You’re viewing a text-only version of this website that uses less data. View the main version of the website including all images and videos.
ਕੈਂਸਰ ਬਾਰੇ ਜਦੋਂ ਇੱਕ ਮਹਿਲਾ ਨੂੰ ਆਪਣੇ ਸੁਫ਼ਨੇ ਤੋਂ ਪਤਾ ਲੱਗਿਆ- ਕੀ ਨੀਂਦ ਦੌਰਾਨ ਆਏ ਸੁਫ਼ਨੇ ਕੋਈ ਸੁਨੇਹਾ ਦੇ ਸਕਦੇ ਹਨ
- ਲੇਖਕ, ਕੇਟ ਬੋਈ
- ਰੋਲ, ਗਲੋਬਲ ਹੈਲਥ, ਬੀਬੀਸੀ ਵਰਲਡ ਸਰਵਿਸ
- ਪੜ੍ਹਨ ਦਾ ਸਮਾਂ: 9 ਮਿੰਟ
2011 'ਚ ਐਡੇਲਿਨ ਨੂੰ ਇੱਕ ਅਜਿਹਾ ਸੁਫ਼ਨਾ ਆਇਆ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ।
ਉਹ ਮਾਨਸਿਕ ਤੌਰ 'ਤੇ ਬੇਹੱਦ ਪਰੇਸ਼ਾਨ ਸਨ ਅਤੇ ਆਪਣੀ ਮਾਂ ਨੂੰ ਬਹੁਤ ਯਾਦ ਕਰਦੇ ਸਨ, ਜਿਨ੍ਹਾਂ ਦੀ ਮੌਤ ਤਿੰਨ ਸਾਲ ਪਹਿਲਾਂ ਹੋ ਚੁੱਕੀ ਸੀ।
ਹੌਂਗ ਕੌਂਗ ਦੇ ਰਹਿਣ ਵਾਲੇ ਐਡੇਲਿਨ (ਬਦਲਿਆ ਹੋਇਆ ਨਾਂਅ) ਕਹਿੰਦੇ ਹਨ, "ਇੱਕ ਰਾਤ ਉਹ ਮੈਨੂੰ ਸੁਫ਼ਨੇ 'ਚ ਦਿਖਾਈ ਦਿੱਤੇ।"
"ਮੈਨੂੰ ਯਾਦ ਹੈ ਮੈਂ ਉਨ੍ਹਾਂ ਨੂੰ ਕਿਹਾ,'ਮਾਂ, ਆਖਿਰ ਮੈਂ ਤੁਹਾਨੂੰ ਮਿਲ ਰਹੀ ਹਾਂ, ਤੁਸੀਂ ਕਿਵੇਂ ਹੋ? ਅਤੇ ਉਨ੍ਹਾਂ ਨੇ ਕਿਹਾ, 'ਮੈਂ ਠੀਕ ਹਾਂ ਪਰ ਮੈਂ ਤੈਨੂੰ ਕੁਝ ਦੱਸਣਾ ਚਾਹੁੰਦੀ ਹਾਂ- ਕਿਰਪਾ ਕਰਕੇ ਜਿੰਨੀ ਛੇਤੀ ਹੋ ਸਕਦਾ ਆਪਣਾ ਚੈੱਕਅਪ ਕਰਵਾਓ।"
ਐਡੇਲਿਨ ਕਹਿੰਦੇ ਹਨ ਕਿ ਉਨ੍ਹਾਂ ਨੇ ਇਸ 'ਸਖ਼ਤ ਸੁਨੇਹੇ' ਨੂੰ ਮੰਨਿਆ ਅਤੇ ਡਾਕਟਰ ਤੋਂ ਚੈੱਕਅਪ ਲਈ ਸਮਾਂ ਲਿਆ, ਜਿਸ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਨੂੰ ਪਹਿਲੀ ਸਟੇਜ ਦਾ ਕੈਂਸਰ ਹੈ ਜਿਸ ਦਾ ਇਲਾਜ ਸੰਭਵ ਹੈ ਕਿਉਂਕਿ ਸਮੇਂ ਸਿਰ ਇਸ ਬਾਰੇ ਪਤਾ ਲੱਗ ਗਿਆ ਸੀ।
