'ਜੋ ਤਾਅਨੇ ਮਾਰਦੇ ਸੀ ਹੁਣ ਉਨ੍ਹਾਂ ਨੂੰ ਜਵਾਬ ਮਿਲ ਗਿਆ', ਭਾਰਤੀ ਕ੍ਰਿਕਟ ਟੀਮ ਵਿੱਚ ਸਿਲੈਕਟ ਹੋਏ ਗੁਰਨੂਰ ਦੇ ਪਰਿਵਾਰ ਨੇ ਕੀ ਕਿਹਾ

ਤਸਵੀਰ ਸਰੋਤ, Gurnoor brar /BBC
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
"ਲੋਕ ਕਹਿੰਦੇ ਸਨ ਕਿ ਖੇਡਾਂ ਵਿੱਚ ਕਿਉਂ ਪਾ ਦਿੱਤਾ, ਕਦੇ ਟੀਮ ਵਿੱਚ ਖੇਡਦਾ ਤਾਂ ਨਜ਼ਰ ਨਹੀਂ ਆਉਂਦਾ, ਪਰ ਗੁਰਨੂਰ ਦਾ ਜਵਾਬ ਹਮੇਸ਼ਾ ਹੁੰਦਾ ਕਿ ਮਾਂ! ਮੈਂ ਭਾਰਤ ਲਈ ਖੇਡਣਾ ਤੇ ਇੱਕ ਦਿਨ ਮੈਂ ਜ਼ਰੂਰ ਖੇਡਾਂਗਾ।"
"ਅੱਜ ਮੇਰੇ ਬੇਟੇ ਦਾ ਉਹ ਸੁਪਨਾ ਪੂਰਾ ਹੋਇਆ ਅਤੇ ਸਾਡਾ ਵੀ।"
ਇਹ ਸ਼ਬਦ ਭਾਰਤੀ ਕ੍ਰਿਕਟ ਟੈਸਟ ਟੀਮ ਵਿੱਚ ਪਹਿਲੀ ਵਾਰ ਚੁਣੇ ਗਏ ਪੰਜਾਬ ਦੇ 26 ਸਾਲਾ ਨੌਜਵਾਨ ਗੁਰਨੂਰ ਸਿੰਘ ਬਰਾੜ ਦੇ ਮਾਤਾ ਮਨਵਿੰਦਰ ਕੌਰ ਦੇ ਹਨ।
ਜੋ ਆਪਣੇ ਬੇਟੇ ਗੁਰਨੂਰ ਸਿੰਘ ਬਰਾੜ ਦੇ ਭਾਰਤੀ ਕ੍ਰਿਕਟ ਟੀਮ ਵਿੱਚ ਚੁਣੇ ਜਾਣ ਉੱਤੇ ਖੁਸ਼ ਅਤੇ ਭਾਵੁਕ ਹਨ। ਉਹ ਵਾਰ-ਵਾਰ ਪਰਮਾਤਮਾ ਅਤੇ ਟੀਮ ਚੋਣਕਾਰਾਂ ਦਾ ਧੰਨਵਾਦ ਕਰ ਰਹੇ ਹਨ।
ਗੁਰਨੂਰ ਸਿੰਘ ਬਰਾੜ ਪੰਜਾਬ ਦੇ ਤੇਜ਼ ਗੇਂਦਬਾਜ਼ ਹਨ ਜਿਨ੍ਹਾਂ ਨੂੰ ਬੀਸੀਸੀਆਈ ਨੇ ਅਗਲੇ ਮਹੀਨੇ ਅਫ਼ਗਾਨਿਸਤਾਨ ਖਿਲਾਫ ਹੋਣ ਵਾਲੀ ਇੱਕ ਟੈਸਟ ਅਤੇ ਵਨਡੇ ਸੀਰੀਜ਼ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਹੈ।
ਗੁਰਨੂਰ ਸਿੰਘ ਬਰਾੜ ਬਾਰੇ ਖਾਸ ਗੱਲ ਇਹ ਹੈ ਕਿ ਉਹ 6 ਫੁੱਟ 5 ਇੰਚ ਦੇ ਲੰਬੇ ਕੱਦ ਵਾਲਾ ਖਿਡਾਰੀ ਹੈ ਅਤੇ ਸੱਜੇ ਹੱਥ ਦਾ ਤੇਜ਼ ਗੇਂਦਬਾਜ਼ ਹੈ।
