ਇੱਕਲੇ ਸਫ਼ਰ ਕਰਨ ਵਾਲੀਆਂ ਮਹਿਲਾ ਯਾਤਰੀਆਂ ਲਈ ਦੁਨੀਆ ਦੇ 5 ਸਭ ਤੋਂ ਸੁਰੱਖਿਅਤ ਦੇਸ਼

    • ਲੇਖਕ, ਲਿੰਡਸੇ ਗੈਲੋਵੇ
    • ਰੋਲ, ਬੀਬੀਸੀ ਨਿਊਜ਼
  • ਪੜ੍ਹਨ ਦਾ ਸਮਾਂ: 6 ਮਿੰਟ

ਦੁਨੀਆ ਵਿੱਚ ਅਜਿਹੀਆਂ ਮਹਿਲਾਵਾਂ ਦੀ ਵੱਡੀ ਗਿਣਤੀ ਹੈ, ਜੋ ਇੱਕਲੇ ਯਾਤਰਾ ਕਰਨਾ ਜਾਂ ਘੁੰਮਣਾ ਪਸੰਦ ਕਰਦੀਆਂ ਹਨ। ਇਹ ਰੁਝਾਨ ਕਾਫ਼ੀ ਤੇਜ਼ੀ ਨਾਲ ਵਧ ਰਿਹਾ ਹੈ।

ਹੁਣ ਪਹਿਲਾਂ ਨਾਲੋਂ ਕਿਤੇ ਵੱਧ ਮਹਿਲਾਵਾਂ ਸੋਲੋ ਟ੍ਰੈਵਲ ਬਾਰੇ ਸਰਚ ਕਰਦੀਆਂ ਹਨ, ਜਾਣਕਾਰੀ ਪ੍ਰਾਪਤ ਕਰ ਰਹੀਆਂ ਹਨ। ਪਿਛਲੇ ਪੰਜ ਸਾਲਾਂ ਵਿੱਚ ਅਜਿਹੀ ਜਾਣਕਾਰੀ ਲੱਭਣ ਵਾਲੀਆਂ ਮਹਿਲਾਵਾਂ ਦੀ ਗਿਣਤੀ 30% ਵਧੀ ਹੈ।

ਮਹਿਲਾਵਾਂ ਸੋਲੋ ਟ੍ਰਿਪ ਦੀ ਯੋਜਨਾ ਬਣਾ ਰਹੀਆਂ ਹਨ, ਪਰ ਉਨ੍ਹਾਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਅਜੇ ਵੀ ਬਣੀਆਂ ਹੋਈਆਂ ਹਨ।

ਫ਼ਰਵਰੀ 2026 ਵਿੱਚ ਹੋਏ ਇੱਕ ਸਰਵੇਖਣ ਵਿੱਚ 59 ਫ਼ੀਸਦੀ ਮਹਿਲਾਵਾਂ ਨੇ ਕਿਹਾ ਕਿ ਰਾਤ ਨੂੰ ਇੱਕਲੇ ਤੁਰਨਾ ਉਨ੍ਹਾਂ ਨੂੰ ਸਭ ਤੋਂ ਵੱਧ ਅਸੁਰੱਖਿਅਤ ਲੱਗਦਾ ਹੈ।

ਮਹਿਲਾਵਾਂ, ਪੁਰਸ਼ਾਂ ਦੀ ਤੁਲਨਾ ਵਿੱਚ ਇਸ ਗੱਲ ਨੂੰ ਵਧੇਰੇ ਕਾਰਨ ਦੱਸਦੀਆਂ ਹਨ ਕਿ ਉਨ੍ਹਾਂ ਨੇ ਅਜੇ ਤੱਕ ਇੱਕਲੇ ਯਾਤਰਾ ਇਸ ਲਈ ਨਹੀਂ ਕੀਤੀ ਹੈ ਕਿਉਂਕਿ ਉਨ੍ਹਾਂ ਨੂੰ ਸੁਰੱਖਿਆ ਦੀ ਚਿੰਤਾ ਰਹਿੰਦੀ ਹੈ।