ਐਡੇਲਿਨ ਕਹਿੰਦੇ ਹਨ, "ਮੈਂ ਬਹੁਤ ਧੰਨਵਾਦੀ ਹੈ, ਨਹੀਂ ਤਾਂ ਚੈੱਕਅਪ ਕਰਵਾਉਣ ਦੀ ਮੈਨੂੰ ਇੱਛਾ ਹੀ ਨਾ ਜਾਗਦੀ।"
ਵੱਖ-ਵੱਖ ਸਭਿਆਚਾਰਾਂ ਨਾਲ ਜੁੜੇ ਲੋਕ ਹਜ਼ਾਰਾਂ ਸਾਲਾਂ ਤੋਂ ਆਪਣੇ ਸੁਫ਼ਨਿਆਂ ਦਾ ਵਿਸ਼ਲੇਸ਼ਣ ਕਰਦੇ ਆ ਰਹੇ ਹਨ। ਪ੍ਰਾਚੀਨ ਮਿਸਰ, ਯੂਨਾਨੀ ਅਤੇ ਬੇਬੀਲੋਨਿਅਨ ਸਮਾਜ ਨਾਲ ਜੁੜੇ ਲੋਕ ਇਹ ਮੰਨਦੇ ਸਨ ਕਿ ਸੁਫ਼ਨੇ ਭਵਿੱਖਵਾਣੀ ਕਰ ਸਕਦੇ ਹਨ।
ਅਬ੍ਰਾਹਮਿਕ ਧਰਮਾਂ ਵਿੱਚ, ਰੱਬ ਵੱਲੋਂ ਭੇਜੇ ਗਏ ਸੁਫ਼ਨਿਆਂ ਨੂੰ "ਦੂਰਦਰਸ਼ੀ" ਮੰਨਿਆ ਜਾਂਦਾ ਹੈ। ਕੁਝ ਆਦਿਵਾਸੀ ਸਮੂਹਾਂ ਵਿੱਚ, ਸੁਫ਼ਨੇ ਆਤਮਿਕ ਸਹਾਇਕਾਂ ਦੀ ਮੁਲਾਕਾਤ ਵਜੋਂ ਵੇਖੇ ਜਾਂਦੇ ਹਨ।
ਐਡੇਲਿਨ ਕਹਿੰਦੇ ਹਨ ਕਿ ਉਹ ਰਵਾਇਤੀ ਚੀਨੀ ਵਿਸ਼ਵਾਸ ਬਾਰੇ ਜਾਣਦੇ ਸਨ ਕਿ ਪੂਰਵਜ ਸੁਫ਼ਨਿਆਂ ਰਾਹੀਂ ਸੁਨੇਹੇ ਦੇ ਸਕਦੇ ਹਨ ਪਰ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਉਨ੍ਹਾਂ ਦੇ ਨਾਲ ਵੀ ਹੋ ਸਕਦਾ ਹੈ।
ਸੁਫ਼ਨਿਆਂ ਪ੍ਰਤੀ ਇਹ ਦਿਲਚਸਪੀ ਹੁਣ ਆਨਲਾਈਨ ਪਹੁੰਚ ਗਈ ਹੈ। ਹੌਂਗ ਕੌਂਗ ਅਧਾਰਿਤ ਫੋਰਮ 'ਡਿਸਕਸ' ਦੇ ਯੂਜ਼ਰ ਸੁਫ਼ਨਿਆਂ ਦੀ ਵਿਆਖਿਆ ਕਰਨ ਦੇ ਆਪਣੇ ਤਰੀਕੇ ਸਾਂਝੇ ਕਰਦੇ ਹਨ ਜਦੋਂਕਿ ਸੈਂਕੜੇ ਰੈਡਿਟ ਯੂਜ਼ਰਸ ਆਪਣੇ ਸੁਫ਼ਨਿਆਂ ਦਾ ਵਿਸ਼ਲੇਸ਼ਣ ਕਰਨ ਲਈ ਚੈਟਜੀਪੀਟੀ ਦੀ ਵਰਤੋਂ ਕਰਨ ਬਾਰੇ ਦੱਸਦੇ ਹਨ।
ਪਰ ਐਡੇਲਿਨ ਵਰਗੇ ਸੁਫ਼ਨੇ ਸਾਨੂੰ ਕੀ ਦੱਸ ਸਕਦੇ ਹਨ ਅਤੇ ਵਿਗਿਆਨੀਆਂ ਅਤੇ ਮਨੋਵਿਗਿਆਨੀਆਂ ਮੁਤਾਬਕ ਸਾਨੂੰ ਇਨ੍ਹਾਂ ਨੂੰ ਕਿੰਨਾ ਮਹੱਤਵ ਦੇਣਾ ਚਾਹੀਦਾ ਹੈ?
ਅਸੀਂ ਸੁਫ਼ਨੇ ਕਿਉਂ ਦੇਖਦੇ ਹਾਂ ?
