You’re viewing a text-only version of this website that uses less data. View the main version of the website including all images and videos.
ਇੱਕ ਗ਼ਲਤ ਮੋੜ ਕਰਕੇ ਇਹ ਔਰਤ ਕਿਵੇਂ ਰਸਤਾ ਭੁੱਲ ਗਈ, ਚਾਰ ਦਿਨ ਤੱਕ ਜੰਗਲ ਵਿੱਚ ਸਿਰਫ਼ ਇਸ ਚੀਜ਼ ਸਹਾਰੇ ਜ਼ਿੰਦਾ ਰਹੀ
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਸਹਿਯੋਗੀ
- ਪੜ੍ਹਨ ਦਾ ਸਮਾਂ: 7 ਮਿੰਟ
ਕਰਨਾਟਕ ਦੇ ਕੋਡਾਗੁ ਜ਼ਿਲ੍ਹੇ ਵਿੱਚ ਤਾਡਿਆਂਡਾਮੋਲ ਟ੍ਰੈਕਿੰਗ ਟ੍ਰੇਲ 'ਤੇ ਰਸਤਾ ਭੁੱਲਣ ਤੋਂ ਬਾਅਦ ਚਾਰ ਦਿਨ ਤੱਕ ਲਾਪਤਾ ਰਹੀ ਟੈਕ ਪ੍ਰੋਫੈਸ਼ਨਲ ਸਾਰਨਿਆ ਜੀਐੱਸ ਹੁਣ ਆਪਣੇ ਅਗਲੇ ਟ੍ਰੈਕ 'ਤੇ ਜਾਣ ਲਈ ਹਿਚਕਚਾ ਰਹੀ ਹੈ।
ਉਨ੍ਹਾਂ ਨੇ ਅਗਲੇ ਮਹੀਨੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਟ੍ਰੈਕ 'ਤੇ ਜਾਣ ਦੀ ਯੋਜਨਾ ਬਣਾਈ ਸੀ।
ਹਿਚਕਚਾਹਟ ਦੇ ਪਿੱਛੇ ਸਿਰਫ਼ ਇਹ ਨਹੀਂ ਕਿ ਭਵਿੱਖ ਵਿੱਚ ਆਪਣੀ ਮਨਪਸੰਦ ਗਤੀਵਿਧੀ ਲਈ ਪਰਿਵਾਰ ਦੀ ਮਨਜ਼ੂਰੀ ਮਿਲੇਗੀ ਜਾਂ ਨਹੀਂ, ਸਗੋਂ ਇਸ ਨਾਲ ਕਈ ਨਿੱਜੀ ਗੱਲਾਂ ਵੀ ਜੁੜੀਆਂ ਹੋਈਆਂ ਹਨ।
ਕੇਰਲ ਦੇ ਕੋਝਿਕੋਡ ਤੋਂ ਆਉਣ ਵਾਲੀ 36 ਸਾਲ ਦੀ ਸੌਫਟਵੇਅਰ ਇੰਜੀਨੀਅਰ ਸਾਰਨਿਆ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਅਜੇ ਸਮੱਸਿਆ ਇਹ ਹੈ ਕਿ ਲੋਕ ਤੁਹਾਨੂੰ ਪਛਾਣਨਾ ਸ਼ੁਰੂ ਕਰ ਦਿੰਦੇ ਹਨ। ਇਹ ਅਸਹਿਜਤਾ ਪੈਦਾ ਕਰਦਾ ਹੈ। ਮੈਨੂੰ ਨਹੀਂ ਪਤਾ ਕਿ ਕਿਸੇ ਦੀ ਨਜ਼ਰ ਵਿੱਚ ਰਹਿਣ ਨੂੰ ਕਿਵੇਂ ਹੈਂਡਲ ਕੀਤਾ ਜਾਵੇ।"
