8 ਔਰਤਾਂ ਦਾ ਕਤਲ ਕਰਨ ਵਾਲਾ ਪਿਜ਼ਾ ਕਰਕੇ ਕਿਵੇਂ ਫੜ੍ਹਿਆ ਗਿਆ, ਇਸ ਕੇਸ ਨੇ ਸਾਲਾਂ ਤੱਕ ਇੱਕ ਆਇਲੈਂਡ ਨੂੰ ਡਰ ਦੇ ਸਾਏ ਹੇਠ ਰੱਖਿਆ

    • ਲੇਖਕ, ਮੈਡਲੀਨ ਹੈਲਪਰਟ
    • ਰੋਲ, ਲਾਂਗ ਆਇਲੈਂਡ
  • ਪੜ੍ਹਨ ਦਾ ਸਮਾਂ: 10 ਮਿੰਟ

ਬੁੱਧਵਾਰ ਨੂੰ ਸਫ਼ੋਕ ਕਾਊਂਟੀ ਦੀ ਇੱਕ ਅਦਾਲਤ ਵਿੱਚ ਦਹਾਕਿਆਂ ਤੋਂ ਚੱਲ ਰਿਹਾ ਇੱਕ ਮਾਮਲਾ ਆਖ਼ਰਕਾਰ ਨਿੱਬੜ ਗਿਆ। ਇੱਕ ਛੇ ਫੁੱਟ ਚਾਰ ਇੰਚ ਲੰਮਾ ਆਦਮੀ, ਜਿਸਨੇ ਕਾਲਾ ਸੂਟ ਅਤੇ ਨੀਲੀ ਟਾਈ ਪਹਿਨੀ ਹੋਈ ਸੀ, ਜੱਜ ਦੇ ਸਾਹਮਣੇ ਖੜ੍ਹਾ ਹੋਇਆ ਅਤੇ ਉਸਨੇ ਅੱਠ ਮਹਿਲਾਵਾਂ ਦੇ ਕਤਲ ਦੇ ਖੌਫਨਾਕ ਵੇਰਵੇ ਕਬੂਲ ਕੀਤੇ।

ਰੇਕਸ ਹਿਊਰਮੈਨ ਦੇ ਚਿਹਰੇ 'ਤੇ ਉਸ ਵੇਲੇ ਕੋਈ ਭਾਵ ਨਹੀਂ ਸੀ, ਜਦੋਂ ਉਸਨੇ ਜੱਜ ਟਿਮੋਥੀ ਮਜ਼ੇਈ ਨੂੰ ਦੱਸਿਆ ਕਿ ਉਸਨੇ ਹਰ ਔਰਤ ਨੂੰ ਇੱਕੋ ਤਰੀਕੇ ਨਾਲ ਮਾਰਿਆ ਅਤੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਂਗ ਆਇਲੈਂਡ ਦੇ ਸੁੰਨੇ ਸਮੁੰਦਰੀ ਤੱਟਾਂ 'ਤੇ ਸੁੱਟ ਦਿੱਤਾ।

ਆਪਣੇ ਅਪਰਾਧਾਂ ਬਾਰੇ ਜੱਜ ਦੇ ਹਰ ਸਵਾਲ ਦਾ ਜਵਾਬ ਉਸਨੇ ਜ਼ਿਆਦਾਤਰ "ਹਾਂ" ਵਿੱਚ ਦਿੱਤਾ। ਉਸਨੇ ਪਿੱਛੇ ਮੁੜ ਕੇ ਅਦਾਲਤ 'ਚ ਬੈਠੇ ਲੋਕਾਂ ਵੱਲ ਨਹੀਂ ਦੇਖਿਆ, ਜਿੱਥੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦੀ ਭੀੜ ਸੀ ਅਤੇ ਉਨ੍ਹਾਂ ਵਿੱਚੋਂ ਕੁਝ ਸਿਸਕੀਆਂ ਭਰ ਰਹੇ ਸਨ।

ਮਹਿਲਾਵਾਂ ਦੇ ਪਰਿਵਾਰਾਂ ਨੂੰ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਇਸ ਦਿਨ ਦਾ ਇੰਤਜ਼ਾਰ ਕਰਨਾ, ਕਿਉਂਕਿ ਜਾਂਚ ਕਰਨ ਵਾਲਿਆਂ ਨੂੰ ਉਨ੍ਹਾਂ ਕਤਲਾਂ ਨੂੰ ਸੁਲਝਾਉਣ ਵਿੱਚ ਕਈ ਸਾਲ ਲੱਗ ਗਏ, ਜਿਨ੍ਹਾਂ ਨੇ ਲਾਂਗ ਆਇਲੈਂਡ ਦੇ ਕਈ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਸੀ।

ਹਿਊਰਮੈਨ ਦੇ ਹਾਈ ਸਕੂਲ ਦੇ ਸਹਿਪਾਠੀ ਸੈਂਡਰਾ ਸਾਈਮਨ ਨੇ ਬੀਬੀਸੀ ਨੂੰ ਦੱਸਿਆ, "ਬਹੁਤ ਸਾਰੇ ਲੋਕ ਇਸ ਬਾਰੇ ਗੱਲ ਕਰਦੇ ਸਨ, ਇਹ ਕੋਈ ਟੈਬੂ ਨਹੀਂ ਸੀ। ਹਰ ਕਿਸੇ ਕੋਲ ਆਪੋ-ਆਪਣੀ ਥਿਊਰੀ ਸੀ।"

