ਗਾਇਕਾ ਆਸ਼ਾ ਭੋਸਲੇ ਦਾ ਦੇਹਾਂਤ, 'ਦਮ ਮਾਰੋ ਦਮ' ਤੇ 'ਆਜਾ-ਆਜਾ ਮੈਂ ਹੂੰ ਪਿਆਰ ਤੇਰਾ' ਵਰਗੇ ਮਸ਼ਹੂਰ ਗਾਣਿਆਂ ਦੇ ਪਿੱਛੇ ਕੀ ਕਿੱਸੇ ਸਨ

ਤਸਵੀਰ ਸਰੋਤ, Gopal Shoonya
- ਲੇਖਕ, ਵੰਦਨਾ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 11 ਮਿੰਟ
ਮਸ਼ਹੂਰ ਗਾਇਕਾ ਆਸ਼ਾ ਭੋਸਲੇ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ।
ਬ੍ਰੀਚ ਕੈਂਡੀ ਹਸਪਤਾਲ ਦੇ ਡਾਕਟਰ ਪ੍ਰਤੀਤ ਸਮਦਾਨੀ ਨੇ ਬੀਬੀਸੀ ਮਰਾਠੀ ਨੂੰ ਉਨ੍ਹਾਂ ਦੇ ਦੇਹਾਂਤ ਸਬੰਧੀ ਜਾਣਕਾਰੀ ਦਿੱਤੀ ਹੈ।
ਆਸ਼ਾ ਭੋਸਲੇ ਐਮਰਜੈਂਸੀ ਮੈਡੀਕਲ ਸਰਵਿਸਿਜ਼ ਯੂਨਿਟ ਵਿੱਚ ਜ਼ੇਰੇ ਇਲਾਜ ਸਨ।
ਉਨ੍ਹਾਂ ਦੇ ਛੋਟੇ ਭੈਣ ਊਸ਼ਾ ਮੰਗੇਸ਼ਕਰ ਨੇ ਬੀਬੀਸੀ ਨਿਊਜ਼ ਹਿੰਦੀ ਦੇ ਸਹਿਯੋਗੀ ਰਵੀ ਜੈਨ ਨਾਲ ਗੱਲਬਾਤ ਵਿੱਚ ਆਸ਼ਾ ਭੋਸਲੇ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਏ ਜਾਣ ਦੀ ਪੁਸ਼ਟੀ ਕੀਤੀ ਸੀ।
ਇੱਕ ਪਰਿਵਾਰਕ ਸਰੋਤ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਇਹ ਵੀ ਦੱਸਿਆ ਸੀ ਕਿ ਉਹ ਫੇਫੜਿਆਂ ਅਤੇ ਉਮਰ ਨਾਲ ਸੰਬੰਧਿਤ ਹੋਰ ਬਿਮਾਰੀਆਂ ਨਾਲ ਵੀ ਜੂਝ ਰਹੇ ਸਨ।
8 ਸਤੰਬਰ, 1933 ਨੂੰ ਜਨਮੇ ਆਸ਼ਾ ਭੋਸਲੇ ਨੇ 1943 'ਚ ਮਹਿਜ਼ 10 ਸਾਲ ਦੀ ਉਮਰ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਪਿਛਲੇ ਅੱਠ ਦਹਾਕਿਆਂ ਤੋਂ ਗਾ ਰਹੇ ਹਨ।
ਹਰ ਗਾਣੇ ਦੀ ਵਿਲੱਖਣ ਕਹਾਣੀ

ਤਸਵੀਰ ਸਰੋਤ, AFP via Getty Images
ਆਸ਼ਾ ਭੋਸਲੇ ਨੇ ਹੰਸਰਾਜ ਬਹਿਲ, ਓ.ਪੀ ਨਈਅਰ, ਮਦਨ ਮੋਹਨ, ਆਰਡੀ ਬਰਮਨ, ਇਲੈਆਰਾਜਾ, ਅਨੂ ਮਲਿਕ ਤੋਂ ਲੈ ਕੇ ਏਆਰ ਰਹਿਮਾਨ ਤੱਕ ਸਾਰੇ ਹੀ ਸੰਗੀਤਕਾਰਾਂ ਨਾਲ ਕੰਮ ਕੀਤਾ ਹੈ।
ਉਨ੍ਹਾਂ ਨੇ ਰਫ਼ੀ, ਮੁਕੇਸ਼ ਅਤੇ ਕਿਸ਼ੋਰ ਤੋਂ ਲੈ ਕੇ ਬੁਆਏ ਜਾਰਜ ਅਤੇ ਆਦਿਤਿਆ ਨਾਰਾਇਣ ਤੱਕ ਦੇ ਗਾਇਕਾਂ ਨਾਲ ਗਾਇਆ ਹੈ ਅਤੇ ਉਨ੍ਹਾਂ ਨੂੰ 1995 'ਚ ਉਸਤਾਦ ਅਲੀ ਅਕਬਰ ਖਾਨ ਨਾਲ ਇੱਕ ਐਲਬਮ ਦੇ ਲਈ ਗ੍ਰੈਮੀ ਲਈ ਨਾਮਜ਼ਦ ਵੀ ਕੀਤਾ ਗਿਆ ਸੀ।
ਤਾਂ ਹੀ ਸ਼ਾਇਦ ਉਨ੍ਹਾਂ ਨੇ ਆਪਣੇ ਆਪ ਨੂੰ ਫ਼ਿਲਮੀ ਦੁਨੀਆਂ ਦੀ ਆਖਰੀ ਮੁਗ਼ਲ ਕਿਹਾ ਹੈ।
ਆਸ਼ਾ ਭੋਸਲੇ ਨੇ 10 ਹਜ਼ਾਰ ਤੋਂ ਵੱਧ ਗਾਣੇ ਰਿਕਾਰਡ ਕੀਤੇ ਹਨ ਅਤੇ ਹਰ ਗਾਣੇ ਦੀ ਆਪਣੀ ਇੱਕ ਵਿਲੱਖਣ ਕਹਾਣੀ ਵੀ ਹੈ।
