ਲਗਾਤਾਰ ਬੁੜਬੁੜਾਉਣ ਅਤੇ ਸ਼ਿਕਾਇਤ ਕਰਦੇ ਰਹਿਣ ਦੇ ਦਿਮਾਗ ਲਈ ਕਿੰਨੇ ਮਾੜੇ ਪ੍ਰਭਾਵ ਹੋ ਸਕਦੇ ਹਨ, ਜਾਣੋ ਕਿਵੇਂ ਸਿਹਤਮੰਦ ਰਹਿ ਸਕਦਾ ਦਿਮਾਗ?

    • ਲੇਖਕ, ਓਂਕਾਰ ਕਰਾਮਬੇਲਕਰ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 12 ਮਿੰਟ

ਇਹ ਕਹਾਣੀ ਹੈ ਵਿਰਾਜ ਦੀ। ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਮੁੜ ਸੌਣ ਤੱਕ ਇਹ ਖਿਝਿਆ ਹੀ ਰਹਿੰਦਾ ਹੈ। ਉਹ ਮਹਿਸੂਸ ਕਰਦਾ ਹੈ ਕਿ ਸਭ ਕੁਝ ਉਸ ਦੀ ਇੱਛਾ ਦੇ ਉਲਟ ਹੀ ਹੁੰਦਾ ਹੈ।

ਦੋਧੀ ਸਮੇਂ 'ਤੇ ਨਹੀਂ ਆਉਂਦਾ, ਅਖ਼ਬਾਰਾਂ ਸੁੱਟਣ ਵਾਲਾ ਗਲਤ ਅਖ਼ਬਾਰ ਸੁੱਟ ਜਾਂਦਾ ਹੈ। ਪਤਾ ਨਹੀਂ ਕਿਉਂ ਟਰੈਫਿਕ ਪੁਲਿਸ ਵਾਲਾ ਵੀ ਉਸੇ ਨੂੰ ਹੀ ਫੜਦਾ ਹੈ। ਹੋਰ ਲੋਕ ਵੀ ਨਿਯਮ ਤੋੜਦੇ ਹਨ, ਪਰ ਉਹ ਫੜ੍ਹੇ ਨਹੀਂ ਜਾਂਦੇ।

ਦਫ਼ਤਰ ਵਿੱਚ ਵੀ ਮੌਕੇ ਦੂਜਿਆਂ ਨੂੰ ਹੀ ਮਿਲਦੇ ਹਨ। ਮੈਂ ਇੰਨਾ ਕੰਮ ਕਰਦਾ ਹਾ, ਪਰ ਬੌਸ ਕਦੇ ਮੈਨੂੰ ਨੋਟਿਸ ਹੀ ਨਹੀਂ ਕਰਦਾ। ਇੱਥੋਂ ਤੱਕ ਕਿ ਜਦੋਂ ਅਸੀਂ ਰੈਸਟੋਰੈਂਟ ਵਿੱਚ ਵੀ ਜਾਂਦੇ ਹਾਂ, ਸਾਡਾ ਆਰਡਰ ਹਮੇਸ਼ਾ ਦੇਰੀ ਨਾਲ ਪਹੁੰਚਦਾ ਹੈ। ਵਗੈਰਾ, ਵਗੈਰਾ।

ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਲਗਾਤਾਰ ਉਸ ਦੇ ਮਨ ਵਿੱਚ ਰਹਿੰਦੀਆਂ ਹਨ ਅਤੇ ਉਸਦੀਆਂ ਗੱਲਾਂ ਵਿੱਚ ਵੀ। ਸਮੇਂ ਦੇ ਨਾਲ, ਲਗਾਤਾਰ ਸ਼ਿਕਾਇਤ ਕਰਦੇ ਰਹਿਣ ਦੀ ਆਦਤ ਉਸ ਦੀ ਮਾਨਸਿਕ ਸਥਿਤੀ ਨੂੰ ਵੀ ਅਕਾਰ ਦਿੰਦੀ ਹੈ।

ਕਿਉਂਕਿ, ਉਹ ਹਮੇਸ਼ਾ ਸ਼ਿਕਾਇਤ ਕਰਦਾ ਰਹਿੰਦਾ ਹੈ, ਉਸ ਦੇ ਆਲੇ-ਦੁਆਲੇ ਦੇ ਲੋਕ ਕੁਝ ਸਮੇਂ ਬਾਅਦ ਉਸ ਨੂੰ ਟਾਲਣਾ ਸ਼ੁਰੂ ਕਰਦੇ ਹਨ। ਆਪਣੇ ਸ਼ਿਕਾਇਤੀ ਵਤੀਰੇ ਕਾਰਨ ਪੈਦਾ ਹੋਏ ਤਣਾਅ ਕਾਰਨ ਵਿਰਾਜ, ਨਕਰਾਤਮਕ ਵਿਚਾਰਾਂ ਦੇ ਚੱਕਰਵਿਊ ਵਿੱਚ ਹੋਰ ਡੂੰਘਾ ਫਸਦਾ ਜਾ ਰਿਹਾ ਹੈ।

ਹੁਣ, ਵਿਰਾਜ ਉਦਾਹਰਨ ਲਈ ਵਰਤਿਆ ਗਿਆ ਇੱਕ ਕਾਲਪਨਿਕ ਇਨਸਾਨ ਹੈ। ਪਰ ਤੁਹਾਡੇ ਆਲੇ-ਦੁਆਲੇ ਅਜਿਹੇ ਕਈ ਵਿਰਾਜ ਹੋ ਸਕਦੇ ਹਨ। ਹੋ ਸਕਦਾ ਹੈ, ਕਈ ਵਾਰ ਤੁਸੀਂ ਖ਼ੁਦ ਵੀ ਆਪਣੇ ਵਿਹਾਰ ਬਾਰੇ ਸ਼ਿਕਾਇਤਾਂ ਕੀਤੀਆਂ ਹੋਣ।

ਇਹ ਲਗਾਤਾਰ ਬੁੜਬੁੜਾਉਣਾ, ਸ਼ਿਕਾਇਤ ਕਰਨਾ ਅਤੇ ਨਕਰਾਤਮਕ ਵਿਚਾਰਾਂ ਦੇ ਮੱਕੜਜਾਲ ਵਿੱਚ ਫਸਣਾ ਮਾਨਸਿਕ ਤੌਰ 'ਤੇ ਥਕਾ ਦਿੰਦਾ ਹੈ। ਖੋਜ ਨੇ ਸਾਫ਼ ਦਿਖਾਇਆ ਹੈ ਕਿ ਇਸ ਦਾ ਦਿਮਾਗ਼ ਦੀ ਬਣਤਰ 'ਤੇ ਵੀ ਸਿੱਧਾ ਅਸਰ ਪੈਂਦਾ ਹੈ। ਪਰ ਸਕਰਾਤਮਕ ਪੱਖ ਇਹ ਹੈ ਕਿ ਇਸ ਵਿੱਚੋਂ ਬਾਹਰ ਆਇਆ ਜਾ ਸਕਦਾ ਹੈ।

ਕੀ ਹੁੰਦਾ ਹੈ ਜਦੋਂ ਕੋਈ ਨਾਂ-ਪੱਖੀ ਵਿਚਾਰਾਂ ਦੇ ਚੱਕਰਵਿਊ ਵਿੱਚ ਡੂੰਘਾ ਫਸ ਜਾਂਦਾ ਹੈ ਅਤੇ ਇਸ ਤੋਂ ਕਿਵੇਂ ਬਾਹਰ ਆਇਆ ਜਾ ਸਕਦਾ ਹੈ, ਇਸੇ ਬਾਰੇ ਅਸੀਂ ਇੱਥੇ ਗੱਲ ਕਰਾਂਗੇ।

ਇਸ ਲਈ ਅਸੀਂ ਦਿਮਾਗ਼ ਅੰਦਰ ਝਾਕਣ ਦੀ ਕੋਸ਼ਿਸ਼ ਕਰਾਂਗੇ ਅਤੇ ਇਸ ਤਣਾਅ ਦੇ ਪ੍ਰਭਾਵਾਂ ਨੂੰ ਸੌਖੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ।

ਲਗਾਤਾਰ ਹੋਣ ਵਾਲੇ ਤਣਾਅ ਕਾਰਨ ਕੀ ਹੁੰਦਾ ਹੈ?

