ਅਮਰੀਕਾ ਵਿੱਚ ਜਨਤਕ ਤੌਰ 'ਤੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਲਗਭਗ ਇੱਕ ਸਦੀ ਪਹਿਲਾਂ ਬੰਦ ਹੋ ਗਈ ਸੀ, ਹੁਣ ਇਹ ਮੁੜ ਕਿਉਂ ਸ਼ੁਰੂ ਹੋ ਰਹੀ ਹੈ?

ਰੇਨੀ ਬੇਥੀਆ ਨੂੰ ਜਨਤਕ ਤੌਰ 'ਤੇ ਫਾਂਸੀ ਦਿੱਤੇ ਜਾਣ ਸਮੇਂ ਦੀ ਪੁਰਾਣੀ ਤਸਵੀਰ
ਤਸਵੀਰ ਕੈਪਸ਼ਨ, 1936 ਵਿੱਚ ਰੇਨੀ ਬੇਥੀਆ ਨੂੰ ਜਨਤਕ ਤੌਰ 'ਤੇ ਫਾਂਸੀ ਦਿੱਤੇ ਜਾਣ ਮੌਕੇ ਕੇਂਟਕੀ ਵਿੱਚ ਅੰਦਾਜ਼ਨ 20,000 ਲੋਕਾਂ ਦੀ ਭੀੜ ਇਕੱਠੀ ਹੋਈ ਸੀ
    • ਲੇਖਕ, ਸ਼ੀਲਾ ਫਲਿੱਨ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਨੇੜੇ-ਤੇੜੇ ਦੇ ਇਲਾਕਿਆਂ ਅਤੇ ਦੂਰ-ਦੁਰਾਡੇ ਥਾਵਾਂ ਤੋਂ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਕੇਂਟਕੀ ਦੀ ਇੱਕ ਨਦੀ ਦੇ ਕੰਢੇ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਭੀੜ ਲੱਗੀ ਹੋਈ ਸੀ ਜੋ ਉਸ ਸਿਆਹ ਸ਼ਖਸ ਨੂੰ ਜਨਤਕ ਤੌਰ 'ਤੇ ਫਾਂਸੀ ਦੇਣ ਦਾ ਦ੍ਰਿਸ਼ ਦੇਖਣ ਆਏ ਸਨ ਜਿਸ ਨੂੰ ਇੱਕ ਗੋਰੀ ਬਜ਼ੁਰਗ ਵਿਧਵਾ ਨਾਲ ਜਬਰ-ਜਨਾਹ ਕਰਨ ਅਤੇ ਉਸ ਦਾ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।

14 ਅਗਸਤ, 1936, ਕੇਂਟਕੀ ਦੇ ਓਵਨਸਬੋਰੋ ਵਿੱਚ ਅਗਸਤ ਦਾ ਇੱਕ ਹੁੰਮਸ ਭਰਿਆ ਸ਼ੁੱਕਰਵਾਰ ਦਾ ਦਿਨ ਸੀ ਅਤੇ ਉਸ ਸਮੇਂ ਇਲਾਕਾ ਭਿਆਨਕ ਗਰਮੀ ਦੀ ਲਪੇਟ ਵਿੱਚ ਸੀ। ਕੁਝ ਲੋਕਾਂ ਨੇ ਫਾਂਸੀ ਦੇ ਤਖ਼ਤੇ ਦੇ ਨੇੜੇ ਆਪਣੀਆਂ ਥਾਵਾਂ ਰਾਖਵੀਆਂ ਰੱਖਣ ਲਈ ਰਾਤ ਉੱਥੇ ਹੀ ਬਿਤਾਈ।

ਹੋਰ ਲੋਕ ਪਿਛਲੀ ਸ਼ਾਮ 'ਨੇਕਟਾਈ' ਪਾਰਟੀਆਂ ਵਿੱਚ ਸ਼ਾਮਲ ਹੋਏ ਸਨ ਅਤੇ ਅਗਲੀ ਸਵੇਰ ਨਸ਼ੇ ਦੀ ਖ਼ੁਮਾਰੀ ਵਿੱਚ ਉੱਥੇ ਪਹੁੰਚੇ। ਇਸ ਦੌਰਾਨ, ਕਿਸ਼ੋਰ ਉਮਰ ਦੇ ਲੜਕੇ-ਲੜਕੀਆਂ ਦਰਸ਼ਕਾਂ ਨੂੰ ਪੌਪਕੌਰਨ ਅਤੇ ਸੋਡਾ ਵੇਚ ਰਹੇ ਸਨ।

