You’re viewing a text-only version of this website that uses less data. View the main version of the website including all images and videos.
ਸੂਪ ਤੁਹਾਡੀ ਬਿਮਾਰੀ ਵੇਲੇ ਕਿਵੇਂ ਇੱਕ ਸਹਾਰਾ ਬਣ ਜਾਂਦਾ ਹੈ, ਵੱਖੋ-ਵੱਖ ਦੇਸ਼ਾਂ ਵਿੱਚ ਇਸਦੀ ਕੀ ਹੈ ਮਹੱਤਤਾ
- ਲੇਖਕ, ਡੋਰਿਸ ਲੈਮ
- ਰੋਲ, ਬੀਬੀਸੀ ਨਿਊਜ਼
- ਪੜ੍ਹਨ ਦਾ ਸਮਾਂ: 8 ਮਿੰਟ
ਵੱਖ-ਵੱਖ ਸੱਭਿਆਚਾਰਾਂ ਵਿੱਚ ਬ੍ਰੋਥ (ਸੂਪ ਵਰਗਾ ਪਾਣੀਦਾਰ ਖਾਣਾ) ਬੀਮਾਰੀ ਵੇਲੇ ਆਰਾਮ ਦਿੰਦਾ ਹੈ, ਖੁਸ਼ੀ ਦੇ ਮੌਕਿਆਂ 'ਤੇ ਵੀ ਬਣਾਇਆ ਜਾਂਦਾ ਹੈ ਅਤੇ ਘੱਟ ਸਮੱਗਰੀ ਨਾਲ ਵੀ ਘਰ ਚਲਾਉਣ ਵਿੱਚ ਮਦਦ ਕਰਦਾ ਹੈ।
ਇਹ ਸਭ ਕੁਝ ਉਸ ਵੇਲੇ ਤੋਂ ਹੋ ਰਿਹਾ ਹੈ ਜਦੋਂ "ਵੈਲਨੈੱਸ ਟ੍ਰੈਂਡ" ਦਾ ਨਾਮ ਵੀ ਨਹੀਂ ਸੀ।
ਜਦੋਂ ਤੁਹਾਨੂੰ ਆਰਾਮ ਚਾਹੀਦਾ ਹੈ, ਤੁਸੀਂ ਕੀ ਖਾਂਦੇ ਹੋ? ਇਹ ਜਵਾਬ ਹਰ ਥਾਂ ਵੱਖਰਾ ਹੋ ਸਕਦਾ ਹੈ, ਪਰ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਕਿਸਮ ਦਾ ਗਰਮ ਬ੍ਰੋਥ ਹੀ ਚੁਣਦੇ ਹਨ।
ਅਮਰੀਕਾ ਵਿੱਚ ਇਹ ਚਿਕਨ ਨੂਡਲ ਸੂਪ ਹੋ ਸਕਦਾ ਹੈ, ਜਦਕਿ ਇਟਲੀ ਵਿੱਚ ਲੋਕ "ਨੋਨਾ" ਦਾ ਘਰੇਲੂ ਪਾਸਤੀਨਾ ਇਨ ਬ੍ਰੋਡੋ ਪਸੰਦ ਕਰਦੇ ਹਨ। ਇਹ ਛੋਟੇ ਪਾਸਤਾ ਹੁੰਦੇ ਹਨ ਜੋ ਸਧਾਰਨ ਸਬਜ਼ੀਆਂ ਜਾਂ ਹੱਡੀਆਂ ਦੇ ਸਟਾਕ ਵਿੱਚ ਬਣਾਏ ਜਾਂਦੇ ਹਨ।
ਏਸ਼ੀਆ ਵਿੱਚ ਇਹ ਕਾਂਜੀ ਅਤੇ ਹੋਰ ਚਾਵਲ ਦੇ ਦਲੀਆ ਹੁੰਦੇ ਹਨ, ਜੋ ਪਾਣੀ ਜਾਂ ਸਟਾਕ ਵਿੱਚ ਹੌਲੀ-ਹੌਲੀ ਪਕਾਏ ਜਾਂਦੇ ਹਨ ਅਤੇ ਚੀਨ, ਵੀਅਤਨਾਮ, ਕੋਰੀਆ ਅਤੇ ਇੰਡੋਨੇਸ਼ੀਆ ਵਿੱਚ ਮਾਵਾਂ ਆਪਣੇ ਬੱਚਿਆਂ ਲਈ ਬਣਾਉਂਦੀਆਂ ਹਨ।