ਲਗਾਤਾਰ ਨਾਂ-ਪੱਖੀ ਸ਼ਿਕਾਇਤਾਂ ਅਤੇ ਬੁੜਬੁੜਾਉਣਾ, ਥਕੇਵਾਂ ਪੈਦਾ ਕਰਦਾ ਹੈ। ਜਦੋਂ ਅਸੀਂ ਲੰਬੇ ਸਮੇਂ ਲਈ ਅਜਿਹੇ ਤਣਾਅ ਵਿੱਚ ਰਹਿੰਦੇ ਹਾਂ, ਸਾਡਾ ਐਚਪੀਏ ਧੁਰਾ ਲਗਾਤਾਰ ਸਰਗਰਮ ਰਹਿੰਦਾ ਹੈ। ਐਚਪੀਏ ਤੋਂ ਭਾਵ ਹੈ ਹਾਈਪੋਥੈਲੈਮਿਕ ਪਿਚਿਉਟਰੀ ਐਡਰਨਲ। ਇਹ ਉਹ ਸਿਸਟਮ ਹੈ ਜੋ ਦਿਮਾਗ਼ ਅਤੇ ਸਰੀਰ ਵਿੱਚ ਤਣਾਅ ਨੂੰ ਜਵਾਬ ਦਿੰਦਾ ਹੈ। ਤਣਾਅਪੂਰਨ ਸਥਿਤੀਆਂ ਵਿੱਚ, ਇਹ ਕੌਰਸੀਟੋਲ ਹਾਰਮੋਨ ਰਿਲੀਜ਼ ਕਰਦਾ ਹੈ ਅਤੇ ਸਰੀਰ ਨੂੰ ਰਿਸਪਾਂਸ ਦੇਣ ਲਈ ਤਿਆਰ ਕਰਦਾ ਹੈ

ਜਦੋਂ ਇਹ ਧੁਰਾ ਲਗਾਤਾਰ ਸਰਗਰਮ ਰਹਿੰਦਾ ਹੈ, ਕੌਰਟੀਸੋਲ ਜਿਹੇ ਹਾਰਮੋਨ ਦਿਮਾਗ਼ 'ਤੇ ਨਿਓਰੋਟਾਕਸਿਕ ਪ੍ਰਭਾਵ ਪਾਉਂਦੇ ਹਨ। ਨਿਓਰੋਟਾਕਸਿਕ ਤੋਂ ਭਾਵ ਹੈ ਉਹ ਕਿਰਿਆ ਜੋ ਨਸਾਂ ਅਤੇ ਦਿਮਾਗੀ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਹੁਣ ਖੋਜ ਦੀ ਮਦਦ ਨਾਲ ਥੋੜ੍ਹਾ ਹੋਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਾਇੰਸ ਟਾਈਮਜ਼ ਨੇ ਇਸ ਬਾਰੇ ਇੱਕ ਅਧਿਐਨ ਕਰਵਾਇਆ ਹੈ। ਇਸ ਮੁਤਾਬਕ ਲੰਬਾ ਸਮਾਂ ਰਹਿਣ ਵਾਲਾ ਤਣਾਅ ਹਿਪੋਕੈਂਪਸ ਨੂੰ ਸੁੰਘੜਾ ਦਿੰਦਾ ਹੈ। ਹਿਪੋਕੈਂਪਸ, ਦਿਮਾਗ਼ ਦਾ ਇੱਕ ਛੋਟਾ ਹਿੱਸਾ ਹੈ ਜਿਸ ਦਾ ਕੰਮ ਯਾਦਾਸ਼ਤ ਅਤੇ ਸਿੱਖਣ ਦੀ ਪ੍ਰਕਿਰਿਆ ਵਿੱਚ ਮਦਦ ਕਰਨਾ ਹੈ।

ਪਰ ਜਦੋਂ ਤਣਾਅ, ਲੰਬੇ ਸਮੇਂ ਲਈ ਬਰਕਰਾਰ ਰਹਿੰਦਾ ਹੈ, ਦਿਮਾਗ਼ ਦਾ ਇਹ ਹਿੱਸਾ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ। ਉਦਾਹਰਨ ਵਜੋਂ, ਇਮਤਿਹਾਨ ਦੌਰਾਨ ਜਾਂ ਜਦੋਂ ਕੋਈ ਲਗਾਤਾਰ ਤਣਾਅ ਵਿੱਚ ਹੋਵੇ, ਚੀਜ਼ਾਂ ਅਸਾਨੀ ਨਾਲ ਯਾਦ ਨਹੀਂ ਆਉਂਦੀਆਂ ਅਤੇ ਇਕਾਗਰਤਾ ਘਟ ਜਾਂਦੀ ਹੈ। ਇਸ ਦੇ ਪਿੱਛੇ ਹਿਪੋਕੈਂਪਸ 'ਤੇ ਤਣਾਅ ਹਾਰਮੋਨਜ਼ ਦਾ ਵਧੇ ਹੋਣਾ ਹੁੰਦਾ ਹੈ।

ਇਹ ਤਣਾਅ ਦਿਮਾਗ਼ ਦਾ ਪ੍ਰੀਫਰੰਟਲ ਕੋਰਟੈਕਸ ਵੀ ਪ੍ਰਭਾਵਿਤ ਕਰਦਾ ਹੈ। ਨਤੀਜੇ ਵਜੋਂ, ਫ਼ੈਸਲੇ ਲੈਣ ਦੀ ਯੋਗਤਾ ਘਟ ਜਾਂਦੀ ਹੈ। ਦਿਮਾਗੀ ਸੈੱਲਾਂ ਵਿੱਚ ਸੰਚਾਰ ਘੱਟ ਹੋ ਜਾਂਦਾ ਹੈ। ਫਿਰ, ਜਲਦਬਾਜ਼ੀ ਵਾਲੇ ਅਤੇ ਗਲਤ ਫ਼ੈਸਲੇ ਲਏ ਜਾਂਦੇ ਹਨ।

ਪ੍ਰੀਫਰੰਟਲ ਕੋਰਟੈਕਸ ਦਿਮਾਗ਼ ਦਾ ਅਗਲਾ ਹਿੱਸਾ ਹੈ। ਇਹ ਫ਼ੈਸਲੇ ਲੈਣ, ਯੋਜਨਾਵਾਂ ਬਣਾਉਣ, ਪ੍ਰਬੰਧਨ, ਸਵੈ-ਨਿਯੰਤਰਣ, ਭਾਵਨਾਵਾਂ ਪਛਾਣਨ, ਗਲਤ ਅਤੇ ਸਹੀ ਦੀ ਪਛਾਣ ਕਰਨ ਅਤੇ ਧਿਆਨ ਕੇਂਦਰਿਤ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ।

ਬ੍ਰੇਨ ਹੈਲਥ ਯੂਨੀਵਰਸਿਟੀ ਨੇ ਵੀ ਹਿਪੋਕੈਂਪਸ 'ਤੇ ਪ੍ਰਭਾਵ ਬਾਰੇ ਖੋਜ ਕੀਤੀ ਹੈ। ਇਸ ਮੁਤਾਬਕ, ਹਿਪੋਕੈਂਪਸ ਦਿਮਾਗ਼ ਦਾ ਉਹ ਹਿੱਸਾ ਹੈ ਜੋ ਯਾਦਾਂ ਸਾਂਭ ਕੇ ਰੱਖਦਾ ਹੈ। ਪਰ ਇਹ ਕੌਰਟੀਸੋਲ(ਤਣਾਅ ਕਾਰਨ ਵਧਣ ਵਾਲੇ ਹਾਰਮੋਨ) ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ।

ਇਸ ਕਾਰਨ, ਹਿਪੋਕੈਂਪਸ ਦੇ ਸੀਏ1-ਸੀਏ3 ਅਤੇ ਡੇਨਟੇਟ ਗਾਈਰਸ ਪਹਿਲਾਂ ਕਮਜ਼ੋਰ ਹੁੰਦੇ ਹਨ। ਉਹੋ...ਦੇਖੋ ਵਿਰਾਜ ਦੀਆਂ ਸ਼ਿਕਾਇਤਾਂ ਕਾਰਨ ਸਾਨੂੰ ਦਿਮਾਗ਼ ਬਾਰੇ ਸਮਝਣ ਲਈ ਕਿੰਨੀ ਡੂੰਘਾਈ ਵਿੱਚ ਜਾਣਾ ਪੈ ਰਿਹਾ ਹੈ! (ਵੈਸੇ, ਇਹ ਕੋਈ ਸ਼ਿਕਾਇਤ ਨਹੀਂ ਹੈ।)

ਲਗਾਤਾਰ ਤਣਾਅ ਦਿਮਾਗ਼ ਅੰਦਰ ਕੀ ਬਦਲਾਅ ਲਿਆਉਂਦਾ ਹੈ ?