ਭਾਰਤੀ ਕ੍ਰਿਕਟ ਟੀਮ ਵਿੱਚ ਗੁਰਨੂਰ ਦੀ ਚੋਣ ਹੋਣ 'ਤੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਖਿਓਵਾਲੀ ਵਿੱਚ ਜਸ਼ਨ ਦਾ ਮਾਹੌਲ ਹੈ। ਰਿਸ਼ਤੇਦਾਰ ਅਤੇ ਹਲਕੇ ਦੇ ਰਾਜਨੀਤਕ ਆਗੂ ਗੁਰਨੂਰ ਸਿੰਘ ਬਰਾੜ ਦੇ ਮਾਪਿਆਂ ਨੂੰ ਵਧਾਈਆਂ ਦੇ ਰਹੇ ਹਨ।
ਬੀਬੀਸੀ ਸਹਿਯੋਗੀ ਭਰਤ ਭੂਸ਼ਣ ਨਾਲ ਗੱਲ ਕਰਦਿਆਂ ਗੁਰਨੂਰ ਦੇ ਦਾਦਾ ਅਮਰਜੀਤ ਸਿੰਘ ਬਰਾੜ ਕਹਿੰਦੇ ਹਨ, "ਆਪਣੇ ਪੋਤੇ ਦੀ ਖੁਸ਼ੀ 'ਤੇ ਬਹੁਤ ਖੁਸ਼ ਹਾਂ। ਪਿੰਡ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ।"
ਖੁਦ 'ਤੇ ਵਿਸ਼ਵਾਸ ਗੁਰਨੂਰ ਨੂੰ ਕਰਦਾ 'ਚਾਰਜ'

ਤਸਵੀਰ ਸਰੋਤ, Gurnoor brar/instagram
ਇੱਕ ਨਿੱਜੀ ਸਪੋਰਟਸ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਗੁਰਨੂਰ ਸਿੰਘ ਬਰਾੜ ਦੱਸਦੇ ਹਨ, "ਮੈਂ 16-17 ਸਾਲ ਦਾ ਸੀ ਜਦੋਂ ਮੈਂ ਪਹਿਲੀ ਵਾਰ ਜ਼ਿਲ੍ਹਾ ਪੱਧਰ ਦੀ ਅੰਡਰ-19 ਟੀਮ ਵਿੱਚ ਕ੍ਰਿਕਟ ਖੇਡਿਆ । ਉਸ ਵੇਲੇ ਸਾਡੀ ਟੀਮ ਦਾ ਕੈਪਟਨ ਸ਼ੁਭਮਨ ਗਿੱਲ ਸੀ, ਉਹ ਇੱਕ-ਦੋ ਮੈਚ ਖੇਡਣ ਲਈ ਆਇਆ ਸੀ । ਉਹ ਮੈਚ ਮੈਂ ਖੇਡਿਆ ਸੀ ਪਰ ਮੈਨੂੰ ਸੂਬਾ ਪੱਧਰੀ ਅੰਡਰ-19 ਕ੍ਰਿਕਟ ਟੀਮ ਵਿੱਚ ਮੌਕਾ ਨਹੀਂ ਮਿਲਿਆ ਸੀ ਕਿਉਂਕਿ ਮੈਂ ਕੋਈ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ।"