ਇਹ ਥਿਊਰੀਆਂ ਸਾਲ 2023 ਵਿੱਚ ਉਸ ਵੇਲੇ ਖਤਮ ਹੋ ਗਈਆਂ, ਜਦੋਂ ਪੁਲਿਸ ਨੇ ਹਿਊਰਮੈਨ ਨੂੰ ਗ੍ਰਿਫ਼ਤਾਰ ਕਰ ਲਿਆ। ਉਹ ਵਿਆਹਿਆ ਹੋਇਆ ਸੀ, ਦੋ ਬੱਚਿਆਂ ਦਾ ਪਿਤਾ ਸੀ, ਅਤੇ ਲਾਂਗ ਆਇਲੈਂਡ ਦੇ ਇੱਕ ਸ਼ਾਂਤ ਉਪਨਗਰ ਮਾਸਾਪੇਕਵਾ ਪਾਰਕ ਵਿੱਚ ਇੱਕ ਪੁਰਾਣੇ-ਟੁੱਟੇ ਘਰ ਵਿੱਚ ਰਹਿੰਦਾ ਸੀ - ਉਹੀ ਘਰ ਜਿੱਥੇ ਉਸਨੇ ਆਪਣਾ ਬਚਪਨ ਬਿਤਾਇਆ ਸੀ।

ਉਸ ਦੀਆਂ ਕਈ ਪੀੜਤ ਮਹਿਲਾਵਾਂ ਸਾਲਾਂ ਤੋਂ ਲਾਪਤਾ ਸਨ

62 ਸਾਲ ਦੇ ਇਸ ਆਰਕੀਟੈਕਟ ਨੂੰ ਸਫ਼ੋਕ ਕਾਊਂਟੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਇੱਕ ਪਿਜ਼ਾ ਬਾਕਸ 'ਤੇ ਮਿਲੇ ਡੀਐਨਏ ਜ਼ਰੀਏ ਉਸਨੂੰ ਇਨ੍ਹਾਂ ਕਤਲਾਂ ਨਾਲ ਜੋੜਿਆ ਅਤੇ ਫਿਰ ਉਸਦੇ ਮਿਡਟਾਊਨ ਮੈਨਹੈਟਨ ਸਥਿਤ ਦਫ਼ਤਰ 'ਤੇ ਛਾਪਾ ਮਾਰਿਆ।

ਹਿਊਰਮੈਨ 'ਤੇ ਸਭ ਤੋਂ ਪਹਿਲਾਂ ਸੱਤ ਔਰਤਾਂ ਦੇ ਕਤਲ ਦਾ ਦੋਸ਼ ਲੱਗਾ ਸੀ, ਪਰ ਬੁੱਧਵਾਰ ਨੂੰ ਉਸਨੇ 1996 ਵਿੱਚ ਕੀਤੇ ਇੱਕ ਹੋਰ ਕਤਲ ਦੀ ਗੱਲ ਵੀ ਕਬੂਲ ਕਰ ਲਈ।

ਹਾਲਾਂਕਿ ਉਸ ਦੀਆਂ ਕਈ ਪੀੜਤ ਮਹਿਲਾਵਾਂ ਸਾਲਾਂ ਤੋਂ ਲਾਪਤਾ ਸਨ, ਪਰ ਇਹ ਮਾਮਲਾ 2010 ਵਿੱਚ ਉਸ ਵੇਲੇ ਸਾਹਮਣੇ ਆਇਆ, ਜਦੋਂ ਜਾਂਚਕਰਤਾਵਾਂ ਨੂੰ ਗਿਲਗੋ ਬੀਚ 'ਤੇ ਇੱਕ-ਦੂਜੇ ਤੋਂ ਇੱਕ ਚੌਥਾਈ ਮੀਲ ਦੀ ਦੂਰੀ ਵਿੱਚ ਚਾਰ ਮਹਿਲਾਵਾਂ ਦੀਆਂ ਲਾਸ਼ਾਂ ਦੇ ਅਵਸ਼ੇਸ਼ ਮਿਲੇ।

ਸ਼ੁਰੂ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਣ ਤੋਂ ਬਾਅਦ, ਹਿਊਰਮੈਨ ਨੇ ਆਖ਼ਿਰਕਾਰ ਇਨ੍ਹਾਂ ਸਾਰੀਆਂ ਦੀ ਹੱਤਿਆ ਦੀ ਗੱਲ ਕਬੂਲ ਕਰ ਲਈ: ਮੇਲਿਸਾ ਬਾਰਥੇਲੇਮੀ (24), ਮੇਗਨ ਵਾਟਰਮੈਨ (22), ਐਂਬਰ ਕੋਸਟੇਲੋ (27), ਮੌਰੀਨ ਬ੍ਰੇਨਾਰਡ-ਬਾਰਨਜ਼ (25), ਜੈਸਿਕਾ ਟੇਲਰ (20), ਵੈਲੇਰੀ ਮੈਕ (24), ਸੈਂਡਰਾ ਕੋਸਟਿਲਾ (28) ਅਤੇ ਕੈਰਨ ਵਰਗਾਟਾ (34)।

ਮੰਨਿਆ ਜਾਂਦਾ ਹੈ ਕਿ ਹਿਊਰਮੈਨ ਦੀਆਂ ਸਾਰੀਆਂ ਪੀੜਤਾਂ ਆਪਣੀ ਮੌਤ ਦੇ ਸਮੇਂ ਸੈਕਸ ਵਰਕਰ ਸਨ। ਉਨ੍ਹਾਂ ਵਿੱਚੋਂ ਕੁਝ ਨਾਲ ਉਸਨੇ ਵੈੱਬਸਾਈਟ'ਤੇ ਦਿੱਤੇ ਉਨ੍ਹਾਂ ਦੇ ਇਸ਼ਤਿਹਾਰਾਂ ਰਾਹੀਂ ਸੰਪਰਕ ਕੀਤਾ ਸੀ।