ਅਜਿਹੇ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ ਦੁਨੀਆ ਵਿੱਚ ਕਿਹੜੇ ਅਜਿਹੇ ਦੇਸ਼ ਹਨ, ਜਿੱਥੇ ਮਹਿਲਾਵਾਂ ਇੱਕਲੇ ਯਾਤਰਾ ਕਰਨ ਵੇਲੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਦੀਆਂ ਹਨ।

ਹਾਲਾਂਕਿ, ਅਜਿਹੀ ਕੋਈ ਇੱਕ ਵਿਸ਼ਵ ਪੱਧਰੀ ਸੂਚੀ ਨਹੀਂ ਹੈ ਜੋ ਦੱਸੇ ਕਿ ਮਹਿਲਾਵਾਂ ਲਈ ਇੱਕਲੇ ਯਾਤਰਾ ਕਰਨ ਦੇ ਲਿਹਾਜ਼ ਨਾਲ ਕਿਹੜਾ ਦੇਸ਼ ਕਿੰਨਾ ਸੁਰੱਖਿਅਤ ਹੈ।

ਇਸ ਨੂੰ ਧਿਆਨ ਵਿੱਚ ਰੱਖਦਿਆਂ ਬੀਬੀਸੀ ਨੇ ਜਾਰਜਟਾਊਨ ਯੂਨੀਵਰਸਿਟੀ ਦੇ ਵੁਮੈਨ, ਪੀਸ ਐਂਡ ਸਿਕਿਊਰਿਟੀ (ਡਬਲਯੂਪੀਐਸ) ਇੰਡੈਕਸ ਅਤੇ ਗਲੋਬਲ ਪੀਸ ਇੰਡੈਕਸ ਦਾ ਅਧਿਐਨ ਕੀਤਾ। ਨਾਲ ਹੀ ਉਨ੍ਹਾਂ ਮਹਿਲਾਵਾਂ ਨਾਲ ਗੱਲਬਾਤ ਕੀਤੀ ਜੋ ਇੱਕਲੇ ਯਾਤਰਾ ਕਰਦੀਆਂ ਹਨ।

ਇਸ ਵਿੱਚ ਅਜਿਹੇ ਪੰਜ ਦੇਸ਼ ਸਾਹਮਣੇ ਆਏ ਹਨ, ਜਿੱਥੇ ਇਕੱਲੀਆਂ ਮਹਿਲਾਵਾਂ ਯਾਤਰਾ ਕਰਨ ਵੇਲੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਦੀਆਂ ਹਨ।

ਕੋਸਟਾ ਰੀਕਾ

ਮੱਧ ਅਮਰੀਕਾ ਵਿੱਚ ਸਥਿਤ ਕੋਸਟਾ ਰੀਕਾ ਹਾਲ ਹੀ ਵਿੱਚ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ ਵਿੱਚ ਸ਼ਾਮਲ ਹੋਇਆ ਹੈ।

ਡਬਲਯੂਪੀਐਸ ਇੰਡੈਕਸ ਵਿੱਚ ਇਸਦੀ ਰੈਂਕਿੰਗ 34 ਹੈ, ਜੋ ਕਿ ਪਹਿਲਾਂ 60 ਸੀ। ਇਹ ਤਬਦੀਲੀ ਮਹਿਲਾਵਾਂ ਦੀ ਸ਼ਮੂਲੀਅਤ ਅਤੇ ਸੁਰੱਖਿਆ ਵਿੱਚ ਵਿਆਪਕ ਪ੍ਰਗਤੀ ਨੂੰ ਦਰਸਾਉਂਦੀ ਹੈ। ਨਾਲ ਹੀ ਇੱਥੇ ਡਿਜ਼ਿਟਲ ਨੋਮੈਡ ਵੀਜ਼ਾ ਨਾਲ ਆਕਰਸ਼ਿਤ ਹੋਕੇ ਆਉਣ ਵਾਲੇ ਰੀਮੋਟ ਵਰਕਰਾਂ ਦੀ ਸੰਖਿਆ ਵੀ ਵਧੀ ਹੈ।

