'ਕਮਲ ਕੌਰ ਭਾਬੀ' ਦੇ ਕਤਲ ਦਾ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਕਿਵੇਂ ਭਾਰਤ ਲਿਆਂਦਾ ਗਿਆ, ਜਾਣੋ ਕੀ ਸੀ ਕੇਸ ਤੇ ਕੀ ਹੈ ਮਹਿਰੋਂ ਦਾ ਪਿਛੋਕੜ

'ਕਮਲ ਕੌਰ ਭਾਬੀ' ਦੇ ਕਤਲ ਦਾ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਭਾਰਤ ਲਿਆਂਦਾ ਗਿਆ

ਤਸਵੀਰ ਸਰੋਤ, AAP / kamalkaurbhabhi/Instagram

ਤਸਵੀਰ ਕੈਪਸ਼ਨ, ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਦੇਸ਼ ਤੋਂ ਭੱਜ ਗਿਆ ਸੀ
ਪੜ੍ਹਨ ਦਾ ਸਮਾਂ: 8 ਮਿੰਟ

ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ 'ਕਮਲ ਕੌਰ ਭਾਬੀ' ਦੇ ਕਤਲ ਮਾਮਲੇ ਵਿੱਚ ਨਾਮਜ਼ਦ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਭਾਰਤ ਲਿਆਂਦਾ ਗਿਆ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ 'ਤੇ ਪੋਸਟ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਪੰਜਾਬ ਦੇ ਲੁਧਿਆਣਾ ਦੀ ਕੰਚਨ ਕੁਮਾਰੀ ਉਰਫ਼ 'ਕਮਲ ਕੌਰ ਭਾਬੀ' ਦੀ ਲਾਸ਼ ਬਠਿੰਡਾ ਦੇ ਭੁੱਚੋਂ ਕਲਾਂ ਕਸਬੇ ਵਿੱਚ ਪੈਂਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਗੱਡੀ ਵਿੱਚੋਂ 11 ਜੂਨ ਸ਼ਾਮ ਨੂੰ ਬਰਾਮਦ ਹੋਈ ਸੀ।

ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਕਤਲ ਤੋਂ ਬਾਅਦ ਦੋ ਵੀਡੀਓਜ਼ ਪਾ ਕੇ ਇਸ ਕਤਲ ਨੂੰ ਜਾਇਜ਼ ਠਹਿਰਾਇਆ ਸੀ ਅਤੇ ਕੋਈ ਹੋਰਾਂ ਨੂੰ ਧਮਕੀਆਂ ਦਿੱਤੀਆਂ ਸਨ।

ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਦੋ ਸਾਥੀ ਇਸ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ, ਜਦਕਿ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਫਰਾਰ ਹੋਣ ਦੀ ਗੱਲ ਆਖੀ ਸੀ।

ਜਾਣਕਾਰੀ ਮੁਤਾਬਕ, ਹੁਣ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ 10 ਅਪ੍ਰੈਲ 2026 ਦੀ ਸਵੇਰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਨੇ ਹੋਰ ਕੀ ਜਾਣਕਾਰੀ ਦਿੱਤੀ ਹੈ

ਡੀਜੀਪੀ ਗੌਰਵ ਯਾਦਵ ਦਾ ਬਿਆਨ

ਤਸਵੀਰ ਸਰੋਤ, @DGPPunjabPolice/x

ਡੀਜੀਪੀ ਗੌਰਵ ਯਾਦਵ ਦੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੋਂ ਪਾਈ ਗਈ ਪੋਸਟ ਵਿੱਚ ਲਿਖਿਆ ਹੈ ਕਿ, 11.06.2025 ਨੂੰ ਮੁਲਜ਼ਮ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਪੀੜਤਾ ਨੂੰ ਅਗਵਾ ਕਰਕੇ ਉਸਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਆਦੇਸ਼ ਹਸਪਤਾਲ, ਬਠਿੰਡਾ ਵਿੱਚ ਖੜੀ ਇੱਕ ਕਾਰ ਵਿੱਚ ਛੱਡ ਦਿੱਤਾ। ਇਸ ਮਾਮਲੇ ਵਿੱਚ ਉਸਦੇ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਪਰਾਧ ਕਰਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋਂ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਦੇਸ਼ ਤੋਂ ਭੱਜ ਗਿਆ ਸੀ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਨਾਲ ਮਿਲ ਕੇ ਉਸਦੀ ਸਥਿਤੀ ਮਿਡਲ ਈਸਟ ਵਿੱਚ ਟ੍ਰੇਸ ਕੀਤੀ ਅਤੇ ਹਵਾਲਗੀ (ਐਕਸਟ੍ਰਾਡਿਸ਼ਨ) ਦੀ ਕਾਰਵਾਈ ਸ਼ੁਰੂ ਕੀਤੀ।