ਸਾਰਨਿਆ ਦੇ ਕੂਰਗ ਦੇ ਮਡੀਕੇਰੀ ਵਿੱਚ ਢਾਈ ਘੰਟੇ ਦੇ ਟ੍ਰੈਕ ਦੇ ਤਜਰਬੇ ਤੋਂ ਬਾਅਦ ਜੰਗਲ ਮਹਿਕਮੇ ਨੇ ਅਗਲੇ ਚਾਰ ਦਿਨਾਂ ਲਈ ਟ੍ਰੈਕਿੰਗ 'ਤੇ ਰੋਕ ਲਾ ਦਿੱਤੀ, ਤਾਂ ਜੋ ਨਿਸ਼ਾਨ ਅਤੇ ਸੁਰੱਖਿਆ ਪ੍ਰੋਟੋਕਾਲ ਤੈਅ ਕੀਤੇ ਜਾ ਸਕਣ।
ਮਡੀਕੇਰੀ ਡਿਵਿਜ਼ਨ ਦੇ ਡਿਪਟੀ ਕਨਜ਼ਰਵੇਟਰ ਆਫ਼ ਫ਼ਾਰੇਸਟਸ ਅਭਿਸ਼ੇਕ ਵੀ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਸਪਸ਼ਟ ਟ੍ਰੇਲ ਮਾਰਕਿੰਗ ਅਤੇ ਸੁਰੱਖਿਆ ਪ੍ਰੋਟੋਕਾਲ ਲਾਗੂ ਕਰ ਰਹੇ ਹਾਂ, ਤਾਂ ਜੋ ਅਜਿਹਾ ਦੁਬਾਰਾ ਨਾ ਹੋਵੇ।"
ਉਨ੍ਹਾਂ ਨੇ ਕਿਹਾ, "ਅਸੀਂ ਇੱਕ ਨਵਾਂ ਸਿਸਟਮ ਬਣਾ ਰਹੇ ਹਾਂ ਜਿਸ ਵਿੱਚ ਸਥਾਨਕ ਆਦਿਵਾਸੀ ਭਾਈਚਾਰੇ ਦੇ ਮੈਂਬਰ ਟ੍ਰੈਕਿੰਗ ਸਮੂਹਾਂ ਦੇ ਨਾਲ ਜਾਣਗੇ।"
ਕੀ ਹੋਇਆ ਸੀ?
ਸਾਰਨਿਆ ਨੇ ਨਿਯਮਾਂ ਦੇ ਮੁਤਾਬਕ 2 ਅਪ੍ਰੈਲ ਲਈ ਅਰਣਿਆਵਿਹਾਰ ਵੈਬਸਾਈਟ 'ਤੇ ਆਨਲਾਈਨ ਰਜਿਸਟ੍ਰੇਸ਼ਨ ਕੀਤਾ ਸੀ।
ਅਭਿਸ਼ੇਕ ਦੱਸਦੇ ਹਨ, "ਉਹ ਚੈਕ ਪੋਸਟ 'ਤੇ ਇਕੱਲੀ ਪਹੁੰਚੀ ਸੀ। ਸਾਡਾ 10 ਲੋਕਾਂ ਦਾ ਇੱਕ ਸਮੂਹ ਬਣਾਇਆ, ਜਿਸ ਵਿੱਚ ਸਾਡੇ ਕੁਝ ਜਗੰਲ ਦੇ ਕਰਮੀ ਵੀ ਸਨ ਅਤੇ ਉਨ੍ਹਾਂ ਨੂੰ ਜਾਣ ਦਿੱਤਾ। ਟ੍ਰੈਕ ਸਵੇਰੇ ਕਰੀਬ 8:30 ਵਜੇ ਸ਼ੁਰੂ ਹੋਇਆ।"
ਉਨ੍ਹਾਂ ਨੇ ਦੱਸਿਆ, "ਇਹ ਬਹੁਤ ਛੋਟਾ ਅਤੇ ਸੌਖਾ ਟ੍ਰੈਕ ਹੈ। ਸਾਰੇ ਲੋਕ ਕਰੀਬ 12:30 ਵਜੇ ਵਾਪਸ ਆ ਗਏ। ਪਰ ਉਹ (ਸਾਰਨਿਆ) ਵਾਪਸ ਨਹੀਂ ਆਈ।"
