ਗਾਇਕਾ ਇੰਦਰ ਕੌਰ ਕਤਲ ਮਾਮਲਾ: 3 ਗ੍ਰਿਫ਼ਤਾਰ, ਮੁੱਖ ਮੁਲਜ਼ਮ ਕੈਨੇਡਾ ਫਰਾਰ, ਜਾਣੋ ਪੁਲਿਸ ਨੇ ਹੋਰ ਕੀ ਦੱਸਿਆ

ਇੰਦਰ ਕੌਰ

ਤਸਵੀਰ ਸਰੋਤ, Inderkaurofficial/Insta

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ ਇੰਦਰ ਕੌਰ 13 ਮਈ ਤੋਂ ਲਾਪਤਾ ਸੀ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਲੁਧਿਆਣਾ ਪੁਲਿਸ ਨੇ ਗਾਇਕਾ ਯਸ਼ਇੰਦਰ ਕੌਰ ਦੇ ਕਥਿਤ ਕਤਲ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਦਾ ਦਾਅਵਾ ਹੈ ਕਿ ਵਾਰਦਾਤ ਵਿੱਚ ਵਰਤੇ ਗਏ ਦੋ ਪਿਸਤੌਲ ਅਤੇ ਨਹਿਰ ਵਿੱਚ ਸੁੱਟੀ ਗਈ ਫੋਰਡ ਫੀਗੋ ਕਾਰ ਵੀ ਬਰਾਮਦ ਕਰ ਲਈ ਹੈ। ਹਾਲਾਂਕਿ ਇਸ ਮਾਮਲੇ ਦਾ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਉਰਫ਼ ਸੁੱਖਾ ਵਾਰਦਾਤ ਤੋਂ ਬਾਅਦ ਨੇਪਾਲ ਰਾਹੀਂ ਕੈਨੇਡਾ ਫਰਾਰ ਹੋ ਗਿਆ।

ਪੁਲਿਸ ਮੁਤਾਬਕ ਇੰਦਰ 13 ਮਈ ਤੋਂ ਲਾਪਤਾ ਸੀ ਅਤੇ ਉਸ ਦੇ ਭਰਾ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ।

ਸ਼ਿਕਾਇਤ ਮੁਤਾਬਕ ਉਸ ਦੀ ਭੈਣ ਦੇ ਇੱਕ ਦੋਸਤ ਸੁਖਵਿੰਦਰ ਸਿੰਘ ਨੇ ਉਸ ਨੂੰ ਅਗਵਾ ਕਰ ਲਿਆ, ਜੋ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ।

ਸ਼ਿਕਾਇਤ ਦੇ ਅਧਾਰ 'ਤੇ ਪੁਲਿਸ ਨੇ ਸੁਖਵਿੰਦਰ ਸਿੰਘ ਦੇ ਪਿਤਾ ਪ੍ਰੀਤਮ ਸਿੰਘ ਅਤੇ ਉਸ ਦੇ ਇੱਕ ਦੋਸਤ ਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਕਰਮਜੀਤ ਸਿੰਘ ਦੀ ਨਿਸ਼ਾਨਦੇਹੀ 'ਤੇ 17 ਮਈ ਨੂੰ ਪਿੰਡ ਰਾਮਪੁਰ ਨੇੜਿਓਂ ਨੀਲੋਂ ਨਹਿਰ ਵਿੱਚੋਂ ਕੁੜੀ ਦੀ ਕਾਰ ਬਰਾਮਦ ਹੋਈ।

18 ਮਈ ਦੇਰ ਰਾਤ ਪੁਲਿਸ ਨੂੰ ਨਹਿਰ ਵਿੱਚੋਂ ਇੱਕ ਕੁੜੀ ਦੀ ਲਾਸ਼ ਬਰਾਮਦ ਹੋਣ ਬਾਰੇ ਸੂਚਨਾ ਮਿਲੀ, ਜਿਸ ਦੀ 19 ਮਈ ਨੂੰ ਸ਼ਨਾਖਤ ਇੰਦਰ ਕੌਰ ਉਰਫ਼ ਯਸ਼ਇੰਦਰ ਕੌਰ ਵਜੋਂ ਹੋਈ।

