ਨੋਵਾਕ ਦੇ ਕਾਤਲ ਦਾ ਪਹਿਲਾ ਰਿਕਾਰਡ ਹੋਇਆ ਇਕਬਾਲੀਆ ਬਿਆਨ ਸਾਹਮਣੇ ਆਇਆ

ਤਸਵੀਰ ਸਰੋਤ, Hampshire Police
- ਲੇਖਕ, ਨਿੱਕੀ ਮਿਛੇਲ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਹੈਨਰੀ ਨੋਵਾਕ ਦੇ ਕਤਲ ਤੋਂ ਸਿਰਫ਼ 36 ਘੰਟਿਆਂ ਦੇ ਅੰਦਰ, ਵਿਕਰਮ ਦਿਗਵਾ ਪੁਲਿਸ ਵੈਨ ਦੇ ਪਿਛਲੇ ਹਿੱਸੇ ਵਿੱਚ ਆਪਣੇ ਭਰਾ ਗੁਰਪ੍ਰੀਤ ਦਿਗਵਾ ਕੋਲ ਇਹ ਮੰਨਦੇ ਹੋਏ ਰਿਕਾਰਡ ਹੋਏ ਕਿ ਉਸ ਨੇ ਨੌਜਵਾਨ ਉੱਤੇ ਕਈ ਵਾਰ ਕੀਤੇ ਸਨ।
ਦੋਵੇਂ ਭਰਾ ਪੰਜਾਬੀ ਵਿੱਚ ਗੱਲ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ 5 ਦਸੰਬਰ 2025 ਨੂੰ ਪੁਲਿਸ, ਪੁਲਿਸ ਸਟੇਸ਼ਨ ਤੋਂ ਅਦਾਲਤ ਵੱਲ ਹਿਰਾਸਤ ਵਧਾਉਣ ਦੀ ਸੁਣਵਾਈ ਲਈ ਲੈ ਕੇ ਜਾ ਰਹੀ ਸੀ।
ਦਿਗਵਾ ਨੇ ਇਸ ਤੋਂ ਪਹਿਲਾਂ ਆਪਣੇ ਪਰਿਵਾਰ ਅਤੇ ਪੁਲਿਸ ਨਾਲ ਸਾਊਥਹੈਂਪਟਨ ਵਿੱਚ ਕਤਲ ਵਾਲੀ ਥਾਂ 'ਤੇ ਝੂਠ ਬੋਲਿਆ ਸੀ। ਉਹ ਇਹ ਦਾਅਵਾ ਕਰਦਾ ਰਿਹਾ ਕਿ ਉਸ 'ਤੇ "ਨਸਲੀ ਹਮਲਾ" ਹੋਇਆ ਸੀ ਅਤੇ ਉਸ ਨੇ ਸਿਰਫ਼ ਸਵੈ-ਰੱਖਿਆ ਵਿੱਚ ਵਿਦਿਆਰਥੀ ਨੂੰ "ਧੱਕਾ" ਦਿੱਤਾ ਅਤੇ "ਮੁੱਕੇ" ਮਾਰੇ ਸਨ।
ਹੁਣ, ਬੀਬੀਸੀ ਵੱਲੋਂ ਪ੍ਰਾਪਤ ਕੀਤੀ ਗਈ ਦੋਵੇਂ ਭਰਾਵਾਂ ਦੀ ਗੱਲਬਾਤ ਦੀ ਪ੍ਰਤੀਲਿਪੀ (ਟ੍ਰਾਂਸਕ੍ਰਿਪਟ) ਦਿਗਵਾ ਦੇ ਇਕਬਾਲੀਆ ਬਿਆਨ ਦੇ ਵੇਰਵੇ ਸਾਹਮਣੇ ਲਿਆਉਂਦੀ ਹੈ ਅਤੇ ਦਿਖਾਉਂਦੀ ਹੈ ਕਿ ਚਾਰਾਂ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਉਨ੍ਹਾਂ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਉਹ ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ "ਬਚਾਏ"।
