You’re viewing a text-only version of this website that uses less data. View the main version of the website including all images and videos.
'ਪੰਜਾਬ 'ਤੋਂ ਆਵਾਜ਼ ਉੱਠੀ ਹੈ ਕਿ ਚਿੱਟੇ ਤੋਂ ਬਚਣ ਲਈ ਪੋਸਤ,ਡੋਡੇ ਉਗਾਉਣ ਦੀ ਇਜਾਜ਼ਤ ਹੋਣੀ ਚਾਹੀਦੀ'-ਹਨੀਫ਼ ਦਾ ਵਲੌਗ
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
- ਪੜ੍ਹਨ ਦਾ ਸਮਾਂ: 5 ਮਿੰਟ
ਇੰਡੀਅਨ ਅਤੇ ਪਾਕਿਸਤਾਨੀ ਪੰਜਾਬ ਇੱਕ-ਦੂਜੇ ਨੂੰ ਪਿਆਜ਼-ਟਮਾਟਰ ਨਹੀਂ ਵੇਚ ਸਕਦੇ। ਪਰ ਇਸੇ ਹੀ ਬਾਰਡਰ 'ਤੇ ਦੋ-ਢਾਈ ਸਾਲ ਪਹਿਲਾਂ ਤੱਕ ਇੱਕ ਧੰਦਾ ਚੱਲਦਾ ਰਿਹਾ ਹੈ। ਉਹ ਇਹ ਸੀ ਕਿ ਡਰੱਗ ਸਮੱਗਲਰ ਡਰੋਨਾਂ ਦੇ ਲੱਧ 'ਤੇ ਲੱਦ ਕੇ ਹੈਰੋਇਨ, ਜਿਸ ਨੂੰ ਚਿੱਟਾ ਵੀ ਕਹਿੰਦੇ ਹਨ ਅਤੇ ਦੂਜੇ ਨਸ਼ੇ ਬਾਰਡਰੋਂ ਬਾਹਰ ਭੇਜਦੇ ਰਹੇ ਹਨ।
ਮਤਲਬ ਇਹ ਕਿ ਤੁਸੀਂ ਇੱਕ ਦੂਜੇ ਨੂੰ ਆਟਾ-ਦਾਲ ਨਹੀਂ ਵੇਚ ਸਕਦੇ ਪਰ ਜ਼ਹਿਰ ਦਾ ਕਾਰੋਬਾਰ ਜਾਰੀ ਰਿਹਾ। ਪੰਜਾਬੀ ਵਿੱਚ ਚਿੱਟੇ ਦੀ ਲਾਅਨਤ ਤੋਂ ਪਹਿਲਾਂ ਵੀ ਨਸ਼ੇ ਸਨ। ਭੰਗ, ਅਫੀਮ, ਚਰਸ, ਪਾਕਿਸਤਾਨ ਪੰਜਾਬ ਵਿੱਚ ਤਾਂ ਸਰਕਾਰੀ ਠੇਕਿਆਂ ਤੋਂ ਮਿਲ ਜਾਂਦੀ ਸੀ।
ਹਰ ਬਸਤੀ ਵਿੱਚ, ਹਰ ਸ਼ਹਿਰ ਵਿੱਚ ਕੁਝ ਮਵਾਲੀ ਹੁੰਦੇ ਸਨ। ਸਰਕਾਰ ਨੇ ਵੀ ਉਨ੍ਹਾਂ ਦਾ ਬੰਦੋਬਸਤ ਕੀਤਾ ਸੀ ਅਤੇ ਆਮ ਲੋਕ ਵੀ ਉਨ੍ਹਾਂ ਨੂੰ ਬਰਦਾਸ਼ਤ ਕਰ ਲੈਂਦੇ ਸਨ।
'ਅਫੀਮ ਬਾਦਸ਼ਾਹਾਂ ਅਤੇ ਫ਼ਕੀਰਾਂ ਦਾ ਨਸ਼ਾ ਬਣ ਗਈ'
