'ਅਗਵਾ ਕਰਕੇ ਸਾੜਿਆ ਗਿਆ', ਕੌਣ ਸੀ ਇਨਫਲੂਐਂਸਰ ਮਨਜੀਤ ਕੌਰ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ, ਪੁਲਿਸ ਨੇ ਕੇਸ ਬਾਰੇ ਕੀ ਦੱਸਿਆ ਹੈ

ਇਨਫਲੂਐਂਸਰ ਮਨਜੀਤ ਕੌਰ ਅਤੇ ਚੰਡੀਗੜ੍ਹ ਪੁਲਿਸ

ਤਸਵੀਰ ਸਰੋਤ, ANI/manjeet__sukh_1313/Insta

ਤਸਵੀਰ ਕੈਪਸ਼ਨ, ਇਨਫਲੂਐਂਸਰ ਮਨਜੀਤ ਕੌਰ ਦੇ ਪਰਿਵਾਰ ਮੁਤਾਬਕ ਉਸ ਨੂੰ ਅਗਵਾ ਕਰਨ ਤੋਂ ਬਾਅਦ ਸਾੜਿਆ ਗਿਆ ਸੀ (ਪੁਰਾਣੀ ਤਸਵੀਰ)
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਮੁਹਾਲੀ ਦੇ ਖਰੜ ਇਲਾਕੇ ਵਿੱਚ ਰਹਿਣ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੀ 26 ਅਗਸਤ 2026 ਨੂੰ ਪੀਜੀਆਈ ਵਿੱਚ ਮੌਤ ਗਈ।

ਚੰਡੀਗੜ੍ਹ ਪੁਲਿਸ ਨੇ ਦੱਸਿਆ ਕਿ ਮਨਜੀਤ ਦੇ ਪਰਿਵਾਰ ਦੇ ਬਿਆਨਾਂ ਮੁਤਾਬਕ ਮਨਜੀਤ ਨੂੰ ਚੰਡੀਗੜ੍ਹ ਤੋਂ ਅਗਵਾ ਕਰਕੇ ਸਾੜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਹ ਪਿਛਲੇ ਦੋ ਮਹੀਨੇ ਤੋਂ ਹਸਪਤਾਲ ਦਾਖਲ ਸੀ। ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ ਐੱਫਆਈਆਰ ਦਰਜ ਕੀਤੀ ਹੈ।

ਪੁਲਿਸ ਮੁਤਾਬਕ ਮਨਜੀਤ ਕੌਰ ਨੂੰ ਗੰਭੀਰ ਜ਼ਖਮ ਹੋਣ (ਬਰਨ ਇੰਜਰੀਜ਼) ਕਾਰਨ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਸੀ, ਇਸ ਤੋਂ ਪਹਿਲਾਂ ਉਹ ਮੁਹਾਲੀ ਦੇ ਮੈਕਸ ਹਸਪਤਾਲ ਵਿੱਚ ਦਾਖ਼ਲ ਸੀ।

ਖਰੜ ਸਦਰ ਥਾਣੇ ਦੇ ਐੱਸਐਚਓ ਗੁਰਪ੍ਰੀਤ ਸਿੰਘ ਮੁਤਾਬਕ ਮਨਜੀਤ ਕੌਰ ਜਦੋਂ ਮੈਕਸ ਹਸਪਤਾਲ ਵਿੱਚ ਦਾਖਲ ਸਨ, ਉਸ ਵੇਲੇ ਉਨ੍ਹਾਂ ਨੂੰ ਹਸਪਤਾਲ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਮਨਜੀਤ ਕੌਰ ਦੇ ਸਰੀਰ ਉੱਤੇ ਸਾੜੇ ਜਾਣ ਦੇ ਨਿਸ਼ਾਨ ਸਨ। ਜਿਸ ਤੋਂ ਬਾਅਦ ਖਰੜ ਪੁਲਿਸ ਨੇ ਮੈਕਸ ਹਸਪਤਾਲ ਜਾ ਕੇ ਮਨਜੀਤ ਦੇ ਪਰਿਵਾਰ ਨਾਲ ਗੱਲ ਕੀਤੀ।

ਮਨਜੀਤ ਕੌਰ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, manjeet__sukh_1313/Insta

ਤਸਵੀਰ ਕੈਪਸ਼ਨ, ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੀ 26 ਅਗਸਤ 2026 ਨੂੰ ਪੀਜੀਆਈ ਵਿੱਚ ਮੌਤ ਗਈ (ਪੁਰਾਣੀ ਤਸਵੀਰ)

ਪੁਲਿਸ ਮੁਤਾਬਕ, "ਮਨਜੀਤ ਦੇ ਪਰਿਵਾਰ ਨੇ ਦੱਸਿਆ ਕਿ ਮਨਜੀਤ ਚੰਡੀਗੜ੍ਹ ਦੇ ਸੈਕਟਰ 34 ਵਿੱਚ ਆਪਣੇ ਕਿਸੇ ਜਾਣ-ਪਛਾਣ ਦੇ ਵਿਅਕਤੀ ਨੂੰ ਮਿਲਣ ਗਈ ਸੀ। ਜਿੱਥੇ ਦੋ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਗੱਡੀ 'ਚ ਬੈਠਾ ਕੇ ਮੋਰਿੰਡਾ ਲਿਆਂਦਾ ਗਿਆ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ।"