ਪੂਰਬੀ ਯੂਰਪ ਵਿੱਚ ਇਹ ਬੋਰਸ਼ਟ ਹੁੰਦਾ ਹੈ, ਜੋ ਚੁਕੰਦਰ ਦਾ ਖੱਟਾ ਸੂਪ ਹੈ ਅਤੇ ਅਕਸਰ ਮਾਸ ਦੇ ਸਟਾਕ ਅਤੇ ਭੁੰਨੀਆਂ ਹੋਈਆਂ ਸਬਜ਼ੀਆਂ ਨਾਲ ਬਣਾਇਆ ਜਾਂਦਾ ਹੈ ਅਤੇ ਇਹ ਯੂਕਰੇਨ ਦੀ ਖਾਣ-ਪਾਣ ਦੀ ਸੰਸਕ੍ਰਿਤੀ ਨਾਲ ਜੁੜਿਆ ਹੋਇਆ ਹੈ।
ਮਹਾਂਦੀਪਾਂ ਵਿੱਚ ਸਟਾਕ ਅਤੇ ਬ੍ਰੌਥ ਸੱਭਿਆਚਾਰਕ ਅਤੇ ਪਰਿਵਾਰਕ ਯਾਦਾਂ ਨਾਲ ਗੂੜ੍ਹੇ ਤੌਰ 'ਤੇ ਜੁੜੇ ਹੋਏ ਹਨ। ਇਹ ਉਹ ਚੀਜ਼ਾਂ ਹਨ ਜਿਨ੍ਹਾਂ ਵੱਲ ਅਸੀਂ ਮੁੜਦੇ ਹਾਂ ਜਦੋਂ ਅਸੀਂ ਬੀਮਾਰ ਹੁੰਦੇ ਹਾਂ, ਜਦੋਂ ਸਾਨੂੰ ਸਮੱਗਰੀ ਨੂੰ ਲੰਬਾ ਚਲਾਉਣਾ ਹੁੰਦਾ ਹੈ ਜਾਂ ਜਦੋਂ ਸਾਨੂੰ ਘਰ ਦੀ ਯਾਦ ਆਉਂਦੀ ਹੈ ਅਤੇ ਕੁਝ ਰਵਾਇਤਾਂ ਵਿੱਚ ਇਹ ਜਸ਼ਨ ਦੇ ਸਮੇਂ ਵੀ ਪੇਸ਼ ਕੀਤੇ ਜਾਂਦੇ ਹਨ।
ਇਹ ਕਦੇ ਵੀ ਆਪਣੇ ਆਪ ਵਿੱਚ ਜ਼ਿਆਦਾ ਧਿਆਨ ਨਹੀਂ ਖਿੱਚਦੇ ਪਰ ਇਹ ਬੇਸ਼ੁਮਾਰ ਖਾਣਿਆਂ ਦੀ ਨੀਂਹ ਬਣਦੇ ਹਨ।
ਅਤੇ ਜਿੱਥੇ ਵੀ ਇਹ ਖਾਦੇ ਜਾਂਦੇ ਹਨ, ਇਹ ਸਿਰਫ਼ ਸਰੀਰ ਹੀ ਨਹੀਂ, ਸਗੋਂ ਰੂਹ ਨੂੰ ਵੀ ਗਰਮ ਕਰਦੇ ਹਨ।
ਸਟਾਕ ਅਤੇ ਬ੍ਰੋਥ ਵਿੱਚ ਕੀ ਫਰਕ ਹੈ?
ਲੰਡਨ ਦੀ ਟੀਅਲਾ ਟਰੈਟੋਰੀਆ ਦੀ ਮੁੱਖ ਸ਼ੈੱਫ ਅਤੇ ਸੰਸਥਾਪਕ ਦਾਰਾ ਕਲਾਈਨ ਕਹਿੰਦੀ ਹੈ, "ਬ੍ਰੋਥ ਮੇਰੇ ਬਚਪਨ ਦੀਆਂ ਖਾਣੇ ਨਾਲ ਜੁੜੀਆਂ ਯਾਦਾਂ ਅਤੇ ਮੇਰੀ ਜ਼ਿੰਦਗੀ ਦੇ ਕੰਮ ਨੂੰ ਆਪਸ ਵਿੱਚ ਜੋੜਦਾ ਹੈ।"
ਉਨ੍ਹਾਂ ਨੇ ਆਪਣਾ ਬਚਪਨ ਇਟਲੀ ਦੇ ਐਮੀਲੀਆ-ਰੋਮਾਗਨਾ ਖੇਤਰ ਵਿੱਚ ਬਿਤਾਇਆ, ਜੋ ਟੋਰਟੈਲਿਨੀ ਇਨ ਬਰੋਡੋ (ਰਵਾਇਤੀ ਇਟਾਲੀਅਨ ਡਿਸ਼) ਦੀ ਜਨਮਭੂਮੀ ਹੈ।
