You’re viewing a text-only version of this website that uses less data. View the main version of the website including all images and videos.
ਈਰਾਨ 'ਤੇ ਬੰਬਾਰੀ ਦੀ ਧਮਕੀ ਦੇਣ ਵਾਲੇ ਟਰੰਪ ਨੇ ਕਿਉਂ ਵਧਾਇਆ ਸੀਜ਼ਫ਼ਾਇਰ ?
- ਲੇਖਕ, ਸਾਰਾ ਸਮਿਥ
- ਰੋਲ, ਨੌਰਥ ਅਮਰੀਕਾ ਐਡੀਟਰ
- ਪੜ੍ਹਨ ਦਾ ਸਮਾਂ: 6 ਮਿੰਟ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਈਰਾਨ ਨਾਲ ਅਣਮਿੱਥੇ ਸਮੇਂ ਤੱਕ ਸੀਜ਼ਫ਼ਾਇਰ ਵਧਾਉਣ ਦਾ ਫ਼ੈਸਲਾ, ਉਨ੍ਹਾਂ ਦੇ ਕੁਝ ਹੀ ਘੰਟੇ ਪਹਿਲਾਂ ਦੇ ਰਵੱਈਏ ਤੋਂ ਇਕ ਵੱਡਾ ਯੂ-ਟਰਨ ਹੈ।
ਟਰੰਪ ਨੇ ਇਸ ਐਲਾਨ ਤੋਂ ਕੁਝ ਘੰਟੇ ਪਹਿਲਾਂ ਸੀਐਨਬੀਸੀ ਨੂੰ ਕਿਹਾ ਸੀ, "ਮੈਨੂੰ ਉਮੀਦ ਹੈ ਕਿ ਅਸੀਂ ਬੰਬਾਰੀ ਕਰਾਂਗੇ", ਅਤੇ ਇਹ ਵੀ ਕਿਹਾ ਕਿ "ਫੌਜ ਪੂਰੀ ਤਰ੍ਹਾਂ ਤਿਆਰ ਹੈ"
ਉਨ੍ਹਾਂ ਨੇ ਈਰਾਨ ਵਿੱਚ ਹਰ ਪੁਲ ਅਤੇ ਬਿਜਲੀ ਢਾਂਚੇ ਨੂੰ ਨਸ਼ਟ ਕਰਨ ਦੀ ਧਮਕੀ ਵੀ ਦੁਹਰਾਈ ਸੀ।
ਹੁਣ, ਜਦੋਂ ਮੌਜੂਦਾ ਸੀਜ਼ਫਾਇਰ ਖ਼ਤਮ ਹੋਣ ਵਿੱਚ ਸਿਰਫ਼ ਕੁਝ ਘੰਟੇ ਬਾਕੀ ਸੀ, ਉਨ੍ਹਾਂ ਨੇ ਸੰਘਰਸ਼ ਨੂੰ ਅਣਮਿੱਥੇ ਸਮੇਂ ਲਈ ਰੋਕਣ 'ਤੇ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਫ਼ੈਸਲਾ ਪਾਕਿਸਤਾਨ ਸਰਕਾਰ ਦੀ ਅਪੀਲ 'ਤੇ ਲਿਆ ਹੈ।
ਇਸ ਪੂਰੇ ਸੰਘਰਸ਼ ਦੌਰਾਨ ਟਰੰਪ ਨੇ ਈਰਾਨੀ ਸ਼ਾਸਨ ਨੂੰ ਹਮਲਾਵਰ ਅਤੇ ਧਮਕੀ ਭਰੇ ਬਿਆਨਾਂ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ। ਪਰ ਹੁਣ ਅਜਿਹਾ ਲਗਦਾ ਹੈ ਕਿ ਉਹ ਅਸਲ ਵਿੱਚ ਈਰਾਨ 'ਤੇ ਦੁਬਾਰਾ ਹਮਲੇ ਸ਼ੁਰੂ ਨਹੀਂ ਕਰਨਾ ਚਾਹੁੰਦੇ।
ਅੰਦਰੂਨੀ ਦਬਾਅ ?
