ਪੈਪਟਾਈਡ ਕੀ ਹੁੰਦੇ ਹਨ, ਇਨ੍ਹਾਂ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ ਤੇ ਇਨ੍ਹਾਂ ਦੇ ਟੀਕੇ ਲਗਾਉਣ ਦੇ ਪ੍ਰਭਾਵਾਂ ਬਾਰੇ ਵਿਗਿਆਨ ਕੀ ਕਹਿੰਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਸੈਂਟਿਆਗੋ ਵੈਨੇਗਾਸ
- ਰੋਲ, ਬੀਬੀਸੀ ਨਿਊਜ਼ ਮੁੰਡੋ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਪੈਪਟਾਈਡਜ਼ ਬਾਰੇ ਚਰਚਾ ਸੋਸ਼ਲ ਮੀਡੀਆ 'ਤੇ ਹਰ ਪਾਸੇ ਛਾਈ ਹੋਈ ਹੈ।
ਮਸ਼ਹੂਰ ਹਸਤੀਆਂ, ਵੈੱਲਨੈੱਸ ਇਨਫਲੂਐਂਸਰਜ਼ ਅਤੇ ਆਮ ਲੋਕ ਇਨ੍ਹਾਂ ਉਤਪਾਦਾਂ ਦੇ ਸਿੰਥੈਟਿਕ ਰੂਪਾਂ ਦੀ ਵਰਤੋਂ ਨੂੰ ਕਈ ਤਰ੍ਹਾਂ ਦੇ ਮਕਸਦਾਂ ਲਈ ਉਤਸ਼ਾਹਿਤ ਕਰ ਰਹੇ ਹਨ। ਇਨ੍ਹਾਂ ਵਿੱਚ ਚਮੜੀ ਦੀ ਦੇਖਭਾਲ ਤੋਂ ਲੈ ਕੇ ਮਾਸਪੇਸ਼ੀਆਂ ਦੀ ਸਿਹਤਯਾਬੀ ਤੱਕ ਦੇ ਉਦੇਸ਼ ਸ਼ਾਮਲ ਹਨ।
ਇਸ ਦੌਰਾਨ, ਵਿਗਿਆਨਕ ਭਾਈਚਾਰਾ ਇਹ ਗੱਲ ਉਜਾਗਰ ਕਰਦਾ ਹੈ ਕਿ ਮਨੁੱਖਾਂ ਵਿੱਚ ਇਨ੍ਹਾਂ ਵਿੱਚੋਂ ਬਹੁਤ ਸਾਰੇ ਪੈਪਟਾਈਡਜ਼ ਦੀ ਪ੍ਰਭਾਵਸ਼ੀਲਤਾ ਬਾਰੇ ਬਹੁਤ ਘੱਟ ਜਾਂ ਕੋਈ ਸਬੂਤ ਨਹੀਂ ਹਨ।
ਇਹ ਚਰਚਾ ਹਾਲ ਹੀ ਵਿੱਚ ਅਮਰੀਕਾ ਦੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫਡੀਏ) ਤੱਕ ਪਹੁੰਚ ਗਈ।
ਇਸ ਏਜੰਸੀ ਦੀ ਇੱਕ ਵਿਗਿਆਨਕ ਸਲਾਹਕਾਰ ਕਮੇਟੀ, ਜਿਸ ਵਿੱਚ ਕੁਝ ਅਜਿਹੇ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦੇ ਦਵਾਈ ਉਦਯੋਗ ਵਿੱਚ ਆਰਥਿਕ ਹਿੱਤ ਹਨ, ਨੇ 24 ਜੁਲਾਈ ਨੂੰ ਮੌਜੂਦਾ ਪਾਬੰਦੀਆਂ ਵਿੱਚ ਢਿੱਲ ਦੇਣ ਅਤੇ ਕੁਝ ਕਿਸਮਾਂ ਦੇ ਪ੍ਰਯੋਗਾਤਮਕ ਪੈਪਟਾਈਡਜ਼ ਦੇ ਵੱਡੇ ਪੱਧਰ 'ਤੇ ਉਤਪਾਦਨ ਦੀ ਇਜਾਜ਼ਤ ਦੇਣ ਦੇ ਹੱਕ ਵਿੱਚ ਫੈਸਲਾ ਦਿੱਤਾ।
ਹੁਣ ਐੱਫਡੀਏ ਨੂੰ ਇਸ ਰਾਏ ਦੇ ਆਧਾਰ 'ਤੇ ਇਹ ਫੈਸਲਾ ਕਰਨਾ ਹੋਵੇਗਾ ਕਿ ਅੰਤਿਮ ਮਨਜ਼ੂਰੀ ਦਿੱਤੀ ਜਾਵੇ ਜਾਂ ਨਹੀਂ।
ਪਰ ਆਖ਼ਰ ਪੈਪਟਾਈਡਜ਼ ਅਸਲ ਵਿੱਚ ਕੀ ਹਨ, ਇਨ੍ਹਾਂ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਦੀ ਲੋਕਪ੍ਰਿਯਤਾ ਦਾ ਕਾਰਨ ਕੀ ਹੈ?
