ਰਣਧੀਰ ਸਿੰਘ ਦਾ ਦੇਹਾਂਤ: ਪੰਜ ਵਾਰ ਦੇ ਓਲੰਪੀਅਨ, ਉੱਘੇ ਪ੍ਰਸ਼ਾਸਕ ਅਤੇ ਭਾਰਤ ਦੀ ਖੇਡ ਵਿਰਾਸਤ ਦੇ ਰਖਵਾਲੇ ਦਾ ਸਫ਼ਰ

ਰਣਧੀਰ ਸਿੰਘ

ਤਸਵੀਰ ਸਰੋਤ, Saurabh Duggal/BBB

ਤਸਵੀਰ ਕੈਪਸ਼ਨ, ਰਣਧੀਰ ਸਿੰਘ ਦੀਆਂ ਪ੍ਰਾਪਤੀਆਂ ਲਈ ਉਨ੍ਹਾਂ ਨੂੰ 1979 ਵਿੱਚ ਮਾਣਯੋਗ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ
    • ਲੇਖਕ, ਸੌਰਭ ਦੁੱਗਲ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਰਣਧੀਰ ਸਿੰਘ ਲਈ ਖੇਡ ਕਦੇ ਵੀ ਸਿਰਫ਼ ਮੁਕਾਬਲਾ ਨਹੀਂ ਸੀ। ਇਹ ਵਿਰਾਸਤ, ਪਛਾਣ ਅਤੇ ਜ਼ਿੰਮੇਵਾਰੀ ਸੀ।

ਇੱਕ ਪੰਜ ਸਾਲ ਦਾ ਇੱਕ ਮੁੰਡਾ, ਵੱਡੀਆਂ-ਵੱਡੀਆਂ ਅੱਖਾਂ ਅਤੇ ਬੇਚੈਨ ਸੁਭਾਅ ਵਾਲਾ, 1951 ਵਿੱਚ ਨਵੀਂ ਦਿੱਲੀ ਵਿੱਚ ਹੋਈਆਂ ਪਹਿਲੀਆਂ ਏਸ਼ੀਆਈ ਖੇਡਾਂ ਦੀ ਰੌਣਕ ਦੇ ਵਿਚਕਾਰ ਖੜ੍ਹਾ ਸੀ।

ਉਸ ਦੇ ਨਾਲ ਉਸ ਦੇ ਪਿਤਾ ਦੇ ਵੱਡੇ ਭਰਾ ਮਹਾਰਾਜਾ ਯਾਦਵਿੰਦਰਾ ਸਿੰਘ ਖੜ੍ਹੇ ਸਨ।

ਮਹਾਰਾਜਾ ਯਾਦਵਿੰਦਰਾ ਸਿੰਘ ਉਹੀ ਵਿਅਕਤੀ ਹਨ, ਜਿਨ੍ਹਾਂ ਨੇ ਏਸ਼ੀਆਈ ਖੇਡਾਂ ਫੈਡਰੇਸ਼ਨ ਦੇ ਪਹਿਲੇ ਪ੍ਰਧਾਨ ਵਜੋਂ, ਇਨ੍ਹਾਂ ਖੇਡਾਂ ਨੂੰ ਹੋਂਦ ਵਿੱਚ ਲਿਆਉਣ ਵਿੱਚ ਮਦਦ ਕੀਤੀ ਸੀ।

ਹਾਲਾਂਕਿ, ਇਹ ਖੇਡਾਂ ਬਾਅਦ ਵਿੱਚ ਓਲੰਪਿਕ ਕੌਂਸਲ ਆਫ ਏਸ਼ੀਆ ਬਣ ਗਈਆਂ।

ਉਸ ਤੋਂ ਸੱਤਰ ਤੋਂ ਵੱਧ ਸਾਲਾਂ ਬਾਅਦ, 2022 ਦੀਆਂ ਹਾਂਗਝੌ ਏਸ਼ੀਆਈ ਖੇਡਾਂ ਦੌਰਾਨ, ਜੋ 2023 ਵਿੱਚ ਹੋਈਆਂ, ਰਣਧੀਰ ਸਿੰਘ ਏਸ਼ੀਆਈ ਖੇਡਾਂ ਦੇ ਸਿਖਰਲੇ ਅਹੁਦੇ 'ਤੇ ਓਲੰਪਿਕ ਕੌਂਸਲ ਆਫ ਏਸ਼ੀਆ ਦੇ ਕਾਰਜਕਾਰੀ ਪ੍ਰਧਾਨ ਵਜੋਂ ਖੜ੍ਹੇ ਸਨ।

