ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਭੰਨਤੋੜ, ਹਾਈਵੇਅ ਕੀਤਾ ਜਾਮ, ਕੀ ਹੈ ਮਾਮਲਾ ਅਤੇ ਯੂਨੀਵਰਸਿਟੀ ਤੇ ਪੁਲਿਸ ਕੀ ਕਹਿ ਰਹੇ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦਾ ਵੱਡਾ ਪ੍ਰਦਰਸ਼ਨ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਪੰਜਾਬ ਦੇ ਫਗਵਾੜਾ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੇ ਕੈਂਪਸ ਵਿੱਚ ਸ਼ਨੀਵਾਰ ਦੇਰ ਰਾਤ ਵਿਦਿਆਰਥੀਆਂ ਵੱਲੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ।

ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਮੁਤਾਬਕ, ਵਿਦਿਆਰਥੀਆਂ ਦੇ ਇਲਜ਼ਾਮ ਹਨ ਕਿ ਕੈਂਪਸ ਵਿੱਚ ਇੱਕ ਵਿਦਿਆਰਥਣ ਨਾਲ ਬਲਾਤਕਾਰ ਹੋਣ ਦੀ ਜਾਣਕਾਰੀ ਮਿਲੀ ਹੈ।

ਉਨ੍ਹਾਂ ਇਲਜ਼ਾਮ ਲਗਾਏ ਕਿ ਯੂਨੀਵਰਸਿਟੀ ਨੇ ਮਾਮਲੇ ਨੂੰ ਤੁਰੰਤ ਦਬਾਅ ਦਿੱਤਾ ਹੈ, ਜਿਸ ਕਾਰਨ ਇਸ ਬਾਰੇ ਜਾਣਕਾਰੀ ਨਹੀਂ ਮਿਲ ਪਾ ਰਹੀ ਹੈ ਕਿ ਕੁੜੀ ਕੌਣ ਹੈ। ਨਾਲ ਹੀ ਉਨ੍ਹਾਂ ਪੁਲਿਸ ਦੀ ਕਾਰਵਾਈ 'ਤੇ ਵੀ ਸਵਾਲ ਚੁੱਕੇ।

ਇਸ ਮਾਮਲੇ ਵਿੱਚ ਯੂਨੀਵਰਸਿਟੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਸਭ ਅਫਵਾਹਾਂ ਹਨ ਅਤੇ ਯੂਨੀਵਰਸਿਟੀ ਦੀ ਛਵੀ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਹਨ।

ਉੱਧਰ, ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵੀ ਕਿਸੇ ਕੁੜੀ ਨਾਲ ਬਲਾਤਕਾਰ ਹੋਣ ਸਬੰਧੀ ਕੋਈ ਰਿਪੋਰਟ ਜਾਂ ਐਪਲੀਕੇਸ਼ਨ ਨਹੀਂ ਆਈ ਹੈ। ਹਾਲਾਂਕਿ ਪੁਲਿਸ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਕਹਿਣ ਮੁਤਾਬਕ ਜਾਂਚ ਲਈ ਤਿਆਰ ਹਨ ਪਰ ਪਹਿਲਾਂ ਇਹ ਤਾਂ ਦੱਸਿਆ ਜਾਵੇ ਕਿ ਕਿਸ ਨਾਲ, ਕਿੱਥੇ ਘਟਨਾ ਵਾਪਰੀ ਹੈ।

ਬੀਤੇ ਦਿਨੀਂ ਚਿਤਕਾਰਾ ਯੂਨੀਵਰਸਿਟੀ ਵਿੱਚ ਵੀ ਇੱਕ ਵਿਦਿਆਰਥਣ ਵੱਲੋਂ ਆਤਮ-ਹੱਤਿਆ ਕਰਨ ਦੀਆਂ ਰਿਪੋਰਟਾਂ ਨੂੰ ਲੈਕੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਹਾਲਾਂਕਿ ਇਸ ਮਾਮਲੇ ਵਿੱਚ ਵੀ ਯੂਨੀਵਰਸਿਟੀ ਦਾ ਕਹਿਣਾ ਹੈ ਕਿ 'ਇਹ ਸਭ ਅਫਵਾਹਾਂ ਹਨ ਅਤੇ ਯੂਨੀਵਰਸਿਟੀ ਵਿੱਚ ਅਜਿਹਾ ਕੁਝ ਨਹੀਂ ਹੋਇਆ ਹੈ'।

ਵਿਦਿਆਰਥੀ ਕੀ-ਕੀ ਦੱਸ ਰਹੇ

ਇਸ ਘਟਨਾ ਨੂੰ ਲੈਕੇ ਵਿਦਿਆਰਥੀਆਂ ਦੇ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਅਤੇ ਵਿਰੋਧ ਕਰਨ ਦੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੇ ਹਨ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, ਵਿਦਿਆਰਥੀਆਂ ਦਾ ਇਹ ਪ੍ਰਦਰਸ਼ਨ ਐਤਵਾਰ ਸਵੇਰ ਤੱਕ ਹਿੰਸਕ ਰੂਪ ਲੈ ਗਿਆ।

ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਜਿਸ ਕੁੜੀ ਨਾਲ ਬਲਾਤਕਾਰ ਦੀ ਘਟਨਾ ਵਾਪਰੀ ਹੈ, ਉਹ ਗਾਇਬ ਹੈ।

ਵਿਦਿਆਰਥਣਾਂ ਸਵਾਲ ਕਰ ਰਹੀਆਂ ਹਨ ਕਿ ''ਜੇ ਉਹ ਆਪਣੇ ਹੋਸਟਲਾਂ ਦੇ ਕਮਰਿਆਂ ਵਿੱਚ ਸੁਰੱਖਿਅਤ ਨਹੀਂ ਹਨ ਤਾਂ ਯੂਨੀਵਰਸਿਟੀ ਕਿਸ ਸਿਕਿਓਰਿਟੀ ਦੀ ਗੱਲ ਕਰਦੀ ਹੈ ਅਤੇ ਉਸ ਦੇ ਲਈ ਪੈਸੇ ਵੀ ਲੈਂਦੀ ਹੈ।''

ਵਿਦਿਆਰਥੀਆਂ ਨੇ ਪੁਲਿਸ ਦੀ ਕਾਰਵਾਈ 'ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ''ਪੁਲਿਸ ਸਾਨੂੰ ਬਸ ਇੱਧਰ ਤੋਂ ਉੱਧਰ ਘੁੰਮਾ ਰਹੀ ਹੈ। ਹੁਣ ਕਹਿ ਰਹੇ ਹਨ ਕਿ ਜਾਂਚ ਕਰਨਗੇ।''

ਮਹੱਤਵਪੂਰਨ ਸੂਚਨਾ

(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ।

ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ।

ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਪੁਲਿਸ ਨੇ ਕੀ ਦੱਸਿਆ

ਫਗਵਾੜਾ ਦੇ ਐੱਸਪੀ ਮੇਜਰ ਸਿੰਘ
ਤਸਵੀਰ ਕੈਪਸ਼ਨ, ਫਗਵਾੜਾ ਦੇ ਐੱਸਪੀ ਮੇਜਰ ਸਿੰਘ

ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ''ਐਫਆਈਆਰ ਦਰਜ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਦੀਆਂ ਕੁਝ ਹੋਰ ਵੀ ਮੰਗਾਂ ਹਨ, ਜਿਨ੍ਹਾਂ ਬਾਰੇ 12 ਵਜੇ ਯੁਨੀਵਰਸਿਟੀ ਮੈਨੇਜਮੈਂਟ ਨਾਲ ਮੀਟਿੰਗ ਰੱਖੀ ਗਈ ਹੈ।''

''ਅਜੇ ਇਨ੍ਹਾਂ ਨੇ ਇਨਾਂ ਹੀ ਲਿਖਿਆ ਹੈ ਕਿ ਜੀ-3 ਹਾਸਟਲ ਵਿੱਚ ਇੱਕ ਕੁੜੀ ਰਹਿੰਦੀ ਸੀ, ਜਿਸ ਨਾਲ ਬਲਾਤਕਾਰ ਦੀ ਘਟਨਾ ਹੋਈ ਹੈ, ਕੁੜੀ ਦਾ ਨਾਮ ਅਜੇ ਨਹੀਂ ਪਤਾ ਲੱਗ ਸਕਿਆ ਹੈ। ਅਜੇ ਅਣਜਾਣ ਸਖਸ਼ ਦੇ ਨਾਮ 'ਤੇ ਹੀ ਐਫਆਈਰ ਦਰਜ ਕੀਤੀ ਗਈ ਹੈ।''

''ਸਾਇੰਟਿਫਿਕ ਢੰਗ ਨਾਲ ਜਾਂਚ ਕੀਤੀ ਜਾਵੇਗੀ ਤੇ ਇਸ ਦੌਰਾਨ ਵਿਦਿਆਰਥੀਆਂ ਦੇ ਲੀਡਰਜ਼ ਨੂੰ ਲੈਣ ਰੱਖਿਆ ਜਾਵੇਗਾ।''

ਮੌਕੇ 'ਤੇ ਮੌਜੂਦ ਫਗਵਾੜਾ ਦੇ ਐੱਸਪੀ ਮੇਜਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ''ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਵਿੱਚ ਇੱਕ ਕੁੜੀ ਨੇ 4-5 ਦਿਨ ਪਹਿਲਾਂ ਆਤਮਹੱਤਿਆ ਕਰ ਲਈ ਸੀ ਅਤੇ ਅਸੀਂ ਉਸਦੇ ਮਾਪਿਆਂ ਨੂੰ ਬੁਲਾਇਆ ਸੀ।''

