ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਹੀਟ ਵੇਵ ਕਰਕੇ ਤਾਪਮਾਨ 47 ਡਿਗਰੀ ਤੱਕ ਪਹੁੰਚਿਆ, ਆਉਣ ਵਾਲੇ ਦਿਨਾਂ ਲਈ ਕੀ ਚੇਤਾਵਨੀ ਹੈ

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ 45 ਡਿਗਰੀ ਤੋਂ ਪਾਰ ਹੋ ਸਕਦਾ ਹੈ
    • ਲੇਖਕ, ਚਰਨਜੀਤ ਕੌਰ ਅਤੇ ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਇਸ ਸਮੇਂ ਗਰਮੀ ਨੇ ਤੀਬਰ ਰੂਪ ਧਾਰਨ ਕਰ ਲਿਆ ਹੈ। ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਚਲਾ ਗਿਆ ਹੈ ਅਤੇ ਇਸ ਨੂੰ ਹੀਟ ਵੇਵ ਕਹਿੰਦੇ ਹਨ।

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ 45 ਡਿਗਰੀ ਤੋਂ ਪਾਰ ਹੋ ਸਕਦਾ ਹੈ।

ਸੋਮਵਾਰ ਨੂੰ ਬਠਿੰਡਾ ਵਿੱਚ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ, ਜੋ ਨਾ ਸਿਰਫ਼ ਦਿਨ ਦਾ ਤਾਪਮਾਨ ਵਧਾ ਰਿਹਾ ਹੈ, ਸਗੋਂ ਰਾਤਾਂ ਵੀ ਪਹਿਲਾਂ ਨਾਲੋਂ ਜ਼ਿਆਦਾ ਗਰਮ ਹੋ ਰਹੀਆਂ ਹਨ।

18 ਮਈ ਦੇ ਮੁਕਾਬਲੇ 19 ਮਈ ਨੂੰ ਤਾਪਮਾਨ ਵਿੱਚ 2.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜੋ ਆਮ ਤਾਪਮਾਨ ਨਾਲੋਂ ਲਗਭਗ 3 ਡਿਗਰੀ ਵੱਧ ਹੈ।

ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਦੇਸ਼ ਦੇ ਕਈ ਹਿੱਸਿਆਂ ਲਈ ਹੀਟ ਵੇਵ ਅਤੇ ਲੂ ਦੀ ਚੇਤਾਵਨੀ ਜਾਰੀ ਕੀਤੀ ਹੈ।

ਮੌਸਮ ਵਿਭਾਗ ਮੁਤਾਬਕ ਅਗਲੇ ਇੱਕ ਹਫ਼ਤੇ ਤੱਕ "ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ ਗਰਮ ਤੇ ਖੁਸ਼ਕ ਹਵਾਵਾਂ ਜਾਰੀ ਰਹਿਣ ਦੀ ਸੰਭਾਵਨਾ ਹੈ।"

ਹੀਟ ਵੇਵ ਕੀ ਹੁੰਦੀ ਹੈ?

ਹੀਟ ਵੇਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਦਾਨੀ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਵੱਧ ਹੁੰਦਾ ਹੈ ਤਾਂ ਇਸ ਨੂੰ ਹੀਟ ਵੇਵ ਐਲਾਨ ਦਿੱਤਾ ਜਾਂਦਾ ਹੈ (ਸੰਕੇਤਕ ਤਸਵੀਰ)

ਹੀਟ ਵੇਵ ਦਾ ਮਤਲਬ ਵੱਖ ਵੱਖ ਇਲਾਕਿਆਂ ਲਈ ਵੱਖ ਵੱਖ ਹੁੰਦਾ ਹੈ। ਮੌਸਮ ਮਹਿਕਮੇ ਮੁਤਾਬਕ ਜਦੋਂ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਵੱਧ ਅਤੇ ਪਹਾੜੀ ਇਲਾਕਿਆਂ ਵਿੱਚ ਤਾਪਮਾਨ 30 ਡਿਗਰੀ ਤੋਂ ਪਾਰ ਹੁੰਦਾ ਹੈ ਤਾਂ ਇਸ ਨੂੰ ਹੀਟ ਵੇਵ ਐਲਾਨ ਦਿੱਤਾ ਜਾਂਦਾ ਹੈ।