ਅਭਿਸ਼ੇਕ ਦੇ ਅਨੁਸਾਰ, "ਜਦੋਂ ਉਨ੍ਹਾਂ ਨੇ ਉਸ ਹੋਮਸਟੇ ਦੇ ਮਾਲਕ ਨੂੰ ਫ਼ੋਨ ਕੀਤਾ ਜਿੱਥੇ ਉਹ ਠਹਿਰੀ ਹੋਈ ਸੀ, ਉਦੋਂ ਸਾਨੂੰ ਪਤਾ ਲੱਗਿਆ ਕਿ ਉਹ ਰਸਤਾ ਭਟਕ ਗਈ ਹੈ।"
ਜਿਵੇਂ ਹੀ ਇਹ ਜਾਣਕਾਰੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੱਕ ਪਹੁੰਚੀ, ਉਨ੍ਹਾਂ ਨੇ ਆਪਣੀ ਟੀਮ ਭੇਜ ਦਿੱਤੀ। ਤਲਾਸ਼ੀ ਦਲ ਵਿੱਚ ਕਰਨਾਟਕ ਪੁਲਿਸ ਦੀ ਐਂਟੀ-ਨਕਸਲ ਫੋਰਸ (ਏਐੱਨਐੱਫ) ਨੂੰ ਵੀ ਸ਼ਾਮਲ ਕੀਤਾ ਗਿਆ।
ਅਭਿਸ਼ੇਕ ਨੇ ਦੱਸਿਆ ਕਿ ਉਸ ਰਾਹਤ ਟੀਮ ਵਿੱਚ ਕਰੀਬ 70–80 ਲੋਕ ਸਨ।
ਇਹ ਪਹਿਲੀ ਵਾਰ ਨਹੀਂ ਸੀ ਜਦੋਂ ਸਾਰਨਿਆ ਟ੍ਰੈਕ 'ਤੇ ਗਈ ਸੀ। ਉਹ ਪਿਛਲੇ ਸੱਤ-ਅੱਠ ਸਾਲਾਂ ਤੋਂ ਕੁਦਰੇਮੁਖ, ਚਿਕਕਮਗਲੂਰ ਅਤੇ ਕਰਨਾਟਕ ਦੇ ਬ੍ਰਹਮਗੀਰੀ ਹਿਲਜ਼ ਟ੍ਰੈਕ, ਮਹਾਰਾਸ਼ਟਰ ਦੇ ਨਾਸਿਕ ਵਿੱਚ ਹਰੀਹਰ ਕਿਲ੍ਹੇ ਵਰਗੀਆਂ ਵੱਖ-ਵੱਖ ਥਾਵਾਂ 'ਤੇ ਟ੍ਰੈਕਿੰਗ ਕਰ ਚੁੱਕੀ ਹੈ।
ਸਾਰਨਿਆ ਦੱਸਦੀ ਹੈ, "ਸਾਨੂੰ ਦੱਸਿਆ ਗਿਆ ਸੀ ਕਿ ਅਸੀਂ ਦੋ ਘੰਟਿਆਂ ਵਿੱਚ ਚੋਟੀ ਤੱਕ ਪਹੁੰਚ ਜਾਵਾਂਗੇ। ਇਸ ਲਈ ਸਵੇਰੇ 10:45 ਵਜੇ ਤੱਕ ਅਸੀਂ ਹੇਠਾਂ ਉਤਰਨਾ ਸ਼ੁਰੂ ਕਰ ਦਿੱਤਾ। ਮੇਰੇ ਅੱਗੇ ਦੋ ਲੋਕ ਸਨ ਅਤੇ ਪਿੱਛੇ ਵੀ ਕੁਝ ਲੋਕ ਸਨ। ਮੈਂ ਉਨ੍ਹਾਂ ਦਾ ਇੰਤਜ਼ਾਰ ਕਰਨ ਲਈ ਰੁਕ ਗਈ। ਉਹ ਇੱਕ ਚੱਟਾਨ 'ਤੇ ਬੈਠੇ ਹੋਏ ਸਨ।"
ਅਭਿਸ਼ੇਕ ਨੇ ਕਿਹਾ, "ਜਦੋਂ ਅਸੀਂ ਬਾਅਦ ਵਿੱਚ ਉਨ੍ਹਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਉਹ ਕੁਝ ਦੇਖਣ ਲਈ ਅੰਦਰ ਚਲੀ ਗਈ ਸੀ ਅਤੇ ਜਦੋਂ ਵਾਪਸ ਆਈ ਤਾਂ ਬਾਕੀ ਲੋਕ ਅੱਗੇ ਵੱਧ ਚੁੱਕੇ ਸਨ।"