ਇਹ ਪ੍ਰਤੀਲਿਪੀ (ਟ੍ਰਾਂਸਕ੍ਰਿਪਟ) ਦੋਵੇਂ ਭਰਾਵਾਂ ਦੀ ਗੱਲਬਾਤ ਦਾ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਕੀਤਾ ਗਿਆ ਅਨੁਵਾਦ ਹੈ ਅਤੇ ਦਿਗਵਾ ਦੇ ਕਤਲ ਦੇ ਮੁਕੱਦਮੇ ਦੌਰਾਨ ਇਸ ਦਾ ਹਵਾਲਾ ਦਿੱਤਾ ਗਿਆ ਸੀ।
ਇਸ ਰਿਪੋਰਟ ਵਿੱਚ ਸ਼ਾਮਲ ਕੀਤੇ ਗਏ ਅੰਸ਼ ਉਸ ਦਸਤਾਵੇਜ਼ ਵਿੱਚੋਂ ਲਏ ਗਏ ਹਨ, ਜਿਸ ਦੀ ਬੀਬੀਸੀ ਨੇ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀਪੀਐੱਸ) ਤੋਂ ਮੰਗ ਕੀਤੀ ਸੀ।

ਤਸਵੀਰ ਸਰੋਤ, AFP via Getty Images
ਜਦੋਂ ਗੁਰਪ੍ਰੀਤ ਦਿਗਵਾ ਨੇ ਆਪਣੇ ਭਰਾ ਵਿਕਰਮ ਦਿਗਵਾ ਨੂੰ ਪੁੱਛਿਆ, "ਤੂੰ ਕੀ ਕੀਤਾ? ਕੀ ਤੂੰ ਸੱਚਮੁੱਚ ਕੁਝ ਕੀਤਾ ਵੀ ਸੀ?", ਤਾਂ ਪ੍ਰਤੀਲਿਪੀ ਮੁਤਾਬਕ ਉਸ ਨੇ ਆਪਣੇ ਮੋਢੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ, "ਇੱਕ ਇੱਥੇ, ਚਿਹਰੇ ਵੱਲ ਅਤੇ ਇੱਕ ਛਾਤੀ ਵਿੱਚ।"
27 ਸਾਲਾ ਗੁਰਪ੍ਰੀਤ ਦਿਗਵਾ ਨੇ ਉਸ ਨੂੰ ਕਿਹਾ, "ਤੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ।" 23 ਸਾਲਾ ਵਿਕਰਮ ਦਿਗਵਾ ਨੇ ਜਵਾਬ ਦਿੱਤਾ ਕਿ ਇਹ ਉਸ ਦੀ ਹੀ ਗਲਤੀ ਸੀ।
ਵੱਖ-ਵੱਖ ਮੌਕਿਆਂ 'ਤੇ ਗੁਰਪ੍ਰੀਤ ਦਿਗਵਾ ਨੇ ਆਪਣੇ ਭਰਾ ਨੂੰ ਕਿਹਾ ਕਿ ਉਸ ਨੂੰ (ਹੈਨਰੀ ਨੋਵਾਕ) ਨੂੰ "ਸਿਰਫ਼ ਧੱਕਾ ਦੇਣਾ ਚਾਹੀਦਾ ਸੀ" ਜਾਂ "ਉਸ ਨੂੰ ਮਾਰਨਾ ਜਾਂ ਕੁੱਟਣਾ ਚਾਹੀਦਾ ਸੀ"।
ਉਸ ਨੇ ਪੁੱਛਿਆ: "ਤੂੰ ਕਿਰਪਾਨ ਕਿਉਂ ਵਰਤੀ?"
