ਵਿਆਹ ਤੋਂ ਇਨਕਾਰ ਕਰਨ 'ਤੇ ਨੌਜਵਾਨ 'ਤੇ ਕੁੜੀ ਦੀ ਬ੍ਰੈਸਟ ਨੂੰ ਨੁਕਸਾਨ ਪਹੁੰਚਾਉਣ ਦੇ ਇਲਜ਼ਾਮ, ਜਾਣੋ ਕੀ ਹੈ ਮਾਮਲਾ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਨੇ ਕੁੜੀ ਦੀ ਬ੍ਰੈਸਟ ਨੂੰ ਸੱਟ ਪਹੁੰਚਾਉਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ (ਸੰਕੇਤਕ ਤਸਵੀਰ)
    • ਲੇਖਕ, ਸੈਯਦ ਮੋਜ਼ਿਜ ਇਮਾਮ
    • ਰੋਲ, ਬੀਬੀਸੀ ਹਿੰਦੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ ਇੱਕ ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਉਸ ਨਾਲ ਕੁੱਟਮਾਰ ਅਤੇ ਉਸਦੀ ਬ੍ਰੈਸਟ ਨੂੰ ਸੱਟ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 24 ਸਾਲ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਘਟਨਾ 11 ਮਈ ਦੀ ਹੈ। ਪੁਲਿਸ ਨੇ ਐਫਆਈਆਰ ਵਿੱਚ ਜਿਨਸੀ ਹਿੰਸਾ ਨਾਲ ਜੁੜੀਆਂ ਗੰਭੀਰ ਧਾਰਾਵਾਂ ਵੀ ਜੋੜੀਆਂ ਹਨ।

ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਦਿੱਲੀ ਵਿੱਚ ਆਪਣੀ ਵੱਡੀ ਭੈਣ ਨਾਲ ਰਹਿੰਦੀ ਹੈ ਅਤੇ 3 ਮਈ ਨੂੰ ਚਚੇਰੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਪਣੇ ਪਿੰਡ ਆਈ ਸੀ। 11 ਮਈ ਨੂੰ ਜਦੋਂ ਉਹ ਵਿਆਹ ਤੋਂ ਵਾਪਸ ਘਰ ਪਰਤ ਰਹੀ ਸੀ ਤਾਂ ਇਸੇ ਦੌਰਾਨ ਇਹ ਘਟਨਾ ਹੋਈ।

ਹਰਦੋਈ ਪੁਲਿਸ ਨੇ ਪਹਿਲਾਂ ਕੁੱਟਮਾਰ ਦੀ ਰਿਪੋਰਟ ਦਰਜ ਕੀਤੀ ਸੀ, ਪਰ ਮਾਮਲਾ ਭਖਣ ਤੋਂ ਬਾਅਦ ਜਿਨਸੀ ਹਿੰਸਾ ਨਾਲ ਜੁੜੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ।

ਐਸਐਚਓ ਸਤੀਸ਼ ਚੰਦਰ ਦੇ ਮੁਤਾਬਕ, ਇਸ ਸੰਬੰਧ ਵਿੱਚ ਬੀਐਨਐਸ ਦੀ ਧਾਰਾ 115(2), 351(3), 352, 75 ਅਤੇ 118(2) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਧਾਰਾਵਾਂ ਕਿਸੇ ਨੂੰ ਸੱਟ ਪਹੁੰਚਾਉਣ, ਜਾਨ ਤੋਂ ਮਾਰਨ ਜਾਂ ਗੰਭੀਰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣ, ਸ਼ਾਂਤੀ ਭੰਗ ਕਰਨ ਅਤੇ ਜਿਨਸੀ ਉਤਪੀੜਨ ਨਾਲ ਜੁੜੇ ਮਾਮਲਿਆਂ ਨਾਲ ਸੰਬੰਧਿਤ ਹਨ।

ਜਿਨਸੀ ਉਤਪੀੜਨ ਦਾ ਮਤਲਬ ਕਿਸੇ ਮਹਿਲਾ ਦੇ ਖ਼ਿਲਾਫ਼ ਅਜਿਹਾ ਅਪਰਾਧ ਹੈ, ਜੋ ਉਸਨੂੰ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਤੌਰ 'ਤੇ ਵੀ ਨੁਕਸਾਨ ਪਹੁੰਚਾਉਂਦਾ ਹੈ।