"ਪਹਿਲੀ ਵਾਰ ਪੰਜਾਬ ਵੱਲੋਂ ਅੰਡਰ-23 ਵਿੱਚ ਖੇਡਿਆ, ਉਦੋਂ ਮੈਂ ਤਿੰਨ ਮੈਚ ਖੇਡਿਆ ਸੀ। ਕੋਵਿਡ ਸਮੇਂ ਮੈਂ ਰਣਜੀ ਅਤੇ ਵਿਜੇ ਹਜ਼ਾਰੇ ਕ੍ਰਿਕਟ ਸਕੁਐਡ ਵਿੱਚ ਸੀ। ਫਿਰ ਮੈਨੂੰ ਵਿਜੇ ਹਜ਼ਾਰੇ ਵਿੱਚ ਗੋਆ ਖਿਲਾਫ ਖੇਡਣ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਮੈਂ ਰਣਜੀ ਟਰਾਫੀ ਲਈ ਪੰਜ ਮੈਚ ਖੇਡੇ। ਹਾਲ ਹੀ ਵਿੱਚ ਜਦੋਂ ਰਣਜੀ ਖੇਡਿਆ ਤਾਂ ਮੈਂ ਪੰਜਾਬ ਵੱਲੋਂ ਸੱਤ ਮੈਚ ਖੇਡੇ ਜਿਸ ਵਿੱਚ ਮੈਂ ਸਭ ਤੋਂ ਵੱਧ 26 ਵਿਕਟਾਂ ਲਈਆਂ।"
"ਇਸ ਤੋਂ ਬਾਅਦ ਮੈਨੂੰ ਖੁਦ 'ਤੇ ਵਿਸ਼ਵਾਸ ਹੋਇਆ ਕਿ ਮੈਂ ਖੁਦ ਇਕੱਲਾ ਵੀ ਮੈਚ ਜਿਤਾ ਸਕਦਾ ਹਾਂ। ਇਹ ਟੀਮ ਖੇਡ ਹੈ ਪਰ ਜਦੋਂ ਤੁਸੀਂ ਆਪਣੇ 'ਤੇ ਭਰੋਸਾ ਕਰਦੇ ਹੋ ਕਿ ਮੈਂ ਆਪਣੀ ਟੀਮ ਨੂੰ ਜਿਤਾ ਸਕਦਾ ਹਾਂ ਤਾਂ ਉਹ ਮੈਨੂੰ ਚਾਰਜ ਕਰਦਾ ਹੈ।"
ਗੁਰਨੂਰ ਸਿੰਘ ਬਰਾੜ ਦਾ ਪਿਛੋਕੜ

ਗੁਰਨੂਰ ਸਿੰਘ ਬਰਾੜ ਦਾ ਜਨਮ ਪੰਜਾਬ ਦੇ ਮੁਕਤਸਰ ਸਾਹਿਬ ਸ਼ਹਿਰ ਵਿੱਚ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਖਿਓਵਾਲੀ ਹੈ।
26 ਸਾਲਾ ਗੁਰਨੂਰ ਸਿੰਘ ਬਰਾੜ ਆਪਣੇ ਮਾਪਿਆਂ ਨਾਲ ਮੁਹਾਲੀ ਵਿੱਚ ਰਹਿੰਦੇ ਹਨ। ਗੁਰਨੂਰ ਦੇ ਪਿਤਾ ਸੁਖਵੀਰ ਸਿੰਘ ਬਰਾੜ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਹਨ ਅਤੇ ਖੁਦ ਰਾਸ਼ਟਰੀ ਪੱਧਰ ਦੇ ਬਾਸਕਟਬਾਲ ਖਿਡਾਰੀ ਰਹਿ ਚੁੱਕੇ ਹਨ।