ਤੱਟਵਰਤੀ ਇਲਾਕਿਆਂ ਵਿੱਚ 37 ਡਿਗਰੀ ਸੈਲਸੀਅਸ 'ਤੇ ਹੀਟ ਵੇਵ ਐਲਾਨੀ ਜਾਂਦੀ ਹੈ।

ਜੇਕਰ ਇਲਾਕੇ ਦਾ ਤਾਪਮਾਨ, ਔਸਤਨ ਤਾਪਮਾਨ ਤੋਂ 4.5 ਡਿਗਰੀ ਸੈਲਸੀਅਸ ਤੋਂ 6.4 ਡਿਗਰੀ ਸੈਲਸੀਅਸ ਤੱਕ ਵੱਧ ਜਾਵੇ ਤਾਂ ਉਸ ਨੂੰ ਹੀਟ ਵੇਵ ਜਾਂ ਲੂ ਲੱਗਣਾ ਕਿਹਾ ਜਾਂਦਾ ਹੈ ਅਤੇ ਜੇਕਰ ਤਾਪਮਾਨ ਔਸਤਨ ਤਾਪਮਾਨ ਤੋਂ 6.4 ਡਿਗਰੀ ਸੈਲਸੀਅਸ ਤੋਂ ਵੀ ਵੱਧ ਜਾਵੇ ਤਾਂ ਉਸ ਨੂੰ ਗੰਭੀਰ ਲੂ ਚੱਲਣਾ ਕਹਿੰਦੇ ਹਨ।

ਹੀਟ ਵੇਵ ਦੇ ਔਰੇਂਜ ਅਤੇ ਯੈਲੋ ਅਲਰਟ ਦਾ ਕੀ ਮਤਲਬ

ਪੰਜਾਬ ਵਿੱਚ 19 ਅਤੇ 20 ਮਈ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 21 ਤੋਂ 24 ਮਈ ਤੱਕ ਯੈਲੋ ਅਲਰਟ ਰਹੇਗਾ। ਔਰੇਂਜ ਅਲਰਟ ਦਾ ਮਤਲਬ ਹੈ ਕਿ ਮੌਸਮ ਗੰਭੀਰ ਹੋ ਸਕਦਾ ਹੈ ਅਤੇ ਤਿਆਰੀ ਲਾਜ਼ਮੀ ਹੈ, ਜਦਕਿ ਯੈਲੋ ਅਲਰਟ ਸਾਵਧਾਨ ਰਹਿਣ ਦੀ ਚੇਤਾਵਨੀ ਹੁੰਦੀ ਹੈ।

ਔਰੇਂਜ ਅਲਰਟ ਉਸ ਵੇਲੇ ਜਾਰੀ ਕੀਤਾ ਜਾਂਦਾ ਹੈ ਜਦੋਂ ਮੌਸਮ ਅਜੇ ਜ਼ਿਆਦਾ ਖ਼ਰਾਬ ਨਹੀਂ ਹੋਇਆ ਹੁੰਦਾ ਪਰ ਨੇੜਲੇ ਭਵਿੱਖ ਵਿੱਚ ਉਸ ਦੇ ਖ਼ਰਾਬ ਹੋਣ ਦੀ ਸੰਭਾਵਨਾ ਹੁੰਦੀ ਹੈ।

ਯੈਲੋ ਅਲਰਟ ਦਾ ਮਤਲਬ ਇੱਕ ਤਰ੍ਹਾਂ ਦਾ ਸਾਵਧਾਨ ਅਤੇ ਸੁਚੇਤ ਰਹਿਣ ਦਾ ਅਲਰਟ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਖ਼ਤਰਾ ਤਾਂ ਹੈ ਪਰ ਘਬਰਾਉਣ ਦੀ ਲੋੜ ਨਹੀਂ ਬਲਕਿ ਸੁਚੇਤ ਹੋਣ ਦਾ ਸਮਾਂ ਹੈ।

ਚੰਡੀਗੜ ਸਥਿਤ ਮੌਸਮ ਵਿਭਾਗ ਮੁਤਾਬਕ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਪੱਛਮੀ ਜ਼ਿਲ੍ਹਿਆਂ ਵਿੱਚ ਇਸਦਾ ਵੱਧ ਅਸਰ ਵੇਖਣ ਨੂੰ ਮਿਲੇਗਾ।

ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਪੱਛਮੀ ਜ਼ਿਲ੍ਹਿਆਂ ਜਿਵੇਂ ਫਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ, ਮਾਨਸਾ, ਸੰਗਰੂਰ, ਤਰਨ ਤਾਰਨ ਅਤੇ ਅੰਮ੍ਰਿਤਸਰ ਵਿੱਚ ਤਾਪਮਾਨ 45 ਡਿਗਰੀ ਤੱਕ ਪਹੁੰਚ ਸਕਦਾ ਹੈ। ਇਸੇ ਤਰ੍ਹਾਂ ਹਰਿਆਣਾ ਦੇ ਸਿਰਸਾ ਅਤੇ ਹਿਸਾਰ ਸਭ ਤੋਂ ਵੱਧ ਪ੍ਰਭਾਵਿਤ ਰਹਿਣਗੇ।

ਕੁੜੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਵਿੱਚ 19 ਅਤੇ 20 ਮਈ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 21 ਤੋਂ 24 ਮਈ ਤੱਕ ਯੈਲੋ ਅਲਰਟ ਰਹੇਗਾ (ਸੰਕੇਤਕ ਤਸਵੀਰ)

ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ, "ਪਿਛਲੇ 48 ਘੰਟਿਆਂ ਵਿੱਚ ਤਾਪਮਾਨ ਲਗਾਤਾਰ ਵਧਿਆ ਹੈ। ਬਠਿੰਡਾ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਲੂ ਦੀ ਸਥਿਤੀ ਹੈ। ਅਗਲੇ ਦੋ-ਤਿੰਨ ਦਿਨ ਸਥਿਤੀ ਜਿਓਂ ਦੀ ਤਿਓਂ ਬਰਕਰਾਰ ਰਹੇਗੀ।"

"ਪੰਜਾਬ ਦੇ ਪੱਛਮੀ ਹਿੱਸੇ ਵਿੱਚ ਤਾਪਮਾਨ 45 ਡਿਗਰੀ ਤੋਂ ਵੱਧ ਵੀ ਹੋ ਸਕਦਾ ਹੈ। ਬਠਿੰਡਾ ਵਿੱਚ ਤਾਂ 47 ਡਿਗਰੀ ਤੱਕ ਪਹੁੰਚ ਵੀ ਚੁੱਕਿਆ ਅਤੇ ਹਰਿਆਣਾ ਦੇ ਸਿਰਸਾ ਵਿੱਚ ਤਾਪਮਾਨ 46 ਡਿਗਰੀ ਤੋਂ ਪਾਰ ਪਹੁੰਚ ਚੁੱਕਿਆ। ਆਉਣ ਵਾਲੇ ਦਿਨਾਂ ਵਿੱਚ ਹੀਟ ਵੇਵ ਦੀ ਸਥਿਤੀ ਹੋਰ ਗੰਭੀਰ ਹੋਵੇਗੀ।"

ਉਨ੍ਹਾਂ ਇਹ ਵੀ ਦੱਸਿਆ, "ਪੰਜਾਬ ਅਤੇ ਹਰਿਆਣਾ ਵਿੱਚ ਫਿਲਹਾਲ ਗਰਮੀ ਤੋਂ ਨਿਜਾਤ ਨਹੀਂ ਮਿਲਦੀ ਨਜ਼ਰ ਆ ਰਹੀ ਪਰ ਆਉਣ ਵਾਲੇ ਦਿਨਾਂ ਵਿੱਚ ਕੁਝ ਮੌਸਮੀ ਗੜਬੜੀ ਕਰਕੇ ਹਿਮਾਚਲ ਅਤੇ ਜੰਮੂ ਵਿੱਚ ਮੌਸਮ ਬਦਲਣ ਦੀ ਸੰਭਾਵਨਾ ਹੈ ਅਤੇ ਉਸ ਦਾ ਕੁਝ ਅਸਰ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਨਜ਼ਰ ਆ ਸਕਦਾ ਹੈ।"

ਪਾਣੀ ਪੀਂਦੀ ਕੁਝ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਰਮੀਆਂਵਿੱਚ ਲਗਾਤਾਰ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ (ਸੰਕੇਤਕ ਤਸਵੀਰ)

