ਕੇਵਲ ਢਿੱਲੋਂ ਨੇ ਪੰਜਾਬ ਭਾਜਪਾ ਦਾ ਪ੍ਰਧਾਨ ਬਣਦਿਆਂ ਹੀ ਕਿਸਾਨਾਂ ਨਾਲ ਇਹ ਵਾਅਦਾ ਕੀਤਾ, ਜਾਣੋ ਉਨ੍ਹਾਂ ਦੇ ਨਿੱਜੀ ਤੇ ਸਿਆਸੀ ਸਫ਼ਰ ਬਾਰੇ

ਕੇਵਲ ਸਿੰਘ ਢਿੱਲੋਂ ਅਤੇ ਸੁਨੀਲ ਜਾਖੜ

ਤਸਵੀਰ ਸਰੋਤ, KewalSinghDhillon/Facebook

ਤਸਵੀਰ ਕੈਪਸ਼ਨ, ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਹੈ। (ਪੁਰਾਣੀ ਤਸਵੀਰ)
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਪੰਜਾਬ ਭਾਜਪਾ ਨੇ 2027 ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਬਦਲਾਅ ਕਰਦਿਆਂ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਬਣਾਇਆ ਹੈ। ਉਹ ਪੰਜਾਬ ਬੀਜੇਪੀ ਦੇ ਪ੍ਰਧਾਨ ਵਜੋਂ ਸੁਨੀਲ ਜਾਖੜ ਦੀ ਥਾਂ ਲੈਣਗੇ।

ਅਗਾਮੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਇੱਕ ਸਿੱਖ ਚਿਹਰੇ ਦੀ ਤਲਾਸ਼ ਵਿੱਚ ਸੀ। ਸੂਤਰਾਂ ਮੁਤਾਬਕ ਇਸ ਲਈ ਰਵਨੀਤ ਬਿੱਟੂ, ਮਨਪ੍ਰੀਤ ਬਾਦਲ ਸਣੇ ਕਈ ਨਾਵਾਂ 'ਤੇ ਚਰਚਾ ਹੋ ਰਹੀ ਸੀ।

ਅਖੀਰ ਅੱਜ ਯਾਨੀ 28 ਮਈ ਨੂੰ ਕੇਵਲ ਸਿੰਘ ਢਿੱਲੋਂ ਦੇ ਨਾਮ ਦਾ ਐਲਾਨ ਕਰਕੇ ਪਾਰਟੀ ਨੇ ਲੱਗ ਰਹੀਆਂ ਅਟਕਲਾਂ 'ਤੇ ਵਿਰਾਮ ਲਗਾ ਦਿੱਤਾ।

ਪ੍ਰਧਾਨ ਬਣਦਿਆਂ ਹੀ ਕਿਸਾਨਾਂ ਲਈ ਵਾਅਦਾ

ਕੇਵਲ ਸਿੰਘ ਢਿੱਲੋਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, "ਪਾਰਟੀ ਨੇ ਜੋ ਜ਼ਿੰਮੇਵਾਰੀ ਦਿੱਤੀ ਤਨਦੇਹੀ ਨਾਲ ਨਿਭਾਵਾਂਗੇ। ਪੰਜਾਬ ਵਿੱਚ ਅੱਜ ਗੁੰਡਾ ਰਾਜ ਹੈ। ਅੱਜ ਤੱਕ ਜੋ ਵਾਅਦੇ ਕੀਤੇ ਗਏ, ਪੂਰੇ ਨਹੀਂ ਹੋਏ। ਪੰਜਾਬ ਥੱਕਿਆ ਜ਼ਰੂਰ ਹੈ, ਪਰ ਟੁੱਟਿਆ ਨਹੀਂ। "

ਢਿੱਲੋਂ ਨੇ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਦੇਸ਼ ਨੂੰ ਵਿਕਸਿਤ ਦੇਸ਼ ਬਣਾ ਰਹੀ ਹੈ, ਉਸੇ ਤਰ੍ਹਾਂ ਪੰਜਾਬ ਦਾ ਵਿਕਾਸ ਕਰਦਿਆਂ ਪੰਜਾਬ ਨੂੰ ਨੰਬਰ ਇੱਕ ਸੂਬਾ ਬਣਾਇਆ ਜਾਵੇਗਾ।

ਉਨ੍ਹਾਂ ਕਿਹਾ, "2027 ਵਿੱਚ ਕਮਲ ਦਾ ਫੁੱਲ ਖਿੜੇਗਾ ਅਤੇ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਏਗੀ।"

ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ," ਪੰਜਾਬ ਨੂੰ ਨੰਬਰ ਇੱਕ ਸੂਬਾ ਬਣਾਉਣ ਲਈ ਭਾਜਪਾ ਨੂੰ ਨੌਜਵਾਨਾਂ, ਕਿਸਾਨਾਂ ਲਈ ਜੋ ਵੀ ਕਰਨਾ ਪਿਆ ਕਰੇਗੀ। ਅਸੀਂ ਮਹਾਰਾਜ ਰਣਜੀਤ ਸਿੰਘ ਜਿਹਾ ਰਾਜ ਲਿਆਉਣਾ ਚਾਹੁੰਦੇ ਹਾਂ। "

ਕਿਸਾਨਾਂ ਲਈ ਵੱਡਾ ਵਾਅਦਾ ਕਰਦਿਆਂ ਕੇਵਲ ਢਿੱਲੋਂ ਨੇ ਕਿਹਾ ਕਿ ਬੀਜੇਪੀ ਦੀ ਸਰਕਾਰ ਬਣਨ 'ਤੇ ਹਰਿਆਣਾ ਦੀ ਤਰ੍ਹਾਂ ਪੰਜਾਬ ਵਿੱਚ ਵੀ ਸਾਰੀਆਂ ਫਸਲਾਂ 'ਤੇ ਐੱਮਐੱਸਪੀ ਦਿੱਤੀ ਜਾਏਗੀ। ਝੋਨੇ ਦੇ ਬਦਲ ਵਜੋਂ ਹੋਰ ਫਸਲਾਂ ਨੂੰ ਉਤਸ਼ਾਹਿਤ ਕਰਨ ਲਈ ਜੋ ਲੋੜੀਂਦੇ ਕਦਮ ਹੋਣਗੇ, ਉਹ ਚੁੱਕੇ ਜਾਣਗੇ।

ਢਿੱਲੋਂ ਨੇ ਕਿਹਾ ਕਿ ਭਾਜਪਾ ਅਤੇ ਨਰਿੰਦਰ ਮੋਦੀ ਪੰਜਾਬ ਨੂੰ ਪਿਆਰ ਕਰਦੇ ਹਨ ਇਸੇ ਲਈ ਕਰਤਾਰਪੁਰ ਲਾਂਘਾ ਖੋਲ੍ਹਿਆ। ਤਿੰਨ ਖੇਤੀ ਬਿੱਲ ਪਾਸ ਹੋਣ ਦੇ ਬਾਵਜੂਦ ਕਿਸਾਨਾਂ ਦੇ ਅੰਦੋਲਨ ਮਗਰੋਂ ਪ੍ਰਧਾਨ ਮੰਤਰੀ ਨੇ ਵਾਪਸ ਲਏ।

ਕੇਵਲ ਸਿੰਘ ਢਿੱਲੋਂ
ਤਸਵੀਰ ਕੈਪਸ਼ਨ, ਕੇਵਲ ਸਿੰਘ ਢਿੱਲੋਂ ਦਾ ਪਰਿਵਾਰ ਕਰੀਬ 5 ਦਹਾਕੇ ਪਹਿਲਾਂ ਪਿੰਡ ਟੱਲੇਵਾਲ ਤੋਂ ਆ ਕੇ ਬਰਨਾਲਾ ਵਿਖੇ ਰਹਿਣ ਲੱਗਾ ਸੀ

ਕੌਣ ਹਨ ਕੇਵਲ ਸਿੰਘ ਢਿੱਲੋਂ ?

ਕੇਵਲ ਸਿੰਘ ਢਿੱਲੋਂ ਨੂੰ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਅਤੇ ਚੰਗੀ ਬੋਲ-ਬਾਣੀ ਵਾਲੇ ਨੇਤਾ ਵਜੋਂ ਜਾਣਿਆ ਜਾਂਦਾ ਹੈ।

ਬਰਨਾਲਾ ਤੋਂ ਬੀਬੀਸੀ ਸਹਿਯੋਗੀ ਨਵਕਿਰਨ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਕੇਵਲ ਸਿੰਘ ਢਿੱਲੋਂ ਦਾ ਜਨਮ ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਵਿਖੇ 16 ਮਈ 1950 ਨੂੰ ਹੋਇਆ। ਉਨ੍ਹਾਂ ਨੇ ਆਪਣੀ ਪੜ੍ਹਾਈ ਬਰਨਾਲਾ ਤੋਂ ਕੀਤੀ।