ਸਾਰਨਿਆ ਨੇ ਕਿਹਾ ਕਿ ਜਦੋਂ ਉਸਨੇ ਪਿੱਛੇ ਮੁੜ ਕੇ ਵੇਖਿਆ, ਜਿੱਥੇ ਉਹ ਲੋਕ ਚੱਟਾਨ 'ਤੇ ਬੈਠੇ ਸਨ, ਤਾਂ ਉਹ ਉੱਥੇ ਨਹੀਂ ਮਿਲੇ।
ਉਸਨੇ ਕਿਹਾ, "ਮੈਂ ਗੂਗਲ ਮੈਪ ਵਰਤਿਆ, ਜਿਸ ਨੇ ਦਿਖਾਇਆ ਕਿ ਮੈਨੂੰ ਖੱਬੇ ਪਾਸੇ ਜਾਣਾ ਚਾਹੀਦਾ ਹੈ ਅਤੇ ਸਿੱਧਾ ਚੱਲਣਾ ਚਾਹੀਦਾ ਹੈ। ਪਰ ਮੈਨੂੰ ਕੋਈ ਨਹੀਂ ਮਿਲਿਆ। ਮੈਂ ਰਸਤਾ ਭੁੱਲ ਗਈ ਸੀ।"
ਸੱਤ ਘੰਟਿਆਂ ਤੱਕ ਚੱਲਦੀ ਰਹੀ
ਸਾਰਨਿਆ ਨੇ ਦੱਸਿਆ, "ਮੈਂ ਲਗਾਤਾਰ ਚੱਲਦੀ ਰਹੀ, ਸ਼ਾਮ 6:45 ਵਜੇ ਤੱਕ। ਹਾਂ, ਸਵੇਰੇ 10:45 ਤੋਂ ਸ਼ਾਮ 6:45 ਤੱਕ। ਮੈਂ ਪੂਰੇ ਸਮੇਂ ਹੋਮਸਟੇ ਦੇ ਮਾਲਕ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਕਿਸੇ ਵੀ ਨੰਬਰ 'ਤੇ ਸੰਪਰਕ ਨਹੀਂ ਹੋ ਸਕਿਆ। ਦੁਪਹਿਰ ਕਰੀਬ 2:45 ਵਜੇ ਮੇਰਾ ਫ਼ੋਨ ਬੰਦ ਹੋ ਗਿਆ ਕਿਉਂਕਿ ਬੈਟਰੀ ਖ਼ਤਮ ਹੋ ਗਈ ਸੀ।"
ਉਸਨੇ ਆਖ਼ਰੀ ਕਾਲ ਹੋਮਸਟੇ ਦੇ ਮਾਲਕ ਨੂੰ ਕੀਤੀ ਸੀ, ਜੋ ਉਸ ਨੂੰ ਲੈਣ ਲਈ ਚੈੱਕ ਪੋਸਟ 'ਤੇ ਇੰਤਜ਼ਾਰ ਕਰ ਰਹੇ ਸਨ।
ਸਾਰਨਿਆ ਕਹਿੰਦੀ ਹੈ, "ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਰਸਤਾ ਭੁੱਲ ਗਈ ਹਾਂ ਅਤੇ ਉਨ੍ਹਾਂ ਨੂੰ ਚੈੱਕ ਪੋਸਟ ਨੂੰ ਸੂਚਿਤ ਕਰਨਾ ਚਾਹੀਦਾ ਹੈ। ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੇ ਸਮਝਿਆ। ਮੈਂ ਆਪਣੇ ਦੋਸਤ ਨੂੰ ਇੱਕ ਟੈਕਸਟ ਮੈਸੇਜ ਲਿਖਿਆ ਸੀ ਤਾਂ ਜੋ ਉਹ ਮੇਰੇ ਪਰਿਵਾਰ ਨੂੰ ਦੱਸ ਸਕੇ, ਪਰ ਭੇਜਣ ਤੋਂ ਪਹਿਲਾਂ ਹੀ ਫ਼ੋਨ ਬੰਦ ਹੋ ਗਿਆ।"