ਕਈ ਪੈਪਟਾਈਡ, ਕਈ ਤਰ੍ਹਾਂ ਦੀ ਵਰਤੋਂ
ਪੈਪਟਾਈਡ ਅਮੀਨੋ ਐਸਿਡਾਂ ਦੀਆਂ ਛੋਟੀਆਂ ਲੜੀਆਂ ਹੁੰਦੀਆਂ ਹਨ (ਜੋ ਪ੍ਰੋਟੀਨਾਂ ਵਰਗੀਆਂ ਹੁੰਦੀਆਂ ਹਨ ਪਰ ਉਨ੍ਹਾਂ ਨਾਲੋਂ ਛੋਟੀਆਂ ਹੁੰਦੀਆਂ ਹਨ), ਜਿਨ੍ਹਾਂ ਦਾ ਉਤਪਾਦਨ ਸਾਡਾ ਸਰੀਰ ਖੁਦ ਕਰਦਾ ਹੈ।
ਦੱਖਣੀ ਅਫ਼ਰੀਕਾ ਦੀ ਯੂਨੀਵਰਸਿਟੀ ਆਫ਼ ਕਵਾਜ਼ੂਲੂ-ਨੈਟਲ ਦੇ ਰਸਾਇਣ ਵਿਗਿਆਨੀ ਅਤੇ ਖੋਜ ਪ੍ਰੋਫੈਸਰ ਫਰਨਾਂਡੋ ਅਲਬੇਰੀਸੀਓ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਸਾਡੇ ਸਰੀਰ ਵਿੱਚ ਬਹੁਤ ਸਾਰੇ ਪੈਪਟਾਈਡ ਹੁੰਦੇ ਹਨ, ਜਿਨ੍ਹਾਂ ਦਾ ਜੈਵਿਕ ਪੱਖੋਂ ਮਹੱਤਵਪੂਰਨ ਕੰਮ ਹੁੰਦਾ ਹੈ।"
ਇਹ ਸੰਦੇਸ਼ਵਾਹਕ ਵਜੋਂ ਕੰਮ ਕਰਦੇ ਹਨ, ਜੋ ਕੋਸ਼ਿਕਾਵਾਂ ਨੂੰ ਦੱਸਦੇ ਹਨ ਕਿ ਕੀ ਕਰਨਾ ਹੈ ਅਤੇ ਦਿਮਾਗੀ ਪ੍ਰਣਾਲੀ, ਮੈਟਾਬੋਲਿਜ਼ਮ, ਰੋਗ-ਰੋਕੂ ਪ੍ਰਣਾਲੀ, ਹਾਰਮੋਨਾਂ ਦੇ ਨਿਯੰਤਰਣ ਅਤੇ ਹੋਰ ਬਹੁਤ ਸਾਰੇ ਮਹੱਤਵਪੂਰਨ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਐਂਡੋਰਫਿਨ, ਇਨਸੁਲਿਨ ਅਤੇ ਆਕਸੀਟੋਸਿਨ ਇਸ ਦੀਆਂ ਕੁਝ ਉਦਾਹਰਣਾਂ ਹਨ।

ਤਸਵੀਰ ਸਰੋਤ, Getty Images
ਕਈ ਦਹਾਕਿਆਂ ਤੋਂ ਇਨ੍ਹਾਂ ਯੋਗਿਕਾਂ ਦੇ ਸਿੰਥੈਟਿਕ ਰੂਪ ਤਿਆਰ ਕੀਤੇ ਜਾਂਦੇ ਰਹੇ ਹਨ ਅਤੇ ਇਨ੍ਹਾਂ ਨੂੰ ਇਲਾਜ ਦੇ ਮਕਸਦਾਂ ਲਈ ਵੇਚਿਆ ਜਾਂਦਾ ਰਿਹਾ ਹੈ।
ਅਲਬੇਰੀਸੀਓ ਕਹਿੰਦੇ ਹਨ, "ਜਦੋਂ ਉਨ੍ਹਾਂ ਦਾ ਜੈਵਿਕ ਕੰਮ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਨਾਲ ਬਿਮਾਰੀ ਹੋ ਸਕਦੀ ਹੈ। ਫਿਰ ਸਿੰਥੈਟਿਕ ਪੈਪਟਾਈਡਜ਼ ਦੀ ਮਦਦ ਨਾਲ ਅਸੀਂ ਉਸ ਬਿਮਾਰੀ ਦਾ ਇਲਾਜ ਕਰ ਸਕਦੇ ਹਾਂ।"
ਅਲਬੇਰੀਸੀਓ, ਯੂਨੀਵਰਸਿਟੀ ਆਫ਼ ਬਾਰਸੀਲੋਨਾ ਦੇ ਐਮੇਰਿਟਸ ਪ੍ਰੋਫੈਸਰ ਵੀ ਹਨ ਅਤੇ 50 ਸਾਲਾਂ ਤੋਂ ਵੱਧ ਸਮੇਂ ਤੋਂ ਪੈਪਟਾਈਡਜ਼ 'ਤੇ ਖੋਜ ਕਰ ਰਹੇ ਹਨ।
ਪੈਪਟਾਈਡਜ਼ ਦੀ ਇਲਾਜ ਲਈ ਵਰਤੋਂ ਦੀ ਇੱਕ ਉਦਾਹਰਣ ਆਕਸੀਟੋਸਿਨ ਹੈ, ਜੋ ਬੱਚੇ ਦੇ ਜਨਮ ਸਮੇਂ ਦਿੱਤਾ ਜਾਂਦਾ ਹੈ। ਇੱਕ ਹੋਰ ਉਦਾਹਰਣ ਐਨਾਲਪ੍ਰਿਲੇਟਸ ਹੈ, ਜਿਨ੍ਹਾਂ ਦੀ ਵਰਤੋਂ ਬਲੱਡ ਪ੍ਰੈਸ਼ਰ ਘਟਾਉਣ ਲਈ ਕੀਤੀ ਜਾਂਦੀ ਹੈ।
ਪਰ ਇਨ੍ਹਾਂ ਦੀ ਵਰਤੋਂ ਕਲੀਨਿਕਲ ਸੈਟਿੰਗ ਤੋਂ ਬਾਹਰ ਵੀ ਕੀਤੀ ਜਾਂਦੀ ਰਹੀ ਹੈ, ਜਿਵੇਂ ਕਿ ਐਸਪਾਰਟੇਮ ਦੇ ਮਾਮਲੇ ਵਿੱਚ, ਜੋ ਘੱਟ ਕੈਲੋਰੀ ਵਾਲਾ ਸਿੰਥੈਟਿਕ ਖੰਡ ਦਾ ਬਦਲ ਹੈ।