ਸਾਡੇ ਦਿਮਾਗ ਨੂੰ ਸੁਫ਼ਨੇ ਦੇਖਣਾ ਪਸੰਦ ਹੈ। ਯੂਕੇ ਦੇ ਇੰਪੀਰੀਅਲ ਕਾਲਜ ਲੰਡਨ ਦੇ ਨਿਊਰੋ ਵਿਗਿਆਨੀ ਡਾ. ਐਬੀਡੇਮੀ ਓਤਾਇਕੂ ਕਹਿੰਦੇ ਹਨ ਕਿ ਜਦੋਂ ਅਸੀਂ ਰੈਪਿਡ ਆਈ ਮੂਵਮੈਂਟ ਜਾਂ ਆਰਈਐਮ ਨੀਂਦ 'ਚ ਹੁੰਦੇ ਹਾਂ ਤਾਂ ਅਸੀਂ ਉਦੋਂ "ਲਗਭਗ ਯਕੀਨੀ ਤੌਰ 'ਤੇ ਸੁਫ਼ਨੇ ਦੇਖ ਰਹੇ ਹੁੰਦੇ ਹਾਂ।"
ਇਸ ਦਾ ਮਤਲਬ ਹੈ ਕਿ ਅਸੀਂ ਆਪਣੀ ਨੀਂਦ ਦਾ ਲਗਭਗ ਇੱਕ-ਤਿਹਾਈ ਹਿੱਸਾ ਸੁਫ਼ਨੇ ਦੇਖਦੇ ਹੋਏ ਬਿਤਾ ਸਕਦੇ ਹਾਂ।
ਅਸਲ ਵਿੱਚ, ਜੇ ਸਾਨੂੰ ਡੂੰਘੀ ਨੀਂਦ ਦੀ ਕਮੀ ਕਾਰਨ ਸੁਫ਼ਨੇ ਨਹੀਂ ਆਉਂਦੇ ਤਾਂ ਅਗਲੀ ਵਾਰ ਸਾਡਾ ਦਿਮਾਗ ਸਾਨੂੰ ਹੋਰ ਵੀ ਜ਼ਿਆਦਾ ਜੀਵੰਤ ਸੁਫ਼ਨੇ ਦਿਖਾਉਂਦਾ ਹੈ, ਇਸ ਪ੍ਰਕਿਰਿਆ ਨੂੰ ਆਰਈਐਮ ਰੀਬਾਊਂਡ ਕਿਹਾ ਜਾਂਦਾ ਹੈ।
ਓਤਾਇਕੂ ਸਮਝਾਉਂਦੇ ਹਨ, "ਸਰੀਰ ਵਾਕਈ ਸੁਫ਼ਨੇ ਦੇਖਣਾ ਚਾਹੁੰਦਾ ਹੈ ਅਤੇ ਮੌਕਾ ਮਿਲਣ 'ਤੇ ਇਹ ਇਸ ਦੀ ਭਰਪਾਈ ਕਰਦਾ ਹੈ।"
ਅਸੀਂ ਕਿਉਂ ਸੌਂਦੇ ਹਾਂ, ਇਹ ਵਿਗਿਆਨ ਲਈ ਅਜੇ ਵੀ ਇੱਕ ਰਹੱਸ ਹੈ। ਵੱਡੇ ਪੱਧਰ 'ਤੇ, ਖੋਜਕਰਤਾ ਮੰਨਦੇ ਹਨ ਕਿ ਨੀਂਦ ਦਿਮਾਗ ਨੂੰ ਤਰੋ-ਤਾਜ਼ਾ ਕਰਨ ਵਿੱਚ ਮਦਦ ਕਰਦੀ ਹੈ ਅਤੇ ਇਸ ਨੂੰ ਦਿਨ ਭਰ ਦੀਆਂ ਯਾਦਾਂ ਛਾਂਟਣ ਲਈ ਸਮਾਂ ਦਿੰਦੀ ਹੈ।
ਸਕੈਨ ਇਹ ਦਿਖਾਉਂਦੇ ਹਨ ਕਿ ਨੀਂਦ ਦੌਰਾਨ ਸਾਡੇ ਦਿਮਾਗ ਦੀ ਸੈਟਿੰਗ ਬਦਲ ਜਾਂਦੀ ਹੈ, ਜਿਸ ਨਾਲ ਅਸੀਂ ਸੁਫ਼ਨਿਆਂ ਨੂੰ ਉਸ ਵੇਲੇ ਵੱਖਰੇ ਢੰਗ ਨਾਲ ਮਹਿਸੂਸ ਕਰਦੇ ਹਾਂ।
ਜਦੋਂ ਅਸੀਂ ਸੁਫ਼ਨੇ ਦੇਖਦੇ ਹਾਂ ਤਾਂ ਸਾਡੇ ਫਰੰਟਲ ਲੋਬਜ਼, ਜੋ ਸਾਨੂੰ ਤਰਕਸੰਗਤ ਬਣਾਉਂਦੇ ਹਨ, "ਬਹੁਤ ਹੱਦ ਤੱਕ ਗੈਰ-ਕਿਰਿਆਸ਼ੀਲ" ਹੋ ਜਾਂਦੇ ਹਨ। ਇਸੇ ਵੇਲੇ, ਲਿੰਬਿਕ ਸਿਸਟਮ, ਜੋ ਭਾਵਨਾਵਾਂ ਨਾਲ ਜੁੜਿਆ ਹੁੰਦਾ ਹੈ, ਬਹੁਤ ਜ਼ਿਆਦਾ ਸਰਗਰਮ ਹੁੰਦਾ ਹੈ।
ਓਤਾਇਕੂ ਕਹਿੰਦੇ ਹਨ, "ਇਹੀ ਕਾਰਨ ਹੈ ਕਿ ਸਾਡੇ ਸੁਫ਼ਨੇ ਅਕਸਰ ਬਹੁਤ ਅਜੀਬ ਹੁੰਦੇ ਹਨ ਅਤੇ ਵਧੇਰੇ ਸਮਝ ਨਹੀਂ ਆਉਂਦੇ।"
ਕੀ ਸੁਫ਼ਨੇ ਸਾਨੂੰ ਫੈਸਲੇ ਲੈਣ ਵਿੱਚ ਮਦਦ ਕਰਦੇ ਹਨ?