ਇਸ ਤੋਂ ਬਾਅਦ ਉਸਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਭਾਰਤ ਵਾਪਸ ਭੇਜਿਆ ਗਿਆ।

ਇਸਦੇ ਨਾਲ ਹੀ ਉਨ੍ਹਾਂ ਇੱਹ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਪੰਜਾਬ ਪੁਲਿਸ ਦੇ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲਿਜਾਂਦੇ ਹੋਏ ਨਜ਼ਰ ਆ ਰਹੇ ਹਨ।

ਬੀਬੀਸੀ ਸਹਿਯੋਗੀ ਮਨੋਜ ਸ਼ਰਮਾ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ, ਦੁਬਈ ਤੋਂ ਭਾਰਤ ਲਿਆਂਦਾ ਗਿਆ ਹੈ ਅਤੇ ਅੱਜ ਬਠਿੰਡਾ ਵਿਖੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਇਸ ਬਾਰੇ ਐਕਸ 'ਤੇ ਪੋਸਟ ਕਰਦਿਆਂ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਅਧੀਨ ਓਐਫਟੀਈਸੀ (ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ) ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਕਤਲ ਦੇ ਮੁੱਖ ਮੁਲਜ਼ਮ ਅਤੇ ਭਗੌੜੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਮੱਧ ਪੂਰਬ ਤੋਂ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਕੀ ਬੋਲੇ ਕੰਚਨ ਕੁਮਾਰੀ ਦੇ ਮਾਤਾ

ਕੰਚਨ ਕੁਮਾਰੀ ਦੇ ਮਾਤਾ
ਤਸਵੀਰ ਕੈਪਸ਼ਨ, ਕੰਚਨ ਕੁਮਾਰੀ ਦੇ ਮਾਤਾ ਗਿਰਿਜਾ ਦੇਵੀ ਨੇ ਕਿਹਾ, "ਮੈਂ ਇਨਸਾਫ ਚਾਹੁੰਦੀ ਹਾਂ, ਉਸ ਨੂੰ ਸਜ਼ਾ ਮਿਲੇ"

ਕੰਚਨ ਕੁਮਾਰੀ ਦੇ ਮਾਤਾ ਗਿਰਿਜਾ ਦੇਵੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ''ਉਹ ਮੇਰੀ ਧੀ ਨੂੰ ਧੋਖੇ ਨਾਲ ਇੱਥੋਂ ਲੈਕੇ ਗਿਆ ਸੀ। ਮੈਨੂੰ ਇਨਸਾਫ ਚਾਹੀਦਾ ਹੈ।''

ਉਨ੍ਹਾਂ ਕਿਹਾ, ''ਮੇਰੀ ਧੀ ਨੇ ਉਸਦਾ ਕੋਈ ਨੁਕਸਾਨ ਨਹੀਂ ਕੀਤਾ ਸੀ। ਸੋਸ਼ਲ ਮੀਡੀਆ 'ਤੇ ਕੰਮ ਕਰਦੀ ਸੀ, ਸਾਰੀ ਦੁਨੀਆ ਕਰਦੀ ਹੈ। ਜੇ ਉਸਨੂੰ ਮੇਰੀ ਧੀ ਨਾਲ ਕੋਈ ਇਤਰਾਜ਼ ਸੀ, ਤਾਂ ਮੈਨੂੰ ਮਿਲਦਾ, ਮੈਂ ਉਸਦੀ ਗਾਰਜੀਅਨ ਸੀ। ਮੈਨੂੰ ਕਹਿੰਦਾ ਕਿ ਮਾਤਾ ਇਸਨੂੰ ਰੋਕ ਲਵੋ।'