ਉਨ੍ਹਾਂ ਕਿਹਾ, ''ਬਾਕਾਇਦਾ ਉਸਦਾ ਪੋਸਟਮਾਰਟਮ ਹੋਇਆ ਹੈ, ਜਿਸ ਮਗਰੋਂ ਮ੍ਰਿਤਕ ਦੇਹ ਉਸਦੇ ਮਾਪਿਆਂ ਨੂੰ ਸੌਂਪ ਦਿੱਤੀ ਗਈ।''

''ਹੁਣ ਕੁਝ ਪੁਆਇੰਟ ਚੁੱਕੇ ਜਾ ਰਹੇ ਹਨ ਕਿ ਬਲਾਤਕਾਰ ਹੋਇਆ। ਸਾਡੇ ਕੋਲ ਕੋਈ ਐਪਲੀਕੇਸ਼ਨ ਨਹੀਂ ਹੈ। ਜੇ ਬਲਾਤਕਾਰ ਹੋਇਆ ਤਾਂ ਕਿਸ ਕੁੜੀ ਨਾਲ ਹੋਇਆ, ਕਿਸ ਹੋਸਟਲ 'ਚ ਹੋਇਆ, ਕਿਹੜੇ ਮੁੰਡੇ ਨੇ ਕੀਤਾ...ਇਹ ਐਪਲੀਕੇਸ਼ਨ ਤਾਂ ਸਾਡੇ ਕੋਲ ਆਉਣੀ ਚਾਹੀਦੀ ਹੈ ਨਾ।''

''ਅਸੀਂ ਕਹਿ ਰਹੇ ਹਾਂ ਕਿ ਜੇ ਅਜਿਹਾ ਕੁਝ ਹੋਇਆ ਹੈ ਤਾਂ ਕਿਹੜੀ ਕੁੜੀ ਨਾਲ ਹੋਇਆ ਹੈ, ਸਾਨੂੰ ਦੱਸੋ। ਅਸੀਂ ਜਾਂਚ ਕਰਾਂਗੇ, ਉਸਦਾ ਮੈਡੀਕਲ ਕਰਾਂਵਾਂਗੇ। ਜਿਸ ਮੁੰਡੇ ਨੇ ਅਜਿਹਾ ਕੀਤਾ ਉਸਨੂੰ ਲੱਭਿਆ ਜਾਵੇਗਾ।''

ਜਿਸ ਵੇਲੇ ਪੁਲਿਸ ਅਧਿਕਾਰੀ ਮੀਡੀਆ ਨਾਲ ਇਹ ਗੱਲਬਾਤ ਕਰ ਰਹੇ ਸਨ, ਉਨ੍ਹਾਂ ਦੇ ਨਾਲ ਖੜ੍ਹੇ ਕੁਝ ਵਿਦਿਆਰਥੀ ਕੈਮਰੇ 'ਤੇ ਹੀ ਇਹ ਇਲਜ਼ਾਮ ਲਗਾਉਂਦੇ ਸੁਣੇ ਜਾ ਸਕਦੇ ਹਨ ਕਿ 'ਕੁੜੀ ਗਾਇਬ ਹੈ'।

ਯੂਨੀਵਰਸਿਟੀ ਨੇ ਦੱਸਿਆ 'ਅਫਵਾਹ'

ਯੂਨੀਵਰਸਿਟੀ ਦੇ ਸਟੂਡੈਂਟ ਵੈਲਫੇਅਰ ਵਿੰਗ ਦੇ ਐਗਜ਼ੀਕਿਊਟਿਵ ਡੀਨ, ਡਾਕਟਰ ਸੌਰਭ ਲਖਨ ਪਾਲ
ਤਸਵੀਰ ਕੈਪਸ਼ਨ, ਯੂਨੀਵਰਸਿਟੀ ਦੇ ਸਟੂਡੈਂਟ ਵੈਲਫੇਅਰ ਵਿੰਗ ਦੇ ਐਗਜ਼ੀਕਿਊਟਿਵ ਡੀਨ, ਡਾਕਟਰ ਸੌਰਭ ਲਖਨ ਪਾਲ ਨੇ ਕਿਹਾ ''ਐੱਲਪੀਯੂ ਝੂਠੀਆਂ ਅਤੇ ਮਨਘੜਤ ਖ਼ਬਰਾਂ ਅਤੇ ਅਫਵਾਹਾਂ ਦਾ ਪੂਰੀ ਤਰ੍ਹਾਂ ਖੰਡਨ ਕਰਦੀ ਹੈ''