ਡੌਨਲਡ ਟਰੰਪ ਵੱਲੋਂ ਸੀਜ਼ਫਾਇਰ ਦਾ ਐਲਾਨ ਕਈ ਗੱਲਾਂ ਤੋਂ ਪਰਦਾ ਚੁਕਦਾ ਹੈ ਅਤੇ ਆਉਣ ਵਾਲੇ ਦਿਨਾਂ ਦਾ ਸੰਕੇਤ ਦਿੰਦਾ ਹੈ ਕਿ ਗੱਲਬਾਤ ਦੀ ਕਿੰਨੀ ਸੰਭਾਵਨਾ ਹੈ।
ਟਰੰਪ ਦੀ ਪੋਸਟ ਇਸ਼ਾਰਾ ਕਰਦੀ ਹੈ ਕਿ ਫ਼ਿਲਹਾਲ ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਈਰਾਨ ਦਾ ਪ੍ਰਸਤਾਅ ਅਸਲ ਵਿੱਚ ਹੈ ਕੀ ਅਤੇ ਈਰਾਨ ਦੀ ਸਰਕਾਰ ਵਿੱਚ ਆਖ਼ਰੀ ਫ਼ੈਸਲੇ ਕੌਣ ਲੈ ਰਿਹਾ ਹੈ।
ਇਹ ਉਸੇ ਗੱਲ ਦਾ ਵਿਸਥਾਰ ਹੈ, ਜੋ ਟਰੰਪ ਅਕਸਰ ਕਹਿੰਦੇ ਰਹਿੰਦੇ ਹਨ ਕਿ ਈਰਾਨ ਦੀ ਲੀਡਰਸ਼ਿਪ ਕਾਫ਼ੀ ਹੱਦ ਤੱਕ ਕਮਜ਼ੋਰ ਹੋ ਚੁੱਕੀ ਹੈ ਅਤੇ ਅੰਦਰੂਨੀ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਉੱਥੇ ਅਫਰਾ-ਤਫਰੀ ਹੈ।
ਉਨ੍ਹਾਂ ਦਾ ਇਹ ਐਲਾਨ ਇਹ ਵੀ ਦਿਖਾਉਂਦਾ ਹੈ ਕਿ ਹੁਣ ਈਰਾਨ ਦੇ ਨਾਲ ਉਹ ਜੰਗ ਨੂੰ ਦੁਬਾਰਾ ਉਸੇ ਪੈਮਾਨੇ 'ਤੇ ਸ਼ੁਰੂ ਨਹੀਂ ਕਰਨਾ ਚਾਹੁੰਦੇ।
ਅਮਰੀਕਾ ਵਿਚ ਘਰੇਲੂ ਰਾਜਨੀਤੀ ਅਤੇ ਤੇਲ ਦੀਆਂ ਕੀਮਤਾਂ 'ਤੇ ਅਸਰ ਦੇ ਨਿਹਾਜ਼ ਤੋਂ ਦੁਬਾਰਾ ਲੜਾਈ ਛੇੜਣਾ ਟਰੰਪ ਲਈ ਮੁਸ਼ਕਿਲ ਹੋ ਸਕਦਾ ਸੀ।
ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਉਨ੍ਹਾਂ ਨੇ ਸੀਜ਼ਫਾਇਰ ਦੀ ਕੋਈ ਸਮਾਂ-ਸੀਮਾ ਨਹੀਂ ਦਿੱਤੀ ਹੈ, ਯਾਨੀ ਹੱਲ ਕੱਢਣ ਲਈ ਕੋਈ ਡੈਡਲਾਈਨ ਨਹੀਂ ਰੱਖੀ ਗਈ। ਇਸ ਰਣਨੀਤੀ ਨਾਲ ਉਨ੍ਹਾਂ ਨੂੰ ਸਿਧਾਂਤਕ ਤੌਰ 'ਤੇ ਜ਼ਿਆਦਾ ਲਚਕੀਲਾਪਣ ਮਿਲਦਾ ਹੈ।
