'ਹਨੂਮਾਨ ਅੰਸ਼': ਦੋ ਕਰੋੜ ਤੋਂ ਘੱਟ ਬਜਟ, ਕਮਾਈ 300 ਕਰੋੜ ਦੇ ਕਰੀਬ ਪਹੁੰਚੀ, 'ਨੀਬ ਕਰੌਰੀ ਬਾਬਾ' ਦੀ ਕਹਾਣੀ ਵਿੱਚ ਅਜਿਹਾ ਕੀ ਹੈ

ਤਸਵੀਰ ਸਰੋਤ, Getty Images
- ਲੇਖਕ, ਅਭਿਸ਼ੇਕ ਪ੍ਰਤਾਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਕਰੀਬ ਪੰਜ ਦਹਾਕੇ ਪਹਿਲਾਂ ਦੁਨੀਆ ਛੱਡ ਚੁੱਕੇ ਇੱਕ ਸੰਤ, ਉੱਤਰਾਖੰਡ ਦੀਆਂ ਪਹਾੜੀਆਂ ਵਿੱਚ ਬਣਿਆ ਇੱਕ ਆਸ਼ਰਮ ਅਤੇ ਉਸ ਸੰਤ ਦੀ ਜ਼ਿੰਦਗੀ ਤੋਂ ਪ੍ਰੇਰਿਤ ਇੱਕ ਫ਼ਿਲਮ।
ਫ਼ਿਲਮ ਦੀ ਸ਼ੁਰੂਆਤ ਵੱਡੀਆਂ ਹਿੰਦੀ ਫ਼ਿਲਮਾਂ ਵਰਗੀ ਨਹੀਂ ਸੀ। ਪਰ ਫ਼ਿਲਮ ਇਸ ਸਮੇਂ ਦੀਆਂ ਸੁਰਖ਼ੀਆਂ ਵਿੱਚ ਸ਼ੁਮਾਰ ਹੈ। ਇਸ ਦੀ ਵਜ੍ਹਾ ਹੈ 'ਹਨੂਮਾਨ ਅੰਸ਼' ਨਾਮ ਦੀ ਇਸ ਫ਼ਿਲਮ ਦਾ ਬਾਕਸ ਆਫ਼ਿਸ 'ਤੇ ਹਿੱਟ ਹੋਣਾ।
ਮਸ਼ਹੂਰ ਫ਼ਿਲਮ ਆਲੋਚਕ ਤਰਨ ਆਦਰਸ਼ ਦੇ ਮੁਤਾਬਕ ਫ਼ਿਲਮ ਕੁੱਲ ਰੈਵੇਨਿਊ ਦੇ ਮਾਮਲੇ ਵਿੱਚ 300 ਕਰੋੜ ਦੇ ਨੇੜੇ ਪਹੁੰਚ ਰਹੀ ਹੈ। ਆਦਰਸ਼ ਨੇ ਐਕਸ 'ਤੇ ਪੋਸਟ ਦੇ ਜ਼ਰੀਏ ਲਿਖਿਆ ਹੈ ਕਿ ਵੀਰਵਾਰ ਤੱਕ ਫ਼ਿਲਮ ਨੇ ਕੁੱਲ 272.23 ਕਰੋੜ ਦੀ ਕਮਾਈ ਕੀਤੀ ਹੈ।
ਫ਼ਿਲਮ ਸਮੀਖਿਅਕ ਕੋਮਲ ਨਹਾਟਾ ਦਾ ਕਹਿਣਾ ਹੈ ਕਿ ਫ਼ਿਲਮ ਆਸਾਨੀ ਨਾਲ 350 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ।
ਫ਼ਿਲਮ ਦਾ ਪੈਮਾਨਾ ਅਤੇ ਉਸ ਦੀ ਕਮਾਈ ਇਸ ਲਈ ਵੀ ਧਿਆਨ ਖਿੱਚਦੀ ਹੈ ਕਿਉਂਕਿ ਬੀਬੀਸੀ ਨਿਊਜ਼ ਹਿੰਦੀ ਨਾਲ ਗੱਲਬਾਤ ਦੌਰਾਨ ਇਸ ਫ਼ਿਲਮ ਦੀ ਪ੍ਰੋਡਿਊਸਰ ਅਨੁਪ੍ਰਿਆ ਨਾਗਰ ਨੇ ਫ਼ਿਲਮ ਦੀ ਲਾਗਤ 2 ਕਰੋੜ ਰੁਪਏ ਤੋਂ ਵੀ ਘੱਟ ਦੱਸੀ।
ਫ਼ਿਲਮ ਵਿੱਚ ਕੀ ਦਿਖਾਇਆ ਗਿਆ?
