You’re viewing a text-only version of this website that uses less data. View the main version of the website including all images and videos.
ਕਿਤੇ ਤੁਸੀਂ ਵੀ ਗਲਤ ਤਰੀਕੇ ਨਾਲ ਦਵਾਈ ਤਾਂ ਨਹੀਂ ਲੈ ਰਹੇ? ਦਵਾਈ ਨੂੰ ਗਰਮ ਪਾਣੀ ਨਾਲ ਲੈਣਾ ਠੀਕ ਹੈ ਜਾਂ ਠੰਡੇ ਪਾਣੀ ਨਾਲ?
- ਲੇਖਕ, ਸਾਰਦਾ ਮਿਆਪੁਰਮ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 7 ਮਿੰਟ
ਜਦੋਂ ਵੀ ਅਸੀਂ ਦਵਾਈ ਲੈਣੀ ਹੁੰਦੀ ਹੈ, ਤਾਂ ਅਸੀਂ ਗੋਲੀਆਂ ਮੂੰਹ ਵਿੱਚ ਪਾ ਕੇ ਥੋੜ੍ਹਾ ਪਾਣੀ ਪੀ ਲੈਂਦੇ ਹਾਂ।
ਇਹ ਕਰਨ ਨਾਲ ਸਾਨੂੰ ਲੱਗਦਾ ਹੈ ਜਿਵੇਂ ਅਸੀਂ ਕੋਈ ਵੱਡਾ ਕੰਮ ਪੂਰਾ ਕਰ ਲਿਆ ਹੋਵੇ ਅਤੇ ਆਖ਼ਿਰਕਾਰ ਸਾਨੂੰ ਛੁਟਕਾਰਾ ਮਿਲ ਗਿਆ ਹੋਵੇ।
ਕੁਝ ਲੋਕ ਗੋਲੀਆਂ ਨੂੰ ਠੰਡੇ ਪਾਣੀ ਨਾਲ ਲੈਂਦੇ ਹਨ, ਜਦਕਿ ਕੁਝ ਗਰਮ ਪਾਣੀ ਨਾਲ।
ਜਿਨ੍ਹਾਂ ਲੋਕਾਂ ਨੂੰ ਗੋਲੀਆਂ ਖਾਣਾ ਚੰਗਾ ਨਹੀਂ ਲੱਗਦਾ, ਉਹ ਅਕਸਰ ਦਵਾਈ ਦਾ ਸਵਾਦ ਮਹਿਸੂਸ ਕਰਨ ਤੋਂ ਬਚਣ ਲਈ ਉਨ੍ਹਾਂ ਨੂੰ ਚਾਹ, ਕੌਫੀ, ਦੁੱਧ ਜਾਂ ਠੰਡੇ ਲਿਕਵਿਡ ਨਾਲ ਲੈਂਦੇ ਹਨ।
ਕੁਝ ਲੋਕ ਆਪਣੀਆਂ ਦਵਾਈਆਂ ਜਾਂ ਗੋਲੀਆਂ ਡਾਕਟਰ ਦੇ ਦੱਸੇ ਤਰੀਕੇ ਅਨੁਸਾਰ ਹੀ ਲੈਂਦੇ ਹਨ। ਹਾਲਾਂਕਿ ਕੁਝ ਲੋਕ ਦਿਨ ਭਰ ਵਿੱਚ ਜਦੋਂ ਵੀ ਉਨ੍ਹਾਂ ਨੂੰ ਯਾਦ ਆਉਂਦਾ ਹੈ, ਉਸ ਵੇਲੇ ਆਪਣੀ ਦਵਾਈ ਖਾ ਲੈਂਦੇ ਹਨ।
ਪਰ ਸਵਾਲ ਇਹ ਹੈ ਕਿ ਕੀ ਉਨ੍ਹਾਂ ਲਈ ਜਦੋਂ ਮਨ ਕਰੇ ਓਦੋਂ ਦਵਾਈ ਖਾਣਾ ਠੀਕ ਹੈ?
