੱਚ ਕਾਨੂੰਨ ਦਾ ਸ਼ਾਸਨ ਹੈ। ਲੋਕਤੰਤਰੀ ਸੰਸਥਾਵਾਂ ਦਾ ਸਨਮਾਨ ਹੈ। ਭਾਵੇਂ ਨਿਆਂਪਾਲਿਕਾ ਹੋਵੇ, ਵਿਧਾਇਕਾ ਹੋਵੇ ਜਾਂ ਕਾਰਜਪਾਲਿਕਾ।
ਉਹ ਪੱਤਰਕਾਰ ਜੋ ਅਜਿਹੇ ਦੇਸ਼ਾਂ ਵਿੱਚ ਕੰਮ ਕਰਦੇ ਹਨ ਜਿੱਥੇ ਪ੍ਰੈਸ ਦੀ ਅਜ਼ਾਦੀ ਸਰਵਉੱਚ ਹੈ ਉਹ ਇਸ ਪੂਰੀ ਬਹਿਸ ਨੂੰ ਅਤੇ ਸਰਕਾਰ ਦੇ ਕੰਮਕਾਜ ਦੇ ਤਰੀਕੇ ਨੂੰ ਕਿਸ ਨਜ਼ਰ ਨਾਲ ਦੇਖਦੇ ਹਨ?
ਹੇਲਾ ਨੇ ਕਿਹਾ, "ਇਹ ਬਹੁਤ ਚੰਗਾ ਸਵਾਲ ਹੈ। ਜਦੋਂ ਤੁਸੀਂ ਜ਼ਮੀਨ 'ਤੇ ਮੌਜੂਦ ਨਹੀਂ ਹੁੰਦੇ ਤਾਂ ਚੀਜ਼ਾਂ ਨੂੰ ਸਮਝਣਾ ਮੁਸ਼ਕਿਲ ਹੁੰਦਾ ਹੈ। ਪਰ ਮੈਂ ਐਮਨੇਸਟੀ ਅਤੇ ਹਿਉਮਨ ਰਾਈਟਸ ਵਾਚ ਜਿਹੀਆਂ ਕੌਮਾਂਤਰੀ ਰਿਪੋਰਟਾਂ 'ਤੇ ਭਰੋਸਾ ਕਰਦੀ ਹਾਂ। ਕੱਲ੍ਹ ਤੋਂ ਬਾਅਦ ਮੈਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਕਈ ਸੰਦੇਸ਼ ਵੀ ਮਿਲੇ। ਜਿਨ੍ਹਾਂ ਚੀਜ਼ਾਂ ਦਾ ਲੋਕ ਜ਼ਿਕਰ ਕਰ ਰਹੇ ਹਨ, ਉਹ ਕਾਫ਼ੀ ਚਿੰਤਾਜਨਕ ਹੈ।"
"ਹਾਲਾਂਕਿ ਮੈਂ ਜਾਣਦੀ ਹਾਂ ਕਿ ਭਾਰਤ ਵਿੱਚ ਮੌਜੂਦਾ ਸਰਕਾਰ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਕਾਰ ਵੱਡਾ ਮਤਭੇਦ ਹੈ। ਇਸ ਲਈ ਮੈਂ ਉਨ੍ਹਾਂ ਸ੍ਰੋਤਾਂ 'ਤੇ ਭਰੋਸਾ ਕਰਦੀ ਹਾਂ ਜਿਨ੍ਹਾਂ 'ਤੇ ਅੱਜ ਵੀ ਭਰੋਸਾ ਕਰਦੀ ਹਾਂ।"
"ਕੁਝ ਲੋਕਾਂ ਲਈ ਐਮਨੇਸਟੀ ਵਿਵਾਦਿਤ ਹੋ ਸਕਦੀ ਹੈ, ਪਰ ਮੇਰੇ ਲਈ ਨਹੀਂ। ਅਤੇ ਸਾਡੇ ਪ੍ਰਧਾਨ ਮੰਤਰੀ ਵਿਦੇਸ਼ ਨੀਤੀ ਦੇ ਬਹੁਤ ਮਾਹਿਰ ਨੇਤਾ ਹਨ। ਉਨ੍ਹਾਂ ਨੇ ਆਪਣਾ ਕਰੀਅਰ ਇਸੇ 'ਤੇ ਬਣਾਇਆ ਹੈ। ਉਨ੍ਹਾਂ ਨੇ ਵੀ ਕਿਹਾ ਕਿ ਉਹ ਸੌਫਟ ਪਾਵਰ ਨੂੰ ਚੰਗੀ ਤਰ੍ਹਾਂ ਸਮਝਦੇ ਹਨ।"
"ਪਰ ਉਨ੍ਹਾਂ ਨੇ ਵੀ ਸਾਡੇ ਮੁੱਲਾਂ ਅਤੇ ਭਾਰਤ ਦੇ ਮੁੱਲਾਂ ਵਿਚਕਾਰ ਫਰਕ ਨੂੰ ਲੈ ਮੇਰੀ ਉਮੀਦ ਤੋਂ ਜ਼ਿਆਦਾ ਖੁੱਲ੍ਹ ਕੇ ਗੱਲ ਕੀਤੀ।"
ਵਿਦੇਸ਼ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ ਵਿੱਚ ਹੋਈ ਬਹਿਸ 'ਤੇ ਕੀ ਕਿਹਾ ?

