ਈਪੀਐਫਓ 3.0: ਪ੍ਰੌਵੀਡੈਂਟ ਫੰਡ ਕਢਵਾਉਣਾ ਹੋ ਰਿਹਾ ਸੌਖਾ, ਕੀ ਹੋ ਰਹੇ ਹਨ ਬਦਲਾਅ

ਪੜ੍ਹਨ ਦਾ ਸਮਾਂ: 5 ਮਿੰਟ

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਦੇ ਕੰਮਕਾਜ ਵਿੱਚ ਕੁਝ ਵੱਡੇ ਬਦਲਾਅ ਹੋਣ ਵਾਲੇ ਹਨ। ਹੁਣ ਈਪੀਐਫਓ 3.0 ਲਾਂਚ ਹੋਣ ਜਾ ਰਿਹਾ ਹੈ, ਜਿਸ ਨਾਲ ਭਵਿੱਖ ਨਿਧੀ ਦਾ ਕੰਮਕਾਜ ਬੈਂਕਿੰਗ ਵਾਂਗ ਹੋ ਜਾਵੇਗਾ।

ਹੁਣ ਤੋਂ ਈਪੀਐਫਓ 3.0 ਵਿੱਚ ਯੂਪੀਆਈ ਅਧਾਰਿਤ ਨਿਧੀ ਨਿਕਾਸੀ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਭਵਿੱਖ ਨਿਧੀ ਦੀ ਪੂਰੀ ਪ੍ਰਣਾਲੀ ਆਸਾਨ ਹੋ ਜਾਵੇਗੀ। ਦੇਸ਼ ਵਿੱਚ ਲਗਭਗ ਸੱਤ ਕਰੋੜ ਲੋਕ ਈਪੀਐਫਓ ਦੇ ਮੈਂਬਰ ਹਨ, ਜਿਨ੍ਹਾਂ ਦਾ ਕੰਮ ਹੁਣ ਤੇਜ਼ ਹੋਵੇਗਾ ਅਤੇ ਕਾਗਜ਼ੀ ਕਾਰਵਾਈ ਘੱਟ ਹੋ ਜਾਵੇਗੀ।

ਜਿਹੜੇ ਲੋਕ ਆਪਣੀ ਪੂੰਜੀ ਬਚਾ ਕੇ ਸੁਰੱਖਿਅਤ ਰਿਟਰਨ ਚਾਹੁੰਦੇ ਹਨ, ਉਨ੍ਹਾਂ ਲਈ ਈਪੀਐਫ ਇੱਕ ਬਹੁਤ ਚੰਗਾ ਆਪਸ਼ਨ ਹੈ, ਜਿਸ ਲਈ ਸਰਕਾਰ ਨੇ 2025-26 ਲਈ 8.25 ਫੀਸਦ ਵਿਆਜ ਦਰ ਦਾ ਐਲਾਨ ਕੀਤਾ ਹੈ।

ਈਪੀਐਫਓ 3.0 ਕਿਵੇਂ ਕੰਮ ਕਰੇਗਾ ?

ਈਪੀਐਫਓ ਬਾਰੇ ਸਭ ਤੋਂ ਵੱਡੀ ਸ਼ਿਕਾਇਤ ਇਹ ਹੈ ਕਿ ਇਸ ਦੀ ਪ੍ਰਕਿਰਿਆ ਬਹੁਤ ਧੀਮੀ ਹੈ ਅਤੇ ਇਸ ਵਿੱਚ ਬਹੁਤ ਜ਼ਿਆਦਾ ਕਾਗਜ਼ੀ ਕਾਰਵਾਈ ਦੀ ਲੋੜ ਹੁੰਦੀ ਹੈ।