ਸ਼ਾਮ 6:45 ਵਜੇ ਉਸਨੂੰ ਇੱਕ ਛੋਟਾ ਜਿਹਾ ਨਾਲਾ ਅਤੇ ਪੱਥਰਾਂ ਵਾਲਾ ਇਲਾਕਾ ਮਿਲਿਆ। "ਮੈਨੂੰ ਅਹਿਸਾਸ ਹੋਇਆ ਕਿ ਹਨੇਰੇ ਵਿੱਚ ਚੱਲਣਾ ਸੁਰੱਖਿਅਤ ਨਹੀਂ ਹੋਵੇਗਾ। ਮੇਰੇ ਕੋਲ ਚੱਟਾਨਾਂ 'ਤੇ ਰੁਕਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।"
ਉਸ ਵੇਲੇ ਤੱਕ ਸਾਰਨਿਆ ਸਵੇਰੇ ਆਪਣੇ ਨਾਲ ਲਿਆਂਦਾ ਇਕੱਲਾ 'ਇੱਕ ਕੇਲਾ' ਖਾ ਚੁੱਕੀ ਸੀ ਅਤੇ 500 ਮਿਲੀਲੀਟਰ ਪਾਣੀ ਦੀ ਬੋਤਲ ਵੀ ਖ਼ਤਮ ਕਰ ਚੁੱਕੀ ਸੀ।
ਉਹ ਦੱਸਦੀ ਹੈ, "ਮੈਂ ਡਰੀ ਨਹੀਂ ਸੀ। ਮੈਨੂੰ ਸਿਰਫ਼ ਇੱਕ ਵਾਰ ਘਬਰਾਹਟ ਹੋਈ, ਜਦੋਂ ਮੈਂ ਢਲਾਨ ਤੋਂ ਫਿਸਲ ਕੇ ਚੱਟਾਨ 'ਤੇ ਡਿੱਗ ਗਈ।"
ਉਸੇ ਸਮੇਂ ਉਸ ਨੂੰ ਸਮਝ ਆਇਆ ਕਿ ਉਸਨੂੰ ਕੀ ਕਰਨਾ ਚਾਹੀਦਾ ਹੈ।
ਸਾਰਨਿਆ ਨੇ ਕਿਹਾ, "ਮੈਂ ਆਪਣੇ ਆਪ ਨੂੰ ਕਿਹਾ ਕਿ ਇਹ ਆਤਮਵਿਸ਼ਵਾਸ ਗਵਾਉਣ ਅਤੇ ਘਬਰਾਉਣ ਦਾ ਸਮਾਂ ਨਹੀਂ ਹੈ। ਮੈਂ ਸੁਭਾਅ ਤੋਂ ਬਹੁਤ ਸ਼ਾਂਤ ਵਿਅਕਤੀ ਨਹੀਂ ਹਾਂ।"
ਪੱਥਰੀਲੇ ਇਲਾਕੇ ਵਿੱਚ ਪਹੁੰਚਣ ਤੋਂ ਤੁਰੰਤ ਬਾਅਦ ਉਹ ਕਰੀਬ 50 ਮਿੰਟ ਲਈ ਸੌਂ ਗਈ। ਉਸਨੇ ਦੱਸਿਆ, "ਕਰੀਬ 7:50 ਵਜੇ ਤੱਕ ਮੈਂ ਸੁੱਤੀ ਰਹੀ। ਉਸ ਤੋਂ ਬਾਅਦ ਮੈਂ ਜਾਗੀ। ਮੈਂ ਆਲੇ-ਦੁਆਲੇ ਨਜ਼ਰ ਰੱਖ ਰਹੀ ਸੀ। ਹਾਂ, ਚਾਰਾਂ ਪਾਸਿਆਂ ਤੋਂ ਕੁਝ ਆਵਾਜ਼ਾਂ ਆ ਰਹੀਆਂ ਸਨ। ਉੱਥੇ ਹਾਥੀਆਂ ਦੀ ਲਿੱਦ ਜਾਂ ਜੰਗਲੀ ਬਿੱਲੀਆਂ ਦੇ ਪੰਜਿਆਂ ਦੇ ਨਿਸ਼ਾਨ ਨਹੀਂ ਸਨ।"