ਅੱਜ ਇਸ ਲੇਖ 'ਚ ਅਸੀਂ ਉਨ੍ਹਾਂ ਦੇ ਕੁਝ ਚੋਣਵੇਂ ਗੀਤਾਂ ਪਿਛਲੀ ਕਹਾਣੀ 'ਤੇ ਚਰਚਾ ਕਰਾਂਗੇ।
ਆਸ਼ਾ ਭੋਸਲੇ ਨੇ ਵੱਖ-ਵੱਖ ਇੰਟਰਵਿਊਆਂ, ਸਮਾਗਮਾਂ ਅਤੇ ਆਪਣੇ ਨਿੱਜੀ ਯੂਟਿਊਬ ਚੈਨਲ 'ਤੇ ਸਮੇਂ-ਸਮੇਂ 'ਤੇ ਇਨ੍ਹਾਂ ਕਿੱਸਿਆਂ ਨੂੰ ਸਾਂਝਾ ਕੀਤਾ ਹੈ।
'ਅਰਮਾਨ ਭਰੇ ਦਿਲ ਕੀ ਲਗਨ', ਰਿਜੈਕਟ ਹੋਏ ਆਸ਼ਾ ਭੋਸਲੇ ਤੇ ਕਿਸ਼ੋਰ ਕੁਮਾਰ

ਤਸਵੀਰ ਸਰੋਤ, J. Quinton/WireImage/Getty
1943 'ਚ ਮਰਾਠੀ ਫਿਲਮ ਜ਼ਰੀਏ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ 1945 'ਚ ਆਸ਼ਾ ਭੋਸਲੇ ਨੂੰ ਹਿੰਦੀ ਗਾਣਿਆਂ ਦੀ ਪੇਸ਼ਕਸ਼ ਆਉਣ ਲੱਗ ਪਈ ਸੀ। ਉਹ ਅਤੇ ਕਿਸ਼ੋਰ ਕੁਮਾਰ ਉਸ ਸਮੇਂ ਇੰਡਸਟਰੀ 'ਚ ਬਿਲਕੁਲ ਹੀ ਨਵੇਂ ਸਨ। ਉਸ ਸਮੇਂ ਸੰਗੀਤ ਨਿਰਦੇਸ਼ਕ ਖੇਮਚੰਦ ਪ੍ਰਕਾਸ਼ ਸੰਗੀਤ ਦੀ ਦੁਨੀਆ ਦਾ ਇੱਕ ਵੱਡਾ ਨਾਮ ਸਨ।
ਦੋਵੇਂ ਕਲਾਕਾਰ ਖੇਮਚੰਦ ਪ੍ਰਕਾਸ਼ ਦਾ ਗਾਣਾ ਰਿਕਾਰਡ ਕਰਨ ਲਈ ਸਟੂਡੀਓ ਪਹੁੰਚੇ ਤਾਂ ਉੱਥੇ ਮਿਊਜ਼ਿਕ ਰਿਕਾਰਡਿਸਟ ਰੌਬਿਨ ਬੈਨਰਜੀ ਵੀ ਪਹਿਲਾਂ ਤੋਂ ਮੌਜੂਦ ਸਨ। ਦੋਵੇਂ ਗਾਇਕਾਂ ਨੇ ਗਾਉਣਾ ਸ਼ੁਰੂ ਕੀਤਾ- 'ਅਰਮਾਨ ਭਰੇ ਦਿਲ ਕੀ ਲਗਨ ਤੇਰੇ ਲਿਏ ਹੈ…'।
ਬਾਕੀ ਦੀ ਕਹਾਣੀ ਕਈ ਕਿਤਾਬਾਂ ਅਤੇ ਆਸ਼ਾ ਭੋਸਲੇ ਵੱਲੋਂ ਦਿੱਤੇ ਗਏ ਇੰਟਰਵਿਊਆਂ 'ਚ ਦਰਜ ਹੈ।
ਹੋਇਆ ਇਹ ਸੀ ਕਿ ਗੀਤ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ ਸੀ ਅਤੇ ਰੌਬਿਨ ਬਨਰਜੀ ਨੇ ਕਿਹਾ ਕਿ ਇਹ ਦੋਵੇਂ ਹੀ ਗਾਇਕ ਕੰਮ ਦੇ ਨਹੀਂ ਹਨ ਅਤੇ ਦੋਵਾਂ ਨੂੰ ਮਨ੍ਹਾਂ ਕਰ ਦਿੱਤਾ।
ਮਤਲਬ ਕਿ ਉਹ ਦੋ ਗਾਇਕ, ਜਿਨ੍ਹਾਂ ਦੇ ਹੁਨਰ ਨੂੰ ਅੱਜ ਲੋਕ ਸਲਾਮ ਕਰਦੇ ਹਨ, ਉਨ੍ਹਾਂ ਨੂੰ ਇੱਕ ਸਮੇਂ ਰਿਜੈਕਸ਼ਨ ਦਾ ਸਾਹਮਣਾ ਕਰਾ ਪਿਆ ਸੀ। ਆਸ਼ਾ ਭੋਸਲੇ ਨੇ ਆਪਣੇ ਅਧਿਕਾਰਤ ਯੂਟਿਊਬ ਚੈਨਲ 'ਤੇ 'ਮੋਮੈਂਟਸ ਇਨ ਟਾਈਮ' ਨਾਮ ਦੀ ਇੱਕ ਸਿਰੀਜ਼ 'ਚ ਇਸ ਕਿੱਸੇ ਨੂੰ ਸਾਂਝਾ ਕੀਤਾ ਹੈ।
ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ 'ਤੇ ਦੱਸਿਆ ਹੈ, "ਅਰਸੇ ਬਾਅਦ ਅਸੀਂ ਇੱਕ ਗੀਤ ਰਿਕਾਰਡ ਕਰ ਰਹੇ ਸੀ- 'ਆਂਖੋ ਮੇਂ ਕਿਆ ਜੀ, ਰੂਪਹਲਾ ਬਾਦਲ…' ਅਚਾਨਕ ਕਿਸ਼ੋਰ ਦਾਅ ਰੁੱਕ ਗਏ ਅਤੇ ਮੈਨੂੰ ਕਹਿਣ ਲੱਗੇ ਕਿ ਦੇਖੋ ਵਿਲੇਨ ਬੈਠਾ ਹੈ। ਉਨ੍ਹਾਂ ਦੇ ਕਹਿਣ ਦਾ ਮਤਲਬ ਰੌਬਿਨ ਬੈਨਰਜੀ ਤੋਂ ਸੀ, ਜਿਨ੍ਹਾਂ ਨੇ ਕਈ ਸਾਲ ਪਹਿਲਾਂ ਉਨ੍ਹਾਂ ਨੂੰ ਇੱਕ ਗਾਣਾ ਗਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ। ਜਾਂਦੇ ਸਮੇਂ ਕਿਸ਼ੋਰ ਦਾਅ ਨੇ ਕਿਹਾ ਰੌਬਿਨ ਦਾਅ ਤੁਸੀਂ ਸਾਨੂੰ ਪਛਾਣਿਆ? ਤੁਸੀਂ ਸਾਨੂੰ ਇੱਕ ਗੀਤ ਗਾਉਣ ਤੋਂ ਮਨ੍ਹਾਂ ਕੀਤਾ ਸੀ। ਪਰ ਮੈ ਕਿਸ਼ੋਰ ਦਾਦਾ ਦਾ ਹੱਥ ਫੜਦਿਆਂ ਕਿਹਾ ਕਿ ਦਾਦਾ ਜਾਣ ਦਿਓ… ਅਜਿਹੇ ਸਨ ਕਿਸ਼ੋਰ ਦਾ '।
ਉਹ ਗੀਤ ਬਾਅਦ 'ਚ ਤਲਤ ਮਹਿਮੂਦ ਅਤੇ ਗੀਤਾ ਦੱਤ ਨੇ ਫਿਲਮ 'ਜਾਨ-ਪਹਿਚਾਨ' 'ਚ ਰਾਜ ਕਪੂਰ ਅਤੇ ਨਰਗਿਸ ਲਈ ਗਾਇਆ ਸੀ।
ਸ਼ੁਰੂਆਤੀ ਦਿੱਕਤਾਂ ਦੇ ਬਾਵਜੂਦ ਆਸ਼ਾ ਭੋਸਲੇ ਦੀ ਸਫਲਤਾ 'ਤੇ ਸੰਗੀਤਕ ਮਾਮਲਿਆਂ ਦੇ ਮਾਹਿਰ ਰਾਜੀਵ ਵਿਜੇਕਰ ਦਾ ਕਹਿਣਾ ਹੈ, "ਆਸ਼ਾ ਭੋਸਲੇ ਦੀ ਖਾਸੀਅਤ ਰਹੀ ਹੈ ਕਿ ਉਹ ਸਮੇਂ ਦੇ ਨਾਲ ਚੱਲਦੇ ਹਨ। ਉਨ੍ਹਾਂ ਨੇ ਕਦੇ ਵੀ ਪੁਰਾਣੀਆਂ ਚੀਜ਼ਾਂ ਪ੍ਰਤੀ ਬਦਲਾਅ 'ਤੇ ਸਖ਼ਤ ਰਵੱਈਆ ਨਹੀਂ ਰੱਖਿਆ ਹੈ। ਉਨ੍ਹਾਂ ਦੀ ਆਵਾਜ਼ ਸੰਗੀਤ ਦੇ ਹਰ ਦਾਇਰੇ ਨੂੰ ਛੂਹੰਦੀ ਹੈ, ਭਾਵੇਂ ਉਹ ਭਜਨ ਹੋਵੇ ਜਾਂ ਫਿਰ ਕੈਬਰੇ।"
ਉਹ ਅੱਗੇ ਕਹਿੰਦੇ ਹਨ, "ਹਰ ਪਹਿਲੂ ਨੂੰ ਆਸਾਨੀ ਨਾਲ ਅਪਣਾਉਣਾ ਉਨ੍ਹਾਂ ਦੇ ਚਰਿੱਤਰ ਦੀ ਖਾਸੀਅਤ ਹੈ ਅਤੇ ਇਹ ਉਨ੍ਹਾਂ ਦੀ ਤਾਕਤ ਵੀ ਹੈ। ਇਸੇ ਕਰਕੇ ਸੰਗੀਤ ਦੀ ਦੁਨੀਆ 'ਚ ਅੱਜ ਉਹ ਸਭ ਤੋਂ ਉੱਪਰ ਹਨ। ਮਿਸਾਲ ਦੇ ਤੌਰ 'ਤੇ ਜੇ ਤੁਸੀਂ ਵੇਖੋ ਤਾਂ 'ਆਗੇ ਭੀ ਜਾਨੇ ਨਾ ਤੂ…' ਗਾਣੇ 'ਚ ਇੱਕ ਤਰ੍ਹਾਂ ਦਾ ਫਲਸਫ਼ਾ ਹੈ ਅਤੇ ਇਹ ਨਾਈਟ ਕਲੱਬ ਨੰਬਰ ਵੀ ਹੈ। ਆਸ਼ਾ ਦੇ ਇਸ ਗੀਤ 'ਚ ਇੱਕ ਅਜੀਬ ਜਿਹਾ ਦਰਦ ਵੀ ਹੈ। ਨਾਈਟ ਬਾਰ 'ਚ ਫਿਲਮਾਏ ਗਏ ਇਸ ਗੀਤ 'ਚ ਅਜਿਹੀ ਭਾਵਨਾ ਲੈਕੇ ਆਉਣਾ ਇੱਕ ਮੁਸ਼ਕਲ ਕੰਮ ਹੈ , ਜੋਕਿ ਆਸ਼ਾ ਭੋਸਲੇ ਨੇ ਕਰ ਕੇ ਵਿਖਾਇਆ।"
'ਦਮ ਮਾਰੋ ਦਮ' ਗਾਣਾ ਜਦੋਂ ਦੇਵ ਆਨੰਦ ਨੇ ਫਿਲਮ 'ਚੋਂ ਕੱਢ ਦਿੱਤਾ ਸੀ

ਤਸਵੀਰ ਸਰੋਤ, Gopal Shoonya
