ਵਰਿੰਦਾਵਨ 'ਚ ਪੰਜਾਬ ਦੇ ਸ਼ਰਧਾਲੂਆਂ ਦੀ ਕਿਸ਼ਤੀ ਪਲਟਣ ਕਰਕੇ 10 ਮੌਤਾਂ, ਜਗਰਾਓਂ ਤੋਂ ਗਏ ਇਹ ਲੋਕ ਕਿਵੇਂ ਹੋਏ ਹਾਦਸੇ ਦਾ ਸ਼ਿਕਾਰ

ਤਸਵੀਰ ਸਰੋਤ, ANI
''ਈਸ਼ਾਨ ਦੀ ਮ੍ਰਿਤਕ ਦੇਹ ਸਾਨੂੰ ਉਸਦੇ ਦੋਸਤ ਨੇ ਵੀਡੀਓ ਕਾਲ 'ਤੇ ਦਿਖਾਈ।'' ਭਾਵੁਕ ਹੁੰਦਿਆਂ ਇਹ ਗੱਲ ਸਾਂਝੀ ਕੀਤੀ ਹੈ ਜਗਰਾਓਂ ਦੇ ਰਹਿਣ ਵਾਲੇ ਕ੍ਰਿਸ਼ਨ ਕਟਾਰੀਆ ਨੇ।
ਕ੍ਰਿਸ਼ਨ ਕਟਾਰੀਆ ਵਰਿੰਦਾਵਨ ਕਿਸ਼ਤੀ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ 26 ਸਾਲਾ ਈਸ਼ਾਨ ਕਟਾਰੀਆ ਦੇ ਦਾਦਾ ਹਨ।
ਉਨ੍ਹਾਂ ਦੱਸਿਆ ਕਿ ਈਸ਼ਾਨ ਦੇ ਦੋਸਤ ਨੇ ਫੋਨ ਕਰਕੇ ਦੱਸਿਆ ਕਿ ਵਰਿੰਦਾਵਨ ਵਿੱਚ ਯਮੁਨਾ ਨਦੀ ਵਿੱਚ ਕਿਸ਼ਤੀ ਪਲਟ ਗਈ ਜਿਸ ਕਾਰਨ ਈਸ਼ਾਨ ਦੀ ਜਾਨ ਚਲੀ ਗਈ।

ਤਸਵੀਰ ਸਰੋਤ, family handout
ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਵਰਿੰਦਾਵਨ 'ਚ ਯਮੁਨਾ ਨਦੀ 'ਚ ਕਿਸ਼ਤੀ ਪਲਟਣ ਨਾਲ 10 ਲੋਕਾਂ ਦੀ ਮੌਤ ਹੋ ਗਈ ਹੈ। ਆਗਰਾ ਜ਼ੋਨ ਦੀ ਏਡੀਜੀ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ।
ਉੱਧਰ ਮਥੁਰਾ ਦੇ ਜ਼ਿਲ੍ਹਾ ਅਧਿਕਾਰੀ ਚੰਦਰ ਪ੍ਰਕਾਸ਼ ਸਿੰਘ ਨੇ ਕਿਹਾ, ਬੇੜੀ ਵਿੱਚ ਪੰਜਾਬ ਤੋਂ ਆਏ 30 ਦੇ ਕਰੀਬ ਸ਼ਰਧਾਲੂ ਸਵਾਰ ਸਨ।
ਉਨ੍ਹਾਂ ਕਿਹਾ, ਮਥੁਰਾ ਦੇ ਥਾਣਾ ਵਰਿੰਦਾਵਨ ਇਲਾਕੇ ਵਿੱਚ ਕਾਸ਼ੀ ਘਾਟ ਤੇ ਵੱਡਾ ਹਾਦਸਾ ਹੋਇਆ ਜਦੋਂ ਪੰਜਾਬ ਤੋਂ ਆਏ ਸ਼ਰਧਾਲੂਆਂ ਦੀ ਬੇੜੀ ਅਚਾਨਕ ਪਲਟ ਗਈ। ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਤੇ ਕਈ ਲਾਪਤਾ ਹੋ ਗਏ।''
ਆਗਰਾ ਜ਼ੋਨ ਦੇ ਏਡੀਜੀ ਅਨੁਪਮਾ ਕੁਲਸ਼੍ਰੇਸ਼ਠਾ ਨੇ ਦੱਸਿਆ, "ਕਿਸ਼ਤੀ 'ਤੇ 25-27 ਲੋਕ ਸਵਾਰ ਸਨ ਹਾਲਾਂਕਿ ਸਟੀਕ ਜਾਣਕਾਰੀ ਅਜੇ ਨਹੀਂ ਹੈ। ਰੈਸਕਿਊ ਆਪ੍ਰੇਸ਼ਨ ਦੌਰਾਨ ਹੁਣ ਤੱਕ 13 ਲੋਕਾਂ ਨੂੰ ਬਚਾਇਆ ਜਾ ਚੁੱਕਿਆ ਅਤੇ ਬਚਾਅ ਮੁਹਿੰਮ ਲਗਾਤਾਰ ਜਾਰੀ ਹੈ। 10 ਲੋਕਾਂ ਦੀ ਹੁਣ ਤੱਕ ਮੌਤ ਹੋਈ ਹੈ ਜਿਨ੍ਹਾਂ 'ਚੋਂ 5 ਪੁਰਸ਼ ਅਤੇ 5 ਔਰਤਾਂ ਸ਼ਾਮਿਲ ਹਨ। ਤਿੰਨ ਤੋਂ ਚਾਰ ਲਾਪਤਾ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।"