ਇਸਨੂੰ 'ਰਿਮੋਟ ਵਰਕ ਵੀਜ਼ਾ' ਵੀ ਕਿਹਾ ਜਾਂਦਾ ਹੈ, ਜੋ ਰਿਮੋਟ ਵਰਕਰਾਂ (ਦੂਰ ਵੱਸਦੇ ਕਰਮਚਾਰੀਆਂ) ਨੂੰ ਕਿਸੇ ਹੋਰ ਦੇਸ਼ ਵਿੱਚ ਰਹਿੰਦੇ ਹੋਏ ਆਪਣੀ ਕੰਪਨੀ ਜਾਂ ਕਲਾਇੰਟਸ ਲਈ ਆਨਲਾਈਨ ਕੰਮ ਕਰਨ ਦੀ ਕਾਨੂੰਨੀ ਇਜਾਜ਼ਤ ਦਿੰਦਾ ਹੈ।

ਟ੍ਰੈਵਲ ਏਜੰਟ ਮੌਲੀ ਗੈਨਨ ਕਹਿੰਦੇ ਹਨ, "ਕੋਸਟਾ ਰੀਕਾ ਦੁਨੀਆ ਦੇ ਉਨ੍ਹਾਂ ਸਥਾਨਾਂ ਵਿੱਚੋਂ ਇੱਕ ਹੈ ਜਿੱਥੇ ਇੱਕਲੀ ਮਹਿਲਾ ਲਈ ਅਣਜਾਣ ਲੋਕਾਂ ਨਾਲ ਮਿਲਣਾ-ਜੁਲਣਾ ਸਭ ਤੋਂ ਆਸਾਨ ਹੈ।"

ਸੈਂਟਾ ਟੇਰੇਸਾ ਅਤੇ ਨੋਸੇਰਾ ਵਰਗੇ ਕਸਬਿਆਂ ਵਿੱਚ ਸਰਫ਼ਿੰਗ, ਯੋਗ, ਕੈਫੇ ਅਤੇ ਬੀਚ 'ਤੇ ਟਹਿਲਦੇ ਹੋਏ ਲੋਕ ਆਸਾਨੀ ਨਾਲ ਗੱਲਬਾਤ ਕਰ ਲੈਂਦੇ ਹਨ।

ਇੱਥੇ ਘੁੰਮਕੇ ਆਏ ਐਸ਼ਲੀ ਹੰਟਰ ਕਹਿੰਦੇ ਹਨ, "ਸਮੁੰਦਰ ਕਿਨਾਰੇ ਦੀ ਸ਼ਾਂਤੀ ਅਤੇ ਮਾਹੌਲ ਮੇਰੇ ਲਈ ਇੱਕ ਨਵਾਂ ਤਜਰਬਾ ਸੀ। ਦਿਨ ਵਿੱਚ ਫੋਟੋ ਖਿੱਚਦੀ, ਮੀਂਹ ਆਉਣ 'ਤੇ ਕਿਸੇ ਸ਼ਾਂਤ ਜਗ੍ਹਾ ਬੈਠ ਕੇ ਸਨੈਕਸ ਖਾਂਦੀ ਅਤੇ ਸਕੈਚ ਬਣਾਉਂਦੀ ਸੀ।"

ਐਸਟੋਨੀਆ

ਐਸਟੋਨੀਆ ਡਬਲਯੂਪੀਐਸ ਇੰਡੈਕਸ ਵਿੱਚ 11ਵੇਂ ਸਥਾਨ 'ਤੇ ਹੈ, ਜੋ ਇਸਦੀ ਹੁਣ ਤੱਕ ਦੀ ਸਭ ਤੋਂ ਵਧੀਆ ਰੈਂਕਿੰਗ ਹੈ।

ਮਹਿਲਾਵਾਂ ਦੀ ਸਿਹਤ, ਆਰਥਿਕ ਭਾਗੀਦਾਰੀ ਅਤੇ ਭਾਈਚਾਰਕ ਸੁਰੱਖਿਆ ਦੇ ਲਿਹਾਜ਼ ਨਾਲ ਇਹ ਇੱਕ ਚੰਗਾ ਦੇਸ਼ ਹੈ। ਗਲੋਬਲ ਪੀਸ ਇੰਡੈਕਸ ਵਿੱਚ ਐਸਟੋਨੀਆ 24ਵੇਂ ਸਥਾਨ 'ਤੇ ਹੈ।