ਲੰਘੇ ਬੁੱਧਵਾਰ ਨੂੰ ਅਦਾਲਤ ਵਿੱਚ ਹਿਊਰਮੈਨ ਨੇ ਹੱਤਿਆਵਾਂ ਬਾਰੇ ਹੋਰ ਨਵੀਂ ਜਾਣਕਾਰੀ ਨਹੀਂ ਦਿੱਤੀ। ਉਸਨੇ ਸਿਰਫ਼ ਜੱਜ ਦੇ ਸਾਹਮਣੇ ਇਹ ਪੁਸ਼ਟੀ ਕੀਤੀ ਕਿ ਉਸਨੇ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਫਸਾਇਆ, ਫਿਰ ਉਨ੍ਹਾਂ ਦਾ ਕਤਲ ਕਰ ਦਿੱਤਾ ਅਤੇ ਉਨ੍ਹਾਂ ਦੇ ਸਰੀਰ ਦੇ ਟੁਕੜੇ ਕਰਕੇ ਉਨ੍ਹਾਂ ਦੇ ਸਮੁੰਦਰੀ ਤੱਟ 'ਤੇ ਸੁੱਟ ਦਿੱਤੇ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਸਨੇ ਉਨ੍ਹਾਂ ਨੂੰ ਕਿਵੇਂ ਮਾਰਿਆ, ਤਾਂ ਉਸਨੇ "ਗਲਾ ਘੁੱਟ ਕੇ" ਤੋਂ ਇਲਾਵਾ ਕੁਝ ਨਹੀਂ ਕਿਹਾ; ਅਤੇ ਜਦੋਂ ਉਸ ਨੂੰ ਕਿਹਾ ਗਿਆ ਕਿ ਉਹ ਕੁਝ ਹੋਰ ਕਹਿਣਾ ਚਾਹੁੰਦਾ ਹੈ ਤਾਂ ਉਸਨੇ ਸਿਰਫ਼ ਕਿਹਾ "ਦੋਸ਼ੀ"।

ਪੀੜਤਾਂ ਦੇ ਪਰਿਵਾਰਾਂ ਦੇ ਵਕੀਲ ਜੌਨ ਰੇਅ ਨੇ ਸੁਣਵਾਈ ਤੋਂ ਬਾਅਦ ਕਿਹਾ, "ਉਸ ਆਦਮੀ ਦੇ ਚਿਹਰੇ 'ਤੇ ਪਛਤਾਵੇ ਦਾ ਨਾਮੋ-ਨਿਸ਼ਾਨ ਵੀ ਨਹੀਂ ਸੀ। ਉਹ ਬਰਫ਼ ਵਾਂਗ ਠੰਢਾ ਸੀ।"

ਉਸ ਨੂੰ ਉਮਰ ਕੈਦ ਦੀਆਂ ਕਈ ਸਜ਼ਾਵਾਂ ਮਿਲੀਆਂ, ਜਿਨ੍ਹਾਂ ਦਾ ਅਧਿਕਾਰਕ ਐਲਾਨ 17 ਜੂਨ ਨੂੰ ਕੀਤਾ ਜਾਵੇਗਾ।

ਸੰਖੇਪ ਸੁਣਵਾਈ ਦੌਰਾਨ, ਉਸਦੀ ਸਾਬਕਾ ਪਤਨੀ ਆਸਾ ਐਲਰਪ ਕਮਰੇ ਦੇ ਪਿਛਲੇ ਹਿੱਸੇ ਵਿੱਚ ਬਿਨ੍ਹਾਂ ਕਿਸੇ ਹਾਵ-ਭਾਵ ਦੇ ਕਾਲੇ ਕੱਪੜੇ ਪਹਿਨ ਕੇ ਖੜ੍ਹੀ ਸਭ ਕੁਝ ਦੇਖ ਰਹੀ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਅਤੇ ਹਿਊਰਮੈਨ ਦੀ ਧੀ ਵੀ ਸੀ, ਜਿਸਦੇ ਹੱਥ ਵਿੱਚ ਟਿਸ਼ੂ ਪੇਪਰ ਸਨ।

ਅਦਾਲਤ ਦੇ ਬਾਹਰ, ਐਲਰਪ ਨੇ ਕਿਹਾ ਕਿ ਉਨ੍ਹਾਂ ਦੀਆਂ ਸੰਵੇਦਨਾਵਾਂ ਪੀੜਤਾਂ ਦੇ ਪਰਿਵਾਰਾਂ ਨਾਲ ਹਨ ਅਤੇ ਉਨ੍ਹਾਂ ਪਰਿਵਾਰਾਂ ਦੇ ਨੁਕਸਾਨ ਨੂੰ "ਵੱਡਾ ਵੱਡਾ" ਦੱਸਿਆ।

'ਤੁਸੀਂ ਕਿਸੇ ਨੂੰ ਨਹੀਂ ਜਾਣਦੇ': ਇੱਕ ਕਾਤਲ ਨਾਲ ਗੁਆਂਢੀ ਦਾ ਸਾਹਮਣਾ

ਲਾਂਗ ਆਇਲੈਂਡ ਦੇ ਛੋਟੇ ਜਿਹੇ ਪਿੰਡ ਮਾਸਾਪੇਕਵਾ ਪਾਰਕ ਵਿੱਚ 18,000 ਲੋਕ ਰਹਿੰਦੇ ਹਨ। ਇੱਥੋਂ ਦੀਆਂ ਦਰਜਨਾਂ ਗਲੀਆਂ ਵਿੱਚ ਚੰਗੇ ਘਰ ਬਣੇ ਹੋਏ ਹਨ ਅਤੇ ਇਨ੍ਹਾਂ ਗਲੀਆਂ 'ਚ ਅਮਰੀਕੀ ਝੰਡੇ ਲੱਗੇ ਹੋਏ ਹਨ, ਕੁਝ ਘਰਾਂ ਦੇ ਡਰਾਈਵਵੇਅ ਵਿੱਚ ਕਿਸ਼ਤੀਆਂ ਵੀ ਖੜ੍ਹੀਆਂ ਹਨ।