ਸਵੇਰੇ 5 ਵਜੇ ਜਦੋਂ ਫਾਂਸੀ ਦੇਣ ਦਾ ਸਮਾਂ ਹੋਇਆ ਤਾਂ ਉੱਥੇ ਇਕੱਠੀ ਹੋਈ ਭੀੜ ਦੀ ਗਿਣਤੀ ਵਧ ਕੇ ਅੰਦਾਜ਼ਨ 20,000 ਹੋ ਗਈ ਸੀ।

ਉਸੇ ਸਮੇਂ ਕਰੀਬ 20 ਸਾਲਾਂ ਅਨਾਥ ਰੇਨੀ ਬੇਥੀਆ ਫਾਂਸੀ ਦੇ ਤਖ਼ਤੇ ਵੱਲ ਵਧਿਆ। ਉਸ ਨੂੰ 70 ਸਾਲਾ ਲਿਸ਼ੀਆ ਐਡਵਰਡਜ਼ ਨੂੰ ਲੁੱਟਣ, ਉਸ ਨਾਲ ਜਬਰ-ਜਨਾਹ ਕਰਨ ਅਤੇ ਉਸ ਦਾ ਕਤਲ ਕਰਨ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ, ਇਸ ਦੋਸ਼ ਨੂੰ ਕਥਿਤ ਤੌਰ ਉੱਤੇ ਉਸ ਵੱਲੋਂ ਕਬੂਲ ਕੀਤਾ ਗਿਆ ਸੀ।

ਇਸ ਤੋਂ ਇੱਕ ਦਿਨ ਪਹਿਲਾਂ ਦੁਪਹਿਰ ਨੂੰ ਉਸ ਨੇ ਆਪਣਾ ਆਖ਼ਰੀ ਭੋਜਨ ਕੀਤਾ ਸੀ, ਜਿਸ ਵਿੱਚ ਫਰਾਈ ਚਿਕਨ, ਸੂਰ ਦੇ ਮਾਸ ਦੀਆਂ ਚੌਪਸ, ਮੈਸ਼ ਕੀਤੇ ਆਲੂ, ਸਿਰਕੇ ਵਿੱਚ ਪਾਏ ਖੀਰੇ, ਕੋਰਨ ਬ੍ਰੈੱਡ, ਲੈਮਨ ਪਾਈ ਅਤੇ ਆਈਸਕ੍ਰੀਮ ਸ਼ਾਮਲ ਸਨ।

ਉੱਥੇ ਇਕੱਠੇ ਹੋਏ ਬਹੁਤ ਸਾਰੇ ਲੋਕਾਂ ਵਿੱਚ ਸ਼ਿਕਾਗੋ ਅਤੇ ਨਿਊਯਾਰਕ ਵਰਗੇ ਦੂਰ-ਦੁਰਾਡੇ ਸ਼ਹਿਰਾਂ ਤੋਂ ਆਏ ਪੱਤਰਕਾਰ ਵੀ ਸ਼ਾਮਲ ਸਨ। ਉਹ ਕਥਿਤ ਤੌਰ 'ਤੇ ਉਸ 'ਮਹਿਲਾ ਜੱਲਾਦ' ਨੂੰ ਦੇਖਣ ਆਏ ਸਨ, ਜਿਸ ਦੀ ਚਰਚਾ ਪਹਿਲਾਂ ਹੀ ਹੋ ਰਹੀ ਸੀ।

ਫਾਂਸੀ ਦੇਖਣ ਲਈ ਪਹੁੰਚੇ ਲੋਕਾਂ ਦੀ ਪੁਰਾਣੀ ਤਸਵੀਰ
ਤਸਵੀਰ ਕੈਪਸ਼ਨ, ਇਸ ਫਾਂਸੀ ਨੂੰ ਦੇਖਣ ਲਈ ਮਰਦਾਂ, ਔਰਤਾਂ ਅਤੇ ਬੱਚਿਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਸਨ। ਇਹ ਅਮਰੀਕਾ ਵਿੱਚ ਵੱਡੇ ਪੱਧਰ 'ਤੇ ਚਰਚਿਤ ਆਖ਼ਰੀ ਜਨਤਕ ਫਾਂਸੀ ਸੀ।