ਅਲਬੇਰੀਸੀਓ ਮੁਤਾਬਕ, ਇਲਾਜ ਦੇ ਮਕਸਦਾਂ ਲਈ ਲਗਭਗ 125 ਸਿੰਥੈਟਿਕ ਪੈਪਟਾਈਡਜ਼ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਸੈਂਕੜੇ ਹੋਰ ਪੈਪਟਾਈਡਜ਼ ਕਲੀਨਿਕਲ ਟਰਾਇਲ ਦੇ ਪੜਾਅ ਵਿੱਚ ਹਨ।
ਹੋਰ ਕਿਸਮ ਦੀਆਂ ਦਵਾਈਆਂ ਦੇ ਮੁਕਾਬਲੇ ਇਨ੍ਹਾਂ ਦਾ ਫਾਇਦਾ ਇਹ ਹੈ ਕਿ ਇਹ ਉਹੀ ਪਦਾਰਥ ਹੁੰਦੇ ਹਨ ਜੋ ਸਰੀਰ ਕੁਦਰਤੀ ਤੌਰ 'ਤੇ ਪੈਦਾ ਕਰਦਾ ਹੈ ਅਤੇ ਇਨ੍ਹਾਂ ਦੇ ਮਾੜੇ ਪ੍ਰਭਾਵ ਵੀ ਘੱਟ ਹੁੰਦੇ ਹਨ।
ਅਲਬੇਰੀਸੀਓ ਦੱਸਦੇ ਹਨ, "ਦਵਾਈਆਂ ਨਾਲ ਸਮੱਸਿਆ ਇਹ ਹੈ ਕਿ ਉਹ ਅਕਸਰ ਗੁਰਦਿਆਂ ਰਾਹੀਂ ਬਾਹਰ ਕੱਢੀਆਂ ਜਾਂਦੀਆਂ ਹਨ ਜਾਂ ਜਿਗਰ ਤੱਕ ਪਹੁੰਚ ਜਾਂਦੀਆਂ ਹਨ ਅਤੇ ਨੁਕਸਾਨ ਪਹੁੰਚਾ ਸਕਦੀਆਂ ਹਨ।"
"ਪੈਪਟਾਈਡਜ਼ ਦਾ ਮੈਟਾਬੋਲਿਜ਼ਮ ਬਹੁਤ ਤੇਜ਼ੀ ਨਾਲ ਹੁੰਦਾ ਹੈ, ਇਹ ਟੁੱਟ ਕੇ ਅਮੀਨੋ ਐਸਿਡ ਪੈਦਾ ਕਰਦੇ ਹਨ, ਜੋ ਪੂਰੀ ਤਰ੍ਹਾਂ ਨੁਕਸਾਨ ਰਹਿਤ ਹੁੰਦੇ ਹਨ। ਇਹ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਕਰਦੇ।"
ਓਜ਼ੈਂਪਿਕ ਦੀ ਕ੍ਰਾਂਤੀ

ਤਸਵੀਰ ਸਰੋਤ, Universal Images Group vía Getty Images
ਪੈਪਟਾਈਡਜ਼ ਦੀ ਖੋਜ ਵਿੱਚ ਕੁਝ ਦਹਾਕੇ ਪਹਿਲਾਂ ਇੱਕ ਮਹੱਤਵਪੂਰਨ ਮੋੜ ਆਇਆ, ਜਦੋਂ ਦਵਾਈ ਬਣਾਉਣ ਵਾਲੀ ਕੰਪਨੀ ਨੋਵੋ ਨੌਰਡਿਸਕ ਦੇ ਵਿਗਿਆਨੀਆਂ ਨੇ ਟਾਈਪ-2 ਸ਼ੂਗਰ ਲਈ ਇੱਕ ਸਿੰਥੈਟਿਕ ਪੈਪਟਾਈਡ ਤਿਆਰ ਕੀਤਾ: ਮਸ਼ਹੂਰ ਸੈਮਾਗਲੂਟਾਈਡ।
ਇਹ ਓਜ਼ੈਂਪਿਕ ਅਤੇ ਵੇਗੋਏ ਸਮੇਤ ਹੋਰ ਦਵਾਈਆਂ ਵਿੱਚ ਮੌਜੂਦ ਸਰਗਰਮ ਤੱਤ ਹਨ।
ਸੈਮਾਗਲੂਟਾਈਡ ਜੀਐੱਲਪੀ-1 ਦੀ ਨਕਲ ਕਰਦਾ ਹੈ। ਜੀਐੱਲਪੀ-1 ਆਂਦਰਾਂ ਵਿੱਚ ਕੁਦਰਤੀ ਤੌਰ 'ਤੇ ਪੈਦਾ ਹੋਣ ਵਾਲਾ ਇੱਕ ਹਾਰਮੋਨ ਹੈ, ਜੋ ਬਲੱਡ ਸ਼ੂਗਰ ਦਾ ਪੱਧਰ ਘਟਾਉਂਦਾ ਹੈ, ਪਾਚਨ ਕਿਰਿਆ ਨੂੰ ਹੌਲੀ ਕਰਦਾ ਹੈ ਅਤੇ ਭੁੱਖ ਘਟਾਉਂਦਾ ਹੈ।
ਇਹ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖ਼ਤਰੇ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।