ਪਰਿਵਾਰ ਵਿੱਚ ਖੇਡ ਸੱਭਿਆਚਾਰ ਹੋਣ ਕਰਕੇ ਗੁਰਨੂਰ ਬਚਪਨ ਤੋਂ ਖੇਡਣ ਦਾ ਸ਼ੌਂਕ ਰੱਖਦੇ ਸਨ। ਉਹਨਾਂ ਦੇ ਦਾਦਾ ਅਮਰਜੀਤ ਸਿੰਘ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਉਹ ਬਚਪਨ ਵਿੱਚ ਥਾਪੀ ਲੈ ਕੇ ਆਪਣੀ ਦਾਦੀ ਨਾਲ ਕ੍ਰਿਕਟ ਖੇਡਦਾ ਰਹਿੰਦਾ ਸੀ। ਜਦੋਂ ਪਿੰਡ ਆਉਂਦਾ ਤਾਂ ਆਲੇ ਦੁਆਲੇ ਦੇ ਬੱਚਿਆਂ ਨੂੰ ਇਕੱਠੇ ਕਰਕੇ ਕ੍ਰਿਕਟ ਖੇਡਣ ਲੱਗ ਜਾਂਦਾ।"
ਹਾਲਾਂਕਿ ਪਿਤਾ ਸੁਖਵੀਰ ਸਿੰਘ ਬਰਾੜ ਚਾਹੁੰਦੇ ਸਨ ਕਿ ਉਹਨਾਂ ਦੀ ਤਰ੍ਹਾਂ ਗੁਰਨੂਰ ਵੀ ਬਾਸਕਟਬਾਲ ਹੀ ਖੇਡੇ ਪਰ ਗੁਰਨੂਰ ਨੇ ਕ੍ਰਿਕਟ ਖੇਡਣ ਨੂੰ ਤਰਜੀਹ ਦਿੱਤੀ।
ਗੁਰਨੂਰ ਨੇ 16 ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣ ਦਾ ਫੈਸਲਾ ਕਰ ਲਿਆ ਸੀ, ਜਿਸ ਵਿੱਚ ਫਿਰ ਪੂਰੇ ਪਰਿਵਾਰ ਨੇ ਵੀ ਉਹਨਾਂ ਦਾ ਸਾਥ ਦਿੱਤਾ।
ਗੁਰਨੂਰ ਦੇ ਮਾਤਾ ਮਨਵਿੰਦਰ ਕੌਰ ਮੁਤਾਬਕ, "ਗੁਰਨੂਰ ਨੇ ਪਹਿਲਾਂ ਕ੍ਰਿਕਟ ਦੀ ਕੋਚਿੰਗ ਹੁਸ਼ਿਆਰਪੁਰ ਤੋਂ ਲੈਣੀ ਸ਼ੁਰੂ ਕੀਤੀ ਤੇ ਫਿਰ ਮੁਹਾਲੀ ਦੇ ਨੇੜੇ ਹੀ ਦੋ ਵੱਖ-ਵੱਖ ਕ੍ਰਿਕਟ ਅਕੈਡਮੀਆਂ ਵਿੱਚ ਟ੍ਰੇਨਿੰਗ ਕੀਤੀ।"
ਗੁਰਨੂਰ ਦਾ ਕ੍ਰਿਕਟ ਕਰੀਅਰ

ਤਸਵੀਰ ਸਰੋਤ, Gurnoor brar/instagram
ਸਕੂਲੀ ਪੜ੍ਹਾਈ ਖਤਮ ਕਰਨ ਮਗਰੋਂ ਗੁਰਨੂਰ ਨੇ ਕ੍ਰਿਕਟ ਦੀ ਟ੍ਰੇਨਿੰਗ ਦੇ ਨਾਲ ਚੰਡੀਗੜ੍ਹ ਡੀਏਵੀ ਕਾਲਜ ਸੈਕਟਰ 10 ਵਿੱਚ ਬੀਏ ਦੀ ਪੜ੍ਹਾਈ ਕੀਤੀ। ਇਸ ਦੌਰਾਨ ਉਹ ਆਪਣੀ ਕਾਲਜ ਕ੍ਰਿਕਟ ਟੀਮ ਦਾ ਹਿੱਸਾ ਬਣੇ।