ਬਲੌਗਰ ਵੈਰੋਨਿਕਾ ਰੋਮੇਨੇ ਕਹਿੰਦੇ ਹਨ, "ਐਸਟੋਨੀਆ ਵਿੱਚ ਮੈਨੂੰ ਕਦੇ ਅਸੁਰੱਖਿਅਤ ਮਹਿਸੂਸ ਨਹੀਂ ਹੋਇਆ।"

ਟਾਲਿਨ ਇੱਥੋਂ ਦੀ ਰਾਜਧਾਨੀ ਹੈ, ਜਿੱਥੋਂ ਦਾ ਯੂਨੇਸਕੋ-ਸੂਚੀਬੱਧ ਓਲਡ ਟਾਊਨ ਸੋਲੋ ਟ੍ਰੈਵਲ ਸ਼ੁਰੂ ਕਰਨ ਲਈ ਬਿਲਕੁਲ ਉਚਿਤ ਸਥਾਨ ਹੈ।

ਰੋਮੇਨੇ ਦੱਸਦੇ ਹਨ ਕਿ ''ਇੱਥੇ ਕੰਕੜ-ਪੱਥਰ ਵਾਲੀਆਂ ਗਲੀਆਂ ਹਨ, ਛੋਟੀਆਂ ਦੁਕਾਨਾਂ ਵਿੱਚ ਰਵਾਇਤੀ ਸਮਾਨ ਅਤੇ ਖਾਣਾ ਮਿਲਦਾ ਹੈ।''

''ਆਰਟ ਸੀਨ ਅਤੇ ਟਾਲਿਨ ਦੀਆਂ ਪੁਰਾਣੀਆਂ ਗਲੀਆਂ ਦਾ ਇਤਿਹਾਸ।. ਮੈਨੂੰ ਇੱਕਲੇ ਘੁੰਮਦਿਆਂ ਪੂਰੀ ਤਰ੍ਹਾਂ ਸਹਿਜ ਮਹਿਸੂਸ ਹੋਇਆ।''

ਰਾਜਧਾਨੀ ਟਾਲਿਨ ਤੋਂ ਪੱਛਮ ਵੱਲ ਤਬਸਾਲੁ ਨੇਚਰ ਪਾਰਕ ਹੈ।

ਰੋਮੇਨੇ ਕਹਿੰਦੇ ਹਨ, "ਇੱਥੇ ਇੱਕਲੇ ਘੁੰਮਣਾ ਬਹੁਤ ਸੁਕੂਨ ਭਰਿਆ ਸੀ। ਲੋਕ ਬਹੁਤ ਚੰਗੇ ਅਤੇ ਸਵਾਗਤ ਕਰਨ ਵਾਲੇ ਸੁਭਾਅ ਦੇ ਸਨ।"

ਵਿਅਤਨਾਮ

ਗਲੋਬਲ ਪੀਸ ਇੰਡੈਕਸ ਵਿੱਚ ਵਿਅਤਨਾਮ 38ਵੇਂ ਸਥਾਨ 'ਤੇ ਹੈ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਸਭ ਤੋਂ ਸਿਖਰਲੇ ਦੇਸ਼ਾਂ ਵਿੱਚ ਸ਼ਾਮਲ ਹੈ। ਡਬਲਯੂਪੀਐਸ ਇੰਡੈਕਸ ਵਿੱਚ ਵੀ ਇਹ ਆਪਣੇ ਗੁਆਂਢੀ ਦੇਸ਼ਾਂ ਨਾਲੋਂ ਬਿਹਤਰ ਹੈ।