ਇਸੇ ਦੌਰਾਨ ਹੀ ਉਨ੍ਹਾਂ ਦੀ ਧੀ ਰਾਜੇਸ਼ਵਰੀ ਕੁਮਾਰੀ ਨੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ।

ਇਨ੍ਹਾਂ ਦੋ ਪਲਾਂ ਦੇ ਵਿੱਚ ਹੀ ਭਾਰਤੀ ਖੇਡ ਇਤਿਹਾਸ ਦੀਆਂ ਸਭ ਤੋਂ ਅਦਭੁਤ ਯਾਤਰਾਵਾਂ ਵਿੱਚੋਂ ਇੱਕ ਲੁਕੀ ਹੋਈ ਸੀ।

ਭਾਰਤੀ ਖੇਡ ਜਗਤ ਨੇ ਆਪਣੇ ਸਭ ਤੋਂ ਵੱਡੇ ਸਤੰਭਾਂ ਵਿੱਚੋਂ ਇੱਕ ਨੂੰ ਰਣਧੀਰ ਸਿੰਘ ਦੇ ਦੇਹਾਂਤ ਨਾਲ ਗੁਆ ਦਿੱਤਾ। ਉਹ ਪੰਜ ਵਾਰ ਦੇ ਓਲੰਪੀਅਨ, ਅਰਜੁਨ ਐਵਾਰਡੀ, ਭਾਰਤੀ ਓਲੰਪਿਕ ਸੰਘ ਦੇ ਸਾਬਕਾ ਸਕੱਤਰ ਜਨਰਲ, ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਓਲੰਪਿਕ ਕੌਂਸਲ ਆਫ ਏਸ਼ੀਆ ਦੇ ਸਾਬਕਾ ਪ੍ਰਧਾਨ ਸਨ। ਉਹ 79 ਸਾਲ ਦੇ ਸਨ ਅਤੇ ਕਾਫ਼ੀ ਸਮੇਂ ਤੋਂ ਬਿਮਾਰ ਸਨ।

ਪਟਿਆਲਾ ਦੇ ਪ੍ਰਸਿੱਧ ਰਾਜਸੀ ਪਰਿਵਾਰ ਵਿੱਚ ਜਨਮੇ ਰਣਧੀਰ ਸਿੰਘ ਨੇ ਉਸ ਖੇਡ ਪਰੰਪਰਾ ਨੂੰ ਅੱਗੇ ਵਧਾਇਆ, ਜਿਸ ਦੀ ਸ਼ੁਰੂਆਤ ਮਹਾਰਾਜਾ ਰਾਜਿੰਦਰ ਸਿੰਘ ਅਤੇ ਮਹਾਰਾਜਾ ਭੁਪਿੰਦਰ ਸਿੰਘ ਨੇ ਕੀਤੀ ਸੀ। ਇਹ ਦੋਵੇਂ ਭਾਰਤੀ ਕ੍ਰਿਕਟ ਦੇ ਸਭ ਤੋਂ ਪਹਿਲੇ ਸਰਪ੍ਰਸਤਾਂ ਵਿੱਚੋਂ ਸਨ।

ਫਿਰ ਵੀ, ਆਪਣੇ ਪਿੱਛੇ ਇਤਿਹਾਸ ਦਾ ਭਾਰ ਹੋਣ ਦੇ ਬਾਵਜੂਦ, ਉਨ੍ਹਾਂ ਨੇ ਸ਼ੂਟਿੰਗ ਅਤੇ ਖੇਡ ਪ੍ਰਸ਼ਾਸਨ ਰਾਹੀਂ ਆਪਣੀ ਵੱਖਰੀ ਪਛਾਣ ਬਣਾਈ।

ਰਣਧੀਰ ਸਿੰਘ

ਤਸਵੀਰ ਸਰੋਤ, Saurabh Duggal/BBB

ਪੰਜ ਵਾਰ ਦੇ ਓਲੰਪੀਅਨ

ਪੰਜ ਵਾਰ ਦੇ ਓਲੰਪੀਅਨ ਰਣਧੀਰ ਸਿੰਘ ਨੇ 1968 ਤੋਂ 1984 ਤੱਕ ਟ੍ਰੈਪ ਸ਼ੂਟਿੰਗ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। 1978 ਵਿੱਚ ਉਹ ਬੈਂਕਾਕ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਸ਼ੂਟਰ ਬਣੇ।