ਹਾਲਾਂਕਿ, ਈਰਾਨ ਦੀਆਂ ਬੰਦਰਗਾਹਾਂ 'ਤੇ ਨਾਕੇਬੰਦੀ ਹਾਲੇ ਵੀ ਜਾਰੀ ਹੈ। ਈਰਾਨ ਇਸ ਨੂੰ ਯੁੱਧ ਦੀ ਕਾਰਵਾਈ ਮੰਨਦਾ ਹੈ ਅਤੇ ਇਹੀ ਅੱਗੇ ਕਿਸੇ ਵੀ ਗੱਲਬਾਤ ਵਿੱਚ ਵੱਡੀ ਰੁਕਾਵਟ ਬਣ ਸਕਦੀ ਹੈ।
ਅਜਿਹੇ ਵਿੱਚ ਈਰਾਨ ਚਾਹੇ ਤਾਂ ਤਣਾਅ ਨੂੰ ਹੋਰ ਵਧਾ ਸਕਦਾ ਹੈ ਜਾਂ ਫਿਰ ਪਰਸ਼ੀਅਨ ਗਲਫ਼ ਅਤੇ ਹਾਰਮੁਜ਼ ਸਟ੍ਰੇਟ 'ਤੇ ਛੋਟਾ ਮੋਟਾ ਸੰਘਰਸ਼ ਛੇੜ ਸਕਦਾ ਹੈ।
ਹੁਣ ਯੁੱਧ ਜਾਰੀ ਰੱਖਣ ਵਿੱਚ ਟਰੰਪ ਦੀ ਦਿਲਚਸਪੀ ਨਹੀਂ
ਡੌਨਲਡ ਟਰੰਪ ਨੇ ਇਹ ਫ਼ੈਸਲਾ ਲੈ ਕੇ ਆਪਣੇ ਲਈ ਥੋੜ੍ਹਾ ਹੋਰ ਸਮਾਂ ਕੱਢ ਲਿਆ ਹੈ।
ਪਹਿਲਾਂ ਉਹ ਈਰਾਨ ਨੂੰ ਲਗਾਤਾਰ ਕਹਿ ਰਹੇ ਸੀ- ਜਾਂ ਤਾਂ ਸਮਝੌਤਾ ਕਰੋ ਵਰਨਾ ਬੁੱਧਵਾਰ ਤੋਂ ਦੁਬਾਰਾ ਯੁੱਧ ਸ਼ੁਰੂ ਹੋਵੇਗਾ।
ਅਤੇ ਅਜਿਹਾ ਕਹਿਣ ਤੋਂ ਬਾਅਦ ਹੀ ਉਨ੍ਹਾਂ ਨੇ ਅਣਮਿੱਥੇ ਸਮੇਂ ਲਈ ਸੀਜ਼ਫਾਇਰ ਵਧਾ ਦਿੱਤੀ।
ਅਜਿਹਾ ਕਰਕੇ ਟਰੰਪ ਨੇ ਫ਼ਿਲਹਾਲ ਈਰਾਨ 'ਤੇ ਵੱਡੇ ਹਵਾਈ ਹਮਲੇ ਦੁਬਾਰਾ ਸ਼ੁਰੂ ਕਰਨ ਦੀ ਆਪਣੀ ਧਮਕੀ ਨੂੰ ਅਮਲ ਵਿੱਚ ਨਾ ਲਿਆਉਣ ਦਾ ਫ਼ੈਸਲਾ ਕੀਤਾ। ਪਰ ਇਸ ਦੇ ਨਾਲ ਹੀ ਇਹ ਵੀ ਤੈਅ ਹੋ ਗਿਆ ਹੈ ਕਿ ਆਉਣ ਵਾਲੇ ਦਿਨਾਂ ਜਾਂ ਹਫ਼ਤਿਆਂ ਵਿੱਚ ਉਨ੍ਹਾਂ ਨੂੰ ਫਿਰ ਤੋਂ ਇਹੀ ਫ਼ੈਸਲਾ ਲੈਣਾ ਪਵੇਗਾ।
ਇਹ ਕਦੋਂ ਹੋਵੇਗਾ, ਫ਼ਿਲਹਾਲ ਸਾਫ਼ ਨਹੀਂ ਹੈ। ਟਰੰਪ ਨੇ ਇਹ ਨਹੀਂ ਦੱਸਿਆ ਕਿ ਨਵਾਂ ਸੀਜ਼ਫਾਇਰ ਕਿੰਨੇ ਸਮੇਂ ਤੱਕ ਚੱਲੇਗਾ, ਸਿਰਫ਼ ਇੰਨਾ ਕਹਿ ਦਿੱਤਾ ਕਿ ਉਹ ਈਰਾਨ ਨੂੰ ਯੁੱਧ ਖ਼ਤਮ ਕਰਨ ਲਈ 'ਇਕਜੁੱਟ ਪ੍ਰਸਤਾਅ' ਦੇਣ ਦਾ ਹੋਰ ਸਮਾਂ ਦੇ ਰਹੇ ਹਨ।