ਪਰ ਇਸ ਦੀ ਖੋਜ ਨੇ ਸਿਰਫ਼ ਟਾਈਪ-2 ਸ਼ੂਗਰ ਦੇ ਇਲਾਜ ਵਿੱਚ ਹੀ ਕ੍ਰਾਂਤੀ ਨਹੀਂ ਲਿਆਂਦੀ। ਇਸ ਨੇ ਅੱਜ ਦੇ ਸਭ ਤੋਂ ਵੱਡੇ ਸੱਭਿਆਚਾਰਕ ਜਨੂਨ, ਭਾਰ ਘਟਾਉਣ ਨਾਲ ਵੀ ਸਹੀ ਤਾਲਮੇਲ ਬਿਠਾ ਲਿਆ।
ਪ੍ਰੋਫੈਸਰ ਅਲਬੇਰੀਸੀਓ ਕਹਿੰਦੇ ਹਨ, "ਟਾਈਪ-2 ਸ਼ੂਗਰ ਵਾਲੇ ਲੋਕਾਂ ਦੀ ਗਿਣਤੀ ਬਹੁਤ ਵੱਡੀ ਹੈ; ਇਹ ਦੁਨੀਆ ਵਿੱਚ ਸਭ ਤੋਂ ਵੱਧ ਪਾਈਆਂ ਜਾਣ ਵਾਲੀਆਂ ਬਿਮਾਰੀਆਂ ਵਿੱਚੋਂ ਇੱਕ ਹੈ, ਪਰ ਵੱਧ ਭਾਰ ਵਾਲੇ ਲੋਕਾਂ ਦੀ ਗਿਣਤੀ ਬੇਹੱਦ ਵੱਡੀ ਹੈ।"

ਤਸਵੀਰ ਸਰੋਤ, Bloomberg vía Getty Images
ਲਾਜ਼ਮੀ ਤੌਰ 'ਤੇ ਇਹ ਇੱਕ ਮੀਡੀਆ ਘਟਨਾ ਬਣ ਗਈ। ਓਪਰਾ ਵਿਨਫਰੀ ਅਤੇ ਸੇਰੇਨਾ ਵਿਲੀਅਮਜ਼ ਵਰਗੀਆਂ ਮਸ਼ਹੂਰ ਹਸਤੀਆਂ ਨੇ ਭਾਰ ਘਟਾਉਣ ਲਈ ਜੀਐੱਲਪੀ-1 ਦੇ ਸਿੰਥੈਟਿਕ ਰੂਪਾਂ ਦੀ ਵਰਤੋਂ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ।
ਅਲਬੇਰੀਸੀਓ ਦੇ ਸ਼ਬਦਾਂ ਵਿੱਚ, ਇਹ "ਇੱਕ ਬੂਮ ਦੇ ਉੱਪਰ ਦੂਜਾ ਬੂਮ" ਸੀ। ਅਤੇ ਉਦਯੋਗ ਦਾ ਜਵਾਬ ਵੀ ਤੇਜ਼ੀ ਨਾਲ ਆਇਆ।
"ਅਸੀਂ ਇਨ੍ਹਾਂ ਪੈਪਟਾਈਡਜ਼ ਦੇ ਕੁਝ ਗ੍ਰਾਮ ਪੈਦਾ ਕਰਨ ਦੀ ਗੱਲ ਤੋਂ ਅੱਗੇ ਵਧ ਕੇ ਹੁਣ ਟਨਾਂ ਵਿੱਚ ਉਤਪਾਦਨ ਦੀ ਗੱਲ ਕਰ ਰਹੇ ਹਾਂ। ਅਤੇ ਲੋੜ ਮੁਤਾਬਕ ਹਰ ਚੀਜ਼ ਪੈਦਾ ਕਰਨ ਲਈ ਕਾਫ਼ੀ ਸਮਰੱਥਾ ਮੌਜੂਦ ਨਹੀਂ ਹੈ।"
ਸੈਮਾਗਲੂਟਾਈਡ ਅਤੇ ਟਿਰਜ਼ੇਪਾਟਾਈਡ, ਜੋ ਕਿਸੇ ਹੋਰ ਦਵਾਈ ਕੰਪਨੀ ਵੱਲੋਂ ਵਿਕਸਤ ਕੀਤਾ ਗਿਆ ਇਸੇ ਤਰ੍ਹਾਂ ਦਾ ਅਣੂ ਹੈ, ਮਨੁੱਖੀ ਵਰਤੋਂ ਲਈ ਐੱਫਡੀਏ ਵੱਲੋਂ ਮਨਜ਼ੂਰਸ਼ੁਦਾ ਹਨ।
ਪਰ ਇਸੇ ਸੰਸਥਾ ਨੇ ਜੀਐੱਲਪੀ-1 ਦੇ ਉਨ੍ਹਾਂ ਗੈਰ-ਅਧਿਕਾਰਤ ਰੂਪਾਂ ਬਾਰੇ ਚੇਤਾਵਨੀ ਦਿੱਤੀ ਹੈ, ਜੋ ਬਾਜ਼ਾਰ ਵਿੱਚ ਵੇਚੇ ਜਾ ਰਹੇ ਹਨ, ਖਾਸ ਤੌਰ 'ਤੇ ਇਸ ਲਈ ਕਿਉਂਕਿ ਦਵਾਈ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਸਪਲਾਈ ਮੰਗ ਪੂਰੀ ਕਰਨ ਲਈ ਕਾਫ਼ੀ ਨਹੀਂ ਹੈ।
ਅਲਬੇਰੀਸੀਓ ਕਹਿੰਦੇ ਹਨ, "ਸੈਮਾਗਲੂਟਾਈਡ ਉਨ੍ਹਾਂ ਲੋਕਾਂ ਤੋਂ ਲਿਆ ਜਾ ਰਿਹਾ ਹੈ ਜੋ ਸ਼ੂਗਰ ਦੇ ਮਰੀਜ਼ ਹਨ ਅਤੇ ਉਨ੍ਹਾਂ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਜੋ ਕਹਿੰਦੇ ਹਨ ਕਿ ਉਨ੍ਹਾਂ ਦਾ ਭਾਰ ਜ਼ਿਆਦਾ ਹੈ। ਇਸ ਨਾਲ ਨੈਤਿਕ ਮੁੱਦੇ ਜੁੜੇ ਹੋਏ ਹਨ ਅਤੇ ਇਸ ਵਿੱਚ ਬਹੁਤ ਸਾਰਾ ਪੈਸਾ ਸ਼ਾਮਲ ਹੈ।"