ਫਿਰ 80 ਦੀ ਦਿਹਾਈ ਵਿੱਚ ਇਹੀ ਮਵਾਲੀ ਆਪਣੀ ਨਸ਼ੇ ਦੀ ਖੁਰਾਕ ਲੈਣ ਬਾਹਰ ਪਹੁੰਚੇ ਤਾਂ ਅੱਗੋਂ ਇਨ੍ਹਾਂ ਨੂੰ ਚਿੱਟੇ ਦੀਆਂ ਪੁੜੀਆਂ ਫੜਾਈਆਂ ਗਈਆਂ ਅਤੇ ਨਾਲ ਦੱਸਿਆ ਗਿਆ ਇਹ ਅੰਗਰੇਜ਼ੀ ਨਸ਼ਾ ਹੈ, ਇਹ ਟ੍ਰਾਈ ਕਰੋ।
ਪੋਸਤ ਅਤੇ ਡੋਡੇ ਪੰਜਾਬ ਦੇ ਲੋਕ ਸਦੀਆਂ ਤੋਂ ਉਗਾਉਂਦੇ ਰਹੇ ਹਨ। ਇਸ ਦੇ ਫੁੱਲ ਵੀ ਸੋਹਣੇ ਅਤੇ ਫ਼ਲ ਦੇ ਵੀ ਬੜੇ ਫਾਇਦੇ ਵਾਲੇ ਦੱਸੇ ਗਏ ਹਨ। ਪਰ ਕੁਝ ਲੋਕ ਇਸ ਨੂੰ ਟੱਕ ਲਗਾ ਕੇ ਇਸ ਵਿੱਚੋਂ ਅਫੀਮ ਕੱਢ ਲੈਂਦੇ ਸਨ ਅਤੇ ਬਾਕੀ ਲੋਕ ਇਸ ਦੇ ਡੋਡਿਆਂ ਦੀ ਚਾਹ ਬਣਾ ਕੇ ਪੀਂਦੇ ਸਨ।
ਡੋਡਿਆਂ ਦੇ ਪਾਣੀ ਦਾ ਹਲਵਾ ਤਾਂ ਬੱਚਿਆਂ ਨੂੰ ਸਰਦੀਆਂ ਵਿੱਚ ਖੁਆਇਆ ਜਾਂਦਾ ਸੀ ਕਿ ਉਨ੍ਹਾਂ ਨੂੰ ਨਜ਼ਲਾਂ-ਜੁਕਾਮ ਨਾ ਹੋਵੇ। ਛੋਟੇ ਬੱਚਿਆਂ ਨੂੰ ਦੁੱਧ ਛੁਡਾਉਣ ਲਈ ਵੀ ਮਾਵਾਂ ਆਪਣੇ ਪਿੰਡੇ 'ਤੇ ਅਫੀਮ ਦਾ ਤੁਬਕਾ ਲਗਾ ਲੈਂਦੀਆਂ ਸਨ।
ਇੰਝ ਸਮਝ ਲਓ ਕਿ ਬਈ ਪੋਸਤ ਦੇ ਬੂਟੇ ਦਾ ਸੱਕ ਗਰੀਬ ਦੀ ਦਵਾਈ ਸੀ। ਇਸ ਵਿੱਚੋਂ ਨਿਕਲਣ ਵਾਲੀ ਅਫੀਮ ਬਾਦਸ਼ਾਹਾਂ ਅਤੇ ਫ਼ਕੀਰਾਂ ਦਾ ਨਸ਼ਾ ਬਣ ਗਈ।
ਰਾਜੇ-ਮਹਾਰਾਜੇ ਅਤੇ ਬਾਦਸ਼ਾਹ ਇਸ ਦਾ ਮਜ਼ੂਮ ਬਣਾ ਕੇ ਖਾਂਦੇ ਸਨ। ਗਰੀਬ, ਮਵਾਲੀ ਚਾਹ ਵਿੱਚ ਘੋਲ ਕੇ ਝੂਟੇ ਲੈ ਲੈਂਦੇ ਸਨ। ਪਰ ਇਸ ਪੋਸਤ ਦੇ ਬੂਟੇ ਦੇ ਸੱਕ ਵਿੱਚੋਂ ਨਿਕਲੀ ਸ਼ੈਅ ਵਿੱਚ ਕੈਮੀਕਲ ਮਿਲਾਏ ਗਏ ਤਾਂ ਹੈਰੋਇਨ ਬਣੀ। ਉਸ ਦਾ ਨਸ਼ਾ ਇੰਨਾ ਕੋਝਾ ਕੇ ਸਾਡੀਆਂ ਨਸਲਾਂ ਦੀਆਂ ਨਸਲਾਂ ਤਬਾਹ ਹੋ ਗਈਆਂ।
ਚੰਗੇ-ਭਲੇ ਨੌਜਵਾਨ ਮੁੰਡੇ ਟੀਕੇ ਲਗਾ ਕੇ ਫੁੱਟਪਾਥਾਂ 'ਤੇ ਮੂਧੇ ਹੋਏ ਫਿਰਦੇ ਸਨ ਅਤੇ ਚੰਗੇ-ਭਲੇ ਸ਼ਰੀਫ ਮਾਪੇ ਇਸ ਚਿੱਟੇ ਦੇ ਹੱਥੋਂ ਰੁਲ਼ ਗਏ।
