ਵੈਭਵ ਸੁਰਿਆਵੰਸ਼ੀ ਨੇ ਰਾਜਸਥਾਨ ਦੀ ਜਿੱਤ ਦੌਰਾਨ ਕਿਹੜੇ ਵੱਡੇ ਰਿਕਾਰਡ ਬਣਾਏ, ਸਚਿਨ ਨੇ ਦੱਸਿਆ ਆਖਿਰ ਵੈਭਵ ਇੰਨੇ ਛੱਕੇ ਕਿਵੇਂ ਮਾਰ ਲੈਂਦੇ ਹਨ

ਵੈਭਵ ਸੂਰਿਆਵੰਸ਼ੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਬੁੱਧਵਾਰ ਦੀ ਰਾਤ ਆਈਪੀਐਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੇ ਖ਼ਿਲਾਫ਼ ਸੂਰਿਆਵੰਸ਼ੀ ਨੇ ਰਿਕਾਰਡਾਂ ਦੀ ਝੜੀ ਲਗਾ ਦਿੱਤੀ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਕੁਝ ਸਾਲ ਪਹਿਲਾਂ ਤੱਕ ਭਾਰਤੀ ਕ੍ਰਿਕਟ ਵਿੱਚ ਬਿਹਾਰ ਦੀ ਚਰਚਾ ਨਾ ਦੇ ਬਰਾਬਰ ਹੁੰਦੀ ਸੀ। ਪਰ ਵੈਭਵ ਸੂਰਿਆਵੰਸ਼ੀ ਨੇ ਇਹ ਤਸਵੀਰ ਪੂਰੀ ਤਰ੍ਹਾਂ ਬਦਲ ਦਿੱਤੀ ਹੈ।

ਜੇ ਬਿਹਾਰੀਆਂ ਦੀ ਤਾਰੀਫ਼ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਇੱਕ ਬਿਹਾਰੀ ਸਭ 'ਤੇ ਭਾਰੀ, ਤਾਂ ਵੈਭਵ ਸੂਰਿਆਵੰਸ਼ੀ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਫਿੱਟ ਬੈਠਦੇ ਹਨ।

ਵੈਭਵ ਸੂਰਿਆਵੰਸ਼ੀ ਦੇ ਰੂਪ ਵਿੱਚ ਬਿਹਾਰ ਦੀ ਇੱਕ ਅਸਾਧਾਰਣ ਪ੍ਰਤਿਭਾ ਨਾ ਸਿਰਫ਼ ਦੇਸ਼ ਬਲਕਿ ਦੁਨੀਆ ਵਿੱਚ ਨਾਮ ਕਮਾ ਰਹੀ ਹੈ। ਵੈਭਵ ਨੂੰ ਦੇਖਕੇ ਹਰ ਕਿਸੇ ਨੂੰ ਕਿਸ਼ੋਰ ਅਵਸਥਾ ਵਾਲੇ ਸਚਿਨ ਤੇਂਦੁਲਕਰ ਯਾਦ ਆ ਰਹੇ ਹਨ।

ਹੈਰਾਨੀ ਦੀ ਗੱਲ ਹੈ ਕਿ ਵੈਭਵ ਦੇ ਆਦਰਸ਼ ਤੇਂਦੁਲਕਰ ਜਾਂ ਧੋਨੀ ਨਹੀਂ ਸਗੋਂ ਬ੍ਰਾਇਨ ਲਾਰਾ ਰਹੇ ਹਨ, ਜੋ ਵੈਭਵ ਦੇ ਜਨਮ ਤੋਂ ਪਹਿਲਾਂ ਹੀ ਰਿਟਾਇਰ ਹੋ ਚੁੱਕੇ ਸਨ।