"ਚੀਨ ਅਤੇ ਭਾਰਤ, ਬਹੁਤ ਵੱਡੀ ਮਾਤਰਾ ਵਿੱਚ ਉਤਪਾਦਨ ਕਰ ਰਹੇ ਹਨ ਅਤੇ ਵੱਧ ਤੋਂ ਵੱਧ ਉਤਪਾਦਨ ਕਰਨ ਲਈ ਫੈਕਟਰੀਆਂ ਬਹੁਤ ਤੇਜ਼ੀ ਨਾਲ ਬਣਾਈਆਂ ਜਾ ਰਹੀਆਂ ਹਨ।"
ਹਾਲਾਂਕਿ, ਇਸ ਦੀ ਲੋਕਪ੍ਰਿਯਤਾ ਦੇ ਨਾਲ-ਨਾਲ ਇਸ ਦੇ ਖ਼ਤਰਿਆਂ ਅਤੇ ਮਾੜੇ ਪ੍ਰਭਾਵਾਂ ਬਾਰੇ ਚਰਚਾ ਵੀ ਵਧੀ ਹੈ।
ਇਨ੍ਹਾਂ ਕਾਰਨ ਮਤਲੀ, ਐਸਿਡ ਰਿਫਲਕਸ, ਪੇਟ ਵਿੱਚ ਮਰੋੜ ਅਤੇ ਕਬਜ਼ ਹੋਣ ਬਾਰੇ ਪਤਾ ਲੱਗਾ ਹੈ।
ਵੈਸਟਰਨ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਇੱਕ ਅਧਿਐਨ ਮੁਤਾਬਕ, ਮਰੀਜ਼ਾਂ ਦੇ ਇੱਕ ਛੋਟੇ ਪ੍ਰਤੀਸ਼ਤ ਵਿੱਚ ਸੈਮਾਗਲੂਟਾਈਡ ਥੈਰੇਪੀ "ਚਿੰਤਾਜਨਕ ਮਾੜੇ ਪ੍ਰਭਾਵਾਂ ਨਾਲ ਵੀ ਜੁੜੀ ਹੋਈ ਹੈ", ਜਿਵੇਂ ਕਿ ਪੈਂਕ੍ਰਿਆਟਾਈਟਿਸ, ਫੇਫੜਿਆਂ ਵਿੱਚ ਤਰਲ ਇਕੱਠਾ ਹੋਣਾ, ਗੁਰਦਿਆਂ ਜਾਂ ਪਿੱਤੇ ਨੂੰ ਨੁਕਸਾਨ ਪਹੁੰਚਣਾ ਆਦਿ।

ਪ੍ਰਯੋਗਾਤਮਕ ਪੈਪਟਾਈਡਜ਼
ਪਰ ਜਦੋਂ ਇਨਫਲੂਐਂਸਰਜ਼ ਪੈਪਟਾਈਡਜ਼ ਬਾਰੇ ਗੱਲ ਕਰਦੇ ਹਨ, ਤਾਂ ਉਹ ਆਮ ਤੌਰ 'ਤੇ ਜੀਐੱਲਪੀ-1 ਜਾਂ ਉਨ੍ਹਾਂ ਪੈਪਟਾਈਡਜ਼ ਦੀ ਗੱਲ ਨਹੀਂ ਕਰ ਰਹੇ ਹੁੰਦੇ, ਜਿਨ੍ਹਾਂ ਦੀ ਵਰਤੋਂ ਦਹਾਕਿਆਂ ਤੋਂ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾ ਰਹੀ ਹੈ।
ਉਹ ਆਮ ਤੌਰ 'ਤੇ ਪ੍ਰਯੋਗਾਤਮਕ ਯੋਗਿਕਾਂ ਦੀ ਇੱਕ ਹੋਰ ਲੜੀ ਦਾ ਹਵਾਲਾ ਦਿੰਦੇ ਹਨ, ਜਿਨ੍ਹਾਂ ਨੂੰ ਚਮੜੀ ਦੀ ਦਿੱਖ ਸੁਧਾਰਨ, ਮਾਸਪੇਸ਼ੀਆਂ ਦੇ ਵਿਕਾਸ ਵਿੱਚ ਮਦਦ ਕਰਨ, ਮੈਟਾਬੋਲਿਜ਼ਮ ਤੇਜ਼ ਕਰਨ, ਸੱਟਾਂ ਤੋਂ ਠੀਕ ਹੋਣ ਅਤੇ ਹੋਰ ਕਈ ਕੰਮਾਂ ਲਈ ਪ੍ਰਚਾਰਿਆ ਜਾਂਦਾ ਹੈ, ਹਾਲਾਂਕਿ ਮਨੁੱਖਾਂ ਵਿੱਚ ਇਨ੍ਹਾਂ ਦੀ ਪ੍ਰਭਾਵਸ਼ੀਲਤਾ ਦਾ ਸਮਰਥਨ ਕਰਨ ਵਾਲੇ ਕੋਈ ਕਲੀਨਿਕਲ ਟਰਾਇਲ ਨਹੀਂ ਹਨ।
ਇਨ੍ਹਾਂ ਵਿੱਚੋਂ ਕੁਝ ਪੈਪਟਾਈਡਜ਼ ਇਸ ਸਮੇਂ ਐੱਫਡੀਏ ਵਿੱਚ ਚਰਚਾ ਅਧੀਨ ਹਨ, ਕਿਉਂਕਿ ਇਹ ਨਿਯਮਾਂ ਦੇ ਮਾਮਲੇ ਵਿੱਚ ਇੱਕ ਅਜਿਹੀ ਸਥਿਤੀ ਵਿੱਚ ਆਉਂਦੇ ਹਨ ਜਿਸ ਬਾਰੇ ਸਪੱਸ਼ਟਤਾ ਨਹੀਂ ਹੈ।
ਇਨ੍ਹਾਂ ਨੂੰ ਖਰੀਦਣਾ ਜਾਂ ਆਪਣੇ ਕੋਲ ਰੱਖਣਾ ਗੈਰ-ਕਾਨੂੰਨੀ ਨਹੀਂ ਹੈ, ਪਰ ਇਨ੍ਹਾਂ ਨੂੰ ਮਨੁੱਖੀ ਵਰਤੋਂ ਲਈ ਮਨਜ਼ੂਰੀ ਨਹੀਂ ਮਿਲੀ ਹੋਈ। ਇਨ੍ਹਾਂ ਦੀ ਇਜਾਜ਼ਤ ਸਿਰਫ਼ ਵਿਗਿਆਨਕ ਉਦੇਸ਼ਾਂ ਲਈ ਹੈ, ਜਿਵੇਂ ਪ੍ਰਯੋਗਸ਼ਾਲਾ ਵਿੱਚ ਟੈਸਟ ਜਾਂ ਜਾਨਵਰਾਂ 'ਤੇ ਅਜ਼ਮਾਇਸ਼ਾਂ।