ਲਗਾਤਾਰ ਸ਼ਿਕਾਇਤ ਕਰਨੀ, ਖਿਝੇ ਰਹਿਣਾ ਅਤੇ ਨਕਰਾਤਮਕ ਵਿਚਾਰਾਂ ਵਿਚ ਡੁੱਬੇ ਰਹਿਣ ਨਾਲ ਯਾਦਾਸ਼ਾਤ ਕਮਜ਼ੋਰੀ, ਸਹੀ ਫ਼ੈਸਲੇ ਲੈਣ ਵਿੱਚ ਔਖਿਆਈ, ਨਾਂ-ਪੱਖੀ ਭਾਵਨਾਵਾਂ ਦਾ ਗਹਿਰਾ ਹੋਣਾ ਅਤੇ ਡਰ ਅਤੇ ਚਿੰਤਾ ਅਧਾਰਿਤ ਪ੍ਰਤੀਕਿਰਿਆਵਾਂ ਵਿੱਚ ਵਾਧਾ ਹੋ ਸਕਦਾ ਹੈ। ਪਰ ਖੋਜ ਨੇ ਦੱਸਿਆ ਹੈ ਕਿ ਕੁਝ ਹਾਂ-ਪੱਖੀ ਭਾਵਨਾਤਮਕ ਆਦਤਾਂ ਸਾਡੇ ਦਿਮਾਗ਼ ਦੀ ਰੱਖਿਆ ਕਰ ਸਕਦੀਆਂ ਹਨ।

ਖਾਸ ਕਰਕੇ ਸ਼ੁਕਰਾਨਾ ਕਰਨਾ, ਵਿਚਾਰਾਂ ਦੀ ਦਿਸ਼ਾ ਬਦਲਣਾ ਅਤੇ ਭਾਵਨਾਵਾਂ ਨੂੰ ਪਛਾਣਨਾ ਅਤੇ ਨਿਯੰਤਰਨ ਕਰਨਾ ਦਿਮਾਗ਼ ਨੂੰ ਵਧੇਰੇ ਲਚਕੀਲਾ ਅਤੇ ਤਾਕਤਵਰ ਬਣਾ ਸਕਦਾ ਹੈ।

ਸ਼ੁਕਰਾਨੇ ਦਾ ਲਗਾਤਾਰ ਅਭਿਆਸ ਫ਼ੈਸਲੇ ਲੈਣ ਲਈ ਜ਼ਿੰਮੇਵਾਰ ਦਿਮਾਗ਼ ਦੇ ਮੂਹਰਲੇ ਹਿੱਸੇ ਨੂੰ ਸਰਗਰਮ ਕਰਦਾ ਹੈ ਅਤੇ ਭਾਵਨਾਤਮਕ ਸੰਤੁਲਨ ਬਣਾ ਕੇ ਰੱਖਣ ਵਾਲੇ ਕੇਂਦਰ ਨੂੰ ਕਾਬੂ ਕਰਦਾ ਹੈ ਅਤੇ ਖੁਸ਼ੀ ਤੇ ਉਤਸ਼ਾਹ ਨਾਲ ਜੁੜੇ ਰਾਹਾਂ ਨੂੰ ਰਿਵਾਰਡ ਕਰਦੀ ਹੈ।

ਨਤੀਜੇ ਵਜੋਂ, ਤਣਾਅ ਹਾਰਮੋਨ ਕੋਰਟੀਸੋਲ ਦੇ ਪੱਧਰ ਘਟਦੇ ਹਨ ਅਤੇ ਦਿਮਾਗ਼ 'ਤੇ ਤਣਾਅ ਦਾ ਨਕਰਾਤਮਕ ਪ੍ਰਭਾਵ ਘਟਦਾ ਹੈ। ਅਮਰੀਕਨ ਬ੍ਰੇਨ ਫਾਊਂਡੇਸ਼ਨ ਅਤੇ positivepsychology.com ਦੇ ਅਧਿਐਨਾਂ ਵਿੱਚ ਇਹ ਸਾਹਮਣੇ ਆਇਆ ਹੈ।

ਤਣਾਅ ਤੋਂ ਉੱਭਰਨ ਵਿੱਚ ਰੋਜ਼ਾਨਾ ਦੀਆਂ ਆਦਤਾਂ ਦੀ ਭੂਮਿਕਾ

ਲਗਾਤਾਰ ਅਤੇ ਲੰਬੇ ਸਮੇਂ ਦਾ ਤਣਾਅ ਦਿਮਾਗ਼ ਦੀ ਬਣਤਰ ਅਤੇ ਇਸ ਦੇ ਕੰਮ ਕਰਨ ਦੇ ਤਰੀਕਿਆਂ ਵਿੱਚ ਹੌਲੀ-ਹੌਲੀ ਪਰ ਸਪਸ਼ਟ ਬਦਲਾਅ ਲਿਆਉਂਦਾ ਹੈ। ਹਿਪੋਕੈਂਪਸ ਦਿਮਾਗ਼ ਦਾ ਇੱਕ ਜ਼ਰੂਰੀ ਹਿੱਸਾ ਹੈ ਜੋ ਯਾਦਾਂ ਬਣਾਉਣ ਅਤੇ ਸਿੱਖਣ ਵਿੱਚ ਸਹਿਯੋਗ ਕਰਦਾ ਹੈ।

ਕਿਉਂਕਿ ਇਸ ਹਿੱਸੇ ਵਿੱਚ ਬਹੁਤ ਸਾਰੇ ਕੌਰਟੀਸੋਲ ਰਿਸੈਪਟਰ ਹੁੰਦੇ ਹਨ, ਇਹ ਤਣਾਅ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ।

ਖੋਜ ਦੇ ਮੁਤਾਬਕ, ਲਗਾਤਾਰ ਰਹਿਣ ਵਾਲਾ ਤਣਾਅ ਹਿਪੋਕੈਂਪਸ ਅੰਦਰ ਨਵੇਂ ਦਿਮਾਗੀ ਸੈੱਲਾਂ ਦਾ ਬਣਨਾ ਘੱਟ ਕਰ ਦਿੰਦਾ ਹੈ, ਨਿਓਰੋਨਲ ਸ਼ਾਖ਼ਾਵਾਂ ਨੂੰ ਸੁੰਗੜਨ ਲਗਾ ਦਿੰਦਾ ਹੈ ਅਤੇ ਯਾਦਾਸ਼ਤ ਸਬੰਧੀ ਉਪ-ਹਿੱਸਿਆਂ ਦਾ ਅਕਾਰ ਘਟਾ ਸਕਦਾ ਹੈ।

ਇਸ ਨਾਲ ਮਾੜੀ ਇਕਾਗਰਤਾ ਅਤੇ ਭੁੱਲਣ ਦੀ ਸਮੱਸਿਆ ਦੀਆਂ ਸ਼ਿਕਾਇਤਾਂ ਵਧਦੀਆਂ ਹਨ।

ਪ੍ਰੀਫਰੰਟਲ ਕੋਰਟੈਕਸ ਫ਼ੈਸਲੇ ਲੈਣ, ਭਵਿੱਖ ਦੀ ਯੋਜਨਾਬੰਧੀ ਅਤੇ ਭਾਵਨਾਤਮਕ ਨਿਯੰਤਰਨ ਲਈ ਜ਼ਿੰਮੇਵਾਰ ਹੈ।

