ਅਮ੍ਰਿਤਪਾਲ ਦੇ ਪਿਤਾ ਨੇ ਮਨਪ੍ਰੀਤ ਇਆਲੀ ਨੂੰ ਕਿਹਾ, 'ਸਾਥ ਦਿਓ', ਇਆਲੀ ਨੇ ਆਪਣੀ ਅੱਗੇ ਦੀ ਸਿਆਸਤ ਬਾਰੇ ਕੀ ਦੱਸਿਆ

ਤਸਵੀਰ ਸਰੋਤ, Akali Dal Waris Punjab De
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਛੱਡਣ ਦੇ ਤਿੰਨ ਦਿਨ ਬਾਅਦ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸ਼ਨੀਵਾਰ ਸ਼ਾਮ ਨੂੰ ਇਆਲੀ ਨਾਲ ਮੁਲਾਕਾਤ ਕੀਤੀ।
ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ ਦੇ ਕਈ ਆਗੂਆਂ ਨਾਲ ਪਹੁੰਚੇ ਤਰਸੇਮ ਸਿੰਘ, ਮਨਪ੍ਰੀਤ ਸਿੰਘ ਇਆਲੀ ਕੋਲ ਅਮ੍ਰਿਤਪਾਲ ਸਿੰਘ ਦਾ ਸੁਨੇਹਾ ਲੈ ਕੇ ਗਏ ਸਨ।
ਅਮ੍ਰਿਤਪਾਲ ਸਿੰਘ ਫ਼ਿਲਹਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
ਮਨਪ੍ਰੀਤ ਸਿੰਘ ਇਆਲੀ ਮੁਤਾਬਕ ਤਰਸੇਮ ਸਿੰਘ ਅਮ੍ਰਿਤਪਾਲ ਦਾ ਇਹ ਸੁਨੇਹਾ ਲੈ ਕੇ ਆਏ ਸਨ ਕਿ 'ਉਹਨਾਂ ਨਾਲ ਉੱਤਰਿਆ ਜਾਵੇ'।
ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ 117 ਉਮੀਦਵਾਰਾਂ ਵਿੱਚੋਂ ਜਿੱਤੇ 3 ਵਿਧਾਇਕਾਂ ਵਿੱਚੋਂ ਮਨਪ੍ਰੀਤ ਸਿੰਘ ਇਆਲੀ ਵੀ ਇੱਕ ਸਨ।
ਅਪ੍ਰੈਲ 2026 ਵਿੱਚ ਅਕਾਲੀ ਦਲ 'ਵਾਰਿਸ ਪੰਜਾਬ ਦੇ' ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਗਠਜੋੜ ਤੋਂ ਪਹਿਲਾਂ ਇੱਕ 8 ਮੈਂਬਰੀ ਤਾਲਮੇਲ ਕਮੇਟੀ ਬਣਾਈ ਸੀ, ਜਿਸ ਦਾ ਕੰਮ ਦੋਵਾਂ ਧਿਰ ਨੂੰ ਸਾਂਝੇ ਪ੍ਰੋਗਰਾਮ ਉੱਤੇ ਰਾਜ਼ੀ ਕਰਨਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰੂਪ ਰੇਖਾ ਉਲੀਕਣਾ ਸੀ। ਹਾਲਾਂਕਿ ਦੋਹਾਂ ਧਿਰਾਂ ਦਾ ਤਾਲਮੇਲ ਸਿਰੇ ਨਾ ਚੜ੍ਹ ਪਾਇਆ।
ਮਨਪ੍ਰੀਤ ਸਿੰਘ ਇਆਲੀ ਨੂੰ ਇਸ ਕਮੇਟੀ ਦਾ ਕਨਵੀਨਰ ਬਣਾਇਆ ਗਿਆ ਸੀ। ਇਆਲੀ ਨੇ ਹੁਣ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਾਰੇ ਅਹੁਦਿਆਂ ਅਤੇ ਤਾਲਮੇਲ ਕਮੇਟੀ ਦੇ ਕਨਵੀਨਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਭਵਿੱਖ ਵਿੱਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਬੀਜੇਪੀ ਅਤੇ ਆਮ ਆਦਮੀ ਪਾਰਟੀ ਵਿੱਚ ਨਾ ਜਾਣ ਦਾ ਐਲਾਨ ਵੀ ਕੀਤਾ ਹੈ।
ਮਨਪ੍ਰੀਤ ਸਿੰਘ ਇਆਲੀ ਕੀ ਰਾਜਨੀਤੀ ਕਰਨਗੇ?

