'ਇਮਿਊਨ ਸਿਸਟਮ ਵਿੱਚ ਉਲਝਣ': ਵਧਦੀ ਉਮਰ 'ਚ ਕਿਵੇਂ ਹੋ ਸਕਦੀਆਂ ਹਨ ਐਲਰਜੀਆਂ, ਕੋਵਿਡ-19 ਨਾਲ ਸਬੰਧ ਬਾਰੇ ਕੀ ਦੱਸ ਰਹੇ ਮਾਹਰ

ਐਲਰਜੀ ਜ਼ਿੰਦਗੀ ਵਿੱਚ ਕਦੇ ਵੀ ਹੋ ਸਕਦੀ ਹੈ – ਕਈ ਵਾਰ ਤਾਂ ਵੱਡੇ ਹੋਣ ਤੋਂ ਬਾਅਦ ਵੀ
ਤਸਵੀਰ ਕੈਪਸ਼ਨ, ਐਲਰਜੀ ਜ਼ਿੰਦਗੀ ਵਿੱਚ ਕਦੇ ਵੀ ਹੋ ਸਕਦੀ ਹੈ – ਕਈ ਵਾਰ ਤਾਂ ਵੱਡੇ ਹੋਣ ਤੋਂ ਬਾਅਦ ਵੀ
    • ਲੇਖਕ, ਜੈਮੀ ਡੁਚਾਰਮ
    • ਰੋਲ, ਬੀਬੀਸੀ ਫਿਊਚਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਅਸੀਂ ਅਕਸਰ ਐਲਰਜੀ ਨੂੰ ਮਾੜੀ ਕਿਸਮਤ ਮੰਨਦੇ ਹਾਂ ਜੋ ਬਚਪਨ ਜਾਂ ਜਨਮ ਤੋਂ ਪਹਿਲਾਂ ਕਿਸੇ ਕਾਰਨ ਹੋਈ ਹੋ ਸਕਦੀ ਹੈ। ਪਰ ਐਲਰਜੀ ਦੇ ਜਾਣਕਾਰ ਡਾਕਟਰ ਕੈਲੀ ਕੋਲਾਸ ਕਹਿੰਦੇ ਹਨ ਕਿ "ਕੋਈ ਵੀ ਵਿਅਕਤੀ, ਆਪਣੀ ਜ਼ਿੰਦਗੀ ਵਿੱਚ ਕਦੇ ਵੀ, ਨਵੀਂ ਐਲਰਜੀ ਦਾ ਸ਼ਿਕਾਰ ਹੋ ਸਕਦਾ ਹੈ।"

ਐਲਰਜੀ ਜ਼ਿੰਦਗੀ ਵਿੱਚ ਕਦੇ ਵੀ ਹੋ ਸਕਦੀ ਹੈ – ਕਈ ਵਾਰ ਤਾਂ ਵੱਡੇ ਹੋਣ ਤੋਂ ਬਾਅਦ ਵੀ।

ਇਹ ਸਮੱਸਿਆਵਾਂ ਅਚਾਨਕ ਕਿਤੋਂ ਵੀ ਸਾਹਮਣੇ ਆ ਸਕਦੀਆਂ ਹਨ। ਪਰ ਜਿਵੇਂ-ਜਿਵੇਂ ਖੋਜਕਾਰ ਜਾਣਕਾਰੀ ਇਕੱਠੀ ਕਰ ਰਹੇ ਹਨ, ਉਨ੍ਹਾਂ ਨੂੰ ਨਵੀਂ ਐਲਰਜੀ ਹੋਣ ਦੇ ਕਈ ਅਜੀਬ ਅਤੇ ਹੈਰਾਨ ਕਰਨ ਵਾਲੇ ਕਾਰਨਾਂ ਬਾਰੇ ਪਤਾ ਲੱਗ ਰਿਹਾ ਹੈ – ਜਿਵੇਂ ਟਿੱਕ (ਪਿੱਸੂ ਜਾਂ ਚਿੱਚੜ) ਦੇ ਕੱਟਣ ਤੋਂ ਲੈ ਕੇ ਹਾਰਮੋਨ ਵਿੱਚ ਬਦਲਾਅ ਤੱਕ ਐਲਰਜੀ ਦਾ ਕਾਰਨ ਬਣ ਸਕਦੇ ਹਨ।

ਕੋਵਿਡ 'ਆਨ ਸਵਿੱਚ'

ਕੋਵਿਡ
ਤਸਵੀਰ ਕੈਪਸ਼ਨ, 2026 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਕੋਵਿਡ-19 ਹੋਣ ਨਾਲ ਐਲਰਜਿਕ ਰਾਈਨਾਈਟਿਸ (ਜਿਸ ਨੂੰ ਆਮ ਤੌਰ 'ਤੇ ਹੇਅ ਫੀਵਰ ਕਿਹਾ ਜਾਂਦਾ ਹੈ) ਅਤੇ ਅਸਥਮਾ ਹੋਣ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ

ਕੁਝ ਲੋਕ ਐਲਰਜੀ ਹੋਣ ਦੀ ਜੈਨੇਟਿਕ ਸੰਭਾਵਨਾ ਦੇ ਨਾਲ ਪੈਦਾ ਹੁੰਦੇ ਹਨ। ਪਰ ਇਲਿਨੌਇਸ ਵਿੱਚ ਨੌਰਥਵੈਸਟਰਨ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਫੂਡ ਐਲਰਜੀ ਐਂਡ ਅਸਥਮਾ ਰਿਸਰਚ ਦੇ ਡਾਇਰੈਕਟਰ ਰੁਚੀ ਗੁਪਤਾ ਕਹਿੰਦੇ ਹਨ, "ਇਹ ਸਭ ਕੁਝ ਸਿਰਫ਼ ਜੈਨੇਟਿਕਸ ਕਰਕੇ ਨਹੀਂ ਹੁੰਦਾ।" ਅਕਸਰ, "ਕੋਈ ਚੀਜ਼ ਇਸ ਨੂੰ ਸ਼ੁਰੂ ਕਰ ਦਿੰਦੀ ਹੈ।"

ਅਜਿਹਾ ਹੀ ਇੱਕ "ਆਨ ਸਵਿੱਚ" ਕੋਵਿਡ-19 ਹੈ, ਜੋ ਇਮਿਊਨ ਸਿਸਟਮ 'ਤੇ ਨਵੀਂ ਐਲਰਜੀ ਦੇ ਰੂਪ ਵਿੱਚ ਆਪਣੀ ਛਾਪ ਛੱਡ ਸਕਦਾ ਹੈ।