1971 'ਚ ਦੇਵ ਆਨੰਦ ਦੀ ਫਿਲਮ 'ਹਰੇ ਰਾਮਾ ਹਰੇ ਕ੍ਰਿਸ਼ਨਾ' ਦੇ ਗੀਤ 'ਦਮ ਮਾਰੋ ਦਮ..' ਨੂੰ ਇੱਕ ਕੱਲਟ ਗੀਤ ਮੰਨਿਆ ਜਾਂਦਾ ਹੈ। ਪਰ ਆਨੰਦ ਬਖਸ਼ੀ ਵੱਲੋਂ ਲਿਖੇ ਇਸ ਗੀਤ ਨੂੰ ਲਗਭਗ ਫਿਲਮ 'ਚੋਂ ਹਟਾ ਹੀ ਦਿੱਤਾ ਗਿਆ ਸੀ। ਗੱਲ ਉਸ ਸਮੇਂ ਦੀ ਹੈ, ਜਦੋਂ ਇਹ ਗੀਤ ਅਜੇ ਤਿਆਰ ਵੀ ਨਹੀਂ ਹੋਇਆ ਸੀ। ਆਸ਼ਾ ਭੋਸਲੇ ਨੇਪਾਲ 'ਚ ਘੁੰਮ ਰਹੇ ਸਨ ਅਤੇ ਉੱਥੇ ਇੱਕ ਕੈਫੇ 'ਚ ਉਨ੍ਹਾਂ ਨੇ ਇੱਕ ਮਸ਼ਹੂਰ ਹਸਤੀ ਨੂੰ ਵੇਖਿਆ, ਉਹ ਆਰਡੀ ਬਰਮਨ ਸਨ।
'ਮੋਮੈਂਟਸ ਇਨ ਟਾਈਮ' ਸੀਰਿਜ਼ 'ਚ ਆਸ਼ਾ ਭੋਸਲੇ ਦੱਸਦੇ ਹਨ, "ਨੇਪਾਲ ਦੇ ਇੱਕ ਕੈਫੇ 'ਚ ਆਰਡੀ ਬਰਮਨ ਕਈ ਤਰ੍ਹਾਂ ਦੇ ਸਪੂਲ ਸੁਣ ਰਹੇ ਸਨ, ਉਨ੍ਹਾਂ ਨੇ ਮੈਨੂੰ ਵੀ ਸੁਣਾਇਆ। ਉਨ੍ਹਾਂ 'ਚ ਕੋਈ ਗਾਣਾ ਨਹੀਂ ਸੀ ਅਤੇ ਨਾ ਹੀ ਕੋਈ ਬੋਲ ਸਨ, ਸਿਰਫ਼ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਸਨ। ਆਰਡੀ ਬਰਮਨ ਨੇ ਉਹ ਸਾਰੇ ਸਪੂਲ ਖਰੀਦ ਲਏ ਅਤੇ ਇੱਕ ਮਹੀਨੇ ਬਾਅਦ ਉਨ੍ਹਾਂ ਨੇ ਮੈਨੂੰ ਇੱਕ ਗੀਤ ਦੀ ਪੇਸ਼ਕਸ਼ ਕੀਤੀ। ਮੈਨੂੰ ਉਹ ਗਾਣਾ ਬਹੁਤ ਹੀ ਪਸੰਦ ਆਇਆ ਅਤੇ ਮੈਂ ਉਸ ਨੂੰ ਰਿਕਾਰਡ ਕਰ ਲਿਆ। ਪਰ ਦੋ ਦਿਨ ਬਾਅਦ ਪੰਚਮ ਦਾ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਇਸ ਗਾਣੇ ਨੂੰ ਫਿਲਮ 'ਚੋਂ ਹਟਾ ਦਿੱਤਾ ਗਿਆ ਹੈ। ਇਹ ਗੱਲ ਸੁਣਦਿਆਂ ਹੀ ਮੈਂ ਤੁਰੰਤ ਨਿਰਦੇਸ਼ਕ ਦੇ ਘਰ ਚਲੀ ਗਈ ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਗਾਣਾ ਬਹੁਤ ਵਧੀਆ ਹੈ, ਇਸ ਲਈ ਇਸ ਗਾਣੇ ਨੂੰ ਫਿਲਮ 'ਚੋਂ ਨਾ ਹਟਾਓ। ਮੈਂ ਇਸ ਗੱਲ 'ਤੇ ਬਹੁਤ ਜ਼ੋਰ ਪਾਇਆ। ਮੇਰੇ ਵੱਲੋਂ ਵਾਰ-ਵਾਰ ਕਹਿਣ 'ਤੇ ਨਿਰਦੇਸ਼ਕ ਨੇ ਕਿਹਾ ਕਿ ਜੇਕਰ ਤੁਸੀਂ ਕਹਿ ਰਹੇ ਹੋ ਤਾਂ ਮੈਂ ਇਸ ਗੀਤ ਨੂੰ ਫਿਲਮ 'ਚ ਰੱਖ ਲੈਂਦਾ ਹਾਂ।"
ਉਹ ਗਾਣਾ ਸੀ – 'ਦਮ ਮਾਰੋ ਦਮ…' ਅਤੇ ਨਿਰਦੇਸ਼ਕ ਸਨ ਦੇਵ ਆਨੰਦ।
ਦਰਅਸਲ ਇਹ ਗਾਣਾ ਆਲ ਇੰਡੀਆ ਰੇਡਿਓ 'ਤੇ ਬੈਨ ਕਰ ਦਿੱਤਾ ਗਿਆ ਸੀ, ਕਿਉਂਕਿ ਕਈ ਲੋਕਾਂ ਨੂੰ ਲੱਗਦਾ ਸੀ ਕਿ ਇਸ ਵਿੱਚ ਨਸ਼ੇ ਆਦਿ ਦਿਖਾਏ ਗਏ ਹਨ। ਇਸ ਦੇ ਬਾਵਜੂਦ ਆਸ਼ਾ ਭੋਸਲੇ ਦਾ ਇਹ ਗੀਤ ਸੁਪਰਹਿੱਟ ਸਾਬਤ ਹੋਇਆ। ਇਸ ਗੀਤ ਨੇ ਰਾਤੋਂ-ਰਾਤ ਜ਼ੀਨਤ ਅਮਾਨ ਨੂੰ ਵੀ ਸਟਾਰ ਬਣਾ ਦਿੱਤਾ ਸੀ।
