You’re viewing a text-only version of this website that uses less data. View the main version of the website including all images and videos.
ਸ਼ਾਅਨ ਭਿੰਡਰ ਕੌਣ ਹੈ ਜਿਸ ਦੇ ਪਾਸਪੋਰਟ ਨੂੰ ਕਲੀਅਰੈਂਸ ਦੇਣ 'ਤੇ ਪੰਜਾਬ ਪੁਲਿਸ ਦੇ ਦੋ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ
ਨਸ਼ਾ ਤਸਕਰੀ ਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਮਾਮਲਿਆਂ ਵਿੱਚ ਮੁਲਜ਼ਮ ਸ਼ਹਿਨਾਜ਼ ਸਿੰਘ ਉਰਫ਼ ਸ਼ਾਅਨ ਭਿੰਡਰ ਦੇ ਸਸਪੈਂਡ ਕੀਤੇ ਪਾਸਪੋਰਟ ਨੂੰ ਮੁੜ ਬਹਾਲ ਕਰਨ ਲਈ ਕਲੀਅਰੈਂਸ ਦੇਣ ਦੇ ਮਾਮਲੇ ਵਿੱਚ, ਪੰਜਾਬ ਪੁਲਿਸ ਨੇ ਆਪਣੇ ਦੋ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ।
ਤਰਨ ਤਾਰਨ ਪੁਲਿਸ ਦੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੀ ਪੁਸ਼ਟੀ ਕੀਤੀ ਹੈ।
ਸ਼ਾਅਨ ਭਿੰਡਰ ਨੂੰ 10 ਮਾਰਚ, 2025 ਨੂੰ ਪੰਜਾਬ ਪੁਲਿਸ ਨੇ 2024 ਦੇ ਇੱਕ ਆਰਮਜ਼ ਐਕਟ ਵਿੱਚ ਗ੍ਰਿਫ਼ਤਾਰ ਕੀਤਾ ਸੀ ਤੇ ਹੁਣ ਉਹ ਜ਼ਮਾਨਤ ਉੱਤੇ ਬਾਹਰ ਸੀ।
ਜਦੋਂ ਪੰਜਾਬ ਪੁਲਿਸ ਨੇ ਸ਼ਾਅਨ ਭਿੰਡਰ ਨੂੰ ਗ੍ਰਿਫ਼ਤਾਰ ਕੀਤਾ ਸੀ ਤਾਂ ਉਸ ਨੂੰ ਡਰੱਗਜ਼ ਦੇ ਵਪਾਰ ਦੀ 'ਵੱਡੀ ਮੱਛੀ' ਤੱਕ ਕਿਹਾ ਸੀ ਤੇ ਇਸ ਗ੍ਰਿਫ਼ਤਾਰੀ ਨੂੰ ਪੰਜਾਬ ਪੁੁਲਿਸ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵੱਡੀ ਕਾਮਯਾਬੀ ਦੱਸਿਆ ਸੀ।
ਪੁਲਿਸ ਨੇ ਕੀ ਦੱਸਿਆ
ਤਰਨ ਤਾਰਨ ਪੁਲਿਸ ਦੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਨੂੰ ਦੱਸਿਆ, "ਸੀਆਈਏ ਤਰਨ ਤਾਰਨ ਦੇ ਇੰਚਾਰਜ, ਇੰਸਪੈਕਟਰ ਪ੍ਰਭਜੀਤ ਸਿੰਘ ਤੇ ਏਐੱਸਆਈ ਲਖਵਿੰਦਰ ਸਿੰਘ ਨੂੰ ਤਿੰਨ ਅਪ੍ਰੈਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਬਾਰੇ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ।''