ਤਸਵੀਰ ਸਰੋਤ, Manpreet Singh Ayali/FB
ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੋ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ (ਪੁਨਰ ਸੁਰਜੀਤ) ਛੱਡ ਚੁੱਕੇ ਹਨ।
2 ਦਸੰਬਰ, 2024 ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਲਈ ਬਣਾਈ ਗਈ ਸੱਤ ਮੈਂਬਰੀ ਕਮੇਟੀ ਵਿੱਚ ਮਨਪ੍ਰੀਤ ਇਆਲੀ ਵੀ ਇੱਕ ਮੈਂਬਰ ਸਨ। ਇਸ ਕਮੇਟੀ ਦੇ ਦੋ ਮੈਂਬਰ ਅਸਤੀਫ਼ਾ ਦੇ ਗਏ ਸਨ।
ਪੰਜ ਮੈਂਬਰੀ ਬਚੀ ਕਮੇਟੀ ਨੂੰ ਜਥੇਦਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪੁਰਨਗਠਨ ਦੇ ਆਦੇਸ਼ ਦਿੱਤੇ ਗਏ ਸਨ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਕਮੇਟੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਪੁਰਨ ਸੁਰਜੀਤ) ਹੋਂਦ ਵਿੱਚ ਆਈ ਸੀ।
ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਮਨਪ੍ਰੀਤ ਸਿੰਘ ਇਆਲੀ ਤੋਂ ਪਹਿਲਾਂ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਅਲਵਿਦਾ ਕਹਿ ਗਏ ਸਨ।

ਅਮ੍ਰਿਤਪਾਲ ਸਿੰਘ ਦੇ ਸੁਨੇਹੇ ਬਾਰੇ ਪੁੱਛੇ ਜਾਣ 'ਤੇ ਮਨਪ੍ਰੀਤ ਸਿੰਘ ਇਆਲੀ ਨੇ ਬੀਬੀਸੀ ਪੰਜਾਬੀ ਨੂੰ ਕਿਹਾ, "ਤਰਮੇਸ ਸਿੰਘ ਜੀ ਸੁਨੇਹਾ ਲੈ ਕੇ ਆਏ ਸਨ ਕਿ 'ਸਾਥ ਦਿਓ', ਮੈਂ ਇਸ 'ਤੇ ਥੋੜੇ ਹੀ ਦਿਨਾਂ ਵਿੱਚ ਵਿਚਾਰ ਕਰ ਲਵਾਂਗਾ।"
ਇਆਲੀ ਨੇ ਅੱਗੇ ਕਿਹਾ, "ਮੈਂ ਖੇਤਰੀ ਪਾਰਟੀ ਦੀ ਪੰਥਕ ਰਾਜਨੀਤੀ ਕਰਨਾ ਚਾਹੁੰਦਾ ਹਾਂ। ਪਹਿਲਾਂ ਵੀ ਮੈਂ ਉਸੇ ਪਾਰਟੀ ਵਿੱਚ ਸੀ ਪਰ ਹੁਣ ਇਹ ਇੱਕ ਪਰਿਵਾਰ ਦੀ ਬਣ ਗਈ। ਜੇ ਉਹ ਪੰਥ ਦੀ ਰਹਿੰਦੀ ਤਾਂ ਅਸੀਂ ਉਸ ਵਿੱਚ ਕੰਮ ਕਰ ਹੀ ਰਹੇ ਸੀ। ਜੇਕਰ ਹੁਣ ਲੱਗੇਗਾ ਕਿ ਕੋਈ ਖੇਤਰੀ ਪਾਰਟੀ ਪੰਥ ਦੀਆਂ ਭਾਵਨਾਵਾਂ ਮੁਤਬਾਕ ਸਿਆਸਤ ਕਰ ਰਹੀ ਹੈ ਤਾਂ ਉਸ ਦਾ ਸਾਥ ਦੇਵਾਂਗੇ।"
ਅਕਾਲੀ ਸਿਆਸਤ ਦੇ ਭਵਿੱਖ ਬਾਰੇ ਕੀ ਕਿਹਾ?

