ਈਰਾਨ ਨਾਲ ਜੰਗਬੰਦੀ ਸਮਝੌਤੇ ਵਾਲੀ 'ਆਰਜ਼ੀ ਜਿੱਤ' ਲਈ ਟਰੰਪ ਨੂੰ ਕਿੰਨੀ ਵੱਡੀ ਕੀਮਤ ਚੁਕਾਉਣੀ ਪਈ?

ਤਸਵੀਰ ਸਰੋਤ, EPA
- ਲੇਖਕ, ਐਂਥਨੀ ਜ਼ਰਚਰ
- ਰੋਲ, ਉੱਤਰੀ ਅਮਰੀਕਾ ਪੱਤਰਕਾਰ
- ਪੜ੍ਹਨ ਦਾ ਸਮਾਂ: 5 ਮਿੰਟ
ਅਖ਼ੀਰ ਠੰਡੇ ਮਤੇ ਦੀ ਜਿੱਤ ਹੋਈ- ਘੱਟੋ ਘੱਟ ਹੁਣ ਲਈ ਤਾਂ।
ਵਾਸ਼ਿੰਗਟਨ ਦੇ ਸਮੇਂ ਮੁਤਾਬਕ ਮੰਗਲਵਾਰ ਸ਼ਾਮ 6 ਵੱਜ ਕੇ 32 ਮਿੰਟ 'ਤੇ ਡੌਨਲਡ ਟਰੰਪ ਨੇ ਆਪਣੀ ਸ਼ੋਸ਼ਲ ਮੀਡੀਆ ਵੈਬਸਾਈਟ 'ਤੇ ਪੋਸਟ ਪਾਈ ਕਿ ਅਮਰੀਕਾ ਅਤੇ ਈਰਾਨ ਇੱਕ ਨਿਸ਼ਚਿਤ ਸ਼ਾਂਤੀ ਸਮਝੌਤੇ ਤੋਂ ਦੂਰ ਸਨ ਅਤੇ ਉਹ ਦੋ ਹਫ਼ਤਿਆਂ ਲਈ ਜੰਗਬੰਦੀ 'ਤੇ ਰਾਜ਼ੀ ਹੋਏ ਹਨ ਤਾਂ ਕਿ ਗੱਲਬਾਤ ਜਾਰੀ ਰਹਿ ਸਕੇ।
ਇਹ ਬਿਲਕੁਲ ਆਖ਼ਰੀ ਮਿੰਟ ਨਹੀਂ ਸੀ, ਪਰ ਟਰੰਪ ਦੀ ਰਾਤ ਅੱਠ ਵਜੇ (ਭਾਰਤੀ ਸਮੇਂ ਮੁਤਾਬਕ ਸਵੇਰੇ 5.30 ਵਜੇ )ਦੀ ਡੈਡਲਾਈਨ ਦੇ ਕਾਫੀ ਨੇੜੇ ਸੀ। ਟਰੰਪ ਦੇ ਮੁਤਾਬਕ ਜੇਕਰ ਇਸ ਸਮਾਂ ਹੱਦ ਤੱਕ ਸਮਝੌਤਾ ਨਾ ਹੁੰਦਾ ਤਾਂ ਅਮਰੀਕਾ ਈਰਾਨ ਦੇ ਊਰਜਾ ਅਤੇ ਆਵਾਜਾਈ ਬੁਨਿਆਦੀ ਢਾਂਚੇ 'ਤੇ ਵੱਡਾ ਹਮਲਾ ਕਰਨ ਵਾਲਾ ਸੀ।
ਇਹ ਸਭ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਈਰਾਨ ਵੀ ਦੁਸ਼ਮਣੀ ਨੂੰ ਟਾਲੇ ਅਤੇ ਹੋਰਮੁਜ਼ ਜਲਡਮਰੂ ਨੂੰ ਕਮਰਸ਼ੀਅਲ ਸ਼ਿਪਿੰਗ ਟਰੈਫਿਕ ਲਈ ਖੋਲ੍ਹੇ, ਜੋ ਕਿ ਉਹ ਕਹਿ ਰਿਹਾ ਹੈ ਕਿ ਕਰੇਗਾ।