ਉਨ੍ਹਾਂ ਕਿਹਾ, "ਸ਼ਾਅਨ ਭਿੰਡਰ ਦੇ ਖਿਲਾਫ਼ ਤਰਨ ਤਾਰਨ ਵਿੱਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਸੀ। ਉਸ ਵੱਲੋਂ ਆਪਣੇ ਪਾਸਪੋਰਟ ਉੱਤੇ ਲੱਗੀ ਸਸਪੈਨਸ਼ਨ ਨੂੰ ਹਟਾਉਣ ਲਈ ਅਰਜ਼ੀ ਪਾਈ ਗਈ ਸੀ। ਉਸੇ ਅਰਜ਼ੀ ਉੱਤੇ ਸੀਆਈਏ ਤਰਨ ਤਾਰਨ ਕੋਲ ਇਨਕੁਆਇਰੀ ਆਈ ਸੀ ਜਿਸ ਦੇ ਜਵਾਬ ਵਿੱਚ ਸ਼ਾਅਰ ਭਿੰਡਰ ਦੇ ਪਾਸਪੋਰਟ ਨੂੰ ਕਲੀਅਰੈਂਸ ਦਿੱਤੀ ਗਈ।"
ਉਨ੍ਹਾਂ ਅੱਗੇ ਕਿਹਾ, "ਮੁੱਢਲੇ ਤੌਰ ਉੱਤੇ ਇਹ ਮਾਮਲਾ ਵੱਡੀ ਲਾਪਰਵਾਹੀ ਤੇ ਮਿਲੀਭੁਗਤ ਦਾ ਲੱਗ ਰਿਹਾ ਹੈ। ਇਹ ਸੁਰੱਖਿਆ ਵਿੱਚ ਵੱਡੀ ਚੂਕ ਹੈ। ਇਸ ਮਾਮਲੇ ਵਿੱਚ ਹੋਰ ਅਫ਼ਸਰਾਂ ਦੇ ਰੋਲ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।"
ਜਦੋਂ ਐੱਸਐੱਸਪੀ ਸੁਰਿੰਦਰ ਲਾਂਬਾ ਨੂੰ ਪੁੱਛਿਆ ਗਿਆ ਕਿ ਇਸ ਗੱਲ ਦੀ ਉਮੀਦ ਹੈ ਕਿ ਸ਼ਾਅਨ ਭਿੰਡਰ ਵਿਦੇਸ਼ ਭੱਜ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਜਾਂਚ ਚੱਲ ਰਹੀ ਹੈ।
ਕੌਣ ਹੈ ਸ਼ਹਿਨਾਜ਼ ਭਿੰਡਰ
ਪੰਜਾਬ ਪੁਲਿਸ ਦੇ ਮਾਰਚ 2025 ਦੇ ਇੱਕ ਪ੍ਰੈੱਸ ਨੋਟ ਅਨੁਸਾਰ ਸ਼ਹਿਨਾਜ਼ ਸਿੰਘ ਉਰਫ਼ ਸ਼ਾਅਨ ਭਿੰਡਰ ਬਟਾਲਾ ਦੇ ਮੰਡਿਆਲਾ ਪਿੰਡ ਦਾ ਰਹਿਣਾ ਵਾਲਾ ਹੈ।
ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ, ਪਿੰਡ ਮੰਡਿਆਲਾ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਦੱਸਦੇ ਹਨ ਕਿ ਸ਼ਹਿਨਾਜ ਸਿੰਘ ਭਿੰਡਰ ਕੈਨੇਡਾ ਜਾਣ ਤੋਂ ਪਹਿਲਾ ਇਸੇ ਪਿੰਡ 'ਚ ਪਰਿਵਾਰ ਨਾਲ ਰਹਿੰਦਾ ਸੀ।
ਸ਼ਹਿਨਾਜ ਦੇ ਪਿਤਾ ਅਮਰੀਕ ਸਿੰਘ ਜਿਨ੍ਹਾਂ ਦਾ ਕਾਫ਼ੀ ਸਾਲ ਪਹਿਲਾ ਦੇਹਾਂਤ ਹੋ ਚੁੱਕਾ ਹੈ ਅਤੇ ਸ਼ਹਿਨਾਜ ਦੇ ਪਰਿਵਾਰ 'ਚ ਉਸਦੀ ਮਾਂ ਅਤੇ ਇੱਕ ਭੈਣ ਹੈ ਅਤੇ ਉਹ ਵੀ ਕਈ ਸਾਲਾਂ ਤੋਂ ਕੈਨੇਡਾ ਹੀ ਰਹਿੰਦੇ ਹਨ।
ਸ਼ਹਿਨਾਜ ਸਿੰਘ ਦੇ ਚਾਚੇ ਅਤੇ ਤਾਇਆ ਦੇ ਪਰਿਵਾਰ ਵੀ ਵਿਦੇਸ਼ 'ਚ ਹੀ ਰਹਿੰਦੇ ਹਨ ਜਦਕਿ ਪਿੱਛੇ ਉਨ੍ਹਾਂ ਦੇ ਪਿੰਡ 'ਚ ਘਰ ਜ਼ਰੂਰ ਹਨ ਲੇਕਿਨ ਉਹ ਪਿੱਛੇ ਪਿੰਡ 'ਚ ਘੱਟ ਹੀ ਆਉਂਦੇ ਹਨ ।