ਹਨੂਮਾਨ ਅੰਸ਼ 'ਨੀਬ ਕਰੌਰੀ ਬਾਬਾ' ਦੀ ਜ਼ਿੰਦਗੀ ਅਤੇ ਉਨ੍ਹਾਂ ਨਾਲ ਜੁੜੇ ਕਿੱਸਿਆਂ 'ਤੇ ਬਣੀ ਫ਼ਿਲਮ ਹੈ। ਇਸ ਦੀ ਕਹਾਣੀ ਭੋਸਲੇ ਨਾਮ ਦੇ ਇੱਕ ਵਿਅਕਤੀ ਤੋਂ ਸ਼ੁਰੂ ਹੁੰਦੀ ਹੈ, ਜੋ ਆਪਣੇ ਪੋਤੇ ਨੂੰ ਬਾਬਾ ਨਾਲ ਹੋਈ ਮੁਲਾਕਾਤ ਬਾਰੇ ਦੱਸਦਾ ਹੈ। ਫਿਰ ਕਹਾਣੀ ਬਾਬਾ ਦੇ ਬਚਪਨ ਵਿੱਚ ਪਹੁੰਚਦੀ ਹੈ।
ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਲਕਸ਼ਮੀ ਨਾਰਾਇਣ ਆਪਣੀ ਮਾਂ ਦੀ ਮੌਤ ਤੋਂ ਬਾਅਦ ਘਰ ਛੱਡ ਦਿੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਉਹ ਭਗਵਾਨ ਤੱਕ ਪਹੁੰਚ ਗਏ ਤਾਂ ਸ਼ਾਇਦ ਆਪਣੀ ਮਾਂ ਨੂੰ ਦੁਬਾਰਾ ਮਿਲ ਸਕਣ।
ਅੱਗੇ ਚੱਲ ਕੇ ਉਨ੍ਹਾਂ ਦੀ ਇਹ ਤਲਾਸ਼ ਲੋਕਾਂ ਦੀ ਮਦਦ ਕਰਨ ਅਤੇ ਭੁੱਖਿਆਂ ਨੂੰ ਖਾਣਾ ਖੁਆਉਣ ਨਾਲ ਜੁੜ ਜਾਂਦੀ ਹੈ। ਫ਼ਿਲਮ ਵਿੱਚ 'ਨੀਬ ਕਰੌਰੀ ਬਾਬਾ' ਦਾ ਮੁੱਖ ਕਿਰਦਾਰ ਸ਼ੋਭਿਨਵ ਸੱਤਿਆ ਨੇ ਨਿਭਾਇਆ ਹੈ।
ਸ਼ੋਭਿਨਵ ਸੱਤਿਆ ਦੀ ਅਦਾਕਾਰੀ ਦੀ ਤਾਰੀਫ਼ ਹੋਈ ਹੈ।
ਇਸ ਫ਼ਿਲਮ ਦੀ ਪ੍ਰੋਡਿਊਸਰ ਅਨੁਪ੍ਰਿਆ ਨਾਗਰ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸ਼ੋਭਿਨਵ ਸੱਤਿਆ ਲਈ ਇਹ ਵੱਡੀ ਜ਼ਿੰਮੇਵਾਰੀ ਸੀ ਕਿ ਕੀ ਦਰਸ਼ਕ ਉਨ੍ਹਾਂ ਨੂੰ ਇੱਕ ਅਦਾਕਾਰ ਵਜੋਂ 'ਨੀਬ ਕਰੌਰੀ ਬਾਬਾ' ਦੇ ਕਿਰਦਾਰ ਵਿੱਚ ਸਵੀਕਾਰ ਕਰ ਪਾਉਣਗੇ, ਪਰ ਜਿਸ ਤਰ੍ਹਾਂ ਦਰਸ਼ਕਾਂ ਦਾ ਰਿਸਪੌਂਸ ਆਇਆ, ਉਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਸ਼ਾਨਦਾਰ ਕਿਰਦਾਰ ਨਿਭਾਇਆ ਹੈ।

ਤਸਵੀਰ ਸਰੋਤ, Anupriya Nagar