ਇਸ ਮਗਰੋਂ ਗੁਰਨੂਰ ਨੇ ਜ਼ਿਲ੍ਹਾ ਪੱਧਰ 'ਤੇ ਕ੍ਰਿਕਟ ਖੇਡੀ। ਇਸ ਤੋਂ ਬਾਅਦ ਉਹ ਸ਼ੇਰ-ਏ-ਪੰਜਾਬ ਕ੍ਰਿਕਟ ਲੀਗ, ਰਣਜੀ ਟਰਾਫੀ ਵਿੱਚ ਪੰਜਾਬ ਟੀਮ ਦਾ ਹਿੱਸਾ ਬਣੇ। ਉਨ੍ਹਾਂ ਨੇ ਹੁਣ ਤੱਕ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਸ ਵਿੱਚ 18 ਮੈਚਾਂ ਵਿੱਚ 52 ਵਿਕਟਾਂ ਲਈਆਂ ਹਨ।
ਗੁਰਨੂਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ 14 ਰਨ ਦੇ ਕੇ 5 ਵਿਕਟਾਂ ਰਿਹਾ।
ਸਾਲ 2022 ਵਿੱਚ ਗੁਰਨੂਰ ਨੂੰ ਮੁੰਬਈ ਇੰਡੀਅਨਜ਼ ਲਈ ਨੈੱਟ ਬਾਲਰ ਵਜੋਂ ਆਈਪੀਐੱਲ ਵਿੱਚ ਐਂਟਰੀ ਮਿਲੀ।
ਫਿਰ 2023 ਵਿੱਚ ਉਹ ਪੰਜਾਬ ਕਿੰਗਜ਼ ਦਾ ਹਿੱਸਾ ਬਣੇ। ਪਿਛਲੇ ਤਿੰਨ ਸਾਲਾਂ ਤੋਂ ਉਹ ਗੁਜਰਾਤ ਟਾਈਟਨਜ਼ ਦਾ ਹਿੱਸਾ ਹਨ। ਸਾਲ 2025 ਵਿੱਚ ਗੁਜਰਾਤ ਟਾਈਟਨ ਨੇ ਗੁਰਨੂਰ ਨੂੰ 1.3 ਕਰੋੜ ਵਿੱਚ ਖਰੀਦਿਆ ਸੀ। ਹਾਲਾਂਕਿ ਗੁਰਨੂਰ ਨੇ ਅਜੇ ਤੱਕ ਟੀਮ ਲਈ ਆਪਣਾ ਡੈਬਿਊ ਨਹੀਂ ਕੀਤਾ ਹੈ।
ਹਾਲਾਂਕਿ ਗੁਰਨੂਰ ਦੇ ਮਾਤਾ ਕਹਿੰਦੇ ਹਨ ਕਿ ਡੈਬਿਊ ਨਾ ਕਰਨ 'ਤੇ ਰਿਸ਼ਤੇਦਾਰ ਸਾਨੂੰ ਤਾਅਨੇ ਮਾਰਦੇ ਸਨ ਕਿ ਗੁਰਨੂਰ ਕਦੇ ਖੇਡਦਾ ਤਾਂ ਹੈ ਨਹੀਂ। ਪਰ ਹੁਣ ਸਭ ਨੂੰ ਜਵਾਬ ਮਿਲ ਗਿਆ ਹੋਵੇਗਾ।
ਲੰਬੇ ਕੱਦ ਕਾਰਨ ਗੁਰਨੂਰ ਰਹੇ ਖਿੱਚ ਦਾ ਕੇਂਦਰ

ਤਸਵੀਰ ਸਰੋਤ, Gurnoor brar/instagram
ਭਾਰਤੀ ਕ੍ਰਿਕਟ ਟੀਮ ਵਿੱਚ ਚੁਣੇ ਗਏ ਪੰਜਾਬੀ ਗੱਬਰੂ ਗੁਰਨੂਰ ਸਿੰਘ ਬਰਾੜ ਦਾ ਕੱਦ ਉਸ ਨੂੰ ਖਾਸ ਬਣਾਉਂਦਾ ਹੈ। ਗੁਰਨੂਰ ਦਾ ਕੱਦ 6 ਫੁੱਟ ਪੰਜ ਇੰਚ ਹੈ।
ਗੁਰਨੂਰ ਦੇ ਪਿਤਾ ਮੰਨਦੇ ਹਨ ਕਿ ਕੱਦ ਦੇ ਨਾਲ-ਨਾਲ ਗੁਰਨੂਰ ਦੀ ਤੇਜ਼ ਗੇਂਦਬਾਜ਼ੀ ਕਾਰਨ ਹੀ ਉਸ ਨੂੰ ਟੀਮ ਵਿੱਚ ਥਾਂ ਮਿਲੀ ਹੈ।