ਕੀ ਤੁਸੀਂ ਜਾਣਦੇ ਹੋ ਕਿ ਦਵਾਈਆਂ ਜਾਂ ਗੋਲੀਆਂ ਖਾਂਦੇ ਸਮੇਂ ਜੋ ਪਾਣੀ ਅਸੀਂ ਪੀਂਦੇ ਹਾਂ ਅਤੇ ਜਿਸ ਸਮੇਂ ਅਸੀਂ ਉਨ੍ਹਾਂ ਦਵਾਈਆਂ ਨੂੰ ਲੈਂਦੇ ਹਾਂ, ਵਰਗੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਕਿੰਨਾ ਵੱਡਾ ਪ੍ਰਭਾਵ ਪਾਉਂਦੀਆਂ ਹਨ।
ਦਵਾਈ ਲੈਣ ਦਾ ਤਰੀਕਾ ਇਸ ਗੱਲ 'ਤੇ ਬਹੁਤ ਅਸਰ ਪਾਉਂਦਾ ਹੈ ਕਿ ਦਵਾਈ ਸਰੀਰ ਵਿੱਚ ਕਿਵੇਂ ਐਬਜ਼ੌਰਬ ਹੁੰਦੀ ਹੈ (ਭਾਵ ਸਰੀਰ 'ਚ ਕਿਵੇਂ ਘੁਲਦੀ ਹੈ) ਅਤੇ ਕਿੰਨੀ ਪ੍ਰਭਾਵਸ਼ਾਲੀ ਹੁੰਦੀ ਹੈ।
ਇਸ ਰਿਪੋਰਟ ਵਿੱਚ ਜਾਣਦੇ ਹਾਂ ਦਵਾਈ ਲੈਣ ਬਾਰੇ ਕੁਝ ਅਜਿਹੀਆਂ ਹੀ ਜ਼ਰੂਰੀ ਗੱਲਾਂ...
ਦਵਾਈਆਂ ਕਈ ਘੰਟਿਆਂ ਤੱਕ ਢਿੱਡ ਵਿੱਚ ਰਹਿੰਦੀਆਂ ਹਨ
ਦਵਾਈਆਂ ਕਈ ਰੂਪਾਂ ਵਿੱਚ ਉਪਲੱਬਧ ਹਨ। ਇਹ ਸਿਰਪ, ਸਸਪੈਂਸ਼ਨ, ਟੈਬਲੈਟ, ਕੈਪਸੂਲ, ਪਾਊਡਰ ਅਤੇ ਇੰਜੈਕਸ਼ਨ ਦੇ ਰੂਪ ਵਿੱਚ ਮਿਲਦੀਆਂ ਹਨ।
ਮਾਹਿਰਾਂ ਦੇ ਮੁਤਾਬਕ ਲਿਕਵਿਡ ਦਵਾਈ ਸਰੀਰ ਵਿੱਚ ਆਸਾਨੀ ਨਾਲ ਐਬਜ਼ੌਰਬ ਹੋ ਜਾਂਦੀ ਹੈ। ਪਰ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸਟੋਰ ਕਰਨਾ ਮੁਸ਼ਕਲ ਹੁੰਦਾ ਹੈ।