ਖੋਜ ਸੁਝਾਉਂਦੀ ਹੈ ਕਿ ਸਾਨੂੰ ਜੋ ਸੁਫ਼ਨੇ ਆਉਂਦੇ ਹਨ, ਉਹ ਜਾਗਣ ਤੋਂ ਬਾਅਦ ਸਾਨੂੰ ਬਿਹਤਰ ਫੈਸਲੇ ਲੈਣ ਲਈ ਪ੍ਰੇਰਿਤ ਕਰਦੇ ਹਨ।
ਇੱਕ ਅਧਿਐਨ ਮੁਤਾਬਕ, ਉਹ ਲੋਕ ਜੋ ਪਹਿਲਾਂ ਸਿਗਰਟ ਪੀਂਦੇ ਸਨ ਅਤੇ ਸੁਫ਼ਨੇ ਵਿੱਚ ਧੂਮਰਪਾਨ ਦੇਖਦੇ ਸਨ, ਉਹ ਮੁੜ ਉਸ ਆਦਤ ਵਿੱਚ ਘੱਟ ਵਾਪਸ ਗਏ। ਇਸੇ ਤਰ੍ਹਾਂ ਦਾ ਅਸਰ ਤਲਾਕਸ਼ੁਦਾ ਲੋਕਾਂ ਵਿੱਚ ਵੀ ਵੇਖਿਆ ਗਿਆ, ਜਿਨ੍ਹਾਂ ਨੇ ਆਪਣੇ ਪੁਰਾਣੇ ਸਾਥੀ ਬਾਰੇ ਸੁਫ਼ਨੇ ਦੇਖੇ, ਉਹ ਇੱਕ ਸਾਲ ਬਾਅਦ ਮਨੋਵਿਗਿਆਨਕ ਤੌਰ 'ਤੇ ਹੋਰ ਸਿਹਤਮੰਦ ਸਨ।
ਅਮਰੀਕਾ ਦੇ ਸੁਫ਼ਨਿਆਂ ਦੇ ਖੋਜਕਰਤਾ ਅਤੇ ਮਨੋਵਿਗਿਆਨੀ ਡਾ. ਡਿਲਨ ਸੈਲਟਰਮੈਨ ਕਹਿੰਦੇ ਹਨ, "ਉਹ ਇੱਕ ਅਜਿਹੀ ਚੀਜ਼ 'ਤੇ ਕੰਮ ਕਰ ਰਹੇ ਹਨ ਜੋ ਭਾਵਨਾਤਮਕ ਤੌਰ 'ਤੇ ਮੁਸ਼ਕਿਲ ਹੈ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਸੁਫ਼ਨਾ ਸਕਾਰਾਤਮਕ ਹੈ ਜਾਂ ਨਕਾਰਾਤਮਕ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।"
ਦਰਅਸਲ, ਦੋਵੇਂ ਅਧਿਐਨਾਂ ਨੇ ਦਿਖਾਇਆ ਕਿ ਕਈ ਵਾਰ ਨਕਾਰਾਤਮਕ ਸੁਫ਼ਨੇ ਵੀ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਮਦਦ ਕਰਦੇ ਹਨ।
ਸੈਲਟਰਮੈਨ ਸਮਝਾਉਂਦੇ ਹਨ, "ਤੁਸੀਂ ਇਸ 'ਚੋਂ ਲੰਘ ਰਹੇ ਹੋ ਅਤੇ ਇਸ ਨਾਲ ਰਚਨਾਤਮਕ ਢੰਗ ਨਾਲ ਨਜਿੱਠ ਰਹੇ ਹੋ।"
ਸੁਫ਼ਨੇ ਸਾਨੂੰ ਸਮੱਸਿਆਵਾਂ ਹੱਲ ਕਰਨ ਵਿੱਚ ਵੀ ਮਦਦ ਕਰ ਸਕਦੇ ਹਨ। ਹਾਰਵਰਡ ਦੇ ਇੱਕ ਅਧਿਐਨ 'ਚ ਪਤਾ ਲੱਗਿਆ ਕਿ ਜਿਨ੍ਹਾਂ ਭਾਗੀਦਾਰਾਂ ਨੇ ਭੁੱਲਭੁੱਲੀਆ ਬਾਰੇ ਸੁਫ਼ਨਾ ਦੇਖਿਆ ਉਹ ਇਸ ਨੂੰ ਹੱਲ ਕਰਨ 'ਚ ਚੰਗਾ ਪ੍ਰਦਰਸ਼ਨ ਕਰ ਸਕੇ।
ਸੈਲਟਰਮੈਨ ਕਹਿੰਦੇ ਹਨ ਕਿ ਅਜਿਹਾ ਸ਼ਾਇਦ ਇਸ ਲਈ ਹੋਇਆ ਕਿਉਂਕਿ ਦਿਮਾਗ ਨੂੰ ਸਮੱਸਿਆ ਦਾ ਮੁਲਾਂਕਣ ਕਰਨ ਲਈ ਵਧੇਰੇ ਸਮਾਂ ਮਿਲਦਾ ਹੈ ਅਤੇ ਸੁਫ਼ਨੇ ਸਮੱਸਿਆ ਨੂੰ ਹੋਰ ਰਚਨਾਤਮਕ ਨਜ਼ਰੀਏ ਨਾਲ ਦੇਖਣ ਵਿੱਚ ਮਦਦ ਕਰਦੇ ਹਨ।
ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਇਹ ਅਚਾਨਕ ਪ੍ਰੇਰਣਾ ਦੀ ਤਰ੍ਹਾਂ ਆ ਸਕਦਾ ਹੈ ਜਿਸ ਬਾਰੇ ਅਸੀਂ ਦਿਨ ਸਮੇਂ ਜਾਗਦੇ ਹੋਏ ਸੋਚ ਰਹੇ ਸੀ।
ਸੈਲਟਰਮੈਨ ਕਹਿੰਦੇ ਹਨ, "ਸੁਫ਼ਨਾ ਉਸ ਦਿਸ਼ਾ 'ਚ ਇੱਕ ਛੋਟਾ ਜਿਹਾ ਕਿਕਸਟਾਰਟ (ਪੁਸ਼) ਹੋ ਸਕਦਾ ਹੈ।"
ਕੀ ਸੁਫ਼ਨੇ ਤੁਹਾਡੇ ਅਸਲ ਜਜ਼ਬਾਤ ਦੱਸ ਸਕਦੇ ਹਨ?