ਕਲਾਈਨ ਕਹਿੰਦੀ ਹੈ, "ਐਮੀਲੀਆ-ਰੋਮਾਗਨਾ ਵਿੱਚ ਬਰੋਡੋ (ਮੁਰਗ਼ੀ ਜਾਂ ਗੋਸ਼ਤ ਦਾ ਸਟਾਕ) ਬਣਾਉਣ ਦੀ ਲੰਬੀ ਰਵਾਇਤ ਹੈ। ਇਹ ਉਹ ਚੀਜ਼ ਹੈ ਜਿਸ ਨਾਲ ਇਟਾਲੀਅਨ ਲੋਕ ਬਹੁਤ ਛੋਟੀ ਉਮਰ ਤੋਂ ਜਾਣੂ ਹੋ ਜਾਂਦੇ ਹਨ ਅਤੇ ਜਿਸ ਨਾਲ ਲੋਕਾਂ ਦਾ ਡੂੰਘਾ ਨਾਤਾ ਬਣ ਜਾਂਦਾ ਹੈ।"
ਸਟਾਕ ਅਤੇ ਬ੍ਰੋਥ ਸ਼ਬਦ ਅਕਸਰ ਇੱਕੋ ਜਿਹੇ ਅਰਥ ਵਿੱਚ ਵਰਤੇ ਜਾਂਦੇ ਹਨ, ਪਰ ਇਹ ਇੱਕੋ ਨਹੀਂ ਹੁੰਦੇ। ਬ੍ਰੋਥ ਆਮ ਤੌਰ 'ਤੇ ਮਾਸ, ਸਬਜ਼ੀਆਂ ਅਤੇ ਸੁਗੰਧੀ ਸਮੱਗਰੀ ਨੂੰ ਕੁਝ ਘੰਟਿਆਂ ਤੱਕ ਉਬਾਲ ਕੇ ਬਣਾਇਆ ਜਾਂਦਾ ਹੈ, ਜਿਸ ਨਾਲ ਹਲਕਾ ਤਰਲ ਬਣਦਾ ਹੈ।
ਜਦਕਿ ਸਟਾਕ ਮੁੱਖ ਤੌਰ 'ਤੇ ਹੱਡੀਆਂ ਨਾਲ ਬਣਾਇਆ ਜਾਂਦਾ ਹੈ, ਜਿਸ ਨਾਲ ਇਹ ਹੋਰ ਗਾੜ੍ਹਾ ਅਤੇ ਜੈਲੇਟਿਨ ਵਾਲਾ ਹੁੰਦਾ ਹੈ।
ਕਲਾਈਨ ਦਾ ਕਹਿਣਾ ਹੈ, "ਅਸੀਂ ਰੈਸਟੋਰੈਂਟ ਖੁੱਲ੍ਹਣ ਤੋਂ ਲੈ ਕੇ ਹੀ ਮੀਨੂ ਵਿੱਚ ਬਰੋਡੋ ਰੱਖਿਆ ਹੋਇਆ ਹੈ। ਇਸਦੀ ਰੈਸੇਪੀ ਮੇਰੀ ਮਾਂ ਦੀ ਬਣਾਈ ਰੈਸੇਪੀ ਵਰਗੀ ਹੈ, ਜਿਸ ਵਿੱਚ ਮੁਰਗੇ ਦੀ ਲੱਤ ਅਤੇ ਖੰਭ ਵਰਤੇ ਜਾਂਦੇ ਹਨ।"
"ਇਹ ਇੱਕ ਹਲਕੇ ਰੰਗ ਦਾ ਬ੍ਰੋਥ ਹੁੰਦਾ ਹੈ, ਇਸ ਲਈ ਹੱਡੀਆਂ ਨੂੰ ਪਹਿਲਾਂ ਭੁੰਨਿਆ ਨਹੀਂ ਜਾਂਦਾ, ਜਿਵੇਂ ਦੁਨੀਆ ਦੇ ਹੋਰ ਬ੍ਰੋਥ ਵਿੱਚ ਕੀਤਾ ਜਾਂਦਾ ਹੈ। ਇਸ ਨੂੰ ਹੌਲੀ-ਹੌਲੀ ਬਣਾਇਆ ਜਾਂਦਾ ਹੈ। ਸਾਡਾ ਬ੍ਰੋਥ ਢਾਈ ਦਿਨ ਤੱਕ ਪਕਦਾ ਹੈ ਅਤੇ ਹੱਡੀਆਂ ਵਿੱਚੋਂ ਸਾਰਾ ਕੋਲਾਜਨ ਕੱਢ ਲੈਂਦਾ ਹੈ, ਪਰ ਰੰਗ ਵਿੱਚ ਇਹ ਫਿਰ ਵੀ ਹਲਕਾ ਰਹਿੰਦਾ ਹੈ।"
ਬ੍ਰੋਥ ਅਤੇ ਸਟਾਕ ਕਈ ਤਰੀਕਿਆਂ ਨਾਲ ਤਿਆਰ ਕੀਤੇ ਜਾ ਸਕਦੇ ਹਨ ਅਤੇ ਤਰੀਕਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਕਿੱਥੇ ਵਰਤਣਾ ਹੈ।