ਤਸਵੀਰ ਸਰੋਤ, Getty Images
ਮਨਪ੍ਰੀਤ ਸਿੰਘ ਇਆਲੀ ਆਸ ਜਤਾਉਂਦੇ ਹਨ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਿਆਸਤ ਦਾ ਪੂਰਾ ਭਵਿੱਖ ਹੈ। ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿੱਛੇ ਹੱਟ ਜਾਂਦੇ ਤਾਂ ਸਾਰੇ ਧੜੇ ਇਕੱਠੇ ਹੋ ਜਾਂਦੇ।
ਇਆਲੀ ਕਹਿੰਦੇ ਹਨ, "ਜੇਕਰ ਸੁਖਬੀਰ ਸਿੰਘ ਬਾਦਲ ਪਿੱਛੇ ਹੱਟਦੇ ਕਿ ਇਹ ਪੰਥ ਦੀ ਪਾਰਟੀ ਹੈ ਅਤੇ ਸਮਰਪਿਤ ਕਰਦੇ, ਤਾਂ ਅਸੀਂ ਵੀ ਪਿੱਛੇ ਹਟਦੇ, ਜੋ ਮਰਜੀ ਹੁੰਦਾ। ਉਹਨਾਂ ਨੂੰ ਵੀ ਕੋਈ ਨਾ ਕੋਈ ਰੋਲ ਮਿਲ ਜਾਣਾ ਸੀ। ਉਹ ਭਵਿੱਖ ਵਿੱਚ ਵੀ ਅੱਗੇ ਆ ਸਕਦੇ ਹਨ। ਜੇ ਉਹ ਤਿਆਗ ਦਿਖਾਉਣ ਤਾਂ ਕੋਈ ਵੀ ਮਸਲਾ ਨਹੀਂ ਹੈ।"
ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ ਦੇ ਭਵਿੱਖ ਬਾਰੇ ਪੁੱਛੇ ਜਾਣ 'ਤੇ ਉਹਨਾਂ ਕਿਹਾ, "ਇਹ ਤਾਂ ਪ੍ਰਮਾਤਮਾ ਜਾਂ ਲੋਕ ਜਾਣਦੇ ਹਨ। ਅਸੀਂ ਤਾਂ ਅਕਾਲੀ ਦਲ (ਪੁਨਰ ਸੁਰਜੀਤ) ਵਿੱਚ ਵੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਕਿਹਾ ਕਿ ਕਮੇਟੀ ਦਾ ਕੰਮ ਖਤਮ ਹੋ ਗਿਆ। ਅਸੀਂ ਤਾਂ ਉੱਥੇ ਵੀ ਇਕੱਠੇ ਹੋਣ ਦੀ ਗੱਲ ਆਖੀ ਸੀ ਅਤੇ ਗਠਜੋੜ ਵੀ ਕਰ ਲਿਆ ਸੀ ਪਰ ਸ਼ਾਇਦ ਉਹ ਨਹੀਂ ਕਰਨਾ ਚਾਹੁੰਦੇ ਸਨ।"