ਇਹ ਜ਼ਰੂਰੀ ਨਹੀਂ ਕਿ ਸੁਫ਼ਨੇ ਲੁਕੇ ਹੋਏ ਜਾਂ ਅਸਲ ਜਜ਼ਬਾਤ ਦਰਸਾਉਂਦੇ ਹੋਣ, ਸਿਰਫ਼ ਇਹ ਦੱਸਦੇ ਹਨ ਕਿ ਸੌਂਦੇ ਸਮੇਂ ਤੁਹਾਡਾ ਦਿਮਾਗ ਉਨ੍ਹਾਂ ਚੀਜ਼ਾਂ ਵਿੱਚ ਦਿਲਚਸਪੀ ਰੱਖਦਾ ਹੈ ਜਿਨ੍ਹਾਂ ਦੀ ਤੁਹਾਨੂੰ ਜਾਗਦੇ ਸਮੇਂ ਪਰਵਾਹ ਹੁੰਦੀ ਹੈ।
ਸੈਲਟਰਮੈਨ ਕਹਿੰਦੇ ਹਨ ਕਿ ਉਹਨਾਂ ਨੇ ਅਜਿਹੇ ਲੋਕ ਵੀ ਵੇਖੇ ਹਨ ਜਿਨ੍ਹਾਂ ਨੇ ਸੁਫ਼ਨਿਆਂ ਕਾਰਨ ਆਪਣੇ ਸਾਥੀਆਂ ਨਾਲ ਰਿਸ਼ਤਾ ਤੋੜ ਦਿੱਤਾ ਪਰ ਉਹ ਲੋਕ ਪਹਿਲਾਂ ਹੀ ਆਪਣੇ ਰਿਸ਼ਤਿਆਂ ਵਿੱਚ ਸਮੱਸਿਆਵਾਂ ਬਾਰੇ ਦੱਸ ਚੁੱਕੇ ਸਨ।
ਉਹ ਸਮਝਾਉਂਦੇ ਹਨ, "ਇਸ ਨੇ ਉਨ੍ਹਾਂ ਨੂੰ ਥੋੜ੍ਹਾ ਝਟਕਾ ਦਿੱਤਾ, ਜਿਸ ਦੀ ਉਨ੍ਹਾਂ ਨੂੰ ਲੋੜ ਸੀ..ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ ਆਪਣੇ ਬਾਰੇ ਕੁਝ ਸਮਝ ਰਹੇ ਹਨ ਪਰ ਇਹ ਉਹੀ ਭਾਵਨਾ ਸੀ ਜਿਸ ਨੂੰ ਉਹ ਪਹਿਲਾਂ ਤੋਂ ਹੀ ਸਮਝ ਰਹੇ ਸਨ।"
ਤਾਂ ਕੀ ਸਾਨੂੰ ਉਦੋਂ ਚਿੰਤਾ ਕਰਨੀ ਚਾਹੀਦੀ ਹੈ ਜਦੋਂ ਅਸੀਂ ਕੋਈ ਅਜਿਹਾ ਸੁਫ਼ਨਾ ਦੇਖਦੇ ਹਾਂ ਜਿਸ ਦੀ ਅਸੀਂ ਉਮੀਦ ਨਹੀਂ ਕੀਤੀ ਹੁੰਦੀ ?
ਸੈਲਟਰਮੈਨ ਕਹਿੰਦ ਹਨ, "ਜੇਕਰ ਤੁਸੀਂ ਆਪਣੇ ਰਿਸ਼ਤੇ 'ਚ ਖੁਸ਼ ਹੋ ਪਰ ਇੱਕ ਰਾਤ ਤੁਹਾਨੂੰ ਸੁਫ਼ਨਾ ਆਉਂਦਾ ਹੈ ਕਿ ਤੁਸੀਂ ਕਿਸੇ ਹੋਰ ਨਾਲ ਰਿਲੇਸ਼ਨਸ਼ਿਪ 'ਚ ਹੋ ਤਾਂ ਘਬਰਾਉਣ ਦੀ ਲੋੜ ਨਹੀਂ ਇਹ ਆਮ ਹੈ।"
ਉਹ ਕਹਿੰਦੇ ਹਨ, "ਤੁਹਾਨੂੰ ਸ਼ਰਮਿੰਦਾ ਹੋਣ ਦੀ ਲੋੜ ਨਹੀਂ...ਜ਼ਰੂਰੀ ਨਹੀਂ ਹੈ ਕਿ ਇਹ ਕਿਸੇ ਚੀਜ਼ ਦਾ ਸੰਕੇਤ ਹੀ ਹੋਵੇ।"
ਕੀ ਸਾਡੇ ਸੁਫ਼ਨੇ ਭਵਿੱਖਬਾਣੀ ਕਰ ਸਕਦੇ ਹਨ ?