ਸਥਾਨਕ ਸ਼ੈਰਿਫ ਦੀ ਚਾਰ ਮਹੀਨੇ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀ ਵਿਧਵਾ ਨੇ ਅਣਕਿਆਸੇ ਢੰਗ ਨਾਲ ਉਸ ਦੀ ਥਾਂ ਲੈ ਲਈ ਸੀ। ਹਾਲਾਂਕਿ, ਉਸ ਨੇ ਖ਼ੁਦ ਫਾਂਸੀ ਦੇ ਤਖ਼ਤੇ ਦਾ ਲੀਵਰ ਖਿੱਚਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੀ ਬਜਾਏ, ਇਸ ਕੰਮ ਲਈ ਨਿਯੁਕਤ ਕੀਤੇ ਗਏ ਜੱਲਾਦਾਂ ਨੇ ਬੇਥੀਆ ਨੂੰ ਫਾਂਸੀ ਦਿੱਤੀ ਸੀ।

ਇਸ ਘਟਨਾ ਨੂੰ ਅਮਰੀਕਾ ਵਿੱਚ ਵੱਡੇ ਪੱਧਰ 'ਤੇ ਚਰਚਿਤ ਆਖ਼ਰੀ ਜਨਤਕ ਫਾਂਸੀ ਵਜੋਂ ਯਾਦ ਕੀਤਾ ਜਾਂਦਾ ਹੈ। ਬੇਥੀਆ ਦੀ ਮੌਤ ਕਾਰਨ ਲੱਗੇ ਲੋਕਾਂ ਦੇ ਮੇਲੇ ਨੇ ਕੇਂਟਕੀ ਦੇ ਕਈ ਲੋਕਾਂ ਨੂੰ ਸ਼ਰਮਿੰਦਾ ਕੀਤਾ ਅਤੇ 18 ਮਹੀਨਿਆਂ ਬਾਅਦ ਗਵਰਨਰ ਨੇ ਜਨਤਕ ਤੌਰ 'ਤੇ ਫਾਂਸੀ ਦੇਣ 'ਤੇ ਪਾਬੰਦੀ ਲਗਾ ਦਿੱਤੀ।

ਉਦੋਂ ਤੱਕ ਜ਼ਿਆਦਾਤਰ ਅਮਰੀਕੀ ਸੂਬਿਆਂ ਨੇ ਲੋਕਾਂ ਦੀ ਭੀੜ ਸਾਹਮਣੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਖ਼ਤਮ ਕਰ ਦਿੱਤੀ ਸੀ। ਸਮਾਜਕ ਸੋਚ ਵਿੱਚ ਆ ਰਹੀ ਤਬਦੀਲੀ ਕਾਰਨ ਸਜ਼ਾ ਦੇਣ ਦੇ ਵਧੇਰੇ ਮਨੁੱਖੀ ਅਤੇ ਨਿੱਜੀ ਤਰੀਕਿਆਂ ਨੂੰ ਤਰਜੀਹ ਦਿੱਤੀ ਜਾਣ ਲੱਗੀ ਸੀ।

ਹਾਲਾਂਕਿ, 1937 ਵਿੱਚ ਮਿਸੂਰੀ ਵਿੱਚ ਕੁਝ ਸੌ ਲੋਕਾਂ ਦੀ ਮੌਜੂਦਗੀ ਵਿੱਚ ਇੱਕ ਹੋਰ ਵਿਅਕਤੀ ਨੂੰ ਫਾਂਸੀ ਦਿੱਤੀ ਗਈ ਸੀ। ਪਰ ਇਹ ਘਟਨਾ ਜ਼ਿਆਦਾ ਚਰਚਾ ਵਿੱਚ ਨਹੀਂ ਆਈ। ਇਸ ਨੂੰ ਹੁਣ ਤੱਕ ਅਮਰੀਕਾ ਵਿੱਚ ਆਖ਼ਰੀ ਜਨਤਕ ਫਾਂਸੀ ਮੰਨਿਆ ਗਿਆ ਸੀ।

ਕਰੀਬ 90 ਸਾਲ ਬਾਅਦ ਮੁੜ ਅਜਿਹਾ ਹੋਣ ਜਾ ਰਿਹਾ

ਅਮਰੀਕੀ ਅਧਿਕਾਰੀ ਦੁਆਰਾ ਜਾਰੀ ਕੀਤੀ ਗਈ ਹਸਨ ਦੀ 2012 ਦੀ ਇੱਕ ਤਸਵੀਰ
ਤਸਵੀਰ ਕੈਪਸ਼ਨ, ਅਮਰੀਕੀ ਅਧਿਕਾਰੀ ਦੁਆਰਾ ਜਾਰੀ ਕੀਤੀ ਗਈ ਹਸਨ ਦੀ 2012 ਦੀ ਇੱਕ ਤਸਵੀਰ