20 ਮਈ ਨੂੰ ਮਨਪ੍ਰੀਤ ਇਆਲੀ ਨੇ ਅਕਾਲੀ ਦਲ (ਪੁਰਨ ਸੁਰਜੀਤ) ਛੱਡਣ ਸਮੇਂ ਕਿਹਾ ਸੀ, "ਪੁਨਰ ਸੁਰਜੀਤ ਤੋਂ ਸੰਗਤ ਅਤੇ ਵਰਕਰ ਪਿੱਛੇ ਹਟਣੇ ਸ਼ੁਰੂ ਹੋ ਗਏ ਸਨ। ਕੁਝ ਆਗੂ ਵੀ ਪਿੱਛੇ ਹੱਟਣ ਲੱਗੇ। ਉਸ ਤੋਂ ਬਾਅਦ ਵੀ ਮੈਂ ਕੁਝ ਮੀਟਿੰਗਾਂ ਵਿੱਚ ਗਿਆ, ਪਰ ਜੋ ਫੈਸਲੇ ਹੁੰਦੇ ਸਨ, ਅਗਲੇ ਦਿਨ ਖ਼ਬਰਾਂ ਉਸ ਦੇ ਉੱਲਟ ਲੱਗਦੀਆਂ ਸਨ। ਇਸੇ ਦੌਰਾਨ ਵਾਰਿਸ ਪੰਜਾਬ ਦੇ ਜਥੇਬੰਦੀ ਵੀ ਹੋਂਦ ਵਿੱਚ ਆ ਗਈ। ਅਸੀਂ ਦੋਵਾਂ ਨੂੰ ਇਕੱਠੇ ਕਰਨ ਦੇ ਬੜੇ ਯਤਨ ਕੀਤੇ।"
ਉਹਨਾਂ ਅੱਗੇ ਕਿਹਾ ਸੀ, "ਜੇਕਰ ਅਸੀਂ ਪੰਥ ਦੀਆਂ ਭਾਵਨਾਵਾਂ ਮੁਤਾਬਕ ਫੈਸਲੇ ਲਵਾਂਗੇ ਤਾਂ ਲੋਕ ਸਾਡਾ ਸਾਥ ਦੇਣਗੇ ਪਰ ਜੇਕਰ ਅਸੀਂ ਆਪਣੇ ਪ੍ਰੋਗਰਾਮ ਦੇਵਾਂਗੇ ਤਾਂ ਲੋਕ ਸਾਥ ਨਹੀਂ ਦੇਣਗੇ। ਇਸ ਲਈ ਇਹੋ ਕਾਰਨ ਰਹੇ ਕਿ ਲੋਕ ਉਹਨਾਂ ਤੋਂ ਪਿੱਛੇ ਹਟੇ ਹਨ, ਜਦੋਂ ਕੋਈ ਗੱਲ ਮੰਨਣ ਲਈ ਤਿਆਰ ਨਹੀਂ ਤਾਂ ਹੀ ਮੈਂ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਫੈਸਲਾ ਲਿਆ।"
ਸਰਪੰਚੀ ਤੋਂ ਲੈ ਕੇ ਮਾਲਵੇ 'ਚੋਂ ਇੱਕੋ ਸੀਟ ਜਿੱਤ ਵਾਲੇ ਅਕਾਲੀ ਵਿਧਾਇਕ

ਤਸਵੀਰ ਸਰੋਤ, Manpreet Singh Ayali/FB
ਮਨਪ੍ਰੀਤ ਇਆਲੀ ਨੂੰ ਜਾਨਣ ਵਾਲੇ ਦੱਸਦੇ ਹਨ ਉਹਨਾਂ ਨੇ ਇਆਲੀ ਖੁਰਦ ਪਿੰਡ ਦੀ ਸਰਪੰਚੀ ਤੋਂ ਸਿਆਸਤ ਸ਼ੁਰੂ ਕੀਤੀ ਸੀ।
ਉਹਨਾਂ ਦਾ ਰੀਅਲ ਈਸਟੇਟ ਦਾ ਕਾਰੋਬਾਰ ਹੈ ਅਤੇ ਉਹ ਹਾਲੇ ਵੀ ਖੁਦ ਖੇਤੀ ਕਰਦੇ ਹਨ।
ਇਆਲੀ 2008 ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਣੇ ਸਨ। ਉਹ ਸਾਲ 2012 ਵਿੱਚ ਦਾਖਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ।