ਹੋਰ ਗਹਿਰਾਈ ਅਤੇ ਰੰਗ ਲਈ ਹੱਡੀਆਂ ਨੂੰ ਭੁੰਨਿਆ ਜਾ ਸਕਦਾ ਹੈ ਜਾਂ ਸਾਫ ਕਰਨ ਲਈ ਕੱਚੀਆਂ ਹੀ ਹੌਲੀ-ਹੌਲੀ ਉਬਾਲੀਆਂ ਜਾ ਸਕਦੀਆਂ ਹਨ। ਕੁਝ ਤਿਆਰੀਆਂ ਸਿਰਫ਼ ਮਾਸ ਨਾਲ ਹੁੰਦੀਆਂ ਹਨ, ਜਦਕਿ ਕੁਝ ਵਿੱਚ ਮਾਸ ਅਤੇ ਹੱਡੀਆਂ ਦੋਵੇਂ ਮਿਲਾ ਕੇ ਵੱਖ-ਵੱਖ ਸਵਾਦ ਬਣਾਏ ਜਾਂਦੇ ਹਨ।
ਸੁਗੰਧੀ ਸਮੱਗਰੀ ਜਿਵੇਂ ਮਿਰਪਵਾ (ਸਬਜ਼ੀਆਂ ਦਾ ਮਿਸ਼ਰਣ) ਸ਼ਾਮਲ ਕੀਤਾ ਜਾ ਸਕਦਾ ਹੈ ਜਾਂ ਸਧਾਰਣ ਬੇਸ ਲਈ ਇਸ ਨੂੰ ਛੱਡਿਆ ਵੀ ਜਾ ਸਕਦਾ ਹੈ।
ਇਤਿਹਾਸਕ ਤੌਰ 'ਤੇ ਬ੍ਰੋਥ ਬਣਾਉਣਾ ਬਚਤ ਅਤੇ ਪੋਸ਼ਣ ਨਾਲ ਜੁੜਿਆ ਹੋਇਆ ਕੰਮ ਸੀ। ਮਾਸ ਅਤੇ ਹੱਡੀਆਂ ਨੂੰ ਉਬਾਲਣ ਨਾਲ ਕਠੋਰ ਹਿੱਸੇ ਖਾਣ-ਯੋਗ ਬਣ ਜਾਂਦੇ ਸਨ ਅਤੇ ਵੱਧ ਤੋਂ ਵੱਧ ਸਵਾਦ ਅਤੇ ਪੋਸ਼ਣ ਨਿਕਲਦਾ ਸੀ।
ਸਟਾਕ ਨੂੰ ਹੌਲੀ-ਹੌਲੀ ਪਕਾਉਣਾ ਘਰੇਲੂ ਕੰਮ ਵੀ ਸੀ। ਅਕਸਰ ਇਹ ਕੰਮ ਔਰਤਾਂ ਕਰਦੀਆਂ ਸਨ, ਜਿਨ੍ਹਾਂ ਦਾ ਯੋਗਦਾਨ ਕਦੇ ਵੀ ਲਿਖਤੀ ਖਾਣ-ਪਕਵਾਨ ਦੇ ਇਤਿਹਾਸ ਵਿੱਚ ਵੱਧ ਦਰਜ ਨਹੀਂ ਹੋਇਆ।
ਇਸਦੇ ਉਲਟ, ਸਟਾਕ ਨੂੰ ਸੁਧਾਰ ਕੇ ਕਾਂਸੋਮੇ (ਇੱਕ ਸਾਫ਼, ਬਿਲਕੁਲ ਪਾਰਦਰਸ਼ੀ ਸੂਪ) ਬਣਾਉਣ ਦੀ ਵਿਧੀ ਫਰਾਂਸੀਸੀ ਉੱਚ ਪੱਧਰੀ ਖਾਣੇ ਵਿੱਚ ਦਰਜ ਕੀਤੀ ਗਈ।
ਸ਼ੈੱਫ਼ ਅਲੇਕਸਿਸ ਸੋਏਰ ਨੇ 1846 ਵਿੱਚ ਇਸ ਤਰੀਕੇ ਦਾ ਵਰਣਨ ਕੀਤਾ ਸੀ, ਜਿਸ ਵਿੱਚ ਦੱਸਿਆ ਗਿਆ ਕਿ ਆਂਡੇ ਦੀ ਸਫ਼ੈਦੀ ਨਾਲ ਸਟਾਕ ਨੂੰ ਸਾਫ਼ ਕੀਤਾ ਜਾ ਸਕਦਾ ਹੈ, ਜਿਸ ਨਾਲ ਇੱਕ ਸਾਦੀ ਤਿਆਰੀ ਨੂੰ ਪਾਰਦਰਸ਼ੀ ਅਤੇ ਵਿਵਸਥਿਤ ਪਕਵਾਨ ਵਿੱਚ ਬਦਲਿਆ ਜਾ ਸਕਦਾ ਹੈ।