ਜਾਣਕਾਰੀ ਮੁਤਾਬਕ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਕਈ ਸ਼ਰਧਾਲੂ ਵਰਿੰਦਾਵਨ ਗਏ ਸਨ। ਮੌਕੇ 'ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਲਾਪਤਾ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਜਗਰਾਓਂ ਦੇ 26 ਸਾਲਾ ਈਸ਼ਾਨ ਕਟਾਰੀਆ ਦੀ ਗਈ ਜਾਨ

ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਦੀ ਰਿਪੋਰਟ ਮੁਤਾਬਕ ਵਰਿੰਦਵਨ ਹਾਦਸੇ ਵਿੱਚ ਮਾਰੇ ਜਾਣ ਵਾਲੇ ਲੋਕਾਂ ਵਿੱਚ ਜਗਰਾਓਂ ਦੇ ਰਹਿਣ ਵਾਲੇ 5 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ਵਿੱਚੋਂ ਈਸ਼ਾਨ ਕਟਾਰੀਆ ਇੱਕ ਸਨ।
ਈਸ਼ਾਨ ਦੇ ਪਰਿਵਾਰ ਨਾਲ ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨੇ ਗੱਲਬਾਤ ਕੀਤੀ।
ਈਸ਼ਾਨ ਦੇ ਦਾਦਾ ਕ੍ਰਿਸ਼ਨ ਕਟਾਰੀਆ ਨੇ ਭਾਵੁਕ ਹੁੰਦਿਆ ਦੱਸਿਆ, ''ਮੇਰੇ ਪੋਤੇ ਦੀ ਉਮਰ 26 ਸਾਲ ਸੀ, ਪੜ੍ਹਾਈ ਪੂਰੀ ਕਰਕੇ ਉਹ ਪੇਪਰ ਦੀ ਤਿਆਰੀ ਕਰ ਰਿਹਾ ਸੀ। ਕੱਲ੍ਹ ਇੱਥੋਂ ਵਰਿੰਦਾਵਨ ਲਈ ਬੱਸ ਜਾ ਰਹੀ ਸੀ, ਤਾਂ ਉਸ ਵਿੱਚ ਹੋਰਨਾਂ ਲੋਕਾਂ ਨਾਲ ਚਲਾ ਗਿਆ।''
''ਸਾਨੂੰ 4 ਵਜੇ ਦੇ ਕਰੀਬ ਇਸ ਹਾਦਸੇ ਬਾਰੇ ਪਤਾ ਲੱਗਾ। ਮੇਰੇ ਪਰਿਵਾਰ ਦੇ ਕੁਝ ਮੈਂਬਰ ਉਦੋਂ ਹੀ ਵਰਿੰਦਾਵਨ ਲਈ ਰਵਾਨਾ ਹੋ ਗਏ ਸਨ। ਈਸ਼ਾਨ ਦੇ ਦੋਸਤ ਨੇ ਫੋਨ ਕਰਕੇ ਸਾਨੂੰ ਹਾਦਸੇ ਬਾਰੇ ਦੱਸਿਆ ਕਿ ਬੇੜੀ ਪਲਟ ਗਈ ਹੈ , ਦੋਸਤਾਂ ਨੇ ਵੀਡੀਓ ਕਾਲ ਕਰਕੇ ਸਾਨੂੰ ਮ੍ਰਿਤਕ ਦੇਹ ਦਿਖਾਈ।''
ਕ੍ਰਿਸ਼ਨ ਕਟਾਰੀਆ ਮੁਤਾਬਕ ਪਰਿਵਾਰ ਵਿੱਚ 4 ਮੈਂਬਰ ਹੀ ਹਨ, ਭੈਣ ਦਾ ਵਿਆਹ ਕਰ ਦਿੱਤਾ ਸੀ ਤੇ ਹੁਣ ਈਸ਼ਾਨ ਦੇ ਵਿਆਹ ਦੀਆਂ ਤਿਆਰੀਆਂ ਸੀ।
ਭਾਵੁਕ ਹੁੰਦਿਆਂ ਉਨ੍ਹਾਂ ਕਿਹਾ ਸਾਡੇ ਮਨ ਵਿੱਚ ਉਸ ਨੂੰ ਲੈ ਕੇ ਬਹੁਤ ਰੀਝਾਂ ਸੀ ਪਰ ਮਾਲਕ ਨੂੰ ਮਨਜ਼ੂਰ ਨਹੀਂ ਸੀ।
ਉਨ੍ਹਾਂ ਕਿਹਾ ਈਸ਼ਾਨ ਬਹੁਤ ਚੰਗੇ ਸੁਭਾਅ ਦਾ ਸੀ, ਬਹੁਤ ਨੇਕ ਸੀ, ਸਭ ਉਸਦੀਆਂ ਤਰੀਫ਼ਾਂ ਕਰਦੇ ਸੀ।
