ਇਸ ਦੇਸ਼ ਵਿੱਚ ਹੈਕਰਾਂ ਨੇ ਕੀ ਹੈਕ ਕੀਤਾ ਜਿਸ ਕਰਕੇ ਲੱਖਾਂ ਰੁਪਏ ਦਾ ਖਾਣਾ ਖ਼ਰਾਬ ਹੋ ਗਿਆ

ਹਮਲਾਵਰਾਂ ਨੇ ਉਸ ਸੌਫਟਵੇਅਰ ਨੂੰ ਨਿਸ਼ਾਨਾ ਬਣਾਇਆ
ਤਸਵੀਰ ਕੈਪਸ਼ਨ, ਹਮਲਾਵਰਾਂ ਨੇ ਉਸ ਸੌਫਟਵੇਅਰ ਨੂੰ ਨਿਸ਼ਾਨਾ ਬਣਾਇਆ, ਜਿਸ ਦੀ ਮਦਦ ਨਾਲ ਰੈਫ੍ਰਿਜਰੇਸ਼ਨ ਉਪਕਰਣਾਂ ਨੂੰ ਦੂਰੋਂ ਹੀ ਕੰਟਰੋਲ ਕੀਤਾ ਜਾ ਸਕਦਾ ਹੈ
    • ਲੇਖਕ, ਇਆਨ ਏਕਮੈਨ ਅਤੇ ਹਿਊ ਸ਼ੋਫੀਲਡ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਫਰਾਂਸ ਦੇ ਸੈਂਕੜੇ ਸੁਪਰਮਾਰਕੀਟਾਂ ਨੂੰ ਸਾਈਬਰ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ ਉਨ੍ਹਾਂ ਦੇ ਫਰਿੱਜਾਂ ਅਤੇ ਫ੍ਰੀਜ਼ਰਾਂ ਦਾ ਤਾਪਮਾਨ ਵਧ ਗਿਆ। ਖ਼ਰਾਬ ਹੋਏ ਤਾਜ਼ੇ ਅਤੇ ਜੰਮੇ ਹੋਏ ਖਾਣ-ਪੀਣ ਦੇ ਸਮਾਨ ਦੀ ਕੀਮਤ ਲੱਖਾਂ ਯੂਰੋ ਹੋਣ ਦਾ ਅੰਦਾਜ਼ਾ ਹੈ।

ਪ੍ਰਭਾਵਿਤ ਸਟੋਰਾਂ ਵਿੱਚੋਂ ਇੱਕ ਦੇ ਅਨੁਸਾਰ, ਹੈਕਰਾਂ ਨੇ ਰੈਫ੍ਰਿਜਰੇਸ਼ਨ ਯੂਨਿਟਾਂ ਦੇ ਤਾਪਮਾਨ ਨੂੰ ਕੰਟ੍ਰੋਲ ਕਰਨ ਵਾਲੇ ਸਾਫਟਵੇਅਰ 'ਤੇ ਕਬਜ਼ਾ ਕਰ ਲਿਆ ਅਤੇ ਰਾਤੋ-ਰਾਤ ਕੁਝ ਯੂਨਿਟਾਂ ਦਾ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚਾ ਦਿੱਤਾ।

ਕੋਆਪਰੇਟਿਵ ਯੂ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਇਸ ਦੇ ਕਈ ਸੁਪਰਮਾਰਕੀਟਾਂ 'ਤੇ ਇੱਕ "ਬੇਹੱਦ ਗੰਭੀਰ ਅਤੇ ਬੇਮਿਸਾਲ" ਹਮਲਾ ਹੋਇਆ।

ਇਸ ਹਮਲੇ ਵਿੱਚ ਉਸ ਚੇਨ ਦੇ 100 ਤੋਂ ਵੱਧ ਸੁਪਰਮਾਰਕੀਟਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਇਸ ਤੋਂ ਇਲਾਵਾ, ਇੰਟਰਮਾਰਸ਼ੇ ਅਤੇ ਇਸ ਦੇ ਨੈੱਟੋ ਬ੍ਰਾਂਡ ਦੇ 180 ਸਟੋਰ ਵੀ ਪ੍ਰਭਾਵਿਤ ਹੋਏ।