ਪਰ ਲਗਾਤਾਰ ਤਣਾਅ ਹੇਠ, ਦਿਮਾਗ਼ ਦੇ ਇਸ ਹਿੱਸੇ ਦੇ ਸੈੱਲਾਂ ਵਿਚਕਾਰ ਕਨੈਕਸ਼ਨ ਕਮਜ਼ੋਰ ਹੋ ਜਾਂਦਾ ਹੈ ਅਤੇ ਇਸ ਦੀ ਕੁਸ਼ਲਤਾ ਘੱਟ ਜਾਂਦੀ ਹੈ।

ਨਤੀਜੇ ਵਜੋਂ, ਸੋਚੇ ਸਮਝੇ ਫ਼ੈਸਲਿਆਂ ਦੀ ਬਜਾਏ, ਜਲਦਬਾਜ਼ੀ ਅਤੇ ਭਾਵਨਾਤਮਕ ਫ਼ੈਸਲੇ ਵਧ ਜਾਂਦੇ ਹਨ।

ਇਸੇ ਤਰ੍ਹਾਂ, ਤਣਾਅ ਦਿਮਾਗ਼ ਦੇ ਡਰ ਕਾਬੂ ਕਰਨ ਵਾਲੇ ਹਿੱਸੇ ਏਮੀਗਡਾਲਾ ਨੂੰ ਵਧੇਰੇ ਸਰਗਰਮ ਕਰਦਾ ਹੈ, ਜਿਸ ਨਾਲ ਚਿੰਤਾ, ਡਰ ਅਤੇ ਅਸੁਰੱਖਿਆ ਦੀ ਭਾਵਨਾ ਤੀਬਰ ਹੋ ਜਾਂਦੀ ਹੈ।

ਇਸ ਬਾਰੇ ਅਸੀਂ ਮੁੰਬਈ ਦੇ ਕੋਕਿਲਾ ਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਮਨੋਵਿਗਿਆਨੀ ਡਾਕਟਰ ਸ਼ੌਨਾਕ ਅਜਿੰਕੇ ਨਾਲ ਗੱਲ ਕੀਤੀ।

ਉਨ੍ਹਾਂ ਨੇ ਕਿਹਾ, "ਹਰ ਵੇਲੇ ਸ਼ਿਕਾਇਤ ਕਰਨ ਦੀ ਆਦਤ ਸਿਰਫ਼ ਵਤੀਰੇ ਸਬੰਧੀ ਮਸਲਾ ਹੀ ਨਹੀਂ ਹੈ ਬਲਕਿ ਇਹ ਦਿਮਾਗ਼ ਅੰਦਰਲੇ ਬਦਲਾਵਾਂ ਨਾਲ ਸਿੱਧੇ ਤੌਰ 'ਤੇ ਜੁੜਿਆ ਹੋਇਆ ਹੈ। "

ਦਿਮਾਗ ਵਿੱਚ ਨਿਓਰੋਪਲਾਸਟਿਸਿਟੀ ਹੁੰਦੀ ਹੈ। ਜਿਸ ਦਾ ਮਤਲਬ ਹੈ ਕਿ ਇਹ ਅਨੁਭਵਾਂ ਦੇ ਅਧਾਰ 'ਤੇ ਆਪਣੀ ਬਣਤਰ ਅਤੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਸਕਦਾ ਹੈ।

ਜਦੋਂ ਨਾਂ-ਪੱਖੀ ਵਿਚਾਰ ਅਤੇ ਸ਼ਿਕਾਇਤਾਂ ਅਕਸਰ ਦੁਹਰਾਈਆਂ ਜਾਂਦੀਆਂ ਹਨ, ਉਹੀ ਨਿਓਰਲ ਪਾਥਵੇਅ ਵਧੇਰੇ ਸਰਗਰਮ ਅਤੇ ਤਾਕਤਵਰ ਬਣ ਜਾਂਦੇ ਹਨ।

ਨਤੀਜੇ ਵਜੋਂ, ਦਿਮਾਗ਼ ਦੇ ਤਣਾਅ ਸਬੰਧੀ ਸਰਕਟ ਵਾਰ-ਵਾਰ ਚਾਲੂ ਹੁੰਦੇ ਹਨ ਅਤੇ ਹੌਲੀ-ਹੌਲੀ ਸਥਾਈ ਤੌਰ 'ਤੇ ਜੁੜ ਜਾਂਦੇ ਹਨ। ਇਸ ਨਾਲ ਦਿਮਾਗ਼ ਇਓ ਵਤੀਰਾ ਕਰਦਾ ਹੈ ਜਿਵੇਂ ਲਗਾਤਾਰ ਤਣਾਅ ਵਿੱਚ ਹੋਵੇ। ਇਸ ਨੂੰ ਨਕਰਾਤਮਕ ਪੱਖਪਾਤ ਕਹਿੰਦੇ ਹਨ ਜੋ ਕਿ ਨਾਂ-ਪੱਖੀ ਚੀਜ਼ਾਂ ਨੂੰ ਜ਼ਿਆਦਾ ਜਲਦੀ ਨੋਟਿਸ ਕਰਦਾ ਹੈ।

ਲਗਾਤਾਰ ਸ਼ਿਕਾਇਤਾਂ ਕਰਦੇ ਰਹਿਣਾ ਸਰੀਰ ਦੇ ਐਚਪੀਏ ਧੁਰੇ ਨੂੰ ਸਰਗਰਮ ਰੱਖਦਾ ਹੈ, ਕੋਰਟੀਸੋਲ ਵਧਾਉਂਦਾ ਹੈ। ਨਤੀਜੇ ਵਜੋਂ ਏਮੀਗਡਾਲਾ ਵਧੇਰੇ ਸੰਵੇਦਨਸ਼ੀਲ ਹੋ ਜਾਂਦਾ ਹੈ, ਜਦਕਿ ਹਿਪੋਕੈਂਪਸ ਕਮਜ਼ੋਰ ਹੋ ਜਾਂਦਾ ਹੈ। ਇਹ ਇਨਸਾਨ ਨੂੰ ਨਕਰਾਤਮਕ ਵਿਚਾਰਾਂ ਅਤੇ ਸ਼ਿਕਾਇਤਾਂ ਦੇ ਮਾੜੇ ਚੱਕਰ ਵਿੱਚ ਫਸਾ ਦਿੰਦਾ ਹੈ।

ਉਨ੍ਹਾਂ ਲੋਕਾਂ ਦਾ ਕੀ ਜੋ ਲਗਾਤਾਰ ਸ਼ਿਕਾਇਤਾਂ ਕਰਨ ਵਾਲੇ ਜਾਂ ਖਿਝੇ ਰਹਿਣ ਵਾਲੇ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ ?