''ਸਾਡਾ ਬੱਚਾ ਸਾਡੀਆਂ ਅੱਖਾਂ ਸਾਹਮਣਿਓਂ ਲੈਕੇ ਗਿਆ। ਮੇਰੇ ਘਰ 'ਚ ਬੈਠਾ, ਠੰਡਾ ਪਾਣੀ ਪੀਤਾ। ਧੋਖੇ ਨਾਲ ਲੈਕੇ ਗਿਆ ਮੇਰੀ ਧੀ ਨੂੰ, ਕਿ ਗੱਡੀ ਦਾ ਪ੍ਰਮੋਸ਼ਨ ਕਰਨਾ ਹੈ।''

''ਮੇਰੀ ਧੀ ਨੇ ਕਿਹਾ ਕਿ ਮੇਰੀ ਮਾਂ ਦੀ ਸਿਹਤ ਠੀਕ ਨਹੀਂ, ਮੈਂ ਨਹੀਂ ਜਾ ਸਕਦੀ। ਉਹ ਤਿੰਨ ਦਿਨ ਮੇਰੇ ਕੋਲ ਆਇਆ ਤੇ ਮੇਰੀ ਧੀ ਨੂੰ ਧੋਖੇ ਨਾਲ ਲੈ ਗਿਆ। ਉੱਥੇ ਉਸਨੂੰ ਮਾਰ ਕੇ ਸੁੱਟ ਦਿੱਤਾ।''

''ਅਸੀਂ ਲਾਸ਼ ਲੈਣ ਗਏ ਸੀ ਪਰ ਉਹ ਸੜ ਚੁੱਕੀ ਸੀ। ਲਿਆਉਣ ਦੀ ਹਾਲਤ ਵਿੱਚ ਨਹੀਂ ਸੀ।''

''ਉਹੀ ਮੇਰੀ ਧੀ ਸੀ, ਮੇਰਾ ਪੁੱਤ ਸੀ। ਮੈਂ ਇਨਸਾਫ ਚਾਹੁੰਦੀ ਹਾਂ, ਉਸ ਨੂੰ ਸਜ਼ਾ ਮਿਲੇ। ਜਿਵੇਂ ਮੈਂ ਤੜਫ ਰਹੀ ਹਾਂ, ਉਸਦੇ ਮਾਪੇ ਵੀ ਉਸੇ ਤਰ੍ਹਾਂ ਤੜਫਣ।''

ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਝੂਠ ਬੋਲਿਆ ਹੈ ਕਿ ਉਸਨੇ ਮੇਰੀ ਧੀ ਨੂੰ ਉਸਦੇ ਪਿਤਾ ਦੇ ਇਲਾਜ ਲਈ ਪੈਸੇ ਦਿੱਤੇ ਸਨ।

ਉਨ੍ਹਾਂ ਅੰਮ੍ਰਿਤਪਾਲ ਸਿੰਘ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ।

ਕੌਣ ਹੈ ਅੰਮ੍ਰਿਤਪਾਲ ਸਿੰਘ ਮਹਿਰੋਂ

ਅੰਮ੍ਰਿਤਪਾਲ ਸਿੰਘ ਮਹਿਰੋਂ

ਤਸਵੀਰ ਸਰੋਤ, AAP

ਤਸਵੀਰ ਕੈਪਸ਼ਨ, ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ 10 ਅਪ੍ਰੈਲ 2026 ਦੀ ਸਵੇਰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ

ਅੰਮ੍ਰਿਤਪਾਲ ਸਿੰਘ ਪਿੰਡ ਮਹਿਰੋਂ ਦੇ ਵਸਨੀਕ ਹਨ ਅਤੇ ਉਹ ਪਿਛਲੇ ਕੁਝ ਸਾਲਾਂ ਤੋਂ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਰਹਿੰਦੇ ਸਨ।

ਅਸਲ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਸਾਲ 2022 ਵਿੱਚ ਉਸ ਵੇਲੇ ਚਰਚਾ ਵਿੱਚ ਆਏ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਨੇੜੇ ਬਣੀ ਹੈਰੀਟੇਜ਼ ਸਟਰੀਟ ਵਿੱਚ ਲੱਗੀਆਂ ਲੋਕ ਨਾਚ ਦੀਆਂ ਮੂਰਤੀਆਂ ਨੂੰ ਤੋੜ ਦਿੱਤਾ ਗਿਆ ਸੀ।

ਉਸ ਮੌਕੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ 'ਕੌਮ ਦੇ ਰਾਖੇ' ਨਾਂ ਦਾ ਇੱਕ ਸੰਗਠਨ ਵੀ ਕਾਇਮ ਕੀਤਾ ਸੀ।

ਅੰਮ੍ਰਿਤਪਾਲ ਸਿੰਘ ਮਹਿਰੋਂ ਸੋਸ਼ਲ ਮੀਡੀਆ ਉੱਪਰ ਅਕਸਰ ਹੀ ਵਿਵਾਦਪੂਰਨ ਬਿਆਨ ਦੇਣ ਕਾਰਨ ਚਰਚਾ ਵਿੱਚ ਰਹਿੰਦੇ ਸਨ।

ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀਆਂ ਜ਼ਿਆਦਾਤਰ ਟਿੱਪਣੀਆਂ ਸਿੱਖ ਕੌਮ ਦੇ ਮਸਲਿਆਂ ਨਾਲ ਜੁੜੀਆਂ ਹੁੰਦੀਆਂ ਸਨ।

ਪਿੰਡ ਮਹਿਰੋਂ ਦੇ ਵਸਨੀਕ ਮਲਕੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਜਦੋਂ ਤੋਂ ਸਿੱਖ ਧਰਮ ਦੇ ਮਾਮਲਿਆਂ ਉੱਤੇ ਬੋਲਣ ਲੱਗੇ ਸਨ, ਉਸ ਤੋਂ ਬਾਅਦ ਜ਼ਿਆਦਾਤਰ ਉਹ ਪਿੰਡ ਤੋਂ ਬਾਹਰ ਹੀ ਰਹਿੰਦੇ ਸਨ।

ਬੀਬੀਸੀ ਸਹਿਯੋਗੀ ਸੁਰਿੰਦਰ ਸਿੰਘ ਮਾਨ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਪੰਜਾਬ ਪੁਲਿਸ ਦੇ ਰਿਕਾਰਡ ਮੁਤਾਬਕ ਅੰਮ੍ਰਿਤਪਾਲ ਸਿੰਘ ਖਿਲਾਫ਼ ਇਸ ਤੋਂ ਪਹਿਲਾਂ ਹਿੰਸਾ ਕਰਨ ਅਤੇ ਕਥਿਤ ਤੌਰ 'ਤੇ ਇਰਾਦਾ-ਏ-ਕਤਲ ਦਾ ਇੱਕ ਮਾਮਲਾ ਦਰਜ ਹੈ।

ਸਾਲ 2024 ਵਿੱਚ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਖਿਲਾਫ਼ ਇੱਕ ਸੰਗੀਤ ਕੰਪਨੀ ਦੇ ਮਾਲਕ ਨੂੰ ਕਥਿਤ ਤੌਰ 'ਤੇ ਧਮਕਾਉਣ ਦਾ ਮਾਮਲਾ ਵੀ ਦਰਜ ਕੀਤਾ ਸੀ।

ਅੰਮ੍ਰਿਤਪਾਲ ਸਿੰਘ ਮਹਿਰੋਂ

ਤਸਵੀਰ ਸਰੋਤ, amritpalsinghmehron/instagram

ਤਸਵੀਰ ਕੈਪਸ਼ਨ, ਅੰਮ੍ਰਿਤਪਾਲ ਸਿੰਘ ਮਹਿਰੋਂ ਸਾਲ 2022 ਵਿੱਚ ਉਸ ਵੇਲੇ ਚਰਚਾ ਵਿੱਚ ਆਇਆ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਨੇੜੇ ਬਣੀ ਹੈਰੀਟੇਜ਼ ਸਟਰੀਟ ਵਿੱਚ ਲੱਗੀਆਂ ਲੋਕ ਨਾਚ ਦੀਆਂ ਮੂਰਤੀਆਂ ਨੂੰ ਤੋੜ ਦਿੱਤਾ ਗਿਆ ਸੀ

