'ਦਿਲਜੀਤ ਦਾ ਇੱਕ ਟੂਰ ਮੁੱਕਦਾ ਨਹੀਂ, ਦੂਜੇ ਦੇ ਟਿਕਟ ਖੁੱਲ੍ਹ ਜਾਂਦੇ, ਉਹੀ ਜਦੋਂ ਜਸਵੰਤ ਬਣ ਕੇ ਵੈਣ ਪਾਵੇ ਤਾਂ ਸਾਡੇ ਕੋਲੋਂ 48 ਘੰਟੇ ਬਰਦਾਸ਼ਤ ਨਹੀਂ ਹੁੰਦਾ' – ਹਨੀਫ਼ ਦਾ ਵਲੌਗ

- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਹਨੀ ਤ੍ਰੇਹਨ ਅਤੇ ਦਿਲਜੀਤ ਦੀ ਫ਼ਿਲਮ ਸਤਲੁਜ ਲੱਗੀ, ਅਗਲੇ ਹੀ ਦਿਨ ਉਤਰ ਗਈ। ਜਦੋਂ ਕਿਸੇ ਫਿਲਮ ਨੂੰ ਬੈਨ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਉਹ ਫ਼ਿਲਮ ਨੂੰ ਵੇਖਣ ਦਾ ਦਿਲ ਕਰਦਾ ਹੈ ਤੇ ਫ਼ਿਲਮ ਵੇਖੀ।
ਫ਼ਿਲਮ ਵੇਖ ਕੇ ਰੌਂਗਟੇ ਖੜ੍ਹੇ ਹੋ ਗਏ। ਫ਼ਿਲਮ ਵੇਖ ਕੇ ਰੋਣਾ ਵੀ ਆਇਆ। ਪਰ ਇੱਕ ਗੱਲ ਸਮਝ ਨਹੀਂ ਆਈ ਕਿ ਸਰਕਾਰ ਨੂੰ ਇਸ ਫ਼ਿਲਮ 'ਤੇ ਇਤਰਾਜ਼ ਹੈ ਕੀ ?
ਇਹ ਫ਼ਿਲਮ ਕੋਈ ਚਾਰ ਸਾਲ ਤੱਕ ਸੈਂਸਰ ਵਿੱਚ ਫਸੀ ਰਹੀ। ਪਹਿਲੇ ਇਹਦਾ ਨਾਂ ਕੁਝ ਹੋਰ ਸੀ। ਪਹਿਲੇ ਇਹਦਾ ਨਾਮ ਬਦਲਿਆ ਗਿਆ ਪੰਜਾਬ '95 ਰੱਖਿਆ ਗਿਆ। ਉਸ ਤੋਂ ਬਾਅਦ ਸਤਲੁਜ ਰੱਖਿਆ ਗਿਆ।
ਡਾਇਰੈਕਟਰ ਸਾਹਬ ਕਹਿੰਦੇ ਨੇ ਕਿ ਸੈਂਸਰ ਵਾਲਿਆਂ ਨੇ ਕਿਹਾ ਕਿ ਇਹਦੇ ਵਿਚ 127 ਕੱਟ ਮਾਰੋ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹਦੇ 'ਚੋਂ ਪੰਜਾਬ ਪੁਲਿਸ ਦਾ ਨਾਂ ਕੱਢ ਦਿਓ।
ਡਾਇਰੈਕਟਰ ਨੇ ਆਖਿਰ ਇੱਕ ਓਟੀਟੀ ਪਲੇਟਫ਼ਾਰਮ ਨੂੰ ਇਹ ਫ਼ਿਲਮ ਦੇ ਦਿੱਤੀ। ਉੱਥੇ ਕੋਈ 48 ਘੰਟੇ ਚੱਲੀ, ਉਸ ਤੋਂ ਬਾਅਦ ਉਨ੍ਹਾਂ ਨੇ ਲਾਹ ਲਈ। ਕੋਈ ਵਜ੍ਹਾ ਵੀ ਨਹੀਂ ਦੱਸੀ।