ਜ਼ਰੂਰੀ ਗੱਲ, ਸਿਰਫ਼ ਖੁਦ ਤਣਾਅ ਵਿੱਚ ਰਹਿਣਾ ਹੀ ਨਹੀਂ, ਬਲਕਿ ਵਾਰ-ਵਾਰ ਨਕਰਾਤਮਕ ਵਾਤਾਵਰਣ ਦੇ ਸੰਪਰਕ ਵਿੱਚ ਆਉਣਾ, ਲਗਾਤਾਰ ਬੁੜਬੁੜਾਉਣਾ ਜਾਂ ਸ਼ਿਕਾਇਤਾਂ ਸੁਣਨ ਨੂੰ ਦਿਮਾਗ਼ ਵੱਲੋਂ 'ਸਮਾਜਿਕ ਤਣਾਅ' ਵਜੋਂ ਸਮਝਿਆ ਜਾਂਦਾ ਹੈ। ਇਨ੍ਹਾਂ ਸਥਿਤੀਆਂ ਵਿੱਚ, ਸਰੀਰ ਅੰਦਰ ਕੋਰਟੀਸੋਲ ਪੱਧਰ ਲੰਬੇ ਸਮੇਂ ਲਈ ਵਧੇ ਰਹਿ ਸਕਦੇ ਹਨ। ਅਧਿਐਨ ਦੱਸਦੇ ਹਨ ਕਿ ਸਮੇਂ ਦੇ ਨਾਲ, ਇਹ ਹਿਪੋਕੈਂਪਸ ਅਤੇ ਪ੍ਰੀਫਰੰਟਲ ਕੋਰਟੈਕਸ ਦੀ ਕੁਸ਼ਲਤਾ ਵਿੱਚ ਗਿਰਾਵਟ ਦੀ ਸੰਭਾਵਨਾ ਵਧਾ ਸਕਦਾ ਹੈ

ਥੋੜ੍ਹੇ ਸ਼ਬਦਾਂ ਵਿੱਚ, ਵਿਰਾਜ ਦੀਆਂ ਸ਼ਿਕਾਇਤਾਂ ਨੇ ਸਿਰਫ਼ ਉਸੇ 'ਤੇ ਹੀ ਨਹੀਂ ਬਲਕਿ ਉਸ ਦੇ ਆਲੇ-ਦੁਆਲੇ ਰਹਿਣ ਵਾਲਿਆਂ 'ਤੇ ਵੀ ਅਸਰ ਪਾਇਆ ਜਿਸ ਕਾਰਨ ਆਖਿਰਕਾਰ ਉਹ ਉਸ ਨੂੰ ਟਾਲਣ ਲੱਗ ਗਏ।

ਉਹ ਲੋਕ ਜੋ ਅਜਿਹੇ ਸ਼ਿਕਾਇਤੀ ਅਤੇ ਖਿਝੇ ਇਨਸਾਨਾਂ ਦੇ ਸੰਪਰਕ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਵੀ ਪ੍ਰਭਾਵ ਝੱਲਣਾ ਪੈਂਦਾ ਹੈ।

ਮਨੋਵਿਗਿਆਨੀ ਡਾ.ਧਾਰਾ ਘੁੰਤਾਲਾ ਨੇ ਸਪਸ਼ਟ ਰੂਪ ਵਿੱਚ ਇਹ ਸਮਝਾਇਆ। ਉਨ੍ਹਾਂ ਨੇ ਕਈ ਹਸਪਤਾਲਾਂ ਵਿੱਚ ਕੰਮ ਕੀਤਾ ਹੈ ਜਿਵੇਂ ਕਿ ਸੁਜੇ ਹਸਪਤਾਲ, ਸੈਵਨ ਹਿਲਜ਼ ਅਤੇ ਕ੍ਰਿਟੀਕੇਅਰ ਹਸਪਤਾਲ।

ਉਹ ਕਹਿੰਦੇ ਹਨ, " ਲਗਾਤਾਰ ਨਾਂਪੱਖੀ ਵਿਚਾਰਾਂ ਨੂੰ ਸੁਣਨਾ ਜਾਂ ਅਜਿਹੇ ਮਾਹੌਲ ਵਿੱਚ ਰਹਿਣਾ ਅਤੇ ਖ਼ੁਦ ਨਾਂਪੱਖੀ ਵਿਚਾਰ ਤੇ ਸ਼ਿਕਾਇਤਾਂ ਕਰਨੀਆਂ ਦੋਹਾਂ ਦਾ ਦਿਮਾਗ਼ 'ਤੇ ਇੱਕੋ ਜਿਹਾ ਅਸਰ ਹੁੰਦਾ ਹੈ।"

ਲਗਾਤਾਰ ਅਜਿਹੀ ਨਕਰਾਤਮਕਤਾ ਦਿਮਾਗ਼ ਵਿੱਚ ਤਣਾਅ ਸਬੰਧੀ ਮਾਰਗਾਂ ਨੂੰ ਸਰਗਰਮ ਕਰਦੀ ਹੈ ਅਤੇ ਕੌਰਟੀਸੋਲ ਜਿਹੇ ਤਣਾਅ ਹਾਰਮੋਨ ਵਿੱਚ ਵਾਧਾ ਕਰਦੀ ਹੈ। ਸਮੇਂ ਦੇ ਨਾਲ, ਨਕਰਾਤਮਕ ਵਿਚਾਰਾਂ ਦੇ ਨਿਓਰਲ ਪੈਟਰਨ ਮਜ਼ਬੂਤ ਹੋ ਜਾਂਦੇ ਹਨ ਅਤੇ ਇਨਸਾਨ ਛੋਟੀਆਂ ਛੋਟੀਆਂ ਗੱਲਾਂ 'ਤੇ ਤੀਬਰ ਭਾਵਨਾਤਮਕ ਪ੍ਰਤੀਕਿਰਿਆ ਦੇਣ ਲਗਦਾ ਹੈ।

ਖੋਜ ਇਹ ਵੀ ਦੱਸਦੀ ਹੈ ਕਿ ਜੇ ਤਣਾਅ ਇੱਕ ਤੈਅ ਸਮੇਂ ਤੋਂ ਵੱਧ ਤੱਕ ਬਰਕਰਾਰ ਰਹੇ, ਹਿਪੋਕੈਂਪਸ ਅਤੇ ਪ੍ਰੀਫਰੰਟਲ ਕੋਰਟੈਕਸ ਵਿੱਚ ਬਦਲਾਵਾਂ ਨੂੰ ਪੂਰੀ ਤਰ੍ਹਾਂ ਉਲ਼ਟਾਉਣਾ ਮੁਸ਼ਕਿਲ ਹੋ ਜਾਂਦਾ ਹੈ।

ਨਤੀਜੇ ਵਜੋਂ, ਯਾਦਾਸ਼ਤ, ਭਾਵਨਾਤਮਕ ਨਿਯੰਤਰਨ ਅਤੇ ਫ਼ੈਸਲੇ ਲੈਣ ਦੀ ਯੋਗਤਾ ਕਮਜ਼ੋਰ ਹੋ ਜਾਂਦੀ ਹੈ। ਲੰਬੇ ਸਮੇਂ ਦੇ ਭਾਵਨਾਤਮਕ ਤਣਾਅ ਕਾਰਨ, ਪ੍ਰੀਫਰੰਟਲ ਕੋਰਟੈਕਸ ਦਾ ਨਿਯੰਤਰਨ ਘਟਦਾ ਹੈ ਜਿਸ ਨਾਲ ਸਪਸ਼ਟ ਸੋਚ ਸਕਣਾ, ਯੋਜਨਾਬੰਧੀ ਅਤੇ ਸਵੈ-ਕਾਬੂ ਹੋਰ ਔਖੇ ਹੋ ਜਾਂਦੇ ਹਨ।

ਤਣਾਅ ਹਰ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ, ਪਰ ਅਸਰ ਹਰ ਕਿਸੇ ਲਈ ਬਰਾਬਰ ਨਹੀਂ ਹੁੰਦਾ।

ਹਰ ਕੋਈ ਤਣਾਅ ਨਾਲ ਪ੍ਰਭਾਵਿਤ ਹੁੰਦਾ ਹੈ, ਪਰ ਹਰ ਕੋਈ ਇੱਕੋ ਤਰੀਕੇ ਨਾਲ ਪ੍ਰਭਾਵਿਤ ਨਹੀਂ ਹੁੰਦਾ। ਲਗਾਤਾਰ ਤਣਾਅ, ਚਿੰਤਾ ਅਤੇ ਭਾਵਨਾਤਮਕ ਅਸਥਿਰਤਾ ਦਾ ਕਾਰਨ ਹਰ ਕਿਸੇ ਲਈ ਇੱਕੋ ਜਿਹਾ ਨਹੀਂ ਹੁੰਦਾ। ਕੁਝ ਲੋਕਾਂ ਵਿੱਚ ਹਾਰਮੋਨ-ਨਿਯੰਤਰਨ ਤਣਾਅ ਸਿਸਟਮ ਵਧੇਰੇ ਸੰਵੇਦਨਸ਼ੀਨ ਹੁੰਦਾ ਹੈ। ਅਜਿਹੇ ਲੋਕਾਂ ਦੇ ਦਿਮਾਗ ਤਣਾਅ ਪ੍ਰਤੀ ਵੱਧ ਛੇਤੀ ਪ੍ਰਤੀਕਿਰਿਆ ਦਿੰਦੇ ਹਨ ਅਤੇ ਰਿਕਵਰ ਹੋਣ ਨੂੰ ਸਮਾਂ ਲਗਾਉਂਦੇ ਹਨ।