ਹਾਂ, ਖੇਡ ਮੁਕਾਬਲਿਆਂ ਵਿੱਚ ਇਨ੍ਹਾਂ ਦੀ ਵਰਤੋਂ 'ਤੇ ਪਾਬੰਦੀ ਹੈ।

ਤਸਵੀਰ ਸਰੋਤ, Getty Images
ਹਾਲਾਂਕਿ, ਹਕੀਕਤ ਇਹ ਹੈ ਕਿ ਇਹ ਇੰਟਰਨੈੱਟ 'ਤੇ ਵੱਡੇ ਪੱਧਰ 'ਤੇ ਉਪਲਬਧ ਹਨ ਅਤੇ ਜ਼ਿਆਦਾਤਰ ਲੋਕ ਇਨ੍ਹਾਂ ਨੂੰ ਆਪਣੀ ਵਰਤੋਂ ਲਈ ਇਸੇ ਮਾਧਿਅਮ ਰਾਹੀਂ ਖਰੀਦਦੇ ਹਨ। ਇਸ ਨਾਲ ਉਨ੍ਹਾਂ ਸਾਰੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਸਰਕਾਰੀ ਏਜੰਸੀਆਂ ਵੱਲੋਂ ਕੰਟਰੋਲ ਨਾ ਕੀਤੇ ਗਏ ਪਦਾਰਥਾਂ ਦੇ ਟੀਕੇ ਲਗਾਉਣ ਨਾਲ ਜੁੜੇ ਹੋਏ ਹਨ।
ਅਮਰੀਕਾ ਦੇ ਸਿਹਤ ਸਕੱਤਰ ਰੌਬਰਟ ਕੈਨੇਡੀ ਜੂਨੀਅਰ, ਜੋ ਟੀਕਾ-ਵਿਰੋਧੀ ਸਰਗਰਮੀਆਂ ਲਈ ਜਾਣੇ ਜਾਂਦੇ ਹਨ, ਨੇ ਆਪਣੇ ਆਪ ਨੂੰ ਸਿੰਥੈਟਿਕ ਪੈਪਟਾਈਡਜ਼ ਦਾ "ਵੱਡਾ ਪ੍ਰਸ਼ੰਸਕ" ਦੱਸਿਆ ਹੈ ਅਤੇ ਉਨ੍ਹਾਂ ਨੇ ਉਨ੍ਹਾਂ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਵਾਅਦਾ ਕੀਤਾ ਹੈ ਜੋ ਬਾਇਡਨ ਪ੍ਰਸ਼ਾਸਨ ਨੇ ਇਸ ਉਦਯੋਗ 'ਤੇ ਲਗਾਈਆਂ ਸਨ।
ਇਨ੍ਹਾਂ ਦੀ ਵਰਤੋਂ ਬਾਇਓਹੈਕਿੰਗ ਅਤੇ ਲੁੱਕਸਮੈਕਸਿੰਗ ਦੇ ਡਿਜੀਟਲ ਰੁਝਾਨਾਂ ਨਾਲ ਜੁੜੀ ਹੋਈ ਹੈ, ਜਿਨ੍ਹਾਂ ਨੂੰ ਸਿਹਤ, ਸੁੰਦਰਤਾ, ਫਿਟਨੈੱਸ ਅਤੇ ਲੰਬੀ ਉਮਰ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ ਵਜੋਂ ਪੇਸ਼ ਕੀਤਾ ਜਾਂਦਾ ਹੈ।
ਦੂਜੇ ਸ਼ਬਦਾਂ ਵਿੱਚ, ਮੰਗ ਪਹਿਲਾਂ ਹੀ ਮੌਜੂਦ ਹੈ, ਪਰ ਸਪਲਾਈ ਪਿੱਛੇ ਰਹਿ ਗਈ ਹੈ। ਇਸ ਦਾ ਇੱਕ ਕਾਰਨ ਉਹ ਨਿਯਮਕ ਰੁਕਾਵਟਾਂ ਵੀ ਹਨ, ਜਿਨ੍ਹਾਂ ਦਾ ਇਨ੍ਹਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ।
ਆਉਣ ਵਾਲੇ ਹਫ਼ਤਿਆਂ ਵਿੱਚ ਐੱਫਡੀਏ ਵੱਲੋਂ ਫਾਰਮੇਸੀਆਂ ਨੂੰ ਇਨ੍ਹਾਂ ਪ੍ਰਯੋਗਾਤਮਕ ਪੈਪਟਾਈਡਜ਼ ਦਾ ਉਤਪਾਦਨ ਕਰਨ ਦੀ ਸੰਭਾਵਿਤ ਮਨਜ਼ੂਰੀ ਭਵਿੱਖ ਵਿੱਚ ਇਨ੍ਹਾਂ ਨੂੰ ਡਾਕਟਰ ਦੀ ਪਰਚੀ 'ਤੇ ਉਪਲਬਧ ਕਰਵਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗੀ।
ਆਮ ਤੌਰ 'ਤੇ ਐੱਫਡੀਏ ਆਪਣੇ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਦੀ ਪਾਲਣਾ ਕਰਦਾ ਹੈ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਵੀ ਇਹ 24 ਜੁਲਾਈ ਨੂੰ ਆਪਣੀ ਵਿਗਿਆਨਕ ਕਮੇਟੀ ਵੱਲੋਂ ਦਿੱਤੀ ਮਨਜ਼ੂਰੀ ਦੇ ਅਨੁਸਾਰ ਹੀ ਅੱਗੇ ਵਧੇਗਾ।