ਬੀਬੀਸੀ ਹਿੰਦੀ ਲਈ ਵਿਮਲ ਕੁਮਾਰ ਦੀ ਰਿਪੋਰਟ ਮੁਤਾਬਕ ਬੁੱਧਵਾਰ ਦੀ ਰਾਤ ਆਈਪੀਐਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੇ ਖ਼ਿਲਾਫ਼ ਸੂਰਿਆਵੰਸ਼ੀ ਨੇ ਰਿਕਾਰਡਾਂ ਦੀ ਝੜੀ ਲਗਾ ਦਿੱਤੀ। ਪਰ ਇਸ ਵਿੱਚ ਵੀ ਇੱਕ ਖ਼ਾਸ ਰਿਕਾਰਡ ਇਹ ਰਿਹਾ ਕਿ ਉਨ੍ਹਾਂ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਤੱਕ ਟਿਕੇ ਕ੍ਰਿਸ ਗੇਲ ਦੇ ਆਈਪੀਐੱਲ ਦੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ 59 ਛੱਕਿਆਂ ਦੇ ਰਿਕਾਰਡ ਨੂੰ ਤੋੜ ਦਿੱਤਾ।

ਸੂਰਿਆਵੰਸ਼ੀ ਦੀ 97 ਦੌੜਾਂ ਦੀ ਤੂਫ਼ਾਨੀ ਪਾਰੀ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ ਤੈਅ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 243 ਦੌੜਾਂ ਬਣਾਈਆਂ, ਜਵਾਬ ਵਿੱਚ ਦਿੱਗਜ ਬੱਲੇਬਾਜ਼ਾਂ ਨਾਲ ਸਜੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ 19.2 ਓਵਰਾਂ ਵਿੱਚ 196 ਦੌੜਾਂ 'ਤੇ ਆਲ ਆਊਟ ਹੋ ਗਈ।

ਇਸ ਤਰ੍ਹਾਂ ਰਾਜਸਥਾਨ ਰਾਇਲਜ਼ ਨੇ ਹੈਦਰਾਬਾਦ 'ਤੇ 47 ਦੌੜਾਂ ਨਾਲ ਜਿੱਤ ਦਰਜ ਕੀਤੀ।

ਵੈਭਵ ਸੂਰਿਆਵੰਸ਼ੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਵੈਭਵ ਦੀ ਖੇਡ ਦੇ ਵੱਡੇ-ਵੱਡੇ ਦਿੱਗਜ ਕਾਇਲ ਹੋ ਰਹੇ ਹਨ। ਕੋਈ ਉਨ੍ਹਾਂ ਨੂੰ ਰਿਕਾਰਡ ਬ੍ਰੇਕਰ ਕਹਿ ਰਿਹਾ ਹੈ ਤੇ ਕੋਈ ਉਨ੍ਹਾਂ ਨੂੰ ਕਰਿਸ਼ਮਾਈ ਦੱਸ ਰਿਹਾ ਹੈ

ਸੂਰਿਆਵੰਸ਼ੀ ਭਾਵੇਂ ਤਿੰਨ ਦੌੜਾਂ ਕਾਰਨ ਮੈਚ ਵਿੱਚ ਆਈਪੀਐਲ ਦੇ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਬਣਾਉਣ ਤੋਂ ਖੁੰਝ ਗਏ, ਪਰ 680 ਦੌੜਾਂ ਨਾਲ ਔਰੈਂਜ ਕੈਪ ਅਜੇ ਵੀ ਉਨ੍ਹਾਂ ਦੇ ਨਾਮ ਹੀ ਹੈ ਅਤੇ ਉਹ ਵੀ ਲਗਭਗ 250 ਦੀ ਸਟ੍ਰਾਈਕ ਰੇਟ ਨਾਲ।