ਇਸ ਲਈ ਕਈ ਦਵਾਈਆਂ ਗੋਲੀਆਂ ਅਤੇ ਕੈਪਸੂਲ ਦੇ ਰੂਪ ਵਿੱਚ ਬਣਾਈਆਂ ਜਾਂਦੀਆਂ ਹਨ। ਹਾਲਾਂਕਿ, ਹਰ ਤਰ੍ਹਾਂ ਦੀ ਦਵਾਈ ਲਿਕਵਿਡ ਫਾਰਮ ਵਿੱਚ ਨਹੀਂ ਲਈ ਜਾ ਸਕਦੀ।
ਖ਼ਾਸ ਕਰਕੇ ਹੌਲੀ-ਹੌਲੀ ਅਸਰ ਕਰਨ ਵਾਲੀਆਂ ਦਵਾਈਆਂ। ਭਾਵ ਉਹ ਦਵਾਈਆਂ ਜੋ ਸਾਡੇ ਢਿੱਡ ਵਿੱਚ ਪਹੁੰਚਦੇ ਹੀ ਤੁਰੰਤ ਨਹੀਂ ਘੁਲਦੀਆਂ ਅਤੇ ਸਰੀਰ ਵਿੱਚ ਪੂਰੀ ਤਰ੍ਹਾਂ ਐਬਜ਼ੌਰਬ ਨਹੀਂ ਹੁੰਦੀਆਂ।
ਇਸ ਲਈ ਉਨ੍ਹਾਂ ਵਿੱਚ ਮੌਜੂਦ ਮੈਡੀਸਿਨਲ ਇੰਗ੍ਰੀਡੀਐਂਟਸ ਕਈ ਘੰਟਿਆਂ ਤੱਕ ਆਪਣਾ ਅਸਰ ਦਿਖਾਉਂਦੇ ਰਹਿੰਦੇ ਹਨ।
ਜੋ ਦਵਾਈਆਂ ਅਸਰ ਦਿਖਾਉਣ ਵਿੱਚ ਸਮਾਂ ਲੈਂਦੀਆਂ ਹਨ, ਉਨ੍ਹਾਂ ਦੇ ਐਕਟਿਵ ਕੰਪੋਨੈਂਟਸ ਸਰੀਰ ਵਿੱਚ ਕਈ ਘੰਟਿਆਂ ਤੱਕ ਹੌਲੀ-ਹੌਲੀ ਜਾਂਦੇ ਰਹਿੰਦੇ ਹਨ। ਇਸ ਤਰ੍ਹਾਂ ਦੀਆਂ ਦਵਾਈਆਂ ਨੂੰ ਪੀਸਣਾ ਜਾਂ ਚੱਬਣਾ ਨਹੀਂ ਚਾਹੀਦਾ।
ਮਾਹਿਰ ਕਹਿੰਦੇ ਹਨ ਕਿ ਜੇ ਇਨ੍ਹਾਂ ਨੂੰ ਪੀਸਿਆ ਜਾਂ ਚੱਬਿਆ ਜਾਵੇ, ਤਾਂ ਇਨ੍ਹਾਂ ਦੇ ਸਾਰੇ ਐਕਟਿਵ ਕੰਪੋਨੈਂਟਸ ਇੱਕੋ ਵਾਰ 'ਚ ਸਰੀਰ ਵਿੱਚ ਜਾ ਸਕਦੇ ਹਨ। ਇਹ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ।
ਠੰਡਾ ਜਾਂ ਗਰਮ, ਗੋਲੀਆਂ ਨੂੰ ਕਿਹੋ-ਜਿਹੇ ਪਾਣੀ ਨਾਲ ਲਿਆ ਜਾਵੇ?