ਪੁਲਿਸ ਨੇ ਹੋਰ ਕੀ ਜਾਣਕਾਰੀ ਦਿੱਤੀ

ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ, "ਮ੍ਰਿਤਕ ਯਸ਼ਇੰਦਰ ਕੌਰ ਅਤੇ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਪਿਛਲੇ ਕਰੀਬ ਸੱਤ ਸਾਲਾਂ ਤੋਂ ਇੱਕ-ਦੂਜੇ ਦੇ ਸੰਪਰਕ ਵਿੱਚ ਸਨ। ਸੁਖਵਿੰਦਰ, ਜੋ ਨੇਪਾਲ ਰਾਹੀਂ ਕੈਨੇਡਾ ਤੋਂ ਭਾਰਤ ਆਇਆ ਸੀ, ਯਸ਼ਇੰਦਰ 'ਤੇ ਵਿਆਹ ਲਈ ਲਗਾਤਾਰ ਦਬਾਅ ਬਣਾ ਰਿਹਾ ਸੀ, ਜਦਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ।"

ਉਨ੍ਹਾਂ ਦੱਸਿਆ, "13 ਮਈ ਨੂੰ ਸੁਖਵਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਯਸ਼ਇੰਦਰ ਕੌਰ ਨੂੰ ਅਗਵਾ ਕੀਤਾ ਅਤੇ ਨੀਲੋਂ ਨਹਿਰ ਕਿਨਾਰੇ ਲੈ ਗਿਆ। ਉੱਥੇ ਕਾਰ ਵਿੱਚ ਉਸ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਗਈ। ਸਬੂਤ ਮਿਟਾਉਣ ਲਈ ਮੁਲਜ਼ਮਾਂ ਨੇ ਕਾਰ ਨੂੰ ਵੀ ਨਹਿਰ ਵਿੱਚ ਸੁੱਟ ਦਿੱਤਾ।"

ਡੀਸੀਪੀ ਮੁਤਾਬਕ, "ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਵਾਰਦਾਤ ਤੋਂ ਬਾਅਦ ਨੇਪਾਲ ਦੇ ਰਾਹੀਂ ਕੈਨੇਡਾ ਫਰਾਰ ਹੋ ਗਿਆ। ਉਸਨੂੰ ਭਾਰਤ ਵਾਪਸ ਲਿਆਉਣ ਲਈ ਅਗਲੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।"

ਪੁਲਿਸ ਦੀ ਪ੍ਰੈਸ ਕਾਨਫਰੰਸ ਅਤੇ ਦਾਅਵਿਆਂ ਬਾਰੇ ਪਰਿਵਾਰ ਦਾ ਪੱਖ ਜਾਨਣ ਲਈ ਬੀਬੀਸੀ ਪੰਜਾਬੀ ਨੇ ਯਸ਼ਇੰਦਰ ਕੌਰ ਦੇ ਛੋਟੇ ਭਰਾ ਜੋਤਇੰਦਰ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਜੇ ਪ੍ਰੈੱਸ ਕਾਨਫਰੰਸ ਨਹੀਂ ਸੁਣੀ ਹੈ ਅਤੇ ਸੁਣ ਕੇ ਕੋਈ ਟਿੱਪਣੀ ਕਰ ਸਕਣਗੇ।

ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਭਾਵ ਵੀਰਵਾਰ ਨੂੰ ਯਸ਼ਇੰਦਰ ਕੌਰ ਦਾ ਪੋਸਟ ਮਾਰਟਮ ਹੋਣਾ ਅਤੇ ਪਰਿਵਾਰ ਵੀਰਵਾਰ ਨੂੰ ਲੁਧਿਆਣਾ ਕੋਰਟ ਵਿੱਚ ਇੱਕ ਪ੍ਰੈੱਸ ਕਾਨਫਰੰਸ ਵੀ ਕਰਨ ਜਾ ਰਿਹਾ ਹੈ।

ਪੁਲਿਸ ਵੱਲੋਂ 3 ਮੁਲਜ਼ਮ ਗ੍ਰਿ੍ਫ਼ਤਾਰ ਕਰਨ ਦਾ ਦਾਅਵਾ

ਤਸਵੀਰ ਸਰੋਤ, Gurminder Grewal/BBC

ਤਸਵੀਰ ਕੈਪਸ਼ਨ, ਪੁਲਿਸ ਵੱਲੋਂ 3 ਮੁਲਜ਼ਮ ਗ੍ਰਿ੍ਫ਼ਤਾਰ ਕਰਨ ਦਾ ਦਾਅਵਾ

ਕੌਣ ਸੀ ਇੰਦਰ ਕੌਰ?