ਬੀਬੀਸੀ ਸਹਿਯੋਗੀ ਮਧੂ ਪਾਲ ਨਾਲ ਗੱਲਬਾਤ ਦੌਰਾਨ ਰਾਜੀਵ ਵਿਜੇਕਰ ਕਹਿੰਦੇ ਹਨ, "ਦਮ ਮਾਰੋ ਦਮ…ਗੀਤ ਆਸ਼ਾ ਜੀ ਦੇ ਟਾਪ ਦੇ 10 ਗਾਣਿਆਂ 'ਚੋਂ ਇੱਕ ਮੰਨਿਆ ਜਾ ਸਕਦਾ ਹੈ। ਇਹ ਗੀਤ ਡਰੱਗ ਐਡਿਕਟ 'ਤੇ ਫਿਲਮਾਇਆ ਗਿਆ ਸੀ। ਜ਼ਰੂਰਤ ਸੀ ਕਿ ਇਸ ਗਾਣੇ 'ਚ ਇੱਕ ਤਰ੍ਹਾਂ ਦੇ ਨਸ਼ੀਲੇ ਪਦਾਰਥ ਨੂੰ ਦਰਸਾਇਆ ਜਾਵੇ ਅਤੇ ਇਹ ਸੰਵੇਦਨਸ਼ੀਲ ਵੀ ਹੋਵੇ। ਜ਼ੀਨਤ ਅਮਾਨ ਦੇ ਵੈਸਟਰਨ ਕਿਰਦਾਰ ਦੀ ਆਵਾਜ਼ ਬਣਨ ਲਈ ਜਿਸ ਲੋੜੀਂਦੀ ਆਵਾਜ਼ ਦੀ ਜ਼ਰੂਰਤ ਸੀ, ਉਸ ਨੂੰ ਆਸ਼ਾ ਜੀ ਨੇ ਬਹੁਤ ਹੀ ਸਹਿਜਤਾ ਨਾਲ ਨਿਭਾਇਆ ਅਤੇ ਇਸ ਦੇ ਲਈ ਉਨ੍ਹਾਂ ਨੂੰ ਫਿਲਮਫੇਅਰ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ।"
'ਆਜਾ ਆਜਾ ਮੈਂ ਹੂੰ ਪਿਆਰ ਤੇਰਾ': ਰਫ਼ੀ-ਆਸ਼ਾ 'ਤੇ ਲੱਗੀ ਸ਼ਰਤ

ਤਸਵੀਰ ਸਰੋਤ, Getty Images
1966 'ਚ ਰਿਲੀਜ਼ ਹੋਈ ਫਿਲਮ 'ਤੀਸਰੀ ਮੰਜ਼ਿਲ' ਉਹ ਫਿਲਮ ਸੀ, ਜਿਸ ਨੇ ਆਰਡੀ ਬਰਮਨ ਨੂੰ ਪਹਿਚਾਣ ਦਿੱਤੀ ਅਤੇ ਸ਼ਮੀ ਕਪੂਰ ਨੂੰ ਪ੍ਰਸਿੱਧੀ ਦੇ ਰਾਹ 'ਤੇ ਤੋਰਿਆ।
ਆਸ਼ਾ ਭੋਸਲੇ ਅਤੇ ਸ਼ਮੀ ਕਪੂਰ ਦਰਮਿਆਨ ਬਹੁਤ ਹੀ ਖੂਬਸੂਰਤ ਰਿਸ਼ਤਾ ਸੀ ਅਤੇ ਆਸ਼ਾ ਭੋਸਲੇ ਉਨ੍ਹਾਂ ਨੂੰ ਸ਼ਮੀ ਭਰਾਜੀ ਕਹਿ ਕੇ ਬੁਲਾਉਂਦੇ ਸਨ। ਸ਼ਮੀ ਕਪੂਰ ਆਪਣੀ ਬੇਮਿਸਾਲ ਸੰਗੀਤਕ ਸਮਝ ਲਈ ਜਾਣੇ ਜਾਂਦੇ ਸਨ। ਆਸ਼ਾ ਭੋਸਲੇ ਦੀ ਰਿਕਾਰਡਿੰਗ ਦੌਰਾਨ ਸ਼ਮੀ ਕਪੂਰ ਆਇਆ ਕਰਦੇ ਸਨ।
'ਤੀਸਰੀ ਮੰਜ਼ਿਲ' ਫਿਲਮ ਦਾ ਇੱਕ ਗੀਤ ਸੀ 'ਆਜਾ ਆਜਾ ਮੈਂ ਹੂੰ ਪਿਆਰ ਤੇਰਾ…'
ਇਸ ਗਾਣੇ ਦੇ ਲਈ ਆਰਡੀ ਬਰਮਨ ਨੇ ਆਸ਼ਾ ਭੋਸਲੇ ਨੂੰ ਪੇਸ਼ਕਸ਼ ਕੀਤੀ। ਉਸ ਸਮੇਂ ਪੰਚਮ ਇਸ ਇੰਡਸਟਰੀ 'ਚ ਨਵੇਂ ਸਨ।
ਇੰਡੀਅਨ ਆਈਡਲ ਪ੍ਰੋਗਰਾਮ 'ਚ ਆਸ਼ਾ ਭੋਸਲੇ ਨੇ ਇਸ ਗਾਣੇ ਨਾਲ ਸਬੰਧਤ ਕਿੱਸੇ ਸਾਂਝੇ ਕਰਦਿਆਂ ਦੱਸਿਆ ਸੀ, "ਬਰਮਨ ਜੀ ਨੇ ਗਾਣਾ ਸ਼ੁਰੂ ਕੀਤਾ 'ਆਜਾ ਆਜਾ ਮੈਂ ਹੂੰ ਪਿਆਰ ਤੇਰਾ…' ਜਦੋਂ ਉਨ੍ਹਾਂ ਨੇ 'ਆਜਾ ਆਜਾ… ਵਾਲਾ ਪੋਰਸ਼ਨ ਗਾਇਆ ਤਾਂ ਮੈਨੂੰ ਝਟਕਾ ਲੱਗਿਆ ਕਿ ਮੈਂ ਇਹ ਨਹੀਂ ਗਾ ਸਕਦੀ ਹਾਂ। ਮੇਰਾ ਮਾਣ ਟੁੱਟ ਗਿਆ ਅਤੇ ਮੈਂ ਕਿਹਾ ਕਿ 4-5 ਦਿਨਾਂ ਬਾਅਦ ਕਰਦੀ ਹਾਂ।"
"ਮੈਂ ਓ ਹਾ ਹਾ ਦੀ ਪ੍ਰੈਕਟਿਸ ਕਰਦੀ ਸੀ। ਮੈਂ ਕਾਰ 'ਚ ਵੀ ਇਸੇ ਦੀ ਪ੍ਰੈਕਟਿਸ ਕਰਦੀ ਸੀ। ਦੂਜੇ ਪਾਸੇ ਨਾਸਿਰ ਹੁਸੈਨ ਅਤੇ ਪੰਚਮ ਨੇ ਰਫ਼ੀ ਜੀ ਅਤੇ ਮੇਰੇ 'ਤੇ 500 ਰੁਪਏ ਦੀ ਸ਼ਰਤ ਲਗਾਈ ਹੋਈ ਸੀ ਕਿ ਕੌਣ ਬਿਹਤਰ ਗਾਵੇਗਾ। ਮੈਂ ਤਾਂ ਬਹੁਤ ਹੀ ਡਰੀ ਹੋਈ ਸੀ। ਮੈਂ ਲਤਾ ਦੀਦੀ ਦੇ ਕਮਰੇ 'ਚ ਗਈ। ਉਨ੍ਹਾਂ ਨੇ ਕਿਹਾ ਕਿ ਇੰਨੀ ਬੈਚੇਨ ਕਿਉਂ ਹੋ ਰਹੀ ਹੈਂ, ਤੂੰ ਭੁੱਲ ਰਹੀ ਹੈਂ ਕਿ ਤੂੰ ਪਹਿਲਾਂ ਮੰਗੇਸ਼ਕਰ ਹੈਂ ਅਤੇ ਬਾਅਦ 'ਚ ਆਸ਼ਾ ਭੋਸਲੇ ਹੈਂ। ਜਾ, ਤੇਰਾ ਗਾਣਾ ਵਧੀਆ ਹੋਵੇਗਾ। ਮੈਂ ਗਾਣਾ ਗਾਇਆ ਅਤੇ ਪੰਚਮ ਮੇਰੇ 'ਤੇ ਲਗਾਈ 500 ਰੁਪਏ ਦੀ ਸ਼ਰਤ ਜਿੱਤ ਗਏ।"