ਸਾਲ 2014 ਵਿੱਚ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਵਿੱਚ ਕਾਂਗਰਸ ਉਮੀਦਵਾਰ ਰਵਨੀਤ ਬਿੱਟੂ ਨੇ ਇਆਲੀ ਨੂੰ ਹਰਾ ਦਿੱਤਾ ਸੀ।
ਸਾਲ 2017 ਵਿੱਚ ਸੀਨੀਅਰ ਵਕੀਲ ਅਤੇ ਉਸ ਸਮੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐੱਚਐੱਸ ਫੂਲਕਾ ਨੇ ਮਨਪ੍ਰੀਤ ਸਿੰਘ ਇਆਲੀ ਨੂੰ ਹਰਾ ਦਿੱਤਾ ਸੀ। ਪਰ ਫੂਲਕਾ ਵੱਲੋਂ ਅਸਤੀਫਾ ਦੇਣ ਤੋਂ ਬਾਅਦ 2019 ਵਿੱਚ ਹੋਈ ਜ਼ਿਮਨੀ ਚੋਣ ਵਿੱਚ ਮਨਪ੍ਰੀਤ ਇਆਲੀ ਨੇ ਜਿੱਤ ਹਾਸਿਲ ਕੀਤੀ ਸੀ।
ਸਾਲ 2022 ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਆਲੀ ਮਾਲਵਾ ਇਲਾਕੇ ਵਿੱਚੋਂ ਜਿੱਤਣ ਵਾਲੇ ਇਕੱਲੇ ਅਕਾਲੀ ਉਮੀਦਵਾਰ ਸਨ।
ਮਨਪ੍ਰੀਤ ਸਿੰਘ ਇਆਲੀ ਨੇ ਰਾਸ਼ਟਰਪਤੀ ਚੋਣਾਂ ਵਿੱਚ ਬੀਜੇਪੀ ਉਮੀਦਵਾਰ ਦਾ ਬਾਈਕਾਟ ਵੀ ਕੀਤਾ ਸੀ। ਇਆਲੀ ਦਾ ਕਹਿਣਾ ਸੀ ਕਿ ਉਹਨਾਂ ਨੂੰ ਦ੍ਰੋਪਦੀ ਮੁਰਮੂ ਤੋਂ ਸ਼ਿਕਾਇਤ ਨਹੀਂ ਪਰ ਭਾਜਪਾ ਨੇ ਸੂਬੇ ਦੇ ਮਸਲੇ ਹੱਲ ਨਹੀਂ ਕੀਤੇ।
ਵਿਧਾਨ ਸਭਾ ਚੋਣਾਂ ਤੇ ਗਠਜੋੜ ਦੀ ਸਿਆਸਤ

ਤਸਵੀਰ ਸਰੋਤ, Getty Images
ਅਕਾਲੀ ਸਿਆਸਤ ਦੇ ਜਾਣਕਾਰ ਅਤੇ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ ਕਿ ਮਨਪ੍ਰੀਤ ਇਆਲੀ ਆਪਣੇ ਇਲਾਕੇ ਵਿੱਚ ਅਮ੍ਰਿਤਪਾਲ ਸਿੰਘ ਦਾ ਨੌਜਵਾਨਾਂ ਵਿੱਚ ਸਮਰਥਨ ਦੇਖ ਰਹੇ ਹਨ, ਇਸ ਲਈ ਉਹ ਇਸ ਤਰ੍ਹਾਂ ਦੇ ਫੈਸਲੇ ਲੈ ਰਹੇ ਹਨ।