ਇਨ੍ਹਾਂ ਦਾ ਪਰਿਵਾਰ ਕਰੀਬ 5 ਦਹਾਕੇ ਪਹਿਲਾਂ ਪਿੰਡ ਟੱਲੇਵਾਲ ਤੋਂ ਆ ਕੇ ਬਰਨਾਲਾ ਵਿਖੇ ਰਹਿਣ ਲੱਗਾ ਸੀ।

ਕੇਵਲ ਸਿੰਘ ਢਿੱਲੋਂ ਦੇ ਪਿਤਾ ਸਰਦਾਰ ਸੱਜਣ ਸਿੰਘ ਇੱਕ ਕਿਸਾਨ ਸਨ ਜੋ ਪਹਿਲਾਂ ਪਿੰਡ ਟੱਲੇਵਾਲ ਅਤੇ ਬਾਅਦ ਵਿੱਚ ਬਰਨਾਲਾ ਵਿਖੇ ਖੇਤੀਬਾੜੀ ਕਰਦੇ ਸਨ। ਇਨ੍ਹਾਂ ਦੇ ਪਰਿਵਾਰ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਸੀ ਪਰ ਕੇਵਲ ਸਿੰਘ ਢਿੱਲੋਂ ਨੇ ਚੰਡੀਗੜ੍ਹ ਵਿਖੇ ਜਾ ਕੇ ਬਿਜ਼ਨਸ ਸ਼ੁਰੂ ਕੀਤਾ ਤਾਂ ਅੱਜ ਉਹ ਪੰਜਾਬ ਦੇ ਚੋਟੀ ਦੇ ਕਾਰੋਬਾਰੀਆਂ ਵਿੱਚ ਸ਼ੁਮਾਰ ਹਨ।

ਕੇਵਲ ਸਿੰਘ ਢਿੱਲੋਂ ਦੇ ਇੱਕ ਭਰਾ ਸੁਖਦੇਵ ਸਿੰਘ ਦੀ ਮੌਤ ਹੋ ਚੁੱਕੀ ਹੈ ਜਦਕਿ ਦੂਜਾ ਭਰਾ ਬਲਦੇਵ ਸਿੰਘ ਵਿਦੇਸ਼ ਵਿੱਚ ਰਹਿੰਦਾ ਹੈ। ਬਰਨਾਲਾ ਦੇ ਆਈ.ਟੀ.ਆਈ. ਚੌਂਕ ਨੇੜੇ ਇੱਕ ਆਲੀਸ਼ਾਨ ਕੋਠੀ ਹੈ ਜਿੱਥੇ ਇਹ ਅਕਸਰ ਆਉਂਦੇ ਜਾਂਦੇ ਰਹਿੰਦੇ ਹਨ ਪਰ ਇਨ੍ਹਾਂ ਦੀ ਰਿਹਾਇਸ਼ ਮੁੱਖ ਤੌਰ 'ਤੇ ਚੰਡੀਗੜ੍ਹ ਵਿਚ ਹੈ।

ਕੇਵਲ ਸਿੰਘ ਢਿੱਲੋਂ "ਢਿੱਲੋਂ ਗਰੁੱਪ" ਦੇ ਮੁਖੀ ਹਨ, ਜਿਸ ਦਾ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਵੱਡਾ ਕਾਰੋਬਾਰ ਹੈ।

ਕੇਵਲ ਸਿੰਘ ਢਿੱਲੋਂ

ਸ਼ੁਰੂਆਤੀ ਜੀਵਨ

ਕੇਵਲ ਸਿੰਘ ਢਿੱਲੋਂ ਐੱਸਡੀ ਕਾਲਜ ਬਰਨਾਲਾ ਤੋਂ ਬੀਏ ਕਰਨ ਮਗਰੋਂ ਮਹਿਜ਼ 19 ਸਾਲ ਦੀ ਉਮਰ ਵਿੱਚ ਉਹ ਅਮਰੀਕਾ ਚਲੇ ਗਏ ਅਤੇ 1979 ਵਿੱਚ ਪਰਤੇ।

ਪਰਿਵਾਰ ਮੁਤਾਬਕ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਐੱਸਡੀ ਕਾਲਜ ਬਰਨਾਲਾ ਨੂੰ ਵਿੱਤੀ ਸੰਕਟ ਤੋਂ ਬਚਾਉਣ ਅਤੇ ਨਵਾਂ ਡੀ.ਫਾਰਮੈਸੀ ਪ੍ਰੋਗਰਾਮ ਸ਼ੁਰੂ ਕਰਨ ਲਈ ਵੀ ਉਨ੍ਹਾਂ ਨੇ ਕੰਮ ਕੀਤਾ।