ਆਸ਼ਾ ਭੋਸਲੇ ਨੇ ਆਪਣੀ ਇੱਕ ਵੀਡੀਓ 'ਚ ਦੱਸਿਆ ਹੈ ਕਿ ਜਦੋਂ ਇਹ ਗਾਣਾ ਸਟੂਡੀਓ 'ਚ ਰਿਕਾਰਡ ਹੋ ਰਿਹਾ ਸੀ ਤਾਂ ਉਸ ਸਮੇਂ ਸ਼ਮੀ ਜੀ ਨੇ ਉਨ੍ਹਾਂ ਨੂੰ ਮਜ਼ਾਕ 'ਚ ਕਿਹਾ ਸੀ ਕਿ 'ਤੁਸੀਂ ਇੰਨ੍ਹਾਂ ਚੰਗਾ ਨਾ ਗਾਓ। ਮੈਂ ਹੀਰੋ ਹਾਂ ਅਤੇ ਜੇਕਰ ਤੁਸੀਂ ਇੰਨ੍ਹਾਂ ਵਧੀਆ ਗਾਓਗੇ ਤਾਂ ਆਸ਼ਾ ਪਾਰੇਖ ਮੇਰੇ ਤੋਂ ਜ਼ਿਆਦਾ ਵਧੀਆ ਲੱਗੇਗੀ।"
ਦਿੱਲੀ ਦਾ ਠੱਗ: ਕਿਸ਼ੋਰ ਦਾ ਨੂੰ ਚਾਹੀਦਾ ਸੀ ਇੱਕ ਗਧਾ

ਤਸਵੀਰ ਸਰੋਤ, Puneet Barnala
1958 'ਚ ਕਿਸ਼ੋਰ ਕੁਮਾਰ ਅਤੇ ਨੂਤਨ ਦੀ ਇੱਕ ਫਿਲਮ ਆਈ ਸੀ – 'ਦਿੱਲੀ ਦਾ ਠੱਗ'। ਮਜਰੂਹ ਸੁਲਤਾਨਪੁਰੀ ਵੱਲੋਂ ਲਿਖਿਆ ਅਤੇ ਰਵੀ ਵੱਲੋਂ ਸੰਗੀਤਬੱਧ ਇੱਕ ਗੀਤ ਸੀ – 'ਸੀ ਏ ਟੀ ਕੈਟ, ਕੈਟ ਮਤਲਬ ਬਿੱਲੀ…'।
ਨੋਕਝੋਕ ਵਾਲੇ ਗਾਣਿਆਂ ਦੀ ਸੂਚੀ 'ਚ ਇਹ ਗੀਤ ਅਕਸਰ ਚੋਟੀ ਦੇ ਗਾਣਿਆਂ 'ਚ ਥਾਂ ਰੱਖਦਾ ਹੈ। ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਨੇ ਇਸ ਗੀਤ ਨੂੰ ਰਿਕਾਰਡ ਕਰਨਾ ਸੀ ਅਤੇ ਫਿਲਮ ਦੇ ਨਿਰਦੇਸ਼ਕ-ਨਿਰਮਾਤਾ ਐਸਡੀ ਨਾਰੰਗ ਵੀ ਉੱਥੇ ਮੌਜੂਦ ਸਨ।
ਇਸ ਗੀਤ ਦੇ ਬੋਲ ਜਾਨਵਰਾਂ ਦੇ ਆਲੇ-ਦੁਆਲੇ ਘੁੰਮਦੇ ਸਨ, ਜਿਵੇਂ ਕਿ C A T ਕੈਟ, ਕੈਟ ਮਾਨੇ ਬਿੱਲੀ, R A T ਰੈਟ, ਰੈਟ ਮਾਨੇ ਚੂਹਾ…. G O A T ਗੋਟ, ਗੋਟ ਮਾਨੇ ਬੱਕਰੀ, L I O N ਲਾਇਨ, ਲਾਇਨ ਮਾਨੇ ਸ਼ੇਰ…. ਅਰੇ ਦਿਲ ਹੈ ਤੇਰੇ ਪੰਜੇ ਮੇਂ ਤੋ ਕਿਆ ਹੁਆ…'
ਕਿਸ਼ੋਰ ਕੁਮਾਰ ਦਾ ਅਕਸ ਇਸ ਤਰ੍ਹਾਂ ਦਾ ਬਣ ਗਿਆ ਸੀ ਕਿ ਕਈ ਵਾਰ ਉਹ ਅਜੀਬੋ-ਗਰੀਬ ਹਰਕਤਾਂ ਕਰਦੇ ਸਨ। ਆਸ਼ਾ ਭੋਸਲੇ ਇਸ ਗਾਣੇ ਦੇ ਪਿੱਛੇ ਦੇ ਇੱਕ ਮਜ਼ੇਦਾਰ ਕਿੱਸੇ ਬਾਰੇ ਆਪਣੀ 'ਮੋਮੈਂਟਸ ਇਨ ਸੌਂਗ' ਵਾਲੇ ਵੀਡੀਓ 'ਚ ਦੱਸਦੇ ਹਨ, "ਅਸੀਂ ਗਾਣਾ ਗਾ ਰਹੇ ਸੀ। ਅਚਾਨਕ ਕਿਸ਼ੋਰ ਜੀ ਨੇ ਆਪਣਾ ਚਸ਼ਮਾ ਹੇਠਾਂ ਕੀਤਾ ਅਤੇ ਵੇਖਿਆ। ਮੈਂ ਸਮਝ ਗਈ ਕਿ ਹੁਣ ਉਹ ਕੋਈ ਸ਼ਰਾਰਤ ਕਰਨ ਵਾਲੇ ਹਨ। ਕਿਸ਼ੋਰ ਦਾ ਬੋਲੇ ਕਿ ਉਨ੍ਹਾਂ ਨੂੰ ਇੱਕ ਗਧਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਗਾਣਾ ਜਾਨਵਰਾਂ ਬਾਰੇ ਸੀ ਅਤੇ ਗਧੇ ਦੀ ਗੱਲ ਕਰਨ ਨਾਲ ਇਸ ਗੀਤ 'ਚ ਇੱਕ ਫੀਲ ਆਵੇਗੀ। ਨਿਰਦੇਸ਼ਕ ਨਾਰੰਗ ਸਾਹਿਬ ਦੀ ਇੱਕ ਆਦਤ ਸੀ ਕਿ ਉਹ ਹਰ ਗੱਲ 'ਚ ਰਾਈਟ-ਰਾਈਟ ਕਹਿੰਦੇ ਸਨ। ਜਦੋਂ ਕਿਸ਼ੋਰ ਦਾ ਨੇ ਆਪਣੀ ਫਰਮਾਇਸ਼ ਰੱਖੀ ਤਾਂ ਉਹ ਅਚਾਨਕ ਬੋਲੇ ਰਾਈਟ-ਰਾਈਟ। ਉਨ੍ਹਾਂ ਨੇ ਤੁਰੰਤ ਆਪਣੀ ਟੀਮ ਨੂੰ ਕਿਹਾ ਕਿ ਗਧਾ ਲੱਭ ਕੇ ਲਿਆਓ। ਮੈਨੂੰ ਤਾਂ ਪਤਾ ਸੀ ਕਿ ਮੁਬੰਈ 'ਚ ਗਧਾ ਨਹੀਂ ਮਿਲੇਗਾ। ਇਸ ਲਈ ਮੈਂ ਦਾਦਾ ਨੂੰ ਕਿਹਾ ਕਿ ਭੁੱਖ ਲੱਗੀ ਹੈ ਅਤੇ ਅਸੀਂ ਉਦੋਂ ਤੱਕ ਚਾਹ-ਬਿਸਕੁਟ ਪੀਂਦੇ ਹਾਂ। ਜਦੋਂ ਅਸੀਂ ਵਾਪਸ ਜਾ ਰਹੇ ਸੀ ਤਾਂ ਕਿਸ਼ੋਰ ਦਾ ਨੇ ਮੈਨੂੰ ਕਿਹਾ ਕਿ ਵੇਖੋ ਲੋਕ ਮੈਨੂੰ ਪਾਗਲ ਕਹਿੰਦੇ ਹਨ, ਪਰ ਅੱਜ ਮੈਂ ਇਨ੍ਹਾਂ ਸਾਰਿਆਂ ਨੂੰ ਗਧਾ ਬਣਾ ਦਿੱਤਾ ਹੈ।"
ਆਸ਼ਾ ਭੋਸਲੇ ਦਾ ਪਰਿਵਾਰ

ਤਸਵੀਰ ਸਰੋਤ, Jack Vartoogian/Getty Images
'ਅਬ ਕੇ ਬਰਸ ਭੇਜ ਭਈਆ ਕੋ ਬਾਬੁਲ' – ਜਦੋਂ ਗਾਉਂਦੇ ਹੋਏ ਰੋ ਪਈ ਸਨ ਆਸ਼ਾ ਭੋਸਲੇ
ਆਸ਼ਾ ਭੋਸਲੇਇੱਕ ਵੱਡੇ ਪਰਿਵਾਰ ਨਾਲ ਸਬੰਧ ਰੱਖਦੇ ਸਨ। ਪਰਿਵਾਰ 'ਚ ਉਨ੍ਹਾਂ ਦੀਆਂ ਭੈਣਾਂ ਲਤਾ, ਊਸ਼ਾ, ਮੀਨਾ ਅਤੇ ਭਰਾ ਹਿਰਦੇਨਾਥ ਸਨ। ਆਸ਼ਾ ਭੋਸਲੇ ਅਤੇ ਉਨ੍ਹਾਂ ਦੇ ਭਰਾ ਦਾ ਰਿਸ਼ਤਾ ਬਹੁਤ ਹੀ ਪਿਆਰਾ ਅਤੇ ਗਹਿਰਾ ਸੀ।
ਆਸ਼ਾ ਜੀ ਦੇ ਸ਼ਬਦਾਂ ਅਨੁਸਾਰ 'ਉਹ ਹਮੇਸ਼ਾਂ ਮੇਰੀ ਗੋਦ 'ਚ ਰਹਿੰਦਾ। ਉਸ ਨੂੰ ਜੋ ਵੀ ਚਾਹੀਦਾ ਹੁੰਦਾ ਸੀ, ਉਹ ਮੇਰੇ ਤੋਂ ਹੀ ਮੰਗਦਾ। ਮੈਨੂੰ ਘੋੜਾ ਬਣਾਉਂਦਾ ਸੀ।"
ਇਹ ਗੱਲ ਜਗ-ਜਾਹਿਰ ਹੈ ਕਿ ਆਸ਼ਾ ਭੋਸਲੇਨੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ 16-17 ਸਾਲ ਦੀ ਘੱਟ ਉਮਰ 'ਚ ਹੀ ਗਣਪਤ ਰਾਓ ਭੋਸਲੇ ਨਾਲ ਵਿਆਹ ਕਰ ਲਿਆ ਸੀ। ਇਸ ਤੋਂ ਬਾਅਦ ਕੁਝ ਸਾਲਾਂ ਤੱਕ ਉਨ੍ਹਾਂ ਦਾ ਆਪਣੇ ਪਰਿਵਾਰ ਨਾਲ ਨਾਤਾ ਟੁੱਟ ਗਿਆ ਸੀ। ਜਿਸ ਕਰਕੇ ਕਈ ਸਾਲਾਂ ਤੱਕ ਉਹ ਆਪਣੇ ਭਰਾ ਤੋਂ ਵੀ ਦੂਰ ਰਹੇ।
1991 'ਚ ਦੂਰਦਰਸ਼ਨ 'ਤੇ ਪ੍ਰਸਾਰਿਤ ਇੱਕ ਇੰਟਰਵਿਊ 'ਚ ਉਨ੍ਹਾਂ ਤੋਂ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਕੀ ਕਦੇ ਅਜਿਹਾ ਹੋਇਆ ਹੈ ਕਿ ਕਿਸੇ ਗੀਤ ਨੂੰ ਗਾਉਣ ਤੋਂ ਬਾਅਦ ਉਸ ਦਾ ਅਸਰ ਲੰਮੇ ਸਮੇਂ ਤੱਕ ਰਿਹਾ ਹੋਵੇ?