2026 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਕੋਵਿਡ-19 ਹੋਣ ਨਾਲ ਐਲਰਜਿਕ ਰਾਈਨਾਈਟਿਸ (ਜਿਸ ਨੂੰ ਆਮ ਤੌਰ 'ਤੇ ਹੇਅ ਫੀਵਰ ਕਿਹਾ ਜਾਂਦਾ ਹੈ) ਅਤੇ ਅਸਥਮਾ ਹੋਣ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ।

ਅਧਿਐਨ ਦੇ ਸਹਿ-ਲੇਖਕ ਅਤੇ ਸਵੀਡਨ ਦੇ ਕੈਰੋਲਿੰਸਕਾ ਇੰਸਟੀਚਿਊਟ ਵਿੱਚ ਡਰਮਾਟੋਲੋਜਿਸਟ ਫਿਲਿਪ ਕਰਮੈਨ ਦੱਸਦੇ ਹਨ, "ਇਨਫੈਕਸ਼ਨ ਨਾਲ ਖ਼ਤਰਾ ਵਧ ਗਿਆ ਅਤੇ ਵੈਕਸੀਨੇਸ਼ਨ ਨਾਲ ਖ਼ਤਰਾ ਘਟ ਗਿਆ।" ਕਰਮੈਨ ਦੱਸਦੇ ਹਨ ਕਿ ਕੋਵਿਡ-19 ਦੌਰਾਨ ਇਮਿਊਨ ਸਿਸਟਮ ਬੇਕਾਬੂ ਹੋ ਸਕਦਾ ਹੈ ਅਤੇ ਸੋਜਸ਼ ਵੱਧ ਸਕਦੀ ਹੈ – ਜਿਸ ਵਿੱਚ ਐਲਰਜੀ ਦੀ ਬਿਮਾਰੀ ਨਾਲ ਜੁੜੀ ਸੋਜਸ਼ ਵੀ ਸ਼ਾਮਿਲ ਹੈ।

ਪਿਛਲੇ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਰੈਸਪਿਰੇਟਰੀ ਸਿੰਸਿਸ਼ੀਅਲ ਵਾਇਰਸ (ਆਰਐੱਸਵੀ) – ਜੋ ਬਚਪਨ ਦੀ ਇੱਕ ਆਮ ਬਿਮਾਰੀ ਹੈ – ਅਤੇ ਰਾਈਨੋਵਾਇਰਸ (ਸਰਦੀ-ਜ਼ੁਕਾਮ ਕਰਨ ਵਾਲਾ ਵਾਇਰਸ) ਵੀ ਬੱਚਿਆਂ ਵਿੱਚ ਇਸੇ ਤਰ੍ਹਾਂ ਦਾ ਅਸਰ ਪਾ ਸਕਦੇ ਹਨ।

ਰੁਚੀ ਗੁਪਤਾ ਦੱਸਦੇ ਹਨ ਕਿ ਇਨ੍ਹਾਂ ਬਿਮਾਰੀਆਂ ਤੋਂ ਬਾਅਦ ਐਲਰਜੀ ਹੋਣਾ ਕਈ ਵਾਰ ਇੱਕ ਤਰ੍ਹਾਂ ਦਾ 'ਕੋਲੇਟਰਲ ਡੈਮੇਜ' (ਅਚਾਨਕ ਹੋਇਆ ਨੁਕਸਾਨ) ਹੁੰਦਾ ਹੈ – ਇਹ ਗਲਤ ਸਮੇਂ 'ਤੇ ਗਲਤ ਥਾਂ ਹੋਣ ਦੀ ਇੱਕ ਸਰੀਰਕ ਉਦਾਹਰਣ ਹੈ।

ਉਹ ਕਹਿੰਦੇ ਹਨ, "ਜੇ ਤੁਹਾਡਾ ਇਮਿਊਨ ਸਿਸਟਮ ਪਹਿਲਾਂ ਤੋਂ ਹੀ ਕਿਸੇ ਵਾਇਰਸ ਨਾਲ ਲੜਨ ਵਿੱਚ ਬਹੁ ਜ਼ਿਆਦਾ ਵਿਅਸਤ ਹੈ ਅਤੇ ਉਸੇ ਸਮੇਂ ਕੋਈ ਖ਼ਾਸ ਤਰ੍ਹਾਂ ਦਾ ਖਾਣਾ ਜਾਂ ਵਾਤਾਵਰਣ ਨਾਲ ਜੁੜੀ ਕੋਈ ਐਲਰਜੀ ਪੈਦਾ ਕਰਨ ਵਾਲੀ ਚੀਜ਼ (ਐਲਰਜਨ) ਸਰੀਰ ਵਿੱਚ ਆਉਂਦੀ ਹੈ, ਤਾਂ ਤੁਹਾਡਾ ਇਮਿਊਨ ਸਿਸਟਮ ਕੁਝ ਇਸ ਤਰ੍ਹਾਂ ਸੋਚਦਾ ਹੈ: 'ਅੱਛਾ, ਹੁਣ ਇਹ ਕੀ ਹੈ? ਇਨ੍ਹਾਂ ਸਾਰਿਆਂ ਨੂੰ ਖ਼ਤਮ ਕਰੋ ਬਸ।'"

ਇਮਿਊਨ ਸਿਸਟਮ ਵਿੱਚ ਉਲਝਣ

ਪ੍ਰੈਗਨੈਂਸੀ ਵੀ ਇਮਿਊਨ ਸਿਸਟਮ ਵਿੱਚ ਇੱਕ ਬਹੁਤ ਵੱਡਾ ਬਦਲਾਅ ਲਿਆਉਂਦੀ ਹੈ ਅਤੇ ਇਸ ਦਾ ਐਲਰਜੀ 'ਤੇ ਅਣਚਾਹੀਆ ਅਸਰ ਪੈ ਸਕਦਾ ਹੈ
ਤਸਵੀਰ ਕੈਪਸ਼ਨ, ਪ੍ਰੈਗਨੈਂਸੀ ਵੀ ਇਮਿਊਨ ਸਿਸਟਮ ਵਿੱਚ ਇੱਕ ਬਹੁਤ ਵੱਡਾ ਬਦਲਾਅ ਲਿਆਉਂਦੀ ਹੈ ਅਤੇ ਇਸ ਦਾ ਐਲਰਜੀ 'ਤੇ ਅਣਚਾਹੀਆ ਅਸਰ ਪੈ ਸਕਦਾ ਹੈ

ਅਜੀਬ ਗੱਲ ਹੈ ਕਿ ਕੁਝ ਆਮ ਬਿਮਾਰੀਆਂ ਦੇ ਇਲਾਜ ਦੇ ਵੀ ਅਜਿਹੇ ਹੀ ਅਣਚਾਹੇ ਅਸਰ ਹੋ ਸਕਦੇ ਹਨ। ਜਿਵੇਂ, ਐਂਟੀਬਾਇਓਟਿਕ ਦੀ ਵਰਤੋਂ ਦਾ ਸਬੰਧ ਬਾਅਦ ਵਿੱਚ ਐਲਰਜੀ ਹੋਣ ਦੇ ਖ਼ਤਰੇ ਨਾਲ ਜੋੜਿਆ ਗਿਆ ਹੈ।