ਦਿਗਵਾ ਨੇ ਜਵਾਬ ਦਿੱਤਾ: "ਮੈਂ ਮੂਰਖ ਹਾਂ।"
ਕਤਲ ਵਿੱਚ ਵਰਤੇ ਗਏ 8 ਇੰਚ (21 ਸੈਂਟੀਮੀਟਰ) ਦੇ ਹਥਿਆਰ ਨੂੰ "ਕਿਰਪਾਨ" ਕਹਿਣ 'ਤੇ ਕਈ ਸਿੱਖਾਂ ਵੱਲੋਂ ਇਤਰਾਜ਼ ਕੀਤਾ ਗਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਕਿਰਪਾਨ ਇੱਕ ਛੋਟੀ, ਵੱਖਰੀ ਬਣਾਵਟ ਵਾਲੀ ਧਾਰਮਿਕ ਰਸਮੀ ਤਲਵਾਰ ਹੁੰਦੀ ਹੈ, ਜਿਸ ਨੂੰ ਸਿੱਖ ਆਪਣੇ ਧਰਮ ਦੇ ਪ੍ਰਤੀਕ ਵਜੋਂ ਧਾਰਨ ਕਰਦੇ ਹਨ। ਇਹ ਇਨਸਾਫ਼ ਦੀ ਰੱਖਿਆ ਕਰਨ ਅਤੇ ਹੋਰਨਾਂ ਦੀ ਸੁਰੱਖਿਆ ਕਰਨ ਦੇ ਫ਼ਰਜ਼ ਦਾ ਪ੍ਰਤੀਕ ਹੈ।

ਤਸਵੀਰ ਸਰੋਤ, BBC and Crown Prosecution Service
ਭਾਵੇਂ ਸਿੱਖ ਰਹਿਤ ਮਰਿਆਦਾ 'ਤੇ ਅਮਲ ਕਰਨ ਵਾਲੇ ਸਿੱਖਾਂ ਨੂੰ ਧਾਰਮਿਕ ਕਾਰਨਾਂ ਕਰਕੇ ਕਿਰਪਾਨ ਧਾਰਨ ਕਰਨ ਦੀ ਕਾਨੂੰਨੀ ਇਜਾਜ਼ਤ ਹੈ, ਪਰ ਹਿੰਸਾ ਵਿੱਚ ਵਰਤੀ ਗਈ ਕਿਸੇ ਵੀ ਧਾਰ ਵਾਲੀ ਵਸਤੂ ਨੂੰ ਹਮਲਾਵਰ ਹਥਿਆਰ ਮੰਨਿਆ ਜਾਂਦਾ ਹੈ।
ਦਿਗਵਾ ਨੇ ਆਪਣੀ ਗਰਦਨ ਕੋਲ ਇੱਕ ਛੋਟੀ ਕਿਰਪਾਨ ਪਾਈ ਹੋਈ ਸੀ, ਪਰ ਹੈਨਰੀ ਨੋਵਾਕ ਉੱਤੇ ਵਾਰ ਕਰਨ ਲਈ ਉਸ ਨੇ ਦੂਜਾ, ਕਾਫ਼ੀ ਵੱਡਾ ਖੰਜਰ ਵਰਤਿਆ।
ਉਹ ਇਸ ਨੂੰ ਆਪਣੇ ਕੱਪੜਿਆਂ ਦੇ ਉੱਤੋਂ ਗਾਤਰੇ ਨਾਲ ਲੱਗੀ ਮਿਆਨ ਵਿੱਚ ਰੱਖਦਾ ਸੀ, ਜੋ ਨਿਹੰਗ ਯੋਧਾ ਪਰੰਪਰਾ ਨਾਲ ਜੁੜੇ ਰਿਵਾਜ ਅਨੁਸਾਰ ਸੀ, ਜਿਸ ਨਾਲ ਉਹ ਸੰਬੰਧਿਤ ਹੈ।
ਸਿੱਖ ਆਗੂਆਂ ਨੇ ਦਿਗਵਾ ਦੀਆਂ ਕਾਰਵਾਈਆਂ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਕਤਲ ਵਿੱਚ ਵਰਤੇ ਗਏ ਹਥਿਆਰ ਬਾਰੇ ਉਸ ਦੀ "ਗਲਤ ਪੇਸ਼ਕਾਰੀ" ਕਾਰਨ ਸਿੱਖ ਭਾਈਚਾਰੇ ਵਿਰੁੱਧ ਪ੍ਰਤੀਕਿਰਿਆ ਵਧੀ ਹੈ।