ਸਾਡਾ ਦਿਮਾਗ ਇਸ ਤਰ੍ਹਾਂ ਤਿਆਰ ਹੁੰਦਾ ਹੈ ਕਿ ਜਦੋਂ ਸੁਫ਼ਨੇ ਭਵਿੱਖ ਨਾਲ ਮਿਲਦੇ ਜੁਲਦੇ ਲੱਗਦੇ ਹਨ ਤਾਂ ਅਸੀਂ ਉਹਨਾਂ ਨੂੰ ਯਾਦ ਰੱਖਦੇ ਹਾਂ।
ਨਿਊਰੋ ਵਿਗਿਆਨੀ ਓਤਾਇਕੂ ਕਹਿੰਦੇ ਹਨ, "ਜਦੋਂ ਵੀ ਸੁਫ਼ਨੇ ਅਸਲ ਜ਼ਿੰਦਗੀ ਨਾਲ ਮੇਲ ਨਹੀਂ ਖਾਂਦੇ ਤਾਂ ਅਸੀਂ ਉਹਨਾਂ ਨੂੰ ਭੁੱਲ ਜਾਂਦੇ ਹਾਂ।"
ਪਰ ਇੱਕ ਹੋਰ ਕਾਰਨ ਇਹ ਵੀ ਹੋ ਸਕਦਾ ਹੈ ਕਿ ਸੁਫ਼ਨੇ ਕਈ ਵਾਰ ਅਜਿਹੇ ਲੱਗਦੇ ਹਨ ਜਿਵੇਂ ਉਹ ਭਵਿੱਖ ਦੀ ਪੇਸ਼ਨਗੋਈ ਕਰ ਰਹੇ ਹੋਣ — ਇੱਕ ਥਿਊਰੀ ਇਸਨੂੰ ਦਿਮਾਗ ਦੀ "ਇੰਟਰੋਸੈਪਸ਼ਨ" ਸਮਰੱਥਾ ਨਾਲ ਜੋੜਦੀ ਹੈ।
ਓਤਾਇਕੂ ਕਹਿੰਦੇ ਹਨ, "ਕੁਝ ਲੋਕ ਇਸਨੂੰ ਸਾਡੀ ਛੇਵੀਂ ਇੰਦਰੀ ਕਹਿੰਦੇ ਹਨ। ਅਸਲ ਵਿੱਚ, ਇਹ ਦਿਮਾਗ ਦੀ ਉਹ ਸਮਰੱਥਾ ਹੈ ਜੋ ਸਰੀਰ ਦੀ ਅੰਦਰੂਨੀ ਹਾਲਤ ਨੂੰ ਮਹਿਸੂਸ ਕਰਦੀ ਹੈ।"
ਦਿਮਾਗ ਦੇ ਉਹ ਹਿੱਸੇ ਜੋ ਇੰਟਰੋਸੈਪਸ਼ਨ ਨਾਲ ਜੁੜੇ ਹਨ, ਅਕਸਰ ਉਹਨਾਂ ਨਾਲ ਮਿਲਦੇ ਹਨ ਜੋ ਸੁਫ਼ਨੇ ਦੇਖਣ ਵਿੱਚ ਸਰਗਰਮ ਹੁੰਦੇ ਹਨ ਅਤੇ ਕੁਝ ਖੋਜਕਰਤਾਵਾਂ ਨੇ ਸੁਝਾਅ ਦਿੱਤਾ ਹੈ ਕਿ ਇਹ ਸਮਝਾ ਸਕਦਾ ਹੈ ਕਿ ਕਿਉਂ ਸਾਡੇ ਸੁਫ਼ਨੇ ਕਈ ਵਾਰ ਬਿਮਾਰੀਆਂ ਦੀ ਪੇਸ਼ਨਗੋਈ ਜਿਹੇ ਲੱਗਦੇ ਹਨ।
ਓਤਾਇਕੂ ਕਹਿੰਦੇ ਹਨ, "ਇਹ ਇੱਕ ਹੱਦ ਤੱਕ ਵਾਜਬ ਮਕੈਨਿਜ਼ਮ ਲੱਗਦਾ ਹੈ ਜੋ ਇਹਨਾਂ ਗੱਲਾਂ ਨੂੰ ਸਮਝਾ ਸਕਦਾ ਹੈ।"
ਸਾਨੂੰ ਆਪਣੇ ਡਰਾਉਣੇ ਸੁਫ਼ਨਿਆਂ ਵੱਲ ਕਿੰਨਾ ਧਿਆਨ ਦੇਣਾ ਚਾਹੀਦਾ ਹੈ ?