ਬੇਥੀਆ ਦੀ ਫਾਂਸੀ ਦੀ ਸਜ਼ਾ ਤੋਂ 90 ਸਾਲ ਤੋਂ ਕੁਝ ਵੱਧ ਸਮੇਂ ਬਾਅਦ, ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਐਲਾਨ ਕੀਤਾ ਕਿ ਫ਼ੌਜ ਵੱਲੋਂ ਨਿਦਾਲ ਹਸਨ ਨੂੰ ਜਨਤਕ ਤੌਰ ਉੱਤੇ ਮਾਰਿਆ ਜਾਵੇਗਾ, ਜਿਸ ਨੇ 2009 ਵਿੱਚ ਟੈਕਸਸ ਦੇ ਫੋਰਟ ਹੁੱਡ ਮਿਲਟਰੀ ਬੇਸ ਵਿੱਚ ਆਪਣੇ 13 ਨਿਹੱਥੇ ਸਾਥੀ ਫ਼ੌਜੀਆਂ ਦਾ ਕਤਲ ਕੀਤਾ ਸੀ।

ਪੈਂਟਾਗਨ ਨੇ ਅੱਗੇ ਕਿਹਾ ਕਿ ਫਾਇਰਿੰਗ ਸਕੁਐਡ (ਗੋਲੀ ਮਾਰਨ ਵਾਲੇ ਫ਼ੌਜੀ ਦਸਤੇ) ਰਾਹੀਂ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

ਹੇਗਸੇਥ ਨੇ ਕਿਹਾ, "ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਤਰ੍ਹਾਂ ਦੇ ਕੰਮਾਂ ਦੇ ਗੰਭੀਰ ਨਤੀਜੇ ਹੁੰਦੇ ਹਨ।"

ਕੋਲੋਰਾਡੋ ਯੂਨੀਵਰਸਿਟੀ ਦੇ ਐਮੇਰਿਟਸ ਪ੍ਰੋਫੈਸਰ ਮਾਈਕਲ ਰੈਡੇਲੇਟ, ਜੋ ਲੰਬੇ ਸਮੇਂ ਤੋਂ ਮੌਤ ਦੀ ਸਜ਼ਾ ਬਾਰੇ ਅਧਿਐਨ ਕਰ ਰਹੇ ਹਨ, ਵੱਲੋਂ ਇਸ ਨੂੰ ਹੈਰਾਨੀਜਨਕ ਦੱਸਿਆ ਗਿਆ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਇੱਕ ਹੋਰ ਜਨਤਕ ਫਾਂਸੀ ਦੇਖਣ ਨੂੰ ਮਿਲੇਗੀ।"

ਮਾਈਕਲ ਰੈਡੇਲੇਟ ਨੇ ਕਿਹਾ ਕਿ ਆਮ ਤੌਰ 'ਤੇ ਮੌਤ ਦੀ ਸਜ਼ਾ ਲਈ ਲੋਕਾਂ ਦੀ ਹਮਾਇਤ ਲਗਾਤਾਰ ਘੱਟ ਰਹੀ ਹੈ। ਉਦਾਹਰਨ ਵਜੋਂ, 1994 ਵਿੱਚ 80 ਫ਼ੀਸਦੀ ਲੋਕ ਮੌਤ ਦੀ ਸਜ਼ਾ ਦੇ ਹੱਕ ਵਿੱਚ ਸਨ, ਜਦਕਿ ਹੁਣ ਇਹ ਅੰਕੜਾ ਘੱਟ ਕੇ 52 ਫ਼ੀਸਦੀ ਰਹਿ ਗਿਆ ਹੈ।

ਉਨ੍ਹਾਂ ਕਿਹਾ, "ਇਸ ਦੀ ਹਮਾਇਤ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ, ਖ਼ਾਸ ਕਰਕੇ ਜਦੋਂ ਵਿਕਲਪ ਵਜੋਂ ਪੈਰੋਲ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਦਿੱਤੇ ਜਾਣ ਦੀ ਗੱਲ ਕੀਤੀ ਜਾਂਦੀ ਹੈ।"