ਚਾਰ ਸਾਲ ਬਾਅਦ, ਜਦੋਂ ਭਾਰਤ ਨੇ 1982 ਦੀਆਂ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕੀਤੀ, ਉਨ੍ਹਾਂ ਨੇ ਭਾਰਤੀ ਸ਼ੂਟਿੰਗ ਟੀਮ ਦੇ ਹਿੱਸੇ ਵਜੋਂ ਚਾਂਦੀ ਦਾ ਤਗਮਾ ਜਿੱਤਿਆ।

ਇਹ ਰਣਧੀਰ ਸਿੰਘ ਦੀ ਵਿਲੱਖਣ ਖੇਡ ਯਾਤਰਾ ਸੀ। ਬਚਪਨ ਵਿੱਚ ਭਾਰਤ ਵਿੱਚ ਹੋਈਆਂ ਪਹਿਲੀਆਂ ਏਸ਼ੀਆਈ ਖੇਡਾਂ ਨੂੰ ਦੇਖਣ ਤੋਂ ਲੈ ਕੇ, 1982 ਵਿੱਚ ਜਦੋਂ ਖੇਡਾਂ ਮੁੜ ਦਿੱਲੀ ਆਈਆਂ ਤਾਂ ਤਗਮਾ ਜਿੱਤਣ ਤੱਕ ਅਤੇ ਆਖ਼ਿਰਕਾਰ 2023 ਦੀਆਂ ਹਾਂਗਝੌ ਖੇਡਾਂ ਦੌਰਾਨ ਏਸ਼ੀਆਈ ਓਲੰਪਿਕ ਮੂਵਮੈਂਟ ਦੀ ਅਗਵਾਈ ਕਰਨ ਤੱਕ।

ਰਣਧੀਰ ਸਿੰਘ ਦੀਆਂ ਪ੍ਰਾਪਤੀਆਂ ਲਈ ਉਨ੍ਹਾਂ ਨੂੰ 1979 ਵਿੱਚ ਮਾਣਯੋਗ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪਰ ਉਨ੍ਹਾਂ ਦਾ ਯੋਗਦਾਨ ਸਿਰਫ਼ ਸ਼ੂਟਿੰਗ ਰੇਂਜ ਤੱਕ ਸੀਮਿਤ ਨਹੀਂ ਸੀ।

ਦਹਾਕਿਆਂ ਤੱਕ ਉਹ ਏਸ਼ੀਆਈ ਅਤੇ ਭਾਰਤੀ ਖੇਡ ਜਗਤ ਦੇ ਸਭ ਤੋਂ ਪ੍ਰਭਾਵਸ਼ਾਲੀ ਪ੍ਰਸ਼ਾਸਕਾਂ ਵਿੱਚੋਂ ਇੱਕ ਰਹੇ। ਉਹ 1987 ਤੋਂ 2012 ਤੱਕ ਭਾਰਤੀ ਓਲੰਪਿਕ ਸੰਘ ਦੇ ਸਕੱਤਰ ਜਨਰਲ ਰਹੇ ਅਤੇ ਓਲੰਪਿਕ ਮੂਵਮੈਂਟ ਅੰਦਰ ਸਭ ਤੋਂ ਸਤਿਕਾਰਯੋਗ ਆਵਾਜ਼ਾਂ ਵਿੱਚੋਂ ਇੱਕ ਬਣੇ।

ਰਣਧੀਰ ਸਿੰਘ ਨੇ ਕਦੇ ਆਪਣੇ ਪਰਿਵਾਰ ਦੀ ਖੇਡ ਵਿਰਾਸਤ ਬਾਰੇ ਗੱਲ ਕਰਦੇ ਹੋਏ ਕਿਹਾ ਸੀ, "ਮੇਰੇ ਪਿਤਾ ਦੇ ਵੱਡੇ ਭਰਾ ਮਹਾਰਾਜਾ ਯਾਦਵਿੰਦਰਾ ਸਿੰਘ 1951 ਵਿੱਚ ਏਸ਼ੀਆਈ ਓਲੰਪਿਕ ਸੰਸਥਾ ਦੇ ਪਹਿਲੇ ਪ੍ਰਧਾਨ ਸਨ।"