ਇੱਕ ਬੁਲਾਰੇ ਨੇ ਦੱਸਿਆ ਕਿ ਇਸੇ ਤਰ੍ਹਾਂ ਦੀ ਘਟਨਾ ਨੂੰ ਰੋਕਣ ਲਈ ਐਮਰਜੈਂਸੀ ਉਪਾਅ ਵਜੋਂ ਹੋਰ 100 ਸਟੋਰਾਂ ਦਾ ਇੰਟਰਨੈੱਟ ਨਾਲੋਂ ਸੰਪਰਕ ਕੱਟ ਦਿੱਤਾ ਗਿਆ।

ਕੈਰੇਫੋਰ, ਮੋਨੋਪ੍ਰੀ ਅਤੇ ਈ. ਲੇਕਲਰਕ ਵਰਗੀਆਂ ਹੋਰ ਵੱਡੀਆਂ ਚੇਨਾਂ ਵੀ ਇਸ ਹਮਲੇ ਨਾਲ ਪ੍ਰਭਾਵਿਤ ਹੋਈਆਂ। ਇਹ ਹਮਲਾ ਡੈਨਮਾਰਕ ਦੀ ਇੰਜੀਨੀਅਰਿੰਗ ਕੰਪਨੀ ਡੈਨਫੌਸ ਦੇ ਸਾਫਟਵੇਅਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ।

ਇਹ ਪ੍ਰੋਗਰਾਮ ਕਾਰੋਬਾਰਾਂ ਨੂੰ ਆਪਣੇ ਰੈਫ੍ਰਿਜਰੇਸ਼ਨ ਉਪਕਰਣਾਂ ਦਾ ਦੂਰੋਂ ਪ੍ਰਬੰਧਨ ਕਰਨ ਦੀ ਸਹੂਲਤ ਦਿੰਦਾ ਹੈ।

ਆਮ ਤੌਰ 'ਤੇ, ਸੁਪਰਮਾਰਕੀਟਾਂ ਦੇ ਫ੍ਰੀਜ਼ਰਾਂ ਨੂੰ ਰਾਤ ਵੇਲੇ ਥੋੜ੍ਹੇ ਸਮੇਂ ਲਈ ਬਰਫ਼ ਹਟਾਉਣ ਦੀ ਪ੍ਰਕਿਰਿਆ ਵਿੱਚੋਂ ਲੰਘਾਇਆ ਜਾਂਦਾ ਹੈ, ਜਿਸ ਦੌਰਾਨ ਤਾਪਮਾਨ ਥੋੜ੍ਹਾ ਵਧ ਜਾਂਦਾ ਹੈ। ਪਰ ਹਮਲਾਵਰਾਂ ਨੇ ਉਪਕਰਣਾਂ ਨੂੰ ਗਰਮ ਹੋਣ ਅਤੇ ਗਰਮ ਹੀ ਰਹਿਣ ਦੇ ਹੁਕਮ ਦੇ ਦਿੱਤੇ। ਡੈਨਫੌਸ ਨੇ ਉਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਨਹੀਂ ਕੀਤੀ ਕਿ ਇਸ ਪ੍ਰਕਿਰਿਆ ਦੌਰਾਨ ਫਰਿੱਜਾਂ ਅਤੇ ਫ੍ਰੀਜ਼ਰਾਂ ਦਾ ਤਾਪਮਾਨ ਕਿੰਨਾ ਵਧਿਆ ਹੋ ਸਕਦਾ ਹੈ।

ਡੈਨਫੌਸ ਨੇ ਕਿਹਾ ਕਿ ਪ੍ਰਭਾਵਿਤ ਉਪਕਰਣ ਪੁਰਾਣੇ ਮਾਡਲ ਸਨ, ਜਿਨ੍ਹਾਂ ਦੇ ਸੁਰੱਖਿਆ ਸਾਫਟਵੇਅਰ ਨੂੰ ਉਸ ਖ਼ਤਰੇ ਤੋਂ ਬਚਾਉਣ ਲਈ ਅੱਪਡੇਟ ਨਹੀਂ ਕੀਤਾ ਜਾ ਸਕਦਾ ਸੀ, ਜਿਸ ਦੀ ਪਛਾਣ ਕੰਪਨੀ ਪਹਿਲਾਂ ਹੀ ਕਰ ਚੁੱਕੀ ਸੀ।

ਕੰਪਨੀ ਨੇ ਇੱਕ ਬਿਆਨ ਵਿੱਚ ਅੱਗੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਪਣੇ ਗਾਹਕਾਂ ਨੂੰ ਅਨੁਕੂਲ ਸਿਸਟਮਾਂ ਨੂੰ ਅੱਪ ਟੂ ਡੇਟ ਰੱਖਣ ਦੀ "ਸਲਾਹ" ਦਿੰਦੀ ਆ ਰਹੀ ਹੈ।