ਉਸ ਨੂੰ ਸਿਰਫ਼ ਇਸ ਗੱਲ ਦਾ ਅਫ਼ਸੋਸ ਸੀ ਕਿ ਉਹ "ਚੋਟੀ 'ਤੇ ਵਾਪਸ ਨਹੀਂ ਗਈ ਤਾਂ ਜੋ ਪੂਰੇ ਇਲਾਕੇ ਦਾ ਨਜ਼ਾਰਾ ਦੇਖ ਸਕੇ ਅਤੇ ਹੋਰਾਂ ਦੀ ਨਜ਼ਰ ਵਿੱਚ ਆ ਸਕੇ।"
ਪੈਰਾਂ ਵਿੱਚ ਅਕੜਾਅ ਕਾਰਨ ਅੱਗੇ ਵੱਧਣਾ ਮੁਸ਼ਕਿਲ ਹੋ ਗਿਆ
ਸ਼ੁੱਕਰਵਾਰ ਸਵੇਰੇ ਉਸਨੇ ਚੋਟੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਪਰ "ਮਾਸਪੇਸ਼ੀਆਂ ਵਿੱਚ ਅਕੜਾਅ ਹੋ ਰਿਹਾ ਸੀ। ਮੈਂ ਉੱਪਰ ਨਹੀਂ ਚੜ੍ਹ ਸਕੀ। ਮੈਂ ਉੱਥੇ ਹੀ ਰੁਕਣ ਅਤੇ ਜਿੰਨਾ ਹੋ ਸਕੇ ਪਾਣੀ ਪੀਣ ਦਾ ਫ਼ੈਸਲਾ ਕੀਤਾ। ਮੈਂ ਹਰ ਰੋਜ਼ ਨਾਲੇ ਤੋਂ ਤਿੰਨ ਲੀਟਰ ਪਾਣੀ ਪੀਤਾ। ਮੈਂ ਵਜ਼ਨ ਘਟਾਉਣ ਲਈ ਵਰਤ ਰੱਖਣ ਦੀ ਆਦੀ ਹਾਂ, ਇਸ ਲਈ ਖਾਣਾ ਨਾ ਖਾਣਾ ਕੋਈ ਸਮੱਸਿਆ ਨਹੀਂ ਸੀ।"
ਸਾਰਨਿਆ ਨੂੰ ਉਮੀਦ ਸੀ ਕਿ ਡਰੋਨ ਉੱਡਦੇ ਦਿਖਾਈ ਦੇਣਗੇ ਜਾਂ ਕੋਈ ਖੋਜੀ ਦਲ ਉਸਦੀ ਆਵਾਜ਼ ਸੁਣੇਗਾ, ਪਰ ਆਲੇ-ਦੁਆਲੇ ਕਿਤੇ ਵੀ ਇਨਸਾਨਾਂ ਦਾ ਕੋਈ ਨਿਸ਼ਾਨ ਨਹੀਂ ਸੀ। ਉਹ ਸ਼ੁੱਕਰਵਾਰ ਨੂੰ ਵੀ ਨਹੀਂ ਸੋਂ ਸਕੀ। ਸ਼ਨੀਵਾਰ ਨੂੰ ਮੀਂਹ ਪੈ ਗਿਆ। ਉਹ ਇੱਕ ਵੱਡੇ ਰੁੱਖ ਹੇਠਾਂ ਰਹੀ, ਹਾਲਾਂਕਿ ਮੀਂਹ ਵਿੱਚ ਭਿੱਜ ਗਈ।
ਐਤਵਾਰ ਨੂੰ ਵੀ ਮੌਸਮ ਬੱਦਲਾਂ ਨਾਲ ਭਰਿਆ ਸੀ। ਦੁਪਹਿਰ ਕਰੀਬ 12:15 ਵਜੇ ਉਸਨੇ ਚੋਟੀ ਵੱਲ ਜਾਣ ਦਾ ਫ਼ੈਸਲਾ ਕੀਤਾ। ਉਦੋਂ ਹੀ ਉਸਨੇ ਨਾਲੇ ਦੇ ਦੂਜੇ ਪਾਸੇ ਤੋਂ ਇੱਕ ਆਵਾਜ਼ ਸੁਣੀ। ਉਸਨੇ ਜਵਾਬ ਦਿੱਤਾ।