ਤਸਵੀਰ ਸਰੋਤ, ANI
ਪੀਐਮ ਮੋਦੀ ਤੋਂ ਸਵਾਲ ਪੁੱਛੇ ਜਾਣ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਹੇਲਾ ਨੂੰ ਐਕਸ 'ਤੇ ਟੈਗ ਕਰਕੇ ਇੱਕ ਉਪਚਾਰਿਕ ਬ੍ਰੀਫਿੰਗ ਵਿੱਚ ਆਉਣ ਨੂੰ ਕਿਹਾ ਸੀ, ਜਿੱਥੇ ਉਨ੍ਹਾਂ ਨੇ ਫਿਰ ਸਵਾਲ ਪੁੱਛਿਆ।
ਸਵਾਲ ਜਵਾਬ ਨੂੰ ਲੈ ਕੇ ਹੇਲਾ ਦੀ ਵਿਦੇਸ਼ ਮੰਤਰਾਲੇ ਦੇ ਸਕੱਤਰ ਸੀਬੀ ਜੌਰਜ ਨਾਲ ਤਿੱਖੀ ਬਹਿਸ ਵੀ ਹੋਈ ਸੀ।
ਉਹ ਅਨੁਭਵ ਕਿਵੇਂ ਰਿਹਾ ਅਤੇ ਕੀ ਉਹ ਜਵਾਬ ਤੋਂ ਸੰਤੁਸ਼ਟ ਸੀ? ਇਸ ਸਵਾਲ 'ਤੇ ਹੇਲਾ ਨੇ ਕਿਹਾ, "ਸਭ ਤੋਂ ਪਹਿਲਾਂ ਤਾਂ ਮੈਨੂੰ ਉਸ ਪ੍ਰੋਗਰਾਮ ਵਿੱਚ ਪਹਿਲਾਂ ਤੋਂ ਹੀ ਸੱਦਿਆ ਗਿਆ ਸੀ। ਭਾਰਤੀ ਦੂਤਾਵਾਸ ਨੇ ਬਾਅਦ ਵਿੱਚ ਸੱਦਾ ਦਿੱਤਾ ਜੋ ਕਿ ਚੰਗੀ ਗੱਲ ਸੀ। ਪਰ ਮੈਂ ਆਪਣੇ ਸਵਾਲਾਂ ਨਾਲ ਉੱਥੇ ਗਈ ਸੀ।"
"ਪਰ ਉਸ ਪੂਰੀ ਪ੍ਰਕਿਰਿਆ ਵਿੱਚ ਜੋ ਮੇਰੇ ਹਿਸਾਬ ਨਾਲ ਗੜਬੜੀ ਸੀ ਅਤੇ ਮੈਂ ਪੁੱਛ ਵੀ ਰਹੀ ਸੀ ਕਿ ਕੀ ਤੁਸੀਂ ਤੁਰੰਤ ਜਵਾਬ ਦੇ ਸਕਦੇ ਹੋ?”