ਕੰਪਨੀ ਨੇ ਕਿਹਾ, "ਭਰੋਸੇਯੋਗ ਰੈਫ੍ਰਿਜਰੇਸ਼ਨ ਸਾਡੇ ਗਾਹਕਾਂ ਦੇ ਕਾਰੋਬਾਰ ਲਈ ਬਹੁਤ ਜ਼ਰੂਰੀ ਹੈ ਅਤੇ ਅਸੀਂ ਉਨ੍ਹਾਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਨੂੰ ਜਾਣੇ-ਪਛਾਣੇ ਸੁਰੱਖਿਅਤ ਤੇ ਭਰੋਸੇਯੋਗ ਸਿਸਟਮ ਕਾਇਮ ਰੱਖਣ ਵਿੱਚ ਮਦਦ ਦੇਣ ਲਈ ਵਚਨਬੱਧ ਹਾਂ।"

 ਸੁਪਰਮਾਰਕੀਟ
ਤਸਵੀਰ ਕੈਪਸ਼ਨ, ਕੁਝ ਸੁਪਰਮਾਰਕੀਟਾਂ ਨੇ ਉਹ ਖਾਣ-ਪੀਣ ਵਾਲੀਆਂ ਵਸਤਾਂ ਵਿਕਰੀ ਤੋਂ ਹਟਾ ਦਿੱਤੀਆਂ, ਜਿਨ੍ਹਾਂ ਦੀ ਹਾਲਤ ਬਾਰੇ ਉਹ ਭਰੋਸਾ ਨਹੀਂ ਦੇ ਸਕਦੇ ਸਨ

ਲਗਭਗ 400 ਸਟੋਰ ਪ੍ਰਭਾਵਿਤ

ਹਮਲੇ ਦਾ ਪੂਰਾ ਦਾਇਰਾ ਅਜੇ ਪਤਾ ਨਹੀਂ ਹੈ, ਪਰ ਹਰੇਕ ਚੇਨ ਵੱਲੋਂ ਦਿੱਤੇ ਗਏ ਅੰਕੜਿਆਂ ਤੋਂ ਸੰਕੇਤ ਮਿਲਦਾ ਹੈ ਕਿ ਫਰਾਂਸ ਵਿੱਚ ਲਗਭਗ 15,000 ਸਟੋਰਾਂ ਵਿੱਚੋਂ ਕਰੀਬ 400 ਸਟੋਰ ਪ੍ਰਭਾਵਿਤ ਹੋਏ।

ਕੈਰੇਫੋਰ ਨੇ ਦੱਸਿਆ ਕਿ ਉਸ ਦੇ 6,000 ਸਟੋਰਾਂ ਵਿੱਚੋਂ 80 ਸਟੋਰਾਂ ਦੇ ਫਰਿੱਜਾਂ 'ਤੇ ਹਮਲਾ ਹੋਇਆ। ਮੋਨੋਪ੍ਰੀ ਨੇ ਕਿਹਾ ਕਿ ਉਸ ਦੇ 400 ਤੋਂ ਵੱਧ ਸਟੋਰਾਂ ਵਿੱਚੋਂ 5 ਫ਼ੀਸਦੀ ਪ੍ਰਭਾਵਿਤ ਹੋਏ ਅਤੇ ਉਸ ਨੇ ਉਹ ਖਾਣ-ਪੀਣ ਦੀਆਂ ਵਸਤਾਂ ਵਿਕਰੀ ਤੋਂ ਹਟਾ ਦਿੱਤੀਆਂ, ਜਿਨ੍ਹਾਂ ਦੀ ਸਹੀ ਹਾਲਤ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਸੀ।

ਬੀਬੀਸੀ ਨੂੰ ਦਿੱਤੇ ਇੱਕ ਬਿਆਨ ਵਿੱਚ, ਇੰਟਰਮਾਰਸ਼ੇ ਅਤੇ ਨੈੱਟੋ ਦੀ ਮਾਲਕ ਮੂਸਕੇਤੇਅਰ ਗਰੁੱਪ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਤੱਕ ਤਾਜ਼ੇ ਅਤੇ ਜੰਮੇ ਹੋਏ ਉਤਪਾਦਾਂ ਦੇ ਕੁਝ ਡਿਸਪਲੇ ਕਾਊਂਟਰ ਹਾਲੇ ਵੀ ਕੰਮ ਨਹੀਂ ਕਰ ਰਹੇ ਸਨ।