ਦਿ ਇੰਡੀਅਨ ਐਕਸਪ੍ਰੈਸ ਦੀ ਫ਼ਿਲਮ ਸਮੀਖਿਅਕ ਸ਼ੁਭਰਾ ਗੁਪਤਾ ਦੱਸਦੇ ਹਨ ਕਿ ਸ਼ੋਭਿਨਵ ਆਪਣੇ ਚਿਹਰੇ ਦੇ ਹਾਵ-ਭਾਵ, ਠਹਿਰਾਅ ਅਤੇ ਖ਼ਾਮੋਸ਼ੀ ਨਾਲ ਕਿਰਦਾਰ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ।
ਸਕ੍ਰੀਨਪਲੇ 'ਤੇ ਇੰਨੀ ਸਫ਼ਾਈ ਨਾਲ ਕੰਮ ਕੀਤਾ ਗਿਆ ਹੈ ਕਿ ਤੁਹਾਨੂੰ ਕਹਾਣੀ ਦੇ ਉਸ ਦੌਰ ਦਾ ਅਹਿਸਾਸ ਹੋਣ ਲੱਗਦਾ ਹੈ। ਅੱਗੇ ਉਹ ਕਹਿੰਦੇ ਹਨ ਕਿ ਫ਼ਿਲਮ ਵਿੱਚ ਕੰਮ ਕਰਨ ਵਾਲੇ ਲੋਕਾਂ ਨੇ ਕਾਫ਼ੀ ਚੰਗਾ ਰੋਲ ਪਲੇ ਕੀਤਾ ਹੈ।
ਪ੍ਰੋਡਿਊਸਰ ਦੀ ਗੱਲ ਕਰੀਏ ਤਾਂ ਰਾਗਿਨੀ ਸੋਨਾ ਪਹਿਲਾਂ ਤੋਂ ਫ਼ਿਲਮ 'ਤੇ ਕੰਮ ਕਰਦੀ ਰਹੀ ਹੈ। ਉਨ੍ਹਾਂ ਦੇ ਨਾਮ ਨਾਲ ਸਾਲ 2004 ਦੀਆਂ ਫ਼ਿਲਮਾਂ 'ਕੌਣ ਹੈ ਜੋ ਸਪਨੋਂ ਮੇਂ ਆਇਆ' ਅਤੇ 'ਸ਼ੁਕਰੀਆ' ਅਤੇ 2005 ਦੀ 'ਚਾਕਲੇਟ' ਜੁੜੀਆਂ ਹਨ। ਇਨ੍ਹਾਂ ਫ਼ਿਲਮਾਂ ਵਿੱਚ ਉਹ ਬਤੌਰ ਪ੍ਰੋਡਿਊਸਰ ਕੰਮ ਕਰ ਚੁੱਕੇ ਹਨ।
ਹਨੂਮਾਨ ਅੰਸ਼ ਨੂੰ ਸਿਨੇਮਾ ਘਰਾਂ ਵਿੱਚ ਬਣਾਈ ਰੱਖਣ ਵਿੱਚ ਵੀ ਰਾਗਿਨੀ ਦੀ ਭੂਮਿਕਾ ਰਹੀ। ਸਕ੍ਰੀਨ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਕਿ ਦੂਜੇ ਹਫ਼ਤੇ ਫ਼ਿਲਮ ਦਿਖਾਉਣ ਵਾਲੇ ਸਿਨੇਮਾ ਘਰਾਂ ਦੀ ਗਿਣਤੀ ਬਹੁਤ ਘੱਟ ਗਈ ਸੀ। ਉਸ ਸਮੇਂ ਉਨ੍ਹਾਂ ਅਤੇ ਵਿਸ਼ਾਲ ਚਤੁਰਵੇਦੀ ਨੇ ਫ਼ਿਲਮ ਨੂੰ ਅੱਗੇ ਚਲਾਉਣ ਦਾ ਫ਼ੈਸਲਾ ਕੀਤਾ।
ਇਸ ਫ਼ਿਲਮ ਦੀ ਦੂਜੀ ਪ੍ਰੋਡਿਊਸਰ ਨਮਰਤਾ ਸਿੰਘ ਹਨ, ਜੋ ਡਿਜੀਟਲ ਮੀਡੀਆ ਅਤੇ ਮਨੋਰੰਜਨ ਕਾਰੋਬਾਰ ਵਿੱਚ ਕੰਮ ਕਰ ਚੁੱਕੇ ਹਨ। ਜਨਵਰੀ 2023 ਵਿੱਚ ਪ੍ਰਕਾਸ਼ਿਤ ਮਿਊਜ਼ਿਕ ਪਲੱਸ ਦੇ ਇੰਟਰਵਿਊ ਮੁਤਾਬਕ, ਉਹ ਸੋਨੀ ਦੀ ਕੰਪਨੀ SETVI ਵਿੱਚ ਡਿਜੀਟਲ ਅਤੇ ਨਵੀਂ ਟੈਕਨਾਲੋਜੀ ਨਾਲ ਜੁੜੇ ਕੰਮ ਦੀ ਹੈੱਡ ਸਨ।