ਪਰ ਗੁਆਂਢ ਵਿੱਚ ਰਹਿਣ ਵਾਲਿਆਂ ਵਿੱਚੋਂ ਕਈਆਂ ਲਈ, ਇੱਕ ਘਰ ਹਮੇਸ਼ਾਂ ਸਭ ਤੋਂ ਵੱਖਰਾ ਦਿੱਸਦਾ ਸੀ- ਹਰੇ ਰੰਗ ਦੀਆਂ ਧਾਰੀਆਂ ਵਾਲੀਆਂ ਖਿੜਕੀਆਂ ਅਤੇ ਲਾਲ ਰੰਗ ਦੇ ਸ਼ਟਰ ਵਾਲਾ ਉਹ ਜਰਜਰ ਘਰ, ਜੋ ਜੋਅ ਦੇ ਘਰ ਤੋਂ ਸਿਰਫ਼ ਇੱਕ ਬਲਾਕ ਦੂਰ ਹੈ। ਜੋਅ 1995 ਵਿੱਚ ਆਪਣੀ ਉਸ ਵੇਲੇ ਦੀ ਪਤਨੀ ਨਾਲ ਇੱਥੇ ਆਏ ਸਨ।

ਜੋਅ ਨੇ ਕਿਹਾ, "ਇਹ ਘਰ ਆਪਣੇ ਆਲੇ-ਦੁਆਲੇ ਵਿੱਚ ਬਿਲਕੁਲ ਵੀ ਫਿੱਟ ਨਹੀਂ ਬੈਠਦਾ, ਪਰ ਤੁਸੀਂ ਕਰ ਵੀ ਕੀ ਸਕਦੇ ਹੋ? ਤੁਸੀਂ ਇਸ ਬਾਰੇ ਕੁਝ ਨਹੀਂ ਸੋਚਦੇ।"

ਜੋਅ ਨੇ ਨਿੱਜਤਾ ਕਰਕੇ ਇਸ ਰਿਪੋਰਟ ਵਿੱਚ ਆਪਣਾ ਪੂਰਾ ਨਾਮ ਦੱਸਣ ਤੋਂ ਇਨਕਾਰ ਕੀਤਾ।

ਕਦੇ ਗੁਆਂਢੀਆਂ ਦੀਆਂ ਅੱਖਾਂ ਵਿੱਚ ਖਟਕਣ ਵਾਲਾ, ਹਿਊਰਮੈਨ ਦਾ ਬਚਪਨ ਦਾ ਘਰ ਹੁਣ ਮੀਡੀਆ ਅਤੇ ਅਸਲ ਅਪਰਾਧ ਨਾਲ ਜੁੜੀਆਂ ਕਹਾਣੀਆਂ 'ਚ ਰੁਚੀ ਰੱਖਣ ਵਾਲਿਆਂ ਨੂੰ ਆਪਣੇ ਵੱਲ ਖਿੱਚਦਾ ਹੈ।

ਹਿਊਰਮੈਨ ਦੀ ਨਿਰਧਾਰਤ ਪਟੀਸ਼ਨ ਸੁਣਵਾਈ ਤੋਂ ਇੱਕ ਸ਼ਾਮ ਪਹਿਲਾਂ ਵੀ ਪੱਤਰਕਾਰਾਂ ਦੀ ਭੀੜ ਨੇ ਇੱਕ ਵਾਰ ਉਸ ਘਰ ਨੂੰ ਘੇਰ ਲਿਆ ਸੀ, ਜਦੋਂ ਉਸਦੀ ਸਾਬਕਾ ਪਤਨੀ ਐਲਰਪ ਅਤੇ ਉਨ੍ਹਾਂ ਦੇ ਬੱਚੇ ਆਪਣੇ ਵਕੀਲ ਨਾਲ ਰਿਪੋਰਟਰਾਂ ਨਾਲ ਗੱਲ ਕਰ ਰਹੇ ਸਨ, ਅਤੇ ਇੱਕ ਪੀੜਤ ਦੇ ਰਿਸ਼ਤੇਦਾਰ ਵੱਲੋਂ ਉਨ੍ਹਾਂ ਖ਼ਿਲਾਫ਼ ਦਰਜ ਕੀਤੇ ਗਏ 'ਗਲਤ ਮੌਤ' ਦੇ ਮਾਮਲੇ ਸਬੰਧੀ ਜਵਾਬ ਦੇ ਰਹੇ ਸਨ।

ਹਿਊਰਮੈਨ ਦੇ ਜੇਲ੍ਹ ਜਾਣ ਤੋਂ ਬਾਅਦ ਵੀ ਉਸਦੀ ਪਤਨੀ ਅਤੇ ਦੋ ਬੱਚੇ ਉਸੇ ਘਰ ਵਿੱਚ ਰਹੇ। ਇੱਥੋਂ ਤੱਕ ਕਿ ਸਾਹਮਣੇ ਵਾਲੇ ਲਾਨ ਤੋਂ ਉਨ੍ਹਾਂ ਨੂੰ ਘੂਰਣ ਵਾਲੇ ਵੀ ਸੀ, ਪਰ ਇਸ ਦੇ ਬਾਵਜੂਦ ਉਹ ਸਾਹਮਣੇ ਦੇ ਵਰਾਂਡੇ ਵਿੱਚ ਗ੍ਰਿੱਲਿੰਗ (ਖਾਣਾ ਪਕਾਉਂਦੇ) ਰਹੇ।

ਪਰ ਜਿਵੇਂ-ਜਿਵੇਂ ਹਿਊਰਮੈਨ ਦੀ ਪਟੀਸ਼ਨ 'ਤੇ ਸੁਣਵਾਈ ਦੀ ਤਰੀਕ ਨੇੜੇ ਆਉਂਦੀ ਗਈ, ਪੂਰਾ ਸ਼ਹਿਰ ਹੁਣ ਇਸ ਗੱਲ ਨੂੰ ਭੁਲਾ ਕੇ ਅੱਗੇ ਵੱਧਣਾ ਚਾਹੁੰਦਾ ਸੀ।

