ਸਮਰਾਟ ਚੌਧਰੀ ਬਣੇ ਬਿਹਾਰ ਦੇ ਨਵੇਂ ਮੁੱਖ ਮੰਤਰੀ, ਵੱਖ-ਵੱਖ ਪਾਰਟੀਆਂ ’ਚ ਰਹੇ ਸਮਰਾਟ ਮੁੱਖ ਮੰਤਰੀ ਦੀ ਕੁਰਸੀ ਤੱਕ ਕਿਵੇਂ ਪਹੁੰਚੇ

ਪੜ੍ਹਨ ਦਾ ਸਮਾਂ: 4 ਮਿੰਟ

ਸਮਰਾਟ ਚੌਧਰੀ ਨੇ ਬਿਹਾਰ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਬੀਤੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਬਿਹਾਰ ਦੀ ਸਿਆਸਤ ਲਾਲੂ ਪ੍ਰਸਾਦ ਯਾਦਵ ਅਤੇ ਨੀਤੀਸ਼ ਕੁਮਾਰ ਦੇ ਆਲੇ-ਦੁਆਲੇ ਘੁੰਮ ਰਹੀ ਸੀ। ਪਰ ਹੁਣ ਸੂਬੇ ਨੂੰ ਨਵਾਂ ਮੁੱਖ ਮੰਤਰੀ ਮਿਲਿਆ ਹੈ।

ਮੰਗਲਵਾਰ ਨੂੰ ਨੀਤੀਸ਼ ਕੁਮਾਰ ਵੱਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ, ਪਟਨਾ ਵਿੱਚ ਬੀਜੇਪੀ ਦੇ ਵਿਧਾਇਕ ਦਲ ਦੀ ਬੈਠਕ ਵਿੱਚ ਸਮਰਾਟ ਚੌਧਰੀ ਨੂੰ ਨੇਤਾ ਚੁਣਿਆ ਗਿਆ ਸੀ। ਅਤੇ ਫਿਰ ਉਨ੍ਹਾਂ ਨੇ ਰਾਜਪਾਲ ਸੱਯਦ ਅਤਾ ਹਸਨੈਨ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ।

ਦੱਸ ਦੇਈਏ ਕਿ ਸਮਰਾਟ ਚੌਧਰੀ ਬਿਹਾਰ ਵਿੱਚ ਬੀਜੇਪੀ ਦੇ ਪਹਿਲੀ ਮੁੱਖ ਮੰਤਰੀ ਬਣੇ ਹਨ। ਬਿਹਾਰ ਵਿੱਚ ਬੀਜੇਪੀ, ਸੱਤਾ ਵਿੱਚ ਤਾਂ ਰਹੀ ਹੈ ਪਰ ਅਗਵਾਈ ਦੀ ਥਾਂ ਉਸ ਦੀ ਭੂਮਿਕਾ, ਸਹਿਯੋਗੀ ਵਾਲੀ ਹੀ ਰਹੀ ਹੈ।

ਇਸ ਤਰ੍ਹਾਂ ਬਿਹਾਰ ਇਕਲੌਤਾ ਹਿੰਦੀ ਭਾਸ਼ਾਈ ਸੂਬਾ ਹੈ, ਜਿੱਥੇ ਇਸ ਤੋਂ ਪਹਿਲਾਂ ਬੀਜੇਪੀ ਨੂੰ ਕਦੇ ਮੁੱਖ ਮੰਤਰੀ ਦੀ ਕੁਰਸੀ ਨਹੀਂ ਮਿਲੀ ਸੀ। ਪਰ ਹੁਣ ਬਿਹਾਰ ਵਿੱਚ ਬੀਜੇਪੀ ਦੇ ਪਹਿਲੇ ਮੁੱਖ ਮੰਤਰੀ ਵਜੋਂ ਸਮਰਾਟ ਚੌਧਰੀ ਨੇ ਸਹੁੰ ਚੁੱਕੀ ਹੈ।

ਸਮਰਾਟ ਚੌਧਰੀ ਦੇ ਸਿਆਸੀ ਸਫ਼ਰ 'ਤੇ ਇੱਕ ਝਾਤ

ਸਮਰਾਟ ਚੌਧਰੀ ਬੀਜੇਪੀ ਦੇ ਅਜਿਹੇ ਨੇਤਾਵਾਂ ਵਿਚੋਂ ਹਨ ਜੋ ਆਰਐਸਐਸ ਦੀ ਪਿੱਠਭੂਮੀ ਤੋਂ ਨਹੀਂ ਆਉਂਦੇ।

