ਚੰਡੀਗੜ੍ਹ ਦੇ ਸੈਕਟਰ 43 ਨੇੜੇ ਮਿਲੀ ਵਿਸਫੋਟਕ ਸਮੱਗਰੀ, ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਤਿੰਨ ਸ਼ੱਕੀਆਂ ਬਾਰੇ ਕੀ ਦੱਸਿਆ

ਤਸਵੀਰ ਸਰੋਤ, ANI
ਚੰਡੀਗੜ੍ਹ ਪੁਲਿਸ ਨੇ ਇੱਕ ਸ਼ੱਕੀ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਯਾਨੀ ਆਈਈਡੀ ਅਤੇ ਹਥਿਆਰਾਂ ਨਾਲ ਜੁੜੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਗ੍ਰਿਫਤਾਰ ਕੀਏ ਗਏ ਨੌਜਵਾਨਾਂ ਦਾ ਸਬੰਧ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਜਥੇਬੰਦੀ ਨਾਲ ਦੱਸਿਆ ਜਾ ਰਿਹਾ ਹੈ।
ਖਾੜਕੂ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਨੂੰ 2015 ਵਿੱਚ ਭਾਰਤੀ ਗ੍ਰਹਿ ਮੰਤਰਾਲੇ ਵਲੋਂ ਪਾਬੰਦੀਸ਼ੁਦਾ ਐਲਾਨ ਦਿੱਤਾ ਗਿਆ ਸੀ।
ਚੰਡੀਗੜ੍ਹ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਇਹ ਕਾਰਵਾਈ ਐਤਵਾਰ ਦੇਰ ਰਾਤ ਕੀਤੀ ਗਈ ਹੈ ਅਤੇ ਇਸ ਬਾਬਤ ਸ਼ਹਿਰ ਦੇ ਸੈਕਟਰ 36 ਪੁਲਿਸ ਸਟੇਸ਼ਨ ਵਿੱਚ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 4(ਬੀ) ਅਤੇ 5 ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।
ਸੈਕਟਰ 36 ਪੁਲਿਸ ਸਟੇਸ਼ਨ ਦੇ ਇੱਕ ਪੁਲਿਸ ਅਧਿਕਾਰੀ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਇਹ ਕਾਰਵਾਈ ਚੰਡੀਗੜ੍ਹ ਪੁਲਿਸ ਦੇ ਸਪੈਸ਼ਲ ਯੂਨਿਟ ਵੱਲੋਂ ਬੀਤੀ ਰਾਤ ਕੀਤੀ ਗਈ ਹੈ।
ਚੰਡੀਗੜ੍ਹ ਪੁਲਿਸ ਮੁਤਾਬਕ ਵਿਸਫੋਟਕ ਸਮੱਗਰੀ ਸੈਕਟਰ 43 ਦੇ ਬੱਸ ਅੱਡੇ ਦੇ ਨੇੜੇ ਤੋਂ ਬਰਾਮਦ ਕੀਤੀ ਗਈ ਹੈ। ਅਕਸਰ ਇਸ ਇਲਾਕੇ 'ਚ ਕਾਫ਼ੀ ਹਲਚਲ ਰਹਿੰਦੀ ਹੈ, ਕਿਉਂਕਿ ਇੱਥੇ ਇੱਕ ਪਾਸੇ ਬੱਸ ਅੱਡਾ ਹੈ ਅਤੇ ਉਸ ਦੇ ਬਿਲਕੁਲ ਨਾਲ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵੀ ਹੈ।
ਚੰਡੀਗੜ੍ਹ ਪੁਲਿਸ ਨੇ ਦੱਸਿਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਪੂਰੀ ਚੌਕਸੀ ਵਰਤ ਰਹੀ ਹੈ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਤੇ ਰੋਕਥਾਮ ਵਾਲੇ ਕਦਮ ਚੁੱਕ ਰਹੀ ਹੈ।
ਚੰਡੀਗੜ੍ਹ ਪੁਲਿਸ ਨੇ ਸ਼ਹਿਰ ਦੇ ਨਾਗਰਿਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਦੇਣ ਲਈ ਕਿਹਾ ਹੈ।
ਕੌਣ ਹਨ ਗ੍ਰਿਫਤਾਰ ਕੀਤੇ ਨੌਜਵਾਨ