ਇਹ ਵੀ ਸਵਾਲ ਹੈ ਕਿ ਦਵਾਈ ਵਾਲੀ ਗੋਲੀ ਨੂੰ ਕਿਸ ਤਰ੍ਹਾਂ ਦੇ ਪਾਣੀ ਨਾਲ ਲੈਣਾ ਚਾਹੀਦਾ ਹੈ।
ਇਸ ਬਾਰੇ ਗੱਲ ਕਰਦਿਆਂ ਡਾਕਟਰ ਗੋਪੇਸ਼ ਨੇ ਬੀਬੀਸੀ ਨੂੰ ਦੱਸਿਆ, "ਕਿਸੇ ਵੀ ਗੋਲੀ ਜਾਂ ਕੈਪਸੂਲ ਨੂੰ ਗਰਮ ਪਾਣੀ ਨਾਲ ਲੈਣਾ ਸਭ ਤੋਂ ਚੰਗਾ ਹੁੰਦਾ ਹੈ।"
"ਚਾਹੇ ਉਹ ਗੋਲੀਆਂ ਹੋਣ ਜਾਂ ਦਾਣੇਦਾਰ ਦਵਾਈ ਜਾਂ ਫਿਰ ਕੈਪਸੂਲ, ਗਰਮ ਪਾਣੀ ਨਾਲ ਲੈਣ 'ਤੇ ਉਨ੍ਹਾਂ ਦਾ ਸਹੀ ਪ੍ਰਭਾਵ ਦੇਖਣ ਨੂੰ ਮਿਲਦਾ ਹੈ।"
ਉਨ੍ਹਾਂ ਕਿਹਾ, "ਠੰਡਾ ਪਾਣੀ ਗੋਲੀ ਜਾਂ ਕੈਪਸੂਲ ਦੇ ਘੁਲਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦਾ ਹੈ। ਗਰਮ ਪਾਣੀ ਨਾਲ ਗੋਲੀ ਜਾਂ ਕੈਪਸੂਲ ਲੈਣ ਨਾਲ ਉਸ ਵਿੱਚ ਮੌਜੂਦ ਮੈਡੀਸਿਨਲ ਇੰਗ੍ਰੀਡੀਐਂਟਸ ਦਾ ਪ੍ਰਭਾਵ ਘਟ ਸਕਦਾ ਹੈ।"
ਉਨ੍ਹਾਂ ਦੱਸਿਆ ਕਿ ਦਵਾਈ ਨੂੰ ਉਸੇ ਤਰੀਕੇ ਨਾਲ ਲੈਣਾ ਚਾਹੀਦਾ ਹੈ ਜਿਵੇਂ ਡਾਕਟਰ ਦੱਸੇ। ਕਦੇ ਵੀ ਆਪਣੇ ਮਨ ਨਾਲ ਦਵਾਈ ਨਹੀਂ ਲੈਣੀ ਚਾਹੀਦੀ।
ਡਾਕਟਰ ਐਨ. ਵਿਜੈਲਕਸ਼ਮੀ ਨੇ 'ਕੇਆਈਐਮਐਸ ਹੈਲਥ' ਵੈਬਸਾਈਟ 'ਤੇ ਇਸ ਵਿਸ਼ੇ 'ਤੇ ਇੱਕ ਲੇਖ ਰਾਹੀਂ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, "ਅਸੀਂ ਜੋ ਦਵਾਈਆਂ ਲੈਂਦੇ ਹਾਂ, ਉਹ ਢਿੱਡ ਅਤੇ ਅੰਤੜੀਆਂ ਦੀਆਂ ਕੋਸ਼ਿਕਾਵਾਂ ਰਾਹੀਂ ਸਰੀਰ ਵਿੱਚ ਐਬਜ਼ੌਰਬ (ਜਜ਼ਬ) ਹੋ ਜਾਂਦੀਆਂ ਹਨ।"
ਸਰੀਰ ਵਿੱਚ ਮੈਡੀਸਿਨਲ ਇੰਗ੍ਰੀਡੀਐਂਟਸ ਦੇ ਠੀਕ ਤਰੀਕੇ ਨਾਲ ਐਬਜ਼ੌਰਬ ਹੋਣ ਲਈ ਢਿੱਡ ਅਤੇ ਅੰਤੜੀਆਂ ਦੇ ਵਿਚਕਾਰ ਵਾਲੇ ਹਿੱਸੇ ਦਾ ਤਾਪਮਾਨ ਠੀਕ ਹੋਣਾ ਜ਼ਰੂਰੀ ਹੈ।