ਪਰਿਵਾਰ ਮੁਤਾਬਕ ਉਨ੍ਹਾਂ ਨੇ ਪੇਂਡੂ ਕੁੜੀਆਂ ਲਈ ਟੱਲੇਵਾਲ ਵਿੱਚ ਇੱਕ ਬੀਐੱਡ ਕਾਲਜ ਸਥਾਪਤ ਕਰਨ ਵਿੱਚ ਵੀ ਮਦਦ ਕੀਤੀ।

ਸਿਆਸੀ ਜੀਵਨ

ਢਿੱਲੋਂ ਦੇ ਸਿਆਸੀ ਸਫਰ ਦੀ ਸ਼ੁਰੂਆਤ 1989 ਵਿੱਚ ਹੋਈ ਜਦੋਂ ਉਨ੍ਹਾਂ ਨੰ ਸੰਗਰੂਰ ਲੋਕ ਸਭਾ ਸੀਟ ਲਈ ਕਾਂਗਰਸ ਦੀ ਟਿਕਟ ਦੀ ਪੇਸ਼ਕਸ਼ ਹੋਈ।

2001 ਵਿੱਚ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

ਉਨ੍ਹਾਂ ਨੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਸਮੇਂ ਕੈਪਟਨ ਅਮਰਿੰਦਰ ਸਿੰਘ ਤੋਂ ਸਭ ਤੋਂ ਪਹਿਲਾਂ ਕੰਮ ਬਰਨਾਲਾ ਨੂੰ ਜ਼ਿਲ੍ਹਾ ਬਣਾਉਣ ਦਾ ਕਰਵਾਇਆ। ਪਹਿਲਾਂ ਬਰਨਾਲਾ ਜ਼ਿਲ੍ਹਾ ਸੰਗਰੂਰ ਦਾ ਹਿੱਸਾ ਸੀ।

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ 2006 ਵਿੱਚ ਬਰਨਾਲਾ ਨੂੰ ਜ਼ਿਲ੍ਹਾ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਨ ਕਾਰਨ ਹੀ ਕੇਵਲ ਸਿੰਘ ਢਿੱਲੋਂ 2007 ਵਿੱਚ ਬਰਨਾਲਾ ਤੋਂ ਵਿਧਾਨ ਸਭਾ ਚੋਣ ਜਿੱਤਣ ਵਿੱਚ ਸਫਲ ਰਹੇ।

ਉਹ 2007 ਤੋਂ 2017 ਤੱਕ ਬਰਨਾਲਾ ਤੋਂ ਵਿਧਾਇਕ ਰਹੇ ਹਨ। 2017 ਦੀ ਚੋਣ ਉਹ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਤੋਂ ਹਾਰ ਗਏ ਸਨ।

ਉਨ੍ਹਾਂ ਨੇ 2019 ਵਿੱਚ ਕਾਂਗਰਸ ਵੱਲੋਂ ਸੰਗਰੂਰ ਤੋਂ ਲੋਕ ਸਭਾ ਚੋਣ ਵੀ ਲੜੀ ਸੀ ਪਰ ਗੁਰਮੀਤ ਸਿੰਘ ਮੀਤ ਹੇਅਰ ਤੋਂ ਹਾਰ ਗਏ ਸਨ।

ਕੇਵਲ ਸਿੰਘ ਢਿੱਲੋਂ ਅਤੇ ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, Facebook/KewalSinghDhillon

ਤਸਵੀਰ ਕੈਪਸ਼ਨ, ਕੇਵਲ ਸਿੰਘ ਢਿੱਲੋਂ, ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ।

ਬੀਬੀਸੀ ਸਹਿਯੋਗੀ ਨਵਕਿਰਨ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ 2022 ਵਿੱਚ ਕਾਂਗਰਸ ਹਾਈ ਕਮਾਨ ਨੇ ਕੇਵਲ ਸਿੰਘ ਢਿੱਲੋਂ ਦੀ ਬਰਨਾਲਾ ਤੋਂ ਟਿਕਟ ਕੱਟ ਕੇ ਸੀਨੀਅਰ ਕਾਂਗਰਸ ਆਗੂ ਪਵਨ ਕੁਮਾਰ ਬਾਂਸਲ ਦੇ ਪੁੱਤਰ ਮਨੀਸ਼ ਬਾਂਸਲ ਨੂੰ ਟਿਕਟ ਦੇ ਦਿੱਤੀ ਸੀ।