ਉੱਥੋਂ ਦੇ ਰਹਿਣ ਵਾਲਿਆਂ ਨੇ ਬੀਬੀਸੀ ਨੂੰ ਦੱਸਿਆ ਕਿ ਕਦੇ-ਕਦੇ ਆਉਣ ਵਾਲੀਆਂ ਖ਼ਬਰਾਂ ਤੋਂ ਇਲਾਵਾ, ਹੁਣ ਉਹ ਉਸ ਸੀਰੀਅਲ ਕਿਲਰ ਬਾਰੇ ਬਿਲਕੁਲ ਨਹੀਂ ਸੋਚਦੇ, ਜੋ ਕਦੇ ਉਨ੍ਹਾਂ ਦੇ ਵਿਚਕਾਰ ਹੀ ਰਹਿੰਦਾ ਸੀ।

ਜੋਅ ਨੇ ਕਿਹਾ, "ਹੁਣ ਇਹ ਕੋਈ ਵੱਡੀ ਖ਼ਬਰ ਨਹੀਂ ਰਹੀ। ਅਮਰੀਕੀ ਸਮਾਜ ਦੀ ਯਾਦਦਾਸ਼ਤ ਅਜਿਹੀਆਂ ਚੀਜ਼ਾਂ ਦੇ ਮਾਮਲੇ ਵਿੱਚ ਬਹੁਤ ਛੋਟੀ ਹੁੰਦੀ ਹੈ।"

"ਮੈਨੂੰ ਪਤਾ ਹੈ ਕਿ ਇੱਥੇ ਮੇਰੇ ਗੁਆਂਢੀ ਕੌਣ ਹਨ, ਪਰ ਸੱਚ ਦੱਸਾਂ ਤਾਂ ਤੁਸੀਂ ਇੱਥੇ ਕਿਸੇ ਨੂੰ ਵੀ ਠੀਕ ਤਰ੍ਹਾਂ ਨਹੀਂ ਜਾਣਦੇ।"

ਸਾਲਾਂ ਦੀ ਚੁੱਪੀ ਤੋਂ ਬਾਅਦ ਇੱਕ ਗੁਹਾਰ

ਹਾਲਾਂਕਿ ਬੁੱਧਵਾਰ ਨੂੰ ਹਿਊਰਮੈਨ ਵੱਲੋਂ ਆਪਣਾ ਗੁਨਾਹ ਕਬੂਲ ਕਰਨ ਨਾਲ ਉਨ੍ਹਾਂ ਮਹਿਲਾਵਾਂ ਦੇ ਪਰਿਵਾਰ ਅਤੇ ਦੋਸਤਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੀ, ਪਰ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਗੱਲ ਤਾਂ ਸਾਲਾਂ ਪਹਿਲਾਂ ਹੀ ਸਾਹਮਣੇ ਆ ਜਾਣੀ ਚਾਹੀਦੀ ਸੀ।

ਪੁਲਿਸ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਇਨ੍ਹਾਂ ਮੌਤਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਕੋਲ ਇੱਕ ਅਜਿਹੀ ਟਿੱਪ (ਜਾਣਕਾਰੀ) ਮੌਜੂਦ ਸੀ, ਜਿਸ 'ਤੇ ਅਮਲ ਕਰਦੇ ਹੀ ਕੁਝ ਹੀ ਹਫ਼ਤਿਆਂ ਵਿੱਚ ਕਾਤਲ ਤੱਕ ਪਹੁੰਚਿਆ ਜਾ ਸਕਦਾ ਸੀ।

ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਇਸ ਲਈ ਵੱਧ ਮਿਹਨਤ ਨਹੀਂ ਕੀਤੀ, ਕਿਉਂਕਿ ਜਿਨ੍ਹਾਂ ਮਹਿਲਾਵਾਂ ਦੀ ਹੱਤਿਆ ਹੋਈ ਸੀ, ਉਹ ਸੈਕਸ ਵਰਕਰ ਸਨ।

ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਇਸ ਗੱਲ 'ਤੇ ਵਾਰ-ਵਾਰ ਜ਼ੋਰ ਦਿੱਤਾ ਕਿ ਉਹ ਮਹਿਲਾਵਾਂ "ਵੇਸ਼ਵਾ" ਸਨ। ਲਾਂਗ ਆਇਲੈਂਡ ਦੇ ਕੁਝ ਵਸਨੀਕਾਂ ਨੇ ਵੀ ਇਸ ਗੱਲ ਨਾਲ ਸਹਿਮਤੀ ਜਤਾਈ ਅਤੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਨਿਆਂ ਮਿਲਣ ਵਿੱਚ ਇੰਨਾ ਜ਼ਿਆਦਾ ਸਮਾਂ ਕਿਵੇਂ ਲੱਗ ਗਿਆ।

ਹਿਊਰਮੈਨ ਦੀ ਸੁਣਵਾਈ ਵਿੱਚ ਸ਼ਾਮਲ ਹੋਣ ਵਾਲੇ ਅਤੇ ਨੇੜਲੇ ਸ਼ਹਿਰ ਦੇਵ ਸਨੀਕ ਐਲੇਨ ਮੁਨੋਜ਼ ਨੇ ਕਿਹਾ, "ਉਹ ਕਿਸੇ ਵੀ ਮਾਅਨੇ ਵਿੱਚ ਘੱਟ ਨਹੀਂ ਹਨ, ਕਿਉਂਕਿ ਉਨ੍ਹਾਂ ਨੇ ਉਹੀ ਕੀਤਾ ਜੋ ਉਨ੍ਹਾਂ ਨੂੰ ਕਰਨਾ ਪਿਆ।"