ਹਾਲਾਂਕਿ, ਦੁਨੀਆ ਭਰ ਵਿੱਚ ਬ੍ਰੋਥ ਨਾਲ ਜੁੜੀ ਜ਼ਿਆਦਾਤਰ ਜਾਣਕਾਰੀ ਸ਼ਾਹੀ ਦਰਬਾਰਾਂ ਦੀ ਬਜਾਏ ਘਰਾਂ ਦੀਆਂ ਰਸੋਈਆਂ ਵਿੱਚ ਚੁੱਪਚਾਪ ਵਿਕਸਿਤ ਹੋਈ।
ਸ਼ੰਘਾਈ ਅਤੇ ਪੈਰਿਸ ਵਿੱਚ ਕੰਮ ਕਰਨ ਵਾਲੀ ਰਵਾਇਤੀ ਚੀਨੀ ਦਵਾਈ (ਟੀਸੀਐੱਮ) ਦੀ ਫੂਡ ਥੈਰਾਪਿਸਟ ਜ਼ੋਈ ਸ਼ਿਨਈ ਗੋਂਗ ਕਹਿੰਦੀ ਹੈ, "ਮੇਰੀ ਦਾਦੀ ਹਮੇਸ਼ਾ ਗੋਜੀ ਬੈਰੀਜ਼ ਅਤੇ ਵੁੱਡ ਈਅਰ ਖੁੰਭਾਂ ਨਾਲ ਚਿਕਨ ਸੂਪ ਬਣਾਉਂਦੀ ਸੀ। ਇਹ ਉਸਦੀ ਮਨਪਸੰਦ ਰੈਸੇਪੀ ਹੈ ਅਤੇ ਹਰ ਖਾਣੇ ਨਾਲ ਸੂਪ ਹੁੰਦਾ ਹੈ। ਸੂਪ ਤੋਂ ਬਿਨਾਂ ਖਾਣਾ ਪੂਰਾ ਨਹੀਂ ਹੁੰਦਾ।"
ਆਰਾਮ ਲਈ ਸੂਪ
ਜ਼ੁਕਾਮ ਦੌਰਾਨ ਗਰਮ-ਗਰਮ ਸੂਪ ਪੀਣਾ ਕੋਈ ਨਵੀਂ ਗੱਲ ਨਹੀਂ ਹੈ। ਬ੍ਰੋਥ ਬਾਰੇ ਸਭ ਤੋਂ ਪੁਰਾਣੀਆਂ ਲਿਖਤਾਂ ਵਿੱਚੋਂ ਇੱਕ "ਹੁਆਂਗਦੀ ਨੇਇਜਿੰਗ" ਵਿੱਚ ਮਿਲਦੀ ਹੈ, ਜੋ ਕਿ ਦੂਜੀ ਸਦੀ ਈਸਾ-ਪੂਰਵ ਦੀ ਰਵਾਇਤੀ ਚੀਨੀ ਦਵਾਈ ਦੀ ਇੱਕ ਮਹੱਤਵਪੂਰਨ ਕਿਤਾਬ ਹੈ।
ਇਸ ਵਿੱਚ ਸਲਾਹ ਦਿੱਤੀ ਗਈ ਹੈ ਕਿ ਸਰੀਰ ਦੇ ਯਿਨ ਅਤੇ ਯਾਂਗ ਨੂੰ ਸੰਤੁਲਿਤ ਰੱਖਣ ਲਈ ਬ੍ਰੋਥ ਵਾਲੇ ਸੂਪ ਪੀਣੇ ਚਾਹੀਦੇ ਹਨ। ਇਹ ਚੀਨੀ ਦਰਸ਼ਨ ਦਾ ਇੱਕ ਅਹਿਮ ਸਿਧਾਂਤ ਹੈ, ਜਿਸ ਵਿੱਚ ਸਿਹਤ ਦੋ ਵਿਰੋਧੀ ਊਰਜਾਵਾਂ ਦੇ ਸੰਤੁਲਨ 'ਤੇ ਨਿਰਭਰ ਕਰਦੀ ਹੈ।
ਸਦੀਆਂ ਬਾਅਦ ਵੀ, ਦੁਨੀਆ ਭਰ ਵਿੱਚ ਕਈ ਚੀਨੀ ਪਰਿਵਾਰ ਹੱਡੀਆਂ ਨੂੰ ਗੋਜੀ ਬੈਰੀਜ਼ ਅਤੇ ਜਿਨਸੈਂਗ ਵਰਗੀਆਂ ਜੜੀਆਂ-ਬੂਟੀਆਂ ਨਾਲ ਪਕਾ ਕੇ ਪੋਸ਼ਟਿਕ ਸੂਪ ਬਣਾਉਂਦੇ ਹਨ, ਜੋ ਆਮ ਤੌਰ 'ਤੇ ਖਾਣੇ ਤੋਂ ਪਹਿਲਾਂ ਜਾਂ ਬਾਅਦ ਸਿਹਤ ਨੂੰ ਮਜ਼ਬੂਤ ਕਰਨ ਲਈ ਪੇਸ਼ ਕੀਤਾ ਜਾਂਦਾ ਹੈ।