ਜਸਪਾਲ ਸਿੱਧੂ ਅਨੁਸਾਰ, "ਆਪਣੇ ਹਲਕੇ ਵਿੱਚ ਜਿੱਤਣਾ ਇਹਨਾਂ ਦੀ ਪਹਿਲ ਹੈ। ਇਆਲੀ ਆਪਣੇ ਹਲਕੇ ਦੇ ਨਜ਼ਰੀਏ ਤੋਂ ਹੀ ਸਿਆਸਤ ਕਰ ਰਹੇ ਹਨ। ਉਹਨਾਂ ਨੇ ਸਮਝਿਆ ਹੈ ਕਿ ਇਸ ਇਲਾਕੇ ਵਿੱਚ ਅਮ੍ਰਿਤਪਾਲ ਸਿੰਘ ਦੇ ਪੱਖ ਵਿੱਚ ਕਾਫੀ ਨੌਜਵਾਨ ਹਨ। ਹਾਲਾਂਕਿ, ਅਮ੍ਰਿਤਪਾਲ ਦਾ ਪ੍ਰਭਾਵ ਪੂਰੇ ਪੰਜਾਬ ਵਿੱਚ ਨਹੀਂ ਹੈ।"
ਸਿੱਧੂ ਕਹਿੰਦੇ ਹਨ, "ਅੱਜ-ਕੱਲ੍ਹ ਵਿਚਾਰਧਾਰਾ ਦਾ ਦੌਰ ਨਹੀਂ ਰਿਹਾ। ਸਿਆਸਤਦਾਨ ਆਪਣੀ ਜਿੱਤ ਦੇਖਦੇ ਹਨ। ਆਉਣ ਵਾਲੇ ਸਮੇਂ ਵਿੱਚ ਕਈ ਸਿੱਖ ਚਿਹਰੇ ਵੀ ਭਾਜਪਾ ਵਿੱਚ ਵੀ ਜਾ ਸਕਦੇ ਹਨ।"
ਲੁਧਿਆਣਾ ਦੇ ਐੱਸਸੀਡੀ ਸਰਕਾਰੀ ਕਾਲਜ ਦੇ ਸਾਬਕਾ ਪ੍ਰੋਫੈਸਰ ਅਤੇ ਸਿਆਸੀ ਟਿੱਪਣੀਕਾਰ ਜੈਪਾਲ ਸਿੰਘ ਕਹਿੰਦੇ ਹਨ ਕਿ ਮਨਪ੍ਰੀਤ ਇਆਲੀ ਅਤੇ ਅਮ੍ਰਿਤਪਾਲ ਸਿੰਘ ਦੀ ਪਾਰਟੀ ਸਿਆਸੀ ਲਾਭ ਲਈ ਨੇੜੇ ਹਨ।
ਜੈਪਾਲ ਸਿੰਘ ਕਹਿੰਦੇ ਹਨ, "ਅਕਾਲੀ ਦਲ (ਪੁਨਰ ਸੁਰਜੀਤ) ਦੀ ਸਥਾਪਨਾ ਤੋਂ ਪਹਿਲਾਂ ਵੀ ਮਨਪ੍ਰੀਤ ਇਆਲੀ ਮੁੱਖ ਆਗੂਆਂ ਵਿੱਚੋਂ ਇੱਕ ਸਨ। ਹਾਲਾਂਕਿ, ਮਨਪ੍ਰੀਤ ਇਆਲੀ ਨੇ ਰਾਸ਼ਟਰਪਤੀ ਦੀ ਚੋਣ ਸਮੇਂ ਵੋਟ ਨਹੀਂ ਪਾਈ ਸੀ ਪਰ ਅਮ੍ਰਿਤਪਾਲ ਦੀ ਪਾਰਟੀ ਜ਼ਿਆਦਾ ਖੁੱਲ੍ਹ ਕੇ ਬੀਜੇਪੀ ਦੀ ਵਿਰੁੱਧ ਨਹੀਂ ਬੋਲਦੀ। ਮੈਨੂੰ ਲੱਗਦਾ ਹੈ ਕਿ ਜੇਕਰ ਦੋਵੇਂ ਇਕੱਠੇ ਹੁੰਦੇ ਹਨ ਤਾਂ ਦੋਵਾਂ ਧਿਰਾਂ ਨੂੰ ਥੋੜਾ ਫਾਇਦਾ ਤਾਂ ਹੋਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