ਪਰ ਹੁਣ ਈਪੀਐਫਓ 3.0 ਬੈਂਕਿੰਗ ਵਾਂਗ ਕੰਮ ਕਰੇਗਾ, ਜਿੱਥੋਂ ਪੈਸਾ ਜਲਦੀ ਕੱਢਿਆ ਜਾ ਸਕੇਗਾ।

ਦੇਸ਼ 'ਚ ਨਵੇਂ ਲੇਬਰ ਕੋਡ ਲਾਗੂ ਹੋਣ ਤੋਂ ਬਾਅਦ ਭਵਿੱਖ ਨਿਧੀ ਨਾਲ ਜੁੜੇ ਕੰਮਾਂ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾਉਣ ਲਈ ਈਪੀਐਫਓ 3.0 ਲਾਂਚ ਕੀਤਾ ਜਾਵੇਗਾ।

ਹੁਣ ਈਪੀਐਫਓ 'ਚ ਕੀ ਬਦਲਾਅ ਹੋਣਗੇ ?

ਨਵੀਂ ਪ੍ਰਣਾਲੀ ਈਪੀਐਫਓ ਦੀ ਪੁਰਾਣੀ ਪ੍ਰਣਾਲੀ ਦੇ ਮੁਕਾਬਲੇ ਕਿਤੇ ਵੱਧ ਆਸਾਨ ਹੋਵੇਗੀ।

ਉਦਾਹਰਨ ਵੱਜੋਂ, ਪਹਿਲਾਂ ਈਪੀਐਫਓ ਤੋਂ ਨਿਕਾਸੀ ਲਈ 13 ਵੱਖ-ਵੱਖ ਪੜਾਅ ਸਨ। ਹੁਣ ਇਨ੍ਹਾਂ ਨੂੰ ਤਿੰਨ ਆਸਾਨ ਪੜਾਵਾਂ 'ਚ ਬਦਲ ਦਿੱਤਾ ਗਿਆ ਹੈ।

ਇਸ ਤਰ੍ਹਾਂ (1) ਜ਼ਰੂਰੀ ਲੋੜਾਂ ਲਈ (2) ਆਵਾਸ ਸਬੰਧੀ ਲੋੜਾਂ ਲਈ (3) ਵਿਸ਼ੇਸ਼ ਹਾਲਾਤਾਂ ਲਈ ਪੈਸਾ ਕੱਢਿਆ ਜਾ ਸਕੇਗਾ।

ਜ਼ਰੂਰੀ ਲੋੜਾਂ ਵਿੱਚ ਬਿਮਾਰੀ, ਸਿੱਖਿਆ ਅਤੇ ਵਿਆਹ ਸ਼ਾਮਿਲ ਹਨ। ਹੁਣ ਸਿੱਖਿਆ ਲਈ 10 ਵਾਰ ਅਤੇ ਵਿਆਹ ਲਈ 5 ਵਾਰ ਪੈਸਾ ਕੱਢਿਆ ਜਾ ਸਕਦਾ ਹੈ। ਪਹਿਲਾਂ ਸਿਰਫ਼ ਤਿੰਨ ਵਾਰ ਹੀ ਪੈਸਾ ਕੱਢਿਆ ਜਾ ਸਕਦਾ ਸੀ।

ਇਸ ਤੋਂ ਇਲਾਵਾ ਭਵਿੱਖ ਨਿਧੀ ਦੀ ਰਕਮ ਦਾ ਇਸਤੇਮਾਲ ਘਰ ਖਰੀਦਣ, ਘਰ ਬਣਾਉਣ ਜਾਂ ਹੋਮ ਲੋਨ ਚੁਕਾਉਣ ਲਈ ਵੀ ਕੀਤਾ ਜਾ ਸਕਦਾ ਹੈ।