ਅੰਮ੍ਰਿਤਪਾਲ ਸਿੰਘ ਮਹਿਰੋਂ ਚਰਚਾ ਵਿੱਚ ਆਉਣ ਦੇ ਨਾਲ ਨਾਲ ਸਿਆਸਤ ਵਿੱਚ ਵੀ ਕਾਫੀ ਰੁਚੀ ਰੱਖਦੇ ਸਨ।

ਉਨ੍ਹਾਂ ਨੇ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ ਸਾਬਕਾ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਟਿਕਟ ਉੱਪਰ ਚੋਣ ਵੀ ਲੜੀ ਸੀ।

ਇਹ ਵੱਖਰੀ ਗੱਲ ਹੈ ਕਿ ਇਸ ਚੋਣ ਵਿੱਚ ਉਹ ਸਫ਼ਲ ਨਹੀਂ ਹੋ ਸਕੇ ਸਨ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਜਥੇਬੰਦਕ ਸਕੱਤਰ ਮਨਜੀਤ ਸਿੰਘ ਮੱਲਾ ਨੇ 'ਬੀਬੀਸੀ' ਨੂੰ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਧਾਰਮਿਕ ਬਿਰਤੀ ਨੂੰ ਦੇਖਦੇ ਹੋਏ ਇੱਕ ਨੌਜਵਾਨ ਆਗੂ ਵਜੋਂ ਉਨਾਂ ਨੂੰ ਪਾਰਟੀ ਦੀ ਟਿਕਟ ਦਿੱਤੀ ਗਈ ਸੀ।

ਇਹ ਚੋਣ ਹਾਰਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋਂ ਅਕਸਰ ਹੀ ਸਿਆਸਤ ਵਿੱਚ ਦਾਖ਼ਲ ਹੋਣ ਦੀਆਂ ਗੱਲਾਂ ਤੋਂ ਟਾਲਾ ਵੱਟਦੇ ਨਜ਼ਰ ਆਉਂਦੇ ਸੀ।

ਭਾਵੇਂ ਉਨਾਂ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਸਨ ਪਰ ਹਾਲੇ ਤੱਕ ਪੁਲਿਸ ਵੱਲੋਂ ਉਨਾਂ ਨੂੰ ਬਕਾਇਦਾ ਤੌਰ 'ਤੇ ਕਿਸੇ ਵੀ ਮਾਮਲੇ ਵਿੱਚ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ।

ਕੌਣ ਸੀ ਕਮਲ ਕੌਰ

ਕੰਚਨ ਕੁਮਾਰੀ

ਤਸਵੀਰ ਸਰੋਤ, kamalkaurbhabhi/Instagram

ਤਸਵੀਰ ਕੈਪਸ਼ਨ, ਕੰਚਨ ਕੁਮਾਰੀ ਦੀ ਲਾਸ਼ ਪੁਲਿਸ ਨੂੰ ਭੁੱਚੋ ਹਲਕੇ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਇੱਕ ਕਾਰ 'ਚੋਂ ਮਿਲੀ ਸੀ

30 ਸਾਲਾ ਕਮਲ ਕੌਰ ਦਾ ਅਸਲੀ ਨਾਮ ਕੰਚਨ ਕੁਮਾਰੀ ਸੀ ਅਤੇ ਉਹ ਸੋਸ਼ਲ ਮੀਡੀਆ ਨਾਮ 'ਕਮਲ ਕੌਰ ਭਾਬੀ' ਨਾਲ ਜਾਣੀ ਜਾਂਦੇ ਸਨ।

ਉਹ ਆਪਣੇ ਅਕਾਊਂਟ ਤੋਂ ਲਗਾਤਾਰ ਰੀਲਾਂ ਅਤੇ ਪੋਸਟ ਸ਼ੇਅਰ ਕਰਦੇ ਸਨ, ਜਿਹੜੀਆਂ ਅਕਸਰ 'ਦੋਹਰੇ ਅਰਥਾਂ' ਅਤੇ 'ਲੱਚਰਤਾ' ਕਰਕੇ ਆਲੋਚਨਾ ਦਾ ਕਾਰਨ ਬਣਦੀਆਂ ਸਨ।