ਪਰ ਇਹ ਉਹ ਪ੍ਰੋਗ੍ਰੈਸ ਹੈ ਜੋ ਮੰਗਲਵਾਰ ਸਵੇਰ ਤੱਕ ਨਿਸ਼ਚਿਤ ਨਹੀਂ ਸੀ ਜਦੋਂ ਟਰੰਪ ਨੇ ਈਰਾਨੀ ਸੱਭਿਅਤਾ ਦੇ ਅੰਤ ਦੀ ਧਮਕੀ ਦਿੱਤੀ ਸੀ।
ਕੀ ਅਮਰੀਕੀ ਰਾਸ਼ਟਰਪਤੀ ਦੀ ਇਸ ਧਮਕੀ ਨੇ ਈਰਾਨ 'ਤੇ ਅਜਿਹੀ ਜੰਗਬੰਦੀ ਲਈ ਰਾਜ਼ੀ ਹੋਣ ਦਾ ਦਬਾਅ ਪਾਇਆ, ਜਿਸ ਬਾਰੇ ਪਹਿਲਾਂ ਉਨ੍ਹਾਂ ਨੇ ਅਸਹਿਮਤੀ ਪ੍ਰਗਟ ਕੀਤੀ ਸੀ, ਇਸ ਬਾਰੇ ਕੁਝ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ।
ਸਪਸ਼ਟ ਇਹ ਹੈ ਕਿ ਟਰੰਪ ਦਾ ਹੈਰਾਨੀਜਨਕ, ਭੜਕਾਊ ਐਲਾਨ ਕਿਸੇ ਵੀ ਆਧੁਨਿਕ ਅਮਰੀਕੀ ਰਾਸ਼ਟਰਪਤੀ ਵੱਲੋਂ ਕਦੇ ਵੀ ਕੀਤੇ ਗਏ ਸੰਕੇਤ ਤੋਂ ਉਲਟ ਹੈ।
ਅਤੇ ਜੇ ਦੋ ਹਫ਼ਤਿਆਂ ਦੀ ਜੰਗਬੰਦੀ ਸਥਾਈ ਸ਼ਾਂਤੀ ਵਿੱਚ ਬਦਲਦੀ ਹੈ ਤਾਂ ਈਰਾਨ ਜੰਗ ਅਤੇ ਟਰੰਪ ਦਾ ਹਾਲੀਆ ਬਿਆਨ- ਅਮਰੀਕਾ ਪ੍ਰਤੀ ਬਾਕੀ ਦੁਨੀਆਂ ਦਾ ਨਜ਼ਰੀਆ ਬਦਲ ਸਕਦਾ ਹੈ।
ਇੱਕ ਦੇਸ਼ ਜੋ ਕਦੇ ਖ਼ੁਦ ਨੂੰ ਦੁਨੀਆਂ ਭਰ ਵਿੱਚ ਸਥਿਰ ਸ਼ਕਤੀ ਵਜੋਂ ਪੇਸ਼ ਕਰਦਾ ਸੀ, ਹੁਣ ਕੌਮਾਂਤਰੀ ਵਿਵਸਥਾ ਦੀ ਬੁਨਿਆਦ ਨੂੰ ਹਿਲਾ ਰਿਹਾ ਹੈ। ਇੱਕ ਅਜਿਹਾ ਰਾਸ਼ਟਰਪਤੀ ਜੋ ਘਰੇਲੂ ਸਿਆਸਤ ਵਿੱਚ ਨਿਯਮਾਂ ਅਤੇ ਰਿਵਾਇਤਾਂ ਨੂੰ ਤੋੜਦਾ ਹੈ, ਵਿਸ਼ਵ ਮੰਚ 'ਤੇ ਵੀ ਉਹੀ ਕਰ ਰਿਹਾ ਹੈ।
ਅਮਰੀਕਾ ਦੇ ਸਿਆਸਤਦਾਨਾਂ ਨੇ ਟਰੰਪ ਦੇ ਇਨ੍ਹਾਂ ਸ਼ਬਦਾਂ ਬਾਰੇ ਕੀ ਕਿਹਾ?