ਪਹਿਲਾਂ ਪੀਐਫ ਦੀ ਰਾਸ਼ੀ ਕਢਵਾਉਣ ਲਈ ਸੇਵਾ ਮਿਆਦ ਨੂੰ ਲੈਕੇ ਵੱਖ-ਵੱਖ ਨਿਯਮ ਸਨ। ਇਨ੍ਹਾਂ 'ਚੋਂ ਕੁਝ ਸ਼੍ਰੇਣੀਆਂ ਲਈ ਸੱਤ ਸਾਲ ਤੱਕ ਦੀ ਸੇਵਾ ਲਾਜ਼ਮੀ ਸੀ ਪਰ ਹੁਣ ਇਹ ਮਿਆਦ ਹਰੇਕ ਸ਼੍ਰੇਣੀ ਲਈ ਘਟਾ ਕੇ 12 ਮਹੀਨੇ ਕਰ ਦਿੱਤੀ ਗਈ ਹੈ।

ਪਹਿਲਾਂ ਸਿਰਫ਼ ਕਰਮਚਾਰੀ ਦਾ ਹਿੱਸਾ ਅਤੇ ਉਸ 'ਤੇ ਮਿਲਣ ਵਾਲਾ ਵਿਆਜ (50 ਤੋਂ 100 ਫੀਸਦ ਤੱਕ) ਹੀ ਕੱਢਿਆ ਜਾ ਸਕਦਾ ਸੀ। ਹੁਣ ਕੰਪਨੀ ਦਾ ਹਿੱਸਾ ਅਤੇ ਉਸ 'ਤੇ ਮਿਲਣ ਵਾਲਾ ਵਿਆਜ ਵੀ ਕੱਢਿਆ ਜਾ ਸਕਦਾ ਹੈ।

ਪਿਛਲੀ ਪ੍ਰਣਾਲੀ 'ਚ ਭਵਿੱਖ ਨਿਧੀ ਦੀ ਰਾਸ਼ੀ ਕੱਢਣ 'ਤੇ ਸ਼ਰਤਾਂ ਸਨ ਪਰ ਹੁਣ ਕਿਸੇ ਵੀ ਸਮੇਂ 75 ਫੀਸਦ ਤੱਕ ਰਾਸ਼ੀ ਕੱਢੀ ਜਾ ਸਕਦੀ ਹੈ।

ਭਵਿੱਖ ਨਿਧੀ 'ਚ ਦਸਤਾਵੇਜ਼ੀ ਕੰਮ ਵੀ ਆਸਾਨ ਕੀਤਾ ਜਾਵੇਗਾ। ਪਹਿਲਾਂ ਬਹੁਤ ਸਾਰੇ ਕਾਗਜ਼ ਜਮ੍ਹਾਂ ਕਰਵਾਉਣੇ ਪੈਂਦੇ ਸਨ ਪਰ ਹੁਣ ਕਈ ਮਾਮਲਿਆਂ 'ਚ ਬਿਨਾਂ ਦਸਤਾਵੇਜ਼ ਦੇ 75 ਫੀਸਦ ਤੱਕ ਨਿਕਾਸੀ ਕੀਤੀ ਜਾ ਸਕੇਗੀ।

ਪਹਿਲਾਂ ਬੇਰੁਜ਼ਗਾਰ ਵਿਅਕਤੀ ਅੰਸ਼ਿਕ ਨਿਕਾਸੀ ਕਰ ਸਕਦਾ ਸੀ ਪਰ ਹੁਣ ਬੇਰੁਜ਼ਗਾਰ ਹੋਣ ਦੇ ਤੁਰੰਤ ਬਾਅਦ ਪੀਐਫ ਬੈਲੇਂਸ ਦਾ 75 ਫੀਸਦ ਤੱਕ ਕੱਢਿਆ ਜਾ ਸਕਦਾ ਹੈ।