ਠੰਡਾ ਪਾਣੀ ਢਿੱਡ ਵਿੱਚ ਦਵਾਈਆਂ ਦੇ ਘੁਲਣ ਦੀ ਗਤੀ ਨੂੰ ਹੌਲਾ ਕਰ ਦਿੰਦਾ ਹੈ। ਠੰਡਾ ਪਾਣੀ ਢਿੱਡ ਦੇ ਤਾਪਮਾਨ ਨੂੰ ਵੀ ਘਟਾ ਦਿੰਦਾ ਹੈ। ਇਸ ਨਾਲ ਦਵਾਈ ਦੇ ਤੱਤ ਸਰੀਰ ਵਿੱਚ ਠੀਕ ਤਰ੍ਹਾਂ ਐਬਜ਼ੌਰਬ ਨਹੀਂ ਹੋ ਪਾਉਂਦੇ। ਇਹ ਪ੍ਰਕਿਰਿਆ ਵਿੱਚ ਰੁਕਾਵਟ ਪਾਉਂਦਾ ਹੈ।
ਜਦੋਂ ਅਸੀਂ ਠੰਡੇ ਪਾਣੀ ਨਾਲ ਦਵਾਈ ਲੈਂਦੇ ਹਾਂ, ਤਾਂ ਢਿੱਡ ਵਿੱਚ ਪਹੁੰਚਣ 'ਤੇ ਸਰੀਰ ਨੂੰ ਇਸ ਨੂੰ ਗਰਮ ਕਰਨ ਲਈ ਵੱਧ ਊਰਜਾ ਖਰਚ ਕਰਨੀ ਪੈਂਦੀ ਹੈ।
ਅਸਲ ਵਿੱਚ, ਸਰੀਰ ਨੂੰ ਗੋਲੀਆਂ ਨੂੰ ਪਚਾਉਣ ਮਤਲਬ ਦਵਾਈ ਨੂੰ ਐਬਜ਼ੌਰਬ ਕਰਨ ਲਈ ਊਰਜਾ ਦੀ ਲੋੜ ਹੁੰਦੀ ਹੈ। ਪਰ ਇਸ ਦੀ ਬਜਾਏ ਉਹ ਊਰਜਾ ਪੇਟ ਵਿੱਚ ਪਾਣੀ ਨੂੰ ਗਰਮ ਕਰਨ ਵਿੱਚ ਖਰਚ ਹੋ ਜਾਂਦੀ ਹੈ।
ਜਿਵੇਂ ਜੇਕਰ ਚੌਲ ਖਾਣ ਤੋਂ ਬਾਅਦ ਵੀ ਤੁਸੀਂ ਠੰਡਾ ਪਾਣੀ ਪੀਂਦੇ ਹੋ, ਤਾਂ ਸਰੀਰ ਭੋਜਨ ਵਿੱਚ ਮੌਜੂਦ ਪੋਸ਼ਕ ਤੱਤਾਂ ਨੂੰ ਐਬਜ਼ੌਰਬ ਕਰਨ ਦੀ ਬਜਾਏ ਉਸ ਠੰਡੇ ਪਾਣੀ ਨੂੰ ਸਰੀਰ ਦੇ ਤਾਪਮਾਨ ਤੱਕ ਗਰਮ ਕਰਨ ਵਿੱਚ ਊਰਜਾ ਖਰਚ ਕਰ ਦਿੰਦਾ ਹੈ।
ਤਾਂ ਕੀ ਗਰਮ ਪਾਣੀ ਨਾਲ ਦਵਾਈ ਲੈਣਾ ਠੀਕ ਹੈ?
ਆਪਣੇ ਲੇਖ ਵਿੱਚ ਡਾ. ਵਿਜੈਲਕਸ਼ਮੀ ਨੇ ਦੱਸਿਆ, "ਜੇ ਤੁਸੀਂ ਗਰਮ ਜਾਂ ਸਧਾਰਣ ਤਾਪਮਾਨ ਦੇ ਪਾਣੀ ਨਾਲ ਦਵਾਈ ਲੈਂਦੇ ਹੋ, ਤਾਂ ਦਵਾਈ ਸਰੀਰ ਵਿੱਚ ਤੇਜ਼ੀ ਨਾਲ ਘੁਲ ਜਾਂਦੀ ਹੈ ਅਤੇ ਉਸ ਦਾ ਅਸਰ ਵੀ ਤੇਜ਼ੀ ਨਾਲ ਦਿਖਾਈ ਦੇਣ ਲੱਗਦਾ ਹੈ।"
ਕੀ ਦਵਾਈ ਨੂੰ ਦੁੱਧ, ਮਿਨਰਲ ਵਾਟਰ ਜਾਂ ਜੂਸ ਨਾਲ ਲੈਣਾ ਠੀਕ ਹੈ?