ਇਸ ਤਰਕ ਨਾਲ ਜੁੜਿਆ ਇੱਕ ਕਿੱਸਾ ਸਾਂਝਾ ਕਰਦਿਆਂ ਉਹ ਕਹਿੰਦੇ ਹਨ, "ਇੱਕ ਵਾਰ ਭਾਰਤੀ ਕ੍ਰਿਕਟ ਟੀਮ ਦੇ ਕੋਚ ਗੌਤਮ ਗੰਭੀਰ ਨੇ ਖੁਦ ਫੋਨ ਕਰਕੇ ਗੁਰਨੂਰ ਨੂੰ ਪ੍ਰੈਕਟਿਸ ਲਈ ਵੀ ਸੱਦਾ ਭੇਜਿਆ ਸੀ।"
ਉਹ ਦੱਸਦੇ ਹਨ, "ਇੱਕ ਵਾਰ ਜਦੋਂ ਭਾਰਤੀ ਟੀਮ ਨੇ ਅਫ਼ਗਾਨਿਸਤਾਨ ਖਿਲਾਫ ਮੈਚ ਖੇਡਣ ਜਾਣਾ ਸੀ ਤਾਂ ਗੌਤਮ ਗੰਭੀਰ ਨੇ ਖੁਦ ਫੋਨ ਕਰਕੇ ਗੁਰਨੂਰ ਨੂੰ ਪ੍ਰੈਕਟਿਸ ਲਈ ਬੁਲਾਇਆ। ਕਿਉਂਕਿ ਗੁਰਨੂਰ ਦਾ ਕੱਦ ਬਹੁਤ ਲੰਬਾ ਹੈ ਅਤੇ ਅਫ਼ਗਾਨਿਸਤਾਨ ਦਾ ਇੱਕ ਖਿਡਾਰੀ ਲੰਬੇ ਕੱਦ ਵਾਲਾ ਸੀ ਤਾਂ ਉਹ ਚਾਹੁੰਦੇ ਸਨ ਕਿ ਗੁਰਨੂਰ ਟੀਮ ਨੂੰ ਆਪਣੀ ਗੇਂਦਬਾਜ਼ੀ ਰਾਹੀਂ ਪ੍ਰੈਕਟਿਸ ਕਰਾਵੇ। ਉਦੋਂ ਕਈ ਦਿਨ ਗੁਰਨੂਰ ਨੇ ਟੀਮ ਨੂੰ ਪ੍ਰੈਕਟਿਸ ਵੀ ਕਰਵਾਈ ਸੀ।"
ਜਦੋਂ ਗੁਰਨੂਰ ਨੇ ਅਮਰੀਕਾ ਜਾਣ ਦੀ ਆਫਰ ਠੁਕਰਾਈ
ਗੁਰਨੂਰ ਦੇ ਮਾਤਾ ਦੱਸਦੇ ਹਨ ਕਿ ਗੁਰਨੂਰ ਨੂੰ ਇੱਕ ਵਾਰ ਅਮਰੀਕਾ ਦੀ ਕ੍ਰਿਕਟ ਅਕੈਡਮੀ ਵੱਲੋਂ ਆਫ਼ਰ ਆਈ ਕਿ ਗੁਰਨੂਰ ਪੱਕੇ ਤੌਰ 'ਤੇ ਅਮਰੀਕਾ ਆ ਜਾਵੇ ਤੇ ਉੱਥੇ ਆ ਕੇ ਕ੍ਰਿਕਟ ਦੀ ਤਿਆਰੀ ਕਰੇ। ਪਰ ਉਸਨੇ ਪਹਿਲੀ ਵਾਰ 'ਚ ਹੀ ਅਮਰੀਕਾ ਜਾਣ ਦੀ ਆਫਰ ਠੁਕਰਾ ਦਿੱਤੀ।
ਮਨਵਿੰਦਰ ਕੌਰ ਦੱਸਦੇ ਹਨ, "ਗੁਰਨੂਰ ਨੇ ਕਿਹਾ ਮੈਂ ਅਮਰੀਕਾ ਨਹੀਂ ਜਾਣਾ। ਜੇ ਮੈਂ ਕ੍ਰਿਕਟ ਖੇਡਣੀ ਹੈ ਤਾਂ ਭਾਰਤ 'ਚ ਰਹਿ ਕੇ ਭਾਰਤੀ ਟੀਮ ਦਾ ਹਿੱਸਾ ਬਣ ਕੇ ਖੇਡਣੀ ਹੈ।"

ਡੇਲ ਸਟੇਨ ਨੂੰ ਰੋਲ ਮਾਡਲ ਮੰਨਦੇ ਹਨ ਗੁਰਨੂਰ