ਇਸ ਦਾ ਜਵਾਬ ਉਨ੍ਹਾਂ ਨੇ ਇਸ ਤਰ੍ਹਾਂ ਦਿੱਤਾ ਸੀ, " ਇੱਕ ਗਾਣਾ ਹੈ, ਜਿਸ ਦਾ ਅਸਰ ਅੱਜ ਵੀ ਮੇਰੇ 'ਤੇ ਬਰਕਰਾਰ ਹੈ। ਦਰਅਸਲ ਮੈਂ ਬਹੁਤ ਜਲਦੀ ਵਿਆਹ ਕਰ ਲਿਆ ਸੀ ਅਤੇ ਆਪਣੇ ਭਰਾ ਤੋਂ ਮੈਂ ਬਹੁਤ ਸਾਲਾਂ ਤੱਕ ਦੂਰ ਰਹੀ ਸੀ। ਮੈਂ ਉਸ ਨੂੰ ਮਿਲੀ ਵੀ ਨਹੀਂ ਸੀ। ਬਚਪਨ 'ਚ ਜਿਵੇਂ ਮਾਂ ਬੱਚੇ ਨੂੰ ਲੈ ਕੇ ਘੁੰਮਦੀ ਹੈ, ਉਸੇ ਤਰ੍ਹਾਂ ਮੈਂ ਆਪਣੇ ਭਰਾ ਨੂੰ ਸੰਭਾਲਦੀ ਸੀ। ਜਦੋਂ ਮੇਰਾ ਬੇਟਾ ਹੋਇਆ ਤਾਂ ਮੈਂ ਉਸ 'ਚ ਆਪਣੇ ਭਰਾ ਨੂੰ ਹੀ ਲੱਭਦੀ ਸੀ। ਖੈਰ ਕਈ ਸਾਲ ਬਾਅਦ ਮੇਰੇ ਕੋਲ ਇੱਕ ਗਾਣਾ ਆਇਆ, ਪਰ ਐਸ ਡੀ ਬਰਮਨ ਸਾਹਿਬ ਵਾਰ-ਵਾਰ ਕਹਿ ਰਹੇ ਸਨ ਕਿ ਤੁਸੀਂ ਠੀਕ ਨਹੀਂ ਗਾ ਰਹੇ ਹੋ।"
"ਮੈਂ ਕਿਹਾ ਕੀ ਕਰਾਂ ਦਾਦਾ ਕਿੰਨੀ ਦੇਰ ਤੋਂ ਤਾਂ ਗਾ ਰਹੀ ਹਾਂ। ਉਹ ਅਚਾਨਕ ਬੋਲੇ ਕੀ ਤੇਰਾ ਕੋਈ ਭਰਾ ਨਹੀਂ ਹੈ? ਤੁਹਾਨੂੰ ਭਰਾ ਦੀ ਯਾਦ ਆਉਂਦੀ ਹੈ ਜਾਂ ਫਿਰ ਨਹੀਂ? ਉਨ੍ਹਾਂ ਨੇ ਅਜੇ ਇਹ ਗੱਲ ਕਹੀ ਹੀ ਸੀ ਕਿ ਮੇਰਾ ਰੋਣਾ ਨਿਕਲ ਗਿਆ। ਬਰਮਨ ਦਾ ਨੇ ਮੇਰੇ ਵੱਲ ਵੇਖਿਆ ਅਤੇ ਕਿਹਾ ਕਿ ਹੁਣੇ ਗਾਣਾ ਗਾਓ ਅਤੇ ਉਹ ਇਹ ਕਹਿ ਕੇ ਚਲੇ ਗਏ। ਉਹ ਗਾਣਾ ਸੀ 'ਅਬਕੇ ਬਰਸ ਭੇਜ ਭਈਆ ਕੋ ਬਾਬੁਲ…' ਅੱਜ ਵੀ ਜੇਕਰ ਮੈਂ ਉਹ ਗਾਣਾ ਗਾਉਣਾ ਸ਼ੁਰੂ ਕਰਾਂਗੀ ਤਾਂ ਮੇਰਾ ਰੋਣਾ ਨਿਕਲ ਜਾਵੇਗਾ।"
ਫਿਲਮ 'ਬੰਦਿਨੀ' ਦਾ ਇਹ ਗੀਤ ਨੂਤਨ ਦੇ ਨਾਲ ਜੇਲ੍ਹ 'ਚ ਬੰਦ ਇੱਕ ਮਹਿਲਾ ਕੈਦੀ ਗਾਉਂਦੀ ਹੈ, ਜਿਸ ਦੇ ਬੋਲ ਸਨ- ' ਅਬ ਕੇ ਬਰਸ ਭੇਜ ਭਈਆ ਕੋ ਬਾਬੁਲ , ਸਾਵਨ ਮੇਂ ਲੀਜੋ ਬੁਲਾਏ ਰੇ, ਲੌਟੇਂਗੀ ਜਬ ਮੇਰੇ ਬਚਪਨ ਕੀ ਸਖੀਆਂ ਦੀਜੋ ਸੰਦੇਸ਼ਾਂ ਭਿਜਾਏ ਰੇ…'।
ਇਸ ਗਾਣੇ ਦੇ ਬੋਲ ਸ਼ੈਲੇਂਦਰ ਦੀ ਕਲਮ ਤੋਂ ਨਿਕਲੇ ਹਨ।
ਰਾਜੀਵ ਵਿਜੇਕਰ ਕਹਿੰਦੇ ਹਨ, "ਕਲਾਸੀਕਲ ਗਾਣਿਆਂ 'ਤੇ ਆਸ਼ਾ ਭੋਸਲੇ ਦੀ ਪਕੜ ਓਨੀ ਹੀ ਮਜ਼ਬੂਤ ਰਹੀ ਹੈ ਜਿੰਨੀ ਕਿ ਕੈਬਰੇ 'ਚ। ਮਿਸਾਲ ਦੇ ਤੌਰ 'ਤੇ ਇਹਨਾਂ ਗਾਣਿਆਂ 'ਤੇ ਝਾਤ ਮਾਰੋ- 'ਦੇਖੋ ਬਿਜਲੀ ਡੋਲੇ ਬਿਨ ਬਾਦਲ ਕੀ ਚਮ ਚਮ ਚਮਕੇ ਮਾਥੇ ਕੀ ਬਿੰਦੀਆ…' ਜਾਂ ਫਿਰ 'ਤੋਰਾ ਮਨ ਦਰਪਣ ਕਹਿਲਾਏ…'।
ਆਸਕਰ ਜੇਤੂ ਕਿਰਾਵਨੀ ਦੱਸਦੇ ਹਨ ਕਿ ਉਹ ਆਸ਼ਾ ਜੀ ਨੂੰ ਉਨ੍ਹਾਂ ਦੇ ਵੈਸਟਰਨ ਮਿਜਾਜ਼ ਵਾਲੇ ਗਾਣਿਆਂ ਕਰਕੇ ਹੀ ਜਾਣਦੇ ਸਨ ਪਰ ਜਦੋਂ ਉਨ੍ਹਾਂ ਨੇ ਆਸ਼ਾ ਭੋਸਲੇ ਦੇ ਕਲਾਸਿਕਲ ਗਾਣੇ ਸੁਣੇ ਤਾਂ ਉਨ੍ਹਾਂ ਦੀ ਪਛਾਣ ਇੱਕ ਵੱਖਰੀ ਸਖਸ਼ੀਅਤ ਦੀ ਮਾਲਕ ਆਸ਼ਾ ਭੋਸਲੇ ਨਾਲ ਹੋਈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