ਗਰੁੱਪ ਨੇ ਕਿਹਾ ਕਿ ਸਟੋਰਾਂ ਨੇ "ਇਨ੍ਹਾਂ ਯੂਨਿਟਾਂ ਵਿੱਚੋਂ ਉਤਪਾਦਾਂ ਨੂੰ ਹਟਾਉਣ ਲਈ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਹਨ।"

ਇਸ ਨੇ ਅੱਗੇ ਕਿਹਾ ਕਿ ਕਰਮਚਾਰੀ ਸ਼ੈਲਫਾਂ ਨੂੰ "ਜਿੰਨੀ ਜਲਦੀ ਹੋ ਸਕੇ" ਮੁੜ ਸਾਮਾਨ ਨਾਲ ਭਰਨ ਲਈ ਕੰਮ ਕਰ ਰਹੇ ਸਨ।

ਰੌਇਟਰਜ਼ ਮੁਤਾਬਕ ਇੰਟਰਮਾਰਸ਼ੇ ਨੇ ਕਿਹਾ ਕਿ ਐਤਵਾਰ ਰਾਤ ਨੂੰ ਉਸ ਦੇ ਫਰਿੱਜਾਂ ਦਾ ਤਾਪਮਾਨ ਛੇ ਘੰਟਿਆਂ ਤੱਕ 50 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਰਿਹਾ ਅਤੇ ਸਿਹਤ ਸਬੰਧੀ ਖ਼ਤਰਿਆਂ ਤੋਂ ਬਚਣ ਲਈ ਉਸ ਨੇ ਪ੍ਰਭਾਵਿਤ ਖਾਣ-ਪੀਣ ਦੀਆਂ ਸਾਰੀਆਂ ਵਸਤਾਂ ਸੁੱਟ ਦਿੱਤੀਆਂ।

ਇਸ ਹਮਲੇ ਦੇ ਨਤੀਜੇ ਵਜੋਂ, ਸੋਮਵਾਰ ਸਵੇਰੇ ਕਈ ਚੇਨਾਂ ਦੀਆਂ ਸ਼ਾਖਾਵਾਂ ਵਿੱਚ ਪਹੁੰਚੇ ਪ੍ਰਬੰਧਕਾਂ ਦਾ ਸਾਹਮਣਾ ਫ੍ਰੀਜ਼ਰਾਂ ਵਿੱਚੋਂ ਨਿਕਲਣ ਵਾਲੀ ਗਰਮ ਹਵਾ ਨਾਲ ਹੋਇਆ। ਕੁਝ ਥਾਵਾਂ 'ਤੇ ਤਾਂ ਛੋਟੀਆਂ ਅੱਗਾਂ ਵੀ ਲੱਗ ਗਈਆਂ।

ਇੰਟਰਮਾਰਸ਼ੇ ਸੁਪਰਮਾਰਕੀਟ
ਤਸਵੀਰ ਕੈਪਸ਼ਨ, ਫਰਾਂਸ ਦੇ ਪੱਛਮੀ ਹਿੱਸੇ ਵਿੱਚ ਨੇਵੇਜ਼ ਸਥਿਤ ਇੱਕ ਇੰਟਰਮਾਰਸ਼ੇ ਸੁਪਰਮਾਰਕੀਟ ਵਿੱਚ ਤਾਜ਼ੇ ਖਾਣ-ਪੀਣ ਦੀਆਂ ਵਸਤਾਂ ਵਾਲੇ ਫਰਿੱਜਾਂ 'ਤੇ ਗਾਹਕਾਂ ਲਈ ਲਗਾਇਆ ਗਿਆ ਇੱਕ ਨੋਟਿਸ

"ਵੱਡੇ ਪੱਧਰ 'ਤੇ ਸਾਈਬਰ ਹਮਲਾ"

ਫਰਾਂਸੀਸੀ ਨਿਊਜ਼ ਨੈੱਟਵਰਕ ਬੀਐੱਫਐੱਮਟੀਵੀ ਨੇ ਆਈਸਕ੍ਰੀਮ ਵਾਲੇ ਹਿੱਸੇ ਵਿੱਚ ਇੱਕ ਫ੍ਰੀਜ਼ਰ ਦੀ ਤਸਵੀਰ ਪ੍ਰਕਾਸ਼ਿਤ ਕੀਤੀ, ਜਿਸ ਦਾ ਤਾਪਮਾਨ 26.5 ਡਿਗਰੀ ਸੈਲਸੀਅਸ ਸੀ।