ਪਿਤਾ ਸੁਖਵੀਰ ਸਿੰਘ ਮੁਤਾਬਕ ਗੁਰਨੂਰ ਸ਼ੁਰੂ ਤੋਂ ਹੀ ਦੱਖਣੀ ਅਫ਼ਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਡੇਲ ਸਟੇਨ ਦਾ ਫੈਨ ਸੀ ਅਤੇ ਉਨ੍ਹਾਂ ਦੀ ਗੇਂਦਬਾਜ਼ੀ ਤੋਂ ਪ੍ਰੇਰਨਾ ਲੈਂਦਾ ਸੀ।
ਉਹ ਹਮੇਸ਼ਾ ਡੇਲ ਸਟੇਨ ਦਾ ਵੀਡੀਓ ਲਾ ਕੇ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰਦਾ ਅਤੇ ਆਪਣੀ ਖੇਡ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਸੀ।
ਗੁਰਨੂਰ ਦੇ ਮਾਤਾ ਮਨਵਿੰਦਰ ਕੌਰ ਮੁਤਾਬਕ, "ਜਦੋਂ ਵੀ ਗੁਰਨੂਰ ਕ੍ਰਿਕਟ ਖੇਡਣ ਜਾਂਦਾ ਹੈ ਪਹਿਲਾਂ ਮੂਲ ਮੰਤਰ ਦਾ ਪਾਠ ਕਰਦਾ ਹੈ। ਇਹੀ ਆਦਤ ਉਸਨੂੰ ਸ਼ਾਇਦ ਹਮੇਸ਼ਾ ਸਕਾਰਤਮਕ ਰੱਖਦੀ ਹੈ। ਹੁਣ ਬੱਸ ਮੈਂ ਇਹ ਸੋਚਦੀ ਹਾਂ ਕਿ ਉਹ ਅਫ਼ਗਾਨਿਸਤਾਨ ਖਿਲਾਫ ਚੰਗਾ ਡੈਬਿਊ ਕਰੇ ਅਤੇ ਬਹੁਤ ਵਿਕਟਾਂ ਲਵੇ।"
ਉਹ ਹੱਸਦੇ ਹੋਏ ਕਹਿੰਦੇ ਹਨ ਹੁਣ ਜਦੋਂ ਗੁਰਨੂਰ ਘਰ ਆਵੇਗਾ ਤਾਂ ਉਸਦੇ ਲਈ ਆਲੂ ਵਾਲੇ ਪਰੌਂਠੇ ਤਿਆਰ ਰੱਖਾਂਗੀ, ਉਹ ਮੇਰੇ ਹੱਥ ਦੇ ਬਣੇ ਪਰੌਂਠੇ ਖਾਣ ਦਾ ਬਹੁਤ ਸ਼ੌਕੀਨ ਹੈ।"

ਰਾਜਨੀਤਕ ਆਗੂਆਂ ਨੇ ਦਿੱਤੀਆਂ ਵਧਾਈਆਂ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰਨੂਰ ਦੇ ਭਾਰਤੀ ਟੀਮ ਵਿੱਚ ਚੁਣੇ ਜਾਣ 'ਤੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਵਧਾਈਆਂ ਦਿੱਤੀਆਂ।