ਬੁੱਲ੍ਹੇ ਨੇ ਅਠਾਰਵੀਂ ਸਦੀ ਵਿਚ ਕਿਹਾ ਸੀ ਕਿ ਬੁਰਾ ਹਾਲ ਹੋਇਆ ਪੰਜਾਬ ਦਾ। ਉਸ ਤੋਂ ਬਾਅਦ ਵੀ ਪੰਜਾਬ 'ਤੇ ਭੈੜਾ ਵੇਲਾ ਆਉਂਦਾ ਰਿਹਾ ਹੈ ਪਰ ਆਖ਼ਰੀ ਸਭ ਤੋਂ ਬੁਰਾ ਵਕਤ '80 ਦੇ ਦਹਾਕੇ ਵਿੱਚ ਆਇਆ ਸੀ ਜਦੋਂ ਖਾਲਿਸਤਾਨੀਆਂ ਨੇ ਬਗਾਵਤ ਕੀਤੀ ਸੀ। ਅਤੇ ਪੰਜਾਬ ਪੁਲਿਸ ਨੂੰ ਸਰਕਾਰ ਨੇ ਖੁੱਲ੍ਹਾ ਹੱਥ ਦਿੱਤਾ ਸੀ।
ਉਨ੍ਹਾਂ ਨੇ ਬਗਾਵਤ ਮੁਕਾਉਣ ਲਈ ਖਾਲਿਸਤਾਨੀ ਚੁਣ ਚੁਣ ਕੇ ਮਾਰੇ। ਗਾਇਬ ਕਰ ਕੇ, ਮਾਰ ਕੇ ਲਾਸ਼ਾਂ ਵੀ ਵਾਪਸ ਨਹੀਂ ਕੀਤੀਆਂ। ਕੁਝ ਸਾੜ ਦਿੱਤੀਆਂ, ਕੁਝ ਦਰਿਆਵਾਂ ਵਿੱਚ ਸੁੱਟ ਦਿੱਤੀਆਂ।
ਜਦੋਂ ਵੱਡਾ ਭਾਂਬੜ ਮੱਚਦਾ ਹੈ ਉਹਦੇ ਵਿੱਚ ਗਿੱਲੀ ਲੱਕੜ ਤੇ ਸੁੱਕੀ ਲੱਕੜ ਦਾ ਕੋਈ ਫਰਕ ਨਹੀਂ ਰਹਿੰਦਾ। ਕਈ ਪੁਲਿਸ ਵਾਲੇ ਵੀ ਮਾਰੇ ਗਏ। ਉਦੋਂ ਜਸਵੰਤ ਸਿੰਘ ਖਾਲੜਾ ਨੇ ਮਿਸਿੰਗ ਫੈਮਲੀਆਂ ਦੇ ਟੱਬਰਾਂ ਨੂੰ ਨਾਲ ਰਲ਼ਾ ਕੇ ਰੌਲਾ ਪਾਇਆ, ਸਰਕਾਰ ਕੋਲੋਂ ਹਿਸਾਬ ਮੰਗਿਆ। ਆਖਿਰ ਉਹ ਆਪ ਵੀ ਅਗਵਾ ਹੋਇਆ, ਮਾਰ ਦਿੱਤਾ ਗਿਆ। ਉਹਦੀ ਲਾਸ਼ ਅੱਜ ਤੱਕ ਨਹੀਂ ਮਿਲੀ।
ਲੇਕਿਨ ਖ਼ਾਨਦਾਨ ਵਾਲਿਆਂ ਨੂੰ ਕਿਸੇ ਤਰ੍ਹਾਂ ਦਾ ਇਨਸਾਫ ਮਿਲਿਆ, ਪੰਜ ਪੁਲਿਸ ਵਾਲਿਆਂ ਨੂੰ ਸਜ਼ਾ ਹੋ ਗਈ।
ਉਹ ਫ਼ਿਲਮ ਦੀ ਬੱਸ ਇੰਨੀ ਕੁ ਕਹਾਣੀ ਹੈ। ਨਾ ਇਹਦੇ ਵਿੱਚ ਹਿੰਦੁਸਤਾਨ ਦੀ ਸਿਆਸਤ ਨੂੰ ਕੋਈ ਚੈਲੇਂਜ ਹੈ, ਨਾ ਸਰਕਾਰ ਨੂੰ। ਹਲਕੇ ਦੁਖੀ ਸੁਰਾਂ ਵਿੱਚ ਬਣੀ ਫ਼ਿਲਮ ਹੈ। ਜਿਸ ਵਿੱਚ ਕਿਸੇ ਨੇ ਪੰਜਾਬ ’ਤੇ ਆਏ ਭੈੜੇ ਵੇਲੇ ਨੂੰ ਯਾਦ ਕਰਕੇ, ਪੁਰਾਣੇ ਫੱਟੜਾਂ ਨੂੰ ਯਾਦ ਕਰਕੇ, ਉਹ ਗ਼ਮ ਵਾਲਾ ਗੀਤ ਬਣਾਇਆ ਹੋਵੇ।