ਉਨ੍ਹਾਂ ਨੇ ਬਾਲੀਵੁੱਡ ਹੰਗਾਮਾ ਨੂੰ ਦੱਸਿਆ ਕਿ ਟੀਮ ਸ਼ੁਰੂ ਤੋਂ ਇਸ ਕਹਾਣੀ ਨੂੰ ਤਿੰਨ ਫ਼ਿਲਮਾਂ ਵਿੱਚ ਦਿਖਾਉਣਾ ਚਾਹੁੰਦੀ ਸੀ। ਉਨ੍ਹਾਂ ਮੁਤਾਬਕ, ਪਹਿਲੀ ਫ਼ਿਲਮ ਦੀ ਸ਼ੂਟਿੰਗ 22 ਦਿਨਾਂ ਵਿੱਚ ਪੂਰੀ ਹੋਈ। ਇਨ੍ਹਾਂ ਵਿੱਚ ਦੋ ਦਿਨ ਮੁੰਬਈ ਵਿੱਚ ਅਤੇ ਬਾਕੀ ਸ਼ੂਟਿੰਗ ਚਿਤਰਕੂਟ ਵਿੱਚ ਹੋਈ ਸੀ।
ਫ਼ਿਲਮ ਦਾ ਗੀਤ ਵਾਇਰਲ
ਇਸ ਫ਼ਿਲਮ ਦਾ ਇੱਕ ਗੀਤ ਇੰਟਰਨੈੱਟ 'ਤੇ ਵਾਇਰਲ ਹੈ, ਜਿਸ ਨੂੰ ਸੁਨੀਲ ਲੋਧੀ ਨੇ ਗਾਇਆ ਹੈ। ਉਹ ਦੋਵੇਂ ਅੱਖਾਂ ਤੋਂ ਦ੍ਰਿਸ਼ਟੀਹੀਣ ਹਨ। ਇੰਟਰਨੈੱਟ 'ਤੇ ਉਨ੍ਹਾਂ ਦਾ ਇਹ ਗੀਤ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨਾਲ ਕਈ ਵੱਡੇ ਨੇਤਾ-ਅਦਾਕਾਰ ਮੁਲਾਕਾਤ ਕਰਕੇ ਉਨ੍ਹਾਂ ਦੇ ਗੀਤ ਦੀ ਤਾਰੀਫ਼ ਕਰ ਚੁੱਕੇ ਹਨ।
ਇੱਕ ਇੰਟਰਵਿਊ ਮੁਤਾਬਕ ਸੁਨੀਲ ਦੀਆਂ ਅੱਖਾਂ ਦੇ ਇਲਾਜ ਲਈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਵੀ ਮਦਦ ਦਾ ਭਰੋਸਾ ਦਿੱਤਾ ਹੈ।
ਭਗਤੀ, ਸੰਤਾਂ ਦੀ ਜ਼ਿੰਦਗੀ ਅਤੇ ਆਸਥਾ 'ਤੇ ਬਣੀਆਂ ਕਈ ਭਾਰਤੀ ਫ਼ਿਲਮਾਂ ਨੇ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਜਿਵੇਂ ਸਾਲ 2024 ਵਿੱਚ ਰਿਲੀਜ਼ ਹੋਈ ਫ਼ਿਲਮ 'ਹਨੂ-ਮੈਨ' ਨੇ ਬਾਕਸ ਆਫ਼ਿਸ 'ਤੇ ਕਰੀਬ 300 ਕਰੋੜ ਦਾ ਬਿਜ਼ਨਸ ਕੀਤਾ।