ਪਿਛਲੇ ਸਾਲ ਇੱਥੇ ਘੁੰਮਣ ਆਏ ਮੌਲੀ ਗੈਨਨ ਕਹਿੰਦੇ ਹਨ, "ਇੱਥੇ ਰੋਜ਼ਾਨਾ ਦੀ ਗੱਲਬਾਤ ਬਹੁਤ ਗਰਮਜੋਸ਼ੀ ਨਾਲ ਹੁੰਦੀ ਹੈ। ਕੈਫੇ ਮਾਲਕ ਨਾਲ ਗੱਲ ਕਰਨੀ, ਸਟ੍ਰੀਟ ਫੂਡ ਵੇਚਣ ਵਾਲਿਆਂ ਨਾਲ ਬੈਠਣਾ ਜਾਂ ਬੱਸ ਵਿੱਚ ਸਫ਼ਰ ਕਰਨਾ - ਤੁਸੀਂ ਹਰ ਜਗ੍ਹਾ ਸੋਸ਼ਲ ਹੋ ਸਕਦੇ ਹੋ।"

ਲੇਖਕਾ ਟ੍ਰੇਸੀ ਸਮਿਥ ਕਹਿੰਦੇ ਹਨ, "ਮੈਂ ਕਈ ਵਾਰ ਵੀਅਤਨਾਮ ਗਈ ਹਾਂ। ਸਾਪਾ ਵਿੱਚ ਟ੍ਰੈਕਿੰਗ ਕੀਤੀ, ਮੇਕਾਂਗ ਡੈਲਟਾ ਵਿੱਚ ਹੋਮਸਟੇ ਕੀਤਾ ਅਤੇ ਟੇਟ ਫੈਸਟੀਵਲ ਸਥਾਨਕ ਪਰਿਵਾਰ ਨਾਲ ਮਨਾਇਆ। ਹਰ ਵਾਰ ਮੈਨੂੰ ਸੁਰੱਖਿਅਤ ਅਤੇ ਵੈਲਕਮਿੰਗ ਮਹਿਸੂਸ ਹੋਇਆ।"

ਟ੍ਰੇਸੀ ਸਲਾਹ ਦਿੰਦੇ ਹਨ ਕਿ ਸਿਰਫ਼ ਉਨ੍ਹਾਂ ਥਾਵਾਂ 'ਤੇ ਨਾ ਜਾਓ ਜੋ ਤੁਹਾਡੀ ਚੈਕਲਿਸਟ ਦਾ ਹਿੱਸਾ ਹਨ, ਬਲਕਿ ਸਥਾਨਕ ਗਾਈਡ ਨਾਲ ਕੋ-ਅਰਡੀਨੇਟ ਕਰੋ, ਹੋਮਸਟੇ ਵਿੱਚ ਰਹੋ ਅਤੇ ਸਲੋ ਟ੍ਰੈਵਲ ਦਾ ਮਜ਼ਾ ਲਵੋ।

ਉਰੂਗਵੇ

ਇਸ ਸਾਲ ਦੇ ਡਬਲਯੂਪੀਐਸ ਇੰਡੈਕਸ ਵਿੱਚ ਉਰੂਗਵੇ ਨੇ ਵੱਡੀ ਛਾਲ ਮਾਰੀ ਹੈ। ਇਹ ਪਹਿਲਾਂ 59ਵੇਂ ਸਥਾਨ 'ਤੇ ਸੀ, ਜੋ ਹੁਣ 35ਵੇਂ ਸਥਾਨ 'ਤੇ ਪਹੁੰਚ ਗਿਆ ਹੈ।

ਇਸਦਾ ਕਾਰਨ ਹੈ ਨਿਆਂ ਅਤੇ ਸੁਰੱਖਿਆ ਦੇ ਖੇਤਰ ਵਿੱਚ ਇਸ ਦੇਸ਼ ਦਾ ਵਧੀਆ ਪ੍ਰਦਰਸ਼ਨ, ਖ਼ਾਸ ਕਰਕੇ ਮਹਿਲਾਵਾਂ ਦੇ ਖ਼ਿਲਾਫ਼ ਹਿੰਸਾ ਦੀ ਦਰ ਘੱਟ ਹੋਈ ਹੈ।

