You’re viewing a text-only version of this website that uses less data. View the main version of the website including all images and videos.
ਕੌਣ ਹਨ 'ਕੈਟਾਮੀਨ ਕੁਈਨ' ਜਸਵੀਨ ਸੰਘਾ, ਜਿਨ੍ਹਾਂ ਨੂੰ ਮੈਥਿਊ ਪੈਰੀ ਦੀ ਓਵਰਡੋਜ਼ ਕਾਰਨ ਹੋਈ ਮੌਤ ਦੇ ਮਾਮਲੇ 'ਚ 15 ਸਾਲ ਦੀ ਸਜ਼ਾ ਹੋਈ ਹੈ
- ਲੇਖਕ, ਕ੍ਰਿਸਟਲ ਹੇਅਸ
- ਰੋਲ, ਬੀਬੀਸੀ ਪੱਤਰਕਾਰ
- ਲੇਖਕ, ਨਾਰਦੀਨ ਸਾਦ ਅਤੇ ਸਰੀਨ ਹਬੇਸ਼ੀਅਨ
- ...ਤੋਂ, ਲਾਸ ਏਂਜਲਸ
- ਪੜ੍ਹਨ ਦਾ ਸਮਾਂ: 5 ਮਿੰਟ
ਪੰਜਾਬੀ ਮੂਲ ਦੀ ਜਸਵੀਨ ਸੰਘਾ ਜਿਨ੍ਹਾਂ ਨੂੰ 'ਕੇਟਾਮੀਨ ਕੁਈਨ' ਵੀ ਕਿਹਾ ਜਾਂਦਾ ਹੈ, ਨੂੰ ਡਰੱਗਸ ਵੇਚਣ ਸਬੰਧੀ ਮਾਮਲੇ ਵਿੱਚ 15 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਦੁਆਰਾ ਵੇਚੇ ਗਏ ਡਰੱਗਸ ਕਰਕੇ 'ਫ੍ਰੈਂਡਸ' ਦੇ ਅਦਾਕਾਰ ਮੈਥਿਊ ਪੈਰੀ ਦੀ ਮੌਤ ਹੋਈ ਸੀ।
42 ਸਾਲ ਦੀ ਜਸਵੀਨ ਸੰਘਾ ਨੇ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਪੰਜ ਦੋਸ਼ਾਂ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਇਨ੍ਹਾਂ ਵਿੱਚੋਂ ਇੱਕ ਦੋਸ਼ ਕੈਟਾਮੀਨ ਡਿਸਟ੍ਰੀਬਿਊਟ ਕਰਨ ਦਾ ਵੀ ਸੀ, ਜਿਸ ਦੇ ਨਤੀਜੇ ਵਜੋਂ ਮੌਤ ਜਾਂ ਸਰੀਰਕ ਨੁਕਸਾਨ ਹੋ ਸਕਦਾ ਹੈ।
ਜੱਜ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ, ਜਦੋਂ ਪੈਰੀ ਦੇ ਰਿਸ਼ਤੇਦਾਰ ਅਦਾਲਤ ਵਿੱਚ ਆਪਣੀ ਗੱਲ ਰੱਖ ਰਹੇ ਸਨ, ਤਾਂ ਸੰਘਾ ਰੋ ਪਈ।
ਜੱਜ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਪਰਾਧਾਂ ਦਾ ਹਿਸਾਬ ਦੇਣਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਗ੍ਰਿਫ਼ਤਾਰੀ ਤੋਂ ਬਾਅਦ ਦੇ ਸਾਲਾਂ ਵਿੱਚ ਸੰਘਾ ਨੇ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਦਿਖਾਇਆ।
ਜਸਵੀਨ ਸੰਘਾ ਨੇ ਕੀ ਕਿਹਾ ਤੇ ਪੈਰੀ ਦੀ ਮਾਂ ਨੇ ਕੀ ਮੰਗ ਕੀਤੀ
ਜਦੋਂ ਸੰਘਾ ਨੂੰ ਅਦਾਲਤ ਵਿੱਚ ਆਪਣੀ ਗੱਲ ਰੱਖਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਦੇ ਗਲਤ ਫ਼ੈਸਲਿਆਂ ਨੇ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਕੀਤੇ 'ਤੇ ਬਹੁਤ ਸ਼ਰਮਿੰਦਗੀ ਅਤੇ ਦੁੱਖ ਹੈ।
ਸੰਘਾ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ, ਪੈਰੀ ਦੀ ਮਤਰੇਈ ਮਾਂ ਡੈਬੀ ਪੈਰੀ ਨੇ ਜੱਜ ਅੱਗੇ ਅਪੀਲ ਕੀਤੀ ਕਿ ਸੰਘਾ ਵੱਧ ਤੋਂ ਵੱਧ ਜੇਲ੍ਹ ਦੀ ਸਜ਼ਾ ਦਿੱਤੀ ਜਾਵੇ।
ਮੰਗਲਵਾਰ ਨੂੰ ਕੈਲੀਫ਼ੋਰਨੀਆ ਅਦਾਲਤ ਵਿੱਚ ਜਮ੍ਹਾਂ ਕਰਵਾਏ ਗਏ ਇੱਕ 'ਵਿਕਟਿਮ ਇੰਪੈਕਟ ਸਟੇਟਮੈਂਟ' ਵਿੱਚ ਡੈਬੀ ਪੈਰੀ ਨੇ ਕਿਹਾ ਕਿ ਸੰਘਾ ਨੇ "ਕਦੇ ਵੀ ਨਾ ਭਰਿਆ ਜਾ ਸਕਣਾ ਵਾਲਾ" ਨੁਕਸਾਨ ਪਹੁੰਚਾਇਆ ਹੈ।
ਉਨ੍ਹਾਂ ਕਿਹਾ, "ਇਹ ਸਭ ਤੇਰੇ ਕਰਕੇ ਹੋਇਆ... ਤੇਰੇ ਕੋਲ ਬਿਜ਼ਨਸ ਕਰਨ ਦੀ ਇੰਨੀ ਕਾਬਲਿਅਤ ਸੀ ਕਿ ਤੂੰ ਪੈਸੇ ਕਮਾ ਸਕਦੀ ਸੀ, ਪਰ ਤੂੰ ਉਹ ਰਸਤਾ ਚੁਣਿਆ ਜਿਸ ਨਾਲ ਲੋਕਾਂ ਨੂੰ ਦੁੱਖ ਪਹੁੰਚਦਾ ਹੈ।"
ਉਨ੍ਹਾਂ ਅੱਗੇ ਕਿਹਾ, "ਕਿਰਪਾ ਕਰਕੇ, ਇਸ ਬੇਰਹਿਮ ਮਹਿਲਾ ਨੂੰ ਵੱਧ ਤੋਂ ਵੱਧ ਜੇਲ੍ਹ ਦੀ ਸਜ਼ਾ ਦਿਓ, ਤਾਂ ਜੋ ਇਹ ਸਾਡੇ ਵਰਗੇ ਹੋਰ ਪਰਿਵਾਰਾਂ ਨੂੰ ਨੁਕਸਾਨ ਨਾ ਪਹੁੰਚਾ ਸਕੇ।"
ਮੈਥਿਊ ਪੈਰੀ ਦੀ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਹੋ ਗਈ ਸੀ।
ਅਮਰੀਕੀ-ਬ੍ਰਿਟਿਸ਼ ਦੋਹਰੀ ਨਾਗਰਿਕਤਾ ਰੱਖਣ ਵਾਲੇ ਜਸਵੀਨ ਸੰਘਾ ਨੂੰ ਅਸਲ ਵਿੱਚ ਨੌਂ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰਨਾ ਪਿਆ।