ਪੁਲਿਸ ਨੇ ਜਾਰੀ ਬਿਆਨ ਵਿੱਚ ਇਹ ਵੀ ਦੱਸਿਆ ਹੈ ਕਿ ਮੁਲਜ਼ਮ ਅਤੇ ਕੁੜੀ ਦੀ ਪਹਿਲਾਂ ਤੋਂ ਜਾਣ-ਪਛਾਣ ਸੀ।

ਕੁੜੀ ਨੇ ਆਪਣੇ ਬਿਆਨ 'ਚ ਕੀ ਦੱਸਿਆ ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਰਿਵਾਰ ਮੁਤਾਬਕ ਘਰ ਦੇ ਬਾਹਰ ਕੁੜੀ ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਸੀ (ਸੰਕੇਤਕ ਤਸਵੀਰ)

ਕੁੜੀ ਦੇ ਮੁਤਾਬਕ, "ਮੇਰਾ ਪੂਰਾ ਪਰਿਵਾਰ ਘਰ ਤੋਂ ਕੁਝ ਦੂਰ ਚਾਚਾ ਦੇ ਘਰੇ ਸੀ। ਰਾਤ ਕਰੀਬ 11 ਵਜੇ ਮਾਂ ਨੇ ਕਿਹਾ ਕਿ ਇੱਕ ਵਾਰ ਘਰ ਜਾਕੇ ਦੇਖ ਆ, ਸਭ ਕੁਝ ਠੀਕ ਹੈ ਜਾਂ ਨਹੀਂ। ਮੈਂ ਇਕੱਲੀ ਹੀ ਘਰ ਜਾ ਰਹੀ ਸੀ। ਰਸਤੇ ਵਿੱਚ ਮੁੰਡੇ ਨੇ ਮੈਨੂੰ ਫੜ ਲਿਆ।"

ਕੁੜੀ ਨੇ ਅੱਗੇ ਦੱਸਿਆ, "ਉਸ ਨੇ ਮੇਰਾ ਮੂੰਹ ਦਬਾਇਆ ਅਤੇ ਮੈਨੂੰ ਸੁੰਨਸਾਨ ਥਾਂ 'ਤੇ ਲੈ ਗਿਆ। ਉੱਥੇ ਉਸਨੇ ਮੈਨੂੰ ਦਰੱਖਤ ਨਾਲ ਬੰਨ੍ਹ ਕੇ ਵਿਆਹ ਦਾ ਦਬਾਅ ਬਣਾਇਆ। ਉਹ ਜ਼ਬਰਦਸਤੀ ਗੱਲ ਕਰਨ ਅਤੇ ਰੋਜ਼ ਮਿਲਣ ਦੀ ਗੱਲ ਕਹਿਣ ਲੱਗਾ। ਜਦੋਂ ਮੈਂ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ, ਤਾਂ ਉਸਨੇ ਮੇਰੇ ਨਾਲ ਕੁੱਟਮਾਰ ਕੀਤੀ।"

ਉਸ ਨੇ ਦੱਸਿਆ, "ਮੈਂ ਕਿਹਾ ਕਿ ਤੂੰ ਮੈਨੂੰ ਭਰਾ ਲੱਗਦਾ ਹੈਂ, ਪਰ ਉਹ ਨਹੀਂ ਮੰਨਿਆ। ਉਹ ਮੈਨੂੰ ਕੁੱਟਦਾ-ਮਾਰਦਾ ਰਿਹਾ। ਫਿਰ ਉਸਨੇ ਪੁੱਛਿਆ ਕਿ ਮੇਰੇ ਨਾਲ ਵਿਆਹ ਕਰੇਂਗੀ ਜਾਂ ਨਹੀਂ? ਮੈਂ ਮਨ੍ਹਾ ਕੀਤਾ ਤਾਂ ਉਸਨੇ ਬ੍ਰੈਸਟ ਨੂੰ ਸੱਟ ਪਹੁੰਚਾਈ।"

ਕੁੜੀ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਹ ਉਨ੍ਹਾਂ ਨੂੰ ਘਰ ਦੇ ਬਾਹਰ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਸੀ।