ਗੁਪਤਾ, ਜਿਨ੍ਹਾਂ ਨੇ ਐਲਰਜੀ ਨੂੰ ਉਤਸਾਹਿਤ ਕਰਨ ਵਾਲੇ ਕਾਰਕਾਂ 'ਤੇ ਰਿਸਰਚ ਕੀਤੀ ਹੈ, ਕਹਿੰਦੇ ਹਨ ਕਿ ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ ਐਂਟੀਬਾਇਓਟਿਕ 'ਗਟ ਮਾਈਕ੍ਰੋਬਾਇਓਮ' (ਮਨੁੱਖ ਦੇ ਪਾਚਨ ਤੰਤਰ ਵਿੱਚ ਰਹਿਣ ਵਾਲੇ ਬੈਕਟੀਰੀਆ ਦਾ ਵੱਡਾ ਸਮੂਹ) ਦੇ ਨਾਜ਼ੁਕ ਸੰਤੁਲਨ ਨੂੰ ਵਿਗਾੜ ਦਿੰਦੇ ਹਨ।

ਵਿਗਿਆਨੀਆਂ ਨੂੰ ਹਾਲੇ ਗਟ ਮਾਈਕ੍ਰੋਬਾਇਓਮ ਬਾਰੇ ਬਹੁਤ ਕੁਝ ਜਾਣਨਾ ਬਾਕੀ ਹੈ, ਪਰ ਅਜਿਹਾ ਲੱਗਦਾ ਹੈ ਕਿ ਇਹ ਸਾਡੀ ਸਿਹਤ ਦੇ ਕਈ ਪੱਖਾਂ ਵਿੱਚ ਭੂਮਿਕਾ ਨਿਭਾਉਂਦਾ ਹੈ – ਜਿਸ ਵਿੱਚ ਇਮਿਊਨ ਸਿਸਟਮ ਦਾ ਕੰਮ ਕਰਨਾ ਵੀ ਸ਼ਾਮਿਲ ਹੈ। ਰੁਚੀ ਗੁਪਤਾ ਕਹਿੰਦੇ ਹਨ ਕਿ ਮਾਈਕ੍ਰੋਬਾਇਓਮ ਦੇ ਵਿਗੜਨ ਨਾਲ "ਇਮਿਊਨ ਸਿਸਟਮ ਵਿੱਚ ਉਲਝਣ" ਪੈਦਾ ਹੋ ਸਕਦੀ ਹੈ, ਜਿਸ ਨਾਲ ਅਜਿਹੀਆਂ ਚੀਜ਼ਾਂ ਜੋ ਅਸਲ ਵਿੱਚ ਨੁਕਸਾਨਦਾਇਕ ਨਹੀਂ ਹੁੰਦੀਆਂ, ਉਨ੍ਹਾਂ ਨੂੰ ਵੀ ਖ਼ਤਰਾ ਮੰਨ ਕੇ ਇਮਿਊਨ ਸਿਸਟਮ ਵੱਲੋਂ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਗਰਭ-ਅਵਸਥਾ ਦੌਰਾਨ ਐਲਰਜੀ ਦੇ ਇਲਾਜ ਲਈ ਜਾਣੀ ਜਾਂਦੀ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਵਿੱਚ ਐਲਰਜੀ ਸਬੰਧੀ ਮਾਹਿਰ ਕੋਲਾਸ ਕਹਿੰਦੇ ਹਨ ਕਿ ਪ੍ਰੈਗਨੈਂਸੀ ਵੀ ਇਮਿਊਨ ਸਿਸਟਮ ਵਿੱਚ ਇੱਕ ਬਹੁਤ ਵੱਡਾ ਬਦਲਾਅ ਲਿਆਉਂਦੀ ਹੈ ਅਤੇ ਇਸ ਦਾ ਐਲਰਜੀ 'ਤੇ ਅਣਚਾਹਿਆ ਅਸਰ ਪੈ ਸਕਦਾ ਹੈ।

ਕੋਲਾਸ ਕਹਿੰਦੇ ਹਨ ਕਿ ਜਿਨ੍ਹਾਂ ਮਹਿਲਾਵਾਂ ਨੂੰ ਪਹਿਲਾਂ ਤੋਂ ਹੀ ਵਾਤਾਵਰਣ ਨਾਲ ਜੁੜੀਆਂ ਐਲਰਜੀਆਂ ਹੁੰਦੀਆਂ ਹਨ, ਉਨ੍ਹਾਂ ਵਿੱਚੋਂ ਲਗਭਗ ਇੱਕ-ਤਿਹਾਈ ਮਹਿਲਾਵਾਂ ਵਿੱਚ ਗਰਬ-ਅਵਸਥਾ ਤੋਂ ਬਾਅਦ ਇਹ ਸਮੱਸਿਆ ਹੋਰ ਵਧ ਜਾਂਦੀ ਹੈ। ਇੱਕ ਸਥਿਤੀ "ਪ੍ਰੈਗਨੈਂਸੀ ਰਾਈਨਾਈਟਿਸ" ਵੀ ਹੁੰਦੀ ਹੈ, ਜਿਸ ਵਿੱਚ ਅਜਿਹੀ ਗਰਭਵਤੀ ਮਹਿਲਾ, ਜਿਸ ਨੂੰ ਪਹਿਲਾਂ ਕਦੇ ਐਲਰਜੀ ਨਹੀਂ ਹੋਈ ਸੀ, ਨੂੰ ਅਚਾਨਕ ਛਿੱਕਾਂ ਆਉਣਾ, ਨੱਕ ਬੰਦ ਹੋਣਾ ਅਤੇ ਨੱਕ ਵਗਣ ਵਰਗੇ ਲੱਛਣ ਦਿਖਾਈ ਦੇਣ ਲੱਗਦੇ ਹਨ।