ਯੂਨੀਵਰਸਿਟੀ ਦੇ ਸਟੂਡੈਂਟ ਵੈਲਫੇਅਰ ਵਿੰਗ ਦੇ ਐਗਜ਼ੀਕਿਊਟਿਵ ਡੀਨ, ਡਾਕਟਰ ਸੌਰਭ ਲਖਨ ਪਾਲ ਨੇ ਯੂਨੀਵਰਸਿਟੀ ਵੱਲੋਂ ਜਾਰੀ ਅਧਿਕਾਰਿਤ ਬਿਆਨ ਵਿੱਚ ਕਿਹਾ ''ਐੱਲਪੀਯੂ ਝੂਠੀਆਂ ਅਤੇ ਮਨਘੜਤ ਖ਼ਬਰਾਂ ਅਤੇ ਅਫਵਾਹਾਂ ਦਾ ਪੂਰੀ ਤਰ੍ਹਾਂ ਖੰਡਨ ਕਰਦੀ ਹੈ।''

ਉਨ੍ਹਾਂ ਕਿਹਾ, ''ਯੂਨੀਵਰਸਿਟੀ ਦੇ ਧਿਆਨ ਵਿੱਚ ਆਇਆ ਕਿ ਕੁਝ ਅਸਮਾਜਿਕ ਤੱਤ ਸੋਸ਼ਲ ਮੀਡੀਆ 'ਤੇ ਝੂਠੀਆਂ ਅਤੇ ਬੇਬੁਨਿਆਦ ਅਫਵਾਹਾਂ ਫੈਲਾਅ ਰਹੇ ਹਨ। ਜਿਸ ਨਾਲ ਵਿਦਿਆਰਥੀਆਂ ਵਿੱਚ ਕਾਰਨ ਹੀ ਭਰਮ ਦੀ ਸਥਿਤੀ ਪੈਦਾ ਹੋ ਰਹੀ ਹੈ ਅਤੇ ਅਕੈਡਮਿਕ ਮਾਹੌਲ ਵੀ ਵਿਗੜ ਰਿਹਾ ਹੈ।''

''ਜਿਸ ਤਰ੍ਹਾਂ ਇਹ ਝੂਠੀ ਤੇ ਗੁਮਰਾਹਕੁੰਨ ਜਾਣਕਾਰੀ ਫੈਲਾਈ ਜਾ ਰਹੀ ਹੈ, ਲੱਗਦਾ ਹੈ ਕਿ ਯੂਨੀਵਰਸਿਟੀ ਦੀ ਛਵੀ ਨੂੰ ਢਾਹ ਲਾਉਣ ਦੀ ਸੋਚੀ-ਸਮਝੀ ਕੋਸ਼ਿਸ਼ ਹੈ।''

''ਯੂਨੀਵਰਸਿਟੀ ਸਪਸ਼ਟ ਕਰਦੀ ਹੈ ਕਿ ਇਨ੍ਹਾਂ ਸਾਰੀਆਂ ਅਫਵਾਹਾਂ 'ਚ ਕੋਈ ਸੱਚਾਈ ਨਹੀਂ ਹੈ। ਵਿਦਿਆਰਥੀਆਂ, ਅਧਿਆਪਕ, ਮਾਪਿਆਂ ਅਤੇ ਲੋਕਾਂ ਨੂੰ ਅਪੀਲ ਹੈ ਕਿ ਇਨ੍ਹਾਂ ਵਧਾਵਾ ਨਾ ਦਿਓ ਅਤੇ ਨਾ ਹੀ ਫੈਲਾਓ। ਯੂਨੀਵਰਸਿਟੀ ਦੁਆਰਾ ਦਿੱਤੀ ਗਈ ਅਧਿਕਾਰਿਤ ਜਾਣਕਾਰੀ 'ਤੇ ਹੀ ਭਰੋਸਾ ਕਰੋ।''

ਯੂਨੀਵਰਸਿਟੀ ਦੇ ਐਗਜ਼ੀਕਿਊਟਿਵ ਡੀਨ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਜਿਸ ਕੁੜੀ ਬਾਰੇ ਵਿਦਿਆਰਥੀ ਗੱਲ ਕਰ ਰਹੇ ਹਨ, ਉਸ ਦੀ ਕੋਈ ਜਾਣਕਾਰੀ ਨਹੀਂ ਦੇ ਰਹੇ ਕਿ ਉਹ ਕੌਣ ਹੈ।

ਉਨ੍ਹਾਂ ਕਿਹਾ, ''ਉਸਦਾ ਕੋਈ ਨਾਮ, ਰਜਿਸਟਰੇਸ਼ਨ ਨੰਬਰ, ਮਾਪੇ...ਕੁਝ ਤਾਂ ਹੋਵੇਗਾ। ਮੇਰੇ ਹਿਸਾਬ ਨਾਲ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਕਿ ਕੌਣ ਬੱਚੀ ਹੈ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)