ਇਸ ਤੋਂ ਬਾਅਦ ਪਰਿਵਾਰ ਕੁੜੀ ਨੂੰ ਹਸਪਤਾਲ ਲੈ ਕੇ ਗਿਆ। ਹੋਸ਼ ਵਿੱਚ ਆਉਣ ਤੋਂ ਬਾਅਦ ਉਸਨੇ ਪਰਿਵਾਰ ਨੂੰ ਆਪਣੇ ਨਾਲ ਹੋਈ ਘਟਨਾ ਬਾਰੇ ਦੱਸਿਆ। ਇਸ ਤੋਂ ਬਾਅਦ ਪਰਿਵਾਰ ਉਸਨੂੰ ਲੈ ਕੇ ਨੇੜਲੀ ਪੁਲਿਸ ਚੌਕੀ ਪਹੁੰਚਿਆ।

ਮਾਂ ਦਾ ਇਲਜ਼ਾਮ ਹੈ ਕਿ ਥਾਣੇ ਵਿੱਚ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਹਾਲਾਂਕਿ ਪੁਲਿਸ ਦਾ ਦਾਅਵਾ ਹੈ ਕਿ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।

ਦੂਜੇ ਪਾਸੇ ਮੁਲਜ਼ਮ ਦੇ ਚਚੇਰੇ ਭਰਾ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਗੱਲਬਾਤ ਵਿੱਚ ਇਨ੍ਹਾਂ ਇਲਜ਼ਾਮਾਂ ਨੂੰ ਗਲਤ ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਦੋਵਾਂ ਦੇ ਵਿਚਕਾਰ ਪਹਿਲਾਂ ਤੋਂ ਜਾਣ-ਪਛਾਣ ਸੀ।

ਕੁੜੀ ਦੀ ਮਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, "ਕਿਉਂਕਿ ਅਸੀਂ ਲੋਕ ਪੜ੍ਹੇ-ਲਿਖੇ ਨਹੀਂ ਹਾਂ, ਇਸ ਲਈ ਸਾਨੂੰ ਨਹੀਂ ਪਤਾ ਕਿ ਪੁਲਿਸ ਨੇ ਐੱਫਆਈਆਰ ਵਿੱਚ ਕੀ ਲਿਖਿਆ ਹੈ।"

ਪੁਲਿਸ ਨੇ ਕੀ ਦੱਸਿਆ ?

ਇਸ ਤੋਂ ਬਾਅਦ ਮਾਮਲਾ ਭਖਣ 'ਤੇ ਦੁਬਾਰਾ ਮੈਡੀਕਲ ਕਰਵਾਇਆ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਵਿੱਚ ਕੁਝ ਹੋਰ ਧਾਰਾਵਾਂ ਜੋੜੀਆਂ ਹਨ।

ਪੁਲਿਸ ਦਾ ਦਾਅਵਾ ਹੈ ਕਿ ਕੁੜੀ ਦੀ ਉਮਰ 19 ਸਾਲ ਹੈ। ਹਾਲਾਂਕਿ ਪਰਿਵਾਰ ਵਾਲੇ ਕੁੜੀ ਦੀ ਉਮਰ 17 ਸਾਲ ਦੱਸ ਰਹੇ ਹਨ।

ਹਰਦੋਈ ਪੁਲਿਸ ਦੇ ਸਰਕਲ ਅਫ਼ਸਰ ਅਜੀਤ ਚੌਹਾਨ ਨੇ ਕਿਹਾ, "ਇੱਕ ਕੁੜੀ ਨਾਲ ਉਸੇ ਦੇ ਪਿੰਡ ਦੇ ਇੱਕ ਵਿਅਕਤੀ ਨੇ ਕੁੱਟਮਾਰ ਕੀਤੀ ਸੀ। ਇਸ ਸੰਬੰਧ ਵਿੱਚ ਬੇਨੀਗੰਜ ਪੁਲਿਸ ਨੇ ਤੁਰੰਤ ਕੁੜੀ ਦਾ ਮੈਡੀਕਲ ਕਰਵਾਇਆ ਅਤੇ ਉਸਦੇ ਭਰਾ ਦੀ ਸ਼ਿਕਾਇਤ ਦੇ ਆਧਾਰ 'ਤੇ ਸੰਬੰਧਿਤ ਧਾਰਾਵਾਂ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਕੁੜੀ ਪੱਖ ਨੇ ਦੱਸਿਆ ਕਿ ਕੁੜੀ ਨੂੰ ਕੁਝ ਹੋਰ ਸੱਟਾਂ ਵੀ ਲੱਗੀਆਂ ਹਨ, ਜਿਨ੍ਹਾਂ ਦਾ ਜ਼ਿਕਰ ਪਹਿਲਾਂ ਮੈਡੀਕਲ ਵਿੱਚ ਨਹੀਂ ਸੀ।"