ਚੇਨ ਨੇ ਅੱਗੇ ਦੱਸਿਆ ਕਿ ਅਲਸਾਸ ਖੇਤਰ ਦੇ ਦੋ ਸੁਪਰਮਾਰਕੀਟਾਂ ਨੂੰ ਕੁੱਲ 2,70,000 ਯੂਰੋ (ਲਗਭਗ 3,00,000 ਅਮਰੀਕੀ ਡਾਲਰ) ਦਾ ਨੁਕਸਾਨ ਹੋਣ ਦੀ ਰਿਪੋਰਟ ਹੈ। ਇਸ ਲਈ ਦੇਸ਼ ਭਰ ਵਿੱਚ ਕੁੱਲ ਨੁਕਸਾਨ ਲੱਖਾਂ ਯੂਰੋ ਤੱਕ ਪਹੁੰਚ ਸਕਦਾ ਹੈ।

ਫਰਾਂਸ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਸਾਈਬਰ ਅਪਰਾਧ ਦੇ ਮਾਮਲੇ ਵਿੱਚ ਇੱਕ ਵਿਸ਼ੇਸ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਪੈਰਿਸ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਇਸ ਘਟਨਾ ਨੂੰ "ਫਰਾਂਸ ਦੀਆਂ ਕਈ ਵੱਡੀਆਂ ਸੁਪਰਮਾਰਕੀਟ ਚੇਨਾਂ ਦੇ ਫਰਿੱਜਾਂ ਵਿਰੁੱਧ ਵੱਡੇ ਪੱਧਰ 'ਤੇ ਕੀਤਾ ਗਿਆ ਸਾਈਬਰ ਹਮਲਾ" ਦੱਸਿਆ।

ਖੇਤੀਬਾੜੀ ਅਤੇ ਖੁਰਾਕ ਬਾਰੇ ਯੂਰਪੀ ਕਮਿਸ਼ਨਰ ਕ੍ਰਿਸਟੋਫ ਹੈਨਸਨ ਨੇ ਐਕਸ 'ਤੇ ਪ੍ਰਕਾਸ਼ਿਤ ਇੱਕ ਬਿਆਨ ਵਿੱਚ ਇਸ ਹਮਲੇ ਦੀ ਨਿੰਦਾ ਕੀਤੀ।

ਉਨ੍ਹਾਂ ਕਿਹਾ, "ਖੁਰਾਕ ਸੁਰੱਖਿਆ ਲਈ ਹਰ ਪੱਧਰ 'ਤੇ ਵਧੇਰੇ ਧਿਆਨ ਦੇਣ ਦੀ ਲੋੜ ਹੈ। ਕਿਉਂਕਿ ਖਾਣ-ਪੀਣ ਦੀਆਂ ਵਸਤਾਂ ਨੂੰ ਹਥਿਆਰ ਵਜੋਂ ਵਰਤਣਾ ਪਹਿਲਾਂ ਹੀ ਇੱਕ ਹਕੀਕਤ ਬਣ ਚੁੱਕਾ ਹੈ।"

ਐਕਸ 'ਤੇ ਇੱਕ ਹੋਰ ਪੋਸਟ ਵਿੱਚ, ਕੋਆਪਰੇਟਿਵ ਯੂ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੋਮਿਨਿਕ ਸ਼ੇਲਸ਼ੇਰ ਨੇ ਕਿਹਾ ਕਿ ਕਰਮਚਾਰੀ "ਰੈਫ੍ਰਿਜਰੇਸ਼ਨ ਮਾਹਿਰਾਂ ਨਾਲ ਤਾਲਮੇਲ ਕਰਦੇ ਹੋਏ, ਸਥਿਤੀ ਨੂੰ ਜਿੰਨੀ ਜਲਦੀ ਹੋ ਸਕੇ ਆਮ ਵਾਂਗ ਕਰਨ ਲਈ ਪੂਰੀ ਤਰ੍ਹਾਂ ਜੁਟੇ ਹੋਏ ਹਨ।"

ਉਨ੍ਹਾਂ ਨੇ ਇਸ ਹਮਲੇ ਦੀ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ ਫਰਾਂਸ ਦੀ ਖੁਰਾਕ ਸਪਲਾਈ ਲਈ ਜ਼ਰੂਰੀ ਉਪਕਰਣਾਂ 'ਤੇ ਹਮਲਾ ਕਰਨਾ "ਅਸਵੀਕਾਰਨਯੋਗ" ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)