ਤਸਵੀਰ ਸਰੋਤ, Getty Images
ਡੈਮੋਕਰੇਟਾਂ ਨੇ ਮੰਗਲਵਾਰ ਨੂੰ ਟਰੰਪ ਦੇ ਸ਼ਬਦਾਂ ਦੀ ਨਿਖੇਧੀ ਕਰਨ ਵਿੱਚ ਦੇਰੀ ਨਹੀਂ ਕੀਤੀ, ਇੱਥੋਂ ਤੱਕ ਕਿ ਕਈਆਂ ਨੇ ਤਾਂ ਟਰੰਪ ਨੂੰ ਅਹੁਦੇ ਤੋਂ ਲਾਹੇ ਜਾਣ ਦੀ ਗੱਲ ਵੀ ਕਹੀ।
ਕਾਂਗਰਸ ਮੈਂਬਰ ਜੌਕੁਇਨ ਕੈਸਟਰੋ ਨੇ ਐਕਸ 'ਤੇ ਲਿਖਿਆ, "ਇਹ ਸਪਸ਼ਟ ਹੈ ਕਿ ਰਾਸ਼ਟਰਪਤੀ ਲਗਾਤਾਰ ਨਿਘਾਰ ਵੱਲ ਜਾ ਰਹੇ ਹਨ ਅਤੇ ਅਗਵਾਈ ਕਰਨ ਲਈ ਫਿਟ ਨਹੀਂ ਹਨ।"
ਯੂਐਸ ਸੈਨੇਟ ਵਿੱਚ ਡੈਮੋਕਰੇਟ ਚੱਕ ਸਕੁਮਰ ਨੇ ਕਿਹਾ ਕਿ ਜੋ ਵੀ ਰਿਪਬਲਿਕਨ ਈਰਾਨ ਜੰਗ ਖਤਮ ਕਰਨ ਲਈ ਵੋਟਿੰਗ ਵਿੱਚ ਸ਼ਾਮਲ ਨਹੀਂ ਹੋਇਆ, ਉਹ "ਇਸ ਦੇ ਹਰ ਨਤੀਜੇ ਲਈ ਜ਼ਿੰਮੇਵਾਰੀ ਚੁੱਕੇਗਾ।"
ਜਦਕਿ ਟਰੰਪ ਦੀ ਆਪਣੀ ਪਾਰਟੀ ਵਿੱਚ ਕਈ ਆਪਣੇ ਰਾਸ਼ਟਰਪਤੀ ਦੇ ਨਾਲ ਖੜ੍ਹੇ ਨਜ਼ਰ ਆਏ, ਹਾਲਾਂਕਿ ਇਹ ਉਸ ਤਰ੍ਹਾਂ ਦੇ ਸਮਰਥਨ ਤੋਂ ਦੂਰ ਸੀ ਜੋ ਟਰੰਪ ਅਕਸਰ ਮਾਣਦੇ ਹਨ।
ਜੌਰਜੀਆ ਤੋਂ ਰਿਪਲੀਕਨ ਕਾਂਗਰਸ ਮੈਂਬਰ ਅਤੇ ਹਾਊਸ ਆਰਮਡ ਸਰਵਿਸ ਕਮੇਟੀ ਦੇ ਸੀਨੀਅਰ ਮੈਂਬਰ ਆਸਟਿਨ ਸਕਾਟ ਨੇ ਇੱਕ ਸੱਭਿਅਤਾ ਖਤਮ ਕਰਨ ਵਾਲੀ ਟਰੰਪ ਦੀ ਧਮਕੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਉਨ੍ਹਾਂ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, " ਰਾਸ਼ਟਰਪਤੀ ਦੀਆਂ ਟਿੱਪਣੀਆਂ ਉਸਾਰੂ ਨਹੀਂ ਹਨ। ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਹਾਂ।"