ਬਾਕੀ 25 ਫੀਸਦ ਰਾਸ਼ੀ ਬੇਰੁਜ਼ਗਾਰੀ ਦੇ 12 ਮਹੀਨੇ ਬਾਅਦ ਕੱਢੀ ਜਾ ਸਕਦੀ ਹੈ।

ਪਹਿਲਾਂ, ਪੂਰੀ ਰਾਸ਼ੀ ਸਿਰਫ ਸੇਵਾਮੁਕਤੀ ਤੋਂ ਬਾਅਦ ਹੀ ਕੱਢੀ ਜਾ ਸਕਦੀ ਸੀ ਪਰ ਨਵੀਂ ਪ੍ਰਣਾਲੀ ਦੇ ਤਹਿਤ ਵਿਕਲਾਂਗ ਹੋਣ 'ਤੇ, ਕੰਪਨੀ ਵੱਲੋਂ ਛਾਂਟੀ ਕੀਤੇ ਜਾਣ 'ਤੇ, ਸਵੈਇਛੁੱਕ ਸੇਵਾਮੁਕਤੀ (ਵੀਆਰਐਸ) ਜਾਂ ਸਥਾਈ ਤੌਰ 'ਤੇ ਦੇਸ਼ ਛੱਡਣ ਦੀ ਸਥਿਤੀ 'ਚ 55 ਸਾਲ ਦੀ ਉਮਰ ਤੋਂ ਬਾਅਦ ਪੂਰੀ ਰਾਸ਼ੀ ਕੱਢੀ ਜਾ ਸਕਦੀ ਹੈ।

ਈਪੀਐਫ ਪੈਨਸ਼ਨ ਦੀ ਗੱਲ ਕਰੀਏ ਤਾਂ, ਪਹਿਲਾਂ ਇਸ 'ਚ ਸਿਰਫ਼ ਦੋ ਮਹੀਨੇ ਦੀ ਇੰਤਜ਼ਾਰ ਮਿਆਦ ਹੁੰਦੀ ਸੀ ਅਤੇ ਦੋ ਮਹੀਨੇ ਬਾਅਦ ਪੈਨਸ਼ਨ ਕੱਢੀ ਜਾ ਸਕਦੀ ਸੀ ਜਦੋਂ ਹੁਣ ਇਸ ਨੂੰ 36 ਮਹੀਨਿਆਂ ਬਾਅਦ ਕੱਢਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ, ਭਵਿੱਖ ਨਿਧੀ ਦੀ ਘੱਟੋ-ਘੱਟ ਰਾਸ਼ੀ 'ਚ ਵੀ ਬਦਲਾਅ ਕੀਤਾ ਗਿਆ ਹੈ। ਹੁਣ ਤੋਂ, ਸੇਵਾਮੁਕਤੀ ਨਿਧੀ ਲਈ ਬਚਤ ਕਰਨ ਲਈ 25 ਫੀਸਦ ਯੋਗਦਾਨ ਲਾਜ਼ਮੀ ਹੋਵੇਗਾ। ਇਸ ਨਾਲ ਭਵਿੱਖ ਨਿਧੀ ਧਾਰਕਾਂ ਨੂੰ ਲੰਬੇ ਸਮੇਂ ਲਈ ਬਚਤ ਕਰਨ 'ਚ ਮਦਦ ਮਿਲੇਗੀ।

ਏਟੀਐਮ ਅਤੇ ਯੂਪੀਆਈ ਜ਼ਰੀਏ ਭਵਿੱਖ ਨਿਧੀ ਨਿਕਾਸੀ

ਈਪੀਐਫਓ 3.0 ਦੀ ਨਵੀਂ ਪ੍ਰਣਾਲੀ ਅਜੇ ਤੱਕ ਲਾਗੂ ਨਹੀਂ ਹੋਈ ਹੈ ਪਰ ਆਉਣ ਵਾਲੇ ਮਹੀਨਿਆਂ 'ਚ ਇਸ ਦੇ ਲਾਗੂ ਹੋਣ ਦੀ ਸੰਭਾਵਨਾ ਹੈ। ਇਸ ਦੀ ਖਾਸ ਗੱਲ ਇਹ ਹੋਵੇਗੀ ਕਿ ਮੈਂਬਰਾਂ ਲਈ ਏਟੀਐਮ ਕਾਰਡ ਲਾਂਚ ਕੀਤਾ ਜਾ ਸਕਦਾ ਹੈ। ਇਹ ਕਾਰਡ ਭਵਿੱਖ ਨਿਧੀ ਖਾਤੇ ਨਾਲ ਜੁੜਿਆ ਹੋਵੇਗਾ ਅਤੇ ਡੇਬਿਟ ਕਾਰਡ ਦੀ ਤਰ੍ਹਾਂ ਹੀ ਬੈਂਕ ਏਟੀਐਮ ਤੋਂ ਪੈਸੇ ਕਢਵਾਏ ਜਾ ਸਕਣਗੇ। ਹਾਲਾਂਕਿ ਨਿਕਾਸੀ ਦੀ ਰਕਮ ਦੀ ਇੱਕ ਸੀਮਾ ਹੋਵੇਗੀ।