ਸੰਘੀ ਵਕੀਲਾਂ ਨੇ ਉਨ੍ਹਾਂ ਦੇ ਲਾਸ ਏਂਜਲਸ ਦੇ ਘਰ ਨੂੰ 'ਡਰੱਗ ਵੇਚਣ ਵਾਲਾ ਐਂਪੋਰੀਅਮ' ਦੱਸਿਆ। ਇੱਕ ਛਾਪੇਮਾਰੀ ਦੌਰਾਨ ਕੇਟਾਮੀਨ ਦੀਆਂ ਦਰਜਨਾਂ ਸ਼ੀਸ਼ੀਆਂ ਵੀ ਉਨ੍ਹਾਂ ਦੇ ਘਰੋਂ ਮਿਲੀਆਂ ਸਨ।
ਪੈਰੀ ਦੀ ਮੌਤ
ਪੈਰੀ ਅਕਤੂਬਰ 2023 ਵਿੱਚ ਆਪਣੇ ਲਾਸ ਏਂਜਲਸ ਦੇ ਘਰ ਦੇ ਪਿਛਲੇ ਵਿਹੜੇ ਵਿੱਚ ਇੱਕ ਜੈਕੂਜ਼ੀ ਵਿੱਚ ਮ੍ਰਿਤ ਮਿਲੇ ਸੀ।
ਜਾਂਚ ਵਿੱਚ ਸਾਹਮਣੇ ਆਇਆ ਕਿ ਉਨ੍ਹਾਂ ਦੀ ਮੌਤ ਕੇਟਾਮੀਨ ਦੇ ਤੇਜ਼ ਪ੍ਰਭਾਵਾਂ ਕਾਰਨ ਹੋਈ ਸੀ।
ਸੰਘਾ ਉਨ੍ਹਾਂ ਪੰਜ ਲੋਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਉੱਤੇ ਕੇਟਾਮੀਨ ਵੇਚਣ ਦੇ ਇਲਜ਼ਾਮ ਸਨ।
ਇਨ੍ਹਾਂ ਵਿੱਚ ਮੈਡੀਕਲ ਡਾਕਟਰ ਅਤੇ ਅਦਾਕਾਰ ਦਾ ਸਹਾਇਕ ਸ਼ਾਮਲ ਹਨ। ਇਨ੍ਹਾਂ ਬਾਰੇ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੈਰੀ ਨੂੰ ਕੇਟਾਮੀਨ ਸਪਲਾਈ ਕੀਤੀ।
ਆਪਣੇ ਮੁਨਾਫ਼ੇ ਲਈ ਪੈਰੀ ਨੂੰ ਨਸ਼ੇ ਦੀ ਲਤ ਲਾਈ ਅਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ। ਨਸ਼ੇ ਦੀ ਓਵਰਡੋਜ਼ ਹੀ ਪੈਰੀ ਦੀ ਮੌਤ ਦਾ ਕਾਰਨ ਬਣਿਆ।
ਜਿਨ੍ਹਾਂ ਲੋਕਾਂ 'ਤੇ ਇਲਜ਼ਾਮ ਲੱਗੇ ਸਨ ਉਨ੍ਹਾਂ ਵਿੱਚ ਡਾਕਟਰ ਸਲਵਾਡੋਰ ਪਲਾਸੈਂਸੀਆ ਅਤੇ ਡਾਕਟਰ ਮਾਰਕ ਚਾਵੇਜ਼ ਹਨ, ਉਹ ਦੋ ਡਾਕਟਰ ਜਿਨ੍ਹਾਂ ਉੱਤੇ ਕੇਟਾਮੀਨ ਵੇਚਣ ਦੇ ਇਲਜ਼ਾਮ ਹਨ।
ਕੇਨੇਥ ਇਵਾਮਾਸਾ ਪੈਰੀ ਦੇ ਲਿਵ-ਇਨ ਸਹਾਇਕ ਵਜੋਂ ਕੰਮ ਕਰਦਾ ਸੀ ਅਤੇ ਦੋਵਾਂ ਨੇ ਅਦਾਕਾਰ ਨੂੰ ਕੇਟਾਮੀਨ ਖਰੀਦਣ ਅਤੇ ਟੀਕਾ ਲਗਾਉਣ ਵਿੱਚ ਮਦਦ ਕੀਤੀ ਅਤੇ ਏਰਿਕ ਫਲੇਮਿੰਗ, ਜਿਸਨੇ ਕੇਟਾਮੀਨ ਵੇਚਿਆ ਜੋ ਉਹ ਸੰਘਾ ਤੋਂ ਪੈਰੀ ਨੂੰ ਮਿਲਿਆ ਸੀ।
ਇਸ ਤੋਂ ਬਾਅਦ ਪੰਜਾਂ ਨੇ ਮਾਮਲੇ ਵਿੱਚ ਆਪਣਾ ਜੁਰਮ ਕਬੂਲ ਕਰਨ 'ਤੇ ਸਹਿਮਤੀ ਦੇ ਦਿੱਤੀ ਹੈ।