ਸਫ਼ੋਕ ਕਾਊਂਟੀ ਪੁਲਿਸ ਵਿਭਾਗ ਨੇ ਸ਼ੁਰੂ ਵਿੱਚ ਇਸ ਜਾਂਚ ਵਿੱਚ ਫੈਡਰਲ ਜਾਂਚਕਰਤਾਵਾਂ ਨੂੰ ਸ਼ਾਮਲ ਨਹੀਂ ਕੀਤਾ ਸੀ ਅਤੇ ਜਾਂਚ ਦੀ ਅਗਵਾਈ ਕਰਨ ਵਾਲੇ ਅਧਿਕਾਰੀਆਂ ਨੂੰ ਵੱਖ-ਵੱਖ ਘੁਟਾਲਿਆਂ ਦਾ ਸਾਹਮਣਾ ਕਰਨਾ ਪਿਆ।

ਸਾਬਕਾ ਪੁਲਿਸ ਮੁਖੀ ਜੇਮਸ ਬਰਕ, ਜੋ ਇਸ ਮਾਮਲੇ ਦੀ ਨਿਗਰਾਨੀ ਕਰ ਰਹੇ ਸਨ, ਨੂੰ 2015 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਨਿਆਂ ਵਿੱਚ ਰੁਕਾਵਟ ਪੈਦਾ ਕਰਨ ਸਣੇ ਕਈ ਇਲਜ਼ਾਮਾਂ ਵਿੱਚ ਦੋਸ਼ੀ ਠਹਿਰਾਇਆ ਗਿਆ। ਇਸ ਮਾਮਲੇ ਕਾਰਨ ਥਾਮਸ ਸਪੋਟਾ ਵੀ ਮੁਸ਼ਕਲ ਵਿੱਚ ਪੈ ਗਏ, ਜੋ 2002 ਤੋਂ 2017 ਤੱਕ ਸਫ਼ੋਕ ਦੇ ਡਿਸਟ੍ਰਿਕਟ ਅਟਾਰਨੀ ਰਹੇ ਅਤੇ ਜਿਨ੍ਹਾਂ ਨੇ ਗਿਲਗੋ ਬੀਚ ਜਾਂਚ ਦੀ ਅਗਵਾਈ ਵੀ ਕੀਤੀ ਸੀ।

ਸਾਲ 2022 ਵਿੱਚ ਨਵੇਂ ਅਗਵਾਈ ਹੇਠ ਸਫ਼ੋਕ ਕਾਊਂਟੀ ਪੁਲਿਸ ਨੇ ਇਨ੍ਹਾਂ ਹੱਤਿਆਵਾਂ ਦੀ ਜਾਂਚ ਲਈ ਇੱਕ ਟਾਸਕ ਫੋਰਸ ਬਣਾਈ, ਜਿਸ ਵਿੱਚ ਫੈਡਰਲ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸ਼ਾਮਲ ਕੀਤਾ ਗਿਆ ਅਤੇ ਇਸ ਕੋਸ਼ਿਸ਼ ਦੇ ਨਾਲ ਉਹ ਛੇ ਹਫ਼ਤਿਆਂ ਦੇ ਅੰਦਰ ਹੀ ਹਿਊਰਮੈਨ ਤੱਕ ਪਹੁੰਚ ਗਏ।

ਪੁਲਿਸ ਨੇ 2010 ਵਿੱਚ ਇੱਕ ਪੀੜਤਾ, ਐਂਬਰ ਕੋਸਟੇਲੋ ਦੀ ਰੂਮਮੇਟ ਵੱਲੋਂ ਦਿੱਤੀ ਗਈ ਸ਼ੱਕੀ ਵਿਅਕਤੀ ਦੀ ਪਛਾਣ ਦੇ ਆਧਾਰ 'ਤੇ ਕਾਰਵਾਈ ਕੀਤੀ।

ਐਂਬਰ ਦੀ ਆਪਣੇ ਇੱਕ ਕਲਾਇੰਟ ਨਾਲ ਤਕਰਾਰ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਰੂਮਮੇਟ ਨੇ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਸੀ। ਰੂਮਮੇਟ, ਡੇਵ ਸ਼ੈਲਰ ਨੇ ਉਸ ਕਲਾਇੰਟ ਦਾ ਹੂਲੀਆ ਦੱਸਦੇ ਹੋਏ ਕਿਹਾ ਕਿ ਉਹ ਇੱਕ ਭਾਰੀ-ਭਰਕਮ ਆਦਮੀ ਸੀ, ਜੋ ਦੇਖਣ ਵਿੱਚ "ਕਿਸੇ ਦੈਂਤ ਵਰਗਾ" ਲੱਗਦਾ ਸੀ ਅਤੇ ਇੱਕ ਫਰਸਟ ਜੈਨੇਰੇਸ਼ਨ ਸ਼ੇਵਰਲੇ ਐਵਲਾਂਚ ਗੱਡੀ ਚਲਾਉਂਦਾ ਸੀ, ਜੋ ਆਪਣੇ ਆਪ ਵਿੱਚ ਇੱਕ ਵੱਖਰੀ ਕਿਸਮ ਦੀ ਗੱਡੀ ਸੀ।