"ਫਾਰਮੇਸੀ ਉਦਯੋਗ ਵਿੱਚ ਬਹੁਤ ਜ਼ਿਆਦਾ ਮਾਰਕੀਟਿੰਗ ਹੁੰਦੀ ਹੈ"
ਐੱਫਡੀਏ ਦੇ ਮਾਹਰਾਂ ਨੇ ਖਾਸ ਤੌਰ 'ਤੇ ਇਨਸੌਮਨੀਆ, ਓਸਟੀਓਪੋਰੋਸਿਸ ਅਤੇ ਅਲਸਰੇਟਿਵ ਕੋਲਾਈਟਿਸ ਦੇ ਇਲਾਜ ਲਈ ਛੇ ਪੈਪਟਾਈਡਜ਼ ਦਾ ਮੁਲਾਂਕਣ ਕੀਤਾ।
ਇਨ੍ਹਾਂ ਪਦਾਰਥਾਂ ਦਾ ਮੁਲਾਂਕਣ ਕਰਨ ਵਾਲੇ ਪੈਨਲ ਦੇ ਕਈ ਮੈਂਬਰ ਅਜਿਹੇ ਕਲੀਨਿਕਾਂ ਅਤੇ ਫਾਰਮੇਸੀਆਂ ਲਈ ਕੰਮ ਕਰਦੇ ਹਨ, ਜੋ ਪੈਪਟਾਈਡਜ਼ ਵੇਚਦੀਆਂ ਹਨ।
ਹਾਲਾਂਕਿ, ਸੋਸ਼ਲ ਮੀਡੀਆ 'ਤੇ ਇਨ੍ਹਾਂ ਹੀ ਯੋਗਿਕਾਂ ਨੂੰ ਹੋਰ ਉਦੇਸ਼ਾਂ ਲਈ ਪ੍ਰਚਾਰਿਆ ਜਾਂਦਾ ਹੈ।
ਪ੍ਰੋਫੈਸਰ ਅਲਬੇਰੀਸੀਓ ਦੱਸਦੇ ਹਨ ਕਿ "ਪੈਪਟਾਈਡਜ਼ ਦੀ ਬਿਨਾਂ ਕਿਸੇ ਨਿਯਮ ਦੇ ਵਰਤੋਂ ਕਰਨਾ ਚੰਗੀ ਗੱਲ ਨਹੀਂ ਹੈ, ਪਰ ਸ਼ਾਇਦ ਇਹ ਮਾੜੀ ਵੀ ਨਹੀਂ ਹੈ, ਕਿਉਂਕਿ ਇਹ ਨੁਕਸਾਨ ਰਹਿਤ ਹਨ।"
ਉਹ ਅੱਗੇ ਕਹਿੰਦੇ ਹਨ, "ਇਹ ਇਲਾਜ ਨਹੀਂ ਕਰਨਗੇ, ਪਰ ਇਹ ਜਾਨ ਵੀ ਨਹੀਂ ਲੈਣਗੇ। ਫਾਰਮੇਸੀ ਖੇਤਰ ਵਿੱਚ ਬਹੁਤ ਜ਼ਿਆਦਾ ਮਾਰਕੀਟਿੰਗ ਹੁੰਦੀ ਹੈ ਅਤੇ ਉਪਲਬਧ ਬਹੁਤ ਸਾਰੇ ਉਤਪਾਦਾਂ ਦੀ ਸਪੱਸ਼ਟ ਤੌਰ 'ਤੇ ਜਾਂਚ ਜਾਂ ਪੁਸ਼ਟੀ ਨਹੀਂ ਕੀਤੀ ਗਈ।"
ਕਿਉਂਕਿ ਇਨ੍ਹਾਂ ਪਦਾਰਥਾਂ 'ਤੇ ਕੋਈ ਕਲੀਨਿਕਲ ਟਰਾਇਲ ਨਹੀਂ ਹੋਏ ਹਨ, ਇਸ ਲਈ ਇਹ ਵੀ ਪਤਾ ਨਹੀਂ ਹੈ ਕਿ ਇਨ੍ਹਾਂ ਦੀ ਢੁਕਵੀਂ ਖੁਰਾਕ ਕਿੰਨੀ ਹੋਣੀ ਚਾਹੀਦੀ ਹੈ ਜਾਂ ਇਨ੍ਹਾਂ ਦੀ ਵਰਤੋਂ ਨਾਲ ਕਿਹੜੇ ਖ਼ਤਰੇ ਜਾਂ ਮਾੜੇ ਪ੍ਰਭਾਵ ਹੋ ਸਕਦੇ ਹਨ।

ਤਸਵੀਰ ਸਰੋਤ, Cortesía de Fernando Albericio
ਐੱਫਡੀਏ ਦੇ ਵਿਗਿਆਨੀਆਂ ਦੇ ਸਮੂਹ ਨੇ ਜਿਨ੍ਹਾਂ ਦੋ ਪਦਾਰਥਾਂ ਬਾਰੇ ਵਿਚਾਰ ਕੀਤਾ, ਉਹ ਹਨ ਬੀਪੀਸੀ-157 ਅਤੇ ਟੀਬੀ-500।
ਸੋਸ਼ਲ ਮੀਡੀਆ 'ਤੇ ਇਨ੍ਹਾਂ ਨੂੰ "ਵੁਲਵਰੀਨ ਕੌਂਬੋ" ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਨ੍ਹਾਂ ਨੂੰ ਪਾਚਨ ਤੰਤਰ ਦੀ ਸੋਜ ਘਟਾਉਣ ਅਤੇ ਮਾਸਪੇਸ਼ੀਆਂ ਦੇ ਮੁੜ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪ੍ਰਚਾਰਿਆ ਜਾਂਦਾ ਹੈ।