ਈਸ਼ਾਨ ਪਰਿਵਾਰ ਦੇ ਇੱਕ ਹੋਰ ਮੈਂਬਰ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਈਸ਼ਾਨ ਦੇ ਜਾਣ ਨਾਲ ਸਾਡਾ ਘਰ ਬਰਬਾਦ ਹੋ ਗਿਆ ਹੈ।
ਹਾਦਸੇ ਦੀ ਵਜ੍ਹਾ ਕੀ ਸੀ ?
ਉੱਧਰ ਮਥੁਰਾ ਦੇ ਡੀਆਈਜੀ ਸ਼ੈਲੇਸ਼ ਕੁਮਾਰ ਪਾਂਡੇ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, "ਦੁਪਹਿਰ ਕਰੀਬ ਸਵਾ ਤਿੰਨ ਵਜੇ ਯਮੁਨਾ ਨਦੀ 'ਤੇ ਕਿਸ਼ਤੀ ਨਾਲ ਹਾਦਸਾ ਵਾਪਰਨ ਦੀ ਖ਼ਬਰ ਮਿਲੀ।"
"ਜਾਣਕਾਰੀ ਮੁਤਾਬਕ ਕਿਸ਼ਤੀ 'ਚ ਕਰੀਬ 25 ਤੋਂ 27 ਲੋਕ ਸਵਾਰ ਸਨ। ਸ਼ੁਰੂਆਤੀ ਜਾਂਚ 'ਚ ਚਸ਼ਮਦੀਦਾਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ 'ਤੇ ਸਾਹਮਣੇ ਆਇਆ ਕਿ ਇਹ ਹਾਦਸਾ ਪਨਟੂਨ ਬ੍ਰਿਜ ਨਾਲ ਕਿਸ਼ਤੀ ਦੀ ਟੱਕਰ ਹੋਣ ਕਾਰਨ ਵਾਪਰਿਆ।"
"ਹੁਣ ਤੱਕ ਮੌਕੇ ਤੋਂ 10 ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ। ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚ ਰਹੀਆਂ ਹਨ। ਲਾਪਤਾ ਲੋਕਾਂ ਦੀ ਤਲਾਸ਼ ਲਗਾਤਾਰ ਕੀਤੀ ਜਾ ਰਹੀ ਹੈ।"

ਤਸਵੀਰ ਸਰੋਤ, ANI
ਮਥੁਰਾ ਦੇ ਡੀਐੱਮ ਸੀਪੀ ਸਿੰਘ ਨੇ ਏਐਨਆਈ ਨੂੰ ਦੱਸਿਆ, "ਲੁਧਿਆਣਾ ਤੋਂ ਕਰੀਬ 132 ਲੋਕ ਦਰਸ਼ਨਾਂ ਲਈ ਇੱਥੇ ਪਹੁੰਚੇ ਸਨ। ਸੂਚੀ ਨਾਲ ਸਾਰੇ ਸ਼ਰਧਾਲੂਆਂ ਦਾ ਮਿਲਾਨ ਕੀਤਾ ਜਾ ਰਿਹਾ ਹੈ। ਸੂਚੀ 'ਚ ਦਰਜ ਦੋ ਤੋਂ ਤਿੰਨ ਲੋਕ ਅਜੇ ਲਾਪਤਾ ਹਨ।"
ਉਨ੍ਹਾਂ ਨੇ ਅੱਗੇ ਦੱਸਿਆ, "ਹਾਦਸੇ 'ਚ 10 ਲੋਕਾਂ ਦੀ ਦੁੱਖਦਾਈ ਮੌਤ ਹੋਈ ਹੈ। ਜਿਨ੍ਹਾਂ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਉਹ ਖਤਰੇ ਤੋਂ ਬਾਹਰ ਹਨ। ਮ੍ਰਿਤਕ ਦੇਹਾਂ ਜਲਦ ਉਨ੍ਹਾਂ ਦੇ ਘਰ ਪਹੁੰਚਾਈਆਂ ਜਾਣਗੀਆਂ।"
ਉੱਤਰ ਪ੍ਰਦੇਸ਼ ਸਰਕਾਰ ਨਾਲ ਸੰਪਰਕ 'ਚ ਹਾਂ: ਸੀਐੱਮ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਲਗਾਤਾਰ ਉੱਤਰ ਪ੍ਰਦੇਸ਼ ਸਰਕਾਰ ਨਾਲ ਸੰਪਰਕ 'ਚ ਹਨ। ਐਕਸ 'ਤੇ ਜਾਣਕਾਰੀ ਦਿੰਦਿਆਂ ਸੀਐੱਮ ਨੇ ਲਿਖਿਆ ਕਿ ਮਥੁਰਾ ਕਿਸ਼ਤੀ ਹਾਦਸੇ ਦੇ ਸੰਬੰਧ ਵਿੱਚ ਉਨ੍ਹਾਂ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨਾਲ ਗੱਲ ਕੀਤੀ ਗਈ। ਪੀੜਤਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਮੈਂ ਪੀੜਤ ਪਰਿਵਾਰਾਂ ਅਤੇ ਸਾਕ-ਸਬੰਧੀਆਂ ਨਾਲ ਆਪਣੀ ਦਿਲੀ ਹਮਦਰਦੀ ਸਾਂਝੀ ਕਰਦਾ ਹਾਂ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਉਨ੍ਹਾਂ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖਸ਼ਣ ਅਤੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ।"

ਤਸਵੀਰ ਸਰੋਤ, Getty Images
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਵੀ ਹਾਦਸੇ 'ਤੇ ਦੁੱਖ ਜਤਾਇਆ। ਉਨ੍ਹਾਂ ਲਿਖਿਆ, "ਸਬੰਧਤ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚ ਕੇ ਬਚਾਅ ਅਤੇ ਰਾਹਤ ਕਾਰਜ ਤੇਜ਼ ਕਰਨ ਅਤੇ ਜ਼ਖਮੀਆਂ ਦਾ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।"
ਲੁਧਿਆਣਾ ਅਤੇ ਜਗਰਾਓਂ 'ਚ ਕੰਟਰੋਲ ਰੂਮ ਸਥਾਪਿਤ
ਮਥੁਰਾ 'ਚ ਵਾਪਰੇ ਹਾਦਸੇ ਦੇ ਮੱਦੇਨਜ਼ਰ ਲੁਧਿਆਣਾ ਅਤੇ ਜਗਰਾਓਂ 'ਚ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਗਏ ਹਨ।
01624223226 (ਐਸਡੀਐਮ ਜਗਰਾਓਂ ਦਫ਼ਤਰ) ਅਤੇ 01612403100 (ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ) ਦੀ 24 ਘੰਟੇ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੀ ਗਈ ਹੈ, ਜਿਸ 'ਤੇ ਹਾਦਸੇ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਲੁਧਿਆਣਾ ਦੇ ਡੀਸੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਬਿਹਤਰ ਤਾਲਮੇਲ ਲਈ ਸਿਵਿਲ ਅਤੇ ਪੁਲਿਸ ਅਫਸਰਾਂ ਦੀਆਂ ਵਿਸ਼ੇਸ਼ ਟੀਮਾਂ ਵਰਿੰਦਾਵਨ ਲਈ ਰਵਾਨਾ ਕਰ ਦਿੱਤੀਆਂ ਗਈਆਂ ਹਨ।
ਲੁਧਿਆਣਾ ਦੇ ਡੀਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਅਫ਼ਵਾਹਾਂ ਦਾ ਧਿਆਨ ਨਾ ਦੇਣ।
ਜਗਰਾਓਂ ਦੇ ਐੱਸਐੱਸਪੀ ਅੰਕੁਰ ਗੁਪਤਾ ਨਾਲ ਬੀਬੀਸੀ ਪੰਜਾਬੀ ਨੇ ਗੱਲਬਾਤ ਕੀਤੀ।