ਨਿਊਰੋ ਵਿਗਿਆਨੀ ਓਤਾਇਕੂ ਵਰਗੇ ਖੋਜਕਾਰਾਂ ਵੱਲੋਂ ਲਗਾਤਾਰ ਹੋ ਰਹੀ ਰਿਸਰਚ ਦੱਸਦੀ ਹੈ ਕਿ ਸਾਡੇ ਸੁਫ਼ਨੇ ਕੁਝ ਦਿਮਾਗੀ ਬਿਮਾਰੀਆਂ ਦੇ ਖਤਰੇ ਦਾ ਸੰਕੇਤ ਹੋ ਸਕਦੇ ਹਨ।
ਉਹ ਕਹਿੰਦੇ ਹਨ, "ਜਿੰਨੀ ਵਾਰ ਤੁਹਾਨੂੰ ਡਰਾਉਣੇ ਸੁਫ਼ਨੇ ਆਉਂਦੇ ਹਨ, ਉਨਾ ਹੀ ਤੁਹਾਡੇ ਵਿੱਚ ਡਿਮੈਨਸ਼ੀਆ ਅਤੇ ਪਾਰਕਿਨਸਨ ਦੀ ਬਿਮਾਰੀ ਦਾ ਖਤਰਾ ਵੱਧ ਹੋ ਸਕਦਾ ਹੈ।"
ਉਨ੍ਹਾਂ ਨੇ ਤਿੰਨ ਥਿਊਰੀਆਂ ਦਿੱਤੀਆਂ ਹਨ: ਡਰਾਉਣੇ ਸੁਫ਼ਨੇ ਇਨ੍ਹਾਂ ਬਿਮਾਰੀਆਂ ਦਾ ਸ਼ੁਰੂਆਤੀ ਸੰਕੇਤ ਹੋ ਸਕਦੇ ਹਨ ਜਾਂ ਇਹ ਸੁਫ਼ਨੇ ਖਰਾਬ ਸਿਹਤ ਦਾ ਕਾਰਨ ਬਣ ਸਕਦੇ ਹਨ ਜਾਂ ਫਿਰ ਦੋਹਾਂ ਦਾ ਕੋਈ ਸਾਂਝਾ ਕਾਰਨ ਹੋ ਸਕਦਾ ਹੈ, ਜਿਵੇਂ ਕਿ ਜਨੈਟਿਕਸ। ਇਹ ਜਾਣਨ ਲਈ ਹੋਰ ਖੋਜ ਦੀ ਲੋੜ ਹੈ ਕਿ ਇਨ੍ਹਾਂ ਵਿੱਚੋਂ ਕਿਹੜੀ ਥਿਊਰੀ ਸਹੀ ਹੈ।
ਓਤਾਇਕੂ ਕਹਿੰਦੇ ਹਨ ਕਿ ਇਹ ਨਤੀਜੇ ਸਾਨੂੰ ਉਦਾਸ ਨਹੀਂ ਕਰਨੇ ਚਾਹੀਦੇ ਬਲਕਿ ਇਹ ਸਿਹਤ ਸੁਧਾਰਨ ਦਾ ਮੌਕਾ ਹਨ। ਤਣਾਅ ਘਟਾਉਣਾ, ਚੰਗੀ ਨੀਂਦ ਲੈਣਾ ਅਤੇ ਸੌਣ ਤੋਂ ਪਹਿਲਾਂ ਡਰਾਉਣੀਆਂ ਫਿਲਮਾਂ ਤੋਂ ਦੂਰ ਰਹਿਣਾ ਮਦਦਗਾਰ ਹੋ ਸਕਦਾ ਹੈ।
ਭਿਆਨਕ ਮਾਮਲਿਆਂ ਲਈ ਹੋਰ ਢੰਗ ਵੀ ਹਨ। ਇਮੇਜ ਰਿਹਰਸਲ ਥੈਰੇਪੀ ਰੋਗੀਆਂ ਨੂੰ ਆਪਣੇ ਵਾਰ-ਵਾਰ ਆਉਣ ਵਾਲੇ ਡਰਾਉਣੇ ਸੁਫ਼ਨੇ ਦਾ ਅੰਤ ਬਦਲਣ ਵਿੱਚ ਮਦਦ ਕਰਦੀ ਹੈ ਅਤੇ ਬਲੱਡ ਪ੍ਰੈਸ਼ਰ ਦੀ ਦਵਾਈ ਪ੍ਰਾਜ਼ਾਸਿਨ ਡਰਾਉਣੇ ਸੁਫ਼ਨਿਆਂ ਨੂੰ ਰੋਕ ਸਕਦੀ ਹੈ, ਜਦੋਂਕਿ ਆਮ ਸੁਫ਼ਨੇ ਆਉਂਦੇ ਰਹਿੰਦੇ ਹਨ।
ਓਤਾਇਕੂ ਕਹਿੰਦੇ ਹਨ, "ਇਹ ਕਾਫੀ ਸੰਭਵ ਹੈ ਕਿ ਡਰਾਉਣੇ ਸੁਫ਼ਨਿਆਂ ਦਾ ਇਲਾਜ ਸਾਡੀ ਸਿਹਤ ਲਈ ਤੁਰੰਤ ਅਤੇ ਲੰਬੇ ਸਮੇਂ ਲਈ ਫਾਇਦੇਮੰਦ ਹੋ ਸਕਦਾ ਹੈ।"
ਕੀ ਸਾਨੂੰ ਆਪਣੇ ਸੁਫਨਿਆਂ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ?