ਗੋਂਗ ਸਮਝਾਉਂਦੀ ਹੈ, "ਸੂਪ ਜੜੀਆਂ-ਬੂਟੀਆਂ ਲਈ ਬਹੁਤ ਵਧੀਆ ਮਾਧਿਅਮ ਹੁੰਦਾ ਹੈ ਕਿਉਂਕਿ (ਬ੍ਰੋਥ ਅਤੇ ਸੁੱਕੀਆਂ ਜੜੀਆਂ-ਬੂਟੀਆਂ) ਦੋਹਾਂ ਨੂੰ ਲੰਬੇ ਸਮੇਂ ਤੱਕ ਉਬਾਲਿਆ ਜਾਂਦਾ ਹੈ। ਇਸ ਲਈ ਇਹ ਜੜੀਆਂ-ਬੂਟੀਆਂ ਸੁਆਦਲੇ ਢੰਗ ਨਾਲ ਖਾਣਾ ਸੌਖਾ ਬਣ ਜਾਂਦਾ ਹੈ। ਕੁੱਲ ਮਿਲਾ ਕੇ ਇਸ ਦੀ ਤਾਸੀਰ ਨਿਰਪੱਖ ਤੋਂ ਹਲਕੀ ਗਰਮ ਹੁੰਦੀ ਹੈ, ਜੋ ਚੀਨੀ ਦਵਾਈ ਅਨੁਸਾਰ ਉਚਿਤ ਹੈ।"
ਖ਼ਾਸ ਕਰਕੇ ਚਿਕਨ ਸੂਪ ਲੰਬੇ ਸਮੇਂ ਤੋਂ ਠੀਕ ਹੋਣ ਨਾਲ ਜੁੜਿਆ ਹੋਇਆ ਹੈ। ਕੋਰੀਆਈ ਖਾਣੇ ਵਿੱਚ ਸਮਗੇ-ਤਾਂਗ, ਇੱਕ ਪੂਰਾ ਨੌਜਵਾਨ ਮੁਰਗਾ ਜਿਸ ਵਿੱਚ ਚਾਵਲ, ਜੁਜੂਬ ਅਤੇ ਜਿਨਸੈਂਗ ਭਰਿਆ ਹੁੰਦਾ ਹੈ ਅਤੇ ਸੁਆਦਲੇ ਬ੍ਰੋਥ ਵਿੱਚ ਪੇਸ਼ ਕੀਤਾ ਜਾਂਦਾ ਹੈ, ਗਰਮੀਆਂ ਦੇ ਸਭ ਤੋਂ ਤਪਦੇ ਦਿਨਾਂ ਵਿੱਚ ਤਾਕਤ ਦੇਣ ਵਾਲੇ ਖਾਣੇ ਵਜੋਂ ਖਾਧਾ ਜਾਂਦਾ ਹੈ।
ਇਹ ਵੀ ਸੰਯੋਗ ਨਹੀਂ ਲੱਗਦਾ ਕਿ ਗ੍ਰੀਸ ਵਿੱਚ ਐਵਗੋਲੇਮੋਨੋ, ਜਿਸ ਵਿੱਚ ਚਿਕਨ ਬ੍ਰੋਥ ਨੂੰ ਆਂਡੇ, ਨਿੰਬੂ, ਸੋਆ ਅਤੇ ਚਾਵਲ ਜਾਂ ਔਰਜ਼ੋ ਨਾਲ ਮਿਲਾਇਆ ਜਾਂਦਾ ਹੈ, ਅਕਸਰ ਬੀਮਾਰੀ ਦੇ ਵੇਲੇ ਖਾਧਾ ਜਾਂਦਾ ਹੈ।
ਮੈਕਸੀਕੋ ਵਿੱਚ ਕਾਲਡੋ ਦੇ ਪੋਲੋ ਵਿੱਚ ਪੂਰੇ ਮੁਰਗੇ ਦੇ ਟੁਕੜਿਆਂ ਨੂੰ ਸਧਾਰਣ ਕੱਟੀਆਂ ਸਬਜ਼ੀਆਂ, ਆਲੂ ਅਤੇ ਪੱਤੇਦਾਰ ਬੰਦਗੋਭੀ ਨਾਲ ਉਬਾਲ ਕੇ ਇੱਕ ਪੋਸ਼ਟਿਕ ਰੋਜ਼ਾਨਾ ਸੂਪ ਤਿਆਰ ਕੀਤਾ ਜਾਂਦਾ ਹੈ।
ਬ੍ਰੋਥ ਦੇ ਫਾਇਦਿਆਂ ਬਾਰੇ ਵਿਗਿਆਨਕ ਖੋਜ ਅਜੇ ਵੀ ਜਾਰੀ ਹੈ। ਕੁਝ ਅਧਿਐਨ ਦੱਸਦੇ ਹਨ ਕਿ ਬ੍ਰੋਥ ਵਾਲੇ ਸੂਪ ਸੋਜਿਸ਼ ਨੂੰ ਘਟਾਉਣ ਅਤੇ ਜ਼ੁਕਾਮ ਦੇ ਲੱਛਣਾਂ ਨੂੰ ਹਲਕਾ ਕਰਨ ਵਿੱਚ ਮਦਦ ਕਰ ਸਕਦੇ ਹਨ, ਜਦਕਿ ਹੱਡੀਆਂ ਦੇ ਬ੍ਰੋਥ ਵਿੱਚ ਕੋਲਾਜਨ ਅਤੇ ਐਮੀਨੋ ਐਸਿਡ ਹੁੰਦੇ ਹਨ।