ਉਰਸੁਲਾ ਸੇਲਰਬਰਗ ਨੇ 'ਦ ਹਿੰਦੂ' ਵਿੱਚ ਆਪਣੇ ਲੇਖ ਵਿੱਚ ਲਿਖਿਆ, "ਦਵਾਈਆਂ ਨੂੰ ਸਾਦੇ ਪਾਣੀ ਨਾਲ ਲੈਣਾ ਸਭ ਤੋਂ ਵਧੀਆ ਹੈ। ਕਿਉਂਕਿ ਦੁੱਧ, ਮਿਨਰਲ ਵਾਟਰ, ਜੂਸ, ਬੀਅਰ ਅਤੇ ਵਾਈਨ ਦੇ ਨਾਲ ਦਵਾਈਆਂ ਲੈਣ ਨਾਲ ਕਈ ਵਾਰ ਉਨ੍ਹਾਂ ਦਵਾਈਆਂ ਦਾ ਅਸਰ ਬਦਲ ਸਕਦਾ ਹੈ।"
ਉਰਸੁਲਾ ਸੇਲਰਬਰਗ ਜਰਮਨ ਐਸੋਸੀਏਸ਼ਨ ਆਫ ਫਾਰਮਾਸਿਸਟ ਦੀ ਫੈਡਰਲ ਯੂਨੀਅਨ ਦੇ ਬੁਲਾਰੇ ਹਨ।
ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ, "ਦੁੱਧ ਵਿੱਚ ਕੈਲਸ਼ੀਅਮ ਹੁੰਦਾ ਹੈ, ਜੋ ਦਵਾਈਆਂ ਨਾਲ ਮਿਲ ਜਾਂਦਾ ਹੈ। ਇਸ ਨਾਲ ਦਵਾਈ ਖੂਨ ਵਿੱਚ ਪ੍ਰਵੇਸ਼ ਨਹੀਂ ਕਰ ਪਾਉਂਦੀ। ਕੈਲਸ਼ੀਅਮ ਵਾਲੇ ਜੂਸ ਅਤੇ ਮਿਨਰਲ ਵਾਟਰ ਨਾਲ ਵੀ ਅਜਿਹਾ ਹੀ ਹੋ ਸਕਦਾ ਹੈ।"
ਉਰਸੁਲਾ ਸੇਲਰਬਰਗ ਦਾ ਕਹਿਣਾ ਹੈ ਕਿ ਦੁੱਧ ਅਤੇ ਡੇਅਰੀ ਉਤਪਾਦ ਕੁਝ ਦਵਾਈਆਂ, ਖ਼ਾਸ ਕਰਕੇ ਥਾਇਰਾਇਡ ਹਾਰਮੋਨ, ਆਸਟਿਓਪੋਰੋਸਿਸ ਦੀਆਂ ਦਵਾਈਆਂ ਅਤੇ ਕਈ ਕਿਸਮ ਦੀਆਂ ਐਂਟੀਬਾਇਓਟਿਕ ਦਵਾਈਆਂ ਦੇ ਪ੍ਰਭਾਵ ਨੂੰ ਘੱਟ ਕਰ ਸਕਦੇ ਹਨ।
ਅੰਗੂਰਾਂ ਦਾ ਰਸ
ਅਧਿਐਨ ਤੋਂ ਪਤਾ ਲੱਗਾ ਹੈ ਕਿ ਹੋਰ ਫਲਾਂ ਦੇ ਰਸਾਂ ਦੇ ਮੁਕਾਬਲੇ ਅੰਗੂਰ ਦਾ ਰਸ ਕਈ ਕਿਸਮ ਦੀਆਂ ਦਵਾਈਆਂ ਦੇ ਪ੍ਰਭਾਵ ਅਤੇ ਸਾਈਡ ਇਫੈਕਟਸ ਨੂੰ ਵਧਾ ਦਿੰਦਾ ਹੈ।
ਸੇਲਰਬਰਗ ਕਹਿੰਦੇ ਹਨ, "ਅੰਗੂਰ ਦਾ ਰਸ ਸਾਡੇ ਸਰੀਰ ਵਿੱਚ ਉਨ੍ਹਾਂ ਐਂਜ਼ਾਈਮਾਂ ਨੂੰ ਰੋਕਦਾ ਹੈ ਜੋ ਦਵਾਈਆਂ ਨੂੰ ਤੋੜਦੇ ਹਨ।"
ਅੰਗੂਰ ਦਾ ਰਸ ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ, ਲਿਪਿਡ ਮੈਟਾਬੋਲਿਜ਼ਮ ਵਿਕਾਰ ਅਤੇ ਹੋਰ ਲੰਬੇ ਸਮੇਂ ਵਾਲੀਆਂ ਬਿਮਾਰੀਆਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨਾਲ ਰਿਐਕਸ਼ਨ ਕਰ ਸਕਦਾ ਹੈ।
ਸੰਤਰੇ ਅਤੇ ਸੇਬ ਦੇ ਰਸ ਦੇ ਮਾਮਲੇ ਵਿੱਚ ਹੁਣ ਤੱਕ ਅਜਿਹੇ ਸਾਈਡ ਇਫੈਕਟਸ ਨਹੀਂ ਦੇਖੇ ਗਏ ਹਨ।
ਸ਼ਰਾਬ
ਕਿਸੇ ਵੀ ਹਾਲਤ ਵਿੱਚ ਦਵਾਈਆਂ ਦਾ ਸੇਵਨ ਸ਼ਰਾਬ ਨਾਲ ਨਹੀਂ ਕਰਨਾ ਚਾਹੀਦਾ।
ਅਜਿਹਾ ਇਸ ਲਈ ਹੈ ਕਿਉਂਕਿ ਐਲਕੋਹਲ ਕੁਝ ਐਕਟਿਵ ਦਵਾਈਆਂ ਨਾਲ ਰਿਐਕਟ ਕਰਕੇ ਸਾਈਡ ਇਫੈਕਟ ਪੈਦਾ ਕਰ ਸਕਦੀ ਹੈ।
ਦਵਾਈ ਲੈਂਦੇ ਸਮੇਂ ਕਿੰਨਾ ਪਾਣੀ ਪੀਣਾ ਚਾਹੀਦਾ ਹੈ?
ਕੁਝ ਲੋਕ ਦਵਾਈ ਨੂੰ ਪਾਣੀ ਤੋਂ ਬਿਨਾਂ ਸਿੱਧੇ ਹੀ ਲੈ ਲੈਂਦੇ ਹਨ।
ਇਸ ਕਰਕੇ ਬਿਨਾਂ ਕੋਟਿੰਗ ਵਾਲੀ ਦਵਾਈ ਜੀਭ ਨਾਲ ਚਿਪਕ ਜਾਂਦੀ ਹੈ। ਨਾਲ ਹੀ, ਇਸ ਨਾਲ ਜੀਭ 'ਤੇ ਕੌੜਾ ਸਵਾਦ ਵੀ ਰਹਿ ਜਾਂਦਾ ਹੈ।
ਡਾਕਟਰ ਪ੍ਰਦੀਪ ਸਿੰਘ ਮੁੰਬਈ ਦੇ ਫੋਰਟਿਸ ਹਸਪਤਾਲ ਵਿੱਚ ਡਾਕਟਰ ਹਨ। ਹੈਲਥਸਾਈਟ.ਕਾਮ ਨੇ ਡਾਕਟਰ ਪ੍ਰਦੀਪ ਸਿੰਘ ਦੇ ਹਵਾਲੇ ਨਾਲ ਦੱਸਿਆ ਹੈ ਕਿ ਜੇ ਤੁਸੀਂ ਗੋਲੀ ਨੂੰ ਬਿਨਾਂ ਪਾਣੀ ਦੇ ਲੈਂਦੇ ਹੋ, ਤਾਂ ਇਹ ਤੁਹਾਡੇ ਗਲੇ ਵਿੱਚ ਅਟਕ ਸਕਦੀ ਹੈ ਅਤੇ ਤੁਹਾਨੂੰ ਘੁਟਣ ਮਹਿਸੂਸ ਹੋ ਸਕਦੀ ਹੈ।