ਵਿਸਕਾਨਸਿਨ ਸੈਨੇਟਰ ਰੌਨ ਜੌਹਨਸਨ ਜੋ ਕਿ ਵੈਸੇ ਟਰੰਪ ਦੇ ਵਫ਼ਾਦਾਰ ਹਨ, ਨੇ ਕਿਹਾ ਕਿ ਜੇ ਟਰੰਪ ਬੰਬਾਰੀ ਵਾਲੀ ਮੁਹਿੰਮ ਜਾਰੀ ਰੱਖਦੇ ਹਨ ਤਾਂ ਇਹ 'ਬਹੁਤ ਵੱਡੀ ਗਲਤੀ' ਹੋਏਗੀ।
ਟੈਕਸਾਸ ਤੋਂ ਕਾਂਗਰਸ ਮੈਂਬਰ ਨੈਥੇਨੀਅਲ ਮੋਰਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਨ੍ਹਾਂ ਨੇ' 'ਪੂਰੀ ਸੱਭਿਅਤਾ' ਦੀ ਤਬਾਹੀ ਦਾ ਸਮਰਥਨ ਨਹੀਂ ਕੀਤਾ ਸੀ।
ਉਨ੍ਹਾਂ ਲਿਖਿਆ, "ਅਸੀਂ ਇਹ ਨਹੀਂ ਹਾਂ। ਇਹ ਉਨ੍ਹਾਂ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ ਜਿਨ੍ਹਾਂ ਨੇ ਹਮੇਸ਼ਾ ਤੋਂ ਅਮਰੀਕਾ ਨੂੰ ਰਾਹ ਦਿਖਾਇਆ ਹੈ।"
ਅਲਾਸਕਾ ਤੋਂ ਸੈਨੇਟਰ ਲੀਸਾ ਮੁਰਕੋਵਸਕੀ ਜੋ ਅਕਸਰ ਰਾਸ਼ਟਰਪਤੀ ਤੋਂ ਉੱਖੜੇ ਰਹਿੰਦੇ ਹਨ, ਨੇ ਵੀ ਸਿੱਧੇ ਰੂਪ ਵਿੱਚ ਲਿਖਿਆ ਕਿ ਰਾਸ਼ਟਰਪਤੀ ਦੀ ਧਮਕੀ ਨੂੰ "ਈਰਾਨ ਨਾਲ ਗੱਲਬਾਤ ਵਿੱਚ ਫ਼ਾਇਦਾ ਲੈਣ ਦੀ ਕੋਸ਼ਿਸ਼ ਵਜੋਂ ਮਾਫ਼ ਨਹੀਂ ਕੀਤਾ ਜਾ ਸਕਦਾ।"
ਹਾਲਾਂਕਿ, ਸੰਭਾਵਨਾ ਹੈ ਕਿ ਵ੍ਹਾਈਟ ਹਾਊਸ ਜਵਾਬ ਦੇ ਸਕਦਾ ਹੈ ਕਿ ਲਾਭ ਹੋਇਆ ਹੈ।
ਆਪਣੀ ਟਰੁੱਥ ਸੋਸ਼ਲ ਪੋਸਟ ਵਿੱਚ ਜੰਗਬੰਦੀ ਦਾ ਐਲਾਨ ਕਰਦਿਆਂ ਟਰੰਪ ਨੇ ਕਿਹਾ ਕਿ ਯੂਐਸ ਨੇ ਆਪਣੇ ਮਿਲਟਰੀ ਉਦੇਸ਼ 'ਪੂਰੇ ਕੀਤੇ ਹਨ ਅਤੇ ਪਾਰ ਕੀਤੇ ਹਨ'।
ਕੀ ਸਥਾਈ ਹੱਲ ਬਣੇਗੀ ਇਹ ਆਰਜ਼ੀ ਰਾਹਤ ?