ਕਿਹੜੇ ਇਹਤਿਆਤ ਵਰਤਣੇ ਚਾਹੀਦੇ ਹਨ

ਸੁਰਿੰਦਰ ਪਾਲ ਮੁਤਾਬਕ ਆਉਣ ਵਾਲੇ 2-3 ਦਿਨਾਂ ਦੌਰਾਨ ਖ਼ਾਸ ਕਰਕੇ ਦਿਨ ਵੇਲੇ ਖੁਦ ਨੂੰ ਸੁਰੱਖਿਅਤ ਰੱਖਿਆ ਜਾਵੇ। ਲੋੜ ਨਾ ਹੋਣ ਉੱਤੇ ਬਾਹਰ ਨਿਕਲਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ।

ਇੱਕ ਮਨੁੱਖੀ ਸਰੀਰ ਉੱਤੇ ਹੀਟ ਵੇਵ ਦੇ ਮਾੜੇ ਪ੍ਰਭਾਵਾਂ ਬਾਰੇ ਗੱਲ ਕਰਦੇ ਐੱਮਬੀਬੀਐੱਸ ਐੱਮਡੀ ਪੀਡੀਆਟ੍ਰਿਕਸ ਡਾ. ਮਨੂ ਸ਼ਰਮਾ ਕਹਿੰਦੇ ਹਨ ਵੱਧਦੀ ਗਰਮੀ ਵਿੱਚ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਡੀਹਾਈਡ੍ਰੇਸ਼ਨ ਭਾਵ ਪਾਣੀ ਦੀ ਘਾਟ।

ਇਸ ਲਈ ਜੇਕਰ ਗਰਮੀ ਤੋਂ ਬਚਣਾ ਹੈ ਤਾਂ ਆਪਣੇ ਆਪ ਨੂੰ ਹਾਈਡ੍ਰੇਟ ਰੱਖਣਾ ਲਾਜ਼ਮੀ ਹੈ, ਮਤਲਬ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦੇਣਾ।

ਗਰਮੀ ਦੌਰਾਨ ਸਾਡੇ ਸਰੀਰ ਵਿੱਚੋਂ ਪਾਣੀ ਪਸੀਨੇ ਰਾਹੀਂ ਪਾਣੀ ਨਿਕਲਦਾ ਰਹਿੰਦਾ ਹੈ ਅਤੇ ਰੈਸਪੀਰੇਟਰੀ ਲੌਸ ਵੀ ਹੁੰਦਾ ਰਹਿੰਦਾ ਹੈ, ਇਸ ਲਈ ਸਾਡਾ ਸਰੀਰ ਸਹਿਜ ਡੀਹਾਈਡ੍ਰੇਟ ਸਟੇਟ ਵਿੱਚ ਰਹਿੰਦਾ ਹੈ ਮਤਲਬ ਪਾਣੀ ਦੀ ਮਾਤਰਾ ਘੱਟਦੀ ਰਹਿੰਦੀ ਹੈ।

ਇਸ ਲਈ ਜ਼ਰੂਰੀ ਹੈ ਕਿ ਸਖਤ ਗਰਮੀ ਦੌਰਾਨ ਹਰ ਵਿਅਕਤੀ ਆਪਣੇ ਕੋਲ ਪਾਣੀ ਦੀ ਇੱਕ ਬੋਤਲ ਜ਼ਰੂਰ ਰੱਖੇ ਅਤੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਪਾਣੀ ਪੀਂਦਾ ਰਹੇ।

ਇਸ ਤੋਂ ਇਲਾਵਾ ਗਰਮੀ ਦੌਰਾਨ ਜ਼ਰੂਰੀ ਹੁੰਦਾ ਹੈ ਪਿਸ਼ਾਬ ਨਿਕਾਸੀ ਵੱਲ ਧਿਆਨ ਦੇਣਾ, ਜੇਕਰ ਕੋਈ ਵਿਅਕਤੀ ਸਖ਼ਤ ਗਰਮੀ ਦੌਰਾਨ ਪਿਸ਼ਾਬ ਵਾਰ-ਵਾਰ ਕਰ ਰਿਹਾ ਹੈ ਤਾਂ ਮਤਲਬ ਉਸਦੇ ਅੰਦਰ ਪਾਣੀ ਦੀ ਮਾਤਰਾ ਚੰਗੀ ਹੈ, ਪਰ ਜੇਕਰ ਪਿਸ਼ਾਬ ਘੱਟ ਆ ਰਿਹਾ ਹੈ ਤਾਂ ਇਸਦਾ ਮਤਲਬ ਹੈ ਕਿ ਤੁਸੀਂ ਪਾਣੀ ਨਹੀਂ ਪੀ ਰਹੇ ਹੋ, ਹਰ 6-8 ਘੰਟੇ ਵਿੱਚ ਪਿਸ਼ਾਬ ਆਉਣਾ ਜ਼ਰੂਰੀ ਹੈ।