ਪੁਲਿਸ ਮੁਤਾਬਕ ਇੰਦਰ ਕੌਰ ਦਾ ਪੂਰਾ ਨਾਮ ਯਸ਼ਇੰਦਰ ਕੌਰ ਸੀ ਅਤੇ ਉਸ ਦੀ ਉਮਰ ਤਕਰੀਬਨ 29 ਸਾਲ ਸੀ। ਪਰਿਵਾਰ ਮੁਤਾਬਕ ਕਰੀਬ 10 ਸਾਲ ਪਹਿਲਾਂ ਉਸ ਨੇ ਗਾਇਕੀ ਖੇਤਰ ਵਿੱਚ ਪੈਰ ਧਰਿਆ ਸੀ, ਪਰ ਹੁਣ ਕੁਝ ਸਮੇਂ ਤੋਂ ਸੁਖਵਿੰਦਰ ਦੇ ਕਹਿਣ 'ਤੇ ਗਾਇਕੀ ਛੱਡ ਦਿੱਤੀ ਸੀ।

ਇੰਦਰ ਕੌਰ ਦੇ ਇੰਸਟਾਗ੍ਰਾਮ ਪੇਜ ਨੂੰ 125 ਹਜ਼ਾਰ ਤੋਂ ਵੱਧ ਲੋਕ ਫੌਲੋ ਕਰਦੇ ਹਨ। ਉਸ ਨੇ ਕਈ ਪੰਜਾਬੀ ਗੀਤ ਗਾਏ ਹਨ ਜੋ ਨਾਮੀ ਕੰਪਨੀਆਂ ਦੇ ਬੈਨਰ ਹੇਠ ਵੀ ਰਿਲੀਜ਼ ਹੋਏ ਹਨ।

ਇੰਦਰ ਕੌਰ ਦੇ ਗਾਏ ਗੀਤਾਂ ਵਿੱਚ ਪਰਮੀਸ਼ ਵਰਮਾ ਦੀ ਫੀਚਰਿੰਗ ਵਾਲਾ ਗੀਤ 'ਦੇਸੀ ਸਿਰੇ ਦਾ' ਵੀ ਹੈ ਜੋ ਕਿ ਸਪੀਡ ਰਿਕਾਰਡ 'ਤੇ ਅੱਠ ਸਾਲ ਪਹਿਲਾਂ ਰਿਲੀਜ਼ ਹੋਇਆ ਸੀ। ਇਸ ਗੀਤ ਦਾ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਸੀ।

ਇਸੇ ਤਰ੍ਹਾਂ ਨਾਮੀ ਗਾਇਕ ਗਿੱਪੀ ਗਰੇਵਾਲ ਨਾਲ ਉਸ ਦਾ ਗੀਤ 'ਸੋਨੇ ਦੀ ਵੰਗ' ਹੰਬਲ ਮਿਊਜ਼ਿਕ ਤੋਂ ਰਿਲੀਜ਼ ਹੋਇਆ ਸੀ।

ਪਰਿਵਾਰ ਮੁਤਾਬਕ ਉਸ ਦੇ ਗੀਤਾਂ 'ਤੇ ਮਿਲੀਅਨਾਂ ਵਿੱਚ ਵਿਊਜ਼ ਹੁੰਦੇ ਸੀ ਅਤੇ ਉਸ ਨੇ ਨਾਮੀ ਹਸਤੀਆਂ ਨਾਲ ਕੰਮ ਕੀਤਾ ਹੈ ਅਤੇ ਦੇਸ਼ ਤੇ ਵਿਦੇਸ਼ਾਂ ਵਿੱਚ ਕਈ ਸ਼ੋਅ ਲਗਾ ਚੁੱਕੀ ਸੀ।