ਗਲੋਬਲ ਪੀਸ ਇੰਡੈਕਸ ਵਿੱਚ ਇਹ ਦੱਖਣੀ ਅਮਰੀਕਾ ਦਾ ਦੂਜਾ ਸਭ ਤੋਂ ਸ਼ਾਂਤ ਦੇਸ਼ ਹੈ (ਪਹਿਲਾ ਅਰਜਨਟੀਨਾ ਹੈ)।

ਕਲਾਉਡੀਆ ਤਵਾਨੀ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਆਪਣੇ ਬਲੌਗ ਵਿੱਚ ਲਿਖਿਆ, "ਉਰੂਗਵੇ ਬਹੁਤ ਸ਼ਾਂਤ ਹੈ ਅਤੇ ਲੋਕ ਬਹੁਤ ਵਧੀਆ ਤਰੀਕੇ ਨਾਲ ਸਵਾਗਤ ਕਰਦੇ ਹਨ। ਮੈਂ ਮਾਰਚ ਵਿੱਚ ਗਈ ਸੀ, ਜਦੋਂ ਸੈਲਾਨੀ ਘੱਟ ਸਨ। ਮੈਨੂੰ ਕਈ ਸਥਾਨਕ ਲੋਕ ਮਿਲੇ ਜੋ ਚੰਗੀ ਤਰ੍ਹਾਂ ਗੱਲਬਾਤ ਕਰਦੇ ਸਨ। ਆਪਣੇ ਦੇਸ਼, ਇਤਿਹਾਸ ਅਤੇ ਸਭਿਆਚਾਰ ਦੀਆਂ ਕਹਾਣੀਆਂ ਵੀ ਸਾਂਝੀਆਂ ਕਰਨ ਲਈ ਤਿਆਰ ਰਹਿੰਦੇ ਸਨ।"

ਦੱਖਣ-ਪੱਛਮੀ ਉਰੂਗਵੇ ਦਾ ਕੋਲੋਨੀਆ ਡੇਲ ਸੈਕ੍ਰਾਮੈਂਟੋ ਘੁੰਮਣ ਦੇ ਲਿਹਾਜ਼ ਨਾਲ ਇੱਕ ਵਧੀਆ ਸਥਾਨ ਹੈ। ਇਸ ਤੋਂ ਇਲਾਵਾ, ਬਾਰਿਓ ਹਿਸਟੋਰਿਕੋ ਹੈ, ਜਿੱਥੇ ਦੇਸ਼ ਦੇ ਕਈ ਦੇਖਣ ਲਾਇਕ ਸਥਾਨ ਹਨ।

ਤਵਾਨੀ ਇਸ ਇਲਾਕੇ ਬਾਰੇ ਕਹਿੰਦੇ ਹਨ ਕਿ "ਇਹ ਪੱਥਰਾਂ ਵਾਲੀਆਂ ਗਲੀਆਂ ਦਾ ਜਾਲ ਹੈ, ਚਿੱਟੇ ਰੰਗ ਦੀਆਂ ਕੰਧਾਂ ਅਤੇ ਰੰਗ-ਬਿਰੰਗੇ ਫੁੱਲ ਸੜਕਾਂ 'ਤੇ ਦਿਖਾਈ ਦਿੰਦੇ ਹਨ। ਵਿਂਟੇਜ ਕਾਰਾਂ ਇਸਨੂੰ ਹੋਰ ਵੀ ਖ਼ਾਸ ਬਣਾਉਂਦੀਆਂ ਹਨ।"

ਨਾਰਵੇ

ਡਬਲਯੂਪੀਐਸ ਇੰਡੈਕਸ ਵਿੱਚ ਨਾਰਵੇ ਤੀਸਰੇ ਸਥਾਨ 'ਤੇ ਹੈ। ਇਸ ਦੇਸ਼ ਨੇ ਭਲਾਈ ਯੋਜਨਾਵਾਂ, ਬਰਾਬਰ ਤਨਖਾਹ ਅਤੇ ਭਾਈਚਾਰਕ ਸੁਰੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਸਾਲ 2017 ਤੋਂ ਇਹ ਹਮੇਸ਼ਾਂ ਸਿਖਰਲੇ ਤਿੰਨ ਵਿੱਚ ਰਿਹਾ ਹੈ। ਇੱਥੋਂ ਦੀ ਮਜ਼ਬੂਤ ਸਮਾਜਿਕ ਸੁਰੱਖਿਆ ਪ੍ਰਣਾਲੀ ਮਹਿਲਾਵਾਂ ਨੂੰ ਕੰਮ ਅਤੇ ਸਰਕਾਰ ਵਿੱਚ ਸਰਗਰਮ ਭਾਗੀਦਾਰੀ ਦਾ ਮੌਕਾ ਦਿੰਦੀ ਹੈ।