2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਟਿਕਟ ਨਾ ਮਿਲਣ ਕਾਰਨ ਉਨ੍ਹਾਂ ਦੀਆਂ ਕਾਂਗਰਸ ਨਾਲ ਦੂਰੀਆਂ ਵਧਦੀਆਂ ਗਈਆਂ ਅਤੇ ਆਖਿਰ ਜੂਨ 2022 ਵਿੱਚ ਉਹ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋ ਗਏ।

ਸੰਗਰੂਰ ਤੋਂ 2022 ਦੀ ਲੋਕ ਸਭਾ ਜ਼ਿਮਨੀ ਚੋਣ ਅਤੇ ਬਰਨਾਲਾ ਤੋਂ 2024 ਦੀ ਵਿਧਾਨ ਸਭਾ ਜ਼ਿਮਨੀ ਚੋਣ ਉਨ੍ਹਾਂ ਨੇ ਬੀਜੇਪੀ ਵੱਲੋਂ ਲੜੀ ਪਰ ਜਿੱਤ ਨਹੀਂ ਸਕੇ ਸੀ।

ਉਹ ਪੰਜਾਬ ਭਾਜਪਾ ਕੋਰ ਕਮੇਟੀ ਦੇ ਮੈਂਬਰ ਵੀ ਹਨ।

ਬਰਨਾਲਾ,ਸੰਗਰੂਰ,ਬਠਿੰਡਾ ਮਾਲਵੇ ਦੇ ਉਹ ਖੇਤਰ ਹਨ ਜਿੱਥੇ ਕਿਸਾਨ ਜਥੇਬੰਦੀਆਂ ਸਭ ਤੋਂ ਮਜ਼ਬੂਤ ਹਨ ਅਤੇ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਤੋਂ ਬਾਅਦ ਇਸ ਖੇਤਰ ਵਿੱਚ ਭਾਜਪਾ ਦੇ ਪੈਰ ਨਹੀਂ ਲੱਗੇ ਹਨ।

ਕੇਵਲ ਸਿੰਘ ਢਿੱਲੋਂ ਵੀ ਜੱਟ ਸਿੱਖ ਭਾਈਚਾਰੇ ਅਤੇ ਕਿਸਾਨ ਪਰਿਵਾਰ ਦੇ ਪਿਛੋਕੜ ਵਿੱਚੋਂ ਆਉਂਦੇ ਹਨ ਅਤੇ ਇਸੇ ਭਾਈਚਾਰੇ ਨੇ ਕਿਸਾਨ ਅੰਦੋਲਨ ਸਮੇਂ ਭਾਜਪਾ ਦਾ ਸਭ ਤੋਂ ਵੱਧ ਵਿਰੋਧ ਕੀਤਾ ਹੈ।

ਸ਼ਾਇਦ ਹੁਣ 2027 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਜੱਟ ਸਿੱਖ ਭਾਈਚਾਰੇ ਦਾ ਵਿਅਕਤੀ ਪ੍ਰਧਾਨ ਬਣਾ ਕੇ ਭਾਜਪਾ ਨੇ ਮਾਲਵਾ ਖੇਤਰ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦਾ ਰਾਹ ਅਪਣਾਇਆ ਹੈ।

ਢਿੱਲੋਂ ਨੂੰ ਪ੍ਰਧਾਨ ਬਣਾਏ ਜਾਣ 'ਤੇ ਸੁਨੀਲ ਜਾਖੜ ਨੇ ਕੀ ਕਿਹਾ?

ਕੇਵਲ ਸਿੰਘ ਢਿੱਲੋਂ, ਰਣਜੀਤ ਸਿੰਘ ਗਿੱਲ, ਸੁਨੀਲ ਜਾਖੜ ਅਤੇ ਹੋਰ ਨੇਤਾ

ਤਸਵੀਰ ਸਰੋਤ, Facebook/KewalSinghDhillon

ਤਸਵੀਰ ਕੈਪਸ਼ਨ, ਅਗਾਮੀ ਚੋਣਾਂ ਦੇ ਮੱਦੇਨਜ਼ਰ ਬੀਜੇਪੀ ਸਿੱਖ ਚਿਹਰੇ ਬਾਰੇ ਵਿਚਾਰ ਕਰ ਰਹੀ ਸੀ।(ਪੁਰਾਣੀ ਤਸਵੀਰ)