ਬਾਅਦ ਵਿੱਚ ਇਸੇ ਜਾਣਕਾਰੀ ਦੀ ਮਦਦ ਨਾਲ ਜਾਂਚਕਰਤਾ ਹਿਊਰਮੈਨ ਤੱਕ ਪਹੁੰਚ ਗਏ। ਇਸ ਤੋਂ ਬਾਅਦ, ਉਨ੍ਹਾਂ ਨੇ ਪੀੜਤਾਂ ਨਾਲ ਸੰਪਰਕ ਕਰਨ ਲਈ ਵਰਤੇ ਗਏ 'ਬਰਨਰ ਫੋਨ' (ਅਸਥਾਈ ਫੋਨ), ਸੈੱਲ ਫੋਨ ਟਾਵਰ ਦਾ ਡੇਟਾ ਅਤੇ ਪੀੜਤਾਂ ਦੇ ਸਰੀਰ 'ਤੇ ਮਿਲੇ ਵਾਲਾਂ ਦੀ ਜਾਂਚ ਕੀਤੀ, ਜੋ ਹਿਊਰਮੈਨ ਵੱਲੋਂ ਸੁੱਟੇ ਗਏ ਪਿਜ਼ਾ ਦੇ ਬਚੇ ਹੋਏ ਟੁਕੜਿਆਂ ਨਾਲ ਮੇਲ ਖਾ ਗਏ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਿਊਰਮੈਨ ਦੇ ਬੇਸਮੈਂਟ ਤੋਂ ਹੋਰ ਵੀ ਕਈ ਸਬੂਤ ਮਿਲੇ, ਜਿਨ੍ਹਾਂ ਵਿੱਚ ਉਸਦੇ ਕੰਪਿਊਟਰ 'ਤੇ ਲਿਖੀਆਂ ਗਾਈਡਾਂ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚ ਹੱਤਿਆ ਕਰਨ ਦੇ ਤਰੀਕੇ ਦੱਸੇ ਗਏ ਸਨ।

ਲਾਂਗ ਆਇਲੈਂਡ ਦੇ ਭੇਦ ਅਜੇ ਲੁਕੇ ਹੋਏ ਹਨ

ਹਾਲਾਂਕਿ ਹਿਊਰਮੈਨ ਨੇ ਹੱਤਿਆਵਾਂ ਦੀ ਗੱਲ ਮੰਨ ਲਈ ਹੈ, ਫਿਰ ਵੀ ਪੀੜਤਾਂ ਦੇ ਪਰਿਵਾਰਾਂ ਅਤੇ ਆਮ ਲੋਕਾਂ ਦੇ ਮਨ ਵਿੱਚ ਕਈ ਸਵਾਲ ਅਜੇ ਵੀ ਬਾਕੀ ਹਨ।

ਇਨ੍ਹਾਂ ਚਾਰ ਮਹਿਲਾਵਾਂ ਦੀਆਂ ਲਾਸ਼ਾਂ ਉਸ ਵੇਲੇ ਮਿਲੀਆਂ, ਜਦੋਂ ਅਧਿਕਾਰੀ ਇੱਕ ਹੋਰ ਮਹਿਲਾ ਸ਼ੈਨਨ ਗਿਲਬਰਟ ਦੇ ਅਵਸ਼ੇਸ਼ ਲੱਭ ਰਹੇ ਸਨ। ਗਿਲਬਰਟ ਨੇ ਮਈ 2010 ਵਿੱਚ ਰਾਤ ਦੇਰ ਨਾਲ ਪੁਲਿਸ ਨੂੰ ਫੋਨ ਕੀਤਾ ਸੀ ਅਤੇ ਚੀਖਦੇ ਹੋਏ ਕਿਹਾ ਸੀ ਕਿ "ਉਹ" ਉਸਨੂੰ ਮਾਰਣ ਦੀ ਕੋਸ਼ਿਸ਼ ਕਰ ਰਹੇ ਹਨ।

ਬੁੱਧਵਾਰ ਨੂੰ ਐਲੀਨ ਕੋਲੇਟੀ ਐਡਵਰਡਸ ਆਪਣੇ ਪਿਤਾ ਵੱਲੋਂ ਅਦਾਲਤ ਵਿੱਚ ਮੌਜੂਦ ਸਨ। ਉਨ੍ਹਾਂ ਦੇ ਪਿਤਾ ਨੇ ਹੀ ਉਸ ਰਾਤ ਸ਼ੈਨਨ ਗਿਲਬਰਟ ਨੂੰ ਉਸ ਵੇਲੇ ਆਪਣੇ ਓਕ ਬੀਚ ਵਾਲੇ ਘਰ ਵਿੱਚ ਅੰਦਰ ਆਉਣ ਦਿੱਤਾ ਸੀ, ਜਦੋ ਸ਼ੈਨਨ ਨੇ ਉਨ੍ਹਾਂ ਦਾ ਦਰਵਾਜ਼ਾ ਖੜਕਾਇਆ ਸੀ ਅਤੇ ਜਿਸ ਰਾਤ ਉਹ ਗਾਇਬ ਹੋਈ ਸੀ।

ਉਨ੍ਹਾਂ ਦੇ ਪਿਤਾ ਨੇ ਪੁਲਿਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਸ਼ੈਨਨ ਗਿਲਬਰਟ ਭੱਜ ਗਈ।

ਕੋਲੇਟੀ ਐਡਵਰਡਸ ਨੇ ਕਿਹਾ, "ਉਨ੍ਹਾਂ ਨੂੰ ਉਮੀਦ ਸੀ ਕਿ ਉਹ ਬਚ ਕੇ ਨਿਕਲ ਗਈ ਹੋਵੇਗੀ ਅਤੇ ਕਿਤੇ ਲੁਕ ਗਈ ਹੋਵੇਗੀ।"

ਉਨ੍ਹਾਂ ਦੇ ਪਿਤਾ ਦੀ ਮੌਤ ਹਿਊਰਮੈਨ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਹੋ ਗਈ ਸੀ।

ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਹਿਊਰਮੈਨ ਨੇ ਸ਼ੈਨਨ ਗਿਲਬਰਟ ਦੀ ਹੱਤਿਆ ਕੀਤੀ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਉਸ ਦੀ ਮੌਤ ਸ਼ਾਇਦ ਡੁੱਬਣ ਨਾਲ ਜਾਂ ਉਸ ਦਲਦਲ ਵਿੱਚ ਮੌਜੂਦ ਕਿਸੇ ਹੋਰ ਖ਼ਤਰਨਾਕ ਸਥਿਤੀ ਕਾਰਨ ਹੋਈ ਹੋਵੇ, ਜਿੱਥੇ ਉਸਦੀ ਲਾਸ਼ ਮਿਲੀ ਸੀ।