ਉਨ੍ਹਾਂ ਦੇ ਪਿਤਾ ਸ਼ਕੁਨੀ ਚੌਧਰੀ ਖ਼ੁਦ ਸਮਤਾ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਸੀ।

ਸ਼ਕੁਨੀ ਚੌਧਰੀ ਕਦੇ ਨੀਤੀਸ਼ ਦੇ ਕਰੀਬੀ ਸੀ ਤਾਂ ਕਦੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਆਰਜੇਡੀ ਵਿੱਚ ਵੀ ਰਹੇ।

ਸ਼ਕੁਨੀ ਚੌਧਰੀ ਦਾ ਨਾਮ ਕੁਸ਼ਵਾਹਾ ਸਮਾਜ ਦੇ ਕੱਦਾਵਰ ਨੇਤਾਵਾਂ ਵਿੱਚ ਸ਼ਾਮਲ ਰਿਹਾ ਅਤੇ ਉਹ ਵਿਧਾਇਕ ਅਤੇ ਸਾਂਸਦ ਵੀ ਰਹੇ ਹਨ।

ਯਾਨੀ ਸਮਰਾਟ ਚੌਧਰੀ ਦੇ ਕੋਲ ਇੱਕ ਸਿਆਸੀ ਵਿਰਾਸਤ ਵੀ ਹੈ, ਜੋ ਉਨ੍ਹਾਂ ਦੇ ਸਿਆਸੀ ਪ੍ਰਭਾਵ ਨੂੰ ਵਧਾਉਂਦੀ ਹੈ।

ਸਮਰਾਟ ਚੌਧਰੀ ਨੇ ਸਾਲ 1990 ਵਿਚ ਸਰਗਰਮ ਸਿਆਸਤ ਵਿੱਚ ਪੈਰ ਧਰਿਆ ਸੀ।

ਬਿਹਾਰ ਵਿਧਾਨ ਪਰਿਸ਼ਦ ਦੀ ਵੈਬਸਾਈਟ ਮੁਤਾਬਕ 1995 ਵਿੱਚ ਉਨ੍ਹਾਂ ਨੂੰ ਇੱਕ ਸਿਆਸੀ ਮਾਮਲੇ ਵਿੱਚ 89 ਦਿਨਾਂ ਲਈ ਜੇਲ੍ਹ ਜਾਣਾ ਪਿਆ ਸੀ।

ਸ਼ਕੁਨੀ ਚੌਧਰੀ ਨੇ ਸਾਲ 1999 ਵਿੱਚ ਬਿਹਾਰ 'ਚ ਰਾਬੜੀ ਦੇਵੀ ਸਰਕਾਰ ਦਾ ਸਾਥ ਦਿੱਤਾ ਸੀ, ਹਾਲਾਂਕਿ ਉਹ ਖ਼ੁਦ ਉਸ ਵੇਲੇ ਸਾਂਸਦ ਸਨ।

ਬਾਅਦ ਵਿੱਚ ਸਾਲ 2000 ਵਿੱਚ ਹੋਈਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਸਮਰਾਟ ਚੌਧਰੀ, ਪਰਬੱਤਾ ਵਿਧਾਨ ਸਭਾ ਸੀਟ ਤੋਂ ਆਰਜੇਡੀ ਦੀ ਟਿਕਟ 'ਤੇ ਚੋਣ ਜਿੱਤੇ ਸਨ।

ਜਦਕਿ ਸਾਲ 2005 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਜੇਡੀਯੂ ਦੇ ਰਾਮਾਨੰਦ ਸਿੰਘ ਤੋਂ ਹਾਰ ਗਏ ਸਨ।

ਸਾਲ 2010 ਵਿੱਚ ਵੀ ਸਮਰਾਟ ਚੌਧਰੀ ਇਸ ਸੀਟ ਤੋਂ ਚੋਣ ਜਿੱਤਣ ਵਿੱਚ ਸਫਲ ਰਹੇ।

ਚੋਣ ਕਮਿਸ਼ਨ ਦੀ ਵੈਬਸਾਈਟ ਮੁਤਾਬਕ, ਸਮਰਾਟ ਚੌਧਰੀ ਉਰਫ਼ ਰਾਕੇਸ਼ ਕੁਮਾਰ ਨੇ ਜੇਡੀਯੂ ਦੇ ਰਾਮਾਨੰਦ ਪ੍ਰਸਾਦ ਸਿੰਘ ਨੂੰ ਸਖਤ ਮੁਕਾਬਲੇ ਵਿੱਚ ਹਰਾਇਆ ਸੀ।

ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਜੇਡੀਯੂ ਦੇ ਖ਼ਰਾਬ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਂਦਿਆਂ ਨੀਤੀਸ਼ ਨੇ ਜੀਤਾਰਾਮ ਮਾਂਝੀ ਨੂੰ ਮੁੱਖ ਮੰਤਰੀ ਬਣਾਇਆ ਸੀ।

ਉਸ ਵੇਲੇ ਸਮਰਾਟ ਚੌਧਰੀ ਨੇ ਕੁਝ ਵਿਧਾਇਕਾਂ ਨਾਲ ਮਾਂਝੀ ਦਾ ਸਮਰਥਨ ਕੀਤਾ ਸੀ। ਸਾਲ 2014 ਵਿੱਚ ਉਹ ਨਗਰ ਵਿਕਾਸ ਵਿਭਾਗ ਦੇ ਮੰਤਰੀ ਵੀ ਬਣਾਏ ਗਏ ਸੀ।

ਮਈ 2014 ਵਿੱਚ ਸਮਰਾਟ ਚੌਧਰੀ ਨੇ ਆਰਜੇਡੀ ਤੋਂ ਅਸਤੀਫਾ ਦਿੱਤਾ ਅਤੇ ਜੇਡੀਯੂ ਵਿੱਚ ਸ਼ਾਮਲ ਹੋ ਗਏ। ਸਾਲ 2015 ਵਿੱਚ ਬਿਹਾਰ 'ਚ ਪਹਿਲੀ ਵਾਰ ਮਹਾਂ-ਗਠਜੋੜ ਨੇ ਮਿਲ ਕੇ ਚੋਣ ਲੜੀ ਸੀ।

ਪਰ ਉਸ ਵੇਲੇ ਜੇਡੀਯੂ ਦੇ ਰਾਮਾਨੰਦ ਪ੍ਰਸਾਦ ਸਿੰਘ ਨੂੰ ਪਰਬੱਤਾ ਸੀਟ ਤੋਂ ਟਿਕਟ ਦਿੱਤੀ ਗਈ ਸੀ ਅਤੇ ਉਹ ਜਿੱਤ ਗਏ ਸੀ।

ਸਾਲ 2017 ਵਿੱਚ ਸਮਰਾਟ ਚੌਧਰੀ ਨੇ ਜੇਡੀਯੂ ਤੋਂ ਅਸਤੀਫਾ ਦਿੱਤਾ ਅਤੇ ਬੀਜੇਪੀ ਵਿੱਚ ਸ਼ਾਮਲ ਹੋ ਗਏ। ਮਾਰਚ 2023 ਵਿੱਚ ਸਮਰਾਟ ਚੌਧਰੀ ਨੂੰ ਬਿਹਾਰ ਬੀਜੇਪੀ ਦਾ ਪ੍ਰਧਾਨ ਬਣਾਇਆ ਗਿਆ।

ਇਸ ਤੋਂ ਬਾਅਦ 2024 ਦੀ ਸ਼ੁਰੂਆਤ ਵਿੱਚ ਨੀਤੀਸ਼ ਕੁਮਾਰ ਨੇ ਆਰਜੇਡੀ ਤੋਂ ਵੱਖ ਹੋ ਕੇ ਫਿਰ ਤੋਂ ਬੀਜੇਪੀ ਦੇ ਨਾਲ ਸਰਕਾਰ ਬਣਾਈ ਤਾਂ ਸਮਰਾਟ ਚੌਧਰੀ ਉਪ ਮੁੱਖ ਮੰਤਰੀ ਚੁਣੇ ਗਏ।

ਸਾਲ 2025 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ-ਜੇਡੀਯੂ ਗਠਜੋੜ ਦੀ ਜਿੱਤ ਤੋਂ ਬਾਅਦ ਦੁਬਾਰਾ ਸਮਰਾਟ ਚੌਧਰੀ ਨੇ ਸੂਬੇ ਦੇ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ।

ਹੁਣ ਅੱਜ ਯਾਨੀ 15 ਅਪ੍ਰੈਲ 2026 ਨੂੰ ਸਮਰਾਟ ਚੌਧਰੀ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)