ਭਰਾਵਾਂ ਨੇ ਕਤਲ ਦੇ ਹਥਿਆਰ ਬਾਰੇ ਕੀ ਕਿਹਾ
ਪੁਲਿਸ ਵੈਨ ਦੇ ਪਿਛਲੇ ਹਿੱਸੇ ਵਿੱਚ ਬੈਠੇ ਹੋਏ, ਗੁਰਪ੍ਰੀਤ ਦਿਗਵਾ ਨੇ ਆਪਣੇ ਭਰਾ ਨੂੰ ਸਲਾਹ ਦਿੱਤੀ ਕਿ ਆਪਣੇ ਚਾਕੂ ਲਈ ਕਿਹੜਾ ਸ਼ਬਦ ਵਰਤਣਾ ਹੈ। ਇਸ ਦੌਰਾਨ ਪੰਜਾਬੀ ਦੇ ਕਈ ਸ਼ਬਦਾਂ 'ਤੇ ਗੱਲ ਹੋਈ।
ਹੇਠਾਂ ਦਿੱਤਾ ਗਿਆ ਉਨ੍ਹਾਂ ਦੀ ਗੱਲਬਾਤ ਦਾ ਅੰਸ਼ ਬਿਲਕੁਲ ਉਸੇ ਤਰ੍ਹਾਂ ਪੇਸ਼ ਕੀਤਾ ਗਿਆ ਹੈ ਜਿਵੇਂ ਕਿ ਸੀਪੀਐਸ ਵੱਲੋਂ ਜਾਰੀ ਕੀਤੀ ਗਈ ਅਸਲ ਪ੍ਰਤਿਲਿਪੀ ਵਿੱਚ ਸੀ:
ਗੁਰਪ੍ਰੀਤ: "ਕਿਹੜਾ ਸ਼ਸਤਰ ਵਰਤਿਆ ਸੀ? (ਸ਼ਬਦ- ਧਾਰਮਿਕ ਜਾਂ ਰਸਮੀ ਹਥਿਆਰ ਲਈ ਵਰਤਿਆ ਜਾਣ ਵਾਲਾ ਅਸਲ ਸ਼ਬਦ)। ਕਿਹੜਾ ਹਥਿਆਰ?"
ਦਿਗਵਾ: "ਛੁਰਾ – ਚਾਕੂ।"
ਗੁਰਪ੍ਰੀਤ: "ਤੈਨੂੰ 'ਦੁਈ' (ਤੇਰਾ ਦੂਜਾ ਵਾਲਾ) ਕਹਿਣਾ ਚਾਹੀਦਾ ਸੀ।"
ਬਾਅਦ ਵਿੱਚ ਉਹ ਕਈ ਵਾਰ ਇਸੇ ਵਿਸ਼ੇ 'ਤੇ ਵਾਪਸ ਆਏ।
ਗੁਰਪ੍ਰੀਤ: "ਕਹੀਂ- ਡੋਰੀ (ਗਲੇ ਵਿੱਚ ਪਾਈ ਜਾਣ ਵਾਲੀ ਛੋਟੀ ਧਾਰਮਿਕ ਰਸਮੀ ਕਿਰਪਾਨ)।"
ਦਿਗਵਾ: "ਵਕੀਲ ਤੋਂ ਪੁੱਛ ਲਵਾਂਗਾ।"
ਗੁਰਪ੍ਰੀਤ: "ਕੀ ਲਿਖਿਆ ਸੀ?"
ਦਿਗਵਾ: "ਕਿਰਪਾਨ।"
ਗੁਰਪ੍ਰੀਤ: "ਤੈਨੂੰ ਕਹਿਣਾ ਚਾਹੀਦਾ ਹੈ ਕਿ ਤੂੰ ਕਿਰਪਾਨ ਵਰਤੀ ਸੀ।"
ਦਿਗਵਾ: "ਮੈਂ ਵੀ ਕਿਰਪਾਨ ਹੀ ਕਿਹਾ ਹੈ।"
ਗੁਰਪ੍ਰੀਤ: "ਡੋਰੀ ਹੀ ਕਿਰਪਾਨ ਹੈ- ਮਤਲਬ ਕਿਰਪਾਨ। ਪਹਿਲਾਂ ਵਕੀਲ ਨਾਲ ਗੱਲ ਕਰੀਂ, ਫਿਰ ਡੋਰੀ ਲਿਖਵਾਈਂ ਜਾਂ ਰਿਕਾਰਡ ਕਰਵਾਈਂ।
'ਮਹਾਰਾਜ ਸਾਨੂੰ ਸਾਰਿਆਂ ਨੂੰ ਇੱਥੋਂ ਬਚਾਉਣ। ਅਸੀਂ ਕਿੱਥੇ ਆ ਫਸੇ ਹਾਂ... ਜੇ ਤੂੰ ਕੁਝ ਗਲਤ ਨਹੀਂ ਕੀਤਾ ਤਾਂ ਦਿਲੋਂ ਅਰਦਾਸ ਕਰ।'"