ਆਈਪੀਐਲ ਪਲੇਆਫ਼ ਮੈਚਾਂ ਵਿੱਚ ਉਨ੍ਹਾਂ ਤੋਂ ਤੇਜ਼ ਅਰਧ-ਸੈਂਕੜਾ (16 ਗੇਂਦਾਂ) ਕਿਸੇ ਹੋਰ ਨੇ ਨਹੀਂ ਲਗਾਇਆ ਹੈ। ਇੰਨਾ ਹੀ ਨਹੀਂ, ਇੱਕ ਮੈਚ ਵਿੱਚ 10 ਤੋਂ ਵੱਧ ਛੱਕੇ ਜੜਨ ਦਾ ਕਮਾਲ ਉਹ 1-2 ਵਾਰ ਨਹੀਂ ਬਲਕਿ ਹੁਣ ਤੱਕ ਚਾਰ ਵਾਰ ਕਰ ਚੁੱਕੇ ਹਨ।

ਅਜਿਹੇ ਵਿੱਚ ਹੁਣ ਭਾਰਤੀ ਚੋਣਕਰਤਾਵਾਂ ਦੇ ਸਾਹਮਣੇ ਇੱਕ ਸਿੱਧਾ ਸਵਾਲ ਅਤੇ ਮੁਸ਼ਕਲ ਚੁਣੌਤੀ ਇਹ ਹੈ ਕਿ ਹੁਣ ਕਿਸ ਤਰਕ ਦੇ ਜ਼ਰੀਏ ਆਇਰਲੈਂਡ ਦੌਰੇ ਲਈ ਉਨ੍ਹਾਂ ਨੂੰ ਨਹੀਂ ਚੁਣਿਆ ਜਾਵੇਗਾ।

ਰਵਿਚੰਦਰਨ ਅਸ਼ਵਿਨ ਵਰਗੇ ਦਿੱਗਜ ਨੇ ਮੈਨੂੰ ਆਈਪੀਐਲ ਦੀ ਸ਼ੁਰੂਆਤ ਵਿੱਚ ਇਹ ਕਿਹਾ ਸੀ ਕਿ ਭਾਵਨਾ ਵਿੱਚ ਵਹਿਣ ਦੀ ਲੋੜ ਨਹੀਂ ਹੈ ਅਤੇ ਵੈਭਵ ਨੂੰ ਇੱਕ ਸੀਜ਼ਨ ਫਰਸਟ ਕਲਾਸ ਕ੍ਰਿਕਟ ਖੇਡਣੀ ਪਵੇਗੀ। ਸਭ ਨੂੰ ਸਬਰ ਰੱਖਣਾ ਪਵੇਗਾ। ਆਈਪੀਐਲ ਦੇ ਵਿਚਕਾਰ ਹੀ ਅਸ਼ਵਿਨ ਨੇ ਆਪਣੀ ਰਾਇ ਬਦਲੀ ਅਤੇ ਇਹ ਕਿਹਾ ਕਿ ਇਹ ਮੁੰਡਾ ਨਿਸ਼ਚਿਤ ਤੌਰ 'ਤੇ ਟੀ20 ਟੀਮ ਵਿੱਚ ਜਗ੍ਹਾ ਪਾਉਣ ਦੇ ਯੋਗ ਹੈ।

ਹੈਦਰਾਬਾਦ ਦੇ ਖ਼ਿਲਾਫ਼ ਸ਼ਾਨਦਾਰ ਪਾਰੀ ਤੋਂ ਬਾਅਦ ਅਸ਼ਵਿਨ ਨੇ ਕਿਹਾ ਕਿ ਸਿਰਫ਼ ਇੱਕ ਹੀ ਫਾਰਮੈਟ ਦੀ ਚੋਣ ਬਾਰੇ ਅਸੀਂ ਲੋਕ ਕਿਉਂ ਗੱਲਾਂ ਕਰ ਰਹੇ ਹਾਂ?