ਵੈਲੇਰੀ ਮੈਕ ਦੇ ਪੁੱਤਰ ਬੈਂਜਾਮਿਨ ਟੋਰੇਸ ਨੇ ਹਿਊਰਮੈਨ ਅਤੇ ਉਸਦੇ ਪਰਿਵਾਰ ਦੇ ਖ਼ਿਲਾਫ਼ 'ਗਲਤ ਮੌਤ' ਦਾ ਮੁਕੱਦਮਾ ਦਾਇਰ ਕੀਤਾ ਹੈ। ਉਹ ਉਮੀਦ ਕਰ ਰਹੇ ਹਨ ਕਿ ਇਸ ਮਾਮਲੇ ਰਾਹੀਂ ਉਨ੍ਹਾਂ ਨੂੰ ਉਹ ਪੈਸਾ ਮਿਲ ਜਾਵੇਗਾ, ਜੋ ਹਿਊਰਮੈਨ ਦਾ ਪਰਿਵਾਰ ਉਸ ਡਾਕਿਊਮੈਂਟਰੀ ਤੋਂ ਕਮਾ ਰਿਹਾ ਹੈ, ਜਿਸ ਵਿੱਚ ਉਹ ਸ਼ਾਮਲ ਹਨ।

ਟੋਰੇਸ ਦੇ ਵਕੀਲ ਰੇਅ ਨੇ ਦੱਸਿਆ ਕਿ ਹਿਊਰਮੈਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਦੀ ਪਤਨੀ ਐਲਰਪ ਨੇ ਉਸਨੂੰ ਆਪਣਾ "ਹੀਰੋ" ਕਿਹਾ ਸੀ, ਜਦਕਿ ਉਸ ਸਮੇਂ ਤੱਕ ਉਨ੍ਹਾਂ ਦਾ ਤਲਾਕ ਹੋ ਚੁੱਕਾ ਸੀ।

ਪੁਲਿਸ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਹਿਊਰਮੈਨ ਦਾ ਪਰਿਵਾਰ ਇਸ ਮਾਮਲੇ ਵਿੱਚ ਸ਼ਾਮਲ ਸੀ।

ਮੰਗਲਵਾਰ ਨੂੰ ਆਪਣੇ ਮਾਸਾਪੇਕਵਾ ਪਾਰਕ ਵਾਲੇ ਘਰ ਦੇ ਬਾਹਰ ਐਲਰਪ ਦੇ ਵਕੀਲ ਨੇ ਦੁਬਾਰਾ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਦਾ ਕੋਈ ਹੱਥ ਨਹੀਂ ਹੈ।

ਕੁਝ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਲਾਂਗ ਆਇਲੈਂਡ ਦੀ ਧਰਤੀ ਵਿੱਚ ਅਜੇ ਵੀ ਕਈ ਹੋਰ ਭੇਦ ਲੁਕੇ ਹੋਏ ਹਨ।

ਸਾਈਮਨ ਉਨ੍ਹਾਂ ਲੋਕਾਂ ਵਿੱਚੋਂ ਇੱਕ ਹਨ ਜੋ ਗਰਮੀਆਂ ਦੇ ਮੌਸਮ ਵਿੱਚ ਹਰ ਐਤਵਾਰ ਨੂੰ ਹੇਮਲਾਕ ਕੋਵ ਵੱਲ ਕਿਸ਼ਤੀ ਚਲਾਉਂਦੇ ਹਨ। ਇਹ ਇੱਕ ਲੋਕਪ੍ਰਿਯ 'ਐਂਕਰਿੰਗ ਸਪੌਟ' (ਕਿਸ਼ਤੀ ਰੋਕਣ ਦੀ ਥਾਂ) ਹੈ, ਜੋ ਉਸ ਥਾਂ ਦੇ ਨੇੜੇ ਹੈ ਜਿੱਥੇ ਹਿਊਰਮੈਨ ਨੇ ਆਪਣੇ ਪੀੜਤਾਂ ਦੀਆਂ ਲਾਸ਼ਾਂ ਨੂੰ ਟਿਕਾਣੇ ਲਗਾਇਆ ਸੀ।

ਕਦੇ-ਕਦੇ ਲੋਕ ਮਜ਼ਾਕ ਵਿੱਚ ਦੂਰਬੀਨ ਕੱਢ ਕੇ ਇਹ ਦੇਖਣ ਦੀ ਕੋਸ਼ਿਸ਼ ਕਰਦੇ ਹਨ ਕਿ ਕਿਤੇ ਨੇੜਲੇ ਦਲਦਲ ਵਿੱਚ ਹੋਰ ਵੀ ਲਾਸ਼ਾਂ ਤਾਂ ਨਹੀਂ ਲੁਕੀਆਂ ਹੋਈਆਂ। ਸਾਈਮਨ ਹਰ ਵੇਲੇ ਉਹਨਾਂ ਮਹਿਲਾਵਾਂ ਬਾਰੇ ਸੋਚਦੇ ਰਹਿੰਦੇ ਹਨ, ਜਿਨ੍ਹਾਂ ਦੀਆਂ ਲਾਸ਼ਾਂ ਉੱਥੇ ਮਿਲੀਆਂ ਸਨ।

ਉਨ੍ਹਾਂ ਨੇ ਕਿਹਾ, "ਤੁਸੀਂ ਉਨ੍ਹਾਂ ਬਾਰੇ ਸੋਚੇ ਬਿਨਾਂ ਕਿਵੇਂ ਰਹਿ ਸਕਦੇ ਹੋ? ਇਹ ਕਿੰਨੀ ਡਰਾਉਣੀ ਅਤੇ ਭਿਆਨਕ ਘਟਨਾ ਸੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)