ਜੈਵਿਕ ਅਤੇ ਜੈਨੇਟਿਕ ਫੈਕਟਰ ਵੀ ਖਾਸ ਭੂਮਿਕਾ ਅਦਾ ਕਰਦੇ

ਡਾ. ਸ਼ੌਨਕ ਅਜਿੰਕੀ ਦੱਸਦੇ ਹਨ "ਕੁਝ ਲੋਕਾਂ ਦੇ ਦਿਮਾਗ ਕੁਦਰਤੀ ਤੌਰ 'ਤੇ ਤਣਾਅ ਲਈ ਹੋਰ ਵੱਧ ਸੰਵੇਦਨਸ਼ੀਲ ਹੁੰਦੇ ਹਨ। ਜਿਨ੍ਹਾਂ ਵਿੱਚ ਕੌਰਟਿਸੋਲ ਦਾ ਲੈਵਲ ਕੁਦਰਤੀ ਤੌਰ 'ਤੇ ਵੱਧ ਹੁੰਦਾ ਹੈ ਜਾਂ ਜਿਨ੍ਹਾਂ ਦਾ ਐਚਪੀਏ ਐਕਸਿਸ ਠੀਕ ਤਰ੍ਹਾਂ ਰੈਗੂਲੇਟ ਨਹੀਂ ਹੁੰਦਾ, ਉਹਨਾਂ ਨੂੰ ਤਣਾਅ ਦਾ ਅਸਰ ਹੋਰ ਵੀ ਜ਼ਿਆਦਾ ਲੰਬੇ ਸਮੇਂ ਤੱਕ ਮਹਿਸੂਸ ਹੁੰਦਾ ਹੈ। ਹਲਕਾ ਜਿਹਾ ਤਣਾਅ ਵੀ ਉਹਨਾਂ ਦੇ ਸਰੀਰ ਵਿੱਚ ਲੰਬੇ ਸਮੇਂ ਲਈ ਸਟ੍ਰੈੱਸ ਰਿਐਕਸ਼ਨ ਪੈਦਾ ਕਰ ਸਕਦਾ ਹੈ, ਜਿਸ ਨਾਲ ਦਿਮਾਗ ਨੂੰ 'ਆਰਾਮ' ਵਾਲੀ ਸਥਿਤੀ ਨਹੀਂ ਮਿਲਦੀ।

ਅਜਿਹੀ ਸਥਿਤੀਆਂ ਵਿੱਚ, ਦਿਮਾਗ ਦੇ ਉਹ ਹਿੱਸੇ ਜੋ ਯਾਦਦਾਸ਼ਤ, ਭਾਵਨਾਵਾਂ ਦੇ ਕੰਟਰੋਲ ਅਤੇ ਫੈਸਲੇ ਕਰਨ ਲਈ ਮਹੱਤਵਪੂਰਨ ਹੁੰਦੇ ਹਨ, ਉਹ ਹੌਲੀ-ਹੌਲੀ ਕਮਜ਼ੋਰ ਹੋਣ ਲੱਗਦੇ ਹਨ। ਇਨ੍ਹਾਂ ਜੈਵਿਕ ਕਾਰਨਾਂ ਕਰਕੇ ਕੁਝ ਲੋਕ ਖੁਦ ਨੂੰ ਹਮੇਸ਼ਾਂ ਸਾਵਧਾਨ, ਬੇਚੈਨ ਜਾਂ ਭਾਵਨਾਤਮਕ ਤੌਰ 'ਤੇ ਚਿੜਚਿੜੇ ਮਹਿਸੂਸ ਕਰਦੇ ਹਨ। ਅਕਸਰ, ਇਸ ਤਰ੍ਹਾਂ ਦੇ ਲੋਕਾਂ ਨੇ ਬਚਪਨ ਵਿੱਚ ਤਣਾਅ ਭਰੀਆਂ ਸਥਿਤੀਆਂ ਦਾ ਅਨੁਭਵ ਕੀਤਾ ਹੁੰਦਾ ਹੈ, ਜਿਨ੍ਹਾਂ ਦੇ ਤਣਾਅ ਨੂੰ ਸੰਭਾਲਣ 'ਤੇ ਲੰਮੇ ਸਮੇਂ ਤੱਕ ਅਸਰ ਰਹਿੰਦਾ ਹੈ। ਇਸ ਲਈ, ਉਹਨਾਂ ਲਈ ਸਟ੍ਰੈੱਸ ਨੂੰ ਪਛਾਣਣਾ, ਸਮੇਂ 'ਤੇ ਮਦਦ ਲੈਣਾ ਅਤੇ ਠੀਕ ਇਲਾਜ ਬਹੁਤ ਜ਼ਰੂਰੀ ਹੁੰਦਾ ਹੈ।"

ਪਨਵੇਲ ਤੋਂ ਮਨੋਵਿਗਿਆਨੀ ਡਾ. ਰਿਸ਼ਭ ਵਰਮਾ ਵੀ ਇਸ ਗੱਲ ਨਾਲ ਸਹਿਮਤ ਹਨ।

ਉਹ ਕਹਿੰਦੇ ਹਨ, "ਜਿਨ੍ਹਾਂ ਲੋਕਾਂ ਦਾ ਐਚਪੀਏ ਐਕਸਿਸ ਜ਼ਿਆਦਾ ਐਕਟਿਵ ਹੁੰਦਾ ਹੈ ਜਾਂ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਕਾਫੀ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕੀਤਾ ਹੁੰਦਾ ਹੈ, ਉਹਨਾਂ ਵਿੱਚ ਸਟ੍ਰੈੱਸ ਰਿਐਕਸ਼ਨ ਹੋਰ ਤੇਜ਼ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਉਹਨਾਂ ਵਿੱਚ ਕੋਰਟਿਸੋਲ ਲੈਵਲ ਅਚਾਨਕ ਜ਼ਿਆਦਾ ਵੱਧਦਾ ਹੈ ਅਤੇ ਲੰਮਾ ਸਮਾਂ ਰਹਿੰਦਾ ਹੈ, ਜਿਸ ਨਾਲ ਦਿਮਾਗ ਤਣਾਅ ਦੇ ਪ੍ਰਭਾਵ ਲਈ ਹੋਰ ਨਾਜ਼ੁਕ ਹੋ ਜਾਂਦਾ ਹੈ। ਖ਼ਾਸ ਕਰਕੇ ਹਿਪੋਕੈਂਪਸ ਤੇ ਪ੍ਰੀਫਰੰਟਲ ਕੋਰਟੈਕਸ ਹੋਰ ਲੋਕਾਂ ਦੇ ਮੁਕਾਬਲੇ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ।"

ਸਕਾਰਾਤਮਕ ਸੋਚ ਦਿਮਾਗ ਨੂੰ ਮੁੜ ਸੰਤੁਲਨ ਵਿੱਚ ਕਿਵੇਂ ਲਿਆਉਂਦੀ ਹੈ?