ਤਸਵੀਰ ਸਰੋਤ, ANI
ਪੁਲਿਸ ਮੁਤਾਬਕ ਇਸ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਤਿੰਨ ਸ਼ੱਕੀਆਂ ਦਾ ਸਬੰਧ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਹੈ ਅਤੇ ਇਹਨਾਂ ਖ਼ਿਲਾਫ਼ ਕਾਰਵਾਈ ਖ਼ਾਸ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਉੱਤੇ ਕਈ ਗਈ ਹੈ।
ਗ੍ਰਿਫਤਾਰ ਕੀਏ ਗਏ ਨੌਜਵਾਨਾਂ ਦਾ ਸਬੰਧ ਪੰਜਾਬ ਦੇ ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਹੈ ਅਤੇ ਇਹਨਾਂ ਦੇ ਨਾਮ ਲਵਪ੍ਰੀਤ ਸਿੰਘ (ਉਮਰ19 ਸਾਲ) ਪਿੰਡ ਸਰਹਾਲੀ, ਜ਼ਿਲ੍ਹਾ ਤਰਨ ਤਾਰਨ,ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨਦੀਪ, (ਉਮਰ 21 ਸਾਲ), ਪਿੰਡ ਦੇਓਬੱਥ, ਜ਼ਿਲ੍ਹਾ ਤਰਨ ਤਾਰਨ, ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ, (ਉਮਰ 19 ਸਾਲ), ਪਿੰਡ ਤਰਸਿੱਕਾ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ ਨਾਲ ਹੈ।
ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਤੋਂ ਲਗਭਗ 5 ਕਿੱਲੋ ਜੈਲੇਟਿਨ ਸਟਿੱਕ ਵਿਸਫੋਟਕ, ਇੱਕ ਡਿਟੋਨੇਟਰ,ਪਾਵਰ ਸੋਰਸ ਅਤੇ ਰਿਮੋਟਲੀ ਆਪਰੇਟਿਵ ਸਿਸਟਮ, ਇੱਕ ਪਿਸਤੌਲ, ਇੱਕ ਮੈਗਜ਼ੀਨ ਅਤੇ ਪੰਜ ਲਾਈਵ ਕਾਰਤੂਸ ਬਰਾਮਦ ਕੀਤੇ ਹਨ।
ਚੰਡੀਗੜ੍ਹ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁੱਢਲੀ ਜਾਂਚ ਵਿੱਚ ਇਹ ਖ਼ੁਲਾਸਾ ਹੋਇਆ ਹੈ ਕਿ ਇਹਨਾਂ ਨੌਜਵਾਨ ਦਾ ਸਬੰਧ ਵਿਦੇਸ਼ ਵਿੱਚ ਰਹਿ ਰਹੇ ਬੀਕੇਆਈ. ਹੈਂਡਲਰ ਸਤਨਾਮ ਉਰਫ਼ ਸੱਤਾ ਨੌਸ਼ਹਿਰਾ ਨਾਲ ਸੀ ਅਤੇ ਇਹ ਕਥਿਤ ਤੌਰ 'ਤੇ ਉਸ ਦੀਆਂ ਹਦਾਇਤਾਂ 'ਤੇ ਕੰਮ ਕਰ ਰਹੇ ਸਨ।
ਪੁਲਿਸ ਮੁਤਾਬਕ ਇਹਨਾਂ ਨੌਜਵਾਨ ਵੱਲੋਂ ਚੰਡੀਗੜ੍ਹ ਵਿੱਚ ਆਈਈਡੀ ਬੰਬ ਲਗਾ ਕੇ ਦਹਿਸ਼ਤ ਫੈਲਾਉਣ ਦੀ ਯੋਜਨਾ ਬਣਾਈ ਗਈ ਸੀ ਅਤੇ ਇਸ ਸਬੰਧ ਵਿੱਚ ਹੋਰ ਜਾਂਚ ਕੀਤੀ ਜਾ ਰਹੀ ਹੈ।
(ਖ਼ਬਰ ਨੂੰ ਅਪਡੇਟ ਕੀਤਾ ਜਾ ਰਿਹਾ ਹੈ...)

ਤਸਵੀਰ ਸਰੋਤ, ANI
ਬੱਬਰ ਖਾਲਸਾ ਇੰਟਰਨੈਸ਼ਨਲ ਦਾ ਪਿਛੋਕੜ ਕੀ ਹੈ?
ਸਾਊਥ ਏਸ਼ੀਆ ਟੈਰਰਿਜ਼ਮ ਪੋਰਟਲ ਦੇ ਮੁਤਾਬਕ ਬੀਕੇਆਈ ਦਾ ਪਿਛੋਕੜ ਸਾਲ 1920 ਦੀ ਬੱਬਰ ਅਕਾਲੀ ਮੂਵਮੈਂਟ ਨਾਲ ਜੁੜਿਆ ਹੋਇਆ ਹੈ।
ਇਸ ਨੇ ਇਹ ਰੂਪ ਸਾਲ 1978 ਦੀ ਵਿਸਾਖੀ ਮੌਕੇ ਅਖੰਡ ਕੀਰਤਨੀ ਜਥੇ ਅਤੇ ਨਿਰੰਕਾਰੀਆਂ ਵਿਚਕਾਰ ਹੋਏ ਤਣਾਅ ਤੋਂ ਬਾਅਦ ਲਿਆ ਮੰਨਿਆ ਜਾਂਦਾ ਹੈ।
ਐੱਸਏਟੀਪੀ ਪੋਰਟਲ ਮੁਤਾਬਕ, ਸੁਖਦੇਵ ਸਿੰਘ ਬੱਬਰ (ਮਹਿਲ ਸਿੰਘ ਦੇ ਭਰਾ) ਅਤੇ ਤਲਵਿੰਦਰ ਸਿੰਘ ਪਰਮਾਰ ਇਸ ਜਥੇਬੰਦੀ ਨੂੰ ਸ਼ੁਰੂ ਕਰਨ ਵਾਲਿਆਂ ਵਿੱਚੋਂ ਇੱਕ ਸਨ।
ਇਸ ਜਥੇਬੰਦੀ ਦੇ ਮੌਜੂਦਾ ਮੁਖੀ ਵਧਾਵਾ ਸਿੰਘ ਬੱਬਰ ਫਿਲਹਾਲ ਪਾਕਿਸਤਾਨ ਵਿੱਚ ਰਹਿੰਦੇ ਮੰਨੇ ਜਾਂਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ




