ਅਮਰੀਕੀ ਲੋਕ ਫਾਂਸੀ ਦੀ ਸਜ਼ਾ ਦਾ ਸਿੱਧਾ ਪ੍ਰਸਾਰਣ ਕਰਨ ਬਾਰੇ ਕੀ ਸੋਚਦੇ ਹਨ, ਇਹ ਜਾਣਨ ਲਈ ਹਾਲੇ ਸਮਾਂ ਲੱਗੇਗਾ ਪਰ ਇਹ ਲਗਭਗ ਤੈਅ ਹੈ ਕਿ ਇਸ ਨੂੰ ਦੇਖਣ ਲਈ ਲੱਖਾਂ ਜਾਂ ਇਸ ਤੋਂ ਵੀ ਵੱਧ ਲੋਕ ਜ਼ਰੂਰ ਜੁੜਨਗੇ।

ਹੇਗਸੇਥ ਦੇ ਐਲਾਨ ਬਾਰੇ ਗੱਲ ਕਰਦਿਆਂ ਰੈਡੇਲੇਟ ਨੇ ਕਿਹਾ, "ਮੌਤ ਦੀ ਸਜ਼ਾ ਦੇਣ ਨੂੰ ਜਾਇਜ਼ ਠਹਿਰਾਉਣਾ ਹੁਣ ਮਨੋਰੰਜਨ ਬਣ ਜਾਂਦਾ ਹੈ... ਆਪਣੇ ਨਾਲ ਪੌਪਕੌਰਨ ਲਿਆਓ ਅਤੇ ਦੋਸਤਾਂ ਨੂੰ ਸੱਦਾ ਦਿਓ।"

ਸੋਨਿਆ ਲੀ ਨੇ ਪਿਛਲੇ ਸਾਲ ਹੀ ਬੇਥੀਆ ਨੂੰ ਦਿੱਤੀ ਗਈ ਫਾਂਸੀ ਬਾਰੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਸੀ। ਜਦੋਂ ਉਨ੍ਹਾਂ ਨੇ ਫਾਇਰਿੰਗ ਸਕੁਐਡ ਰਾਹੀਂ ਦਿੱਤੀ ਜਾਣ ਵਾਲੀ ਫਾਂਸੀ ਦਾ ਸਿੱਧਾ ਪ੍ਰਸਾਰਣ ਕਰਨ ਦੇ ਐਲਾਨ ਬਾਰੇ ਸੁਣਿਆ, ਤਾਂ ਉਨ੍ਹਾਂ ਨੂੰ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਲਈ "ਡੂੰਘੀ ਦਹਿਸ਼ਤ" ਮਹਿਸੂਸ ਹੋਈ।

ਉਨ੍ਹਾਂ ਕਿਹਾ, "1936 ਵਿੱਚ ਇਸ ਨੂੰ 'ਬੇਰਹਿਮੀ ਦਾ ਤਮਾਸ਼ਾ' ਕਿਹਾ ਗਿਆ ਸੀ। ਅੱਜ ਸਾਡੇ ਕੋਲ ਅਜਿਹੀ ਤਕਨੀਕ ਹੈ, ਜਿਸ ਨਾਲ ਇਹ ਦ੍ਰਿਸ਼ ਓਵਨਸਬੋਰੋ, ਕੇਂਟਕੀ ਵਿੱਚ ਇਕੱਠੇ ਹੋਏ 20,000 ਲੋਕਾਂ ਤੋਂ ਵੀ ਕਿਤੇ ਵੱਧ ਲੋਕਾਂ ਤੱਕ ਪਹੁੰਚ ਸਕਦਾ ਹੈ... ਇਹ ਗੱਲ ਇਸ ਨੂੰ ਹੋਰ ਵੀ ਭਿਆਨਕ ਬਣਾ ਦਿੰਦੀ ਹੈ।"