ਹਾਲਾਂਕਿ, ਬੋਨ ਬ੍ਰੋਥ ਨਾਲ ਜੁੜੇ ਕਈ ਵੱਡੇ ਸਿਹਤ ਸਬੰਧੀ ਦਾਅਵੇ ਅਜੇ ਵੀ ਮਤਭੇਦ ਦੇ ਵਿਸ਼ੇ ਹਨ ਅਤੇ ਹਰਮਨ ਪਿਆਰੀ ਵੈਲਨੈੱਸ ਸੰਸਕ੍ਰਿਤੀ ਵਿੱਚ ਇਸਦੇ ਫਾਇਦੇ ਅਕਸਰ ਵੱਧ ਚੜ੍ਹਾ ਕੇ ਦੱਸੇ ਜਾਂਦੇ ਹਨ।
ਹਾਲੀਆ ਸਾਲਾਂ ਵਿੱਚ ਬੋਨ ਬ੍ਰੋਥ ਨੂੰ ਇੱਕ ਮਹਿੰਗੇ ਸਿਹਤ ਵਾਲੇ ਉਤਪਾਦ ਵਜੋਂ ਪੇਸ਼ ਕੀਤਾ ਜਾਣ ਲੱਗਾ ਹੈ। ਜੋ ਪਹਿਲਾਂ ਘੱਟ ਸਮੱਗਰੀ ਨਾਲ ਕੰਮ ਚਲਾਉਣ ਦਾ ਤਰੀਕਾ ਸੀ, ਉਹ ਹੁਣ ਮਹਿੰਗੇ ਸੁਪਰਮਾਰਕੀਟਾਂ ਵਿੱਚ ਪੈਕ ਹੋ ਕੇ ਵੇਚਿਆ ਜਾਂਦਾ ਹੈ।
ਮੰਗ ਵਧਣ ਨਾਲ ਕੀਮਤਾਂ ਵੀ ਵਧ ਗਈਆਂ ਹਨ, ਇੱਥੋਂ ਤੱਕ ਕਿ ਕੁਝ ਥਾਵਾਂ 'ਤੇ ਹੱਡੀਆਂ ਦੀ ਕੀਮਤ ਵਧੀਆ ਮਾਸ ਦੇ ਬਰਾਬਰ ਹੋ ਗਈ ਹੈ। ਇਹ ਗੱਲ ਓਇਸਟਰ ਅਤੇ ਲੌਬਸਟਰ ਵਰਗੀ ਹੈ, ਜੋ ਪਹਿਲਾਂ ਆਮ ਖਾਣੇ ਸਨ ਪਰ ਬਾਅਦ ਵਿੱਚ ਮਹਿੰਗੇ ਬਣ ਗਏ।
ਗੋਂਗ ਕਹਿੰਦੀ ਹੈ, "ਮੈਂ ਨਿਊਯਾਰਕ ਵਿੱਚ ਪੜ੍ਹ ਰਹੀ ਸੀ ਜਦੋਂ ਬੋਨ ਬ੍ਰੋਥ ਬਹੁਤ ਫੇਮਸ ਹੋ ਗਿਆ। ਮੈਨੂੰ ਹੈਰਾਨੀ ਹੋਈ ਕਿਉਂਕਿ ਮੈਂ ਇਹ ਚੀਜ਼ ਬਚਪਨ ਤੋਂ ਪੀਂਦੀ ਆ ਰਹੀ ਹਾਂ ਅਤੇ ਕਦੇ ਨਹੀਂ ਸੋਚਿਆ ਸੀ ਕਿ ਇਹ ਟ੍ਰੈਂਡ ਬਣ ਜਾਵੇਗੀ। ਉਹ ਇਸ ਨੂੰ ਕਾਫੀ ਦੁਕਾਨਾਂ ਵਿੱਚ ਛੋਟੇ ਕੱਪ ਲਈ 10 ਡਾਲਰ ਵਿੱਚ ਵੇਚ ਰਹੇ ਸਨ। ਪਰ ਅਸੀਂ ਚੀਨ ਵਿੱਚ ਇਹ ਬਹੁਤ ਸਮੇਂ ਤੋਂ ਪੀ ਰਹੇ ਹਾਂ।"
ਬੀਮਾਰੀ ਤੇ ਸਿਹਤ ਦੋਵਾਂ ਲਈ