ਲੰਬੇ ਸਮੇਂ ਦਾ ਤਣਾਅ ਦਿਮਾਗ ਦੇ ਕੁਝ ਹਿੱਸਿਆਂ ਨੂੰ ਕਮਜ਼ੋਰ ਕਰ ਦਿੰਦਾ ਹੈ ਅਤੇ ਸਟ੍ਰੈੱਸ ਰਿਐਕਸ਼ਨ ਵਧਾ ਦਿੰਦਾ ਹੈ। ਪਰ ਸ਼ੁਕਰਗੁਜ਼ਾਰੀ ਅਤੇ ਸੋਚ ਬਦਲਣ ਦੀ ਆਦਤ ਦਿਮਾਗ ਨੂੰ ਮੁੜ ਸਿੱਖਣ ਵਿੱਚ ਮਦਦ ਕਰਦੀ ਹੈ ਅਤੇ ਇਸ ਨੁਕਸਾਨ ਨੂੰ ਕੁਝ ਹੱਦ ਤੱਕ ਘਟਾਉਂਦੀ ਹੈ।

ਡਾ. ਸ਼ੌਨਕ ਅਜਿੰਕੀ ਕਈ ਉਪਾਅ ਸੁਝਾਉਂਦੇ ਹਨ।

ਸ਼ੁਕਰਗੁਜ਼ਾਰੀ ਦਾ ਅਭਿਆਸ ਕਰਨਾ: ਰੋਜ਼ 2–3 ਚੀਜ਼ਾਂ ਲਿਖੋ ਜਿਨ੍ਹਾਂ ਲਈ ਤੁਸੀਂ ਧੰਨਵਾਦੀ ਹੋ। ਇਸ ਨਾਲ ਦਿਮਾਗ ਦੇ ਖ਼ਤਰੇ ਦਾ ਪਤਾ ਲਗਾਉਣ ਦੇ ਢੰਗ ਨੂੰ ਘਟਾਉਂਦਾ ਹੈ।

ਸੋਚ ਬਦਲਣ ਦੀ ਆਦਤ: ਨਕਾਰਾਤਮਕ ਸਥਿਤੀਆਂ ਨੂੰ ਇਸ ਦ੍ਰਿਸ਼ਟੀਕੋਣ ਤੋਂ ਵੇਖਣਾ ਕਿ "ਮੈਂ ਇਸ ਤੋਂ ਕੀ ਸਿੱਖ ਸਕਦਾ ਹਾਂ?"

ਸਾਹ ਲੈਣ ਦਾ ਅਭਿਆਸ ਕਰਨਾ, ਹਰ ਰੋਜ਼ ਕੁਝ ਮਿੰਟ ਹੌਲੀ ਤੇ ਡੂੰਘੇ ਸਾਹ ਲੈਣ ਨਾਲ ਤਣਾਅ ਦੀ ਪ੍ਰਤੀਕ੍ਰਿਆ ਸ਼ਾਂਤ ਹੁੰਦੀ ਹੈ।

ਠੀਕ ਰੁਟੀਨ ਅਤੇ ਪੂਰੀ ਨੀਂਦ ਬਣਾਈ ਰੱਖਣ ਨਾਲ ਦਿਮਾਗ ਦੀ ਰਿਪੇਅਰ ਵਾਲੀ ਪ੍ਰਕਿਰਿਆਵਾਂ ਨੂੰ ਮਦਦ ਮਿਲਦੀ ਹੈ।

ਹਲਕੀ ਫਿਜ਼ੀਕਲ ਐਕਟੀਵਿਟੀ ਜਿਵੇਂ ਕਸਰਤ, ਟਹਿਲਣਾ ਜਾਂ ਯੋਗਾ ਬੀਡੀਐੱਨਐੱਫ ਨੂੰ ਵਧਾਉਂਦੇ ਹਨ ਅਤੇ ਮਾਨਸਿਕ ਤਾਕਤ ਨੂੰ ਸੁਧਾਰਦੇ ਹਨ।

ਲਗਾਤਾਰ ਸ਼ਿਕਾਇਤਾਂ ਅਤੇ ਨਕਾਰਾਤਮਕ ਖ਼ਬਰਾਂ ਤੋਂ ਬ੍ਰੇਕ ਲੈਣ ਨਾਲ ਡਿਜਿਟਲ ਅਤੇ ਮਾਨਸਿਕ ਦੋਵੇਂ ਤਰ੍ਹਾਂ ਦਾ ਆਰਾਮ ਮਿਲਦਾ ਹੈ।

ਜੇ ਤਣਾਅ ਲੰਬੇ ਸਮੇਂ ਤੱਕ ਰਹਿੰਦਾ ਹੈ ਤਾਂ ਮਾਹਰ ਦੀ ਮਦਦ ਲੈਣਾ ਜ਼ਰੂਰੀ ਹੁੰਦਾ ਹੈ।

ਬੀਡੀਐੱਨਐੱਫ ਇੱਕ ਪ੍ਰੋਟੀਨ ਹੈ ਜੋ ਦਿਮਾਗ ਦੇ ਸੈੱਲਾਂ ਨੂੰ ਵਧਣ ਅਤੇ ਜਿਓਣ ਵਿੱਚ ਮਦਦ ਕਰਦਾ ਹੈ। ਇਹ ਦਿਮਾਗ ਲਈ ਖਾਦ ਜਾਂ ਟਾਨਿਕ ਵਾਂਗ ਕੰਮ ਕਰਦਾ ਹੈ।

ਰਿਸਰਚ ਮੁਤਾਬਕ ਕੁਝ ਸਕਾਰਾਤਮਕ ਭਾਵਨਾਤਮਕ ਆਦਤਾਂ ਸਾਡੇ ਦਿਮਾਗ ਅਤੇ ਇਸ ਤੋਂ ਵੀ ਵੱਧ, ਸਾਡੀ ਰੱਖਿਆ ਕਰ ਸਕਦੀਆਂ ਹਨ।

ਜਿਵੇਂ ਸ਼ੁਕਰਗੁਜ਼ਾਰੀ, ਆਪਣੀ ਸੋਚ ਨੂੰ ਨਵੇਂ ਤਰੀਕੇ ਨਾਲ ਦੇਖਣਾ, ਅਤੇ ਆਪਣੀਆਂ ਭਾਵਨਾਵਾਂ ਨੂੰ ਪਛਾਣਨਾ ਤੇ ਕੰਟਰੋਲ ਕਰਨਾ, ਇਹ ਸਾਰੀਆਂ ਚੀਜ਼ਾਂ ਦਿਮਾਗ ਨੂੰ ਹੋਰ ਮਜ਼ਬੂਤ ਅਤੇ ਤਾਕਤਵਰ ਬਣਾਉਂਦੀਆਂ ਹਨ।

ਰੋਜ਼ਾਨਾ ਸ਼ੁਕਰਗੁਜ਼ਾਰੀ ਦੀ ਪ੍ਰੈਕਟਿਸ ਦਿਮਾਗ ਦੇ ਉਹ ਹਿੱਸੇ ਐਕਟਿਵ ਕਰਦੀ ਹੈ ਜੋ ਫੈਸਲੇ ਕਰਨ ਅਤੇ ਕੰਟਰੋਲ ਲਈ ਜ਼ਿੰਮੇਵਾਰ ਹਨ (ਪ੍ਰੀਫਰੰਟਲ ਕੋਰਟੈਕਸ), ਭਾਵਨਾਤਮਕ ਸੰਤੁਲਨ ਨਾਲ ਜੁੜਿਆ ਹਿੱਸਾ (ਐਂਟੀਰੀਅਰ ਸਿੰਗੁਲੇਟ ਕੋਰਟੈਕਸ ਜਾਂ ਏਸੀਸੀ), ਅਤੇ ਖੁਸ਼ੀ ਤੇ ਪ੍ਰੇਰਣਾ ਨਾਲ ਜੁੜੇ ਸਰਕਟ (ਰਿਵਾਰਡ ਪਾਥਵੇਜ਼)।"

ਇਸ ਦੇ ਨਤੀਜੇ ਵਜੋਂ ਸਟ੍ਰੈੱਸ ਹਾਰਮੋਨ ਕੋਰਟਿਸੋਲ ਲੈਵਲ ਘੱਟ ਹੁੰਦਾ ਹੈ, ਜਿਸ ਨਾਲ ਦਿਮਾਗ 'ਤੇ ਸਟ੍ਰੈੱਸ ਦੇ ਨੁਕਸਾਨਦਾਇਕ ਅਸਰ ਘਟ ਜਾਂਦੇ ਹਨ। ਇਹ ਗੱਲ PositivePsychology.com ਵੱਲੋਂ ਦਿੱਤੀਆਂ ਸਟਡੀਜ਼ ਵਿੱਚ ਵੀ ਵੇਖੀ ਗਈ ਹੈ।