ਇਕੱਲੀਆਂ ਮਹਿਲਾ ਯਾਤਰੀਆਂ ਲਈ ਇੱਥੋਂ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਸੁਰੱਖਿਆ ਅਤੇ ਕੁਦਰਤ ਦੇ ਸੁੰਦਰ ਨਜ਼ਾਰੇ।

ਯਾਤਰੀ ਜੈਨਿਸ ਲਿੰਟਜ਼ ਕਹਿੰਦੇ ਹਨ, "ਇੱਥੇ ਇਕੱਲੇ ਯਾਤਰਾ ਕਰਨਾ ਬਹੁਤ ਸੌਖਾ ਸੀ। ਮੇਰੀ ਕਰੂਜ਼ ਯਾਤਰਾ ਸਭ ਤੋਂ ਸ਼ਾਨਦਾਰ ਤਜ਼ਰਬਿਆਂ ਵਿੱਚੋਂ ਇੱਕ ਸੀ। ਅਸੀਂ ਸੀਲ, ਵਾਲਰਸ, ਆਰਕਟਿਕ ਲੂੰਬੜੀਆਂ ਅਤੇ ਰੈਂਡੀਅਰ ਦੇਖੇ।"

ਟ੍ਰੈਵਲ ਫੋਟੋਗ੍ਰਾਫੀ ਕਲੱਬ 'ਦਿ ਵੈਂਡਰਿੰਗ ਲੈਂਸ' ਦੇ ਸੰਸਥਾਪਕ ਲੀਜ਼ਾ ਮਿਸ਼ੇਲ ਬਰਨਜ਼ ਕਹਿੰਦੇ ਹਨ, "ਮੈਂ ਨਾਰਵੇ ਵਿੱਚ ਸੁਰੱਖਿਅਤ ਮਹਿਸੂਸ ਕੀਤਾ, ਇੱਥੋਂ ਤੱਕ ਕਿ ਮੈਂ ਰਾਤ ਨੂੰ ਬ ਹਰ ਜਾਕੇ ਅਸਮਾਨ ਦੀਆਂ ਫੋਟੋਆਂ ਵੀ ਖਿੱਚੀਆਂ।

ਉਹ ਦੋ ਵਾਰ ਇਕੱਲੇ ਨਾਰਵੇ ਗਏ ਹਨ। ਬਰਨਜ਼ ਨੇ ਉੱਥੋਂ ਦੇ ਆਰਾਮਦਾਇਕ ਹੋਟਲਾਂ ਦੀ ਵੀ ਪ੍ਰਸ਼ੰਸਾ ਕੀਤੀ।

ਉਨ੍ਹਾਂ ਕਿਹਾ, "ਮੈਂ ਹਮੇਸ਼ਾ ਨਾਰਵੇ ਵਾਪਸ ਜਾਣਾ ਚਾਹਾਂਗੀ, ਕਿਉਂਕਿ ਮੈਨੂੰ *ਰੋਰਬੁਏ* (ਪੁਰਾਣੇ ਮਛੇਰਿਆਂ ਦੇ ਘਰ ਜੋ ਹੁਣ ਕੈਬਿਨ ਵਿੱਚ ਬਦਲ ਦਿੱਤੇ ਗਏ ਹਨ) ਅਤੇ ਸਕੈਂਡੇਨੇਵੀਅਨ ਇੰਟੀਰੀਅਰ ਡਿਜ਼ਾਈਨ ਬਹੁਤ ਪਸੰਦ ਆਏ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)