ਸਟਾਕ ਅਤੇ ਬ੍ਰੋਥ ਅਕਸਰ ਬੀਮਾਰੀ ਨਾਲ ਜੋੜੇ ਜਾਂਦੇ ਹਨ, ਪਰ ਇਹ ਖੁਸ਼ੀ ਦੇ ਮੌਕਿਆਂ 'ਤੇ ਵੀ ਬਣਦੇ ਹਨ। ਐਮੀਲੀਆ-ਰੋਮਾਗਨਾ ਵਿੱਚ ਟੋਰਟੇਲਿਨੀ ਇਨ ਬਰੋਡੋ ਕ੍ਰਿਸਮਸ ਦੀ ਰਿਵਾਇਤ ਹੈ। ਪਰਿਵਾਰ ਇਕੱਠੇ ਹੋ ਕੇ ਪਾਸਤਾ ਬਣਾਉਂਦੇ ਹਨ ਅਤੇ ਖਾਸ ਬਰੋਡੋ ਤਿਆਰ ਕਰਦੇ ਹਨ।
ਪੋਲੈਂਡ ਵਿੱਚ ਕ੍ਰਿਸਮਸ ਈਵ 'ਤੇ ਪਰਿਵਾਰ ਵਿਗਿਲਿਆ (ਕ੍ਰਿਸਮਸ ਈਵ ਭਾਵ 24 ਦਸੰਬਰ ਦੀ ਸ਼ਾਮ) ਭੋਜਨ ਲਈ ਇਕੱਠੇ ਹੁੰਦੇ ਹਨ, ਜਿਸ ਵਿੱਚ 12 ਸ਼ਾਕਾਹਾਰੀ ਪਕਵਾਨ ਹੁੰਦੇ ਹਨ। ਇਸ ਵਿੱਚ ਬਾਰਸ਼ਚ ਵਿਗਿਲਿਯਨੀ ਨਾਮ ਦਾ ਚੁਕੰਦਰ ਵਾਲਾ ਸੂਪ ਹੁੰਦਾ ਹੈ, ਜੋ ਛੋਟੇ ਡੰਪਲਿੰਗ ਨਾਲ ਖਾਧਾ ਜਾਂਦਾ ਹੈ। ਇਹ ਬਣਾਉਣ ਲਈ ਚੁਕੰਦਰ ਕਈ ਦਿਨ ਪਹਿਲਾਂ ਤਿਆਰ ਕੀਤਾ ਜਾਂਦਾ ਹੈ।
ਹਾਂਗਕਾਂਗ ਅਤੇ ਚੀਨ ਵਿੱਚ ਡਬਲ-ਬਾਇਲਡ ਸੂਪ ਖਾਸ ਮੌਕਿਆਂ 'ਤੇ ਬਣਾਇਆ ਜਾਂਦਾ ਹੈ। ਸਮੱਗਰੀ ਨੂੰ ਬੰਦ ਬਰਤਨ ਵਿੱਚ ਰੱਖ ਕੇ ਪਾਣੀ ਵਿੱਚ ਹੌਲੀ-ਹੌਲੀ ਪਕਾਇਆ ਜਾਂਦਾ ਹੈ, ਤਾਂ ਜੋ ਸੁਆਦ ਬਚਿਆ ਰਹੇ।
ਜਪਾਨ ਵਿੱਚ ਨਵੇਂ ਸਾਲ 'ਤੇ ਓਜ਼ੋਨੀ (ਨਵੇਂ ਸਾਲ ਦੀ ਰਵਾਇਤੀ ਡਿਸ਼) ਸੂਪ ਬਣਾਇਆ ਜਾਂਦਾ ਹੈ, ਜਿਸ ਵਿੱਚ ਮੋਚੀ (ਚਾਵਲ ਦੀ ਟਿਕੀ) ਅਤੇ ਡਾਸ਼ੀ ਬ੍ਰੌਥ ਹੁੰਦਾ ਹੈ। ਵੱਖ-ਵੱਖ ਥਾਵਾਂ 'ਤੇ ਇਸਦੇ ਵੱਖਰੇ ਰੂਪ ਹੁੰਦੇ ਹਨ।
ਦੁਨੀਆ ਭਰ ਵਿੱਚ ਬ੍ਰੋਥ ਵਾਲੇ ਸੂਪਾਂ ਦੀਆਂ ਕਈ ਕਿਸਮਾਂ ਹਨ, ਜੋ ਮੌਸਮ, ਸੱਭਿਆਚਾਰ ਅਤੇ ਇਤਿਹਾਸ ਦੇ ਅਨੁਸਾਰ ਬਣੀਆਂ ਹਨ। ਪਰ ਭਾਵੇਂ ਇਹ ਜੀਵਨ ਲਈ ਬਣੇ ਹੋਣ, ਸਿਹਤ ਲਈ ਜਾਂ ਖੁਸ਼ੀ ਲਈ, ਇੱਕ ਗੱਲ ਸਾਂਝੀ ਹੈ, ਹਰ ਰਸੋਈ ਵਿੱਚ ਅੱਜ ਵੀ ਕਿਸੇ ਨਾ ਕਿਸੇ ਭਾਂਡੇ ਵਿੱਚ ਮਿਲ ਜਾਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