ਤਸਵੀਰ ਸਰੋਤ, Police handout
ਜਦੋਂ ਦਿਗਵਾ ਨੇ ਘਟਨਾ ਵਾਲੀ ਥਾਂ ਦੇ ਨੇੜੇ ਸੀਸੀਟੀਵੀ ਕੈਮਰੇ ਹੋਣ ਦੀ ਸੰਭਾਵਨਾ ਬਾਰੇ ਚਿੰਤਾ ਜਤਾਈ ਤਾਂ ਗੁਰਪ੍ਰੀਤ ਨੇ ਉਸ ਨੂੰ ਇਸ ਦੀ ਬਜਾਏ ਅਰਦਾਸ 'ਤੇ ਧਿਆਨ ਦੇਣ ਲਈ ਕਿਹਾ।
ਦਿਗਵਾ ਨੇ ਕਿਹਾ ਕਿ ਉਹ ਅਰਦਾਸ ਕਰੇਗਾ ਅਤੇ ਬਾਣੀ ਦਾ ਪਾਠ ਕਰੇਗਾ, ਜਿਸ ਨਾਲ ਉਸ ਦਾ ਭਾਵ ਸਿੱਖ ਗੁਰੂਆਂ ਦੀ ਪਵਿੱਤਰ ਬਾਣੀ ਅਤੇ ਉਪਦੇਸ਼ਾਂ ਤੋਂ ਸੀ।
"ਮਹਾਰਾਜ, ਮੈਂ ਕਿੱਥੇ ਆ ਫਸਿਆ?" ਗੁਰਪ੍ਰੀਤ ਨੇ ਕਿਹਾ, ਫਿਰ ਉਸ ਨੇ ਵਾਹਿਗੁਰੂ ਨੂੰ ਸੰਬੋਧਨ ਕਰਦਿਆਂ ਅਰਦਾਸ ਸ਼ੁਰੂ ਕਰ ਦਿੱਤੀ।
ਉਹ ਲਗਭਗ ਢਾਈ ਮਿੰਟ ਤੱਕ ਅਰਦਾਸ ਕਰਦਾ ਰਿਹਾ ਅਤੇ ਅੰਤ ਵਿੱਚ ਕਿਹਾ, "ਹੇ ਪਰਮਾਤਮਾ, ਅਸੀਂ ਕੋਈ ਗਲਤ ਕੰਮ ਨਹੀਂ ਕੀਤਾ। ਸਾਡੇ 'ਤੇ ਰਹਿਮ ਕਰੋ ਅਤੇ ਸਾਡੀ ਰੱਖਿਆ ਕਰੋ। ਸਾਨੂੰ ਸਾਰਿਆਂ ਨੂੰ ਇੱਥੋਂ ਬਚਾ ਕੇ ਸੁਰੱਖਿਅਤ ਘਰ ਪਹੁੰਚਾ ਦਿਓ।"
ਇਸ ਤੋਂ ਬਾਅਦ ਉਸ ਨੇ ਆਪਣੇ ਲਈ, ਆਪਣੇ ਭਰਾ ਲਈ ਅਤੇ ਆਪਣੇ ਮਾਪਿਆਂ ਲਈ ਅਸੀਸਾਂ ਦੀ ਅਰਦਾਸ ਕੀਤੀ।
'ਉਹ ਮੇਰੀ ਗਲਤੀ ਸੀ'
ਜਦੋਂ ਇਹ ਗੱਲਬਾਤ ਹੋ ਰਹੀ ਸੀ, ਉਸ ਵੇਲੇ ਦੋਵਾਂ ਭਰਾਵਾਂ ਦੀ ਮਾਂ ਕਿਰਨ ਕੌਰ ਅਤੇ ਪਿਤਾ ਮੋਗਾ ਸਿੰਘ ਵੀ ਪੁਲਿਸ ਹਿਰਾਸਤ ਵਿੱਚ ਸਨ।
ਦਿਗਵਾ ਦੀ ਗ੍ਰਿਫ਼ਤਾਰੀ ਤੋਂ ਕੁਝ ਮਿੰਟਾਂ ਬਾਅਦ ਗੁਰਪ੍ਰੀਤ ਅਤੇ ਉਸ ਦੇ ਪਿਤਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦਕਿ ਕਰੀਬ 90 ਮਿੰਟ ਬਾਅਦ ਕਿਰਨ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਦੋਵੇਂ ਭਰਾਵਾਂ ਨੇ ਇਸ ਬਾਰੇ ਗੱਲ ਕੀਤੀ ਕਿ ਉਨ੍ਹਾਂ ਦੇ ਮਾਪੇ ਇਸ ਹਾਲਾਤ ਨਾਲ ਕਿਵੇਂ ਨਜਿੱਠ ਰਹੇ ਹੋਣਗੇ ਅਤੇ ਜੇਕਰ ਦਿਗਵਾ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ ਇਸ ਦਾ ਉਨ੍ਹਾਂ 'ਤੇ ਕੀ ਅਸਰ ਪਵੇਗਾ।
ਦਿਗਵਾ ਨੇ ਕਿਹਾ: "ਮੰਮੀ ਬਹੁਤ ਰੋਲਾ ਪਾ ਰਹੀ ਸੀ। ਇਹ ਮੇਰੀ ਹੀ ਗਲਤੀ ਸੀ।"
ਕਿਰਨ ਕੌਰ ਨੂੰ ਦਿਗਵਾ ਦੇ ਕਹਿਣ 'ਤੇ ਕਤਲ ਵਿੱਚ ਵਰਤਿਆ ਗਿਆ ਹਥਿਆਰ ਘਟਨਾ ਵਾਲੀ ਥਾਂ ਤੋਂ ਹਟਾਉਣ ਦੇ ਦੋਸ਼ ਵਿੱਚ ਇੱਕ ਅਪਰਾਧੀ ਦੀ ਮਦਦ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਹੈ। ਇਸ ਮਹੀਨੇ ਦੇ ਅੰਤ ਵਿੱਚ ਉਸ ਨੂੰ ਸਜ਼ਾ ਸੁਣਾਈ ਜਾਵੇਗੀ।
ਦਿਗਵਾ ਨੇ ਕਿਹਾ: "ਤੈਨੂੰ ਅਤੇ ਪਿਤਾ ਜੀ ਨੂੰ ਕੁਝ ਨਹੀਂ ਹੋਵੇਗਾ।"
ਗੁਰਪ੍ਰੀਤ ਅਤੇ ਉਸ ਦੇ ਪਿਤਾ ਵਿੱਚੋਂ ਕਿਸੇ 'ਤੇ ਵੀ ਕਤਲ ਨਾਲ ਸੰਬੰਧਿਤ ਕੋਈ ਦੋਸ਼ ਨਹੀਂ ਲਗਾਇਆ ਗਿਆ।
ਹਾਲਾਂਕਿ, ਗੁਰਪ੍ਰੀਤ ਅਤੇ ਵਿਕਰਮ ਦਿਗਵਾ ਦੇ ਨਾਲ-ਨਾਲ ਉਨ੍ਹਾਂ ਦੇ ਪਿਤਾ ਮੋਗਾ ਸਿੰਘ 'ਤੇ ਵੀ ਹਥਿਆਰਾਂ ਨਾਲ ਸਬੰਧਤ ਕਈ ਦੋਸ਼ ਲਗਾਏ ਗਏ, ਜਿਨ੍ਹਾਂ ਦੀ ਤਰੀਕ ਉਹੀ ਸੀ ਜਿਸ ਦਿਨ ਡਾਕਟਰਾਂ ਨੇ ਹੈਨਰੀ ਨੋਵਾਕ ਨੂੰ ਮ੍ਰਿਤਕ ਐਲਾਨਿਆ ਸੀ।
ਤਿੰਨਾਂ ਨੇ ਸਾਊਥਹੈਂਪਟਨ ਦੇ ਸੇਂਟ ਡੇਨਿਸ ਰੋਡ ਸਥਿਤ ਪਰਿਵਾਰਕ ਘਰ ਵਿੱਚ ਇੱਕ ਨਿੱਜੀ ਥਾਂ 'ਤੇ ਮਾਚੇਟੇ, ਨਕਲਡਸਟਰ, ਫਲਿਕ-ਨਾਈਫ਼ਾਂ ਅਤੇ 37 ਤਲਵਾਰਾਂ ਸਮੇਤ ਹਥਿਆਰ ਰੱਖਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਗੁਰਪ੍ਰੀਤ ਦਿਗਵਾ ਨੇ ਬੈਲਮੌਂਟ ਰੋਡ ਵਿੱਚ ਇੱਕ ਕਾਰ ਵਿੱਚ ਜਨਤਕ ਥਾਂ 'ਤੇ ਹਥਿਆਰ ਰੱਖਣ ਨਾਲ ਸਬੰਧਤ ਵਾਧੂ ਚਾਰ ਦੋਸ਼ਾਂ ਤੋਂ ਵੀ ਇਨਕਾਰ ਕੀਤਾ ਹੈ।