"1982 ਵਿੱਚ ਮੇਰੇ ਪਿਤਾ ਰਾਜਾ ਭਲਿੰਦਰ ਸਿੰਘ ਓਲੰਪਿਕ ਕੌਂਸਲ ਆਫ ਏਸ਼ੀਆ ਦੇ ਮੁਖੀ ਸਨ ਅਤੇ ਹੁਣ ਮੈਂ ਪਰਿਵਾਰ ਦਾ ਤੀਜਾ ਮੈਂਬਰ ਹਾਂ ਜੋ ਓਸੀਏ ਦੀ ਅਗਵਾਈ ਕਰ ਰਿਹਾ ਹੈ।"

ਦੁਨੀਆ ਵਿੱਚ ਬਹੁਤ ਘੱਟ ਪਰਿਵਾਰ ਖੇਡਾਂ ਵਿੱਚ ਅਜਿਹੀ ਲਗਾਤਾਰ ਵਿਰਾਸਤ ਦਾ ਦਾਅਵਾ ਕਰ ਸਕਦੇ ਹਨ। ਉਨ੍ਹਾਂ ਦੇ ਦਾਦਾ ਮਹਾਰਾਜਾ ਯਾਦਵਿੰਦਰਾ ਸਿੰਘ ਨੇ 1934 ਵਿੱਚ ਭਾਰਤ ਲਈ ਟੈਸਟ ਕ੍ਰਿਕਟ ਖੇਡੀ ਸੀ, ਜਦਕਿ ਉਨ੍ਹਾਂ ਦੇ ਪਿਤਾ ਰਾਜਾ ਭਲਿੰਦਰ ਸਿੰਘ ਪ੍ਰਸਿੱਧ ਖੇਡ ਪ੍ਰਸ਼ਾਸਕ ਅਤੇ ਕ੍ਰਿਕਟਰ ਸਨ।

ਇਸ ਪਰਿਵਾਰ ਨੇ ਭਾਰਤੀ ਕ੍ਰਿਕਟ ਇਤਿਹਾਸ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। 1932 ਵਿੱਚ ਭਾਰਤ ਦੇ ਪਹਿਲੇ ਟੈਸਟ ਦੌਰੇ ਲਈ ਟ੍ਰਾਇਲ ਕਰਵਾਏ ਗਏ ਅਤੇ 1933 ਵਿੱਚ ਰਣਜੀ ਟ੍ਰਾਫੀ ਦਾਨ ਕੀਤੀ ਗਈ।

ਰਣਧੀਰ ਸਿੰਘ ਨੇ ਆਈਓਏ ਦੇ ਜਨਰਲ ਸਕੱਤਰ ਵਜੋਂ 2010 ਦੀਆਂ ਕਾਮਨਵੈਲਥ ਖੇਡਾਂ ਨੂੰ ਭਾਰਤ ਵਿੱਚ ਲਿਆਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ।

ਰਣਧੀਰ ਸਿੰਘ ਨੇ ਇੱਕ ਵਾਰ ਕਿਹਾ ਸੀ, "ਖੇਡਾਂ ਪਟਿਆਲਾ ਪਰਿਵਾਰ ਦੇ ਖੂਨ ਵਿੱਚ ਰਹੀਆਂ ਹਨ।"

ਇਹ ਪਰੰਪਰਾ ਚੌਥੀ ਪੀੜ੍ਹੀ, ਭਾਵ ਉਨ੍ਹਾਂ ਦੀ ਧੀ ਰਾਜੇਸ਼ਵਰੀ ਕੁਮਾਰੀ ਰਾਹੀਂ ਜਾਰੀ ਰਹੀ, ਜਿਸ ਨੇ ਹਾਂਗਝੌ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਬਾਅਦ ਵਿੱਚ ਪੈਰਿਸ ਓਲੰਪਿਕ ਲਈ ਕੋਟਾ ਹਾਸਲ ਕਰਨ ਵਾਸਤੇ ਮੁਕਾਬਲਾ ਕੀਤਾ।