ਉਹ ਲਿਖਦੇ ਹਨ, "ਜੇ ਤੁਸੀਂ ਬਿਨਾਂ ਪਾਣੀ ਦੇ ਗੋਲੀ ਲੈਂਦੇ ਹੋ, ਤਾਂ ਇਹ ਠੀਕ ਤਰ੍ਹਾਂ ਘੁਲਦੀ ਨਹੀਂ ਹੈ। ਇਸ ਲਈ ਗੋਲੀ ਪਾਚਨ ਤੰਤਰ ਰਾਹੀਂ ਮਲ ਦੇ ਨਾਲ ਬਾਹਰ ਨਿਕਲ ਜਾਂਦੀ ਹੈ। ਜੇ ਗੋਲੀ ਬਿਨਾਂ ਘੁੱਲੇ ਸਰੀਰ ਤੋਂ ਬਾਹਰ ਨਿਕਲ ਜਾਂਦੀ ਹੈ, ਤਾਂ ਇਸਦਾ ਮਤਲਬ ਹੈ ਕਿ ਸਰੀਰ ਨੂੰ ਦਵਾਈ ਤੋਂ ਕੋਈ ਲਾਭ ਨਹੀਂ ਮਿਲਿਆ।"
ਉਦਾਹਰਨ ਵਜੋਂ, ਡਾਕਟਰ ਪ੍ਰਦੀਪ ਕਹਿੰਦੇ ਹਨ ਕਿ ਆਈਬੂਪ੍ਰੋਫੇਨ ਵਰਗੀਆਂ ਨਾਨ-ਸਟੇਰਾਇਡਲ ਐਂਟੀ-ਇੰਫਲਾਮੇਟਰੀ ਦਵਾਈਆਂ, ਜੇ ਲੋੜੀਂਦੇ ਪਾਣੀ ਨਾਲ ਨਾ ਲਈਆਂ ਜਾਣ, ਤਾਂ ਢਿੱਡ ਵਿੱਚ ਮੌਜੂਦ ਹਾਈਡ੍ਰੋਕਲੋਰਿਕ ਐਸਿਡ ਨਾਲ ਰਿਐਕਟ ਕਰ ਸਕਦੀਆਂ ਹਨ ਜਾਂ ਉਸ ਨਾਲ ਜੁੜ ਸਕਦੀਆਂ ਹਨ, ਜਿਸ ਨਾਲ ਪੇਟ ਵਿੱਚ ਅਲਸਰ ਹੋ ਸਕਦਾ ਹੈ।
ਤੁਸੀਂ ਆਮ ਤੌਰ 'ਤੇ ਗੋਲੀ ਲੈਂਦੇ ਸਮੇਂ ਕਮਰੇ ਦੇ ਤਾਪਮਾਨ ਦੇ ਬਰਾਬਰ ਇੱਕ ਗਿਲਾਸ ਪਾਣੀ ਪੀ ਸਕਦੇ ਹੋ। ਜੇ ਤੁਹਾਨੂੰ ਇਸ ਬਾਰੇ ਕੋਈ ਖਦਸ਼ਾ ਹੈ, ਤਾਂ ਡਾਕਟਰ ਨਾਲ ਸਲਾਹ ਕਰੋ।
(ਸਰੋਤ: ਇੰਡਿਅਨ ਮੈਡੀਕਲ ਐਸੋਸੀਏਸ਼ਨ, ਐਨਐਚਐਸ-ਯੂਕੇ ਅਤੇ ਇੰਡਿਅਨ ਫਾਰਮਾਸਿਊਟਿਕਲ ਐਸੋਸੀਏਸ਼ਨ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