ਆਲੋਚਕ ਵੀ ਮੁਰੀਦ

ਵੈਭਵ ਦੀ ਮੌਜੂਦਾ ਕਾਮਯਾਬੀ ਦੇ ਜੋਸ਼ ਵਿੱਚ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੁਝ ਮਹੀਨੇ ਪਹਿਲਾਂ ਤੱਕ ਅਕਸਰ ਆਲੋਚਕ ਉਨ੍ਹਾਂ ਦੀ ਉਮਰ ਨੂੰ ਲੈ ਕੇ ਸਵਾਲ ਉਠਾਉਂਦੇ ਸਨ।

ਪਰ ਹੁਣ ਵੀ ਹਰ ਮੈਚ ਤੋਂ ਬਾਅਦ ਜੇ ਉਨ੍ਹਾਂ ਦੀਆਂ ਗੱਲਾਂ ਸੁਣੋ ਅਤੇ ਉਨ੍ਹਾਂ ਦੇ ਵਿਵਹਾਰ ਨੂੰ ਦੇਖੋ ਤਾਂ ਤੁਹਾਨੂੰ ਕਿਸੇ ਗੱਲ ਤੋਂ ਇਹੀ ਲੱਗੇਗਾ ਕਿ ਯਾਰ ਇਹ ਤਾਂ ਵਾਕਈ ਵਿੱਚ 15 ਸਾਲ ਦਾ ਹੀ ਬੱਚਾ ਹੈ।

ਪਰ ਇਹ ਬੱਚਾ ਬੱਲਾ ਹੱਥ ਵਿੱਚ ਲੈਂਦੇ ਹੀ 29 ਗੇਂਦਾਂ 'ਤੇ 12 ਛੱਕੇ ਲਗਾਉਂਦਾ ਹੈ! ਵੈਭਵ ਦੀਆਂ ਗੱਲਾਂ ਵਿੱਚ ਉਹੀ ਮਾਸੂਮੀਅਤ ਹੈ ਜੋ ਕਦੇ ਤੇਂਦੁਲਕਰ ਦੇ ਸ਼ੁਰੂਆਤੀ ਦੌਰ ਵਿੱਚ ਨਜ਼ਰ ਆਉਂਦੀ ਸੀ।

ਜਿਸ ਤਰ੍ਹਾਂ ਦੀ ਪਰਿਪੱਕਤਾ ਸਚਿਨ ਨੇ ਤੇਜ਼ੀ ਨਾਲ ਪਹਿਲਾਂ ਟੈਸਟ ਕ੍ਰਿਕਟ ਅਤੇ ਫਿਰ ਵਨ-ਡੇ ਕ੍ਰਿਕਟ ਵਿੱਚ ਦਿਖਾਈ, ਵੈਭਵ ਇਸ ਦੌਰ ਵਿੱਚ ਆਈਪੀਐਲ ਅਤੇ ਅੰਡਰ 19 ਵਰਲਡ ਕੱਪ ਵਿੱਚ ਅਜਿਹਾ ਕਰ ਰਹੇ ਹਨ।

ਫਰਕ ਸਿਰਫ਼ ਇੰਨਾ ਹੈ ਕਿ ਤੇਂਦੁਲਕਰ ਮੁੰਬਈ ਘਰਾਣੇ ਤੋਂ ਆਉਂਦੇ ਸਨ, ਜਿੱਥੇ ਉਨ੍ਹਾਂ ਨੂੰ ਗਾਵਸਕਰ-ਵੇਂਗਸਰਕਰ ਅਤੇ ਨਾ ਜਾਣੇ ਕਿੰਨੇ ਦਿੱਗਜ ਆਦਰਸ਼ ਅਤੇ ਮਾਰਗਦਰਸ਼ਕਾਂ ਦਾ ਸਾਥ ਮਿਲਿਆ, ਜਦਕਿ ਵੈਭਵ ਬਿਹਾਰ ਦੇ ਇੱਕ ਛੋਟੇ ਜਿਹੇ ਪਿੰਡ ਤਾਜਪੁਰ (ਸਮਸਤੀਪੁਰ) ਤੋਂ ਆਉਂਦੇ ਹਨ, ਜਿੱਥੋਂ ਜ਼ਿਲ੍ਹਾ ਪੱਧਰ ਦੀ ਕ੍ਰਿਕਟ ਖੇਡਣ ਵਾਲੇ ਰੋਲ ਮਾਡਲ ਵੀ ਉਨ੍ਹਾਂ ਕੋਲ ਨਹੀਂ ਸਨ।