ਜਿਹੜੇ ਕਾਮੇ ਧੁੱਪ ਵਿੱਚ ਕੰਮ ਕਰਦੇ ਹਨ, ਉਹਨਾਂ ਲਈ ਜ਼ਰੂਰੀ ਹੈ ਕਿ ਉਹ 4-6 ਲੀਟਰ ਪਾਣੀ ਇੱਕ ਦਿਨ ਵਿੱਚ ਪੀਣ ਤਾਂ ਜੋ ਉਹ ਗਰਮੀ ਦੇ ਮਾੜੇ ਪ੍ਰਭਾਵਾਂ ਤੋਂ ਬਚ ਸਕਣ।

ਪਾਣੀ

ਤਸਵੀਰ ਸਰੋਤ, Getty Images

ਗਰਮੀ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ

  • ਪਾਣੀ ਵੱਧ ਤੋਂ ਵੱਧ ਪੀਓ, ਪਿਆਸ ਨਾ ਲੱਗੇ ਤਾਂ ਵੀ ਥੋੜ੍ਹਾ-ਥੋੜ੍ਹਾ ਕਰਕੇ ਪਾਣੀ ਪੀਂਦੇ ਰਹੋ।
  • 35 ਡਿਗਰੀ ਤੋਂ ਵੱਧ ਤਾਪਮਾਨ ਹੋਣ 'ਤੇ ਸਵੇਰੇ 11 ਵਜੇ ਤੋਂ 4 ਵਜੇ ਤੱਕ ਬਾਹਰ ਨਾ ਨਿਕਲੋ। ਜੇਕਰ ਨਿਕਲਣਾ ਹੈ ਤਾਂ ਸਿਰ, ਮੂੰਹ ਅਤੇ ਸਰੀਰ ਢੱਕ ਕੇ ਰੱਖੋ। ਹੋ ਸਕੇ ਤਾਂ ਕੋਈ ਵੀ ਐੱਸਪੀਐੱਫ 50 ਵਾਲੀ ਸਨਸਕ੍ਰੀਨ ਕਰੀਮ ਜਾਂ ਨਾਰੀਅਲ ਦਾ ਤੇਲ ਲਗਾ ਲਓ।
  • ਪਾਣੀ ਨਾਲ ਭਰਪੂਰ ਫਲ ਖਾਓ।
  • ਹਲਕਾ ਭੋਜਨ ਕਰੋ, ਮਸਾਲੇ ਜਾਂ ਤਲੇ ਹੋਏ ਪਦਾਰਥਾਂ ਦਾ ਸੇਵਨ ਨਾ ਕਰੋ
ਬੱਚੇ ਪਾਣੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੱਚਿਆਂ ਦਾ ਮਾਪਿਆਂ ਨੂੰ ਖ਼ਾਸ ਰੱਖਣਾ ਪੈਂਦਾ ਹੈ (ਸੰਕੇਤਕ ਤਸਵੀਰ)

ਬੱਚਿਆਂ ਨੂੰ ਗਰਮੀ ਤੋਂ ਕਿਵੇਂ ਬਚਾਉਣਾ

ਐੱਮਬੀਬੀਐੱਸ ਐੱਮਡੀ ਪੀਡੀਆਟ੍ਰਿਕਸ ਡਾ. ਮਨੂ ਸ਼ਰਮਾ ਮੁਤਾਬਕ, "ਬੱਚਿਆਂ ਵਿੱਚ ਇੰਸੈਂਸੀਬਲ ਲਾਸ (ਅਸਿੱਧਾ ਨੁਕਸਾਨ) ਦੇ ਮਾਮਲੇ ਜ਼ਿਆਦਾ ਦੇਖੇ ਜਾਂਦੇ ਹਨ, ਕਿਉਂਕਿ ਉਹ ਪਿਆਸ ਤੇ ਪਾਣੀ ਦੀ ਕਮੀ ਨੂੰ ਸਮਝਣ ਦੇ ਬਾਵਜੂਦ ਇਸ ਵੱਲ ਧਿਆਨ ਨਹੀਂ ਦਿੰਦੇ ਅਤੇ ਅਕਸਰ ਬਿਨਾਂ ਪਾਣੀ ਪੀਏ ਲਗਾਤਾਰ ਖੇਡਦੇ ਰਹਿੰਦੇ ਹਨ।"