ਉਤੋਂ ਇਸ ਧੰਦੇ ਦੇ ਵਿੱਚ ਮੁਨਾਫ਼ਾ ਇੰਨਾ ਹੈ ਕਿ ਵੇਚਣ ਵਾਲਿਆਂ ਨੂੰ ਨਾ ਬਾਰਡਰ 'ਤੇ ਖੜ੍ਹੇ ਫੌਜੀਆਂ ਦੀ ਕੋਈ ਪਰਵਾਹ ਹੈ ਤੇ ਨਾ ਹੀ ਬਿਜਲੀ ਵਾਲੀਆਂ ਤਾਰਾਂ ਦੀ।
ਨਸ਼ਾ ਇੰਨਾ ਭੈੜਾ ਹੈ ਕਿ ਕਰਨ ਵਾਲੇ ਨੂੰ ਜਿਉਣ-ਮਰਨ ਦਾ ਮਸਲਾ ਪਿਆ ਹੁੰਦਾ ਹੈ ਅਤੇ ਉਸ ਨੇ ਤਾਂ ਕਿਸੇ ਵੀ ਕੀਮਤ 'ਤੇ ਖਰੀਦਣਾ ਹੀ ਹੈ।
ਹੁਣ ਇੰਡੀਅਨ ਪੰਜਾਬ ਵਿੱਚੋਂ ਆਵਾਜ਼ ਉੱਠੀ ਹੈ ਕਿ ਚਿੱਟੇ ਦੀ ਲਾਅਨਤ ਤੋਂ ਜਾਨ ਛੁਡਾਉਣ ਲਈ ਪੋਸਤ ਅਤੇ ਡੋਡੇ ਉਗਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਲੋਹੇ ਨੂੰ ਲੋਹਾ ਹੀ ਕੁੱਟਦਾ ਹੈ ਅਤੇ ਇਸ ਚਿੱਟੇ ਦੇ ਨਸ਼ੇ ਦਾ ਇਲਾਜ ਵੀ ਆਪਣੀ ਹੀ ਮੁਕਾਮੀ ਬੂਟੀ ਨਾਲ ਕਰੋ।
ਅਸੀਂ ਹੈਲਥ ਦੇ ਸਾਰੇ ਮਸਲੇ ਅਤੇ ਸਾਰੀਆਂ ਬਿਮਾਰੀਆਂ ਦੇ ਇਲਾਜ, ਆਮ ਤੌਰ 'ਤੇ ਅੰਗਰੇਜ਼ੀ ਦਵਾਈਆਂ ਨਾਲ ਹੀ ਕਰਦੇ ਹਾਂ।
ਤੁਹਾਨੂੰ ਪਤਾ ਹੀ ਹੋਵੇਗਾ ਕਿ ਵੈਸਟ ਨੇ ਪਤਾ ਨਹੀਂ ਕਿੰਨੇ ਸਾਲ ਵਾਰ ਆਨ ਡਰੱਗਸ 'ਤੇ ਗਵਾਏ ਹਨ। ਕਿੰਨੀਆਂ ਜੰਗਾਂ ਲੜੀਆਂ ਹਨ। ਕਿੰਨੇ ਅਰਬ ਡਾਲਰ ਖਰਚ ਕੀਤੇ ਹਨ।
ਅਖ਼ਰ ਤਾਂ ਇਸੇ ਫ਼ੈਸਲੇ 'ਤੇ ਪਹੁੰਚੇ ਹਨ ਕਿ ਕੁਝ ਨਸ਼ੇ ਲੀਗਲਾਈਜ਼ (ਕਾਨੂੰਨੀ) ਕਰ ਦਿਓ। ਅੱਧੇ ਅਮਰੀਕਾ ਵਿੱਚ ਅਤੇ ਕਾਫੀ ਸਾਰੇ ਯੂਰਪ ਵਿੱਚ, ਹੁਣ ਚਰਸ ਅਤੇ ਭੰਗ ਤੇ ਉਨ੍ਹਾਂ ਨਾਲ ਬਣੀਆਂ ਚੀਜ਼ਾਂ ਸਰੇਆਮ ਬਾਜ਼ਾਰ ਵਿੱਚ ਇੰਝ ਵਿਕਦੀਆਂ ਹਨ, ਜਿਵੇਂ ਸਾਡੀਆਂ ਗ਼ਲੀਆਂ ਵਿੱਚ ਸਮੋਸੇ-ਪਕੌੜੇ ਵਿਕਦੇ ਹਨ।
ਨਸ਼ੇ ਵੀ ਪੁਰਾਣੇ ਹਨ ਅਤੇ ਇਨ੍ਹਾਂ ਨਾਲ ਲੜਾਈ ਵੀ ਪੁਰਾਣੀ ਹੈ। ਬਚਪਨ ਵਿੱਚ ਹੀ ਮੁਨੱਵਰ ਜ਼ਰੀਫ਼ ਦੀ ਫਿਲਮ ਦਾ ਇੱਕ ਗਾਣਾ ਸੁਣਿਆ ਸੀ, 'ਨਸ਼ਿਆਂ ਨੇ ਸਾੜਿਆ, ਹੁਲੀਆ ਵਿਗਾੜਿਆਂ, ਆਪਣੀ ਤਬਾਹੀ ਆਪੇ ਕਰਨਾ ਏ ਪਿਆਰਿਆਂ।'