ਲੀ ਦੇ ਦਾਦਾ-ਦਾਦੀ ਵੀ 1936 ਵਿੱਚ ਫਾਂਸੀ ਦੇਖਣ ਲਈ ਇਕੱਠੀ ਹੋਈ ਭੀੜ ਵਿੱਚ ਸ਼ਾਮਲ ਸਨ। ਲੀ ਨੂੰ ਇਸ ਬਾਰੇ ਆਪਣੀ ਦਾਦੀ ਦੀ 2002 ਵਿੱਚ ਮੌਤ ਤੋਂ ਬਾਅਦ ਪਤਾ ਲੱਗਾ। ਦਰਅਸਲ ਉਨ੍ਹਾਂ ਨੇ ਆਪਣੀ ਮਰਹੂਮ ਦਾਦੀ ਵੱਲੋਂ ਲਿਖਿਆ ਇੱਕ ਬਿਰਤਾਂਤ ਪੜ੍ਹਿਆ, ਜਿਸ ਵਿੱਚ ਦੱਸਿਆ ਗਿਆ ਸੀ ਕਿ ਉਹ ਫਾਂਸੀ ਵਾਲੀ ਥਾਂ ਦੇ ਇੰਨੇ ਨੇੜੇ ਸਨ ਕਿ ਉਨ੍ਹਾਂ ਨੇ ਬੇਥੀਆ ਦੀ ਗਰਦਨ ਟੁੱਟਣ ਦੀ ਆਵਾਜ਼ ਵੀ ਸੁਣੀ ਸੀ।

ਨਿਦਾਲ ਹਸਨ ਵੱਲੋਂ ਕੀਤੇ ਹਮਲੇ 'ਚ ਮਾਰੇ ਗਏ 13 ਫੌਜੀਆਂ ਦੀ ਯਾਦ ਵਿੱਚ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਦੀ ਤਸਵੀਰ
ਤਸਵੀਰ ਕੈਪਸ਼ਨ, ਨਿਦਾਲ ਹਸਨ ਵੱਲੋਂ ਕੀਤੇ ਹਮਲੇ 'ਚ ਮਾਰੇ ਗਏ 13 ਫੌਜੀਆਂ ਦੀ ਯਾਦ ਵਿੱਚ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਦੌਰਾਨ ਫੌਜੀਆਂ ਦੀ ਯਾਦਗਾਰ ਦੀ ਇੱਕ ਤਸਵੀਰ

ਇਸ ਘਟਨਾ ਬਾਰੇ ਕਈ ਸਾਲ ਖੋਜ ਕਰਨ ਤੋਂ ਬਾਅਦ ਲੀ ਨੂੰ ਪਤਾ ਲੱਗਾ ਕਿ ਕੇਂਟਕੀ ਦੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਉਸ ਫਾਂਸੀ ਦੀ ਯਾਦ ਅੱਜ ਵੀ ਡੂੰਘੀ ਤਰ੍ਹਾਂ ਵਸੀ ਹੋਈ ਸੀ ਅਤੇ ਉਹ ਇਸ ਘਟਨਾ ਤੋਂ ਉੱਭਰ ਨਹੀਂ ਸਕੇ ਸਨ।

ਉਨ੍ਹਾਂ ਕਿਹਾ, "ਮੈਂ ਦਿਲੋਂ ਇਹ ਮੰਨਦੀ ਸੀ ਕਿ ਅਸੀਂ ਇਸ ਸਭ ਨੂੰ ਬੀਤੇ ਸਮੇਂ ਦੀ ਗੱਲ ਬਣਾ ਕੇ ਪਿੱਛੇ ਛੱਡ ਦਿੱਤਾ ਹੈ। ਇਸ ਤਰ੍ਹਾਂ ਦੀ ਘਿਨਾਉਣੀ ਪ੍ਰਥਾ ਦੁਨੀਆ ਦੇ ਕੁਝ ਹੀ ਦੇਸ਼ਾਂ ਵਿੱਚ ਜਾਰੀ ਹੈ, ਜਿਵੇਂ ਈਰਾਨ, ਉੱਤਰੀ ਕੋਰੀਆ ਅਤੇ ਅਫ਼ਗਾਨਿਸਤਾਨ।"

ਉਨ੍ਹਾਂ ਅੱਗੇ ਕਿਹਾ, "ਕੀ ਹੁਣ ਅਮਰੀਕਾ ਜਿਹੇ ਮੁਲਕ ਵਜੋਂ ਅਸੀਂ ਆਪਣੇ ਆਪ ਨੂੰ ਵੀ ਉਸੇ ਕਿਸਮ ਦੀ ਸਰਕਾਰ ਦਾ ਹਿੱਸਾ ਮੰਨ ਰਹੇ ਹਾਂ? ਇਹ ਬੇਹੱਦ ਭਿਆਨਕ ਹੈ।"