ਪੰਜਾਬ ਵਿੱਚ ਅੱਜਕੱਲ੍ਹ ਜ਼ਿਆਦਾਤਰ ਸ਼ਾਂਤੀ ਹੈ। ਫ਼ਿਲਮ ਵੇਖ ਕੇ ਨਾ ਕਿਸੇ ਨੇ ਖਾਲਿਸਤਾਨ ਦਾ ਨਾਅਰਾ ਮਾਰਨਾ ਸੀ ਅਤੇ ਨਾ ਹੀ ਪੰਜਾਬ ਪੁਲਿਸ ਨੂੰ ਕੋਈ ਫ਼ਰਕ ਪੈਣਾ ਸੀ। ਲੇਕਿਨ ਫਿਰ ਵੀ ਕਿਤੇ ਕੋਈ ਸਿਆਸਤਦਾਨ ਜਾਂ ਬਾਬੂ, ਪੰਜਾਬ ਦੀ ਇੱਜ਼ਤ ਦਾ ਰਖਵਾਲਾ ਬਣ ਕੇ ਬੈਠਾ ਹੈ ਜਿਹੜਾ ਚਾਹੁੰਦਾ ਹੈ ਕਿ ਲੋਕ ਆਪਣੇ ਦੁਖ ਦਰਦ ਸਕਰੀਨ 'ਤੇ ਨਾ ਵੇਖ ਸਕਣ।
ਇਸ ਤਰ੍ਹਾਂ ਦਾ ਰਖਵਾਲਾ ਪੰਜਾਬ ਦੇ ਹਰ ਘਰ ਵਿੱਚ ਹੁੰਦਾ ਹੈ। ਫ਼ਿਲਮ ਵਿੱਚ ਜਦੋਂ ਜਸਵੰਤ ਦੀ ਪੰਜਾਬ ਸਰਕਾਰ ਨਹੀਂ ਸੁਣਦੀ ਤਾਂ ਉਹ ਕੈਨੇਡਾ ਜਾ ਕੇ ਦੁਹਾਈ ਪਾਉਂਦਾ ਹੈ। ਫ਼ਿਲਮ ਵਿੱਚ ਇੱਕ ਬਜ਼ੁਰਗ ਸਿਆਸਤਦਾਨ ਉਹਨੂੰ ਪਿਆਰ ਨਾਲ ਸਮਝਾਉਂਦਾ ਹੈ ਕਿ ਘਰ ਦੀ ਗੱਲ ਬਾਹਰ ਜਾ ਕੇ ਨਹੀਂ ਕਰੀਦੀ।
"ਪੂਰੇ ਜੱਗ ਨੂੰ ਪਤਾ ਇਹ ਗੱਲ ਹੁਣ ਲੁਕਾਉਣੀ ਕੀਹਦੇ ਕੋਲੋਂ ਹੈ ?"

ਤਸਵੀਰ ਸਰੋਤ, ZEE5/INSTAGRAM
ਵੈਸੇ ਪੰਜਾਬੀਆਂ ਨੇ ਜਾਂ ਆਪਣੇ ਆਪ ਨੂੰ ਆਪ ਬਣਾਇਆ ਹੈ ਜਾਂ ਦੁਨੀਆਂ ਨੇ ਇਸ ਤਰ੍ਹਾਂ ਬਣਾ ਦਿੱਤਾ ਹੈ ਕਿ ਉਨ੍ਹਾਂ ਨੂੰ ਇਹੀ ਕਿਹਾ ਜਾਂਦਾ ਹੈ ਕਿ ਤੁਸੀਂ ਨੱਚੋ ਗਾਓ, ਹੱਸੋ ਹਸਾਓ। ਅਗਰ ਕੋਈ ਦੁਖ ਦਰਦ ਵਾਲੀ ਗੱਲ ਹੈ ਉਹ ਗਾਣਿਆਂ ਵਿੱਚ ਪਾ ਦਿਆ ਕਰੋ, ਟੱਪਿਆਂ ਵਿੱਚ ਪਾ ਦਿਆ ਕਰੋ ਜਾਂ ਘਰ ਬਹਿ ਕੇ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਸੁਣ ਲਿਆ ਕਰੋ।
ਹੁਣ ਸਤਲੁਜ ਦਾ ਹੀਰੋ ਹੈ ਦਿਲਜੀਤ ਦੋਸਾਂਝ। ਉਹ ਦੁਨੀਆਂ ਦਾ ਵੱਡਾ ਰੌਕਸਟਾਰ ਹੈ। ਉਹਦਾ ਇੱਕ ਵਰਲਡ ਟੂਰ ਹਾਲੇ ਮੁੱਕਦਾ ਨਹੀਂ ਕਿ ਦੂਜੇ ਦੇ ਟਿਕਟ ਖੁੱਲ੍ਹ ਜਾਂਦੇ ਨੇ ਅਤੇ ਮਿੰਟਾਂ ਵਿੱਚ ਵਿਕ ਜਾਂਦੇ ਨੇ।