ਤਸਵੀਰ ਸਰੋਤ, Getty Images
ਈਰਾਨ ਦੀ ਮਿਲਟਰੀ ਕਮਜ਼ੋਰ ਹੋਈ ਹੈ। ਭਾਵੇਂ ਕਿ ਇਸ ਦਾ ਇਸਲਾਮਿਕ ਕੱਟੜ ਸ਼ਾਸਨ ਹਾਲੇ ਵੀ ਸੱਤਾ ਵਿੱਚ ਹੈ, ਪਰ ਇਸ ਦੇ ਕਈ ਉੱਚ ਨੇਤਾ ਹਮਲਿਆਂ ਵਿੱਚ ਮਾਰੇ ਜਾ ਚੁੱਕੇ ਹਨ।
ਇਸ ਵੇਲੇ, ਅਮਰੀਕਾ ਦੇ ਕਈ ਮੰਤਵ ਹਾਲੇ ਵੀ ਸ਼ੱਕ ਦੇ ਦਾਇਰੇ ਵਿਚ ਹਨ। ਈਰਾਨ ਦੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਦੀ ਬੁਨਿਆਦ ਇੱਥੋਂ ਦੇ ਇਨਰਿਚ ਯੁਰੇਨੀਅਮ ਭੰਡਾਰ ਦਾ ਨਿਪਟਾਰੇ ਬਾਰੇ ਹਾਲੇ ਪਤਾ ਨਹੀਂ ਹੈ। ਦੇਸ਼ ਦਾ ਹਾਲੇ ਵੀ ਯਮਨ ਵਿੱਚ ਹੋਤੀ ਬਾਗ਼ੀਆਂ ਜਿਹੀਆਂ ਖੇਤਰੀ ਪ੍ਰੋਕਸੀਆਂ 'ਤੇ ਪ੍ਰਭਾਵ ਹੈ।
ਅਤੇ ਜੇ ਈਰਾਨ ਟੋਲ਼ ਜਾਂ ਹੋਰ ਭੁਗਤਾਨਾਂ ਸਬੰਧੀ ਸ਼ਰਤਾਂ ਤੋਂ ਬਿਨ੍ਹਾਂ ਹੋਰਮੁਜ਼ ਜਲਡਮਰੂ ਨੂੰ ਪੂਰੀ ਤਰ੍ਹਾਂ ਖੋਲ੍ਹ ਵੀ ਦਿੰਦਾ ਹੈ ਤਾਂ ਇਸ ਦੀ ਭੂ-ਰਾਜਨਿਤਿਕ 'ਚੋਕਪੁਆਇੰਟ' ਨੂੰ ਕਾਬੂ ਕਰਨ ਦੀ ਯੋਗਤਾ ਪਹਿਲਾਂ ਨਾਲੋਂ ਵੀ ਸਪਸ਼ਟ ਹੋ ਜਾਂਦੀ ਹੈ।
ਟਰੰਪ ਦੇ ਜੰਗਬੰਦੀ ਵਾਲੇ ਸੰਦੇਸ਼ ਤੋਂ ਬਾਅਦ ਈਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਗਚੀ ਨੇ ਕਿਹਾ ਕਿ ਈਰਾਨ ਆਪਣੇ 'ਬਚਾਅ ਅਪਰੇਸ਼ਨ' ਰੋਕ ਦੇਵੇਗਾ ਅਤੇ "ਈਰਾਨ ਦੀਆਂ ਹਥਿਆਰਬੰਦ ਫੌਜਾਂ ਜ਼ਰੀਏ" ਹੋਰਮੁਜ਼ ਸਟ੍ਰੇਟ ਦੇ ਸੁਰੱਖਿਅਤ ਲਾਂਘੇ ਦੀ ਇਜਾਜ਼ਤ ਦੇਵੇਗਾ।