"ਉਹ ਇੱਕ ਸਮੱਸਿਆ ਸੀ ਕਿ ਉਨ੍ਹਾਂ ਨੇ ਸ਼ਾਇਦ ਤਿੰਨ ਚਾਰ ਸਵਾਲ ਲਏ ਅਤੇ ਫਿਰ ਜਵਾਬ ਦਿੱਤੇ। ਇੱਕ ਪੱਤਰਕਾਰ ਵਜੋਂ ਜੇ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਦਾ ਤਾਂ ਮੈਨੂੰ ਜਵਾਬ ਦੇਣ ਵਾਲੇ ਨੂੰ ਰੋਕ ਕੇ ਦੋਬਾਰਾ ਮੁੱਦੇ 'ਤੇ ਲਿਆਉਣਾ ਪੈਂਦਾ ਹੈ। ਪਰ ਕੱਲ੍ਹ ਅਜਿਹਾ ਨਹੀਂ ਹੋ ਸਕਿਆ।"
"ਨਾਰਵੇ ਵਿੱਚ ਮੈਂ ਇਸ ਗੱਲ ਦੀ ਆਦੀ ਹਾਂ ਕਿ ਜੇ ਜਵਾਬ ਪਸੰਦ ਨਾ ਆਵੇ ਤਾਂ ਦੋਬਾਰਾ ਸਵਾਲ ਪੁੱਛ ਸਕਾਂ। ਘੱਟੋ ਘੱਟ ਇਹ ਮਹਿਸੂਸ ਹੋਵੇ ਕਿ ਮੇਰੇ ਸਵਾਲ ਦਾ ਜਵਾਬ ਦਿੱਤਾ ਗਿਆ। ਮੇਰੇ ਲਈ ਇਹ ਜ਼ਰੂਰੀ ਹੈ ਕਿ ਮੈਂ ਸਵਾਲ ਪੁੱਛਾਂ ਅਤੇ ਫਿਰ ਰਾਜਨੇਤਾ ਉਹ ਜਵਾਬ ਦੇਣ ਜੋ ਮੈਂ ਪੁੱਛ ਰਹੀ ਸੀ ਅਤੇ ਆਮ ਤੌਰ 'ਤੇ ਅਜਿਹੇ ਜਵਾਬ ਜ਼ਿਆਦਾ ਦਿਲਚਸਪ ਹੁੰਦੇ ਹਨ ਅਤੇ ਇਹ ਬਿਹਤਰ ਜ਼ਰੀਆ ਹੈ ਦੂਜਿਆਂ ਦੇ ਨਜ਼ਰੀਏ ਨੂੰ ਸਮਝਣ ਦਾ।"
"ਪਰ ਕੱਲ੍ਹ ਗੱਲਬਾਤ ਭਾਰਤ ਵੱਲੋਂ 2020 ਵਿੱਚ ਵੈਕਸੀਨ ਸਪਲਾਈ ਕਰਨ ਅਤੇ ਯੋਗ ਤੱਕ ਪਹੁੰਚ ਗਈ। ਮੈਨੂੰ ਯੋਗ ਪਸੰਦ ਹੈ ਅਤੇ ਭਾਰਤੀ ਸੰਸਕ੍ਰਿਤੀ ਦੀਆਂ ਕਈ ਚੀਜ਼ਾਂ ਵੀ ਪਸੰਦ ਹਨ। ਭਾਰਤ ਬਹੁਤ ਚੰਗਾ ਕੰਮ ਵੀ ਕਰਦਾ ਹੈ। ਪਰ ਮੈਂ ਪ੍ਰੈਸ ਕਾਨਫਰੰਸ ਵਿੱਚ ਆਮ ਤੌਰ 'ਤੇ ਕਿਸੇ ਦੇਸ਼ ਦੀ ਤਾਰੀਫ ਸੁਣਨ ਨਹੀਂ ਜਾਂਦੀ।"
'ਭਾਰਤ ਵਿੱਚ ਪੱਤਰਕਾਰਤਾ ਜ਼ੋਖਮ ਭਰਿਆ ਕੰਮ ਹੈ'
ਕੀ ਹੇਲਾ ਨੂੰ ਹੈਰਾਨੀ ਹੋਈ ਕਿ ਪ੍ਰਧਾਨ ਮੰਤਰੀ ਜਾਂ ਵਿਦੇਸ਼ ਮਾਤਰਾਲੇ ਵਲੋਂ ਕੋਈ ਸਪਸ਼ਟ ਜਵਾਬ ਨਹੀਂ ਆਇਆ ? ਉੱਥੇ ਹਾਲ ਹੀ ਵਿੱਚ ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਨੇ ਵੀ ਭਾਰਤ ਵਿੱਚ ਘੱਟ ਗਿਣਤੀ ਦੀ ਅਜ਼ਾਦੀ ਅਤੇ ਕਾਨੂੰਨ ਦੇ ਸ਼ਾਸਨ 'ਤੇ ਚਿੰਤਾ ਜਤਾਈ ਸੀ।
ਇਸ ਬਾਰੇ ਉਨ੍ਹਾਂ ਨੇ ਕਿਹਾ, "ਮੈਨੂੰ ਬਹੁਤ ਜ਼ਿਆਦਾ ਹੈਰਾਨੀ ਨਹੀਂ ਹੋਈ। ਪਰ ਮੇਰਾ ਮੰਨਣਾ ਹੈ ਕਿ ਪੱਤਰਕਾਰ ਨੂੰ ਹਮੇਸ਼ਾ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੁਝ ਲੋਕਾਂ ਨੂੰ ਲੱਗਿਆ ਹੋਏਗਾ ਕਿ ਦੂਜੀ ਪ੍ਰੈਸ ਕਾਨਫਰੰਸ ਵਿੱਚ ਮੈਂ ਥੋੜ੍ਹੀ ਰੁੱਖੀ ਲੱਗੀ। ਪਰ ਟਕਰਾਅ ਵਾਲੀ ਪੱਤਰਕਾਰਤਾ ਦਾ ਤਰੀਕਾ ਇਹੀ ਹੁੰਦਾ ਹੈ। ਤੁਹਾਨੂੰ ਵਿਚਾਲੇ ਬੋਲਣਾ ਪੈਂਦਾ ਹੈ ਅਤੇ ਜਵਾਬ ਹਾਸਿਲ ਕਰਨ ਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਹਾਲਾਂਕਿ ਕੱਲ੍ਹ ਮੈਨੂੰ ਉਹ ਜਵਾਬ ਨਹੀਂ ਮਿਲਿਆ।'

ਹੇਲਾ ਨੇ ਸਵਾਲ ਪੁੱਛਣ ਦੇ ਤਰੀਕੇ ਨੂੰ ਲੈ ਕੇ ਪ੍ਰਧਾਨ ਮੰਤਰੀ ਅਤੇ ਸਰਕਾਰ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਪ੍ਰੈਸ ਇੰਟਰੈਕਸ਼ਨ ਨਹੀਂ ਸੀ, ਇਸ ਲਈ ਪ੍ਰਧਾਨ ਮੰਤਰੀ ਨੇ ਜਵਾਬ ਨਹੀਂ ਦਿੱਤਾ। ਇਸ ਤਰਕ ਨੂੰ ਉਹ ਕਿਵੇਂ ਦੇਖਦੀ ਹੈ?
ਹੇਲਾ ਨੇ ਇਸ ਬਾਰੇ ਕਿਹਾ, "ਕੀ ਉਹ ਕਦੇ ਸਿੱਧੇ ਪ੍ਰੈਸ ਦੇ ਦੇ ਸਵਾਲਾਂ ਦਾ ਜਵਾਬ ਦਿੰਦੇ ਹਨ? ਮੈਂ ਅਜਿਹਾ ਨਹੀਂ ਦੇਖਿਆ, ਜਦੋਂ ਤੱਕ ਕਿ ਸਭ ਕੁਝ ਪਹਿਲਾਂ ਤੋਂ ਤੈਅ ਨਾ ਹੋਵੇ।"
ਹਾਲਾਂਕਿ ਪੀਐਮ ਮੋਦੀ ਨੇ ਵਿਦੇਸ਼ ਵਿੱਚ ਦੋ ਵਾਰ ਪ੍ਰੈਸ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ। ਇਸ ਸਵਾਲ 'ਤੇ ਹੇਲਾ ਨੇ ਕਿਹਾ, "ਉਨ੍ਹਾਂ ਨੂੰ ਆਪਣੇ ਦੇਸ਼ ਦੀ ਪ੍ਰੈਸ ਦੇ ਸਵਾਲ ਲੈਣੇ ਚਾਹੀਦੇ ਹਨ ਅਤੇ ਅਲੋਚਨਾਤਮਕ ਪ੍ਰੈਸ ਨੂੰ ਥਾਂ ਦੇਣੀ ਚਾਹੀਦੀ ਹੈ। ਭਾਰਤ ਵਿੱਚ ਪੱਤਰਕਾਰਤਾ ਜੋਖਮ ਭਰਿਆ ਕੰਮ ਹੈ। ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ ਕਿ ਉੱਥੇ ਪੱਤਰਕਾਰਾਂ ਨੂੰ ਬਹੁਤ ਸੰਭਲ਼ ਕੇ ਕੰਮ ਕਰਨਾ ਪੈਂਦਾ ਹੈ।"
"ਇਸ ਲਈ ਜਦੋਂ ਤੱਕ ਮੈਂ ਪੱਤਰਕਾਰਤਾ ਕਰ ਰਹੀ ਹਾਂ, ਨਾਰਵੇ ਆਉਣ ਵਾਲੇ ਕਿਸੇ ਵੀ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦੇ ਸਵਾਲ ਨਾ ਲੈਣ ਦੇ ਰਵੱਈਏ ਦਾ ਵਿਰੋਧ ਕਰਦੀ ਰਹਾਂਗੀ। ਮੈਂ ਹਮੇਸ਼ਾ ਕੋਸ਼ਿਸ਼ ਕਰਾਂਗੀ।"
ਦੱਸ ਦੇਈਏ ਕਿ ਹੇਲਾ ਲਿੰਗ ਨੇ ਐਕਸ 'ਤੇ ਪੋਸਟ ਕਰਕੇ ਇਹ ਵੀ ਦਾਅਵਾ ਕੀਤਾ ਕਿ ਉਸ ਦਾ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