ਏਟੀਐਮ ਅਤੇ ਯੂਪੀਆਈ ਤੋਂ ਨਿਕਾਸੀ ਲਈ, ਈਪੀਐਫਓ ਮੈਂਬਰ ਦਾ ਯੂਨੀਵਰਸਲ ਅਕਾਊਂਟ ਨੰਬਰ (ਯੂਏਐਨ) ਸਰਗਰਮ ਹੋਣਾ ਜ਼ਰੂਰੀ ਹੈ। ਇਸ ਯੂਏਐਨ ਨਾਲ ਇੱਕ ਮੋਬਾਈਲ ਨੰਬਰ ਲਿੰਕ ਕੀਤਾ ਜਾਵੇਗਾ। ਆਧਾਰ, ਪੈਨ ਨੰਬਰ, ਬੈਂਕ ਖਾਤਾ ਆਦਿ ਨਾਲ ਲਿੰਕ ਕਰਕੇ ਕੇਵਾਈਸੀ ਨੂੰ ਅਪਡੇਟ ਕਰਨਾ ਲਾਜ਼ਮੀ ਹੈ।

ਵਿਅਕਤੀਗਤ ਵੇਰਵਿਆਂ ਵਿੱਚ ਤਬਦੀਲੀ

ਕਈ ਈਪੀਐਫਓ ਮੈਂਬਰਾਂ ਨੂੰ ਆਪਣਾ ਨਾਂਅ, ਜਨਮ ਤਾਰੀਕ, ਲਿੰਗ ਆਦਿ ਅਪਡੇਟ ਕਰਨ ਲਈ ਬਹੁਤ ਸਾਰੀ ਕਾਗਜ਼ੀ ਕਾਰਵਾਈ ਕਰਨੀ ਪੈਂਦੀ ਹੈ ਅਤੇ ਆਪਣੀ ਕੰਪਨੀ ਤੋਂ ਦਸਤਾਵੇਜ਼ ਹਾਸਲ ਕਰਨੇ ਪੈਂਦੇ ਹਨ।

ਪਰ ਨਵੇਂ ਬਦਲਾਵਾਂ ਤੋਂ ਬਾਅਦ ਨਾਂਅ, ਜਨਮ ਤਾਰੀਕ, ਲਿੰਗ, ਵਿਆਹੁਤਾ ਸਥਿਤੀ, ਨੌਕਰੀ ਸ਼ੁਰੂ ਕਰਨ ਜਾਂ ਛੱਡਣ ਦੀ ਤਾਰੀਕ 'ਚ ਬਦਲਾਅ ਕੰਪਨੀ ਜਾਂ ਈਪੀਐਫਓ ਦੀ ਇਜਾਜ਼ਤ ਤੋਂ ਬਿਨਾਂ ਕੀਤੇ ਜਾ ਸਕਦੇ ਹਨ।

1 ਅਕਤੂਬਰ 2017 ਤੋਂ ਪਹਿਲਾਂ ਜਾਰੀ ਕੀਤੇ ਗਏ ਯੂਏਐਨ 'ਚ ਵੀ ਈਪੀਐਫਓ ਦੀ ਇਜਾਜ਼ਤ ਦੇ ਬਿਨਾਂ ਸੁਧਾਰ ਕੀਤੇ ਜਾ ਸਕਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)