ਉਨ੍ਹਾਂ ਨੇ ਉਸ ਦੀ ਤਗਮਾ ਜਿੱਤਣ ਵਾਲੀ ਪ੍ਰਾਪਤੀ ਤੋਂ ਬਾਅਦ ਕਿਹਾ ਸੀ, "ਇਹ ਸਭ ਲਈ ਮਾਣ ਵਾਲਾ ਪਲ ਹੈ। ਰਾਜੇਸ਼ਵਰੀ ਕੁਮਾਰੀ ਪਟਿਆਲਾ ਪਰਿਵਾਰ ਦੀ ਖੇਡ ਪਰੰਪਰਾ ਨੂੰ ਅੱਗੇ ਵਧਾ ਰਹੀ ਹੈ।"

ਰਣਧੀਰ ਸਿੰਘ ਨੇ ਘੱਟ ਜਾਣੀਆਂ ਜਾਣ ਵਾਲੀਆਂ ਖੇਡਾਂ ਅਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ।

ਰਾਜਾ ਕੇਐੱਸ ਸਿੱਧੂ

ਅੰਤਰਰਾਸ਼ਟਰੀ ਸਕੇਟਰ ਅਤੇ ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਜਨਰਲ ਸਕੱਤਰ ਨਰੇਸ਼ ਸ਼ਰਮਾ ਨੇ ਯਾਦ ਕੀਤਾ ਕਿ 2010 ਵਿੱਚ, ਜਦੋਂ ਰੋਲਰ ਸਕੇਟਿੰਗ ਨੂੰ ਏਸ਼ੀਆਈ ਖੇਡਾਂ ਵਿੱਚ ਪਹਿਲੀ ਵਾਰ ਸ਼ਾਮਲ ਕੀਤਾ ਗਿਆ, ਤਾਂ ਰਣਧੀਰ ਸਿੰਘ ਨੇ ਭਾਰਤ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਦਖ਼ਲ ਦਿੱਤਾ ਸੀ।

ਉਨ੍ਹਾਂ ਨੇ ਯਾਦ ਕੀਤਾ, "ਭਾਰਤ ਦੀ ਭਾਗੀਦਾਰੀ ਨੂੰ ਲੈ ਕੇ ਮੁਸ਼ਕਲਾਂ ਸਨ, ਪਰ ਰਣਧੀਰ ਸਿੰਘ, ਜੋ ਖੁਦ ਸਕੇਟਿੰਗ ਨੂੰ ਪਿਆਰ ਕਰਦੇ ਸਨ ਅਤੇ ਰੋਲਰ ਹਾਕੀ ਖੇਡਦੇ ਸਨ, ਨੇ ਇਹ ਯਕੀਨੀ ਬਣਾਉਣ ਵਿੱਚ ਮਦਦ ਕੀਤੀ ਕਿ ਭਾਰਤੀ ਟੀਮ ਹਿੱਸਾ ਲੈ ਸਕੇ।"

"ਭਾਰਤੀ ਸਕੇਟਰਾਂ ਨੇ ਅੱਗੇ ਚੱਲ ਕੇ ਦੋ ਕਾਂਸੀ ਦੇ ਤਗਮੇ ਜਿੱਤੇ। ਜੇਕਰ ਉਨ੍ਹਾਂ ਦਾ ਦਖ਼ਲ ਨਾ ਹੁੰਦਾ ਤਾਂ ਸ਼ਾਇਦ ਉਹ ਇਹ ਮੌਕਾ ਪੂਰੀ ਤਰ੍ਹਾਂ ਗਵਾ ਬੈਠਦੇ।"

ਮੈਂ ਰਣਧੀਰ ਸਿੰਘ ਨੂੰ ਪਹਿਲੀ ਵਾਰ 2006-07 ਦੇ ਆਸ-ਪਾਸ ਜਵਾਹਰਲਾਲ ਨਹਿਰੂ ਸਟੇਡੀਅਮ ਅੰਦਰ ਸਥਿਤ ਭਾਰਤੀ ਓਲੰਪਿਕ ਸੰਘ ਦੇ ਦਫ਼ਤਰ ਵਿੱਚ ਮਿਲਿਆ ਸੀ।