ਐੱਸਐੱਸਪੀ ਅੰਕੁਰ ਗੁਪਤਾ ਨੇ ਦੱਸਿਆ, "ਜਗਰਾਓਂ ਤੋਂ ਦੋ ਬੱਸਾਂ ਰਵਾਨਾ ਹੋਈਆਂ ਸਨ। ਇਨ੍ਹਾਂ ਬੱਸਾਂ 'ਚ 100 ਦੇ ਕਰੀਬ ਸ਼ਰਧਾਲੂ ਸਵਾਰ ਸਨ। ਜਗਰਾਓਂ, ਮੋਗਾ ਅਤੇ ਅੰਬਾਲਾ ਤੋਂ ਸ਼ਰਧਾਲੂ ਇਨ੍ਹਾਂ ਬੱਸਾਂ ਜ਼ਰੀਏ ਰਵਾਨਾ ਹੋਏ ਸਨ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ 'ਤੇ ਜਤਾਇਆ ਦੁੱਖ

ਤਸਵੀਰ ਸਰੋਤ, ANI
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸ਼ਤੀ ਪਲਟਣ ਨਾਲ ਹੋਈਆਂ ਮੌਤਾਂ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਸੋਸ਼ਲ ਮੀਡੀਆ ਪਲੈਟਫਾਰਮ ਐਕਸ 'ਤੇ ਜਾਰੀ ਟਵੀਟ 'ਚ ਉਨ੍ਹਾਂ ਲਿਖਿਆ, "ਉੱਤਰ ਪ੍ਰਦੇਸ਼ ਦੇ ਮਥੁਰਾ 'ਚ ਕਿਸ਼ਤੀ ਪਲਟਣ ਨਾਲ ਵਾਪਰੇ ਹਾਦਸੇ ਨਾਲ ਬੇਹੱਦ ਦੁੱਖ ਪਹੁੰਚਿਆ। ਇਸ ਹਾਦਸੇ 'ਚ ਜਾਨ ਗਵਾਉਣ ਵਾਲਿਆਂ ਦੇ ਕਰੀਬੀਆਂ ਨਾਲ ਮੇਰੀ ਹਮਦਰਦੀ ਹੈ। ਜ਼ਖਮੀਆਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਪੀੜਤ ਲੋਕਾਂ ਦੀ ਮਦਦ 'ਚ ਜੁਟਿਆ ਹੋਇਆ।"

ਤਸਵੀਰ ਸਰੋਤ, ANI
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੀ ਹਾਦਸੇ 'ਤੇ ਦੁੱਖ ਜਤਾਇਆ। ਉਨ੍ਹਾਂ ਨੇ ਟਵੀਟ ਕੀਤਾ, "ਜਗਰਾਓਂ ਤੋਂ ਵਰਿੰਦਾਵਨ ਗਏ ਸ਼ਰਧਾਲੂਆਂ ਦੀ ਕਿਸ਼ਤੀ ਪਲਟਣ ਕਾਰਨ ਵਾਪਰੇ ਹਾਦਸੇ ਨਾਲ ਸਦਮੇ 'ਚ ਹਾਂ। ਧਾਰਮਿਕ ਯਾਤਰਾ ਦੌਰਾਨ ਆਪਣਿਆਂ ਨੂੰ ਗਵਾਉਣ ਵਾਲਿਆਂ ਦੇ ਦੁੱਖ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਪ੍ਰਸ਼ਾਸਨ ਵੱਲੋਂ ਮੌਕੇ 'ਤੇ ਲਗਾਤਾਰ ਰੈਸਕਿਊ ਅਭਿਆਨ ਚਲਾਇਆ ਜਾ ਰਿਹਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹਾਦਸੇ 'ਤੇ ਦੁੱਖ ਜਤਾਉਂਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ ਅਤੇ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਲਾਪਤਾ ਲੋਕਾਂ ਨੂੰ ਜਲਦ ਰੈਸਕਿਊ ਕਰ ਲਿਆ ਜਾਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