ਤਣਾਅ ਤੋਂ ਨਿਜਾਤ ਪਾਉਣ ਵਿੱਚ ਰੋਜ਼ਾਨਾ ਦੀਆਂ ਆਦਤਾਂ ਦੀ ਭੂਮਿਕਾ

ਰੋਜ਼ਾਨਾ ਆਦਤਾਂ ਤਣਾਅ ਤੋਂ ਬਾਹਰ ਆਉਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਲੰਬੇ ਸਮੇਂ ਦਾ ਤਣਾਅ ਦਿਮਾਗ ਦੀ ਬਣਤਰ ਅਤੇ ਕੰਮ ਕਰਨ ਦੇ ਤਰੀਕੇ 'ਤੇ ਅਸਰ ਪਾਉਂਦਾ ਹੈ। ਪਰ ਸਹੀ ਕਸਰਤ, ਪੂਰੀ ਨੀਂਦ ਅਤੇ ਸੋਚ ਦੇ ਤਰੀਕੇ ਵਿੱਚ ਬਦਲਾਅ ਦਿਮਾਗ ਦੀ ਰੀਪੇਅਰ ਹੋਣ ਵਾਲੇ ਪ੍ਰਕਿਰਿਆਵਾਂ ਨੂੰ ਐਕਟਿਵ ਕਰਦੇ ਹਨ। ਰਿਸਰਚ ਅਨੁਸਾਰ ਦਿਮਾਗ ਹਮੇਸ਼ਾ ਨਿਊਰੋਪਲਾਸਟੀਸਿਟੀ ਰਾਹੀਂ ਨਵੇਂ ਕਨੈਕਸ਼ਨ ਬਣਾਉਣ ਦੀ ਸਮਰੱਥਾ ਨੂੰ ਬਰਕਰਾਰ ਰੱਖਦਾ ਹੈ। ਇਸ ਲਈ, ਰੋਜ਼ਾਨਾ ਦੀਆਂ ਆਦਤਾਂ ਇਲਾਜ ਵਾਂਗ ਹੀ ਮਹੱਤਵਪੂਰਨ ਹਨ।

ਡਾ. ਰਿਸ਼ਭ ਵਰਮਾ ਦੱਸਦੇ ਹਨ, "ਦਿਮਾਗ 'ਤੇ ਤਣਾਅ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਘਟਾਉਣ ਲਈ ਰੋਜ਼ਾਨਾ ਦੀਆਂ ਆਦਤਾਂ ਮਹੱਤਵਪੂਰਨ ਹਨ। ਐਰੋਬਿਕ ਕਸਰਤ ਬੀਡੀਐੱਨਐੱਫ ਨੂੰ ਵਧਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਪ੍ਰੋਟੀਨ ਦਿਮਾਗ ਦੇ ਸੈੱਲਾਂ ਖਾਸ ਕਰਕੇ ਹਿਪੋਕੈਂਪਸ ਵਿੱਚ, ਵਧਣ ਫੁੱਲਣ ਅਤੇ ਮਜ਼ਬੂਤ ਰਹਿਣ ਵਿੱਚ ਮਦਦ ਕਰਦਾ ਹੈ। ਇਹ ਅਸਲ ਵਿੱਚ ਦਿਮਾਗ ਲਈ ਖਾਦ ਵਾਂਗ ਕੰਮ ਕਰਦਾ ਹੈ।

ਲੋੜੀਂਦੀ ਅਤੇ ਚੰਗੀ ਗੁਣਵੱਤਾ ਵਾਲੀ ਨੀਂਦ ਵੀ ਓਨੀ ਹੀ ਮਹੱਤਵਪੂਰਨ ਹੈ ਕਿਉਂਕਿ ਡੂੰਘੀ ਨੀਂਦ ਦੌਰਾਨ ਦਿਮਾਗ ਦਾ ਸਾਫ਼ ਕਰਨ ਵਾਲਾ ਸਿਸਟਮ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਦਿੰਦਾ ਹੈ। ਨੀਂਦ ਦੀ ਘਾਟ ਨਾਲ ਇਹ ਜ਼ਹਿਰੀਲੇ ਪਦਾਰਥ ਦਿਮਾਗ ਵਿੱਚ ਇਕੱਠੇ ਹੋਣ ਲੱਗਦੇ ਹਨ।

ਇਸਦੇ ਨਾਲ, ਸੋਚ ਅਤੇ ਵਿਹਾਰ ਥੈਰਪੀ (ਕੋਗਨਿਟਿਵ ਬਿਹੇਵਿਅਰਲ ਥੈਰਪੀ) ਦੀਆਂ ਤਕਨੀਕਾਂ ਜਿਵੇਂ ਲਗਾਤਾਰ ਨਕਾਰਾਤਮਕ ਵਿਚਾਰ ਚੱਕਰਾਂ ਨੂੰ ਰੋਕਣ ਵਿੱਚ ਮਦਦ ਕਰਦੀਆਂ ਹਨ।

ਆਮ ਤੌਰ 'ਤੇ ਜਦੋਂ ਸਰੀਰ, ਮਨ ਅਤੇ ਸੋਚ 'ਤੇ ਇਕੱਠੇ ਕੰਮ ਕੀਤਾ ਜਾਂਦਾ ਹੈ, ਤਾਂ ਦਿਮਾਗ ਜ਼ਿਆਦਾ ਤੇਜ਼ੀ ਨਾਲ ਰਿਪੇਅਰ ਹੁੰਦਾ ਹੈ।"

ਕਈ ਵਾਰ, ਜੀਵਨ ਨੂੰ ਬਦਲਣ ਲਈ ਵੱਡੇ ਬਦਲਾਅ ਦੀ ਲੋੜ ਨਹੀਂ ਹੁੰਦੀ। ਇਹ ਜਾਣਨਾ ਹੀ ਕਾਫੀ ਹੁੰਦਾ ਹੈ ਕਿ ਸਾਡਾ ਮਨ ਕਿੱਥੇ ਰੁਕਦਾ, ਫਸਦਾ ਜਾਂ ਅਟਕਦਾ ਹੈ। ਜਦੋਂ ਅੰਦਰੂਨੀ ਸੰਵਾਦ ਸ਼ਿਕਾਇਤਾਂ ਦੇ ਸ਼ੋਰ ਨਾਲੋਂ ਵੱਧ ਸਪੱਸ਼ਟ ਹੋ ਜਾਂਦਾ ਹੈ, ਤਾਂ ਅਸੀਂ ਜ਼ਿੰਦਗੀ ਨੂੰ ਜਿਸ ਦਿਸ਼ਾ ਤੋਂ ਦੇਖਦੇ ਹਾਂ, ਉਹ ਕੁਦਰਤੀ ਤੌਰ 'ਤੇ ਬਦਲਣਾ ਸ਼ੁਰੂ ਹੋ ਜਾਂਦਾ ਹੈ।

ਜੇ ਕੋਈ ਵੱਡੇ ਲਾਈਫਸਟਾਈਲ ਬਦਲਾਅ ਕਰਨੇ ਹੋਣ, ਖੁਰਾਕ ਵਿੱਚ ਬਦਲਾਅ, ਕਸਰਤ ਸ਼ੁਰੂ ਕਰਨਾ ਜਾਂ ਦਵਾਈ ਲੈਣੀ ਹੋਵੇ, ਤਾਂ ਡਾਕਟਰਾਂ ਅਤੇ ਯੋਗ ਮਾਹਰਾਂ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ।

ਇਹ ਸਲਾਹ ਦਿੱਤੀ ਜਾਂਦੀ ਹੈ ਕਿ ਸਹੀ ਡਾਕਟਰੀ ਜਾਂਚ ਕਰਵਾਈ ਜਾਵੇ ਅਤੇ ਜੀਵਨਸ਼ੈਲੀ ਵਿੱਚ ਬਦਲਾਅ ਸਿਰਫ਼ ਮਾਹਰਾਂ ਦੀ ਸਲਾਹ ਦੇ ਅਧਾਰ 'ਤੇ ਹੀ ਕਰਨੇ ਚਾਹੀਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)