ਕੋਲਾਸ ਕਹਿੰਦੇ ਹਨ ਕਿ ਪ੍ਰੈਗਨੈਂਸੀ ਰਾਈਨਾਈਟਿਸ ਸ਼ਾਇਦ ਅਸਲ ਐਲਰਜੀ ਨਹੀਂ ਹੈ, ਬਲਕਿ ਇੱਕ ਅਸਥਾਈ ਸਥਿਤੀ ਹੈ ਜਿਸ ਨਾਲ ਐਲਰਜੀ ਵਰਗੇ ਲੱਛਣ ਦਿਖਾਈ ਦਿੰਦੇ ਹਨ। (ਇਨ੍ਹਾਂ ਦੋਵਾਂ ਵਿੱਚ ਇੱਕ ਮੁੱਖ ਫ਼ਰਕ ਇਹ ਹੈ ਕਿ ਇਸਦੇ ਲੱਛਣ ਆਮ ਤੌਰ 'ਤੇ ਡਿਲਿਵਰੀ ਤੋਂ ਬਾਅਦ ਖ਼ਤਮ ਹੋ ਜਾਂਦੇ ਹਨ, ਹਮੇਸ਼ਾ ਲਈ ਨਹੀਂ ਰਹਿੰਦੇ।)

ਕੋਲਾਸ ਕਹਿੰਦੇ ਹਨ ਕਿ ਅਜਿਹਾ ਕਿਉਂ ਹੁੰਦਾ ਹੈ, ਇਸ ਬਾਰੇ "ਬਹੁਤ ਘੱਟ ਜਾਣਕਾਰੀ ਹੈ", ਪਰ ਅਜਿਹਾ ਲੱਗਦਾ ਹੈ ਕਿ ਇਹ ਹਾਰਮੋਨ ਵਿੱਚ ਹੋਣ ਵਾਲੇ ਉਤਾਰ-ਚੜ੍ਹਾਅ ਨਾਲ ਜੁੜਿਆ ਹੈ। ਆਖ਼ਰਕਾਰ, ਮਹਿਲਾਵਾਂ ਦੇ ਰਿਪ੍ਰੋਡਕਟਿਵ ਹਾਰਮੋਨ ਐਸਟ੍ਰੋਜਨ ਅਤੇ ਪ੍ਰੋਜੈਸਟੇਰੋਨ ਦਾ ਇਮਿਊਨ ਸਿਸਟਮ ਨਾਲ ਡੂੰਘਾ ਸਬੰਧ ਹੁੰਦਾ ਹੈ।

ਖੋਜ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਮੀਨੋਪੌਜ਼ (ਜਦੋਂ ਮਾਸਿਕ ਧਰਮ ਬੰਦ ਹੋ ਜਾਂਦਾ ਹੈ) ਤੋਂ ਬਾਅਦ ਮਹਿਲਾਵਾਂ ਨੂੰ ਨਵੀਂ ਐਲਰਜੀ ਹੋ ਸਕਦੀ ਹੈ, ਕਿਉਂਕਿ ਇਹ ਵੀ ਹਾਰਮੋਨ ਵਿੱਚ ਵੱਡੇ ਬਦਲਾਅ ਦਾ ਸਮਾਂ ਹੁੰਦਾ ਹੈ। ਕੋਲਾਸ ਕਹਿੰਦੇ ਹਨ, "ਇਹ ਹਾਰਮੋਨ ਕੁਝ ਵੀ ਕਰ ਸਕਦੇ ਹਨ।"

ਘਾਹ-ਫੂਸ ਵਿੱਚ ਲੁਕੀ ਐਲਰਜੀ

'ਲੋਨ ਸਟਾਰ ਟਿੱਕ' (ਇੱਕ ਕਿਸਮ ਦਾ ਕੀੜਾ ਜਾਂ ਚਿੱਚੜ ਜੋ ਮੂਲ ਰੂਪ ਵਿੱਚ ਉੱਤਰੀ ਅਮਰੀਕਾ ਦਾ ਹੈ, ਪਰ ਜਲਵਾਯੂ ਗਰਮ ਹੋਣ ਨਾਲ ਦੁਨੀਆ ਦੇ ਨਵੇਂ ਹਿੱਸਿਆਂ ਵਿੱਚ ਫੈਲ ਰਿਹਾ ਹੈ) ਦਾ ਕੱਟਣਾ ਵੀ ਐਲਰਜੀ ਦਾ ਇੱਕ ਹੈਰਾਨ ਕਰਨ ਵਾਲਾ ਕਾਰਨ ਹੋ ਸਕਦਾ ਹੈ – ਖ਼ਾਸ ਕਰਕੇ, ਇਸ ਨਾਲ ਰੈੱਡ ਮੀਟ ਤੋਂ ਐਲਰਜੀ ਹੋ ਸਕਦੀ ਹੈ।

2007 ਵਿੱਚ ਲੰਡਨ ਦੀ ਯਾਤਰਾ ਦੌਰਾਨ ਲੈਂਬ ਚੌਪਸ ਅਤੇ ਫ੍ਰੈਂਚ ਵਾਈਨ ਦਾ ਸ਼ਾਨਦਾਰ ਡਿਨਰ ਕਰਨ ਤੋਂ ਬਾਅਦ, ਥੌਮਸ ਪਲੈਟਸ-ਮਿਲਜ਼ ਸੌਂਣ ਲਈ ਆਪਣੇ ਹੋਟਲ ਵਾਪਸ ਆ ਗਏ। ਉਹ ਦੱਸਦੇ ਹਨ ਕਿ "ਮੈਂ ਸਵੇਰੇ 2:30 ਵਜੇ ਜਾਗਿਆ। 3:00 ਵਜੇ ਤੱਕ, ਮੇਰੇ ਸਰੀਰ 'ਤੇ ਧੱਫੜ ਪੈ ਗਏ ਸਨ।"

ਅਮਰੀਕਾ ਵਿੱਚ ਵਰਜੀਨੀਆ ਯੂਨੀਵਰਸਿਟੀ ਵਿੱਚ ਮੈਡੀਸਨ ਅਤੇ ਮਾਈਕ੍ਰੋਬਾਇਓਲੋਜੀ ਦੇ ਪ੍ਰੋਫੈਸਰ ਪਲੈਟਸ-ਮਿਲਜ਼, ਘਟਨਾਵਾਂ ਦੇ ਇਸ ਅਜੀਬ ਸਿਲਸਿਲੇ ਨੂੰ ਸਮਝਣ ਲਈ ਸਭ ਤੋਂ ਸਹੀ ਵਿਅਕਤੀ ਸਨ। ਯਾਤਰਾ ਦੇ ਸਮੇਂ, ਪਲੈਟਸ-ਮਿਲਜ਼ ਦੀ ਲੈਬ ਇੱਕ ਮੈਡੀਕਲ ਰਹੱਸ ਨੂੰ ਸੁਲਝਾਉਣ ਵਿੱਚ ਡੂੰਘਾਈ ਨਾਲ ਜੁਟੀ ਹੋਈ ਸੀ।