ਪਿਛਲੇ ਦੋ ਹਫ਼ਤਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਟਰੰਪ ਨੇ ਯੁੱਧ ਵਧਾਉਣ ਦੀ ਧਮਕੀ ਤੋਂ ਪਿੱਛੇ ਹਟਣ ਦਾ ਕਦਮ ਚੁੱਕਿਆ ਹੈ।
ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਹੁਣ ਇਸ ਸੰਘਰਸ਼ ਨੂੰ ਹੌਲੀ-ਹੌਲੀ ਖਤਮ ਕਰਨ ਵਿੱਚ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ।
ਹੁਣ ਵੀ ਮੁੱਦੇ ਸੁਲਝਾਉਣਾ ਬਾਕੀ
ਅਮਰੀਕਾ ਅਤੇ ਦੁਨੀਆਂ ਵਿੱਚ ਇਸ ਨਵੇਂ ਡਵੈਲਪਮੈਂਟ ਨੂੰ ਇੱਕ ਬਹੁਤ ਵੱਡੀ ਰਾਹਤ ਵਜੋਂ ਦੇਖਿਆ ਜਾ ਸਕਦਾ ਹੈ। ਟਰੰਪ ਨੇ ਈਰਾਨ ਅੰਦਰ ਹੋਰ ਜ਼ਿਆਦਾ ਬੰਬਾਰੀ ਅਤੇ ਤਬਾਹੀ ਦੇ ਖ਼ਤਰੇ ਤੋਂ ਫ਼ਿਲਹਾਲ ਇੱਕ ਵੱਡਾ ਕਦਮ ਪਿੱਛੇ ਹਟਾ ਲਿਆ ਹੈ।
ਦਿਲਚਸਪ ਗੱਲ ਇਹ ਹੈ ਕਿ ਰਾਸ਼ਟਰਪਤੀ ਡੌਨਲਡ ਟਰੰਪ ਈਰਾਨ ਵਿੱਚ ਬਿਖਰੀ ਹੋਈ ਲੀਡਰਸ਼ਿਪ ਦੀ ਗੱਲ ਕਰ ਰਹੇ ਹਨ। ਇਸ ਤੋਂ ਲਗਦਾ ਹੈ ਕਿ ਅਮਰੀਕੀ ਪ੍ਰਤੀਨਿਧੀ ਮੰਡਲ ਹਾਲੇ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅਸਲ ਵਿਚ ਗੱਲਬਾਤ ਕਿਸ ਨਾਲ ਕੀਤੀ ਦਾਵੇ ਅਤੇ ਕਿਸ ਤਰ੍ਹਾਂ ਦਾ ਪ੍ਰਸਤਾਅ ਰੱਖਿਆ ਜਾਵੇ।
ਅਮਰੀਕਾ ਦੇ ਮੁੱਦੇ ਸਾਫ਼ ਹਨ-ਹਾਰਮੁਜ਼ ਸਟ੍ਰੇਟ ਨੂੰ ਮੁੜ ਤੋਂ ਖੋਲ੍ਹਣਾ, ਈਰਾਨ ਦੀ ਯੁਰੇਨੀਅਮ ਇਨਰਿਚਮੈਂਟ ਦੀ ਸਮਰੱਥਾ ਨੂੰ ਕਾਬੂ ਕਰਨਾ।
ਇੱਥੇ ਇਹ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਭਾਵੇਂ ਹੀ ਈਰਾਨ ਕਹਿੰਦਾ ਹੈ ਕਿ ਉਹ ਪਰਮਾਣੂ ਬੰਬ ਨਹੀਂ ਚਾਹੁੰਦਾ, ਪਰ ਉਹ ਭਵਿੱਖ ਵਿੱਚ ਬੰਬ ਬਣਾਉਣ ਦਾ ਵਿਕਲਪ ਆਪਣੇ ਕੋਲ ਰੱਖਣਾ ਚਾਹੁੰਦਾ ਹੈ।