ਵੱਡੇ-ਵੱਡੇ ਦਿੱਗਜ ਹੋਏ ਕਾਇਲ

ਇਰਫ਼ਾਨ ਪਠਾਣ ਦੀ ਪੋਸਟ

ਤਸਵੀਰ ਸਰੋਤ, @IrfanPathan

ਵੈਭਵ ਦੀ ਖੇਡ ਦੇ ਵੱਡੇ-ਵੱਡੇ ਦਿੱਗਜ ਕਾਇਲ ਹੋ ਰਹੇ ਹਨ। ਕੋਈ ਉਨ੍ਹਾਂ ਨੂੰ ਰਿਕਾਰਡ ਬ੍ਰੇਕਰ ਕਹਿ ਰਿਹਾ ਹੈ ਤੇ ਕੋਈ ਉਨ੍ਹਾਂ ਨੂੰ ਕਰਿਸ਼ਮਾਈ ਦੱਸ ਰਿਹਾ ਹੈ।

ਇੱਥੋਂ ਤੱਕ ਕਿ ਕ੍ਰਿਸ ਗੇਲ ਖੁਦ, ਜਿਨ੍ਹਾਂ ਦਾ ਰਿਕਾਰਡ ਵੈਭਵ ਨੇ ਤੋੜਿਆ ਹੈ, ਉਨ੍ਹਾਂ ਦੀ ਪ੍ਰਸ਼ੰਸਾ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੇ। ਆਪਣੀ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਉਨ੍ਹਾਂ ਲਿਖਿਆ, ''ਸ਼ਾਨਦਾਰ, ਵੈਭਵ ਸੂਰਿਆਵੰਸੀ, ਆਈਪੀਐਲ ਟੀ20 ਵਿੱਚ ਛੱਕੇ ਜੜਨ ਦੀ ਨਵੀਂ ਮਸ਼ੀਨ।''

ਭਾਰਤ ਦੇ ਸਾਬਕਾ ਗੇਂਦਬਾਜ਼ ਇਰਫਾਨ ਪਠਾਨ ਨੇ ਵੀ ਇੱਕ-ਦੋ ਨਹੀਂ ਬਲਕਿ 3 ਪੋਸਟਾਂ ਵਿੱਚ ਵੈਭਵ ਦੀ ਪ੍ਰਸ਼ੰਸਾ ਕੀਤੀ।

ਆਪਣੀ ਐਕਸ ਪੋਸਟ ਵਿੱਚ ਉਨ੍ਹਾਂ ਲਿਖਿਆ, ''ਯਕੀਨ ਨਹੀਂ ਹੋ ਰਿਹਾ ਕਿ ਕੋਈ ਸਿਰਫ਼ 15 ਸਾਲ ਦੀ ਉਮਰ ਵਿੱਚ ਇੱਕ ਆਈਪੀਐਲ ਸੀਜ਼ਨ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਬੱਲੇਬਾਜ਼ ਬਣ ਗਿਆ ਹੈ। ਕੁਝ ਅਜਿਹਾ, ਜੋ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ। ਵੈਭਵ ਸੂਰਿਆਵੰਸ਼ੀ ਬਿਲਕੁਲ ਜਾਦੂਈ ਹੈ।

ਇੱਕ ਹੋਰ ਪੋਸਟ ਵਿੱਚ ਉਨ੍ਹਾਂ ਰਾਜਸਥਾਨ ਰਾਇਲਜ਼ ਨੂੰ ਵਧਾਈ ਦਿੰਦਿਆਂ ਲਿਖਿਆ, ''ਵੈਭਵ ਸੂਰਿਆਵੰਸ਼ੀ ਨੂੰ ਕਦੇ ਨਾ ਜਾਣ ਦੇਣਾ'।