ਹਰਦੋਈ ਪੁਲਿਸ ਦਾ ਬਿਆਨ

ਤਸਵੀਰ ਸਰੋਤ, AZEEM MIRZA

ਤਸਵੀਰ ਕੈਪਸ਼ਨ, ਹਰਦੋਈ ਪੁਲਿਸ ਦੇ ਅਜੀਤ ਚੌਹਾਨ ਨੇ ਦੱਸਿਆ ਕਿ ਇਸ ਮਾਮਲੇ ਨਾਲ ਜੁੜੇ ਮੁਕੱਦਮੇ ਵਿੱਚ ਧਾਰਾਵਾਂ ਵਧਾਈਆਂ ਗਈਆਂ ਹਨ

ਇਸ ਮਾਮਲੇ ਵਿੱਚ ਜਿਨ੍ਹਾਂ ਦੋ ਧਾਰਾਵਾਂ ਨੂੰ ਪੁਲਿਸ ਨੇ ਬਾਅਦ ਵਿੱਚ ਜੋੜਿਆ ਹੈ, ਉਨ੍ਹਾਂ ਵਿੱਚ ਬੀਐਨਐਸ ਦੀ ਧਾਰਾ 75 ਜਿਨਸੀ ਉਤਪੀੜਨ ਨਾਲ ਸੰਬੰਧਿਤ ਹੈ, ਜਦਕਿ ਧਾਰਾ 118 ਖ਼ਤਰਨਾਕ ਹਥਿਆਰ ਜਾਂ ਸਾਧਨ ਦੀ ਵਰਤੋਂ ਕਰਕੇ ਸੱਟ ਜਾਂ ਗੰਭੀਰ ਸੱਟ ਪਹੁੰਚਾਉਣ ਦੇ ਮਾਮਲਿਆਂ ਵਿੱਚ ਲਗਾਈ ਜਾਂਦੀ ਹੈ।

ਪੁਲਿਸ ਦਾ ਦਾਅਵਾ ਹੈ ਕਿ ਪੁੱਛਗਿੱਛ ਵਿੱਚ ਇਸ ਮਾਮਲੇ ਪਿੱਛੇ "ਪ੍ਰੇਮ ਪ੍ਰਸੰਗ" ਦੀ ਗੱਲ ਸਾਹਮਣੇ ਆਈ ਹੈ।

ਪੁਲਿਸ ਦੇ ਮੁਤਾਬਕ, ਮੁਲਜ਼ਮ ਅਤੇ ਕੁੜੀ ਪਹਿਲਾਂ ਹਰਿਆਣਾ ਵਿੱਚ ਰਹਿ ਕੇ ਮਜ਼ਦੂਰੀ ਕਰਦੇ ਸਨ ਅਤੇ ਪਿਛਲੇ ਤਿੰਨ ਸਾਲਾਂ ਤੋਂ ਦੋਵਾਂ ਦੇ ਵਿਚਕਾਰ ਸੰਬੰਧ ਸਨ।

ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿੰਡ ਆਉਣ ਤੋਂ ਬਾਅਦ ਕਿਸੇ ਗੱਲ ਨੂੰ ਲੈਕੇ ਦੋਵਾਂ ਵਿਚਕਾਰ ਅਣਬਣ ਹੋਈ, ਜਿਸ ਤੋਂ ਬਾਅਦ ਇਹ ਘਟਨਾ ਹੋਈ।

ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਜਾਂਚ ਵਿੱਚ ਵਿਆਹ ਲਈ ਦਬਾਅ ਬਣਾਉਣ ਦੀ ਗੱਲ ਹੁਣ ਤੱਕ ਤੱਥਾਂ ਦੇ ਹਿਸਾਬ ਨਾਲ ਸਹੀ ਨਹੀਂ ਪਾਈ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਅਗਵਾ ਕਰਨ ਦੇ ਇਲਜ਼ਾਮ ਵੀ ਜਾਂਚ ਵਿੱਚ ਸਹੀ ਨਹੀਂ ਪਾਏ ਗਏ ਹਨ। ਦੋਵੇਂ ਆਪਣੀ ਮਰਜ਼ੀ ਨਾਲ ਮਿਲ ਰਹੇ ਸਨ।