ਸੰਘਾ ਹੁਣ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਸੰਘੀ ਅਦਾਲਤ ਵਿੱਚ ਪੇਸ਼ ਹੋਣਗੇ ਤਾਂ ਜੋ ਉਹ ਰਸਮੀ ਤੌਰ 'ਤੇ ਆਪਣਾ ਜ਼ੁਲਮ ਕਬੂਲ ਕਰ ਸਕਣ।
ਸੰਘਾ ਦੇ ਵਕੀਲ ਮਾਰਕ ਗੇਰਾਗੋਸ ਨੇ ਬੀਬੀਸੀ ਨੂੰ ਇੱਕ ਬਿਆਨ ਵਿੱਚ ਦੱਸਿਆ, "ਉਹ ਆਪਣੇ ਕੰਮਾਂ ਦੀ ਜ਼ਿੰਮੇਵਾਰੀ ਲੈ ਰਹੀ ਹੈ।"
ਨਿਆਂ ਵਿਭਾਗ ਮੁਤਾਬਕ ਸੰਘਾ ਨੂੰ ਸੰਘੀ ਜੇਲ੍ਹ ਵਿੱਚ ਵੱਧ ਤੋਂ ਵੱਧ 65 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਕੇਟਾਮੀਨ ਕਿੰਨਾ ਖ਼ਤਰਨਾਕ ਹੈ
ਯੂਐੱਸ ਡਰੱਗਜ਼ ਇਨਫੋਰਸਮੈਂਟ ਐਡਮਨਿਸਟ੍ਰੇਸ਼ਨ (ਡੀਈਏ) ਦੇ ਅਨੁਸਾਰ, ਕੈਟਾਮੀਨ ਇੱਕ ਡਿਸਸੋਸਿਏਟਿਵ ਐਨੇਸਥੀਟਿਕ ਹੈ ਜਿਸ ਕਾਰਨ ਕਈ ਹੋਸ਼ ਗੁਆਉਣ ਵਾਲੇ ਪ੍ਰਭਾਵ ਸਰੀਰ ਉੱਤੇ ਪੈ ਸਕਦੇ ਹਨ।
ਇਹ ਦੇਖਣ ਅਤੇ ਸੁਣਨ ਦੀ ਸ਼ਕਤੀ ਨੂੰ ਵਿਗਾੜ ਸਕਦਾ ਹੈ । ਇਸਦਾ ਇਸਤੇਮਾਲ ਕਰਨ ਵਾਲਾ ਖੁਦ ਨੂੰ ਵੱਖਰਾ ਅਤੇ ਕਾਬੂ ਤੋਂ ਬਾਹਰ ਪਾਉਂਦਾ ਹੈ।
ਇਹ ਮਨੁੱਖਾਂ ਅਤੇ ਜਾਨਵਰਾਂ ਲਈ ਬੇਹੋਸ਼ ਕਰਨ ਵਾਲੇ ਟੀਕੇ ਵਜੋਂ ਵਰਤਿਆ ਜਾਂਦਾ ਹੈ। ਇਸ ਦਾ ਇਸਤੇਮਾਲ ਮਰੀਜ਼ਾਂ ਨੂੰ ਦਰਦ ਅਤੇ ਹੋਰ ਸਰੀਰੀਕ ਗਤੀਵਿਧੀਆਂ ਦੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮੁਹੱਈਆ ਕਰਵਾਉਂਦਾ ਹੈ।
ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਸ ਪਦਾਰਥ ਨੂੰ ਸਿਰਫ ਇੱਕ ਡਾਕਟਰ ਦੁਆਰਾ ਦਿੱਤਾ ਜਾਣਾ ਚਾਹੀਦਾ ਹੈ ।
ਜਿਨ੍ਹਾਂ ਮਰੀਜ਼ਾਂ ਨੇ ਦਵਾਈ ਲਈ ਹੈ, ਉਨ੍ਹਾਂ ਉੱਤੇ ਸੰਭਾਵੀ ਨੁਕਸਾਨਦੇਹ ਪ੍ਰਭਾਵਾਂ ਦੇ ਖ਼ਤਰੇ ਕਰਕੇ ਕਿਸੇ ਪੇਸ਼ੇਵਰ ਦੀ ਨਿਗਰਾਨੀ ਹੋਣੀ ਚਾਹੀਦੀ ਹੈ।
‘ਸੰਘਾ ਸਟੈਸ਼ ਹਾਊਸ’ ਵਿੱਚੋਂ ਕੀ-ਕੀ ਮਿਲਿਆ ਸੀ
ਜਸਵੀਨ ਸੰਘਾ ਉੱਤੇ ਇਲਜ਼ਾਮ ਹੈ ਕਿ ਉਹ 2019 ਤੋਂ ਆਪਣੇ ਸਟੈਸ਼ ਹਾਊਸ ਤੋਂ ਕੇਟਾਮੀਨ ਵੇਚ ਰਹੇ ਸਨ।