ਪੰਜਾਬ ਪੁਲਿਸ ਮੁਤਾਬਕ ਸ਼ਾਅਨ ਭਿੰਡਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਪਤਾ ਲੱਗਿਆ ਸੀ ਕਿ ਉਹ ਸਾਲ 2014 ਤੋਂ ਕੈਨੇਡਾ ਵਿੱਚ ਇੱਕ ਟਰਾਂਸਪੋਰਟ ਦਾ ਵਪਾਰ ਚਲਾ ਰਿਹਾ ਸੀ। ਇਸ ਵਪਾਰ ਜ਼ਰੀਏ ਉਹ ਮੈਕਸੀਕੋ ਰਾਹੀਂ ਕੋਲੰਬੀਆ ਤੋਂ ਅਮਰੀਕਾ ਤੇ ਕੈਨੇਡਾ ਵਿੱਚ ਡਰੱਗਜ਼ ਸਪਲਾਈ ਕਰਦਾ ਸੀ।
ਯੂਐੱਸ ਅਟਾਰਨੀ ਦੇ ਦਫ਼ਤਰ ਦੀ ਵੈਬਸਾਈਟ ਮੁਤਾਬਕ ਸ਼ਹਿਨਾਜ਼ ਸਿੰਘ ਉਰਫ਼ ਸ਼ਾਅਨ ਭਿੰਡਰ ਅਤੇ ਉਸ ਦੇ ਸਾਥੀਆਂ ਉੱਤੇ ਕੋਲੰਬੀਆ ਤੋਂ ਅਮਰੀਕਾ ਤੇ ਕੈਨੇਡਾ ਦੇ ਸ਼ਹਿਰਾਂ ਵਿੱਚ ਡਰੱਗਜ਼ ਸਪਲਾਈ ਕਰਨ ਦਾ ਇਲਜ਼ਾਮ ਹੈ।
ਵੈਬਸਾਈਟ ਮੁਤਾਬਕ ਅਮਰੀਕਾ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ 26 ਫਰਵਰੀ, 2025 ਦੀ ਸਵੇਰ ਨੂੰ ਇੱਕ ਆਪ੍ਰੇਸ਼ਨ ਤਹਿਤ ਚਾਰ ਮੁਲਜ਼ਮਾਂ ਨੂੰ ਹਥਿਆਰਾਂ ਤੇ ਕੋਕੇਨ ਸਣੇ ਡਰੱਗਜ਼ ਦੀ ਵੱਡੀ ਖੇਪ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਚਾਰੇ ਮੁਲਜ਼ਮ ਸ਼ਾਅਨ ਭਿੰਡਰ ਦੇ ਸਾਥੀ ਦੱਸੇ ਜਾ ਰਹੇ ਸਨ। ਇਸ ਮਗਰੋਂ ਸ਼ਾਅਨ ਭਿੰਡਰ ਫਰਾਰ ਹੋ ਗਿਆ ਸੀ।
ਯੂਐੱਸ ਅਟਾਰਨੀ ਦੇ ਦਫ਼ਤਰ ਮੁਤਾਬਕ ਕਰੀਬ ਇੱਕ ਸਾਲ ਤੱਕ ਸ਼ਹਿਨਾਜ਼ ਸਿੰਘ ਤੇ ਉਸ ਦੇ ਸਾਥੀ ਨਾ ਸਿਰਫ਼ ਅਮਰੀਕਾ ਵਿੱਚ ਵੇਚਣ ਲਈ ਡਰੱਗਜ਼ ਦੀ ਦਰਾਮਦਗੀ ਕਰਦੇ ਰਹੇ ਬਲਕਿ ਨਿਊ ਯਾਰਕ ਸ਼ਹਿਰ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਖ਼ਤਰਨਾਕ ਹਥਿਆਰ ਰੱਖੇ ਜਿਸ ਨਾਲ ਸੁਰੱਖਿਆ ਨੂੰ ਵੱਡਾ ਖ਼ਤਰਾ ਪੈਦਾ ਹੋਇਆ।
ਪੰਜਾਬ ਪੁਲਿਸ ਮੁਤਾਬਕ ਸ਼ਾਅਨ ਭਿੰਡਰ ਅਮਰੀਕੀ ਏਜੰਸੀਆਂ ਨੂੰ ਚਕਮਾ ਦੇ ਕੇ ਭਾਰਤ ਪਹੁੰਚਿਆ ਸੀ ਜਿੱਥੇ ਲੁਧਿਆਣਾ ਵਿੱਚ ਪੁਲਿਸ ਨੇ ਉਸ ਨੂੰ ਮਾਰਚ 2025 ਵਿੱਚ ਗ੍ਰਿਫ਼ਤਾਰ ਕੀਤਾ ਸੀ।
ਪੰਜਾਬ ਪੁਲਿਸ ਮੁਤਾਬਕ ਸ਼ਾਅਨ ਭਿੰਡਰ ਸਾਲ 2024 ਦੇ ਇੱਕ ਆਰਮਜ਼ ਐਕਟ ਦੇ ਮਾਮਲੇ ਵਿੱਚ ਵੀ ਲੋੜੀਂਦਾ ਹੈ ਜਿਸ ਵਿੱਚ ਤਰਨ ਤਾਰਨ ਪੁਲਿਸ ਨੇ ਜੱਗੂ ਭਗਵਾਨਪੁਰੀਆ ਤੇ ਅੰਮ੍ਰਿਤਪਾਲ ਬਾਠ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਮਗਰੋਂ ਵੱਡੀ ਮਾਤਰਾ ਵਿੱਚ ਅਸਲਾ ਤੇ ਹਥਿਆਰ ਬਰਾਮਦ ਹੋਏ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