ਤਿੰਨਾਂ ਲੋਕਾਂ ਦਾ ਮੁਕੱਦਮਾ ਸਤੰਬਰ 2027 ਵਿੱਚ ਸਾਊਥਹੈਂਪਟਨ ਮੈਜਿਸਟ੍ਰੇਟਸ ਅਦਾਲਤ ਵਿੱਚ ਚੱਲਣਾ ਹੈ।
ਜਦੋਂ ਦੋਵੇਂ ਭਰਾ ਆਪਣੇ ਵਕੀਲਾਂ ਬਾਰੇ ਗੱਲ ਕਰ ਰਹੇ ਸਨ, ਤਾਂ ਗੁਰਪ੍ਰੀਤ ਨੇ ਦਿਗਵਾ ਨੂੰ ਚੇਤਾਵਨੀ ਦਿੱਤੀ ਕਿ "ਉਨ੍ਹਾਂ ਦੀ ਗੱਲ ਸੁਣੀ" ਅਤੇ "ਸ਼ੇਖ਼ੀ ਨਾ ਮਾਰੀਂ ਜਾਂ ਬਹੁਤ ਸਖ਼ਤ ਬਣਨ ਦੀ ਕੋਸ਼ਿਸ਼ ਨਾ ਕਰੀਂ।"
ਦਿਗਵਾ ਨੇ ਜਵਾਬ ਦਿੱਤਾ: "ਨਹੀਂ, ਮੈਂ ਨਹੀਂ ਕਰਾਂਗਾ।"
ਪ੍ਰਤੀਲਿਪੀ ਦਾ ਅੰਤ ਇਸ ਗੱਲ ਨਾਲ ਹੁੰਦਾ ਹੈ ਕਿ ਦੋਵੇਂ ਭਰਾ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਘਟਨਾਵਾਂ ਬਾਰੇ ਉਨ੍ਹਾਂ ਦੇ ਬਿਆਨ ਆਪਸ ਵਿੱਚ ਮਿਲਦੇ ਹੋਣ, ਨਾਲ ਹੀ ਉਹ ਇੱਕ-ਦੂਜੇ ਨੂੰ ਉਨ੍ਹਾਂ ਗੱਲਾਂ ਲਈ ਝਿੜਕਦੇ ਹਨ ਜੋ ਉਨ੍ਹਾਂ ਦੇ ਵਿਚਾਰ ਵਿੱਚ ਪੁਲਿਸ ਨੂੰ "ਨਹੀਂ ਕਹਿਣੀਆਂ ਚਾਹੀਦੀਆਂ ਸਨ"।
ਇਸ ਤੋਂ ਪਹਿਲਾਂ ਐਸੈਕਸ ਦੇ ਚੈਫੋਰਡ ਹੰਡਰਡ ਦੇ ਰਹਿਣ ਵਾਲੇ ਹੈਨਰੀ ਨੋਵਾਕ ਦੀ ਹੱਥਕੜੀਆਂ ਵਿੱਚ ਵੀਡੀਓ ਜਾਰੀ ਕੀਤੀ ਗਈ ਸੀ, ਜਿਸ ਨਾਲ ਦੇਸ਼ ਭਰ ਵਿੱਚ ਗੁੱਸਾ ਫੈਲ ਗਿਆ ਅਤੇ ਦਿਗਵਾ ਨੂੰ ਘੱਟੋ-ਘੱਟ 21 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਾਊਥਹੈਂਪਟਨ ਵਿੱਚ ਹਿੰਸਕ ਗਤੀਵਿਧੀਆਂ ਹੋਈਆਂ।