ਕੈਲੀਫੋਰਨੀਆ ਦੇ ਕੇਂਦਰੀ ਜ਼ਿਲ੍ਹੇ ਲਈ ਅਟਾਰਨੀ ਮਾਰਟਿਨ ਐਸਟਰਾਡਾ ਨੇ ਕਿਹਾ ਸੀ ਕਿ ਸੰਘਾ ਦਾ ਉੱਤਰੀ ਹਾਲੀਵੁੱਡ ਵਿੱਚਲਾ ਘਰ ਇੱਕ "ਨਸ਼ਾ ਵੇਚਣ ਵਾਲਾ ਇਮਪੋਰੀਅਮ" ਸੀ।
ਸਰਚ ਦੌਰਾਨ ਕਥਿਤ ਤੌਰ 'ਤੇ ਕੇਟਾਮੀਨ ਦੀਆਂ 80 ਤੋਂ ਵੱਧ ਸ਼ੀਸ਼ੀਆਂ ਮਿਲੀਆਂ ਹਨ। ਇਸ ਨਾਲ ਹੀ ਹਜ਼ਾਰਾਂ ਗੋਲੀਆਂ ਮਿਲੀਆਂ, ਜਿਨ੍ਹਾਂ ਵਿੱਚ ਮੇਥਾਮਫੇਟਾਮਾਈਨ,ਕੋਕੀਨ ਅਤੇ ਜ਼ੈਨੈਕਸ ਸ਼ਾਮਲ ਸਨ।
ਇਲਜ਼ਾਮਾਂ ਮੁਤਾਬਕ ਸੰਘਾ ਦੇ ਘਰ ਨੂੰ "ਸੰਘਾ ਸਟੈਸ਼ ਹਾਊਸ" ਕਿਹਾ ਜਾਂਦਾ। ਜਿੱਥੇ ਉਨ੍ਹਾਂ 'ਤੇ ਨਸ਼ੀਲੇ ਪਦਾਰਥਾਂ ਨੂੰ ਪੈਕ ਕਰਨ ਅਤੇ ਵੇਚਣ ਦਾ ਇਲਜ਼ਾਮ ਹੈ।
ਜਸਵੀਨ ਸੰਘਾ ਨਾਲ ਸਹਿ-ਮੁਲਜ਼ਮ ਐਰਿਕ ਫਲੈਮਿੰਗ ਦੇ ਹਵਾਲੇ ਨਾਲ ਦੱਸਿਆ ਗਿਆ ਸੀ ਕਿ ਸੰਘਾ "ਸਿਰਫ ਵੱਡੇ ਅਤੇ ਮਸ਼ਹੂਰ ਫਿਲਮੀ ਸਤਾਰਿਆਂ ਨਾਲ ਡੀਲ ਕਰਦੇ ਸਨ।"
ਜਸਵੀਨ ਸੰਘਾ ਦੀ ਅਮੀਰਾਂ ਵਾਲੀ ਜੀਵਨ ਸ਼ੈਲੀ ਸੀ
ਜਸਵੀਨ ਸੰਘਾ ਵੱਲੋਂ ਇੱਕ ਅਮੀਰ ਵਾਲੀ ਜੀਵਨ ਸ਼ੈਲੀ ਬਤੀਤ ਕੀਤੀ ਜਾਂਦੀ ਸੀ ਜਿਸ ਨੂੰ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਖੂਬ ਦਰਸਾਇਆ ਜਾਂਦਾ ਸੀ।
ਉਨ੍ਹਾਂ ਦੇ ਇੱਕ ਦੋਸਤ ਨੇ ਡੇਲੀ ਮੇਲ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਗੋਲਡਨ ਗਲੋਬ ਅਤੇ ਆਸਕਰ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ ਅਤੇ ਉਹ ਮਸ਼ਹੂਰ ਹਸਤੀਆਂ ਨਾਲ ਵੀ ਖੂਬ ਰਚ ਮਿਚ ਜਾਂਦੇ ਸਨ।
ਮੈਥਿਊ ਪੈਰੀ ਦੀ ਓਵਰਡੋਜ਼ ਨਾਲ ਹੋਈ ਮੌਤ ਦੇ ਬਾਅਦ ਉਨ੍ਹਾਂ ਵੱਲੋਂ ਆਪਣੀ ਬੇਮਿਸਾਲ ਜੀਵਨ ਸ਼ੈਲੀ ਨੂੰ ਦਰਸਾਉਂਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਸਨ।
ਇਨ੍ਹਾਂ ਵਿੱਚ ਉਹ ਪਾਰਟੀਆਂ ਵਿੱਚ ਮੌਜੂਦ ਅਤੇ ਜਪਾਨ ਤੇ ਮੈਕਸੀਕੋ ਦੀ ਯਾਤਰਾ ਕਰਦੇ ਦਿਖੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