ਇਸੇ ਦੇ ਨਾਲ ਸਾਲ 2025 ਵਿੱਚ ਰਿਲੀਜ਼ ਹੋਈ ਫ਼ਿਲਮ 'ਮਹਾਵਤਾਰ ਨਰਸਿੰਹ' ਨੇ ਬਾਕਸ ਆਫ਼ਿਸ 'ਤੇ 325 ਕਰੋੜ ਰੁਪਏ ਤੋਂ ਜ਼ਿਆਦਾ ਕਮਾਈ ਕੀਤੀ। ਧਰਮ-ਆਸਥਾ ਨਾਲ ਜੁੜੀਆਂ ਅਜਿਹੀਆਂ ਕਈ ਫ਼ਿਲਮਾਂ ਹਨ, ਜੋ ਬਾਕਸ ਆਫ਼ਿਸ 'ਤੇ ਸੁਪਰਹਿੱਟ ਸਾਬਤ ਹੋਈਆਂ ਹਨ।
ਕੈਂਚੀ ਧਾਮ ਵਿੱਚ ਵਧਦੀ ਭੀੜ ਦੇ ਨਾਲ ਮੁਸ਼ਕਲਾਂ ਵੀ ਵਧੀਆਂ

ਤਸਵੀਰ ਸਰੋਤ, Creative Touch Imaging Ltd./NurPhoto via Getty Images
ਕੈਂਚੀ ਧਾਮ ਦੀ ਲੋਕਪ੍ਰਿਅਤਾ ਦਾ ਦੂਜਾ ਪਹਿਲੂ ਉੱਥੋਂ ਦਾ ਇਨਫਰਾਸਟਰਕਚਰ ਹੈ। ਸਾਲ 2025 ਦੀ ਕੈਰਿੰਗ ਕੈਪੇਸਿਟੀ ਸਟੱਡੀ ਦੀ ਰਿਪੋਰਟਿੰਗ ਵਿੱਚ ਕਰੀਬ 74 ਫ਼ੀਸਦੀ ਲੋਕਾਂ ਨੇ ਪਾਰਕਿੰਗ ਅਤੇ 58 ਫ਼ੀਸਦੀ ਨੇ ਸੈਨਿਟੇਸ਼ਨ ਨੂੰ ਲੈ ਕੇ ਅਸੰਤੁਸ਼ਟੀ ਜਤਾਈ ਸੀ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਾਹਮਣੇ ਦਾਖ਼ਲ ਉੱਤਰਾਖੰਡ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਜੁੜੀ ਇੱਕ ਜੁਆਇੰਟ ਕਮੇਟੀ ਦੀ ਰਿਪੋਰਟ ਵਿੱਚ ਵੀ ਕੈਂਚੀ ਧਾਮ ਆਉਣ ਵਾਲੇ ਲੋਕਾਂ ਕਾਰਨ ਸੈਨਿਟੇਸ਼ਨ-ਸੌਲਿਡ ਵੇਸਟ ਅਤੇ ਸੀਵਰੇਜ ਮੈਨੇਜਮੈਂਟ 'ਤੇ ਵਧਦੇ ਦਬਾਅ ਦਾ ਜ਼ਿਕਰ ਕੀਤਾ ਗਿਆ ਸੀ।
ਕੇਂਦਰ ਸਰਕਾਰ ਵੀ ਇੱਥੋਂ ਢਾਂਚੇ ਨੂੰ ਮਜ਼ਬੂਤ ਕਰਨ 'ਤੇ ਪੈਸਾ ਖਰਚ ਕਰ ਰਹੀ ਹੈ। ਸੈਰ-ਸਪਾਟਾ ਮੰਤਰਾਲੇ ਦੇ ਅਧਿਕਾਰਤ ਦਸਤਾਵੇਜ਼ ਵਿੱਚ ਚੈਲੇਂਜ ਬੇਸਡ ਡੈਸਟਿਨੇਸ਼ਨ ਡਿਵੈਲਪਮੈਂਟ ਸਕੀਮ ਤਹਿਤ ਡਿਵੈਲਪਮੈਂਟ ਆਫ਼ ਕੈਂਚੀ ਧਾਮ ਕੈਂਪਸ ਲਈ 17.60 ਕਰੋੜ ਰੁਪਏ ਦੀ ਸੈਂਕਸ਼ਨ ਕਾਸਟ ਦਰਜ ਹੈ।
ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕੈਂਚੀ ਧਾਮ ਪ੍ਰਤੀ ਆਕਰਸ਼ਣ ਹੁਣ ਸਿਰਫ਼ ਧਾਰਮਿਕ ਜਾਂ ਸੱਭਿਆਚਾਰਕ ਘਟਨਾ ਨਹੀਂ ਰਹੀ, ਸਗੋਂ ਇਹ ਪ੍ਰਸ਼ਾਸਨ ਅਤੇ ਟੂਰਿਜ਼ਮ ਪਲਾਨਿੰਗ ਦਾ ਵਿਸ਼ਾ ਵੀ ਬਣ ਚੁੱਕੀ ਹੈ।