"ਇਸ ਤੋਂ ਬਾਅਦ ਮਨਜੀਤ ਦੇ ਕਿਸੇ ਜਾਣ-ਪਛਾਣ ਵਾਲੇ ਵਿਅਕਤੀ ਨੇ ਉਸ ਨੂੰ ਮੋਰਿੰਡਾ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੋਂ ਉਸ ਨੂੰ ਮੈਕਸ ਹਸਪਤਾਲ ਭੇਜ ਦਿੱਤਾ ਗਿਆ। ਫਿਰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਮਨਜੀਤ ਕੌਰ ਨੂੰ 9 ਜੁਲਾਈ 2026 ਨੂੰ ਪੀਜੀਆਈ ਚੰਡੀਗੜ੍ਹ ਵਿੱਚ ਦਾਖਲ ਕਰਵਾਇਆ ਗਿਆ।"

ਖਰੜ ਸਦਰ ਥਾਣੇ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਮੁਤਾਬਕ, "ਖਰੜ ਪੁਲਿਸ ਨੇ ਪਰਿਵਾਰ ਦੇ ਬਿਆਨਾਂ 'ਤੇ ਇੱਕ ਡੀਡੀਆਰ ਦਰਜ ਕੀਤੀ ਅਤੇ ਕੇਸ ਦੀ ਪੂਰੀ ਡਿਟੇਲ ਚੰਡੀਗੜ੍ਹ ਦੇ 34 ਸੈਕਟਰ ਥਾਣੇ ਦੇ ਪੁਲਿਸ ਅਧਿਕਾਰੀਆਂ ਨੂੰ ਦੱਸੀ ਗਈ।"

ਚੰਡੀਗੜ੍ਹ ਪੁਲਿਸ ਨੇ ਕੀ ਕਾਰਵਾਈ ਕੀਤੀ ?

ਚੰਡੀਗੜ੍ਹ ਦੇ ਡੀਐੱਸਪੀ (ਦੱਖਣੀ) ਗੁਰਜੀਤ ਕੌਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਚੰਡੀਗੜ੍ਹ ਦੇ ਡੀਐੱਸਪੀ (ਦੱਖਣੀ) ਗੁਰਜੀਤ ਕੌਰ ਮੁਤਾਬਕ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ

ਚੰਡੀਗੜ੍ਹ ਦੇ ਡੀਐੱਸਪੀ (ਦੱਖਣੀ) ਗੁਰਜੀਤ ਕੌਰ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ 'ਤੇ ਸੈਕਟਰ 34 ਥਾਣੇ ਵਿੱਚ ਬੀਐਨਐੱਸ ਦੀਆਂ ਧਾਰਾਵਾਂ 140(1) (ਅਗਵਾ), 103(1) (ਕਤਲ) ਅਤੇ 3(5) ਤਹਿਤ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।

ਕੌਣ ਸਨ ਮਨਜੀਤ ਕੌਰ ?

ਮਨਜੀਤ ਕੌਰ

ਤਸਵੀਰ ਸਰੋਤ, manjeet__sukh_1313/Insta

ਤਸਵੀਰ ਕੈਪਸ਼ਨ, ਮਨਜੀਤ ਕੌਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਸਨ, ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਲਗਭਗ 1.46 ਲੱਖ ਫੋਲੋਅਰਜ਼ ਸਨ

ਮਨਜੀਤ ਕੌਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਸਨ। ਇੰਸਟਾਗ੍ਰਾਮ ਸਮੇਤ ਯੂਟਿਊਬ 'ਤੇ ਉਨ੍ਹਾਂ ਦੇ ਅਕਾਊਂਟ ਉੱਤੇ ਕਈ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਸਨ।

ਉਹ ਮੇਕਅੱਪ ਕਲਾਕਾਰ ਸਨ ਅਤੇ ਸੋਸ਼ਲ ਮੀਡੀਆ ਉੱਤੇ ਮੇਕਅੱਪ ਅਤੇ ਗਾਣਿਆਂ 'ਤੇ ਵੀਡੀਓਜ਼ ਬਣਾ ਕੇ ਸਾਂਝੀਆਂ ਕਰਦੇ ਸਨ।

ਉਨ੍ਹਾਂ ਦੇ ਇੰਸਟਾਗ੍ਰਾਮ 'ਤੇ ਲਗਭਗ 1.46 ਲੱਖ ਫੋਲੋਅਰਜ਼ ਹਨ।

ਖਰੜ ਸਦਰ ਥਾਣੇ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਮੁਤਾਬਕ ਮਨਜੀਤ ਕੌਰ ਹਰਿਆਣਾ ਦੇ ਰਹਿਣ ਵਾਲੇ ਸਨ ਪਰ ਹੁਣ ਉਹ ਕਿਰਾਏ ਦੇ ਮਕਾਨ 'ਤੇ ਖਰੜ ਵਿੱਚ ਰਹਿੰਦੇ ਸਨ।

ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਮੁਤਾਬਕ ਮਨਜੀਤ ਕੌਰ ਅਜੇ ਵਿਆਹੇ ਹੋਏ ਨਹੀਂ ਸਨ ਪਰ ਉਨ੍ਹਾਂ ਦੇ ਆਪਣੇ ਜਾਣ-ਪਛਾਣ ਵਾਲੇ ਕੁਝ ਲੋਕਾਂ ਨਾਲ ਝਗੜੇ ਚਲ ਰਹੇ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)