ਪਿਛਲੇ ਤਕਰੀਬਨ ਤਿੰਨ ਸਾਲ ਤੋਂ ਸੁਨੀਲ ਜਾਖੜ ਪੰਜਾਬ ਬੀਜੇਪੀ ਦੇ ਪ੍ਰਧਾਨ ਰਹੇ ਹਨ। ਹੁਣ ਕੇਵਲ ਸਿੰਘ ਢਿੱਲੋਂ ਨੂੰ ਜ਼ਿੰਮੇਵਾਰੀ ਮਿਲਣ 'ਤੇ ਉਨ੍ਹਾਂ ਨੇ ਐਕਸ 'ਤੇ ਪੋਸਟ ਸ਼ੇਅਰ ਕੀਤੀ।

ਪੋਸਟ ਵਿੱਚ ਜਾਖੜ ਨੇ ਬੀਜੇਪੀ ਵੱਲੋਂ ਹੁਣ ਤੱਕ ਉਨ੍ਹਾਂ 'ਤੇ ਜਤਾਏ ਗਏ ਵਿਸ਼ਵਾਸ ਲਈ ਧੰਨਵਾਦ ਕੀਤਾ ਅਤੇ ਕੇਵਲ ਢਿੱਲੋਂ ਲਈ ਆਪਣਾ ਸਹਿਯੋਗ ਜ਼ਾਹਿਰ ਕੀਤਾ।

ਜਾਖੜ ਨੇ ਇਹ ਵੀ ਕਿਹਾ ਕਿ ਉਨ੍ਹਾਂ ਲਈ ਪੰਜਾਬ, ਪੰਜਾਬ ਦੇ ਲੋਕਾਂ ਅਤੇ ਸੰਗਠਨ ਲਈ ਰਿਸ਼ਤਾ ਹਮੇਸ਼ਾ ਕਿਸੇ ਅਹੁਦੇ ਤੋਂ ਉੱਤੇ ਰਿਹਾ ਹੈ ਅਤੇ ਅੱਗੇ ਵੀ ਉਸੇ ਪਿਆਰ, ਵਚਨਬੱਧਤਾ ਅਤੇ ਸਮਰਪਣ ਨਾਲ ਜਾਰੀ ਰਹੇਗਾ।

ਸੁਨੀਲ ਜਾਖੜ ਨੇ ਲਿਖਿਆ, "ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਸੇਵਾ ਕਰਨਾ ਮੇਰੇ ਲਈ ਮਾਣ ਅਤੇ ਵੱਡੀ ਜ਼ਿੰਮੇਵਾਰੀ ਦਾ ਵਿਸ਼ਾ ਰਿਹਾ ਹੈ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਮੇਰੇ 'ਤੇ ਜਤਾਇਆ ਗਿਆ ਵਿਸ਼ਵਾਸ ਅਤੇ ਮਾਣਯੋਗ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਤੋਂ ਲਗਾਤਾਰ ਪ੍ਰਾਪਤ ਮਾਰਗ ਦਰਸ਼ਨ ਇਸ ਪੂਰੇ ਸਫਰ ਵਿੱਚ ਮੇਰੇ ਲਈ ਸ਼ਕਤੀ ਦਾ ਸਥਾਈ ਸਰੋਤ ਰਿਹਾ ਹੈ।"

ਉਨ੍ਹਾਂ ਅੱਗੇ ਇਹ ਵੀ ਲਿਖਿਆ, "ਹੁਣ ਇਹ ਜ਼ਿੰਮੇਵਾਰੀ ਕੇਵਲ ਢਿੱਲੋਂ ਜੀ ਨੂੰ ਸੌਂਪੀ ਜਾ ਰਹੀ ਹੈ ਤਾਂ ਮੇਰੇ ਵੱਲੋਂ ਉਨ੍ਹਾਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ ਅਤੇ ਪੂਰਾ ਸਹਿਯੋਗ ਰਹੇਗਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਸੰਗਠਨ ਹੋਰ ਜ਼ਿਆਦਾ ਮਜ਼ਬੂਤ ਹੋਵੇਗਾ ਅਤੇ ਪੰਜਾਬ ਦੀ ਸੇਵਾ ਹੋਰ ਜ਼ਿਆਦਾ ਸਮਰਪਣ ਨਾਲ ਅੱਗੇ ਵਧਾਏਗਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)