ਸਚਿਨ ਨੇ ਦੱਸਿਆ ਇੰਨੇ ਛੱਕੇ ਕਿਵੇਂ ਮਾਰਦੇ ਹਨ ਵੈਭਵ

ਸਚਿਨ ਤੇਂਦੁਲਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਚਿਨ ਤੇਂਦੁਲਕਰ ਨੇ ਹੈਦਰਾਬਾਦ ਦੇ ਖ਼ਿਲਾਫ਼ ਸਿਰਫ਼ 29 ਗੇਂਦਾਂ 'ਤੇ 97 ਦੌੜਾਂ ਬਣਾਉਣ ਵਾਲੇ ਵੈਭਵ ਸੂਰਿਆਵੰਸ਼ੀ ਦੀ ਬੱਲੇਬਾਜ਼ੀ ਦੀ ਪ੍ਰਸ਼ੰਸਾ ਕੀਤੀ ਹੈ

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਆਈਪੀਐਲ 2026 ਦੇ ਐਲੀਮੀਨੇਟਰ ਮੁਕਾਬਲੇ ਵਿੱਚ ਹੈਦਰਾਬਾਦ ਦੇ ਖ਼ਿਲਾਫ਼ ਸਿਰਫ਼ 29 ਗੇਂਦਾਂ 'ਤੇ 97 ਦੌੜਾਂ ਬਣਾਉਣ ਵਾਲੇ ਵੈਭਵ ਸੂਰਿਆਵੰਸ਼ੀ ਦੀ ਬੱਲੇਬਾਜ਼ੀ ਦੀ ਪ੍ਰਸ਼ੰਸਾ ਕੀਤੀ ਹੈ।

ਸਚਿਨ ਨੇ ਉਨ੍ਹਾਂ ਦੀ ਬੱਲੇਬਾਜ਼ੀ ਦੀ ਪ੍ਰਸ਼ੰਸਾ ਕਰਦਿਆਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, ''ਵੈਭਵ ਦਾ ਬੈਟ ਸਵਿੰਗ (ਬੱਲਾ ਘੁਮਾਉਣ ਦੀ ਤਕਨੀਕ) ਸ਼ਾਨਦਾਰ ਹੈ। ਨਾਲ ਹੀ ਉਹ ਪੈਰਾਂ ਵੱਲ ਆਉਣ ਵਾਲੀਆਂ ਗੇਂਦਾਂ 'ਤੇ ਆਪਣਾ ਅਗਲਾ ਪੈਰ ਚੰਗੀ ਤਰ੍ਹਾਂ ਹਟਾ ਲੈਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਖੁੱਲ੍ਹ ਕੇ ਸ਼ਾਟ ਖੇਡਣ ਅਤੇ ਆਸਾਨੀ ਨਾਲ ਛੱਕੇ ਲਗਾਉਣ ਦੀ ਆਜ਼ਾਦੀ ਮਿਲਦੀ ਹੈ।''

ਉਹ ਟੀ20 ਬੱਲੇਬਾਜ਼ੀ ਦਾ ਏਆਈ ਵਰਜ਼ਨ ਹਨ - ਆਕਾਸ਼ ਚੋਪੜਾ

ਸਾਬਕਾ ਕ੍ਰਿਕਟਰ ਅਤੇ ਕਮੈਂਟੇਟਰ ਆਕਾਸ਼ ਚੋਪੜਾ ਨੇ ਲਿਖਿਆ, “ਵੈਭਵ ਸੂਰਿਆਵੰਸ਼ੀ ਅਗਲੇ ਕੁਝ ਸਾਲਾਂ ਵਿੱਚ ਆਈਪੀਐਲ ਦੇ ਇੱਕ ਹੀ ਸੀਜ਼ਨ ਵਿੱਚ 100 ਛੱਕੇ ਲਗਾਉਣਗੇ। ਉਹ ਅਜਿਹੇ ਮਾਪਦੰਡ ਤੈਅ ਕਰਨਗੇ ਜਿਨ੍ਹਾਂ ਨੂੰ ਸਾਡੀ ਮੌਜੂਦਾ ਰਵਾਇਤੀ ਸੋਚ ਸਮਝ ਵੀ ਨਹੀਂ ਪਾ ਰਹੀ ਹੈ। ਉਹ ਟੀ20 ਬੱਲੇਬਾਜ਼ੀ ਦਾ ਏਆਈ ਵਰਜ਼ਨ ਹਨ। ਸਾਨੂੰ ਸੱਚਮੁੱਚ ਕੋਈ ਅੰਦਾਜ਼ਾ ਨਹੀਂ ਹੈ ਕਿ ਉਨ੍ਹਾਂ ਦੀ ਸਮਰੱਥਾ ਦੀ ਕੋਈ ਹੱਦ ਹੈ ਵੀ ਜਾਂ ਨਹੀਂ।