ਓਹਾਇਓ ਸਟੇਟ ਯੂਨੀਵਰਸਿਟੀ ਦੇ ਸਮਾਜਿਕ ਮਨੋਵਿਗਿਆਨ ਦੇ ਪ੍ਰੋਫੈਸਰ ਕਰਟ ਗ੍ਰੇਅ ਨੇ ਕਿਹਾ ਕਿ ਅਮਰੀਕੀ ਸਿਆਸਤ ਵਿੱਚ ਵਧ ਰਹੀ ਧੜੇਬੰਦੀ ਅਤੇ ਤਿੱਖੀ ਬਿਆਨਬਾਜ਼ੀ ਨੇ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਨਾਲ ਅਜਿਹੇ ਐਲਾਨ ਲਈ ਮਾਹੌਲ ਤਿਆਰ ਕੀਤਾ ਹੋਵੇ।

ਸੋਨਿਆ ਲੀ ਵੱਲੋਂ ਕੀਤੀ ਟਿੱਪਣੀ ਜਿਨ੍ਹਾਂ ਨੇ ਰੇਨੀਆ ਬੇਥੀ ਦੀ ਜਨਤਕ ਫਾਂਸੀ ਉੱਤੇ ਕਿਤਾਬ ਲਿਖੀ ਹੈ

ਉਨ੍ਹਾਂ ਕਿਹਾ, "ਕੁਝ ਅਮਰੀਕੀ ਲੋਕ ਸ਼ਾਇਦ ਖ਼ੂਨ-ਖ਼ਰਾਬਾ ਦੇਖਣ ਲਈ ਉਤਾਵਲੇ ਹੋਣ, ਪਰ ਮੇਰਾ ਮੰਨਣਾ ਹੈ ਕਿ ਬਹੁਤ ਸਾਰੇ ਅਮਰੀਕੀ ਅਜਿਹਾ ਨਹੀਂ ਚਾਹੁੰਦੇ। ਜੇ ਕੁਝ ਹਨ, ਤਾਂ ਮੈਨੂੰ ਲੱਗਦਾ ਹੈ ਕਿ ਇਹ ਲੋਕ ਸ਼ਾਇਦ ਅਜਿਹੀਆਂ ਘਟਨਾਵਾਂ ਪ੍ਰਤੀ ਸੰਵੇਦਨਹੀਣ ਹੋ ਗਏ ਹਨ।"

ਉਨ੍ਹਾਂ ਅੱਗੇ ਕਿਹਾ, "ਇਸ ਦਾ ਮਤਲਬ ਇਹ ਨਹੀਂ ਕਿ ਉਹ ਜਨਤਕ ਫਾਂਸੀ ਦਾ ਜਸ਼ਨ ਮਨਾ ਰਹੇ ਹਨ। ਉਹ ਸਿਰਫ਼ ਇਹ ਸੋਚ ਰਹੇ ਹਨ ਕਿ 'ਹਾਂ, ਲੱਗਦਾ ਹੈ ਕਿ ਹੁਣ ਅਸੀਂ ਇਸੇ ਦੌਰ ਵਿੱਚ ਪਹੁੰਚ ਗਏ ਹਾਂ।'"

ਹਾਲਾਂਕਿ, ਹੋਰ ਖੋਜਾਂ ਤੋਂ ਸੰਕੇਤ ਮਿਲਦੇ ਹਨ ਕਿ ਹੇਗਸੇਥ ਅਤੇ ਅਮਰੀਕੀ ਪ੍ਰਸ਼ਾਸਨ ਦੇਸ਼ ਦੇ ਲੋਕਾਂ ਦੀ ਸੋਚ ਨੂੰ ਸਮਝਣ ਵਿੱਚ ਗ਼ਲਤੀ ਕਰ ਰਹੇ ਹੋ ਸਕਦੇ ਹਨ।

ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ਦੇ ਹਿੰਸਾ ਰੋਕਥਾਮ ਖੋਜ ਪ੍ਰੋਗਰਾਮ ਦੇ ਡਾਇਰੈਕਟਰ ਗੈਰੇਨ ਵਿਨਟਮਿਊਟ ਨੇ ਕਿਹਾ ਕਿ ਸਰਵੇਖਣਾਂ ਦੇ ਅੰਕੜੇ ਅਮਰੀਕਾ ਵਿੱਚ ਹਿੰਸਾ ਪ੍ਰਤੀ ਲੋਕਾਂ ਦੀ ਘੱਟਦੀ ਦਿਲਚਸਪੀ ਵੱਲ ਇਸ਼ਾਰਾ ਕਰਦੇ ਹਨ।