'ਇਹ ਸੁਣ ਕੇ ਦਿਲ ਦਹਿਲ ਜਾਂਦਾ ਹੈ'

ਇਸ ਮਾਮਲੇ ਬਾਰੇ ਸਮਾਜਿਕ ਕਾਰਕੁੰਨ ਅਤੇ ਲਖਨਊ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਰੂਪ ਰੇਖਾ ਵਰਮਾ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਡਰ ਖ਼ਤਮ ਹੋ ਗਿਆ ਹੈ।

ਉਨ੍ਹਾਂ ਕਿਹਾ, "ਇਹ ਸੁਣ ਕੇ ਦਿਲ ਦਹਿਲ ਜਾਂਦਾ ਹੈ। ਸੋਚ ਵੀ ਨਹੀਂ ਸਕਦੇ ਕਿ ਕੋਈ ਮੁੰਡਾ ਅਜਿਹਾ ਵੀ ਕਰ ਸਕਦਾ ਹੈ, ਅਤੇ ਕਿੰਨੇ ਹੀ ਕੇਸ ਹਨ ਜਿਨ੍ਹਾਂ ਵਿੱਚ ਅੱਗੇ ਪਤਾ ਹੀ ਨਹੀਂ ਲੱਗਦਾ ਕਿ ਹੋਇਆ ਕੀ ਹੈ।"

ਮਨੋਵਿਗਿਆਨ ਦੇ ਸਹਾਇਕ ਪ੍ਰੋਫੈਸਰ ਸ਼ਮਸੀ ਅਕਬਰ ਦੀ ਟਿੱਪਣੀ

ਯੂਨਿਟੀ ਲਾਅ ਕਾਲਜ ਵਿੱਚ ਮਨੋਵਿਗਿਆਨ ਦੇ ਸਹਾਇਕ ਪ੍ਰੋਫੈਸਰ ਸ਼ਮਸੀ ਅਕਬਰ ਨੇ ਕਿਹਾ, "ਇਸ ਤਰ੍ਹਾਂ ਦੀ ਘਟਨਾ ਵਿੱਚ ਕਿਸੇ ਇੱਕ ਨਿਸ਼ਚਿਤ "ਮਾਨਸਿਕ ਬਿਮਾਰੀ" ਦਾ ਨਤੀਜਾ ਸਿੱਧੇ ਤੌਰ 'ਤੇ ਨਹੀਂ ਕੱਢਿਆ ਜਾ ਸਕਦਾ। ਕਿਸੇ ਵਿਅਕਤੀ ਦਾ ਇੰਨਾ ਹਿੰਸਕ, ਨਿਯੰਤਰਣ ਕਰਨ ਵਾਲਾ ਅਤੇ ਜਿਨਸੀ ਤੌਰ 'ਤੇ ਹਮਲਾਵਰ ਵਿਵਹਾਰ ਕਈ ਮਨੋਵਿਗਿਆਨਕ ਅਤੇ ਸਮਾਜਿਕ ਕਾਰਨਾਂ ਨਾਲ ਜੁੜਿਆ ਹੋ ਸਕਦਾ ਹੈ।"

ਉਨ੍ਹਾਂ ਕਿਹਾ, "ਇਨਕਾਰ ਨੂੰ ਸਵੀਕਾਰ ਨਾ ਕਰ ਪਾਉਣਾ, ਮਹਿਲਾ ਨੂੰ ਆਪਣੀ ਜਾਇਦਾਦ ਸਮਝਣਾ, ਜ਼ਬਰਦਸਤੀ ਰਿਸ਼ਤਾ ਥੋਪਣਾ - ਇਹ ਸਮਾਜਿਕ ਅਤੇ ਵਿਹਾਰਕ ਸਮੱਸਿਆਵਾਂ ਵੀ ਹੁੰਦੀਆਂ ਹਨ, ਜਿਸ ਕਾਰਨ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)