ਉਨ੍ਹਾਂ ਕਿਹਾ ਕਿ ਅਮਰੀਕਾ ਨੇ ਈਰਾਨ ਦੇ 10 ਬਿੰਦੂਆਂ ਵਾਲੇ ਪ੍ਰਸਤਾਅ ਦੇ ਆਮ ਫਰੇਮਵਰਕ ਨੂੰ ਸਵੀਕਾਰ ਕਰ ਲਿਆ ਹੈ।
ਉਸ ਪ੍ਰਸਤਾਅ ਵਿੱਚ ਅਮਰੀਕਾ ਵੱਲੋਂ ਉਨ੍ਹਾਂ ਦੇ ਖੇਤਰ ਤੋਂ ਆਪਣੀਆਂ ਫੌਜਾਂ ਹਟਾਉਣਾ, ਈਰਾਨ ਤੋਂ ਆਰਥਿਕ ਪਾਬੰਦੀਆਂ ਹਟਾਉਣਾ, ਜੰਗ ਦੌਰਾਨ ਹੋਏ ਨੁਕਸਾਨਾਂ ਲਈ ਮੁਆਵਜ਼ਾ ਦੇਣਾ ਅਤੇ ਈਰਾਨ ਨੂੰ ਹਾਰਮੁਜ਼ 'ਤੇ ਨਿਯੰਤਰਨ ਬਣਾਏ ਰੱਖਣ ਦੀ ਇਜਾਜ਼ਤ ਦੇਣਾ ਸ਼ਾਮਲ ਹੈ। ਇਹ ਕਲਪਨਾ ਕਰਨੀ ਮੁਸ਼ਕਿਲ ਹੈ ਕਿ ਟਰੰਪ ਅਸਲ ਵਿੱਚ ਇਨ੍ਹਾਂ ਸ਼ਰਤਾਂ ਨੂੰ ਮੰਨਣਗੇ- ਇਹ ਸੰਕੇਤ ਹੈ ਕਿ ਅਗਲੇ ਦੋ ਹਫ਼ਤਿਆਂ ਦੌਰਾਨ ਗੱਲਬਾਤ ਵਿਸ਼ਵਾਸਘਾਤ ਭਰੀ ਹੋ ਸਕਦੀ ਹੈ।
ਹਾਲਾਂਕਿ ਇਸ ਸਮੇਂ ਲਈ, ਇਹ ਟਰੰਪ ਦੀ ਸਿਆਸੀ ਜਿੱਤ ਹੈ। ਉਸ ਨੇ ਇੱਕ ਨਾਟਕੀ ਧਮਕੀ ਦਿੱਤੀ ਅਤੇ ਇੱਛਾ ਮੁਤਾਬਕ ਨਤੀਜਾ ਹਾਸਿਲ ਕੀਤਾ। ਪਰ ਜੰਗਬੰਦੀ ਇੱਕ ਰਾਹਤ ਹੈ, ਪੱਕਾ ਸਮਝੌਤਾ ਨਹੀਂ।
ਰਾਸ਼ਟਰਪਤੀ ਦੇ ਸ਼ਬਦਾਂ ਅਤੇ ਕੰਮਾਂ ਦੀ ਲੰਬੇ ਸਮੇਂ ਦੌਰਾਨ ਕੀਮਤ, ਅਤੇ ਸਮੁੱਚੀ ਜੰਗ ਦਾ ਹਾਲੇ ਮੁਲਾਂਕਣ ਕੀਤੇ ਜਾਣਾ ਬਾਕੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





