ਇੰਸਟਾਗ੍ਰਾਮ ਉੱਤੇ ਉਨ੍ਹਾਂ ਨੇ 1,351 ਪੋਸਟਾਂ ਸਾਂਝੀਆਂ ਕੀਤੀਆਂ ਹਨ। ਉਹ ਕਈ ਹੋਰ ਸੋਸ਼ਲ ਮੀਡੀਆ ਸਾਈਟਾਂ 'ਤੇ ਵੀ ਸਰਗਰਮ ਸਨ।

ਉਨ੍ਹਾਂ ਨੂੰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਧਮਕੀਆਂ ਵੀ ਮਿਲੀਆਂ ਸਨ।

ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਮੁਤਾਬਕ, ਕੁਝ ਮਹੀਨੇ ਪਹਿਲਾਂ ਵਿਦੇਸ਼ ਵਿੱਚ ਸਥਿਤ ਇੱਕ ਗੈਂਗਸਟਰ ਨੇ ਕੰਚਨ ਦੀਆਂ ਪੋਸਟਾਂ ਵਿੱਚ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਕਰਕੇ ਆਲੋਚਨਾ ਵੀ ਕੀਤੀ ਸੀ।

ਪੁਲਿਸ ਮੁਤਾਬਕ, ਮ੍ਰਿਤਕਾ ਲੁਧਿਆਣਾ ਦੇ ਲਕਸ਼ਮਣ ਨਗਰ ਵਿੱਚ ਆਪਣੇ ਮਾਤਾ-ਪਿਤਾ, ਦੋ ਭਰਾਵਾਂ ਅਤੇ ਦੋ ਭੈਣਾਂ ਨਾਲ ਰਹਿੰਦੀ ਸੀ।

ਘਟਨਾ ਤੋਂ ਬਾਅਦ ਮ੍ਰਿਤਕਾ ਦੀ ਮਾਂ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਗਿਆ ਸੀ, ''ਉਹ 9 ਜੂਨ ਦੀ ਸ਼ਾਮ ਨੂੰ ਆਪਣੇ ਲੁਧਿਆਣਾ ਵਿਚਲੇ ਘਰੋਂ ਨਿਕਲੀ ਸੀ। ਉਸ ਦਾ ਮੋਬਾਈਲ ਫੋਨ ਉਸੇ ਦਿਨ ਦੀ ਰਾਤ ਤੱਕ ਐਕਟਿਵ ਸੀ। ਉਹ ਇੱਕ ਪ੍ਰਚਾਰ ਪ੍ਰੋਗਰਾਮ ਵਾਸਤੇ ਬਠਿੰਡਾ ਗਈ ਸੀ। ਰਾਤ ਦੇ 11 ਵਜੇ ਤੋਂ ਬਾਅਦ ਕੰਚਨ ਕੁਮਾਰੀ ਦਾ ਆਪਣੇ ਪਰਿਵਾਰ ਨਾਲ ਸੰਪਰਕ ਨਹੀਂ ਹੋਇਆ।''

'ਕਮਲ ਕੌਰ ਭਾਬੀ' ਦਾ ਕਤਲ ਕੇਸ

ਕੰਚਨ ਕੁਮਾਰੀ

ਤਸਵੀਰ ਸਰੋਤ, kamalkaurbhabhi/Instagram

ਤਸਵੀਰ ਕੈਪਸ਼ਨ, ਕੰਚਨ ਕੁਮਾਰੀ ਸੋਸ਼ਲ ਮੀਡੀਆ 'ਤੇ 'ਕਮਲ ਕੌਰ ਭਾਬੀ' ਦੇ ਨਾਮ ਨਾਲ ਜਾਣੀ ਜਾਂਦੀ ਸੀ