ਅੰਤਰਰਾਸ਼ਟਰੀ ਖੇਡ ਜਗਤ ਵਿੱਚ ਆਪਣੇ ਵੱਡੇ ਦਰਜੇ ਦੇ ਬਾਵਜੂਦ, ਉਹ ਮਹਿਮਾਨਾਂ ਦਾ ਬੇਹੱਦ ਗਰਮਜੋਸ਼ੀ ਅਤੇ ਮਹਿਮਾਨਨਵਾਜ਼ੀ ਨਾਲ ਸਵਾਗਤ ਕਰਦੇ ਸਨ। ਉਹ ਪੰਜਾਬ, ਇਸ ਦੇ ਇਤਿਹਾਸ ਅਤੇ ਇਸ ਦੇ ਖੇਡ ਸੱਭਿਆਚਾਰ ਨਾਲ ਵੀ ਡੂੰਘੇ ਤੌਰ 'ਤੇ ਜੁੜੇ ਰਹੇ।

ਕਈ ਸਾਲ ਬਾਅਦ, ਜਦੋਂ ਮੈਂ 1924 ਦੇ ਸਮਰ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਅਤੇ ਪੰਜਾਬ ਦੇ ਪਹਿਲੇ ਓਲੰਪੀਅਨ ਬ੍ਰਿਗੇਡੀਅਰ ਦਲੀਪ ਸਿੰਘ ਬਾਰੇ ਇੱਕ ਕਹਾਣੀ 'ਤੇ ਕੰਮ ਕਰ ਰਿਹਾ ਸੀ, ਤਾਂ ਰਣਧੀਰ ਸਿੰਘ ਨੇ ਖੁਦ ਮੈਨੂੰ ਫ਼ੋਨ ਕਰਕੇ ਉਸ ਮਹਾਨ ਖਿਡਾਰੀ ਨਾਲ ਜੁੜੀਆਂ ਯਾਦਾਂ ਅਤੇ ਘਟਨਾਵਾਂ ਸਾਂਝੀਆਂ ਕੀਤੀਆਂ।

ਇਸ ਨਾਲ ਨਾ ਸਿਰਫ਼ ਖੇਡ ਇਤਿਹਾਸ ਬਾਰੇ ਉਨ੍ਹਾਂ ਦੀ ਜਾਣਕਾਰੀ ਸਾਹਮਣੇ ਆਈ, ਸਗੋਂ ਭਾਰਤੀ ਖੇਡਾਂ ਦੇ ਭੁੱਲੇ ਹੋਏ ਅਧਿਆਇਆਂ ਨੂੰ ਸੰਭਾਲਣ ਲਈ ਉਨ੍ਹਾਂ ਦੀ ਵਚਨਬੱਧਤਾ ਵੀ ਦਿਖਾਈ ਦਿੱਤੀ।

ਰਣਧੀਰ ਸਿੰਘ

ਤਸਵੀਰ ਸਰੋਤ, Saurabh Duggal/BBB

ਤਸਵੀਰ ਕੈਪਸ਼ਨ, ਰਣਧੀਰ ਸਿੰਘ ਨੇ ਆਈਓਏ ਦੇ ਜਨਰਲ ਸਕੱਤਰ ਵਜੋਂ 2010 ਦੀਆਂ ਕਾਮਨਵੈਲਥ ਖੇਡਾਂ ਨੂੰ ਭਾਰਤ ਵਿੱਚ ਲਿਆਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ

ਏਸ਼ੀਆਈ ਖੇਡਾਂ ਨਾਲ ਜੁੜਿਆ ਸਫ਼ਰ

ਪੰਜਾਬ ਓਲੰਪਿਕ ਸੰਘ ਦੇ ਜਨਰਲ ਸਕੱਤਰ ਅਤੇ ਸੀਈਓ ਰਾਜਾ ਕੇਐੱਸ ਸਿੱਧੂ ਨੇ ਯਾਦ ਕੀਤਾ, "ਉਹ ਮੇਰੇ ਮਾਰਗਦਰਸ਼ਕ ਸਨ ਅਤੇ ਉਹੀ ਵਿਅਕਤੀ ਸਨ ਜਿਨ੍ਹਾਂ ਨੇ ਮੈਨੂੰ ਸ਼ੂਟਿੰਗ ਨਾਲ ਜਾਣੂ ਕਰਵਾਇਆ।"