"ਇਸ ਲਈ ਬੱਚਿਆਂ ਵਿੱਚ ਹੋਣ ਵਾਲੀ ਡੀਹਾਈਡ੍ਰੇਸ਼ਨ ਦਾ ਧਿਆਨ ਮਾਪਿਆਂ ਨੂੰ ਖ਼ਾਸ ਤੌਰ 'ਤੇ ਰੱਖਣਾ ਪੈਂਦਾ ਹੈ।"

ਜਦੋਂ ਬਾਹਰ ਤਾਪਮਾਨ 35 ਡਿਗਰੀ ਤੋਂ ਜ਼ਿਆਦਾ ਹੈ ਤਾਂ ਬੱਚਿਆਂ ਨੂੰ ਸਵੇਰੇ 11 ਤੋਂ ਵਜੇ ਸ਼ਾਮ ਦੇ 4 ਵਜੇ ਤੱਕ ਧੁੱਪ ਵਿੱਚ ਨਾ ਖੇਡਣ ਦਿਓ-

  • ਬੱਚਿਆਂ ਨੂੰ ਸੂਰਜ ਦੇ ਸਿੱਧੇ ਪ੍ਰਭਾਵ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ
  • ਬੱਚਿਆਂ ਨੂੰ ਭੁੱਖੇ ਅਤੇ ਪਿਆਸੇ ਨਾ ਰਹਿਣ ਦਿਓ
  • ਸੜਕਾਂ 'ਤੇ ਚਲਦੇ ਸਮੇਂ ਰੁੱਖਾਂ ਦੀ ਛਾਂ ਵਿੱਚ ਚੱਲਣਾ ਚਾਹੀਦਾ ਹੈ
  • ਬੱਚਿਆਂ ਨੂੰ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਪੀਣ ਲਈ ਪਾਣੀ ਦਿੰਦੇ ਰਹੋ
  • ਅਜਿਹੇ ਕੱਪੜੇ ਪਹਿਨਾਓ ਜੋ ਬੱਚਿਆਂ ਦੇ ਸਿਰ ਅਤੇ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਸਕਣ
  • ਓਆਰਐੱਸ ਦਾ ਘੋਲ ਵੀ ਬੱਚਿਆਂ ਨੂੰ ਪਿਲਾਇਆ ਜਾ ਸਕਦਾ ਹੈ
  • ਖਾਣ ਵਿੱਚ ਪਾਣੀ ਵਾਲੇ ਫਲ ਬੱਚਿਆਂ ਦੇ ਭੋਜਨ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ

ਜੇਕਰ ਬੱਚਿਆਂ ਨੂੰ ਧੁੱਪ ਵਿੱਚ ਲੈ ਕੇ ਜਾਣਾ ਬਹੁਤ ਲਾਜ਼ਮੀ ਹੈ ਤਾਂ ਉਹਨਾਂ ਦੀ ਚਮੜੀ 'ਤੇ ਨਾਰੀਅਲ ਦਾ ਤੇਲ/ਸਰੋਂ ਦਾ ਤੇਲ ਜਾਂ ਐੱਸਪੀਐੱਫ 50 ਵਾਲੀ ਸਨਸਕ੍ਰੀਨ ਕਰੀਮ ਵੀ ਲਗਾਈ ਜਾ ਸਕਦੀ ਹੈ

ਗਰਮੀ ਦੇ ਦਿਨਾਂ ਵਿੱਚ ਜੇਕਰ ਬੱਚੇ ਦੇ ਰੋਂਦੇ ਸਮੇਂ ਹੰਝੂ ਨਾ ਨਿਕਲਣ ਤਾਂ ਸਮਝ ਲਓ ਕੇ ਬੱਚੇ ਅੰਦਰ ਪਾਣੀ ਦੀ ਕਮੀ ਹੈ, ਇਸ ਲਈ ਤੁਰੰਤ ਬੱਚੇ ਨੂੰ ਪਾਣੀ ਜਾਂ ਓਆਰਐੱਸ ਦਿਓ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)