ਉਸ ਦੇ ਚਚੇਰੇ ਭਰਾ ਗੁਰਿੰਦਰ ਸਿੰਘ ਨੇ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਇੰਦਰ ਇੱਕ ਸੈਲਫ-ਮੇਡ ਕੁੜੀ ਸੀ। ਉਸ ਨੇ ਆਪਣੇ ਦਮ 'ਤੇ ਕਾਮਯਾਬੀ ਹਾਸਿਲ ਕੀਤੀ ਸੀ।

ਡੀਸੀਪੀ ਜਸਕਿਰਨਜੀਤ ਸਿੰਘ ਤੇਜਾ

ਤਸਵੀਰ ਸਰੋਤ, Gurminder Grewal/BBC

ਤਸਵੀਰ ਕੈਪਸ਼ਨ, ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪ੍ਰੈੱਸ ਕਾਨਫਰੰਸ ਕੀਤੀ

ਪਰਿਵਾਰ ਦਾ ਕੀ ਕਹਿਣਾ ਹੈ?

ਪਰਿਵਾਰ ਸੁਖਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸੁਖਵਿੰਦਰ ਮੋਗਾ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਹੁਣ ਕੈਨੇਡਾ ਵਿੱਚ ਰਹਿੰਦਾ ਹੈ। ਕੁਝ ਦਿਨ ਪਹਿਲਾਂ ਹੀ ਪੰਜਾਬ ਆਇਆ ਸੀ।

ਮੀਡੀਆ ਵਿੱਚ ਪਰਿਵਾਰ ਦੇ ਦਿੱਤੇ ਬਿਆਨਾਂ ਮੁਤਾਬਕ, ਇੰਦਰ ਕੌਰ ਸੁਖਵਿੰਦਰ ਦੇ ਕੈਨੇਡਾ ਜਾਣ ਤੋਂ ਪਹਿਲਾਂ ਉਸ ਨੂੰ ਮਿਲਣ ਗਈ ਸੀ, ਪਰ ਘਰ ਨਹੀਂ ਪਰਤੀ।

ਪਰਿਵਾਰ ਨੇ ਸੁਖਵਿੰਦਰ ਸਿੰਘ 'ਤੇ ਸ਼ੱਕ ਜਤਾਉਂਦਿਆਂ ਪੁਲਿਸ ਨੂੰ ਇਤਲਾਹ ਦਿੱਤੀ। ਮੀਡੀਆ ਨੂੰ ਦਿੱਤੇ ਬਿਆਨਾਂ ਵਿੱਚ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਸੁਖਵਿੰਦਰ ਸਿੰਘ ਅਤੇ ਇੰਦਰ ਕੌਰ ਕਈ ਸਾਲਾਂ ਤੋਂ ਇੱਕ ਦੂਜੇ ਨਾਲ ਰਿਸ਼ਤੇ ਵਿੱਚ ਸਨ। ਪਰਿਵਾਰ ਉਨ੍ਹਾਂ ਦੇ ਰਿਸ਼ਤੇ ਤੋਂ ਰਾਜ਼ੀ ਸੀ ਅਤੇ ਦੋਵਾਂ ਦਾ ਵਿਆਹ ਕਰਨਾ ਸੀ।

ਇੰਦਰ ਕੌਰ ਦੇ ਭਰਾ ਜੋਤਇੰਦਰ ਸਿੰਘ ਨੇ ਇਕ ਮੀਡੀਆ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਸੁਖਵਿੰਦਰ ਦਾ ਉਨ੍ਹਾਂ ਦੇ ਪਰਿਵਾਰ ਵਿੱਚ ਵੀ ਆਉਣ-ਜਾਣਾ ਸੀ ਅਤੇ ਕਦੇ ਵੀ ਸੁਖਵਿੰਦਰ ਦੇ ਗਲਤ ਇਰਾਦੇ ਬਾਰੇ ਉਨ੍ਹਾਂ ਨੂੰ ਸ਼ੱਕ ਨਹੀਂ ਹੋਇਆ ਪਰ ਹੁਣ ਉਨ੍ਹਾਂ ਨੂੰ ਪਤਾ ਲੱਗ ਰਿਹਾ ਹੈ ਕਿ ਸੁਖਵਿੰਦਰ ਸਿੰਘ ਪਹਿਲਾਂ ਹੀ ਵਿਆਹਿਆ ਹੋਇਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)