ਨਿਊਯਾਰਕ ਤੋਂ ਲੈ ਕੇ ਚੰਡੀਗੜ੍ਹ ਤੱਕ ਉਹ ਸਟੇਡੀਅਮ ਭਰੀ ਜਾਂਦਾ ਹੈ ਅਤੇ ਇਹੀ ਦਿਲਜੀਤ ਦੌਸਾਂਝ ਜਦੋਂ ਜਸਵੰਤ ਬਣ ਕੇ ਉਹਦਾ ਰੋਲ ਕਰਕੇ ਵੈਣ ਪਾਵੇ ਤਾਂ ਉਹ ਸਾਡੇ ਕੋਲੋਂ 48 ਘੰਟੇ ਬਰਦਾਸ਼ਤ ਨਹੀਂ ਹੁੰਦਾ।
ਹੋਰ ਵੀ ਪੰਜਾਬੀ ਫ਼ਿਲਮਾਂ ਬਣ ਰਹੀਆਂ ਨੇ, ਖਿੜਕੀ ਤੋੜ ਧੰਦਾ ਕਰ ਰਹੀਆਂ ਨੇ। ਕੈਰੀ ਆਨ ਜੱਟਾ ਦਾ ਚੌਥਾ ਸੀਕੁਅਲ ਹੈ। ਆਪ ਦਿਲਜੀਤ ਦੀ ਫ਼ਿਲਮ ਜੱਟ ਤੇ ਜੂਲੀਅਟ ਦੇ ਸੀਕੁਅਲ ਵੀ ਬਣ ਚੁੱਕੇ ਨੇ। ਇਹ ਸ਼ਾਨਦਾਰ ਹੱਸਣ ਹਸਾਉਣ ਵਾਲੀਆਂ ਫ਼ਿਲਮਾਂ ਹਨ। ਬਣਦੀਆਂ ਰਹਿਣ, ਲੋਕ ਵੇਖਦੇ ਰਹਿਣ।
ਲੇਕਿਨ ਜੇ ਆਪਣੇ ਦੁੱਖ ਦਰਦ ਦੀ ਕਹਾਣੀ ਸੁਣਾਉਣ ਬੈਠੀਏ ਤਾਂ ਕਹਿੰਦੇ ਨੇ ਕਿ ਹੁਣ ਪੰਜਾਬ ਬਦਨਾਮ ਹੋ ਰਿਹਾ ਹੈ। ਭਰਾਵੋ, ਮਰਨ ਵਾਲੇ ਵੀ ਪੰਜਾਬੀ ਤੇ ਮਾਰਨ ਵਾਲੇ ਵੀ ਜ਼ਿਆਦਾਤਰ ਪੰਜਾਬੀ। ਪੂਰੇ ਜੱਗ ਨੂੰ ਪਤਾ ਇਹ ਗੱਲ ਹੁਣ ਲੁਕਾਉਣੀ ਕੀਹਦੇ ਕੋਲੋਂ ਹੈ।
ਸ਼ਿਵ ਕੁਮਾਰ ਬਟਾਲਵੀ ਨੇ ਵੀ ਕਿਹਾ ਸੀ, "ਆਖੋ ਨੀਂ ਮਾਏ ਇਹਨੂੰ ਰੋਵੇ ਬੁੱਲ੍ਹ ਚਿੱਥ ਕੇ ਨੀਂ, ਜੱਗ ਕਿਤੇ ਸੁਣ ਨਾ ਲਵੇ"
ਲੇਕਿਨ ਯਾਦ ਰੱਖੋ ਕਿ ਸ਼ਿਵ ਨੇ ਇਹ ਵੈਨ ਵੀ ਪਾਇਆ ਸੀ, ਅੱਧੀ ਅੱਧੀ ਰਾਤੀਂ ਮਾਏ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ"
ਰੱਬ ਰਾਖਾ
(ਇਹ ਲੇਖਕ ਦੇ ਨਿੱਜੀ ਵਿਚਾਰ ਹਨ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