"ਅਸੀਂ ਜਪਾਨ ਦੇ ਨਾਗੋਯਾ ਵਿੱਚ ਹੋਈ ਪਹਿਲੀ ਏਸ਼ੀਆਈ ਸ਼ਾਟਗਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਭਾਰਤੀ ਦਲ ਦਾ ਹਿੱਸਾ ਸਨ। ਉਨ੍ਹਾਂ ਨੇ ਟ੍ਰੈਪ ਸ਼ੂਟਿੰਗ ਵਿੱਚ ਸੋਨਾ ਜਿੱਤਿਆ, ਜਦਕਿ ਮੈਂ ਸਕੀਟ ਵਿੱਚ ਮੁਕਾਬਲਾ ਕੀਤਾ।"

ਉਨ੍ਹਾਂ ਨੇ ਕਿਹਾ, "ਉਹ ਭਾਰਤੀ ਖੇਡਾਂ ਦਾ ਮਾਣ ਸਨ, ਇੱਕ ਵਿਸ਼ੇਸ਼ ਖਿਡਾਰੀ ਅਤੇ ਪ੍ਰਸ਼ਾਸਕ ਦੋਵਾਂ ਵਜੋਂ। ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਦੇ ਖੇਡ ਪ੍ਰਸ਼ਾਸਕਾਂ ਨੂੰ ਮਾਰਗਦਰਸ਼ਨ ਦੇਣ ਵਿੱਚ ਉਨ੍ਹਾਂ ਦਾ ਯੋਗਦਾਨ ਬੇਹੱਦ ਵੱਡਾ ਰਿਹਾ ਹੈ। ਉਨ੍ਹਾਂ ਦਾ ਦੇਹਾਂਤ ਭਾਰਤੀ ਖੇਡਾਂ, ਖ਼ਾਸ ਤੌਰ 'ਤੇ ਪੰਜਾਬ ਲਈ, ਇੱਕ ਵੱਡਾ ਘਾਟਾ ਹੈ।"

1951 ਵਿੱਚ ਏਸ਼ੀਆਈ ਖੇਡ ਮੂਵਮੈਂਟ ਦੇ ਜਨਮ ਨੂੰ ਇੱਕ ਬੱਚੇ ਵਜੋਂ ਦੇਖਣ ਤੋਂ ਲੈ ਕੇ, 1982 ਵਿੱਚ ਇੱਕ ਖਿਡਾਰੀ ਵਜੋਂ ਤਗਮੇ ਜਿੱਤਣ ਤੱਕ ਅਤੇ 2023 ਵਿੱਚ ਆਪਣੀ ਧੀ ਨੂੰ ਪਰਿਵਾਰ ਦੀ ਪਰੰਪਰਾ ਜਾਰੀ ਰੱਖਦੇ ਦੇਖਦਿਆਂ ਏਸ਼ੀਆਈ ਖੇਡਾਂ ਦੀ ਅਗਵਾਈ ਕਰਨ ਤੱਕ, ਰਣਧੀਰ ਸਿੰਘ ਦੀ ਜ਼ਿੰਦਗੀ ਭਾਰਤੀ ਖੇਡਾਂ ਦੇ ਵਿਕਾਸ ਦਾ ਸ਼ੀਸ਼ਾ ਸੀ।

ਉਨ੍ਹਾਂ ਦੇ ਦੇਹਾਂਤ ਨਾਲ ਭਾਰਤੀ ਖੇਡਾਂ ਨੇ ਇੱਕ ਓਲੰਪੀਅਨ, ਪ੍ਰਸ਼ਾਸਕ ਅਤੇ ਖੇਡ ਵਿਰਾਸਤ ਦੇ ਰਖਵਾਲੇ ਨੂੰ ਗੁਆ ਦਿੱਤਾ ਹੈ। ਪਰ ਉਨ੍ਹਾਂ ਦਾ ਯੋਗਦਾਨ, ਜੋ ਪੀੜ੍ਹੀਆਂ, ਅਨੁਸ਼ਾਸਨਾਂ ਅਤੇ ਦਹਾਕਿਆਂ ਤੱਕ ਫੈਲਿਆ ਹੋਇਆ ਹੈ, ਆਉਣ ਵਾਲੇ ਸਾਲਾਂ ਵਿੱਚ ਵੀ ਭਾਰਤੀ ਖੇਡਾਂ ਨੂੰ ਪ੍ਰੇਰਿਤ ਕਰਦਾ ਰਹੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)