ਸੈਲਟਰਮੈਨ ਚੇਤਾਵਨੀ ਦਿੰਦੇ ਹਨ ਕਿ ਸੁਫਨਿਆਂ ਵਿੱਚ ਪੱਕੇ ਪ੍ਰਤੀਕਾਤਮਕ ਅਰਥ ਲੱਭਣਾ ਥੋੜ੍ਹਾ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਇਹ ਵਿਅਕਤੀਗਤ ਸੰਦਰਭ ਨੂੰ ਨਜ਼ਰਅੰਦਾਜ਼ ਕਰਦਾ ਹੈ,।
ਉਹ ਕਹਿੰਦੇ ਗਨ, "ਇੱਕ ਸਮੁੰਦਰੀ ਜੀਵ ਵਿਗਿਆਨੀ ਲਈ ਸ਼ਾਰਕ ਦਾ ਮਤਲਬ ਇੱਕ ਦੰਦਾਂ ਦੇ ਡਾਕਟਰ ਨਾਲੋਂ ਵੱਖਰਾ ਹੋ ਸਕਦਾ ਹੈ।"
ਪਰ ਉਹ ਕਹਿੰਦੇ ਹਨ ਕਿ ਥੀਮਾਂ ਨੂੰ ਦੇਖਣਾ ਸਾਨੂੰ ਆਪਣੇ ਆਪ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਕਰ ਸਕਦਾ ਹੈ।
ਉਹ ਕਹਿੰਦੇ ਹਨ, "ਸ਼ਾਇਦ ਤੁਸੀਂ ਵਾਰ-ਵਾਰ ਕਿਸੇ ਪਿਆਰੇ ਵਿਅਕਤੀ ਬਾਰੇ ਸੁਫਨਾ ਦੇਖ ਰਹੇ ਹੋ ਜੋ ਹੁਣ ਨਹੀਂ ਰਿਹਾ, ਜਾਂ ਤੁਸੀਂ ਉਸ ਨੌਕਰੀ ਬਾਰੇ ਸੁਫਨਾ ਦੇਖ ਰਹੇ ਹੋ ਜੋ ਤੁਸੀਂ ਭਵਿੱਖ ਵਿੱਚ ਕਰਨਾ ਚਾਹੁੰਦੇ ਹੋ, ਜਾਂ ਆਪਣੇ ਦੋਸਤਾਂ ਅਤੇ ਜੀਵਨ ਸਾਥੀ ਬਾਰੇ।"
ਉਹ ਕਹਿੰਦੇ ਹਨ ਕਿ ਇਨ੍ਹਾਂ ਥੀਮਾਂ ਨੂੰ ਨੋਟ ਕਰਨਾ ਸਾਨੂੰ ਆਪਣੇ ਆਪ ਅਤੇ ਆਪਣੇ ਰਿਸ਼ਤਿਆਂ ਬਾਰੇ ਵਧੀਆ ਸਮਝ ਦੇ ਸਕਦਾ ਹੈ, ਜਿਨ੍ਹਾਂ ਬਾਰੇ ਅਸੀਂ ਸਭ ਤੋਂ ਵੱਧ ਸੁਫਨੇ ਦੇਖਦੇ ਹਾਂ।
ਸੈਲਟਰਮੈਨ ਕਹਿੰਦੇ ਹਨ, "ਜੇ ਸੁਫਨਿਆਂ ਦੀ ਕੋਈ ਮਹੱਤਤਾ ਹੈ, ਤਾਂ ਇਹ ਸੰਭਵ ਤੌਰ 'ਤੇ ਸਾਡੇ ਸਮਾਜਿਕ ਜੀਵਨ ਵਿੱਚ ਹੀ ਹੁੰਦੀ ਹੈ।"
ਐਡਲਿਨ ਕਹਿੰਦੇ ਹਨ ਕਿ ਹੁਣ ਉਹ ਆਪਣੇ ਸੁਫਨਿਆਂ 'ਤੇ ਵੱਧ ਧਿਆਨ ਦਿੰਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਜਜ਼ਬਾਤਾਂ ਨੂੰ ਸਮਝਣ ਲਈ ਇੱਕ ਰਿਮਾਂਡਰ ਵਜੋਂ ਵਰਤਦੀ ਹੈ।
ਉਹ ਕਹਿੰਦੇ ਹਨ, "ਸਾਨੂੰ ਸਿਰਫ਼ ਆਪਣੇ ਅੰਦਰਲੇ ਅਹਿਸਾਸ 'ਤੇ ਭਰੋਸਾ ਕਰਨਾ ਚਾਹੀਦਾ ਹੈ ਕਿ ਸੁਨੇਹਾ ਕੀ ਹੈ। ਆਪਣੇ ਅੰਦਰ ਥੋੜ੍ਹਾ ਗਹਿਰਾਈ ਨਾਲ ਦੇਖੋ, ਤੁਹਾਨੂੰ ਜਵਾਬ ਮਿਲ ਜਾਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