ਜਿੱਥੇ 'ਨੀਬ ਕਰੌਰੀ ਬਾਬਾ' ਦਾ ਜਨਮ ਹੋਇਆ
ਸਤੰਬਰ 2026 ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ 'ਨੀਬ ਕਰੌਰੀ ਬਾਬਾ' ਨਾਲ ਜੁੜੀਆਂ ਥਾਵਾਂ ਨੂੰ ਇੱਕ ਧਾਰਮਿਕ ਸੈਰ-ਸਪਾਟਾ ਰੂਟ ਵਿੱਚ ਜੋੜਨ ਦੀ ਯੋਜਨਾ ਨੂੰ ਅੱਗੇ ਵਧਾਇਆ। ਇੰਡੀਅਨ ਐਕਸਪ੍ਰੈਸ ਮੁਤਾਬਕ ਪ੍ਰਸਤਾਵਿਤ ਸਰਕਿਟ ਵਿੱਚ ਫਿਰੋਜ਼ਾਬਾਦ ਦਾ ਅਕਬਰਪੁਰ, ਫ਼ਰੁਖ਼ਾਬਾਦ ਦਾ ਨੀਬ ਕਰੌਰੀ ਧਾਮ, ਲਖਨਊ ਦਾ ਹਨੂਮਾਨ ਸੇਤੂ ਮੰਦਰ ਅਤੇ ਵ੍ਰਿੰਦਾਵਨ ਵਿੱਚ ਬਾਬਾ ਨਾਲ ਜੁੜੀ ਜਗ੍ਹਾ ਸ਼ਾਮਲ ਹੈ।
ਇਹ ਵਿਕਾਸ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਫ਼ਿਲਮ 'ਹਨੂਮਾਨ ਅੰਸ਼' ਦੀ ਸਫ਼ਲਤਾ ਨੇ ਉਨ੍ਹਾਂ ਨਾਲ ਜੁੜੀਆਂ ਥਾਵਾਂ ਅਤੇ ਇਤਿਹਾਸ ਵਿੱਚ ਲੋਕਾਂ ਦੀ ਨਵੀਂ ਦਿਲਚਸਪੀ ਪੈਦਾ ਕੀਤੀ ਹੈ।
ਇਸੇ ਅਕਬਰਪੁਰ ਵਿੱਚ ਬਾਬਾ ਦੇ ਜੱਦੀ ਘਰ ਨੂੰ ਲੈ ਕੇ ਇੱਕ ਵਿਵਾਦ ਵੀ ਸਾਹਮਣੇ ਆਇਆ ਹੈ। ਉਨ੍ਹਾਂ ਦੀਆਂ ਛੇ ਪੋਤੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਹਮਣੇ ਸ਼ਿਕਾਇਤ ਕਰਕੇ ਇੱਕ ਟਰੱਸਟ 'ਤੇ ਜਾਇਦਾਦ ਦੇ ਕੰਟ੍ਰੋਲ ਨੂੰ ਲੈ ਕੇ ਇਲਜ਼ਾਮ ਲਗਾਏ ਹਨ।
ਟਰੱਸਟ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਅਤੇ ਫਿਰੋਜ਼ਾਬਾਦ ਪ੍ਰਸ਼ਾਸਨ ਨੇ ਦਾਅਵਿਆਂ ਦੀ ਜਾਂਚ ਲਈ ਕਮੇਟੀ ਬਣਾਈ ਹੈ। ਫ਼ਿਲਹਾਲ ਜਾਂਚ ਜਾਰੀ ਹੈ।
ਨਵੀਂ ਪੀੜ੍ਹੀ ਦੀ ਇੰਨੀ ਦਿਲਚਸਪੀ ਕਿਉਂ ਹੈ?