ਸੁਣਵਾਈ ਦੌਰਾਨ ਜੱਜ ਵਿਲੀਅਮ ਮਾਊਸਲੀ ਕੇਸੀ ਨੇ ਦਿਗਵਾ ਨੂੰ ਕਿਹਾ, "ਤੂੰ ਧਾਰਮਿਕ ਕਾਰਨਾਂ ਕਰਕੇ ਜਨਤਕ ਥਾਂ 'ਤੇ ਚਾਕੂ ਰੱਖਣ ਲਈ ਸਿੱਖਾਂ ਨੂੰ ਦਿੱਤੀ ਗਈ ਛੋਟ ਦੀ ਦੁਰਵਰਤੋਂ ਕੀਤੀ, ਆਪਣੇ ਧਰਮ ਦਾ ਅਪਮਾਨ ਕੀਤਾ ਅਤੇ ਹੁਣ ਹੋਰਨਾਂ ਨੂੰ ਵੀ ਇਸ ਦੇ ਨਤੀਜਿਆਂ ਦੇ ਖ਼ਤਰੇ ਵਿੱਚ ਪਾ ਦਿੱਤਾ ਹੈ।"
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਦਿਗਵਾ ਨੇ ਪੁਲਿਸ ਨਾਲ ਵਾਰ-ਵਾਰ ਝੂਠ ਨਾ ਬੋਲਿਆ ਹੁੰਦਾ ਅਤੇ ਇਸ ਦੀ ਬਜਾਏ 5 ਦਸੰਬਰ ਨੂੰ "ਉਹੀ ਦੱਸਿਆ ਹੁੰਦਾ ਜੋ ਤੂੰ ਪੁਲਿਸ ਵੈਨ ਵਿੱਚ ਆਪਣੇ ਭਰਾ ਨੂੰ ਕਿਹਾ ਸੀ", ਤਾਂ ਉਸ ਦੀ ਘੱਟੋ-ਘੱਟ ਕੈਦ ਦੀ ਮਿਆਦ ਸ਼ਾਇਦ ਹੋਰ ਘੱਟ ਹੋ ਸਕਦੀ ਸੀ।
ਦਿਗਵਾ ਆਪਣੀ ਸਜ਼ਾ ਅਤੇ ਦੋਸ਼ੀ ਠਹਿਰਾਏ ਜਾਣ ਦੇ ਫ਼ੈਸਲੇ ਵਿਰੁੱਧ ਅਪੀਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਸੋਲਿਸਿਟਰ ਜਨਰਲ ਐਲੀ ਰੀਵਜ਼ ਨੇ ਉਸ ਦੀ ਸਜ਼ਾ ਨੂੰ "ਅਣਉਚਿਤ ਤੌਰ 'ਤੇ ਘੱਟ ਸਜ਼ਾ" ਯੋਜਨਾ ਤਹਿਤ ਸਮੀਖਿਆ ਲਈ ਕੋਰਟ ਆਫ਼ ਅਪੀਲ ਕੋਲ ਭੇਜਿਆ ਹੈ।
ਬੀਬੀਸੀ ਨੂੰ ਪੁਲਿਸ ਦੀ ਮੂਲ ਆਡੀਓ ਰਿਕਾਰਡਿੰਗ ਤੱਕ ਪਹੁੰਚ ਨਹੀਂ ਮਿਲੀ ਹੈ ਅਤੇ ਇਸ ਲਈ ਉਹ ਅੰਗਰੇਜ਼ੀ ਅਨੁਵਾਦ ਦੀ ਸ਼ੁੱਧਤਾ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕੇ।
ਪ੍ਰਤੀਲਿਪੀ ਵਿੱਚ ਦੋਵੇਂ ਭਰਾਵਾਂ ਦੇ ਕਈ ਸ਼ਬਦਾਂ ਨੂੰ "ਅਸਪਸ਼ਟ" ਵਜੋਂ ਦਰਸਾਇਆ ਗਿਆ ਹੈ ਅਤੇ ਇਸ ਲੇਖ ਵਿੱਚ ਸ਼ਾਮਲ ਕੀਤੇ ਗਏ ਅੰਸ਼ ਉਸੇ ਤਰ੍ਹਾਂ ਪੇਸ਼ ਕੀਤੇ ਗਏ ਹਨ ਜਿਵੇਂ ਉਹ ਉਸ ਦਸਤਾਵੇਜ਼ ਵਿੱਚ ਦਰਜ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


