ਦੋਹਾਂ ਪੱਖਾਂ ਵਿੱਚ ਹੁਣ ਵੀ ਕਈ ਬੇਹਦ ਅਹਿਮ ਅਤੇ ਜਟਿਲ ਮੁੱਦੇ ਸੁਲਝਾਏ ਜਾਣੇ ਬਾਕੀ ਹਨ।
ਜਦੋਂ ਸੀਜ਼ਫਾਇਰ ਖਤਮ ਹੋਣ ਵਾਲਾ ਸੀ ਅਤੇ ਇੱਕ ਵਾਰ ਫਿਰ ਬੰਬਾਰੀ ਸ਼ੁਰੂ ਹੋਣ ਦਾ ਖ਼ਤਰਾ ਮੰਡਰਾ ਰਿਹਾ ਸੀ , ਉਦੋਂ ਅਮਰੀਕੀ ਪ੍ਰਸ਼ਾਸਨ ਨੇ ਫ਼ਿਲਹਾਲ ਠਹਿਰ ਕੇ ਇੱਕ ਕਦਮ ਪਿੱਛੇ ਲਿਆ ਹੈ ਅਤੇ ਹੁਣ ਅੱਗੇ ਕੀ ਹੁੰਦਾ ਹੈ, ਇਹ ਦੇਖਣਾ ਦਿਲਚਸਪ ਹੈ।
ਮੌਜੂਦਾ ਸੀਜ਼ਫਾਇਰ ਦੀਆਂ ਸ਼ਰਤਾਂ
ਸੀਜ਼ਫਾਇਰ ਬਾਰੇ ਸੰਖੇਪ ਵਿੱਚ:
- 8 ਅਪ੍ਰੈਲ ਨੂੰ ਈਰਾਨ ਅਤੇ ਅਮਰੀਕਾ ਵਿਚਕਾਰ ਸ਼ਰਤਾਂ ਨਾਲ ਦੋ ਹਫ਼ਤਿਆਂ ਲਈ ਸੀਜ਼ਫਾਇਰ ਹੋਈ ਸੀ, ਜੋ ਬੁੱਧਵਾਰ ਨੂੰ ਖ਼ਤਮ ਹੋਣ ਵਾਲੀ ਸੀ।
- ਟਰੰਪ ਮੁਤਾਬਕ, ਇਹ ਸਮਝੌਤਾ ਇਸ ਸ਼ਰਤ 'ਤੇ ਹੋਇਆ ਸੀ ਕਿ ਈਰਾਨ ਹਾਰਮੁਜ਼ ਸਟ੍ਰੇਟ ਨੂੰ ਫਿਰ ਤੋਂ ਖੋਲ੍ਹੇਗਾ, ਜੋ ਤੇਲ ਅਤੇ ਹੋਰ ਨਿਰਯਾਤ ਲਈ ਬੇਹਦ ਅਹਿਮ ਸਮੁੰਦਰੀ ਰਸਤਾ ਹੈ।
- ਈਰਾਨ ਨੇ ਦੋ ਹਫ਼ਤਿਆਂ ਲਈ ਹੋਰਮੁਜ਼ ਸਟ੍ਰੇਟ ਤੋਂ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ, ਜਿਸ ਦੀ ਨਿਗਰਾਨੀ ਈਰਾਨੀ ਫੌਜ ਕਰ ਰਹੀ ਸੀ।
- ਅਮਰੀਕੀ ਰਾਸ਼ਟਰਪਤੀ ਜੇਡੀ ਵੇਂਸ ਸ਼ਾਂਤੀ ਵਾਰਤਾ ਦੇ ਪਹਿਲੇ ਦੌਰ ਦੀ ਗੱਲਬਾਤ ਲਈ ਪਾਕਿਸਤਾਨ ਗਏ, ਪਰ ਕੁਝ ਘੰਟਿਆਂ ਦੀ ਗੱਲਬਾਤ ਤੋਂ ਬਾਅਦ ਬਿਨ੍ਹਾਂ ਕਿਸੇ ਠੋਸ ਨਤੀਜੇ ਦੇ ਵਾਸ਼ਿੰਗਟਨ ਪਰਤ ਆਏ।
- ਕੋਈ ਸਮਝੌਤਾ ਨਾ ਹੋਣ 'ਤੇ ਅਮਰੀਕਾ ਨੇ ਈਰਾਨ ਖ਼ਿਲਾਫ਼ ਨੌਸੈਨਿਕ ਨਾਕੇਬੰਦੀ ਸ਼ੁਰੂ ਕਰ ਦਿੱਤੀ ਅਤੇ ਆਰਥਿਕ ਦਬਾਅ ਵੀ ਵਧਾਇਆ, ਜਿਸ ਵਿੱਚ ਵਿਦੇਸ਼ੀ ਬੈਂਕਾਂ 'ਤੇ ਸੈਕੰਡਰੀ ਰੋਕਾਂ ਦੀ ਚੇਤਾਵਨੀ ਸ਼ਾਮਲ ਸੀ।