ਤੁਸੀਂ ਦੇਖਿਆ ਹੋਣਾ ਕਿ ਸ਼ਰਾਬੀ, ਸ਼ਰਾਬ ਪੀ ਕੇ ਗੁੱਸਾ ਕਰਦੇ ਹਨ, ਕਦੇ ਪਿਸਤੌਲ ਕੱਢ ਲੈਂਦੇ ਹਨ, ਗਾਲਕਪਾੜਾ ਕਰਦੇ ਹਨ। ਗੱਡੀ ਕਿਸੇ ਖੰਭੇ ਨਾਲ ਮਾਰਦੇ ਹਨ ਜਾਂ ਕਿਸੇ ਫੁੱਟਪਾਥ 'ਤੇ ਬੈਠੇ ਗਰੀਬ 'ਤੇ ਚੜ੍ਹਾ ਦਿੰਦੇ ਹਨ।
ਕੋਕੀਨ ਵਾਲੇ, ਕੋਕੀਨ ਕਰ ਕੇ ਆਪਣੇ ਆਪ ਨੂੰ ਦਾਨਿਸ਼ਵਰ ਸਮਝਣ ਲੱਗ ਪੈਂਦੇ ਹਨ ਅਤੇ ਨਾਲ-ਨਾਲ ਬਾਦਸ਼ਾਹ ਵੀ। ਮਰਦੇ ਹੋਏ ਚਰਸੀ ਵੀ ਇਹ ਨਾਅਰਾ ਮਾਰੀ ਜਾਂਦੇ ਹਨ ਕਿ 'ਚਰਸੀ ਕਦੇ ਨਾ ਮਰਸੀ।'
ਚਿੱਟਾ ਕਰਨ ਵਾਲੇ ਤਾਂ ਪਹਿਲਾਂ ਮਾਵਾਂ ਦੇ ਗਹਿਣੇ ਵੇਚ ਦਿੰਦੇ ਹਨ ਅਤੇ ਫਿਰ ਘਰ ਦੇ ਭਾਂਡੇ ਵੀ। ਪਰ ਤੁਸੀਂ ਘੱਟ ਹੀ ਕਿਤੇ ਸੁਣਿਆ ਹੋਣਾ ਕਿ ਪੋਸਤੀ ਨੇ ਬਾਜ਼ਾਰ ਵਿੱਚ ਖੜ੍ਹੇ ਹੋ ਕੇ ਬੜਕਾਂ ਮਾਰੀਆਂ ਹੋਣ। ਜਾਂ ਤੋੜ ਤੋਂ ਤੰਗ ਆ ਕੇ ਕਿਤੇ ਜਿੰਦਾ ਤੋੜਿਆ ਹੋਵੇ ਜਾਂ ਬੈਂਕ ਲੁੱਟ ਲਿਆ ਹੋਵੇ।
ਕਿਸੇ ਪੋਸਤੀ ਨੇ ਕਦੇ ਜੰਗ ਸ਼ੁਰੂ ਨਹੀਂ ਕੀਤੀ। ਉਨ੍ਹਾਂ ਨੇ ਤਾਂ ਕਦੇ ਆਪਣੇ ਹੱਕ ਵਿੱਚ ਵੀ ਆਵਾਜ਼ ਨਹੀਂ ਚੁੱਕੀ।
ਇੱਕ ਸਿਆਣੇ ਨੇ ਇਹ ਸਮਝਾਇਆ ਕਿ ਪੋਸਤ ਉਗਾਉਣਾ ਜੁਰਮ ਨਹੀਂ, ਉਸ ਦੇ ਡੋਡੇ ਨੂੰ ਟੱਕ ਲਗਾ ਕੇ ਅਫੀਮ ਕੱਢਣਾ ਜੁਰਮ ਹੈ ਅਤੇ ਜਿਹੜਾ ਟੱਕ ਲਗਾਏ ਉਸ 'ਤੇ ਕਾਨੂੰਨ ਲਗਾਓ। ਜੇ ਕੋਈ ਡੋਡਿਆਂ ਦਾ ਹਲਵਾ ਬਣਾ ਕੇ ਖਾਂਦਾ ਹੈ ਤਾਂ ਉਸ ਨੂੰ ਖਾਣ ਦਿਓ। ਨਾਲੇ ਸ਼ੁਕਰ ਕਰੋ ਕਿ ਚਿੱਟੇ ਤੋਂ ਤਾਂ ਬਚਿਆ ਹੈ।
ਰੱਬ ਰਾਖਾ!
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