ਉਨ੍ਹਾਂ ਕਿਹਾ, "ਅਮਰੀਕੀ ਕੈਥੋਲਿਕ ਬਿਸ਼ਪਾਂ ਦੀ ਕਾਨਫਰੰਸ ਦੇ ਮੁਖੀ ਨੇ ਫਾਂਸੀ ਦੇ ਸਿੱਧੇ ਪ੍ਰਸਾਰਣ ਦੇ ਇਸ ਐਲਾਨ ਨੂੰ ਬਰਬਰਤਾ ਕਰਾਰ ਦਿੱਤਾ ਹੈ। ਮੇਰਾ ਮੰਨਣਾ ਹੈ ਕਿ ਉਹ ਬਹੁਤ ਸਾਰੇ ਲੋਕਾਂ ਦੀ ਸੋਚ ਦੀ ਨੁਮਾਇੰਦਗੀ ਕਰਦੇ ਹਨ।"

ਉਨ੍ਹਾਂ ਅੱਗੇ ਕਿਹਾ, "ਮੇਰੇ ਖ਼ਿਆਲ ਵਿੱਚ ਗੱਲ ਸਾਫ਼ ਹੈ ਕਿ ਜਨਤਕ ਤੌਰ 'ਤੇ ਫਾਂਸੀ ਦੇਣਾ ਸਾਡੀ ਪਛਾਣ ਨਹੀਂ ਹੈ। ਇੱਕ ਦੇਸ਼ ਵਜੋਂ ਅਸੀਂ ਅਜਿਹਾ ਬਣਨ ਦੀ ਇੱਛਾ ਨਹੀਂ ਰੱਖਦੇ।"

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੀ ਕਿਹਾ ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ
ਤਸਵੀਰ ਕੈਪਸ਼ਨ, ਟਰੰਪ ਨੇ ਪੁਸ਼ਟੀ ਕੀਤੀ ਕਿ ਨਿਦਾਲ ਹਸਨ ਦੀ ਮੌਤ ਦਾ ਸਿੱਧਾ ਪ੍ਰਸਾਰਣ ਕਰਨ ਦੇ ਫ਼ੈਸਲੇ ਨੂੰ ਉਨ੍ਹਾਂ ਦੀ ਮਨਜ਼ੂਰੀ ਹਾਸਲ ਸੀ

ਕੈਥੋਲਿਕ ਧਰਮ ਨਾਲ ਸਬੰਧ ਰੱਖਣ ਵਾਲੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਹੈ ਕਿ ਉਹ ਇਸ ਫਾਂਸੀ ਨੂੰ ਨਹੀਂ ਦੇਖਣਗੇ।

ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਸਵਾਲ ਦਾ ਸਿੱਧਾ ਜਵਾਬ ਦੇਣ ਤੋਂ ਟਾਲਾ ਵੱਟਿਆ ਕਿ ਕੀ ਉਹ ਖ਼ੁਦ ਇਸ ਦਾ ਸਿੱਧਾ ਪ੍ਰਸਾਰਣ ਦੇਖਣਗੇ। ਹਾਲਾਂਕਿ, ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਨਿਦਾਲ ਹਸਨ ਦੀ ਮੌਤ ਦਾ ਸਿੱਧਾ ਪ੍ਰਸਾਰਣ ਕਰਨ ਦੇ ਫ਼ੈਸਲੇ ਨੂੰ ਉਨ੍ਹਾਂ ਦੀ ਮਨਜ਼ੂਰੀ ਹਾਸਲ ਸੀ।

ਟਰੰਪ ਨੇ ਕਿਹਾ, "ਮੈਨੂੰ ਇਸ ਗੱਲ ਦੀ ਖ਼ਾਸ ਪਰਵਾਹ ਨਹੀਂ ਕਿ ਉਹ ਕਿਵੇਂ ਜਾਂਦਾ ਹੈ, ਬੱਸ ਉਹ ਚਲਾ ਜਾਵੇ ਅਤੇ ਮੈਨੂੰ ਲੱਗਦਾ ਹੈ ਕਿ ਮੌਤ ਦੀ ਸਜ਼ਾ ਉਸ ਲਈ ਢੁੱਕਵਾਂ ਅੰਤ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)