ਇੱਕ ਹੋਰ ਵੀਡੀਓ ਵਿੱਚ ਉਨ੍ਹਾਂ ਕਿਹਾ, ''ਵੈਭਵ ਦੀ ਪ੍ਰਸ਼ੰਸਾ ਲਈ ਤਾਂ ਸ਼ਬਦ ਹੀ ਮੁੱਕ ਜਾਂਦੇ ਹਨ। ਇਹ ਮੁੰਡਾ ਅਸਲ 'ਚ ਬੱਲੇਬਾਜ਼ੀ ਦਾ ਏਆਈ ਮਾਡਲ ਹੈ। ਇਹ ਮਸ਼ੀਨ ਲਰਨਿੰਗ ਹੈ। ਇਹ ਉਹ ਹੈ ਜਿਸ ਨੂੰ ਤੁਸੀਂ ਸਮਝ ਨਹੀਂ ਸਕਦੇ। ਸਿਕਸ ਹਿਟਿੰਗ ਮਸ਼ੀਨ ਹੈ ਇਹ। ਇਸ 15 ਸਾਲ ਦੇ ਬਾਸ ਬੇਬੀ ਨੇ ਯੂਨੀਵਰਸ ਬਾਸ ਨੂੰ ਵੀ ਪਿੱਛੇ ਛੱਡ ਦਿੱਤਾ।''

ਪੀਟਰਸਨ ਦੇ ਸ਼ੋਅ 'ਚ ਕੀਤਾ ਕਮਾਲ

ਜਦੋਂ ਵੈਭਵ ਨੇ ਇੰਗਲੈਂਡ ਦੇ ਸਾਬਕਾ ਕੇਵਿਨ ਪੀਟਰਸਨ ਦੇ ਇੱਕ ਸ਼ੋਅ ਵਿੱਚ 50 ਗੇਂਦਾਂ ਵਿੱਚ 100 ਦੌੜਾਂ ਬਣਾਉਣ ਦੇ ਚੈਲੇਂਜ ਨੂੰ ਮਹਿਜ਼ 25 ਗੇਂਦਾ ਵਿੱਚ ਪੂਰਾ ਕਰ ਲਿਆ ਤਾਂ ਕੇਵਿਨ ਉਨ੍ਹਾਂ ਦੇ ਇਸ ਕਮਾਲ ਤੋਂ ਹੈਰਾਨ ਰਹਿ ਗਏ। ਇਸ ਚੈਲੇਂਜ ਵਿੱਚ ਇੱਕ ਰੋਮਾਂਚਕ ਚੀਜ਼ ਇਹ ਵੀ ਸੀ ਕਿ ਹਰੇਕ ਗੇਂਦ ਨਾਲ ਗੇਂਦ ਦੀ ਗਤੀ ਤੇਜ਼ ਹੋ ਜਾਂਦੀ ਸੀ।

ਸ਼ੋਅ ਵਿੱਚ ਕਈ ਮੌਕੇ ਅਜਿਹੇ ਆਏ ਜਦੋਂ ਕੇਵਿਨ ਪੀਟਰਸਨ ਵੈਭਵ ਦੀ ਬੱਲੇਬਾਜ਼ੀ ਤੋਂ ਹੈਰਾਨ ਨਜ਼ਰ ਆਏ। ਵੈਭਵ ਤੋਂ ਪ੍ਰਭਾਵਿਤ ਪੀਟਰਸਨ ਨੇ ਉਨ੍ਹਾਂ ਨੂੰ 'ਰਿਕਾਰਡ ਬ੍ਰੇਕਰ' ਕਰਾਰ ਦਿੱਤਾ।