ਤਸਵੀਰ ਸਰੋਤ, Creative Touch Imaging Ltd./NurPhoto via Getty Images
ਇਸ ਸਵਾਲ ਦਾ ਕੋਈ ਸਿੱਧਾ ਜਵਾਬ ਨਹੀਂ ਹੈ। ਪਰ ਉਪਲਬਧ ਤੱਥਾਂ ਦੇ ਆਧਾਰ 'ਤੇ ਕੁਝ ਤਰਕ ਜ਼ਰੂਰ ਦਿੱਤੇ ਜਾਂਦੇ ਹਨ।
ਇੱਕ ਪਾਸੇ ਰਾਮ ਦਾਸ, ਕ੍ਰਿਸ਼ਨ ਦਾਸ ਅਤੇ ਲੈਰੀ ਬ੍ਰਿਲੀਅੰਟ ਰਾਹੀਂ ਬਣੀ ਦਹਾਕਿਆਂ ਪੁਰਾਣੀ ਇੰਟਰਨੈਸ਼ਨਲ ਲੈਗੇਸੀ ਹੈ। ਦੂਜੇ ਪਾਸੇ ਸਟੀਵ ਜੌਬਜ਼ ਅਤੇ ਮਾਰਕ ਜ਼ਕਰਬਰਗ ਨਾਲ ਜੁੜੀਆਂ ਡਾਕਿਊਮੈਂਟਡ ਕਹਾਣੀਆਂ ਹਨ।
ਭਾਰਤ ਵਿੱਚ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਵਰਗੀਆਂ ਚਰਚਿਤ ਹਸਤੀਆਂ ਦਾ ਉੱਥੇ ਜਾਣਾ ਅਤੇ ਇਸੇ ਦੌਰਾਨ ਹੁਣ 'ਹਨੂਮਾਨ ਅੰਸ਼' ਵਰਗੀ ਸਫ਼ਲ ਫ਼ਿਲਮ ਵੀ ਇਸੇ ਕਹਾਣੀ ਦਾ ਹਿੱਸਾ ਬਣ ਗਈ ਹੈ।
ਉਨ੍ਹਾਂ ਵਿੱਚ ਆਸਥਾ ਰੱਖਣ ਵਾਲਿਆਂ ਦੀਆਂ ਆਪਣੀਆਂ ਵਜ੍ਹਾਵਾਂ ਹਨ, ਉੱਥੇ ਨਵੀਂ ਪੀੜ੍ਹੀ ਤੱਕ ਉਨ੍ਹਾਂ ਦੀ ਪਛਾਣ ਕਦੇ ਰਾਮ ਦਾਸ ਅਤੇ ਕ੍ਰਿਸ਼ਨ ਦਾਸ ਦੇ ਜ਼ਰੀਏ ਪਹੁੰਚਦੀ ਹੈ, ਕਦੇ ਸਟੀਵ ਜੌਬਜ਼ ਅਤੇ ਮਾਰਕ ਜ਼ਕਰਬਰਗ ਨਾਲ ਜੁੜੀਆਂ ਕਹਾਣੀਆਂ ਦੇ ਰਸਤੇ ਅਤੇ ਹੁਣ 'ਹਨੂਮਾਨ ਅੰਸ਼' ਵਰਗੀ ਫ਼ਿਲਮ ਦੇ ਜ਼ਰੀਏ ਪਹੁੰਚ ਰਹੀ ਹੈ।
ਹਾਲਾਂਕਿ ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਹਿੱਸੇਦਾਰੀ ਨਾ ਹੋਣ ਨੂੰ ਲੈ ਕੇ ਆਲੋਚਨਾਤਮਕ ਟਿੱਪਣੀਆਂ ਵੀ ਦੇਖਣ ਨੂੰ ਮਿਲ ਰਹੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





