ਕਮਲ ਕੌਰ ਦੀ ਲਾਸ਼ ਬਠਿੰਡਾ ਦੇ ਭੁੱਚੋ ਹਲਕੇ ਵਿੱਚ ਪੈਂਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਇੱਕ ਕਾਰ ਵਿੱਚੋਂ ਮਿਲੀ ਸੀ।

ਪਾਰਕਿੰਗ ਵਿੱਚ ਖੜ੍ਹੀ ਇੱਕ ਗੱਡੀ ਵਿੱਚੋਂ ਬੁਦਬੂ ਆਉਣ ਤੋਂ ਬਾਅਦ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਜਦੋਂ ਪੁਲਿਸ ਨੇ ਕਾਰ ਖੋਲ਼੍ਹੀ ਤਾਂ ਇਸ ਦੀ ਪਿਛਲੀ ਸੀਟ ਉੱਤੋਂ 'ਕਮਲ ਕੌਰ' ਦੀ ਲਾਸ਼ ਬਰਾਮਦ ਹੋਈ।

ਪੁਲਿਸ ਮੁਤਾਬਕ ਮੁਲਜ਼ਮਾਂ ਨੇ ਕਥਿਤ ਤੌਰ ਉੱਤੇ ਗਲ਼ਾ ਘੁੱਟ ਕੇ ਕੰਚਨ ਕੁਮਾਰੀ ਦਾ ਕਤਲ ਕਰ ਦਿੱਤਾ ਸੀ।

ਬਠਿੰਡਾ ਪੁਲਿਸ ਨੇ ਉਸ ਵੇਲੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਸੀ ਕਿ ''7-8 ਜੂਨ ਨੂੰ ਅੰਮ੍ਰਿਤਪਾਲ ਸਿੰਘ ਮਹਿਰੋਂ ਕੰਚਨ ਦੇ ਘਰ ਗਿਆ ਸੀ। ਪਰ ਕੰਚਨ ਦੇ ਘਰ ਨਾ ਹੋਣ ਕਰਕੇ ਉਹ ਵਾਪਸ ਚਲਾ ਗਿਆ।''

''ਫਿਰ 9 ਜੂਨ ਨੂੰ ਕਾਰ ਪ੍ਰਮੋਸ਼ਨ ਦੇ ਬਹਾਨੇ ਮੁਲਜ਼ਮ ਜਸਪ੍ਰੀਤ ਅਤੇ ਚਰਨਜੀਤ ਸਿੰਘ ਕੰਚਨ ਨੂੰ ਬਠਿੰਡਾ ਲੈ ਗਏ। ਕੰਚਨ ਆਪਣੀ ਕਾਰ ਵਿੱਚ ਗਈ ਅਤੇ ਮੁਲਜ਼ਮ ਆਪਣੀ ਕਾਰ ਵਿੱਚ।''

ਪੁਲਿਸ ਨੇ ਦਾਅਵਾ ਕੀਤਾ ਕਿ ਬਠਿੰਡਾ ਪਹੁੰਚ ਕੇ ਕੰਚਨ ਦੀ ਗੱਡੀ ਨੂੰ ਠੀਕ ਕਰਵਾਉਣ ਲਈ ਇੱਕ ਗੈਰਾਜ ਵਿੱਚ ਲਗਾ ਦਿੱਤਾ ਗਿਆ। ਗੱਡੀ ਠੀਕ ਹੋਣ ਤੋਂ ਬਾਅਦ ਲਗਭਗ ਇੱਕ ਵਜੇ ਕਿਸੇ ਸੁੰਨਸਾਨ ਜਗ੍ਹਾ ਉੱਤੇ ਲਿਜਾ ਕੇ ਉਸ ਦਾ ਗਲ਼ਾ ਘੁੱਟ ਕੇ ਕਥਿਤ ਤੌਰ ਉੱਤੇ ਕਤਲ ਕਰ ਦਿੱਤਾ ਗਿਆ।

ਪੁਲਿਸ ਮੁਤਾਬਕ, ਕਤਲ ਕਰਨ ਮਗਰੋਂ ਮੁਲਜ਼ਮਾਂ ਨੇ ਲਾਸ਼ ਨੂੰ ਗੱਡੀ ਵਿੱਚ ਪਾਇਆ ਅਤੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਕਰ ਦਿੱਤੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)