ਇਸੇ ਸ਼ੋਅ ਦੌਰਾਨ ਵੈਭਵ ਨੇ ਇਹ ਵੀ ਦੱਸਿਆ ਕਿ ਉਹ ਟੀ20 ਵਿੱਚ 200 ਦਾ ਸਕੋਰ ਬਣਾਉਣਾ ਚਾਹੁੰਦੇ ਹਨ।

ਗਾਂਗੁਲੀ ਕਿਉਂ ਬੋਲੇ ਕਿ ਟੈਸਟ ਕ੍ਰਿਕਟ ਲਈ ਅਜੇ ਵੈਭਵ ਨੂੰ ਕਰਨਾ ਪਵੇਗਾ ਇੰਤਜ਼ਾਰ

ਸੌਰਵ ਗਾਂਗੁਲੀ

ਤਸਵੀਰ ਸਰੋਤ, Shubhajit Roy Karmakar/NurPhoto via Getty Images

ਤਸਵੀਰ ਕੈਪਸ਼ਨ, ਗਾਂਗੁਲੀ ਨੇ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਟੀ20 ਟੀਮ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਪਰ ਟੈਸਟ ਕ੍ਰਿਕਟ ਲਈ ਨਹੀਂ

ਭਾਰਤੀ ਕ੍ਰਿਕੇਟ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਵੀ ਵੈਭਵ ਦੀ ਖੂਬ ਪ੍ਰਸ਼ੰਸਾ ਕੀਤੀ ਹੈ ਪਰ ਉਨ੍ਹਾਂ ਮੁਤਾਬਕ ਟੈਸਟ ਲਈ ਅਜੇ ਉਨ੍ਹਾਂ ਨੂੰ ਇੰਤਜ਼ਾਰ ਕਰਨਾ ਪਵੇਗਾ।

ਟਾਈਮਜ਼ ਆਫ਼ ਇੰਡੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਗਾਂਗੁਲੀ ਨੇ ਕਿਹਾ, 'ਉਨ੍ਹਾਂ ਨੂੰ ਤੁਰੰਤ ਟੀ20 ਟੀਮ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਪਰ ਟੈਸਟ ਕ੍ਰਿਕਟ ਲਈ ਨਹੀਂ। ਟੈਸਟ ਵਿੱਚ ਜਗ੍ਹਾ ਬਣਾਉਣ ਲਈ ਉਨ੍ਹਾਂ ਨੂੰ ਘਰੇਲੂ ਫਰਸਟ ਕਲਾਸ ਕ੍ਰਿਕਟ ਵਿੱਚ ਅਜੇ ਹੋਰ ਦੌੜਾਂ ਬਣਾਉਣੀਆਂ ਪੈਣਗੀਆਂ।''

''ਹਾਲਾਂਕਿ ਇਸ ਸਮੇਂ ਉਹ ਬੇਹੱਦ ਪ੍ਰਤਿਭਾਸ਼ਾਲੀ ਹਨ। ਇੱਕ 15 ਸਾਲ ਦੇ ਮੁੰਡੇ ਨੂੰ ਦੁਨੀਆ ਦੇ ਸਭ ਤੋਂ ਵਧੀਆ ਗੇਂਦਬਾਜ਼ਾਂ ਦੇ ਸਾਹਮਣੇ ਇਸ ਤਰ੍ਹਾਂ ਬੱਲੇਬਾਜ਼ੀ ਕਰਦੇ ਦੇਖਣਾ ਅਦਭੁੱਤ ਹੈ। ਉਹ ਭਾਰਤ ਦਾ ਭਵਿੱਖ ਹਨ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)