ਉਨ੍ਹਾਂ ਦੀ ਟੀਮ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਮਰੀਕਾ ਵਿੱਚ ਕਈ ਮਰੀਜ਼ਾਂ ਨੂੰ, ਜੋ ਸਾਲਾਂ ਤੋਂ ਸਭ ਕੁਝ (ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ) ਖਾਂਦੇ ਆ ਰਹੇ ਸਨ, ਅਚਾਨਕ ਰੈੱਡ ਮੀਟ ਤੋਂ ਐਲਰਜੀ ਕਿਉਂ ਹੋਣ ਲੱਗੀ।

ਉਦੋਂ ਤੱਕ, ਪਲੈਟਸ-ਮਿਲਜ਼ ਦੇ ਮਨ ਵਿੱਚ ਇੱਕ ਪਰਿਕਲਪਨਾ ਸੀ: ਇਹ ਅਜੀਬ ਐਲਰਜੀਆਂ ਟਿੱਕ (ਪਿੱਸੂ) ਦੇ ਕੱਟਣ ਤੋਂ ਬਾਅਦ ਹੁੰਦੀਆਂ ਦਿਖਾਈ ਦੇ ਰਹੀਆਂ ਸਨ। ਉਨ੍ਹਾਂ ਦੇ ਆਪਣੇ ਮਾਮਲੇ ਨੇ ਇਸ ਗੱਲ 'ਤੇ ਪੱਕੀ ਮੋਹਰ ਲਾ ਦਿੱਤੀ। ਕੁਝ ਮਹੀਨੇ ਪਹਿਲਾਂ ਹਾਈਕਿੰਗ ਦੌਰਾਨ ਪਲੈਟਸ-ਮਿਲਜ਼ ਨੂੰ ਲਾਰਵਾ ਵਾਲੇ ਪਿੱਸੂਆਂ ਨੇ ਕੱਟ ਲਿਆ ਸੀ। ਬਾਅਦ ਵਿੱਚ ਹੋਏ ਬਲੱਡ ਟੈਸਟ ਵਿੱਚ ਐਲਰਜੀ ਨਾਲ ਜੁੜੀਆਂ ਐਂਟੀਬਾਡੀਜ਼ ਦਾ ਲੈਵਲ ਬਹੁਤ ਜ਼ਿਆਦਾ ਪਾਇਆ ਗਿਆ। ਅਤੇ ਹੁਣ, ਲੈਂਬ (ਭੇੜ ਦੇ ਮੇਂਮਣੇ ਦੇ ਮਾਸ) ਦਾ ਡਿਨਰ ਕਰਨ ਤੋਂ ਬਾਅਦ ਉਨ੍ਹਾਂ ਦੇ ਸਰੀਰ 'ਤੇ ਧੱਫੜ ਪੈ ਗਏ ਸਨ।

'ਲੋਨ ਸਟਾਰ ਟਿੱਕ' ਜਾਂ ਚਿੱਚੜ ਦਾ ਕੱਟਣਾ ਵੀ ਐਲਰਜੀ ਦਾ ਇੱਕ ਹੈਰਾਨ ਕਰਨ ਵਾਲਾ ਕਾਰਨ ਹੋ ਸਕਦਾ ਹੈ – ਖ਼ਾਸ ਕਰਕੇ, ਇਸ ਨਾਲ ਰੈੱਡ ਮੀਟ ਤੋਂ ਐਲਰਜੀ ਹੋ ਸਕਦੀ ਹੈ
ਤਸਵੀਰ ਕੈਪਸ਼ਨ, 'ਲੋਨ ਸਟਾਰ ਟਿੱਕ' ਜਾਂ ਚਿੱਚੜ ਦਾ ਕੱਟਣਾ ਵੀ ਐਲਰਜੀ ਦਾ ਇੱਕ ਹੈਰਾਨ ਕਰਨ ਵਾਲਾ ਕਾਰਨ ਹੋ ਸਕਦਾ ਹੈ – ਖ਼ਾਸ ਕਰਕੇ, ਇਸ ਨਾਲ ਰੈੱਡ ਮੀਟ ਤੋਂ ਐਲਰਜੀ ਹੋ ਸਕਦੀ ਹੈ

ਪਲੈਟਸ-ਮਿਲਜ਼ ਨਾਲ ਵਾਪਰੀ ਇਸ ਬਦਕਿਸਮਤ ਘਟਨਾ ਨੇ ਉਨ੍ਹਾਂ ਦੀ ਟੀਮ ਨੂੰ ਉਸ ਸਥਿਤੀ ਨੂੰ ਪਰਿਭਾਸ਼ਿਤ ਕਰਨ ਵਿੱਚ ਮਦਦ ਕੀਤੀ, ਜਿਸ ਨੂੰ ਅੱਜ 'ਅਲਫ਼ਾ-ਗੈਲ ਸਿੰਡਰੋਮ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਟਿੱਕਾਂ ਜਾਂ ਚਿੱਚੜਾਂ ਜਾਂ ਪਿੱਸੂਆਂ ਦੀ ਲਾਰ ਵਿੱਚ 'ਅਲਫ਼ਾ-ਗੈਲ' ਨਾਮ ਦਾ ਸ਼ੂਗਰ ਮੌਲੀਕਿਊਲ ਹੋ ਸਕਦਾ ਹੈ, ਜੋ ਜ਼ਿਆਦਾਤਰ ਸਤਨਧਾਰੀ ਜੀਵਾਂ ਵਿੱਚ ਕੁਦਰਤੀ ਤੌਰ 'ਤੇ ਬਣਦਾ ਹੈ - ਜਿਨ੍ਹਾਂ ਵਿੱਚ ਉਹ ਜਾਨਵਰ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਅਸੀਂ ਖਾਂਦੇ ਹਾਂ। ਹਾਲਾਂਕਿ, ਪਲੈਟਸ-ਮਿਲਜ਼ ਦੱਸਦੇ ਹਨ ਕਿ ਇਨਸਾਨਾਂ ਨੇ "ਲਗਭਗ 1 ਕਰੋੜ ਸਾਲ ਪਹਿਲਾਂ ਇਹ ਸਮਰੱਥਾ ਗੁਆ ਦਿੱਤੀ ਸੀ।"

ਇਸ ਦਾ ਮਤਲਬ ਹੈ ਕਿ ਜਦੋਂ ਕੋਈ ਵਿਅਕਤੀ ਪਿੱਸੂ ਦੇ ਕੱਟਣ ਨਾਲ ਅਲਫ਼ਾ-ਗੈਲ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਉਸ ਦਾ ਇਮਿਊਨ ਸਿਸਟਮ ਇਸ ਨੂੰ ਖ਼ਤਰੇ ਦੇ ਤੌਰ 'ਤੇ ਦੇਖ ਸਕਦਾ ਹੈ ਅਤੇ ਉਸੇ ਅਨੁਸਾਰ ਪ੍ਰਤੀਕਿਰਿਆ ਕਰ ਸਕਦਾ ਹੈ। ਪਲੈਟਸ-ਮਿਲਜ਼ ਕਹਿੰਦੇ ਹਨ, "ਪ੍ਰਾਈਮੇਟ (ਇਨਸਾਨ ਅਤੇ ਬਾਂਦਰ ਵਰਗੇ ਜੀਵ) ਤੋਂ ਇਲਾਵਾ ਬਾਕੀ ਸਭ ਤੁਹਾਡੇ ਦੁਸ਼ਮਣ ਹਨ।"