ਉਸ ਨੂੰ ਉੱਥੇ ਹੀ ਰੁੱਖ ਕੋਲ ਰਹਿਣ ਲਈ ਕਿਹਾ ਗਿਆ। ਬਾਅਦ ਵਿੱਚ ਉਸਨੂੰ ਪਤਾ ਲੱਗਿਆ ਕਿ ਉਹ ਲੋਕ ਬਚਾਅ ਦਲ ਦਾ ਹਿੱਸਾ ਸਨ, ਜੋ ਆਲੇ-ਦੁਆਲੇ ਦੇ ਪਿੰਡਾਂ ਤੋਂ ਆਏ ਸਨ।
"ਉਨ੍ਹਾਂ ਨੇ ਮੈਨੂੰ ਪਾਣੀ ਅਤੇ ਬਿਸਕੁਟ ਦਿੱਤੇ।"
ਜਦੋਂ ਉਹ ਸ਼ਾਮ ਕਰੀਬ 6:15 ਵਜੇ ਚੈੱਕ ਪੋਸਟ 'ਤੇ ਪਹੁੰਚੀ, ਤਾਂ ਉਸ ਦੇ ਪਰਿਵਾਰ ਦੇ ਮੈਂਬਰ, ਗੁਆਂਢੀ, ਦੋਸਤ ਅਤੇ ਸਹਿਕਰਮੀ ਉਸ ਨੂੰ ਲੈਣ ਲਈ ਮੌਜੂਦ ਸਨ। ਅਧਿਕਾਰੀਆਂ ਨੇ ਉਸਦਾ ਬਿਆਨ ਦਰਜ ਕੀਤਾ।
ਜੰਗਲਾਤ ਅਧਿਕਾਰੀਆਂ ਦੀ ਤੁਰੰਤ ਕਾਰਵਾਈ
ਜੰਗਲਾਤ ਅਧਿਕਾਰੀਆਂ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਜਿਵੇਂ ਉਹ ਲਾਪਤਾ ਹੋਈ ਸੀ, ਉਹ ਜਾਨਣ ਤੋਂ ਬਾਅਦ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਸੀ। "ਜੰਗਲ ਦੇ ਇਲਾਕੇ ਵਿੱਚ ਰਸਤਾ ਭੁੱਲ ਜਾਣਾ ਅਤੇ ਪੂਰੀ ਤਰ੍ਹਾਂ ਕਿਸੇ ਹੋਰ ਥਾਂ 'ਤੇ ਪਹੁੰਚ ਜਾਣਾ ਸੰਭਵ ਹੈ।"
ਅਜਿਹੀਆਂ ਐਮਰਜੈਂਸੀ ਸਥਿਤੀਆਂ ਵਿੱਚ ਜੰਗਲਾਤ ਅਧਿਕਾਰੀ ਵੱਡੀ ਗਿਣਤੀ ਵਿੱਚ ਖੋਜੀ ਦਲ ਇਸ ਲਈ ਭੇਜਦੇ ਹਨ ਕਿਉਂਕਿ ਫ਼ਰਵਰੀ 2022 ਵਿੱਚ ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਮਲਮਪੁਝਾ ਦੇ ਨੇੜੇ ਚੇਰਾਡ ਵਿੱਚ ਕੁਰੁੰਬਾਚੀ ਪਹਾੜੀਆਂ ਵਿੱਚ ਇੱਕ 23 ਸਾਲ ਦੇ ਨੌਜਵਾਨ ਨੂੰ ਬਚਾਉਣ ਦਾ ਤਜਰਬਾ ਰਹਿ ਚੁੱਕਾ ਹੈ।