ਸੰਘਰਸ਼ ਦੇ ਦੂਜੇ ਮੋਰਚੇ(ਇਜ਼ਰਾਈਲ-ਲੇਬਨਾਨ) ਨਾਲ ਜੁੜੀਆਂ ਸ਼ਰਤਾਂ:
- ਉਧਰ ਲੇਬਨਾਨ(ਜਿੱਥੇ ਹਿਜ਼ਬੁੱਲਾਹ ਸਰਗਰਮ ਹੈ) ਅਤੇ ਇਜ਼ਰਾਈਲ ਵਿਚਕਾਰ ਵੀ ਸੀਜ਼ਫਾਇਰ ਹੋਇਆ
- 16 ਅਪ੍ਰੈਲ ਨੂੰ ਟਰੰਪ ਨੇ ਇਜ਼ਰਾਈਲ ਅਤੇ ਲੈਬਨਾਨ ਵਿਚਕਾਰ 10 ਦਿਨ ਦੇ ਸੀਜ਼ਫਾਇਰ ਦਾ ਐਲਾਨ ਕੀਤਾ, ਜੋ 1993 ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਪਹਿਲੀ ਸਿੱਧੀ ਗੱਲਬਾਤ ਤੋਂ ਬਾਅਦ ਹੋਇਆ।
- ਈਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ 'ਲੈਬਨਾਨ ਵਿੱਚ ਸੀਜ਼ਫਾਇਰ ਤੋਂ ਬਾਅਦ' ਹਾਰਮੁਜ਼ ਸਟ੍ਰੇਟ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ, ਪਰ ਅਮਰੀਕਾ ਦੇ ਨਾਕੇਬੰਦੀ ਖਤਮ ਨਾ ਕਰਨ 'ਤੇ ਈਰਾਨ ਨੇ ਅਗਲੇ ਹੀ ਦਿਨ ਇਸ ਨੂੰ ਫਿਰ ਬੰਦ ਕਰ ਦਿੱਤਾ।
- ਸਮਝੌਤੇ ਤਹਿਤ, ਇਜ਼ਰਾਈਲ ਨੂੰ ਹਰ ਵੇਲੇ ਆਤਮ ਰੱਖਿਆ ਵਿੱਚ ਸਾਰੇ ਜ਼ਰੂਰੀ ਕਦਮ ਚੁੱਕਣ ਦਾ ਅਧਿਕਾਰ ਦਿੱਤਾ ਗਿਆ ਹੈ- ਭਾਵੇਂ ਉਸ ਨੂੰ ਹਮਲੇ ਦਾ ਖ਼ਦਸ਼ਾ ਹੋਵੇ ਜਾਂ ਹਮਲਾ ਜਾਰੀ ਹੋਵੇ।
- ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਲੈਬਨਾਨ ਨੂੰ ਹਿਜ਼ਾਬੁੱਲਾਹ ਅਤੇ ਹੋਰ 'ਗੈਰ-ਰਾਜੀ ਸਸ਼ਤਰ ਸਮੂਹਾਂ' ਨੂੰ ਇਜ਼ਰਾਈਲ 'ਤੇ ਹਮਲੇ ਕਰਨ ਤੋਂ ਰੋਕਣ ਲਈ ਠੋਸ ਕਦਮ ਚੁੱਕਣੇ ਪੈਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