ਜਦੋਂ ਉਹ ਵਿਅਕਤੀ ਦੁਬਾਰਾ ਅਲਫ਼ਾ-ਗੈਲ ਦੇ ਸੰਪਰਕ ਵਿੱਚ ਆਉਂਦਾ ਹੈ - ਸ਼ਾਇਦ ਕੋਈ ਹੈਮਬਰਗਰ ਖਾਂਦੇ ਸਮੇਂ - ਤਾਂ ਉਸ ਨੂੰ ਐਲਰਜੀ ਦੇ ਲੱਛਣ ਹੋ ਸਕਦੇ ਹਨ, ਜਿਵੇਂ ਧੱਫੜ ਪੈਣਾ, ਸੋਜਸ਼ ਅਤੇ ਪੇਟ ਨਾਲ ਜੁੜੀਆਂ ਤਕਲੀਫ਼ਾਂ।

ਅਮਰੀਕਾ ਵਿੱਚ ਅਲਫ਼ਾ-ਗੈਲ ਸਿੰਡਰੋਮ ਦੀ ਪਛਾਣ ਤੇਜ਼ੀ ਨਾਲ ਵਧ ਰਹੀ ਹੈ ਕਿਉਂਕਿ 'ਲੋਨ ਸਟਾਰ ਟਿੱਕ' (ਪਿੱਸੂ) ਦੇਸ਼ ਦੇ ਨਵੇਂ ਹਿੱਸਿਆਂ ਵਿੱਚ ਫੈਲ ਰਹੇ ਹਨ, ਜੋ ਦੱਖਣ-ਪੂਰਬ ਵਿੱਚ ਉਨ੍ਹਾਂ ਦੇ ਮੂਲ ਇਲਾਕੇ ਤੋਂ ਕਾਫ਼ੀ ਦੂਰ ਹਨ। ਸਰਕਾਰੀ ਅੰਕੜਿਆਂ ਅਨੁਸਾਰ, ਇਕੱਲੇ 2017 ਤੋਂ 2022 ਦੇ ਵਿਚਕਾਰ 90,000 ਤੋਂ ਵੱਧ ਲੋਕਾਂ ਵਿੱਚ ਇਸ ਦੀ ਪਛਾਣ ਹੋਈ।

ਕੀ ਅਚਾਨਕ ਹੋਣ ਵਾਲੀ ਐਲਰਜੀ ਦਾ ਕੋਈ ਇਲਾਜ ਹੈ?

ਐਲਰਜੀ ਉਦੋਂ ਹੁੰਦੀ ਹੈ ਜਦੋਂ ਸਰੀਰ ਕਿਸੇ ਅਜਿਹੀ ਚੀਜ਼ 'ਤੇ ਪ੍ਰਤੀਕਿਰਿਆ ਕਰਦਾ ਹੈ ਜੋ ਅਸਲ ਵਿੱਚ ਨੁਕਸਾਨਦਾਇਕ ਨਹੀਂ ਹੁੰਦੀ, ਪਰ ਸਰੀਰ ਉਸ ਨੂੰ ਖ਼ਤਰਨਾਕ ਬਾਹਰੀ ਹਮਲਾਵਰ ਮੰਨ ਕੇ ਐਂਟੀਬਾਡੀ ਬਣਾਉਣ ਲੱਗਦਾ ਹੈ
ਤਸਵੀਰ ਕੈਪਸ਼ਨ, ਐਲਰਜੀ ਉਦੋਂ ਹੁੰਦੀ ਹੈ ਜਦੋਂ ਸਰੀਰ ਕਿਸੇ ਅਜਿਹੀ ਚੀਜ਼ 'ਤੇ ਪ੍ਰਤੀਕਿਰਿਆ ਕਰਦਾ ਹੈ ਜੋ ਅਸਲ ਵਿੱਚ ਨੁਕਸਾਨਦਾਇਕ ਨਹੀਂ ਹੁੰਦੀ, ਪਰ ਸਰੀਰ ਉਸ ਨੂੰ ਖ਼ਤਰਨਾਕ ਬਾਹਰੀ ਹਮਲਾਵਰ ਮੰਨ ਕੇ ਐਂਟੀਬਾਡੀ ਬਣਾਉਣ ਲੱਗਦਾ ਹੈ

ਹਾਲਾਂਕਿ ਪ੍ਰੈਗਨੈਂਸੀ ਰਾਈਨਾਈਟਿਸ (ਗਰਭ-ਅਵਸਥਾ ਦੌਰਾਨ ਨੱਕ ਵਗਣ ਜਾਂ ਬੰਦ ਹੋਣ ਦੀ ਸਮੱਸਿਆ) ਆਮ ਤੌਰ 'ਤੇ ਬੱਚੇ ਦੇ ਜਨਮ ਤੋਂ ਬਾਅਦ ਠੀਕ ਹੋ ਜਾਂਦੀ ਹੈ, ਪਰ ਅਚਾਨਕ ਐਲਰਜੀ ਦਾ ਸ਼ਿਕਾਰ ਹੋਣ ਵਾਲੇ ਕਈ ਲੋਕ ਇੰਨੇ ਖੁਸ਼ਕਿਸਮਤ ਨਹੀਂ ਹੁੰਦੇ। ਭਾਵੇਂ ਇਹ ਕਿਸੇ ਬਿਮਾਰੀ ਤੋਂ ਬਾਅਦ ਹੋਵੇ, ਟਿੱਕ ਦੇ ਕੱਟਣ ਨਾਲ ਹੋਵੇ ਜਾਂ ਅਚਾਨਕ ਬਿਨ੍ਹਾਂ ਕਿਸੇ ਸਪਸ਼ਟ ਕਾਰਨ ਦੇ ਹੋਵੇ, ਨਵੀਂ ਐਲਰਜੀ ਹਮੇਸ਼ਾ ਲਈ ਬਣੀ ਰਹਿ ਸਕਦੀ ਹੈ।

ਭਾਵੇਂ ਤੁਹਾਨੂੰ (ਫੁੱਲਾਂ ਦੇ) ਪਰਾਗ ਤੋਂ ਐਲਰਜੀ ਹੋਵੇ ਜਾਂ ਮੂੰਗਫਲੀ ਤੋਂ, ਧੂੜ ਤੋਂ ਹੋਵੇ ਜਾਂ ਕੁੱਤਿਆਂ ਤੋਂ, ਇਸ ਦੇ ਪਿੱਛੇ ਇੱਕੋ ਆਮ ਪ੍ਰਕਿਰਿਆ ਕੰਮ ਕਰਦੀ ਹੈ।