ਹਾਲਾਂਕਿ, ਯੂਨੀਵਰਸਿਟੀ ਆਫ਼ ਯੂਟਾਹ ਦੀ ਇੱਕ ਤਾਜ਼ਾ ਖੋਜ ਵਿੱਚ ਬੀਪੀਸੀ-157 ਬਾਰੇ ਕਿਹਾ ਗਿਆ ਕਿ "ਖਿਡਾਰੀਆਂ ਵਿੱਚ ਇਸ ਦੀ ਵਧ ਰਹੀ ਲੋਕਪ੍ਰਿਯਤਾ ਅਤੇ ਬਿਨਾਂ ਨਿਯਮ ਵਾਲੇ ਸਰੋਤਾਂ ਰਾਹੀਂ ਇਸ ਦੀ ਵਿਆਪਕ ਉਪਲਬਧਤਾ ਦੇ ਬਾਵਜੂਦ, ਮਨੁੱਖਾਂ 'ਤੇ ਉਪਲਬਧ ਅੰਕੜੇ ਬਹੁਤ ਘੱਟ ਹਨ।"
ਇਸ ਵਿੱਚ ਇਹ ਵੀ ਕਿਹਾ ਗਿਆ ਕਿ "ਜਦੋਂ ਤੱਕ ਚੰਗੀ ਤਰ੍ਹਾਂ ਤਿਆਰ ਕੀਤੇ ਗਏ ਕਲੀਨਿਕਲ ਟਰਾਇਲ ਨਹੀਂ ਕੀਤੇ ਜਾਂਦੇ", ਉਦੋਂ ਤੱਕ ਇਸ ਦੀ ਵਰਤੋਂ ਸਾਵਧਾਨੀ ਨਾਲ ਕੀਤੀ ਜਾਣੀ ਚਾਹੀਦੀ ਹੈ।
ਅਮਰੀਕਾ ਦੀ ਐਂਟੀ-ਡੋਪਿੰਗ ਏਜੰਸੀ (ਏਡੀਏ) ਦਾ ਕਹਿਣਾ ਹੈ ਕਿ "ਕਿਸੇ ਨੂੰ ਨਹੀਂ ਪਤਾ ਕਿ ਇਸ ਦੀ ਸੁਰੱਖਿਅਤ ਖੁਰਾਕ ਕੀ ਹੈ ਜਾਂ ਡਾਕਟਰੀ ਸਥਿਤੀਆਂ ਦੇ ਇਲਾਜ ਲਈ ਇਸ ਯੋਗਿਕ ਦੀ ਸੁਰੱਖਿਅਤ ਵਰਤੋਂ ਕਰਨ ਦਾ ਕੋਈ ਤਰੀਕਾ ਵੀ ਹੈ ਜਾਂ ਨਹੀਂ।"
ਐੱਫਡੀਏ ਦੇ ਮਾਹਰਾਂ ਵੱਲੋਂ ਮੁਲਾਂਕਣ ਕੀਤੇ ਗਏ ਹੋਰ ਪੈਪਟਾਈਡਜ਼ ਵਿੱਚ ਕੇਪੀਵੀ ਵੀ ਸ਼ਾਮਲ ਹੈ, ਜਿਸ ਦੀ ਵਰਤੋਂ ਜ਼ਖ਼ਮਾਂ ਨੂੰ ਠੀਕ ਕਰਨ ਅਤੇ ਮੁਹਾਂਸਿਆਂ ਵਰਗੀਆਂ ਸੋਜਸ਼ ਵਾਲੀਆਂ ਸਥਿਤੀਆਂ ਦੇ ਇਲਾਜ ਲਈ ਕ੍ਰੀਮਾਂ ਵਿੱਚ ਕੀਤੀ ਜਾਂਦੀ ਹੈ ਅਤੇ ਐੱਮਓਟੀਐੱਸ-ਸੀ, ਜਿਸ ਬਾਰੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦੇ ਭਾਰ ਘਟਾਉਣ ਵਿੱਚ ਸੰਭਾਵਿਤ ਫਾਇਦੇ ਹੋ ਸਕਦੇ ਹਨ। ਇਨ੍ਹਾਂ ਦੀ ਸੰਭਾਵਿਤ ਵਰਤੋਂ ਦੇ ਸਮਰਥਨ ਵਿੱਚ ਵੀ ਕੋਈ ਕਲੀਨਿਕਲ ਸਬੂਤ ਨਹੀਂ ਹੈ।
ਮਾਰਕੀਟਿੰਗ ਅਤੇ ਸੋਸ਼ਲ ਮੀਡੀਆ ਦੇ ਉਨ੍ਹਾਂ ਰੁਝਾਨਾਂ ਤੋਂ ਇਲਾਵਾ, ਜਿਨ੍ਹਾਂ ਦਾ ਅਸਲ ਵਿੱਚ ਕੀਤੀ ਜਾ ਰਹੀ ਖੋਜ ਨਾਲ ਬਹੁਤ ਘੱਟ ਸਬੰਧ ਹੈ, ਪ੍ਰੋਫੈਸਰ ਅਲਬੇਰੀਸੀਓ ਦਾ ਮੰਨਣਾ ਹੈ ਕਿ ਪੈਪਟਾਈਡਜ਼ ਬਹੁਤ ਸੰਭਾਵਨਾਵਾਂ ਵਾਲੇ ਹਨ।
ਉਹ ਦੱਸਦੇ ਹਨ, "ਮੈਂ 52 ਸਾਲਾਂ ਤੋਂ ਪੈਪਟਾਈਡਜ਼ 'ਤੇ ਕੰਮ ਕਰ ਰਿਹਾ ਹਾਂ। ਜਦੋਂ ਮੈਂ ਸ਼ੁਰੂਆਤ ਕੀਤੀ ਸੀ ਤਾਂ ਲੋਕ ਮੈਨੂੰ ਕਹਿੰਦੇ ਸਨ, 'ਤੁਸੀਂ ਪੈਪਟਾਈਡਜ਼ 'ਤੇ ਕੰਮ ਕਿਉਂ ਕਰ ਰਹੇ ਹੋ? ਪੈਪਟਾਈਡਜ਼ ਦਾ ਕੋਈ ਭਵਿੱਖ ਨਹੀਂ ਹੈ'।"
ਉਹ ਕਹਿੰਦੇ ਹਨ, "ਪਰ ਮੈਂ ਗਲਤ ਨਹੀਂ ਸੀ। ਅੱਜ 200 ਤੋਂ 300 ਪੈਪਟਾਈਡਜ਼ ਕਲੀਨਿਕਲ ਟਰਾਇਲਾਂ ਵਿੱਚ ਹਨ।"
ਇਨ੍ਹਾਂ ਵਿੱਚੋਂ ਕੋਈ ਇੱਕ ਅਗਲਾ ਓਜ਼ੈਂਪਿਕ ਹੋ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





