ਉਨ੍ਹਾਂ ਲਿਖਿਆ, "ਸਾਡੇ ਲੰਬੀ ਹਲਕੇ ਦੇ ਪਿੰਡ ਖਿਓਵਾਲੀ (ਸ੍ਰੀ ਮੁਕਤਸਰ ਸਾਹਿਬ) ਦੇ ਹੋਣਹਾਰ ਨੌਜਵਾਨ ਕ੍ਰਿਕਟ ਖਿਡਾਰੀ ਗੁਰਨੂਰ ਸਿੰਘ ਬਰਾੜ ਦੀ ਭਾਰਤੀ ਕ੍ਰਿਕਟ ਟੀਮ ਵਿੱਚ ਚੋਣ ਹੋਣ 'ਤੇ ਬਹੁਤ ਬਹੁਤ ਮੁਬਾਰਕਾਂ, ਇਹ ਪੂਰੇ ਇਲਾਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ । ਆਸ ਕਰਦਾ ਹਾਂ ਕਿ ਉਹ ਵਧੀਆ ਖੇਡ ਨਾਲ ਦੇਸ਼ ਅਤੇ ਪੰਜਾਬ ਦਾ ਨਾਮ ਚਮਕਾਉਣਗੇ"
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਲਿਖਿਆ, "ਮਿਹਨਤ, ਲਗਨ ਅਤੇ ਹੌਸਲੇ ਨਾਲ ਸੁਪਨੇ ਕਿਵੇਂ ਸੱਚ ਕੀਤੇ ਜਾਂਦੇ ਹਨ, ਗੁਰਨੂਰ ਨੇ ਇਹ ਸਾਬਤ ਕਰ ਦਿੱਤਾ ਹੈ। ਤੁਹਾਡੀ ਇਹ ਕਾਮਯਾਬੀ ਹਰ ਉਸ ਨੌਜਵਾਨ ਲਈ ਪ੍ਰੇਰਣਾ ਹੈ ਜੋ ਆਪਣੇ ਪਿੰਡ ਦੀਆਂ ਗਲੀਆਂ ਤੋਂ ਨਿਕਲ ਕੇ ਦੇਸ਼ ਲਈ ਕੁਝ ਵੱਡਾ ਕਰਨ ਦਾ ਸੁਪਨਾ ਦੇਖਦਾ ਹੈ। ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ...ਅੱਜ ਪੂਰਾ ਪੰਜਾਬ ਤੁਹਾਡੇ 'ਤੇ ਮਾਣ ਮਹਿਸੂਸ ਕਰ ਰਿਹਾ ਹੈ।"
ਬਠਿੰਡਾ ਤੋਂ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, "ਸਾਡੇ ਲੰਬੀ ਹਲਕੇ ਦੇ ਪਿੰਡ ਖਿਓਵਾਲੀ ਦੇ ਜੰਮਪਲ ਹੋਣਹਾਰ ਖਿਡਾਰੀ ਗੁਰਨੂਰ ਸਿੰਘ ਬਰਾੜ ਨੂੰ ਭਾਰਤੀ ਕ੍ਰਿਕਟ ਟੀਮ ਵਿੱਚ ਚੁਣੇ ਜਾਣ 'ਤੇ ਬਹੁਤ ਬਹੁਤ ਮੁਬਾਰਕਾਂ। ਇਹ ਗੁਰਨੂਰ ਦੀ ਸਖ਼ਤ ਮਿਹਨਤ ਅਤੇ ਲਗਨ ਦਾ ਨਤੀਜਾ ਹੈ ਜੋ ਅੱਜ ਉਸਦੀ ਚੋਣ ਹੋਈ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