ਐਲਰਜੀ ਉਦੋਂ ਹੁੰਦੀ ਹੈ ਜਦੋਂ ਸਰੀਰ ਕਿਸੇ ਅਜਿਹੀ ਚੀਜ਼ 'ਤੇ ਪ੍ਰਤੀਕਿਰਿਆ ਕਰਦਾ ਹੈ ਜੋ ਅਸਲ ਵਿੱਚ ਨੁਕਸਾਨਦਾਇਕ ਨਹੀਂ ਹੁੰਦੀ, ਪਰ ਸਰੀਰ ਉਸ ਨੂੰ ਖ਼ਤਰਨਾਕ ਬਾਹਰੀ ਹਮਲਾਵਰ ਮੰਨ ਕੇ ਐਂਟੀਬਾਡੀ (ਇੱਕ ਕਿਸਮ ਦਾ ਇਮਿਊਨ ਪ੍ਰੋਟੀਨ) ਬਣਾਉਣ ਲੱਗਦਾ ਹੈ।

ਜਦੋਂ ਇਮਿਊਨ ਸਿਸਟਮ ਐਕਟਿਵ ਹੋ ਜਾਂਦਾ ਹੈ, ਤਾਂ ਤੁਹਾਨੂੰ ਨੱਕ ਵਗਣ ਜਾਂ ਅੱਖਾਂ ਵਿੱਚ ਖੁਰਕ ਵਰਗੇ ਲੱਛਣ ਮਹਿਸੂਸ ਹੋ ਸਕਦੇ ਹਨ - ਜਾਂ ਗੰਭੀਰ ਮਾਮਲਿਆਂ ਵਿੱਚ, ਜਾਨਲੇਵਾ ਐਨਾਫ਼ਿਲੈਕਸਿਸ ਵੀ ਹੋ ਸਕਦਾ ਹੈ।

ਰੁਚੀ ਗੁਪਤਾ ਦੱਸਦੇ ਹਨ, "ਤੁਹਾਡਾ ਇਮਿਊਨ ਸਿਸਟਮ ਕਿਸੇ ਚੀਜ਼ ਨੂੰ ਨੁਕਸਾਨਦਾਇਕ ਮੰਨ ਕੇ ਉਸ ਦੇ ਖ਼ਿਲਾਫ਼ ਐਂਟੀਬਾਡੀ ਬਣਾ ਲੈਂਦਾ ਹੈ। ਹੁਣ, ਜਦੋਂ ਵੀ ਤੁਹਾਡਾ ਸਰੀਰ ਉਸ ਚੀਜ਼ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਇਮਿਊਨ ਸਿਸਟਮ ਉਸ 'ਤੇ ਹਮਲਾ ਕਰ ਦਿੰਦਾ ਹੈ।"

ਜਿਨ੍ਹਾਂ ਮਾਮਲਿਆਂ ਵਿੱਚ ਉਮਰ ਵਧਣ 'ਤੇ ਹੋਣ ਵਾਲੀ ਐਲਰਜੀ ਦਾ ਕੋਈ ਸੰਭਾਵਿਤ ਕਾਰਨ ਹੁੰਦਾ ਹੈ - ਜਿਵੇਂ ਕਿਸੇ ਬਿਮਾਰੀ ਨਾਲ ਜੁੜੀ ਸੋਜ ਜਾਂ ਐਂਟੀਬਾਇਓਟਿਕਸ ਦੇ ਕੋਰਸ ਤੋਂ ਬਾਅਦ ਗਟ ਮਾਈਕ੍ਰੋਬਾਇਓਮ ਵਿੱਚ ਬਦਲਾਅ - ਉੱਥੇ ਨੁਕਸਾਨ ਨੂੰ ਰੋਕਣ ਜਾਂ ਘੱਟੋ-ਘੱਟ ਅੰਸ਼ਕ ਤੌਰ 'ਤੇ ਠੀਕ ਕਰਨ ਦੇ ਤਰੀਕੇ ਮਿਲ ਸਕਦੇ ਹਨ।

ਮਿਸਾਲ ਵਜੋਂ, ਗੁਪਤਾ ਸਲਾਹ ਦਿੰਦੇ ਹਨ ਕਿ ਐਂਟੀਬਾਇਓਟਿਕਸ ਲੈਣ ਵਾਲੇ ਲੋਕ ਪ੍ਰੋਬਾਇਓਟਿਕਸ, ਪ੍ਰੀਬਾਇਓਟਿਕਸ, ਦਹੀਂ ਅਤੇ ਫਰਮੈਂਟੇਡ ਫੂਡ (ਖਮੀਰਿਆ ਹੋਇਆ ਖਾਣਾ) ਵੀ ਲੈਣ, ਕਿਉਂਕਿ ਇਹ ਸਾਰੇ ਗਟ ਮਾਈਕ੍ਰੋਬਾਇਓਮ ਦੀ ਸਿਹਤ ਅਤੇ ਵਿਭਿੰਨਤਾ ਨੂੰ ਬਣਾਈ ਰੱਖਣ ਵਿੱਚ ਮਦਦ ਕਰ ਸਕਦੇ ਹਨ।

ਖੋਜਕਾਰ, ਐਲਰਜੀ ਨਾਲ ਨਜਿੱਠਣ ਲਈ ਇਮਿਊਨ ਸਿਸਟਮ ਨੂੰ ਮੁੜ ਟ੍ਰੇਨ ਕਰਨ ਦੇ ਦੂਜੇ ਤਰੀਕਿਆਂ 'ਤੇ ਵੀ ਖੋਜ ਕਰ ਰਹੇ ਹਨ
ਤਸਵੀਰ ਕੈਪਸ਼ਨ, ਖੋਜਕਾਰ, ਐਲਰਜੀ ਨਾਲ ਨਜਿੱਠਣ ਲਈ ਇਮਿਊਨ ਸਿਸਟਮ ਨੂੰ ਮੁੜ ਟ੍ਰੇਨ ਕਰਨ ਦੇ ਦੂਜੇ ਤਰੀਕਿਆਂ 'ਤੇ ਵੀ ਖੋਜ ਕਰ ਰਹੇ ਹਨ

ਕਰਮੈਨ ਕਹਿੰਦੇ ਹਨ ਕਿ ਵਾਇਰਲ ਬਿਮਾਰੀ ਦੌਰਾਨ ਸੋਜਸ਼ ਨੂੰ ਬੇਕਾਬੂ ਹੋਣ ਤੋਂ ਰੋਕ ਕੇ ਐਲਰਜੀ ਵਰਗੀਆਂ ਬਾਅਦ ਦੀਆਂ ਸਮੱਸਿਆਵਾਂ ਨੂੰ ਵੀ ਰੋਕਿਆ ਜਾ ਸਕਦਾ ਹੈ। ਉਹ ਪੁੱਛਦੇ ਹਨ, "ਕੀ ਅਸੀਂ ਸ਼ੁਰੂਆਤੀ ਇਲਾਜ ਨਾਲ ਅਸਥਮਾ ਵਰਗੀਆਂ ਇਨ੍ਹਾਂ ਸੈਕੰਡਰੀ ਬਿਮਾਰੀਆਂ ਦੇ ਦੇ ਵਧਣ ਨੂੰ ਰੋਕ ਸਕਦੇ ਹਾਂ?" ਇਹ ਇੱਕ ਖੁੱਲ੍ਹਾ ਸਵਾਲ ਹੈ, ਪਰ ਇਸ 'ਤੇ ਹੋਰ ਖੋਜ ਕਰਨ ਦੀ ਲੋੜ ਹੈ।

ਆਮ ਤੌਰ 'ਤੇ, ਇਮਿਊਨ-ਮੋਡਿਊਲੇਟਿੰਗ ਦਵਾਈਆਂ ਨਵੀਆਂ ਅਤੇ ਪੁਰਾਣੀਆਂ ਦੋਵੇਂ ਤਰ੍ਹਾਂ ਦੀਆਂ ਐਲਰਜੀਆਂ ਨਾਲ ਪੀੜਤ ਲੋਕਾਂ ਲਈ ਉਮੀਦ ਜਗਾਉਣ ਵਾਲੀਆਂ ਹਨ।

ਜ਼ੋਲੇਅਰ ਇੱਕ ਅਜਿਹੀ ਦਵਾਈ ਹੈ ਜਿਸ ਦਾ ਇਸਤੇਮਾਲ ਦਹਾਕਿਆਂ ਤੋਂ ਅਸਥਮਾ ਦੇ ਇਲਾਜ ਲਈ ਕੀਤਾ ਜਾ ਰਿਹਾ ਹੈ ਅਤੇ ਹਾਲ ਹੀ ਵਿੱਚ ਇਹ ਭੋਜਨ ਸਬੰਧਿਤ ਐਲਰਜੀ ਦੇ ਰਿਐਕਸ਼ਨ ਨੂੰ ਕਾਬੂ ਕਰਨ ਵਿੱਚ ਅਸਰਦਾਰ ਸਾਬਿਤ ਹੋਈ ਹੈ।

ਇਹ ਦਵਾਈ ਇਮਿਊਨ ਸਿਸਟਮ ਨੂੰ ਟਾਰਗੇਟ ਕਰਦੀ ਹੈ ਅਤੇ ਉਸ ਨੂੰ ਬਹੁਤ ਜ਼ਿਆਦਾ ਹਮਲਾਵਰ ਪ੍ਰਤੀਕਿਰਿਆ ਦੇਣ ਤੋਂ ਰੋਕਦੀ ਹੈ, ਅਜਿਹੀ ਪ੍ਰਤੀਕਿਰਿਆ ਜੋ ਖ਼ਤਰਨਾਕ ਜਾਂ ਜਾਨਲੇਵਾ ਹੋ ਸਕਦੀ ਹੈ।

ਖੋਜਕਾਰ, ਐਲਰਜੀ ਨਾਲ ਨਜਿੱਠਣ ਲਈ ਇਮਿਊਨ ਸਿਸਟਮ ਨੂੰ ਮੁੜ ਟ੍ਰੇਨ ਕਰਨ ਦੇ ਦੂਜੇ ਤਰੀਕਿਆਂ 'ਤੇ ਵੀ ਖੋਜ ਕਰ ਰਹੇ ਹਨ। ਇਨ੍ਹਾਂ ਐਕਸਪੇਰੀਮੈਂਟਲ ਤਰੀਕਿਆਂ ਵਿੱਚ ਅਜਿਹੀਆਂ ਵੈਕਸੀਨਾਂ ਵੀ ਸ਼ਾਮਿਲ ਹਨ ਜੋ ਸਿਸਟਮ ਨੂੰ ਐਲਰਜਨ ਪ੍ਰਤੀ ਵਧੇਰੇ ਸੰਯਮਿਤ ਤਰੀਕੇ ਨਾਲ ਪ੍ਰਤੀਕਿਰਿਆ ਦੇਣਾ ਸਿਖਾ ਸਕਦੀਆਂ ਹਨ - ਠੀਕ ਉਸੇ ਤਰ੍ਹਾਂ ਜਿਵੇਂ ਵੈਕਸੀਨ ਸਰੀਰ ਨੂੰ ਬਿਨ੍ਹਾਂ ਕਿਸੇ ਗੜਬੜ ਦੇ ਵਾਇਰਸ ਨਾਲ ਲੜਨ ਲਈ ਤਿਆਰ ਕਰਦੀ ਹੈ - ਅਤੇ ਇੱਕ ਸਿੰਗਲ-ਡੋਜ਼ ਵਾਲਾ ਇਲਾਜ, ਜਿਸ ਦਾ ਮਕਸਦ ਸਰੀਰ ਨੂੰ ਸਿੱਧੇ ਤੌਰ 'ਤੇ ਐਲਰਜਨ-ਬਲਾਕਿੰਗ ਐਂਟੀਬਾਡੀ ਦੇਣਾ ਹੈ।

ਰੁਚੀ ਗੁਪਤਾ ਕਹਿੰਦੇ ਹਨ ਕਿ ਅਜੇ ਤੱਕ ਨਵੀਂ ਐਲਰਜੀ ਨੂੰ ਪੂਰੀ ਤਰ੍ਹਾਂ ਠੀਕ ਕਰਨ ਦਾ ਕੋਈ ਪੱਕਾ ਤਰੀਕਾ ਨਹੀਂ ਹੈ। ਪਰ ਭਵਿੱਖ ਤੋਂ ਉਮੀਦਾਂ ਕੀਤੀਆਂ ਜਾ ਸਕਦੀਆਂ ਹਨ।

ਉਹ ਕਹਿੰਦੇ ਹਨ, "ਮੈਂ 20 ਸਾਲਾਂ ਤੋਂ ਫੂਡ ਐਲਰਜੀ 'ਤੇ ਰਿਸਰਚ ਕਰ ਰਹੀ ਹਾਂ ਅਤੇ ਇੰਨੀ ਤਰੱਕੀ ਦੇਖਣਾ ਵਾਕਈ ਬਹੁਤ ਰੋਮਾਂਚਕ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)