ਆਰ ਬਾਬੂ ਆਪਣੇ ਤਿੰਨ ਦੋਸਤਾਂ ਨਾਲ 1,000 ਮੀਟਰ ਉੱਚੀਆਂ ਕੁਰੁੰਬਾਚੀ ਪਹਾੜੀਆਂ 'ਤੇ ਚੜ੍ਹੇ ਸਨ। ਬਾਬੂ ਚੱਟਾਨ ਦੀ ਦਰਾਰ ਵਿੱਚ ਡਿੱਗ ਗਏ ਸਨ ਅਤੇ ਉਨ੍ਹਾਂ ਦੇ ਪੈਰ ਵਿੱਚ ਗੰਭੀਰ ਸੱਟ ਲੱਗੀ ਸੀ। ਉਹ 45 ਘੰਟਿਆਂ ਤੱਕ ਬਿਨਾਂ ਖਾਣੇ ਅਤੇ ਪਾਣੀ ਦੇ ਉਸੇ ਹਾਲਤ ਵਿੱਚ ਫਸੇ ਰਹੇ।
ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਚਾਅ ਮੁਹਿੰਮ ਚਲਾਈ, ਜਿਸ ਵਿੱਚ ਐੱਨਡੀਆਰਐੱਫ਼ ਦੀ ਟੀਮ ਵੀ ਸ਼ਾਮਲ ਸੀ। ਆਖ਼ਿਰ ਵਿੱਚ ਬੈਂਗਲੁਰੂ ਦੇ ਪੈਰਾਸ਼ੂਟ ਰੈਜੀਮੈਂਟਲ ਸੈਂਟਰ ਅਤੇ ਵੈਲਿੰਗਟਨ ਦੇ ਮਦਰਾਸ ਰੈਜੀਮੈਂਟਲ ਸੈਂਟਰ ਦੀ ਖ਼ਾਸ ਟੀਮ ਨੇ ਰੱਸੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਦਰਾਰ ਤੋਂ ਬਾਹਰ ਕੱਢਿਆ।
ਸਾਰਨਿਆ ਦੇ ਮਾਤਾ-ਪਿਤਾ ਨੇ ਕੀ ਕਿਹਾ
ਸਾਰਨਿਆ ਦੱਸਦੀ ਹੈ, "ਮੇਰੇ ਮਾਤਾ-ਪਿਤਾ ਖੁਸ਼ ਸਨ। ਮੈਂ ਉਨ੍ਹਾਂ ਨਾਲ ਇਹ ਵਾਅਦਾ ਨਹੀਂ ਕੀਤਾ ਕਿ ਮੈਂ ਹੁਣ ਨਹੀਂ ਜਾਵਾਂਗੀ। ਮੇਰੇ ਪਿਤਾ ਨੇ ਸਿਰਫ਼ ਇਹ ਕਿਹਾ ਕਿ ਉਹ ਮੈਨੂੰ ਰੋਕ ਨਹੀਂ ਸਕਦੇ, ਪਰ ਸਾਨੂੰ ਆਪਣੇ ਬਾਰੇ ਦੱਸਦੀ ਰਹੀਂ।"
ਕੀ ਉਹ ਹੋਰ ਟ੍ਰੈਕਰਾਂ ਨੂੰ ਕੋਈ ਸਲਾਹ ਦੇਣਾ ਚਾਹੁਣਗੇ, ਜਦੋਂ ਉਹ ਆਪਣੇ ਸਮੂਹ ਨਾਲ ਸੰਪਰਕ ਗਵਾ ਬੈਠਣ?
ਉਸਨੇ ਕਿਹਾ, "ਮੈਂ ਟ੍ਰੈਕਰਾਂ ਨੂੰ ਸਲਾਹ ਦੇਣ ਲਈ ਮਾਹਰ ਨਹੀਂ ਹਾਂ। ਇਹ ਮੇਰੇ ਲਈ ਸਿਰਫ਼ ਇੱਕ ਸ਼ੌਕ ਹੈ। ਇਸ ਤਜਰਬੇ ਤੋਂ ਮੈਂ ਇਹੀ ਸਿੱਖਿਆ ਹੈ ਕਿ ਜਿੱਥੋਂ ਤੁਸੀਂ ਵਾਪਸ ਮੁੜਨਾ ਸ਼ੁਰੂ ਕੀਤਾ ਸੀ, ਉੱਥੇ ਹੀ ਵਾਪਸ ਜਾਣਾ ਚਾਹੀਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